“ਇਨਸਾਨ ਅੰਦਰ ਕੰਮ ਕਰਨ ਦੀ ਚੇਸ਼ਟਾ ਅਤੇ ਜਨੂੰਨ ਹੋਣਾ ਚਾਹੀਦਾ ਹੈ, ਉਹ ਹਿੰਮਤ, ਮਿਹਨਤ, ਹੌਸਲੇ ਅਤੇ ...”
(7 ਦਸੰਬਰ 2024)
ਬਚਪਨ ਤੋਂ ਬਾਅਦ ਜਵਾਨੀ ਮਾਣਦੇ ਹੋਏ ਪਤਾ ਹੀ ਨਹੀਂ ਲਗਦਾ ਕਦੋਂ ਬੁਢਾਪੇ ਦੀ ਦਹਿਲੀਜ਼ ’ਤੇ ਜਾ ਪੈਰ ਰੱਖੀਦਾ ਹੈ। ਇਸ ਸਟੇਜ ’ਤੇ ਪਹੁੰਚਣ ਤਕ ਬਹੁਤਿਆਂ ਦੇ ਮਾਂ-ਬਾਪ ਸਦਾ ਲਈ ਤੁਰ ਗਏ ਹੁੰਦੇ ਹਨ। ਇਹੀ ਹਾਲ ਸਾਡਾ ਹੈ। ਸਾਡੇ ਜਨਮ ਦਾਤੇ ਕਦੋਂ ਦੇ ਸਾਥ ਛੱਡ ਗਏ ਹਨ। ਅਸੀਂ ਬੇਬੇ, ਬਾਪੂ ਕਹਿਣ ਨੂੰ ਤਰਸਦੇ ਹੀ ਰਹਿ ਜਾਂਦੇ, ਜੇ ਸਾਡੇ ਪਿੰਡ ਦੇ ਅਤੇ ਘਰ ਦੇ ਗੁਆਂਢੀ ਪਰਿਵਾਰ ਦੇ ਬਜ਼ੁਰਗ, ਜਿਨ੍ਹਾਂ ਨੇ ਸਾਨੂੰ ਵੀ ਆਪਣੇ ਬੱਚਿਆਂ ਵਾਂਗ ਹੀ ਸਮਝਿਆ ਹੋਇਆ ਹੈ, ਸਾਨੂੰ ਉਨ੍ਹਾਂ ਵਾਂਗ ਹੀ ਬੇਬੇ, ਬਾਪੂ ਕਹਿਣ ਦਾ ਅਧਿਕਾਰ ਨਾ ਦਿੰਦੇ। ਬੇਬੇ ਤਾਂ ਕੁਝ ਕੁ ਸਮਾਂ ਹੋਇਆ ਅਮੁੱਕ ਮੰਜ਼ਲ ਦੀ ਪਾਂਧੀ ਬਣ ਗਈ ਪਰ ਪਚੰਨਵੇਂ ਸਾਲ ਨੂੰ ਢੁੱਕਿਆ ਬਾਪੂ ਅਜੇ ਪੂਰਾ ਕਾਇਮ ਹੈ। ਜ਼ਿੰਦਗੀ ਦੇ ਸਾਢੇ ਨੌਂ ਦਹਾਕੇ ਪੂਰੇ ਕਰਨ ਵਾਲੇ ਬਾਪੂ ਨੇ ਅਜੇ ਤਕ ਸਾਡੀ ਪੀੜ੍ਹੀ ਵਿੱਚੋਂ ਬਹੁਤਿਆਂ ਵਾਂਗ ਗੋਡੇ ਨਹੀਂ ਬਦਲਾਏ ਹਨ। ਉਸ ਦੇ ਗੋਡੇ, ਮੋਢੇ ਉਸ ਦਾ ਪੂਰਾ ਸਾਥ ਨਿਭਾ ਰਹੇ ਹਨ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਬਾਪੂ ਸਰੀਰ ਪੱਖੋਂ ਪੂਰਾ ਤੰਦਰੁਸਤ ਹੈ।
ਉਂਝ ਤਾਂ ਬਾਪੂ ਪਿੰਡ ਵਿੱਚ ਆਪਣੇ ਭਰੇ ਪੂਰੇ ਪਰਿਵਾਰ ਵਿੱਚ ਰਹਿ ਕੇ ਖੁਸ਼ ਹੈ ਪਰ ਆਪਣੇ ਇਸ ਨੂੰਹ ਪੁੱਤ ਕੋਲੇ ਵੀ ਗੇੜਾ ਮਾਰਦਾ ਰਹਿੰਦਾ ਹੈ। ਜਦੋਂ ਵੀ ਬਾਪੂ ਆਉਂਦਾ, ਮੈਂ ਉਸ ਨੂੰ ਮਿਲਣ ਜ਼ਰੂਰ ਜਾਂਦੀ ਹਾਂ। ਜਦੋਂ ਜਾਂਦਿਆਂ ਹੀ ਬਾਪੂ ਆਪਣੇ ਅਸੀਸਾਂ ਦਿੰਦੇ ਹੱਥ ਸਿਰ ’ਤੇ ਰੱਖ ਕੇ ਪੁੱਛਦਾ ਹੈ, “ਰਾਜੀ ਬਾਜ਼ੀ ਹੈਂ ਗੁੱਡੀ?” ਤਾਂ ਉਨ੍ਹਾਂ ਦਾ ਇਹ ਵਾਕ ਸੁਣਦਿਆਂ ਹੀ ਜਿਵੇਂ ਉਮਰ ਦਾ ਪਹੀਆ ਇੱਕ ਦਮ ਪਿਛਾਂਹ ਵੱਲ ਘੁੰਮ ਜਾਂਦਾ ਹੈ। ਅਚਨਚੇਤ ਹੀ ਟੁੱਭੀ ਬਚਪਨ ਵੱਲ ਲੱਗ ਜਾਂਦੀ ਹੈ। ਸਮੇਂ ਦੀ ਰਫਤਾਰ ਨਾਲ ਧੁੰਦਲੀਆਂ ਪਈਆਂ ਯਾਦਾਂ ਫਿਰ ਤਾਜ਼ਾ ਹੋ ਜਾਂਦੀਆਂ ਹਨ। ਬਚਪਨ ਦੇ ਸੰਗੀ ਸਾਥੀ ਅੱਖਾਂ ਸਾਹਮਣੇ ਆ ਖੜ੍ਹਦੇ ਹਨ। ਬਾਪੂ ਦੇ ਬੋਲੇ ਇਸ ਇੱਕ ਵਾਕ ਨਾਲ ਬਚਪਨ ਦੀਆਂ ਮਸਤ ਮਲੰਗੀ ਵਾਲੀਆਂ ਆਦਤਾਂ, ਬੇਫਿਕਰੀ ਵਾਲਾ ਸੁਭਾਅ, ਹਾਸੇ ਮਜ਼ਾਕ ਸਭ ਰਲਮਿਲ ਕੇ ਉਨ੍ਹਾਂ ਹੁਸੀਨ ਪਲਾ ਦੀ ਯਾਦ ਤਾਜ਼ਾ ਕਰਾ ਦਿੰਦੇ ਹਨ। ਕਬੀਲਦਾਰੀ ਦੇ ਸਭ ਝੰਜਟ ਭੁੱਲ ਕੇ ਜ਼ਿੰਦਗੀ ਦੇ ਉਹਨਾਂ ਸੁਖਾਵੇਂ ਪਲਾਂ ਦੀਆਂ ਯਾਦਾਂ ਤਰੋਤਾਜ਼ਾ ਕਰ ਕੇ ਮਨ ਹੁਲਾਸ ਨਾਲ ਭਰ ਜਾਂਦਾ ਹੈ।
ਬਾਪੂ ਆਪਣੀ ਜਵਾਨੀ ਵਿੱਚ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਹੈ। ਸਾਦੀ ਰਹਿਣੀ-ਬਹਿਣੀ ਵਾਲਾ ਬਾਪੂ ਬਹੁਤ ਹੀ ਮਿਲਾਪੜੇ ਸੁਭਾਅ ਦਾ ਮਾਲਕ ਹੈ। ਕਿਸੇ ਨੂੰ ਐਵੇਂ ਰੋਕੀ ਟੋਕੀ ਜਾਣਾ ਉਸ ਦੀ ਆਦਤ ਨਹੀਂ। ਉਸ ਦੇ ਨਿੱਘੇ ਮਿੱਠੇ ਸੁਭਾਅ ਕਰ ਕੇ ਹੀ ਪੁੱਤ, ਪੋਤੇ ਅਤੇ ਪੜਪੋਤੇ, ਨੂੰਹਾਂ, ਪੋਤਨੂੰਹਾਂ ਸਭ ਉਸ ਦੀ ਪੂਰੀ ਸੇਵਾ ਕਰਦੇ ਹਨ।
ਇੱਕ ਵਾਰ ਜਦੋਂ ਉਸ ਦਾ ਸਭ ਤੋਂ ਵੱਡਾ ਬੇਟਾ ‘ਐਥਲੈਟਿਕਸ ਮਾਸਟਰ ਗੇਮਜ਼’ ਵਿੱਚੋਂ ਸੋਨ ਤਗਮਾ ਜਿੱਤ ਕੇ ਲਿਆਇਆ ਤਾਂ ਬਾਪੂ ਦਾ ਉਸ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਖੁਸ਼ ਹੋਣਾ ਸੁਭਾਵਿਕ ਹੀ ਸੀ। ਪਰ ਇਸ ਖੁਸ਼ੀ ਦੇ ਨਾਲ ਹੀ ਉਸ ਅੰਦਰ ਵੀ ਛੁਪਿਆ ਬੈਠਾ ਖਿਡਾਰੀ ਜਾਗ ਪਿਆ। ਉਸ ਨੂੰ ਆਪਣਾ ਸਮਾਂ ਯਾਦ ਆ ਗਿਆ, ਜਦੋਂ ਉਹ ਵੀ ਪਿੰਡਾਂ ਵਿੱਚ ਕਰਵਾਏ ਜਾਂਦੇ ਖੇਡ-ਮੇਲਿਆਂ ’ਤੇ ਖੇਡਣ ਜਾਂਦਾ ਹੁੰਦਾ ਸੀ। ਉਹ ਸੋਚਣ ਲੱਗ ਗਿਆ ਕਿ ਉਮਰ ਦੇ ਜਿਸ ਪੜਾਅ ’ਤੇ ਉਹ ਹੁਣ ਪਹੁੰਚ ਗਿਆ ਹੈ, ਉਸ ਵਿੱਚ ਸਿਵਾਏ ਆਰਾਮ ਕਰਨ ਅਤੇ ਥੋੜ੍ਹਾ ਬਹੁਤਾ ਤੁਰਨ ਫਿਰਨ ਤੋਂ ਹੋਰ ਕੁਝ ਬਚਿਆ ਨਹੀਂ। ਉਸ ਦੇ ਅੰਦਰ ਇੱਕ ਘੋਲ ਚੱਲ ਰਿਹਾ ਸੀ, ਜਿਹੜਾ ਉਸ ਨੂੰ ਵੰਗਾਰ ਰਿਹਾ ਸੀ ਕਿ ਜੇ ਕੋਈ ਕੁਝ ਕਰਨ ਦੀ ਦਲੇਰੀ ਰੱਖਦਾ ਹੋਵੇ ਤਾਂ ਉਹ ਜ਼ਰੂਰ ਉਮਰ ਦੇ ਹਰ ਪੜਾਅ ’ਤੇ ਕੁਝ ਨਾ ਕੁਝ ਕਰ ਸਕਦਾ ਹੈ। ਜਦੋਂ ਉਸ ਤੋਂ ਰਿਹਾ ਨਾ ਗਿਆ ਤਾਂ ਉਸ ਨੇ ਆਪਣੇ ਪੁੱਤ ਤੋਂ ਪੁੱਛ ਹੀ ਲਿਆ ਕਿ ਇਨ੍ਹਾਂ ਖੇਡਾਂ ਵਿੱਚ ਕੋਈ ਕਿੰਨੀ ਕੁ ਉਮਰ ਤਕ ਹਿੱਸਾ ਲੈ ਸਕਦਾ ਹੈ। ਅੱਗੋਂ ਪੁੱਤ ਨੇ ਵੀ ਹੱਸਦਿਆਂ ਹੋਇਆ ਕਹਿ ਦਿੱਤਾ ਕਿ ਹਿੰਮਤ ਚਾਹੀਦੀ ਹੈ, ਭਾਵੇਂ ਤੁਸੀਂ ਵੀ ਹਿੱਸਾ ਲੈ ਲਵੋ।
ਉਸ ਦਿਨ ਤੋਂ ਹੀ ਬਾਪੂ ਨੇ ਠਾਣ ਲਿਆ ਕਿ ਉਹ ਵੀ ਜ਼ਰੂਰ ਇੱਕ ਦਿਨ ਤਗਮਾ ਜਿੱਤ ਕੇ ਲਿਆਵੇਗਾ। ਉਸ ਨੇ ਪੁੱਤ ਨੂੰ ਆਪਣੇ ਲਈ ਵੀ ਇੱਕ ਗੋਲਾ ਲਿਆ ਕੇ ਦੇਣ ਲਈ ਕਹਿ ਦਿੱਤਾ। ਉਸ ਦੀ ਦਿਲਚਸਪੀ ਨੂੰ ਦੇਖ ਕੇ ਉਸ ਦੇ ਬੇਟੇ ਨੇ ਉਨ੍ਹਾਂ ਨੂੰ ਗੋਲਾ ਲਿਆ ਦਿੱਤਾ ਅਤੇ ਨਾਲ ਹੀ ਇੱਕ ਦੋ ਵਾਰ ਗੋਲਲਾ ਸੁੱਟਣ ਦੀ ਪ੍ਰੈਕਟਿਸ ਕਰਵਾ ਦਿੱਤੀ। ਬਾਪੂ ਨੇ ਉਸ ਦਿਨ ਤੋਂ ਹੀ ਮਨ ਵਿੱਚ ਦ੍ਰਿੜ੍ਹ ਨਿਸਚਾ ਧਾਰ ਲਿਆ ਕਿ ਉਸ ਨੇ ਇੱਕ ਦਿਨ ਜ਼ਰੂਰ ਆਪਣੀ ਇਸ ਮੁਹਿੰਮ ਨੂੰ ਸਰ ਕਰਨਾ ਹੈ। ਉਸਨੇ ਹਰ ਰੋਜ਼ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਇਨਸਾਨ ਅੰਦਰ ਕੰਮ ਕਰਨ ਦੀ ਚੇਸ਼ਟਾ ਅਤੇ ਜਨੂੰਨ ਹੋਣਾ ਚਾਹੀਦਾ ਹੈ, ਉਹ ਹਿੰਮਤ, ਮਿਹਨਤ, ਹੌਸਲੇ ਅਤੇ ਦ੍ਰਿੜ੍ਹ ਇਰਾਦੇ ਨਾਲ ਯਕੀਨ ਨੂੰ ਜਿੱਤ ਵਿੱਚ ਬਦਲ ਸਕਦਾ ਹੈ। ਬਾਪੂ ਨੇ ਸੂਫੀ ਸ਼ਾਇਰ ਸੱਯਦ ਮਹੁੰਮਦ ਹਾਸ਼ਿਮ ਸ਼ਾਹ ਦੇ ਅਨੁਸਾਰ ‘ਹਾਸ਼ਿਮ ਫਤਹਿ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ ਹੂ ...’ 45ਵੀਂ ਮਾਸਟਰ ਐਥਲੈਟਿਕਸ ਚੈਂਪੀਅਨਸ਼ਿੱਪ ਮਸਤੂਆਣਾ ਸਾਹਿਬ ਵਿਖੇ ਗੋਲਾ ਸੁੱਟਣ ਵਿੱਚ ਸੋਨ ਤਮਗਾ ਜਿੱਤ ਕੇ ਅਟੁੱਟ ਹੌਸਲੇ ਦਾ ਸਬੂਤ ਦੇ ਦਿੱਤਾ।
ਆਪਣੇ ਸੁਪਨੇ ਨੂੰ ਸਾਕਾਰ ਕਰ ਕੇ ਜਦੋਂ ਬਾਪੂ ਸਰਟੀਫਿਕੇਟ ਅਤੇ ਮੈਡਲ ਲੈ ਕੇ ਕਾਰ ਵਿੱਚੋਂ ਉੱਤਰਿਆ ਤਾਂ ਉਸ ਦੇ ਚਿਹਰੇ ’ਤੇ ਨੱਚਦੀ ਖੁਸ਼ੀ ਵੇਖਣ ਵਾਲੀ ਸੀ। ਅਸੀਂ ਉਹਨਾਂ ਦੇ ਸਵਾਗਤ ਵਿੱਚ ਅੱਗੇ ਫੁੱਲਾਂ ਦੇ ਹਾਰ ਲਈ ਖੜ੍ਹੇ ਸੀ। ਆਪਣਾ ਨਿੱਘਾ ਸਵਾਗਤ ਹੁੰਦਾ ਤਕ ਕੇ ਬਾਪੂ ਬਾਗੋਬਾਗ ਹੋ ਗਿਆ।
ਜਿਊਂਦੇ ਰਹੇ ਸਾਡਾ ਮਛਾਣੇ ਵਾਲਾ ਬਾਪੂ ਅਜੈਬ ਸਿਉਂ, ਜਿਸ ਨੇ ਜ਼ਿੰਦਗੀ ਵਿੱਚ ਮਿਹਨਤ ਅਤੇ ਲਗਨ ਨਾਲ ਕੋਈ ਵੀ ਮੁਹਿੰਮ ਸਰ ਕਰਨ ਦੀ ਪਿਰਤ ਪਾ ਕੇ ਸਾਨੂੰ ਵੀ ਇੱਕ ਸਬਕ ਸਿਖਾ ਦਿੱਤਾ ਸੀ। ਉਹਨਾਂ ਨੇ ਨੌਜਵਾਨਾਂ ਅੱਗੇ ਵੀ, ਜਿਹੜੇ ਆਪਣੀ ਜ਼ਿੰਦਗੀ ਨੂੰ ਨਸ਼ਿਆਂ ਵਿੱਚ ਡੋਬ ਕੇ ਚੜ੍ਹਦੀ ਜਵਾਨੀ ਵਿੱਚ ਹੀ ਮਾਂ-ਬਾਪ ਦਾ ਲੱਕ ਤੋੜ ਜਾਂਦੇ ਹਨ, ਇੱਕ ਮਿਸਾਲ ਕਾਇਮ ਕਰ ਦਿੱਤੀ ਸੀ ਕਿ ਜ਼ਿੰਦਗੀ ਜਿਊਣ ਵਾਸਤੇ ਅਤੇ ਸਿਰੜ ਸਾਧਨਾਂ ਨਾਲ ਕੁਝ ਪ੍ਰਾਪਤ ਕਰਨ ਲਈ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5509)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)