“ਐਨੇ ਨੂੰ ਬੁਲਡੋਜ਼ਰ ਦੂਜੀਆਂ ਝੁੱਗੀਆਂ ਦਾ ਸਫਾਇਆ ਕਰਕੇ ਉਨ੍ਹਾਂ ਦੀ ਝੁੱਗੀ ਅੱਗੇ ਆਣ ...”
(31 ਮਾਰਚ 2025)
ਬਾਬਾ ਯੋਗੀ ਮਹਾਰਾਜ ਦੇ ਬੋਲਾਂ ਨੂੰ ਕਬੂਲਦਿਆਂ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਵੱਲੋਂ ਬੁਲਡੋਜ਼ਰ ਚਲਾ ਕੇ ਝੁੱਗੀਆਂ ਤਬਾਹ ਕੀਤੀਆਂ ਜਾ ਰਹੀਆਂ ਸਨ। ਚਾਰ-ਚੁਫੇਰੇ ਖੌਫ਼ ਦਾ ਮਾਹੌਲ ਸਿਰਜਿਆ ਜਾ ਚੁੱਕਿਆ ਸੀ। ਝੁੱਗੀਆਂ ਉੱਪਰ ਪਾਇਆ ਘਾਹ-ਫੂਸ ਤੀਲਾ-ਤੀਲਾ ਹੋ ਕੇ ਜ਼ਮੀਨ ਉੱਪਰ ਡਿਗ ਰਿਹਾ ਸੀ। ਚੀਕ-ਚਿਹਾੜੇ ਦੀਆਂ ਡਰਾਉਣੀਆਂ ਅਵਾਜ਼ਾਂ ਅਸਮਾਨ ਤਕ ਗੂੰਜ ਰਹੀਆਂ ਸਨ। ਝੁੱਗੀਆਂ ਉੱਪਰ ਪਾਏ ਚਿੜੀਆਂ ਦੇ ਆਲ੍ਹਣੇ ਵਿੱਚੋਂ ਨਿੱਕੜੇ-ਨਿੱਕੜੇ ਬੋਟ ਥੱਲੇ ਡਿਗ ਕੇ ਤੜਫ਼-ਤੜਫ਼ ਕੇ ਦਮ ਤੋੜ ਰਹੇ ਸਨ। ਆਲੇ-ਦੁਆਲੇ ਚਿੜੀਆਂ ਮੰਡਲਾ ਰਹੀਆਂ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਭਾਰੀ ਤੁਫਾਨ ਆਇਆ ਹੋਵੇ, ਭੁਚਾਲ ਆਇਆ ਹੋਵੇ, ਜ਼ਮੀਨ ਹਿੱਲ ਰਹੀ ਹੋਵੇ, ਮੁਸੀਬਤਾਂ ਦਾ ਵੱਡਾ ਪਹਾੜ ਸਿਰ ਉੱਪਰ ਆਣ ਡਿੱਗਾ ਹੋਵੇ!
ਪੁਲਿਸ ਦੇ ਬੂਟਾਂ ਦਾ ਖੜਾਕ ਸੁਣਦਿਆਂ ਬਜ਼ੁਰਗਾਂ ਨੂੰ ਦੰਦਲਾਂ ਪੈ ਰਹੀਆਂ ਸਨ। ਬਜ਼ੁਰਗਾਂ, ਬੱਚਿਆਂ, ਨੌਜਵਾਨਾਂ, ਮਰਦਾਂ-ਔਰਤਾਂ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਦਰਿਆ ਵਗ ਰਿਹਾ ਸੀ। ਤੀਲਾ-ਤੀਲਾ ਇਕੱਠਾ ਕਰਕੇ ਬਣਾਏ ਰੈਣ-ਬਸੇਰਿਆਂ ਨੂੰ ਢਾਹਿਆ ਜਾ ਰਿਹਾ ਸੀ। ਛੋਟੇ-ਛੋਟੇ ਸਿਰਜੇ ਸੁਪਨੇ ਅੱਖਾਂ ਸਾਹਮਣੇ ਮਰ-ਮੁੱਕ ਰਹੇ ਸਨ। ਸੁਫਨਿਆਂ ਦਾ ਸੰਸਾਰ ਢਹਿ-ਢੇਰੀ ਹੋ ਰਿਹਾ ਸੀ, ਕੁਰਲਾ ਰਿਹਾ ਸੀ। ਇੱਕ ਝੁੱਗੀ ਵਿੱਚ ਬਲੂੰਗੜੀ ਵਰਗੀ ਇੱਕ ਛੋਟੀ ਜਿਹੀ ਮਾਸੂਮ ਬੱਚੀ ਆਪਣੀ ਦਾਦੀ ਮਾਂ ਨਾਲ ਸਹਿਮੀ ਬੈਠੀ ਹਉਕੇ ਭਰ ਰਹੀ ਸੀ। ਉਸਦਾ ਚਿਹਰਾ ਉਦਾਸ ਸੀ। ਜਿਉਂ ਹੀ ਰੋਅਬਦਾਰ ਵਰਦੀਧਾਰੀਆਂ ਨੇ ਉਨ੍ਹਾਂ ਦੀ ਝੁੱਗੀ ਅੱਗੇ ਆਣ ਦਸਤਕ ਦਿੱਤੀ, ਦਾਦੀ-ਪੋਤੀ ਇੱਕ ਦਮ ਠਠੰਬਰ ਗਈਆਂ। ਸਰੀਰ ਪੱਥਰ ਬਣ ਗਿਆ। ਥੋੜ੍ਹਾ ਹੌਸਲਾ ਕਰਕੇ ਬੁੱਢੀ ਦਾਦੀ-ਮਾਂ ਆਪਣੇ ਕੰਬਦੇ ਹੱਥਾਂ ਨਾਲ ਛੋਟੀ ਜਿਹੀ ਪਰਾਤ, ਦੋ ਕੌਲੀਆਂ, ਦੋ ਗਲਾਸ, ਪਤੀਲੀ, ਤਵਾ, ਚਾਹ-ਪੱਤੀ, ਖੰਡ ਤੇ ਲੂਣ ਵਾਲੀਆਂ ਡੱਬੀਆਂ, ਤੇਲ ਵਾਲੀ ਸ਼ੀਸ਼ੀ, ਫਟੀ ਤੇ ਮੈਲ ਖਾਧੀ ਰਜਾਈ, ਖੇਸੀ, ਪੁਰਾਣੇ ਲੀੜੇ ਤੇ ਹੋਰ ਨਿੱਕ-ਸੁੱਕ ਚੁੱਕ ਕੇ ਗਠੜੀ ਵਿੱਚ ਬੰਨ੍ਹੀ ਜਾ ਰਹੀ ਸੀ।
ਵਰਦੀਧਾਰੀ ਕਾਨੂੰਨ ਨੇ ਦੱਬ ਕੇ ਦਬਕਾ ਮਾਰਦਿਆਂ ਕਿਹਾ, “ਜਲਦੀ ਕਰੋ, ਆਪਣਾ ਸਮਾਨ ਇਕੱਠਾ ਕਰਕੇ ਬਾਹਰ ਆ ਜਾਓ, ਨਹੀਂ ਤਾਂ ਵਿੱਚੇ ਸਭ ਕੁਝ ਢਹਿ-ਢੇਰੀ ਕਰਕੇ ਦੱਬ ਦਿੱਤਾ ਜਾਵੇਗਾ।”
ਐਨੇ ਨੂੰ ਬੁਲਡੋਜ਼ਰ ਦੂਜੀਆਂ ਝੁੱਗੀਆਂ ਦਾ ਸਫਾਇਆ ਕਰਕੇ ਉਨ੍ਹਾਂ ਦੀ ਝੁੱਗੀ ਅੱਗੇ ਆਣ ਪੁੱਜਿਆ। ਬੁੱਢੀ ਆਪਣੀ ਗਠੜੀ ਚੁੱਕ ਕੇ ਬਾਹਰ ਨਿਕਲ ਤੁਰੀ। ਬੱਚੀ ਨੂੰ ਕੁਝ ਵੀ ਸੁੱਝਦਾ ਨਹੀਂ ਸੀ, ਉਹ ਕੀ ਕਰੇ? ਉਸ ਨੇ ਆਪਣੀ ਫੁੱਲਾਂ ਵਾਲੀ ਫਰਾਕ ਚੁੱਕਣ ਦੀ ਥਾਂ ਕਾਹਲੀ ਨਾਲ ਆਪਣੀਆਂ ਕਿਤਾਬਾਂ ਚੁੱਕੀਆਂ, ਜੋ ਉਸ ਨੇ ਪਿਛਲੇ ਦਿਨੀਂ ਇੱਕ ਕਬਾੜ ਦੇ ਢੇਰ ਵਿੱਚੋਂ ਲੱਭ ਕੇ ਲਿਆਂਦੀਆਂ ਸਨ। ਕਿਤਾਬਾਂ ਚੁੱਕ ਕੇ ਬਾਹਰ ਦੌੜੀ ਆਈ। ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਆਪਣੀ ਜ਼ਿੰਦਗੀ ਦਾ ਕੋਈ ਬਹੁ-ਮੁੱਲਾ ਖਜ਼ਾਨਾ ਚੁੱਕ ਲਿਆਈ ਹੋਵੇ। ਮਾਸੂਮ ਬੱਚੀ ਦੇ ਹੱਥਾਂ ਵਿੱਚ ਕਿਤਾਬਾਂ ਵੇਖ ਕੇ ਕੁਝ ਪਲਾਂ ਲਈ ਬੁਲਡੋਜ਼ਰ ਡਰਾਈਵਰ ਅਤੇ ਪੁਲਿਸ ਵਾਲਿਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਸੋਚਾਂ ਦੇ ਡੂੰਘੇ ਵਹਿਣ ਵਿੱਚ ਡੁੱਬ ਗਏ, ਇੱਕ ਦਮ ਪੱਥਰ ਜਿਹਾ ਬਣ ਗਏ।
“ਸਾਡੇ ਵੀ ਬੱਚੇ ਨੇ, ਅਸੀਂ ਵੀ ਬੱਚੇ ਪਾਲਣੇ ਨੇ, ਅਸੀਂ ਕੁਝ ਨਹੀਂ ਕਰ ਸਕਦੇ, ਸਾਡੇ ਸਿਰ ’ਤੇ ਕਾਨੂੰਨ ਦਾ ਕੁੰਡਾ ਆ, ਅਸੀਂ ਕਰ ਵੀ ਕੀ ਸਕਦੇ ਆਂ, ਸਾਡੀ ਵੀ ਨੌਕਰੀ ਦਾ ਸਵਾਲ ਆ, ਰੋਜ਼ੀ-ਰੋਟੀ ਬਹੁਤ ਔਖੀ ਮਿਲਦੀ ਆ, ਫਿਰ ਅਸੀਂ ਤਾਂ ਹੁਕਮ ਦੇ ਯੱਕੇ ਆਂ, ਝੁੱਗੀਆਂ ਢਾਹ ਕੇ ਸਾਹਿਬ ਨੂੰ ਇਤਲਾਹ ਦੇਣਾ ਸਾਡੀ ਸਰਕਾਰੀ ਡਿਊਟੀ ਬਣਦੀ ਆ, ਅਸੀਂ ਕੀ ਕਰੀਏ, ਅਸੀਂ ਬੇਵੱਸ ਆਂ, ਅਸੀਂ ਪਾਪੀ ਆਂ, ਹਾਂ! ਅਸੀਂ ਝੁੱਗੀਆਂ ਤਹਿਤ-ਨਹਿਸ ਕਰ ਸਕਦੇ ਆਂ, ਪਰ ਪੜ੍ਹ-ਲਿਖ ਕੇ ਜ਼ਿੰਦਗੀ ਵਿੱਚ ਕੁਝ ਬਣਨ ਲਈ ਬੱਚੀ ਦੇ ਦਿਮਾਗ ਵਿੱਚ ਉਪਜੇ ਖਿਆਲਾਂ ਨੂੰ ਅਸੀਂ ਮਿੱਟੀ ਵਿੱਚ ਨਹੀਂ ਮਿਲਾ ਸਕਦੇ। ਨਹੀਂ, ਨਹੀਂ, ਅਸੀਂ ਸੁਨਹਿਰੀ ਖਿਆਲਾਂ ਨੂੰ ਚਕਨਾਚੂਰ ਕਰ ਰਹੇ ਆਂ, ਭਵਿੱਖ ਧੁੰਦਲਾ ਕਰ ਰਹੇ ਆਂ, ਬੱਚੀ ਬਚਾਓ - ਬੱਚੀ ਪੜ੍ਹਾਓ ਦੇ ਨਾਅਰੇ ਨੂੰ ਸੂਲੀ ਟੰਗ ਰਹੇ ਆਂ! ਇੰਝ ਸਾਰਾ ਲਾਮ-ਲਸ਼ਕਰ ਸੋਚਾਂ ਦੇ ਡੂੰਘੇ ਸਮੁੰਦਰ ਵਿੱਚ ਡੁੱਬਿਆ ਹੋਇਆ ਸੀ। ਇੰਨੇ ਨੂੰ ਥਾਣੇਦਾਰ ਦੇ ਮੋਬਾਇਲ ਫੋਨ ਉੱਪਰ ਘੰਟੀ ਵੱਜਦੀ ਹੈ- ਜਵਾਨੋ! ਕੰਮ ਫਤਹਿ ਹੋ ਗਿਆ ਕਿ ਨਹੀਂ? ਜਲਦੀ ਰਿਪੋਰਟ ਕਰੋ!
ਜਨਾਬ! ਕਿਲਾ ਫਤਹਿ ਕਰ ਦਿੱਤਾ, ਥਾਣੇਦਾਰ ਨੇ ਵੱਡੇ ਸਾਹਿਬ ਨੂੰ ਜਵਾਬ ਦਿੰਦਿਆਂ ਕਿਹਾ। ਅੱਗਿਓਂ ਸਾਹਿਬ ਨੇ ਥਾਣੇਦਾਰ ਨੂੰ ਸ਼ਾਬਾਸ਼ ਦਿੰਦਿਆਂ ਆਖਿਆ ‘ਵੈਰੀ ਗੁੱਡ!?
ਫੋਨ ਸੁਣਦਿਆਂ ਥਾਣੇਦਾਰ ਨੇ ਡਰਾਈਵਰ ਨੂੰ ਉਂਗਲ ਨਾਲ ਇਸ਼ਾਰਾ ਕਰਦਿਆਂ ਬੁਲਡੋਜ਼ਰ ਚਲਾਉਣ ਲਈ ਹੁਕਮ ਦਿੱਤਾ। ਬੁਲਡੋਜ਼ਰ ਨੇ ਮਿੰਟਾਂ-ਸਕਿੰਟਾਂ ਵਿੱਚ ਆਖਰੀ ਝੁੱਗੀ ਵੀ ਮਿੱਟੀ ਵਿੱਚ ਮਿਲਾ ਦਿੱਤੀ। ਥਾਣੇਦਾਰ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਰੁਮਾਲ ਕੱਢਕੇ ਮੂੰਹ ਤੋਂ ਪਸੀਨਾ ਪੂੰਝਦਿਆਂ, ਡੰਡਾ ਲੈ ਕੇ ਕੋਲ ਖੜ੍ਹੀ ਲੇਡੀ ਕਾਂਸਟੇਬਲ ਨੂੰ ਜਿਪਸੀ ਵਿੱਚ ਪਏ ਬੈਗ ਵਿੱਚੋਂ ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਦੀ ਗੋਲੀ, ਬੋਤਲਬੰਦ ਪਾਣੀ ਦੀ ਬੋਤਲ ਕੱਢ ਕੇ ਲਿਆਉਣ ਲਈ ਆਖਿਆ ਤਾਂ ਜੋ ਇੱਕ ਦਮ ਅਚਾਨਕ ਤੇਜ਼ੀ ਨਾਲ ਵਧ ਚੁੱਕੀ ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਦੇ ਪੱਧਰ ਵਿੱਚ ਆਏ ਅਸਾਵੇਂਪਨ ਨੂੰ ਦਰੁਸਤ ਕੀਤਾ ਜਾ ਸਕੇ। ਥਾਣੇਦਾਰ ਦਾ ਸਿਰ ਚਕਰਾ ਰਿਹਾ ਸੀ, ਕੱਚੀਆਂ ਤਰੇਲੀਆਂ ਆ ਰਹੀਆਂ ਸਨ, ਖੜ੍ਹਨਾ ਮੁਸ਼ਕਿਲ ਮਹਿਸੂਸ ਹੋ ਰਿਹਾ ਸੀ।
ਦੂਰ ਬੈਠੀ ਦਾਦੀ-ਮਾਂ ਦੀਆਂ ਅੱਖਾਂ ਉੱਪਰ ਲੱਗੀਆਂ ਐਨਕਾਂ ਹੇਠੋਂ ਤ੍ਰਿਪ-ਤ੍ਰਿਪ ਕਰਕੇ ਚੋਂਦਾ ਪਾਣੀ ਝੁਰੜੀਆਂ ਵਾਲੇ ਕਾਲੇ-ਸਿਆਹ ਮੂੰਹ ਨੂੰ ਗਿੱਲਾ ਕਰੀ ਜਾ ਰਿਹਾ ਸੀ। ਘੁੱਟ ਕੇ ਕਿਤਾਬਾਂ ਫੜੀ ਖੜ੍ਹੀ ਬੱਚੀ ਸੋਚ ਰਹੀ ਸੀ- ਮੇਰੀਆਂ ਕਿਤਾਬਾਂ ਬਚ ਗਈਆਂ ਨੇ!
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (