“ਹਰੇਕ ਮਨੁੱਖ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਅਤੇ ਮਾਂ-ਬੋਲੀ ਦਾ ...”
(21 ਫਰਵਰੀ 2025)
ਜਿਵੇਂ ਮਾਂ ਆਪਣੇ ਬੱਚੇ ਨੂੰ ਆਪਣੇ ਪਰਿਵਾਰ, ਸਕੇ-ਸਬੰਧੀਆਂ, ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ, ਆਂਢੀਆਂ-ਗੁਆਂਢੀਆਂ, ਆਲੇ-ਦੁਆਲੇ, ਚੌਗਿਰਦੇ, ਸਮਾਜ, ਦੇਸ਼ ਅਤੇ ਸੰਸਾਰ ਨਾਲ ਜੋੜਨ ਲਈ ਭੂਮਿਕਾ ਨਿਭਾਉਂਦੀ ਹੈ, ਇਸੇ ਤਰ੍ਹਾਂ ਹੀ ਮਾਂ-ਬੋਲੀ ਮਨੁੱਖ ਨੂੰ ਆਪਣੇ ਪਰਿਵਾਰ, ਸਕੇ-ਸਬੰਧੀਆਂ, ਸਮਾਜ, ਦੇਸ਼ ਅਤੇ ਸੰਸਾਰ ਨਾਲ ਜੋੜਨ ਲਈ ਅਹਿਮ ਭੂਮਿਕਾ ਨਿਭਾਉਂਦੀ ਹੈ। ਮਾਂ ਦੀ ਤਰ੍ਹਾਂ ਮਾਂ-ਬੋਲੀ ਹੀ ਹਰ ਮਨੁੱਖ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਸਾਧਨ ਹੈ। ਮਾਂ-ਬੋਲੀ ਤੋਂ ਬਿਨਾਂ ਜੋ ਬੋਲੀ ਮਨੁੱਖ ਬੋਲਦਾ ਹੈ, ਉਸ ਨੂੰ ਦੂਜੀ ਭਾਸ਼ਾ ਆਖਿਆ ਜਾਂਦਾ ਹੈ। ਮਾਂ-ਬੋਲੀ ਕਿਸੇ ਮਨੁੱਖ ਦੀ ਆਪਣੀ ਨਿੱਜੀ, ਸਮਾਜਿਕ, ਸੱਭਿਆਚਾਰਕ ਅਤੇ ਇਲਾਕਾਈ ਪਛਾਣ ਹੁੰਦੀ ਹੈ। ਬੋਲੀ ਇੱਕ ਅਜਿਹਾ ਬੇਸ਼ਕੀਮਤੀ ਮਨੁੱਖੀ ਵਰਤਾਰਾ ਹੈ, ਜਿਹੜਾ ਮਨੁੱਖ ਵਿੱਚ ਮਨੁੱਖਤਾ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਸਮਾਜ ਨੂੰ ਗਲ ਦੇ ਹਾਰ ਦੇ ਮਣਕਿਆਂ ਵਿੱਚ ਪਾਏ ਇੱਕ ਧਾਗੇ ਦੀ ਤਰ੍ਹਾਂ ਗੱਠ ਮਾਰ ਕੇ ਰੱਖਦਾ ਹੈ। ਦੁੱਖ-ਸੁਖ ਤੇ ਖੁਸ਼ੀ-ਗਮੀ ਦੀਆਂ ਭਾਵਨਾਵਾਂ ਦਾ ਢੁਕਵਾਂ ਪ੍ਰਗਟਾਵਾ ਮਾਂ-ਬੋਲੀ ਵਿੱਚ ਹੀ ਸੰਭਵ ਹੁੰਦਾ ਹੈ। ਜਦੋਂ ਗੋਦੀ ਵਿੱਚ ਦੁੱਧ ਚੁੰਘਾਉਣ ਸਮੇਂ ਮਾਂ ਆਪਣੇ ਬੱਚੇ ਨਾਲ ਤੋਤਲੀ ਬੋਲੀ ਵਿੱਚ ਲੋਰੀਆਂ ਦਿੰਦੀ ਹੋਈ ਲਾਡ ਲੁਡਾਉਂਦੀ ਹੈ, ਤਾਂ ਉਸ ਸਮੇਂ ਬੱਚੇ ਨੂੰ ਕੰਨ-ਰਸ ਰਾਹੀਂ ਜੋ ਸੁਖਦ ਅਹਿਸਾਸ ਹੁੰਦਾ ਹੈ, ਉਹ ਮਾਂ-ਬੋਲੀ ਗ੍ਰਹਿਣ ਕਰਨ ਦਾ ਪਹਿਲਾ ਅਹਿਸਾਸ ਰੂਪੀ ਸਬਕ/ਪਾਠ ਹੁੰਦਾ ਹੈ। ਮਾਂ ਦੇ ਮੁਖ ਵਿੱਚੋਂ ਨਿਕਲੇ ਹਰ ਸ਼ਬਦ ਨੂੰ ਬੱਚਾ ਆਪਣੇ ਆਪ ਗ੍ਰਹਿਣ ਕਰਦਾ ਹੈ। ਇਸ ਤਰ੍ਹਾਂ ਮਾਂ ਅਤੇ ਮਾਂ-ਬੋਲੀ ਦਾ ਰੁਤਬਾ ਇੱਕ ਸਮਾਨ ਹੁੰਦਾ ਹੈ। ਮਾਂ ਦੀ ਗੋਦੀ ਵਿੱਚ ਬਹਿ ਕੇ ਜਿਹੜੀ ਬੋਲੀ ਬੱਚਾ ਗ੍ਰਹਿਣ ਕਰਦਾ ਹੈ, ਮਾਂ-ਬੋਲੀ ਅਖਵਾਉਂਦੀ ਹੈ। ਮਾਂ-ਬੋਲੀ ਮਨੁੱਖ ਨੂੰ ਇੱਕ ਵੱਖਰੀ ਪਛਾਣ ਦਿੰਦੀ ਹੈ, ਜਿਸ ਕਰਕੇ ਮਾਂ-ਬੋਲੀ ਦਾ ਰੁਤਬਾ ਬਹਾਲ ਕਰਵਾਉਣ ਪਿੱਛੇ ਕੁਰਬਾਨੀਆਂ ਨਾਲ ਭਰਿਆ ਹੋਇਆ ਇੱਕ ਇਤਿਹਾਸ ਹੈ। ਬੰਗਲਾ ਦੇਸ਼, ਜਿਸ ਨੂੰ 1971 ਤੋਂ ਪਹਿਲਾਂ ਪੂਰਬੀ ਪਾਕਿਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੇ ਉੱਪਰ ਪੱਛਮੀ ਪਾਕਿਸਤਾਨ, ਜਿਸ ਨੂੰ ਹੁਣ ਪਾਕਿਸਤਾਨ ਕਿਹਾ ਜਾਂਦਾ ਹੈ, ਦੀ ਸਰਕਾਰ ਵੱਲੋਂ ਉਰਦੂ ਅਤੇ ਫਾਰਸੀ ਠੋਸੀ ਜਾ ਰਹੀ ਸੀ, ਜੋ ਪੂਰਬੀ ਪਾਕਿਸਤਾਨ ਦੀ ਬੋਲੀ ਨਹੀਂ ਸੀ, ਜਦੋਂ ਕਿ ਪੂਰਬੀ ਪਾਕਿਸਤਾਨ ਦੇ ਲੋਕਾਂ ਦੀ ਮਾਂ-ਬੋਲੀ ਬੰਗਾਲੀ ਸੀ। ਪੂਰਬੀ ਪਾਕਿਸਤਾਨ ਦੇ ਲੋਕਾਂ ਵੱਲੋਂ ਉਰਦੂ ਅਤੇ ਫਾਰਸੀ ਦਾ ਡਟ ਕੇ ਵਿਰੋਧ ਕੀਤਾ ਗਿਆ। ਲੋਕਾਂ ਨੇ ਆਪਣੀ ਮਾਂ-ਬੋਲੀ ਲਈ ਜ਼ਬਰਦਸਤ ਸੰਘਰਸ਼ ਸ਼ੁਰੂ ਕੀਤਾ, ਜਦੋਂ ਕਿ ਪੂਰਬੀ ਪਾਕਿਸਤਾਨ ਉੱਪਰ ਕਾਬਜ਼ ਪੱਛਮੀ ਪਾਕਿਸਤਾਨ ਦੀ ਸਰਕਾਰ ਨੇ ਲੋਕਾਂ ਦੇ ਇਸ ਸੰਘਰਸ਼ ਨੂੰ ਦਬਾਉਣ ਲਈ ਸੁਰੱਖਿਆ ਬਲਾਂ ਦਾ ਪ੍ਰਯੋਗ ਕੀਤਾ। ਲੋਕਾਂ ਵੱਲੋਂ ਆਪਣੀ ਮਾਂ-ਬੋਲੀ ਦੇ ਮਾਣ-ਸਨਮਾਨ ਵਿੱਚ ਸਮੁੱਚੇ ਪੂਰਬੀ ਪਾਕਿਸਤਾਨ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਲੂਸ ਕੱਢੇ ਗਏ। ਢਾਕਾ ਸ਼ਹਿਰ ਵਿੱਚ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਅਤੇ ਬੁੱਧੀਜੀਵੀ ਲੋਕਾਂ ਵੱਲੋਂ ਸ਼ਾਂਤੀਪੂਰਵਕ ਇੱਕ ਲੰਬਾ ਵਿਸ਼ਾਲ ਜਲੂਸ ਕੱਢਿਆ ਗਿਆ। ਸੰਘਰਸ਼ ਵਿੱਚ ਸ਼ਾਮਲ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਵਿਦਿਆਰਥੀਆਂ ਅਤੇ ਲੋਕਾਂ ਦਾ ਮਨੋਬਲ ਡੇਗਣ ਲਈ ਸੁਰੱਖਿਆ ਬਲਾਂ ਵੱਲੋਂ 21 ਫਰਵਰੀ, 1952 ਨੂੰ ਅੰਧਾਧੁੰਦ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ 16 ਸੰਘਰਸ਼ਸ਼ੀਲ ਯੋਧੇ ਸ਼ਹੀਦ ਹੋ ਗਏ, ਜਦੋਂ ਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਗਏ। ਮਾਂ-ਬੋਲੀ ਲਈ ਸੰਘਰਸ਼ ਕਰਨ ਵਾਲੇ ਲੋਕ ਆਪਣਾ ਟੀਚਾ ਹਾਸਲ ਕਰਨ ਲਈ ਡਟੇ ਰਹੇ।
ਅਖੀਰ 29 ਫਰਵਰੀ, 1956 ਨੂੰ ਪਾਕਿਸਤਾਨ ਨੇ ਸੰਵਿਧਾਨ ਵਿੱਚ ਤਰਮੀਮ ਕਰਕੇ ਬੰਗਾਲੀ ਤੇ ਉਰਦੂ ਬੋਲੀਆਂ ਨੂੰ ਲਾਗੂ ਕਰਨ ਦੀ ਸਹਿਮਤੀ ਦਿੱਤੀ, ਪਰ ਬੰਗਾਲੀ ਬੋਲੀ ਦਾ ਦਮਨ ਫਿਰ ਵੀ ਜਾਰੀ ਰਿਹਾ। ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਵਿਦਰੋਹ ਦੇ ਬਾਲਣ ਥੱਲੇ ਅੱਗ ਭਖਦੀ ਰਹੀ, ਜਿਸਦਾ ਸਿੱਟਾ ਇਹ ਨਿਕਲਿਆ ਕਿ 1971 ਵਿੱਚ ਭਾਂਬੜ ਬਣ ਕੇ ਉੱਠੀਆਂ ਅੱਗ ਦੀਆਂ ਲਪਟਾਂ ਸਦਕਾ ਪੂਰਬੀ ਪਾਕਿਸਤਾਨ ਪੱਛਮੀ ਪਾਕਿਸਤਾਨ ਤੋਂ ਆਜ਼ਾਦ ਹੋ ਕੇ ਬੰਗਲਾ ਦੇਸ਼ ਬਣ ਗਿਆ।
21 ਫਰਵਰੀ 1972 ਨੂੰ ਬੰਗਲਾ ਦੇਸ਼ ਦੇ ਸੰਵਿਧਾਨ ਮੁਤਾਬਿਕ ਬੰਗਾਲੀ ਨੂੰ ਕੌਮੀ ਭਾਸ਼ਾ ਬਣਾਇਆ ਗਿਆ। ਬੰਗਲਾ ਦੇਸ਼ ਦੀ ਸਰਕਾਰ ਵੱਲੋਂ ਯੂਨੈਸਕੋ ਕੋਲ ਮਾਂ-ਬੋਲੀ ਨੂੰ ਲੈ ਕੇ ਜ਼ੋਰਦਾਰ ਮਾਮਲਾ ਉਠਾਇਆ ਗਿਆ ਕਿ ਸਾਡੀ ਮਾਂ-ਬੋਲੀ ਨੂੰ 21 ਫਰਵਰੀ ਨੂੰ ਬਣਦਾ ਸਤਿਕਾਰ ਮਿਲਿਆ ਹੈ, ਇਸ ਲਈ ਇਸ ਦਿਨ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਉਣ ਵਜੋਂ ਮਾਨਤਾ ਦਿੱਤੀ ਜਾਵੇ। ਬੰਗਲਾ ਦੇਸ਼ ਵੱਲੋਂ ਮਾਂ-ਬੋਲੀ ਸੰਬੰਧੀ ਉਠਾਈ ਗਈ ਜੋਰਦਾਰ ਮੰਗ ਸਦਕਾ 17 ਨਵੰਬਰ, 1999 ਨੂੰ ਬੁਲਾਈ ਗਈ ਜਨਰਲ ਕਾਨਫਰੰਸ ਵਿੱਚ ਯੂਨੈਸਕੋ ਵੱਲੋਂ 21 ਫਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਵਜੋਂ ਮਨਾਉਣ ਦਾ ਸਮਰਥਨ ਕੀਤਾ ਗਿਆ। ਸਾਲ 2000 ਤੋਂ ਹਰ ਸਾਲ 21 ਫਰਵਰੀ ਵਾਲੇ ਦਿਨ ਸੰਸਾਰ ਪੱਧਰ ’ਤੇ ਹਰੇਕ ਇਲਾਕੇ ਵਿੱਚ ਆਪਣੀ-ਆਪਣੀ ਮਾਂ-ਬੋਲੀ ਪ੍ਰਤੀ ਸਨਮਾਨ-ਮਾਣ ਵਜੋਂ ਇਹ ਦਿਵਸ ਮਨਾਇਆ ਜਾਣ ਲੱਗਾ ਹੈ। ਮਾਂ-ਬੋਲੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਯਾਦ ਵਿੱਚ ਢਾਕਾ ਸ਼ਹਿਰ ਵਿੱਚ ਇੱਕ ਸਮਾਰਕ ਸਥਾਪਿਤ ਕੀਤਾ ਗਿਆ ਹੈ, ਜੋ ਲੋਕਾਂ ਵਿੱਚ ਆਪਣੀ ਬੋਲੀ ਪ੍ਰਤੀ ਪਿਆਰ, ਸ਼ਰਧਾ, ਸਤਿਕਾਰ, ਸੰਭਾਲ ਅਤੇ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਦਿਸ਼ਾ ਦਿਖਾਉਣ ਵਾਲੀ ਰਾਹ ਦਿਸੇਰਾ ਹੈ।
ਅੱਜ ਇਲਾਕਾਈ ਬੋਲੀ ਵਿਭਿੰਨਤਾ ਖ਼ਤਰੇ ਵਿੱਚ ਹੈ ਕਿਉਂਕਿ ਕਈ ਬੋਲੀਆਂ ਅਲੋਪ ਹੋ ਰਹੀਆਂ ਹਨ। ਸੰਸਾਰ ਪੱਧਰ ’ਤੇ 40 ਫੀਸਦੀ ਅਬਾਦੀ ਕੋਲ ਆਪਣੀ ਬੋਲੀ ਵਿੱਚ ਸਿੱਖਿਆ ਤਕ ਨਹੀਂ ਪਹੁੰਚ ਰਹੀ, ਜੋ ਉਹ ਬੋਲਦੇ ਜਾਂ ਸਮਝਦੇ ਹਨ, ਪਰ ਇਸਦੇ ਬਾਵਜੂਦ ਬਹੁ-ਭਾਸ਼ਾਈ ਸਿੱਖਿਆ ਵਿੱਚ ਤਰੱਕੀ ਹੋ ਰਹੀ ਹੈ। ਇਸਦੀ ਮਹੱਤਤਾ ਨੂੰ ਸਮਝਣਾ ਵਧ ਰਿਹਾ ਹੈ, ਖਾਸ ਤੌਰ ’ਤੇ ਸ਼ੁਰੂਆਤੀ ਸਕੂਲੀ ਸਿੱਖਿਆ ਵਿੱਚ ਅਤੇ ਜਨਤਕ ਜੀਵਨ ਵਿੱਚ ਇਸਦੇ ਵਿਕਾਸ ਲਈ ਵਧੇਰੇ ਵਚਨਬੱਧਤਾ ਹੈ।
ਇੱਕ ਅੰਦਾਜ਼ੇ ਮੁਤਾਬਿਕ ਸੰਸਾਰ ਵਿੱਚ ਬੋਲੀਆਂ ਦੀ ਗਿਣਤੀ 7000 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 90 ਫ਼ੀਸਦੀ ਬੋਲੀਆਂ ਬੋਲਣ ਵਾਲੇ ਲੋਕਾਂ ਦੀ ਗਿਣਤੀ 1 ਲੱਖ ਤੋਂ ਵੀ ਘੱਟ ਹੈ। ਲਗਭਗ 150-200 ਬੋਲੀਆਂ ਉਹ ਬੋਲੀਆਂ ਹਨ ਜਿਨ੍ਹਾਂ ਨੂੰ 10 ਲੱਖ ਤੋਂ ਵੱਧ ਲੋਕ ਬੋਲਦੇ ਹਨ। ਇੱਥੇ ਲਗਭਗ 357 ਬੋਲੀਆਂ ਉਹ ਬੋਲੀਆਂ ਹਨ, ਜਿਸ ਨੂੰ ਕੇਵਲ 50 ਲੋਕ ਬੋਲਦੇ ਹਨ। ਸੰਸਾਰ ਵਿੱਚ ਅੰਗਰੇਜ਼ੀ ਇੱਕ ਉਹ ਬੋਲੀ ਹੈ, ਜਿਸ ਨੂੰ 1.5 ਬਿਲੀਅਨ ਤੋਂ ਵੱਧ ਲੋਕ ਬੋਲਦੇ ਹਨ। ਇਹ ਬੋਲੀ 67 ਦੇਸ਼ਾਂ ਅਤੇ 27 ਗੈਰ-ਪ੍ਰਭੁਸੱਤਾ ਸੰਪੱਤੀਆਂ ਦੀ ਸਰਕਾਰੀ ਭਾਸ਼ਾ ਵੀ ਹੈ। ਸੰਸਾਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਬੋਲੀਆਂ ਵਿੱਚ ਅੰਗਰੇਜ਼ੀ ਤੋਂ ਬਾਅਦ 1.2 ਬਿਲੀਅਨ ਲੋਕ ਮੈਂਡਰਿਨ ਚੀਨੀ, 600 ਮਿਲੀਅਨ ਲੋਕ ਹਿੰਦੀ, 560 ਮਿਲੀਅਨ ਲੋਕ ਸਪੈਨਿਸ਼, 300 ਮਿਲੀਅਨ ਲੋਕ ਫ੍ਰੈਂਚ, 274 ਮਿਲੀਅਨ ਲੋਕ ਅਰਬੀ, 273 ਮਿਲੀਅਨ ਲੋਕ ਬੰਗਾਲੀ, 264 ਮਿਲੀਅਨ ਲੋਕ ਪੁਰਤਗਾਲੀ, 255 ਮਿਲੀਅਨ ਲੋਕ ਰੂਸੀ ਅਤੇ 230 ਮਿਲੀਅਨ ਲੋਕ ਉਰਦੂ ਬੋਲਦੇ ਹਨ।
ਜਦੋਂ ਅਸੀਂ ਪੰਜਾਬੀ ਬੋਲੀ ਦੀ ਗੱਲ ਕਰਦੇ ਹਾਂ ਤਾਂ ਸੰਸਾਰ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 150 ਮਿਲੀਅਨ ਦੇ ਕਰੀਬ ਹੈ। ਕੈਨੇਡਾ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਤੋਂ ਬਾਅਦ ਤੀਸਰੇ ਸਥਾਨ ’ਤੇ ਪੰਜਾਬੀ ਬੋਲੀ ਨੂੰ ਮਾਨਤਾ ਦਿੱਤੀ ਗਈ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਵਿੱਚ ਵਸਦੇ ਕਈ ਪੰਜਾਬੀ ਮਰਦਮਸ਼ੁਮਾਰੀ ਵੇਲੇ ਆਪਣੇ ਮਾਂ-ਬੋਲੀ ਪੰਜਾਬੀ ਲਿਖਾਉਣ ਤੋਂ ਗੁਰੇਜ਼ ਕਰਦੇ ਹਨ।
ਉਂਝ ਸੰਸਾਰ ਵਿੱਚ 21 ਫਰਵਰੀ ਨੂੰ ਮਾਂ-ਬੋਲੀ ਦਿਵਸ ਦੀ 25ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਜੋ ਭਾਸ਼ਾਈ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਮਾਤ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਮੀਲ ਪੱਥਰ ਸਾਬਤ ਹੋਵੇਗੀ। ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਖੇਤਰੀ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਭਾਰਤ ਵਿੱਚ 559 ਮਾਂ-ਬੋਲੀਆਂ ਪ੍ਰਚਲਿਤ ਹਨ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ 179 ਬੋਲੀਆਂ ਅਤੇ 544 ਉਪ-ਬੋਲੀਆਂ ਸਨ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਜਿੱਥੇ ਦੇਸ਼ ਵਿੱਚ 22 ਅਨੁਸੂਚਿਤ ਬੋਲੀਆਂ ਹਨ, ਉੱਥੇ ਗੈਰ-ਅਨੁਸੂਚਿਤ ਬੋਲੀਆਂ ਦੀ ਗਿਣਤੀ 99 ਤੋਂ ਵੱਧ ਹੈ। ਦੇਸ਼ ਵਿੱਚ 121 ਤੋਂ ਵੱਧ ਬੋਲੀਆਂ ਪ੍ਰਚਲਿਤ ਹਨ। ਭਾਰਤ ਵਿੱਚ 22 ਬੋਲੀਆਂ ਨੂੰ ਸੰਵਿਧਾਨਕ ਮਾਨਤਾ ਪ੍ਰਾਪਤ ਹੈ। ਇਨ੍ਹਾਂ ਬੋਲੀਆਂ ਤੋਂ ਇਲਾਵਾ ਹੋਰ ਵੀ ਕਈ ਬੋਲੀਆਂ ਹਨ। ਕੇਂਦਰ ਸਰਕਾਰ ਨੇ ਆਪਣੇ ਕੰਮਕਾਜ ਲਈ ਹਿੰਦੀ ਅਤੇ ਰੋਮਨ ਬੋਲੀ ਨੂੰ ਸਰਕਾਰੀ ਬੋਲੀ ਮੰਨਿਆ ਹੈ। ਸੂਬਾ ਸਰਕਾਰਾਂ ਆਪਣੇ ਸੂਬੇ ਦੇ ਅਨੁਸਾਰ ਕਿਸੇ ਵੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਚੁਣ ਸਕਦੀਆਂ ਹਨ, ਜਿਵੇਂ ਮਹਾਰਾਸ਼ਟਰ ਦੀ ਸਰਕਾਰੀ ਭਾਸ਼ਾ ਮਰਾਠੀ ਹੈ, ਮਨੀਪੁਰ ਦੀ ਸਰਕਾਰੀ ਭਾਸ਼ਾ ਮਨੀਪੁਰੀ ਅਤੇ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਹੈ। ਦੇਸ਼ ਵਿੱਚ ਹਿੰਦੀ ਤੋਂ ਇਲਾਵਾ ਭਾਰਤ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਬੰਗਾਲੀ, ਮਰਾਠੀ, ਤੇਲਗੂ ਅਤੇ ਤਾਮਿਲ ਹਨ।
ਹਰੇਕ ਮਨੁੱਖ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਅਤੇ ਮਾਂ-ਬੋਲੀ ਦਾ ਮਾਣ-ਸਤਿਕਾਰ ਬਰਕਰਾਰ ਰੱਖਣ ਲਈ ਹਮੇਸ਼ਾ ਸੰਜੀਦਾ ਰਹੇ।
“ਲੋਰੀਆਂ ਲੈ ਕੇ ਮਾਂ-ਬੋਲੀ ਵਿੱਚ, ਮਾਂ ਤੋਂ ਪਿੱਠ ਘੁਮਾਵੇਂ!
ਸ਼ਹਿਦ ਵਰਗੀ ਮਿੱਠੀ ਬੋਲੀ, ਬੋਲਣ ਤੋਂ ਸ਼ਰਮਾਵੇਂ!”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)