SukhdevSlempuri7ਚੰਗੇ ਕੰਮਾਂ ਦੇ ਨਤੀਜੇ ਚੰਗੇ ਹੁੰਦੇ ਹਨ। ਚੰਗੇ ਨਤੀਜੇ ਮਨ ਨੂੰ ਖੁਸ਼ੀ ਦਿੰਦੇ ਹਨ, ਪੀਂਘ ਦੇ ਹੁਲਾਰੇ ...
(15 ਦਸੰਬਰ 2024)(ਹੇਠਾਂ ‘ਪ੍ਰਵਚਨ’ ਵੀ ਜ਼ਰੂਰ ਪੜ੍ਹ ਲੈਣਾ।)


ਮੁਕਤੀ ਦਾ ਮਾਰਗ ਲੱਭਦਿਆਂ-ਲੱਭਦਿਆਂ ਮਨੁੱਖ ਆਪਣੇ ਸਵਾਸ ਪੂਰੇ ਕਰਕੇ ਇਸ ਹੁਸੀਨ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ
ਮਨੁੱਖ ਦੀ ਰੱਬ ਤਕ ਪਹੁੰਚ ਕਰਵਾਉਣ ਵਾਲੇ ਚਲਾਕ ਅਤੇ ਲਾਲਚੀ ਵਿਚੋਲੇ ਮਨੁੱਖ ਦੇ ਮਨ ਵਿੱਚ ਇਹ ਗੱਲ ਪੂਰੀ ਤਰ੍ਹਾਂ ਬਿਠਾ ਦਿੰਦੇ ਹਨ ਕਿ ਪੂਜਾ-ਪਾਠ ਕਰਕੇ, ਪੁਜਾਰੀਆਂ ਨੂੰ ਦਾਨ ਕਰਕੇ, ਧਾਰਮਿਕ ਸਥਾਨਾਂ ਵਿੱਚ ਦਾਨ ਕਰਕੇ ਅਤੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਕੇ ਹੀ ਮਨੁੱਖ ਮੁਕਤੀ ਪਾ ਸਕਦਾ ਹੈ ਅਤੇ ਮੌਤ ਪਿੱਛੋਂ ਸਵਰਗ ਵਿੱਚ ਪਹੁੰਚ ਸਕਦਾ ਹੈ ਜਦੋਂ ਕਿ ਸੱਚ ਇਹ ਹੈ ਕਿ ਤੀਰਥ ਯਾਤਰਾ, ਵਰਤ, ਪੂਜਾ, ਧਾਰਮਿਕ ਸਥਾਨਾਂ ’ਤੇ ਕੀਤੇ ਇਸ਼ਨਾਨ, ਦਰਿਆਵਾਂ ਵਿੱਚ ਇਸ਼ਨਾਨ ਅਤੇ ਕਰਮ-ਕਾਂਡ ਮਨੁੱਖ ਦੀ ਮੁਕਤੀ ਦਾ ਮਾਰਗ ਨਹੀਂ ਹੈ ਅਤੇ ਨਾ ਹੀ ਜੀਵ-ਜੰਤੂਆਂ ਤੇ ਮਨੁੱਖ ਦੀ ਮਨੁੱਖ ਦੁਆਰਾ ਦਿੱਤੀ ਬਲੀ ਮਨੁੱਖ ਦੀ ਮੁਕਤੀ ਦਾ ਮਾਰਗ ਹੈਮਾਲਾ ਫੇਰਨ ਨਾਲ ਮੁਕਤੀ ਨਹੀਂ ਮਿਲਦੀਭਾਰਤ ਦੇਸ਼ ਦੇ ਮੂਲ-ਨਿਵਾਸੀ, ਜਿਨ੍ਹਾਂ ਨੂੰ ‘ਦਲਿਤ’ ਕਹਿ ਕੇ ਪੁਕਾਰਿਆ ਜਾਂਦਾ ਹੈ, ਬੁਰੀ ਤਰ੍ਹਾਂ ਕਰਮ-ਕਾਂਡਾਂ ਵਿੱਚ ਫਸੇ ਹੋਏ ਹਨਉਹ ਕਰਮ-ਕਾਂਡਾਂ ਦੀ ਅਰਾਧਨਾ ਨੂੰ ਹੀ ਮੁਕਤੀ ਦਾ ਮਾਰਗ ਦਰਸ਼ਨ ਮੰਨਦੇ ਹਨ, ਇਸ ਕਰਕੇ ਉਨ੍ਹਾਂ ਦੇ ਪੱਛੜੇਪਨ ਦੇ ਜਿੱਥੇ ਹੋਰ ਅਨੇਕਾਂ ਕਾਰਨ ਹਨ, ਉਨ੍ਹਾਂ ਵਿੱਚ ਇਹ ਵੀ ਇੱਕ ਵੱਡਾ ਕਾਰਨ ਹੈ ਇੱਥੇ ਹੀ ਬੱਸ ਨਹੀਂ, ਸਮਾਜ ਵਿੱਚ ਅਖੌਤੀ ਉੱਚ ਜਾਤੀ ਦੇ ਬਹੁਗਿਣਤੀ ਲੋਕ ਵੀ ਕਰਮ-ਕਾਂਡਾਂ ਤੋਂ ਨਿਰਲੇਪ ਨਹੀਂ ਹਨ ਤੇਜ਼-ਤਰਾਰ, ਚਲਾਕ ਅਤੇ ਕਮੀਨੀ ਸੋਚ ਰੱਖਣ ਵਾਲੇ ਲੋਕ ਆਮ ਲੋਕਾਂ, ਵਿਸ਼ੇਸ਼ ਕਰਕੇ ਦਲਿਤ ਸਮਾਜ ਨੂੰ ਕਰਮ-ਕਾਂਡਾਂ ਵਿੱਚ ਫਸਾ ਕੇ, ਉਲਝਾਕੇ ਰੱਖਣਾ ਚਾਹੁੰਦੇ ਹਨਦਲਿਤ ਤਾਂ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਵੀ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਕਰਮ-ਕਾਂਡ ਅਪਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਗਰੀਬੀ ਤੋਂ ਮੁਕਤੀ ਪਾਉਣ ਲਈ ਉਹ ਧਾਗੇ-ਤਵੀਤ ਗੱਲ ਪਾਉਣ ਅਤੇ ਮੋਢੇ ਨਾਲ ਬੰਨ੍ਹਣ ਵਿੱਚ ਅੰਨ੍ਹੀ-ਸ਼ਰਧਾ ਰੱਖਦੇ ਹਨਉਹ ਇਸ ਗੱਲ ਤੋਂ ਬੇਖ਼ਬਰ ਹਨ ਕਿ ਉਨ੍ਹਾਂ ਦੀ ਨਰਕ ਭਰੀ ਜ਼ਿੰਦਗੀ ਲਈ ਉਨ੍ਹਾਂ ਦੀ ਕਿਸਮਤ ਨਹੀਂ, ਬਲਕਿ ਦੇਸ਼ ਦੀ ਸਰਕਾਰੀ ਅਤੇ ਸਮਾਜਿਕ ਵਿਵਸਥਾ ਹੈਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿੱਚ ਬੁਰੀ ਤਰ੍ਹਾਂ ਫਸਿਆ ਅਤੇ ਉਲਝਿਆ ਦਲਿਤ ਸਮਾਜ ਇਸ ਗੱਲ ਤੋਂ ਬੇਖ਼ਬਰ ਹੈ ਕਿ ਉਹ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਿਹਾ ਹੈਕਰਮ-ਕਾਂਡ ਦਲਿਤਾਂ ਨੂੰ ਗਰੀਬੀ ਦੇ ਚੱਕਰਵਿਊ ਤੋਂ ਮੁਕਤੀ ਨਹੀਂ ਦਿਵਾ ਸਕਦੇ ਅਤੇ ਨਾ ਹੀ ਕਾਲਪਨਿਕ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅੱਗੇ ਨੱਕ ਰਗੜਨ ਨਾਲ ਉਨ੍ਹਾਂ ਨੂੰ ਮੁਕਤੀ ਮਿਲਣ ਵਾਲੀ ਹੈਜੇਕਰ ਉਹ ਧਰਤੀ ਉੱਪਰ ਨਰਕ ਭਰੀ ਜ਼ਿੰਦਗੀ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਕਿਸਮਤ ਕੋਸਣ ਦੀ ਬਜਾਏ ਜ਼ਿੰਦਗੀ ਵਿੱਚ ਸੰਘਰਸ਼ ਦਾ ਮਾਰਗ ਅਪਣਾਉਣਾ ਪਵੇਗਾ ਅਤੇ ਰੱਬ ਤੋਂ ਕਿਨਾਰਾ ਕਰਨਾ ਪਵੇਗਾ

ਸੱਚ ਇਹ ਹੈ ਕਿ ਧਰਮ ਮਨੁੱਖ ਲਈ ਹੈ, ਮਨੁੱਖ ਧਰਮ ਲਈ ਨਹੀਂ ਹੈ ਅਤੇ ਜਿਹੜਾ ਧਰਮ ਮਨੁੱਖ ਨੂੰ ਮਨੁੱਖ ਨਹੀਂ ਮੰਨਦਾ, ਮਨੁੱਖਾਂ ਵਿੱਚ ਵਿਤਕਰਾ ਪਾਉਂਦਾ ਹੈ, ਉਹ ਧਰਮ ਨਹੀਂ ਹੁੰਦਾਜਿਸ ਧਰਮ ਵਿੱਚ ਬਰਾਬਰਤਾ ਨਹੀਂ, ਉਸ ਤੋਂ ਕਿਨਾਰਾ ਕਰ ਕਰਕੇ ‘ਮਾਨਵਤਾ ਦਾ ਧਰਮ’ ਅਪਣਾ ਲੈਣਾ ਬਿਹਤਰ ਹੈਮਨੁੱਖ ਦੀ ਮੁਕਤੀ ਦਾ ਮਾਰਗ ਪੂਜਾ-ਪਾਠ ਨਹੀਂ ਬਲਕਿ ਗਿਆਨ, ਵਿਗਿਆਨ ਹੈਗਿਆਨ, ਵਿਗਿਆਨ ਵਿੱਦਿਅਕ ਅਦਾਰਿਆਂ ਤੋਂ ਪ੍ਰਾਪਤ ਹੁੰਦਾ ਹੈਕਿਤਾਬਾਂ ਤੋਂ ਪ੍ਰਾਪਤ ਕੀਤਾ ਗਿਆਨ ਅਤੇ ਜ਼ਿੰਦਗੀ ਵਿੱਚ ਅਪਣਾਈ ਵਿਗਿਆਨਿਕ ਸੋਚ ਮਨੁੱਖ ਦੀ ਮੁਕਤੀ ਦੇ ਮਾਰਗ ਬਣਦੇ ਹਨ, ਕਰਮ-ਕਾਂਡ ਮਨੁੱਖ ਦੀ ਮੁਕਤੀ ਦਾ ਮਾਰਗ ਨਹੀਂ ਬਣਦੇਸਿਆਣਿਆਂ ਦਾ ਕਥਨ ਹੈ ਕਿ ‘ਪਹਿਲੀ ਪੀੜ੍ਹੀ ਦਾ ਪਖੰਡ, ਕਰਮ-ਕਾਂਡ ਤੇ ਰੀਤੀ ਰਿਵਾਜ਼ ਦੂਜੀ ਪੀੜ੍ਹੀ ਦੀ ਪ੍ਰੰਪਰਾ ਬਣ ਜਾਂਦੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ, ਜਿਸ ਤੋਂ ਸਹਿਜੇ ਖਹਿੜਾ ਛਡਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਜਿਹੜਾ ਮਨੁੱਖ ਪਾਖੰਡਵਾਦ ਅਤੇ ਘਸੀਆਂ-ਪਿੱਟੀਆਂ ਰਹੁ-ਰੀਤਾਂ ਤੋਂ ਖਹਿੜਾ ਛਡਾਉਣ ਦੀ ਗੱਲ ਕਰਦਾ ਹੈ, ਲੋਕ ਉਸ ਦਾ ਵਿਰੋਧ ਕਰਦੇ ਹਨ ਅਤੇ ਕਈ ਵਾਰ ਤਾਂ ਖੂਨੀ ਝੜਪਾਂ ਤਕ ਨੌਬਤ ਪਹੁੰਚ ਜਾਂਦੀ ਹੈ

ਜੇ ਕਿਸੇ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਸਾਧਾਂ ਨੂੰ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕੋਈ ਸਾਧ ਤੁਹਾਨੂੰ ਸਵਰਗ ਤਕ ਨਹੀਂ ਪਹੁੰਚਾ ਸਕਦਾ, ਸਾਧ ਤਾਂ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਹਨ, ਐਸ਼ ਕਰਦੇ ਹਨ, ਜਾਇਦਾਦਾਂ ਬਣਾਉਂਦੇ ਹਨ, ਡੇਰਿਆਂ ਦੀ ਗਿਣਤੀ ਅਤੇ ਆਮਦਨ ਵਧਾਉਂਦੇ ਹਨ, ਸਾਧਾਂ ਦੀ ਜਾਇਦਾਦ ਵਿੱਚ ਨਿਰੰਤਰ ਵਾਧਾ ਹੁੰਦਾ ਜਾਂਦਾ ਹੈ, ਸਾਧ ਦਿਨ-ਬ-ਦਿਨ ਅਮੀਰ ਹੁੰਦੇ ਜਾਂਦੇ ਹਨ, ਤਾਂ ਉਹ ਇਹ ਗੱਲ ਸੁਣਨ ਦੀ ਬਜਾਏ ਲੜਨ ਲਈ ਤਿਆਰ ਹੋ ਜਾਂਦੇ ਹਨਜਿਹੜੇ ਸਾਧ ਮਰਨ ਤੋਂ ਡਰ ਦੇ ਮਾਰੇ ਖੁਦ ਸੁਰੱਖਿਆ ਮੁਲਾਜ਼ਮਾਂ ਦੀ ਛਤਰੀ ਹੇਠ ਜੀਵਨ ਬਸਰ ਕਰਦੇ ਹਨ, ਉਹ ਸਾਧ ਹੋਰ ਲੋਕਾਂ ਨੂੰ ਮੁਕਤੀ ਦਾ ਮਾਰਗ ਕਿਵੇਂ ਦਿਖਾਉਣਗੇ, ਲੋਕਾਂ ਦੀ ਮੁਕਤੀ ਕਿਵੇਂ ਕਰਨਗੇ?

ਕਿਸੇ ਸਾਧ ਦੇ ਪਾਣੀ ਨਾਲ ਧੋਤੇ ਪੈਰਾਂ ਦੀ ਮੈਲ ਦੀਆਂ ਚੂਲੀਆਂ ਪੀਣ ਅਤੇ ਸਿਰ ਉੱਪਰ ਸੁੱਟੇ ਜਲ (ਪਾਣੀ) ਨਾਲ ਦੁੱਖਾਂ ਅਤੇ ਪ੍ਰੇਸ਼ਾਨੀਆਂ ਦਾ ਨਾਸ਼ ਨਹੀਂ ਹੁੰਦਾ, ਗਰੀਬੀ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਅਤੇ ਨਾ ਹੀ ਮੁਕਤੀ ਮਿਲਦੀ ਹੈ

ਜੇ ਮਨੁੱਖ ਇਸ ਧਰਤੀ ’ਤੇ ਅਨੰਦਮਈ ਅਤੇ ਸੁਖਮਈ ਜੀਵਨ ਬਤੀਤ ਕਰਦਾ ਹੈ ਤਾਂ ਇਹੀ ਉਸ ਲਈ ਸਵਰਗ ਹੈਜੇ ਉਹ ਦੁਖੀ ਅਤੇ ਪ੍ਰੇਸ਼ਾਨ ਰਹਿੰਦਾ ਹੈ, ਤਾਂ ਇਹੀ ਧਰਤੀ ਨਰਕ ਬਣ ਜਾਂਦੀ ਹੈ, ਜ਼ਿੰਦਗੀ ਨਰਕ ਬਣ ਜਾਂਦੀ ਹੈ, ਜੀਵਨ ਧੁੰਦਲਾ ਬਣ ਜਾਂਦਾ ਹੈ, ਜ਼ਿੰਦਗੀ ਵਿੱਚ ਹਨੇਰਾ ਛਾ ਜਾਂਦਾ ਹੈਜਿਹੜੇ ਪਖੰਡੀ ਲੋਕ ਮੌਤ ਤੋਂ ਬਾਅਦ ਸਵਰਗ-ਨਰਕ ਦੀ ਗੱਲ ਕਰਦੇ ਹਨ, ਸਮਝੋ ਇਹ ਨਿਰਾ ਧੋਖਾ ਹੈ, ਕੋਰਾ ਝੂਠ ਹੈ ਜਿਊਂਦਾ ਮਨੁੱਖ ਸਵਰਗ ਵੇਖ ਨਹੀਂ ਸਕਦਾ, ਮ੍ਰਿਤਕ ਵਿਅਕਤੀ ਸਵਰਗ ਬਾਰੇ ਦੱਸ ਨਹੀਂ ਸਕਦਾ, ਫਿਰ ਮੌਤ ਤੋਂ ਬਾਅਦ ਦੇ ਸਵਰਗ-ਨਰਕ ਤੋਂ ਮਨੁੱਖੀ ਜੀਵ ਨੇ ਕੀ ਲੈਣਾ ਹੈ?

ਅਸਲ ਵਿੱਚ ਸਵਰਗ-ਨਰਕ ਇਸ ਧਰਤੀ ਉੱਪਰ ਹੀ ਹੈਧਰਤੀ ਉੱਪਰ ਸਵਰਗ-ਨਰਕ ਦੀ ਸਥਾਪਨਾ ਕਰਨਾ ਸਰਕਾਰਾਂ ਦੇ ਹੱਥ ਵਿੱਚ ਹੈ! ਮਨੁੱਖ ਦੁਆਰਾ ਕਿਤਾਬਾਂ ਤੋਂ ਪ੍ਰਾਪਤ ਕੀਤਾ ਗਿਆਨ ਮੁਕਤੀ ਦਾ ਮਾਰਗ ਬਣਦਾ ਹੈਸਰਕਾਰਾਂ ਦੀ ਆਮ ਲੋਕਾਂ ਪ੍ਰਤੀ ਰੱਖੀ ਇਮਾਨਦਾਰੀ ਇਸ ਧਰਤੀ ਨੂੰ, ਦੇਸ਼ ਨੂੰ ਸਵਰਗ ਬਣਾਉਂਦੀ ਹੈ, ਜਦੋਂ ਕਿ ਸਰਕਾਰਾਂ ਦੀ ਬੇਈਮਾਨੀ ਨਰਕ ਬਣਾਉਂਦੀ ਹੈਸਰੀਰਕ, ਮਾਨਸਿਕ, ਪਰਿਵਾਰਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਤੌਰ ’ਤੇ ਸਿਹਤਮੰਦ ਹੋਣਾ ਹੀ ਮੁਕਤੀ ਦਾ ਮਾਰਗ ਹੈ ਨਾ ਕਿ ਸਾਧਾਂ ਦੇ ਡੇਰਿਆਂ ’ਤੇ ਰਗੜੇ ਨੱਕ ਅਤੇ ਨਾ ਹੀ ਸਾਧਾਂ ਨੂੰ ਕੀਤਾ ਦਾਨ ਮੁਕਤੀ ਦਾ ਮਾਰਗ ਹੈਸਾਧਾਂ ਦੀਆਂ ਲੱਤਾਂ ਘੁੱਟ ਕੇ, ਮਾਲਸ਼ ਕਰਕੇ ਮੁਕਤੀ ਨਹੀਂ ਮਿਲਦੀਚੰਗੀਆਂ ਕਿਤਾਬਾਂ ਤੋਂ ਲਿਆ ਗਿਆਨ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਂਦਾ ਹੈ ਅਤੇ ਮੁਕਤੀ ਦਾ ਮਾਰਗ ਬਣਦਾ ਹੈਸੱਚ ਬੋਲਣਾ, ਇਮਾਨਦਾਰੀ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਮੁਕਤੀ ਦਾ ਮਾਰਗ ਹੁੰਦਾ ਹੈਠੱਗੀ-ਠੋਰੀ, ਝੂਠ ਮਨ ਨੂੰ ਬੇਚੈਨ ਕਰਦੇ ਹਨਬੇਚੈਨੀ ਦੀ ਹਾਲਤ ਵਿੱਚ ਮਨੁੱਖ ਦਾ ਜੀਵਨ ਨਰਕ ਭਰਿਆ ਹੋ ਜਾਂਦਾ ਹੈਖੁਸ਼ੀ ਮਨ ਨੂੰ ਸਵਰਗ ਦੇ ਨਜ਼ਾਰੇ ਵਰਗਾ, ਸਵਰਗ ਵਰਗਾ ਹੁਲਾਰਾ ਦਿੰਦੀ ਹੈ, ਜਦੋਂ ਕਿ ਬੇਚੈਨੀ, ਉਦਾਸੀ ਅਤੇ ਬੇਈਮਾਨੀ ਮਨ ਦੀ ਸਥਿਤੀ ਨੂੰ ਨਰਕ ਵਲ ਧੱਕਦੇ ਹਨਸਮਾਜਿਕ, ਸੱਭਿਆਚਾਰਕ ਤੇ ਭਾਈਚਾਰਕ ਸਾਂਝ ਅਤੇ ਪਰਿਵਾਰ ਪ੍ਰਤੀ ਪਿਆਰ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਨਮਨ ਦੀ ਸ਼ਾਂਤੀ ਹੀ ਸਵਰਗ ਹੁੰਦੀ ਹੈਜ਼ਿੰਦਗੀ ਵਿੱਚ ਰੁਜ਼ਗਾਰ, ਦੋ ਵੇਲੇ ਦੀ ਰੱਜਵੀਂ ਰੋਟੀ, ਤਨ ਢਕਣ ਲਈ ਕੱਪੜੇ, ਰਹਿਣ ਲਈ ਛੱਤ ਅਤੇ ਬਿਮਾਰੀ ਵੇਲੇ ਸਹੀ ਵਕਤ ’ਤੇ ਦਵਾਈ ਮਿਲਣਾ ਸਵਰਗ ਤੋਂ ਘੱਟ ਨਹੀਂ ਹੁੰਦਾਇਸੇ ਲਈ ਤਾਂ ਕਹਿੰਦੇ ਨੇ, ‘ਇਹ ਜੱਗ ਮਿੱਠਾ, ਅਗਲਾ ਕਿਸਨੇ ਡਿੱਠਾ!’

ਮਨੁੱਖ ਨੂੰ ਮੌਤ ਤੋਂ ਬਾਅਦ ਦੇ ਸਵਰਗ ਦੇ ਸੁਪਨੇ ਵੇਖਣ ਦੀ ਤਮੰਨਾ ਛੱਡ ਕੇ ਆਪਣੇ ਜਿਊਂਦੇ ਜੀਅ ਜ਼ਿੰਦਗੀ ਨੂੰ ਸਵਰਗ ਬਣਾਉਣ ਲਈ ਹਰ ਸੰਭਵ ਯਤਨ ਜੁਟਾਉਣੇ ਚਾਹੀਦੇ ਹਨਇਸ ਧਰਤੀ ਉੱਪਰ ਹੀ ਸਵਰਗ-ਨਰਕ ਹੈਕਾਮ, ਕ੍ਰੋਧ, ਮੋਹ, ਲੋਭ ਅਤੇ ਹਊਮੈ ਉੱਪਰ ਕਾਬੂ ਰੱਖਕੇ ਭਟਕਦੇ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈਮਨ ਦੀ ਸ਼ਾਂਤੀ ਹੀ ਮੁਕਤੀ ਦਾ ਪ੍ਰਤੀਕ ਹੈਇਸੇ ਤਰ੍ਹਾਂ ਹੀ ਜਿੱਤਾਂ-ਹਾਰਾਂ ਦਾ ਮਨੁੱਖ ਦੀ ਮਨੋ-ਅਵਸਥਾ ਉੱਪਰ ਡਾਢਾ ਪ੍ਰਭਾਵ ਪੈਂਦਾ ਹੈਜੇ ਕਿਸੇ ਨੂੰ ਵੱਡੀ ਜਿੱਤ ਪ੍ਰਾਪਤ ਨਾ ਹੋਵੇ ਤਾਂ ਨਿੱਕੀਆਂ-ਨਿੱਕੀਆਂ ਜਿੱਤਾਂ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਨਿੱਕੀਆਂ ਜਿੱਤਾਂ ਵੀ ਮਨ ਨੂੰ ਖੁਸ਼ੀ ਪ੍ਰਦਾਨ ਕਰਦੀਆਂ ਹਨ, ਅਨੰਦ ਦਿੰਦੀਆਂ ਹਨਮਨ ਦੀ ਖੁਸ਼ੀ ਹੀ ਮੁਕਤੀ ਦਾ ਮਾਰਗ ਹੁੰਦੀ ਹੈ

ਸਫਲਤਾ ਮਨ ਨੂੰ ਖੁਸ਼ੀ ਦਿੰਦੀ ਹੈ, ਜਦਕਿ ਅਸਫ਼ਲਤਾ ਨਾਲ ਨਿਰਾਸ਼ਾ ਪੱਲੇ ਪੈਂਦੀ ਹੈ, ਜਿਸ ਨਾਲ ਮਨ ਦੁਖੀ ਹੁੰਦਾ ਹੈ, ਮਨੁੱਖ ਨੂੰ ਦਰਦ ਮਹਿਸੂਸ ਹੁੰਦਾ ਹੈ, ਪੀੜਾ ਹੁੰਦੀ ਹੈਅਸਫ਼ਲਤਾਵਾਂ ਜਦੋਂ ਨਿਰਾਸ਼ ਕਰਦੀਆਂ ਹਨ ਤਾਂ ਮਨ ਨੂੰ ਡੋਬੂ ਪੈਂਦੇ ਹਨਕਈ ਵਾਰ ਮਨ ਦੀ ਨਿਰਾਸ਼ ਅਵਸਥਾ ਮਨੁੱਖ ਨੂੰ ਖੁਦਕੁਸ਼ੀ ਵਲ ਤੋਰਦੀ ਹੈ ਦੁਖੀ ਮਨੁੱਖ ਨਿਰਾਸ਼ਾ ਤੋਂ ਮੁਕਤੀ ਪਾਉਣ ਲਈ ਗਲਤ ਕਦਮ ਚੁੱਕਦਾ ਹੈ, ਮੌਤ ਨੂੰ ਅਵਾਜ਼ਾਂ ਮਾਰਦਾ ਹੈਮੌਤ ਮੁਕਤੀ ਨਹੀਂ ਹੁੰਦੀਖੁਦਕੁਸ਼ੀ ਮਨੁੱਖ ਨੂੰ ਮੁਕਤੀ ਦਿਵਾਉਣ ਲਈ ਸਹਾਰਾ ਨਹੀਂ ਬਣਦੀਖੁਦਕੁਸ਼ੀ ਇੱਕ ਸਰਾਪ ਹੈ, ਮੁਕਤੀ ਨਹੀਂ! ਚੰਗੇ ਕੰਮਾਂ ਦੇ ਨਤੀਜੇ ਚੰਗੇ ਹੁੰਦੇ ਹਨਚੰਗੇ ਨਤੀਜੇ ਮਨ ਨੂੰ ਖੁਸ਼ੀ ਦਿੰਦੇ ਹਨ, ਪੀਂਘ ਦੇ ਹੁਲਾਰੇ ਵਰਗਾ ਹੁਲਾਰਾ ਦਿੰਦੇ ਹਨਜਦੋਂ ਮਨ ਖੁਸ਼ ਹੁੰਦਾ ਹੈ ਤਾਂ ਚੁਫੇਰਿਓਂ ਠੰਢੀ-ਠਾਰ ਹਵਾ ਦੇ ਬੁੱਲੇ ਆਉਂਦੇ ਹਨ, ਜੋ ਕਾਲਜੇ ਠੰਢ ਪਾਉਂਦੇ ਹਨਜਦੋਂ ਮਨ ਖੁਸ਼ ਹੁੰਦਾ ਹੈ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਦਸੰਬਰ-ਜਨਵਰੀ ਮਹੀਨੇ ਵਿੱਚ ਪੈਂਦੀ ਕੜਾਕੇ ਦੀ ਠੰਢ ਤੋਂ ਰਾਹਤ ਦਿਵਾਉਣ ਲਈ ਸੂਰਜ ਦੀਆਂ ਕਿਰਨਾਂ ਕੋਸਾ-ਕੋਸਾ ਨਿੱਘ ਦਿੰਦੀਆਂ ਹਨ, ਠੰਢ ਤੋਂ ਮੁਕਤੀ ਦਾ ਅਹਿਸਾਸ ਕਰਵਾਉਂਦੀਆਂ ਹਨਖੁਸ਼ੀ ਦੀ ਮਨੋ-ਅਵਸਥਾ ਹੀ ਮੁਕਤੀ ਦਾ ਅਹਿਸਾਸ ਕਰਵਾਉਂਦੀ ਹੈ, ਜਦਕਿ ਮੌਤ ਮੁਕਤੀ ਦਾ ਮਾਰਗ ਨਹੀਂ ਹੁੰਦਾ!

ਕਿਸੇ ਨੂੰ ਤੰਗ ਪ੍ਰੇਸ਼ਾਨ ਕਰਕੇ ਜਾਂ ਕਿਸੇ ਦਾ ਹੱਕ ਹੋ ਕੇ, ਝੂਠ ਬੋਲ ਕੇ, ਵਲ਼-ਫਰੇਬ ਕਰਕੇ ਪ੍ਰਾਪਤ ਕੀਤੀ ਜਿੱਤ ਮਨ ਨੂੰ ਥੋੜ੍ਹ-ਚਿਰੀ ਖੁਸ਼ੀ ਤਾਂ ਦਿੰਦੀ ਹੈ, ਪਰ ਸਦੀਵੀ ਖੁਸ਼ੀ ਤਾਂ ਕਿਸੇ ਦਾ ਭਲਾ ਕਰਕੇ, ਮਿੱਠਾ ਬੋਲ ਕੇ, ਸੱਚ ਬੋਲ ਕੇ, ਸੱਚੇ ਮਨੁੱਖ ਦੀ ਹਾਂ ਵਿੱਚ ਹਾਂ ਮਿਲਾਕੇ, ਇਮਾਨਦਾਰੀ ਰੱਖ ਕੇ ਹੀ ਮਿਲਦੀ ਹੈਅੰਦਰੂਨੀ ਖੁਸ਼ੀ ਹੀ ਮਨ ਨੂੰ ਸਵਰਗ ਵਰਗਾ ਹੁਲਾਰਾ ਦਿੰਦੀ ਹੈ ਜਦਕਿ ਕਿਸੇ ਨੂੰ ਧੋਖਾ ਦੇ ਕੇ ਪ੍ਰਾਪਤ ਕੀਤੀ ਖੁਸ਼ੀ ਕੁਝ ਸਮਾਂ ਤਾਂ ਮਨ ਨੂੰ ਚੰਗੀ ਲਗਦੀ ਹੈ, ਪਰ ਬਾਅਦ ਵਿੱਚ ਮਨ ਨੂੰ ਸ਼ਾਂਤ ਰੱਖਣ ਦੀ ਬਜਾਏ ਤੜਫਾਉਣਾ ਸ਼ੁਰੂ ਕਰ ਦਿੰਦੀ ਹੈ, ਜਿਸ ਪਿੱਛੋਂ ਮਨੁੱਖ ਦਾ ਜੀਵਨ ਨਰਕ ਭਰਿਆ ਬਣ ਕੇ ਰਹਿ ਜਾਂਦਾ ਹੈਕਿਸੇ ਦੇ ਮਨ ਨੂੰ ਤਪਾਉਣ ਨਾਲ ਮਨੁੱਖ ਦਾ ਖੁਦ ਦਾ ਮਨ ਵੀ ਤਪਦਾ ਹੈਇਸ ਲਈ ਸਵਰਗ-ਨਰਕ ਦੀ ਸਿਰਜਣਾ ਮਨੁੱਖ ਖੁਦ ਕਰਦਾ ਹੈ

*   *   *

ਪ੍ਰਵਚਨ (ਸਰੋਕਾਰ)

ਇੱਕ ‘ਮਾਂਹ ਪੁਰਸ਼’ ਆਪਣੇ ਸੇਵਕਾਂ, ਭਗਤਾਂ, ਸ਼ਰਧਾਲੂਆਂ ਨੂੰ ਸਵਰਗ ਬਾਰੇ ਪ੍ਰਵਚਨ ਕਰ ਰਹੇ ਸਨ। ਸਵਰਗ ਦਾ ਸਤਰੰਗਾ ਨਕਸ਼ਾ ਸਰੋਤਿਆਂ ਦੇ ਮਨਾਂ ਵਿਚ ਵਸਾਉਣ ਤੋਂ ਬਆਦ ਉਨ੍ਹਾਂ ਫਰਮਾਇਆ, “ਦੁਚਿੱਤੀ ਵਿੱਚ ਸਮਾਂ ਬਰਬਾਦ ਨਾ ਕਰਿਓ, ਜਿਹੜੇ ਤੁਹਾਡੇ ਵਿੱਚੋਂ ਸਵਰਗ ਵਿੱਚ ਜਾਣਾ ਚਾਹੁੰਦੇ ਹਨ, ਹੱਥ ਖੜ੍ਹੇ ਕਰ ਦਿਓ।”

ਪੂਰੇ ਇਕੱਠ ਵਿੱਚੋਂ ਇਕ ਵੀ ਹੱਥ ਖੜ੍ਹਾ ਨਾ ਹੋਇਆ ਤਾਂ ‘ਮਾਂਹ ਪੁਰਸ਼ਾਂ’ ਨੇ ਆਪਣਾ ਉਹ ਹੀ ਵਾਕ ਫਿਰ ਦੁਹਰਾਇਆ। ਇਹ ਦੁਹਰਾਓ ਵੀ ਭਗਤਾਂ ਦੇ ਸਿਰਾਂ ਦੇ ਉੱਤੋਂ ਦੀ ਲੰਘ ਗਿਆ। ‘ਮਾਂਹ ਪੁਰਸ਼ਾਂ’ ਨੇ ਤੀਜੀ ਵਾਰ ਜ਼ਰਾ ਉੱਚੀ ਅਵਾਜ਼ ਵਿੱਚ ਉਚਾਰਿਆ, “ਭਗਤ ਜਨੋ, ਮੌਕਾ ਸਾਂਭ ਲਵੋ, ਅਸੀਂ ਇਹ ਆਖਰੀ ਮੌਕਾ ਦੇ ਰਹੇ ਹਾਂ ਕਿ ਤੁਹਾਡੇ ਵਿੱਚੋਂ ਜਿਹੜੇ ਸ਼ਰਧਾਵਾਨ ਇਸ ਜੀਵਨ ਦੇ ਅੰਤ ਤੋਂ ਬਾਅਦ ਸਵਰਗ ਵਿੱਚ ਜਾਣਾ ਚਾਹੁੰਦੇ ਹਨ, ਆਪਣੇ ਹੱਥ ਖੜ੍ਹੇ ਕਰ ਦਿਓ।”

ਇਸ ਵਾਰ ਸਾਰਿਆਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ।

‘ਮਾਂਹ ਪੁਰਸ਼’ ਪੁੱਛਣ ਲੱਗੇ, “ਤੁਸੀਂ ਪਹਿਲਾਂ ਕਿਉਂ ਨਹੀਂ ਹੱਥ ਖੜ੍ਹੇ ਕੀਤੇ?”

ਸ਼ਰਧਾਲੂ ਬੋਲੇ, “ਅਸੀਂ ਸਮਝਿਆ ਤੁਸੀਂ ਹੁਣੇ ਸਵਰਗ ਜਾਣ ਦੀ ਗੱਲ ਕਰ ਰਹੇ ਸੀ।”

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5530)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Sukhdev Slempuri

Sukhdev Slempuri

WhatsApp: (91 - 97806 - 20233)
Email: (sukhdevsalempuri@gmail.com)