“ਇਹ ਇੱਕ ਪ੍ਰਵਾਨਿਤ ਤੱਥ ਹੈ ਕਿ ਜੇ ਕਾਮੇ ਸਿਹਤਮੰਦ ਅਤੇ ...”
(17 ਜਨਵਰੀ 2025)
ਖੁਸ਼ ਮਨੁੱਖ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਕੰਮ ਕਰਦਾ ਹੈ। ਜ਼ਿਆਦਾ ਕੰਮ ਕਰਨ ਨਾਲ ਉਤਪਾਦਨ ਜ਼ਿਆਦਾ ਹੁੰਦਾ ਹੈ। ਪਰ ਜਦੋਂ ਕੋਈ ਕੰਪਨੀ, ਫੈਕਟਰੀ ਦਾ ਮਾਲਕ, ਠੇਕੇਦਾਰ ਕਿਸੇ ਕਾਮੇ ਤੋਂ ਇਹ ਸੋਚ ਕੇ ਜ਼ਿਆਦਾ ਘੰਟੇ ਕਰਵਾਏਗਾ ਕਿ ਜ਼ਿਆਦਾ ਉਤਪਾਦਨ ਹੋਵੇਗਾ ਤਾਂ ਇਹ ਸਰਾਸਰ ਗਲਤ ਹੈ। ਅਕਸਰ ਵੇਖਿਆ ਗਿਆ ਹੈ ਕਿ ਖੁਸ਼ ਮਨੁੱਖ ਘੱਟ ਸਮਾਂ ਲਗਾ ਕੇ ਜ਼ਿਆਦਾ ਉਤਪਾਦਨ ਕਰਦਾ ਹੈ। ਮਨੋਵਿਗਿਆਨੀਆਂ ਨੇ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਨੂੰ ਸਮਝਦਿਆਂ ਹਫਤੇ ਵਿੱਚ 36-40 ਘੰਟੇ ਕੰਮ ਕਰਨ ਨੂੰ ਸਹੀ ਮੰਨਿਆ ਹੈ। ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਮਨੁੱਖ ਰੋਜ਼ਾਨਾ 6 ਤੋਂ 8 ਘੰਟੇ ਤਕ ਕੰਮ ਕਰਦਾ ਹੈ, ਜਿਸ ਨਾਲ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਠੀਕ ਰਹਿੰਦੀ ਹੈ। ਜਦੋਂ ਮਨੁੱਖ ਨੂੰ ਜ਼ਿਆਦਾ ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਥਕੇਵਾਂ ਅਤੇ ਅਕੇਵਾਂ ਹੁੰਦਾ ਹੈ, ਜਿਸ ਨਾਲ ਉਤਪਾਦਨ ਦੀ ਮਾਤਰਾ ਘਟ ਜਾਂਦੀ ਹੈ। ਲਾਰਸਨ ਐਂਡ ਟੂਬਰੋ (ਐੱਲ.ਐਂਡ.ਟੀ.) ਦੇ ਚੇਅਰਮੈਨ ਐੱਸ.ਐੱਨ. ਸੁਬਰਾਮਨੀਅਮ ਨੇ ਸੁਝਾਅ ਦਿੱਤਾ ਹੈ ਕਿ ਕਾਮਿਆਂ ਨੂੰ ਹਫਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ। ਇਹ ਇੱਕ ਪ੍ਰਵਾਨਿਤ ਤੱਥ ਹੈ ਕਿ ਜੇ ਕਾਮੇ ਸਿਹਤਮੰਦ ਅਤੇ ਖੁਸ਼ ਹਨ ਤਾਂ ਉਤਪਾਦਕਤਾ ਵਧਦੀ ਹੈ। ਇੱਕ ਥੱਕਿਆ ਹੋਇਆ ਵਿਅਕਤੀ ਕਦੇ ਵੀ ਵਧੀਆ ਉਤਪਾਦਨ ਨਹੀਂ ਦੇ ਸਕਦਾ। ਉਹ ਜ਼ਿਆਦਾ ਦੁਰਘਟਨਾਵਾਂ ਅਤੇ ਗਲਤੀਆਂ ਕਰਨ ਲੱਗ ਜਾਂਦਾ ਹੈ। ਬੁੱਧੀਜੀਵੀ ਡਾ. ਅਰੁਣ ਮਿੱਤਰਾ ਦਾ ਕਹਿਣਾ ਹੈ ਕਿ ਸਰਕੇਡੀਅਨ ਰਿਦਮ ਦੇ ਕਾਰਨ, ਭਾਵ ਸਾਡੇ ਰੋਜ਼ਾਨਾ ਜੀਵ-ਵਿਗਿਆਨਕ ਚੱਕਰਾਂ ਦੇ ਕਾਰਨ, ਸਾਡਾ ਜੀਵ ਲਗਾਤਾਰ 8 ਘੰਟਿਆਂ ਲਈ ਉਤਪਾਦਕ ਹੋਣ ਵਿੱਚ ਅਸਮਰੱਥ ਹੈ। ਦਿਨ ਦੌਰਾਨ ਸਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰਦਾ ਹੈ, ਇਹ ਬਹੁਤ ਸਾਰੇ ਕਾਰਕਾਂ ’ਤੇ ਨਿਰਭਰ ਕਰਦਾ ਹੈ। ਸਾਡੇ ਹਾਰਮੋਨਜ਼, ਸਾਡੀ ਖੁਰਾਕ, ਦਿਨ ਦੇ ਪ੍ਰਕਾਸ਼ ਵਿੱਚ ਸਾਡਾ ਸੰਪਰਕ, ਇਨ੍ਹਾਂ ਮੁੱਦਿਆਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੇ ਪਾਇਆ ਹੈ ਕਿ ਸਾਡੇ ਕੋਲ ਇੱਕ ਬਹੁਤ ਹੀ ਖਾਸ ਜੈਵਿਕ ਤਾਲ ਹੈ। ਇਸ ਤਰ੍ਹਾਂ ਅਸੀਂ ਦਿਨ ਦੇ ਕੁਝ ਖਾਸ ਸਮੇਂ, ਬੌਧਿਕ ਅਤੇ ਸਰੀਰਕ ਤੌਰ ’ਤੇ ਵਧੇਰੇ ਲਾਭਕਾਰੀ ਹੁੰਦੇ ਹਾਂ। ਇਸ ਲਈ ਇਹ ਹੱਥੀਂ ਜਾਂ ਸਕ੍ਰੀਨ ’ਤੇ ਕੰਮ ਕਰਨ ਵਾਲੇ ਸਾਰੇ ਕੰਮ ਨੂੰ ਪ੍ਰਭਾਵਿਤ ਕਰਦਾ ਹੈ, ਜਿਵੇਂ ਕਿ ਅੱਜਕੱਲ੍ਹ ਬਹੁਤ ਸਾਰੇ ਨੌਜਵਾਨ ਕਰ ਰਹੇ ਹਨ। ਦਿਨ ਵਿੱਚ 8 ਘੰਟੇ ਤੋਂ ਵੱਧ ਸਮੇਂ ਤਕ ਦਫਤਰ ਵਿੱਚ ਰਹਿਣਾ ਖਰਾਬ, ਸਮੁੱਚੀ ਸਿਹਤ, ਦਿਲ ਦੀ ਬਿਮਾਰੀ ਜਾਂ ਤਣਾਅ ਨਾਲ ਸੰਬੰਧਿਤ ਬਿਮਾਰੀਆਂ ਦੇ ਵਿਕਾਸ ਦੇ 40 ਫੀਸਦੀ ਵੱਧ ਜੋਖਮ ਦੇ ਨਾਲ ਜੁੜਿਆ ਹੋਇਆ ਹੈ। ਵਿਗਿਆਨੀ ਆਮ ਤੌਰ ’ਤੇ ਇਸ ਗੱਲ ਨਾਲ ਸਹਿਮਤ ਹਨ ਕਿ ਆਦਰਸ਼ ਰੋਜ਼ਾਨਾ ਕੰਮ ਕਰਨ ਦਾ ਸਮਾਂ ਲਗਭਗ 6 ਘੰਟੇ ਹੁੰਦਾ ਹੈ, ਜੋ ਸਵੇਰ ਨੂੰ ਵਧੇਰੇ ਕੇਂਦ੍ਰਿਤ ਹੁੰਦਾ ਹੈ।
ਇੰਸ਼ੋਰੈਂਸ ਜਰਨਲ ਦੁਆਰਾ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਜ਼ਿਆਦਾ ਕੰਮ ਕਰਨ ਨਾਲ ਜ਼ਖਮੀ ਹੋਣ ਦਾ ਜੋਖਮ 61 ਫੀਸਦੀ ਵਧ ਜਾਂਦਾ ਹੈ। ਜ਼ਿਆਦਾ ਘੰਟੇ ਕੰਮ ਕਰਨ ਵਾਲਿਆਂ ਨੂੰ ਡਾਇਬਟੀਜ਼, ਗੰਠੀਆ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋਣ ਦਾ ਵੀ ਜ਼ਿਆਦਾ ਖ਼ਤਰਾ ਹੁੰਦਾ ਹੈ। ਸੰਸਾਰ ਸਿਹਤ ਸੰਸਥਾ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਔਸਤਨ 35-40 ਘੰਟੇ ਦੀ ਤੁਲਨਾ ਵਿੱਚ ਹਰ ਹਫ਼ਤੇ ਔਸਤਨ 55 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਨ ਨਾਲ ਸਟ੍ਰੋਕ ਦਾ ਜੋਖਮ 35 ਫੀਸਦੀ ਅਤੇ ਦਿਲ ਦੀ ਬਿਮਾਰੀ ਨਾਲ ਮਰਨ ਦਾ ਜੋਖਮ 17 ਫੀਸਦੀ ਵਧ ਜਾਂਦਾ ਹੈ। ਜਿਹੜੇ ਲੋਕ ਲੰਬੇ ਸਮੇਂ ਤਕ ਕੰਮ ਕਰਦੇ ਹਨ, ਉਹਨਾਂ ਵਿੱਚ ਇੱਕ ਅਧਿਐਨ ਦੇ ਅਨੁਸਾਰ ਇੱਕ ਵੱਡੇ ਡਿਪਰੈਸ਼ਨ ਵਾਲੇ ਐਪੀਸੋਡ ਦੀ ਸੰਭਾਵਨਾ ਦੁੱਗਣੀ ਹੁੰਦੀ ਹੈ, ਖਾਸ ਕਰਕੇ ਜੇ ਉਹ ਪ੍ਰਤੀ ਦਿਨ 11 ਘੰਟੇ ਤੋਂ ਵੱਧ ਕੰਮ ਕਰਦੇ ਹਨ। ਡਾ. ਮਿੱਤਰਾ ਨੇ ਦੱਸਿਆ ਕਿ ਸ਼੍ਰੀ ਸੁਬਰਾਮਨੀਅਮ ਦੇ ਵਿਚਾਰ ਪੂਰੀ ਤਰ੍ਹਾਂ ਗੈਰ-ਵਿਗਿਆਨਕ ਅਤੇ ਕਾਮੇ ਦੀ ਸਿਹਤ ਦੇ ਵਿਰੁੱਧ ਹਨ।
ਮੰਗ ਅਤੇ ਸਪਲਾਈ ਦੇ ਅਨੁਪਾਤ ਵਿੱਚ ਸਾਵਾਂਪਨ ਰੱਖਣ ਲਈ ਅਤੇ ਮਨੁੱਖੀ ਜੀਵ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਸਿਹਤਮੰਦ ਰੱਖਣ ਲਈ ਉਚਿਤ ਘੰਟੇ ਹੀ ਕੰਮ ਕਰਨਾ ਚਾਹੀਦਾ ਹੈ। ਜ਼ਿਆਦਾ ਘੰਟੇ ਕੰਮ ਕਰਨ ਨਾਲ ਉਤਪਾਦਕਤਾ ਵਧੇ ਭਾਵੇਂ ਨਾ ਵਧੇ, ਪਰ ਕੰਮ ਵਿੱਚ ਦੁਰਘਟਨਾਵਾਂ ਅਤੇ ਗਲਤੀਆਂ ਦੀ ਸੰਭਾਵਨਾ ਜ਼ਰੂਰ ਵਧ ਜਾਂਦੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5625)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)