BaldevSDhaliwalDr7ਇਸ ਵਰ੍ਹੇ ਦੀ ਪੰਜਾਬੀ ਕਹਾਣੀ ਦੇ ਸਮੁੱਚੇ ਮਹਾਦ੍ਰਿਸ਼ ਉੱਤੇ ਝਾਤ ਪਾਉਂਦਿਆਂ ਜਿਹੜੇ ...
(30 ਦਸੰਬਰ 2024)


ਸਾਲ
2024 ਦੀ ਪੰਜਾਬੀ ਕਹਾਣੀ ਬਾਰੇ ਵਿਚਾਰਦਿਆਂ ਜਿਹੜਾ ਨੁਕਤਾ ਸਭ ਤੋਂ ਉੱਭਰਵੇਂ ਰੂਪ ਵਿੱਚ ਧਿਆਨ ਖਿੱਚਦਾ ਹੈ ਉਸ ਦਾ ਸੰਬੰਧ ਕਹਾਣੀ ਵਿੱਚ ਬਿਰਤਾਂਤਕਾਰ ਦੀ ਦਖ਼ਲਅੰਦਾਜ਼ੀ ਦੇ ਸਮੱਸਿਆਮੂਲਕ (ਪ੍ਰਾਬਲੇਮੈਟਿਕ) ਸਰੂਪ ਨਾਲ ਹੈਕਹਾਣੀ ਵਿੱਚ ਦੋ ਪ੍ਰਮੁੱਖ ਤੱਤ ਹੁੰਦੇ ਹਨ: ਬਿਰਤਾਂਤਕਾਰ ਅਤੇ ਬਿਰਤਾਂਤ, ਅਰਥਾਤ ਕਹਾਣੀ ਸੁਣਾਉਣ ਜਾਂ ਕਹਿਣ ਵਾਲਾ ਅਤੇ ਕਹੀ ਜਾਣ ਵਾਲੀ ਗੱਲ-ਕੱਥ ਜਾਂ ਕਥਾ-ਵਾਰਤਾਨਿਰਸੰਦੇਹ ਬਿਰਤਾਂਤਕਾਰ ਗੁੱਝੇ ਰੂਪ ਵਿੱਚ ਲੇਖਕ ਜਾਂ ਕਹਾਣੀਕਾਰ ਤੋਂ ਪ੍ਰਭਾਵਿਤ ਜ਼ਰੂਰ ਹੁੰਦਾ ਹੈ ਕਿਉਂਕਿ ਉਹ ਲੇਖਕ ਦੀ ਸਿਰਜਣਾ ਹੁੰਦਾ ਹੈ ਪਰ ਅਸਲ ਵਿੱਚ ਉਸ ਦੀ ਹੋਂਦ ਅਤੇ ਹਸਤੀ ਕਹਾਣੀਕਾਰ ਤੋਂ ਸੁਤੰਤਰ ਜਾਂ ਖ਼ੁਦਮੁਖ਼ਤਾਰ ਹੁੰਦੀ ਹੈਦੂਜੇ ਸ਼ਬਦਾਂ ਵਿੱਚ ਉਹ ਕਹਾਣੀਕਾਰ ਦਾ ਪ੍ਰਤੀਰੂਪ ਜਾਂ ਧੂਤੂ ਨਹੀਂ ਹੁੰਦਾਮਿਸਾਲ ਵਜੋਂ ਹੋ ਸਕਦਾ ਹੈ ਕਹਾਣੀਕਾਰ ਕਿਸੇ ਵਿਚਾਰਧਾਰਾ-ਵਿਸ਼ੇਸ਼ ਵਾਲਾ ਪ੍ਰੋਫੈਸਰ ਹੋਵੇ ਪਰ ਉਸ ਦੀ ਕਹਾਣੀ ਨੂੰ ਕਿਸੇ ਹੋਰ ਵਿਚਾਰਧਾਰਕ ਨਜ਼ਰੀਏ ਰਾਹੀਂ ਵਕੀਲ-ਰੂਪੀ ਪਾਤਰ ਦੀ ਭੂਮਿਕਾ ਵਾਲਾ ਬਿਰਤਾਂਤਕਾਰ ਸੁਣਾ ਜਾਂ ਕਹਿ ਰਿਹਾ ਹੋਵੇਇਹ ਵਖਰੇਵਾਂ ਉਸ ਵੇਲੇ ਤਾਂ ਬਿਲਕੁਲ ਸਪਸ਼ਟ ਹੁੰਦਾ ਹੈ ਜਦੋਂ ਔਰਤ ਕਹਾਣੀਕਾਰ ਦੀ ਕਹਾਣੀ ਦਾ ਬਿਰਤਾਂਤਕਾਰ ਮਰਦ ਹੁੰਦਾ ਹੈ, ਜਿਵੇਂ ਨਾਰੀ ਕਹਾਣੀਕਾਰ ਵਿਪਨ ਗਿੱਲ ਦੀ ਕਹਾਣੀ ‘ਮਿਰਗ ਛਲ’ (ਕਹਾਣੀ ਧਾਰਾ, ਅਪਰੈਲ-ਜੂਨ) ਦਾ ਬਿਰਤਾਂਤਕਾਰ ਮਰਦ ਹੈਇਸੇ ਤਰ੍ਹਾਂ ਮਰਦ ਕਹਾਣੀਕਾਰ ਸੁਆਮੀ ਸਰਬਜੀਤ ਦੀ ਕਹਾਣੀ ‘ਖੱਲਾਸੀ’ (ਪ੍ਰਵਚਨ, ਅਪਰੈਲ-ਜੂਨ) ਦੀ ਬਿਰਤਾਂਤਕਾਰ ਔਰਤ ਹੈ

ਕਹਾਣੀ ਵਿੱਚ ਬਿਰਤਾਂਤਕਾਰ ਦਾ ਭਾਵੇਂ ਕੋਈ ਵੀ ਰੂਪ ਹੋਵੇ ਪਰ ਉਸ ਦਾ ਮੁੱਖ ਮੰਤਵ ਜਾਂ ਪ੍ਰਕਾਰਜ ਆਪਣੀ ਮੁਨਸਿਫ਼ੀ (ਜੱਜਮੈਂਟਲ) ਉਲਾਰਤਾ ਤੋਂ ਮੁਕਤ ਰਹਿ ਕੇ ਘਟਨਾਵਾਂ, ਪਾਤਰਾਂ, ਗਲਪੀ-ਭਾਸ਼ਾ ਆਦਿ ਤੱਤਾਂ ਰਾਹੀਂ ਜੀਵੰਤ ਭਾਂਤ ਦਾ ਬਿਰਤਾਂਤ ਸਿਰਜਣਾ ਹੁੰਦਾ ਹੈਬਿਰਤਾਂਤਕਾਰ ਨੂੰ ਅੰਨਯਪੁਰਖੀ ਸਰੂਪ ਦੇਣਾ ਹੈ ਜਾਂ ਉਤਪੁਰਖੀ ਚਰਿੱਤਰ-ਰੂਪ, ਕਿਸ ਘਟਨਾ ਨੂੰ ਕੇਂਦਰੀ ਸਥਾਨ ਦੇਣਾ ਹੈ ਜਾਂ ਗੌਣ ਰੱਖਣਾ ਹੈ, ਕਿਸ ਘਟਨਾ ਦਾ ਦੁਹਰਾਓ ਕਰਨਾ ਹੈ, ਕਿਸ ਨੂੰ ਇੱਕੋ ਵਾਰ ਸੰਕੇਤਕ ਰੂਪ ਵਿੱਚ ਦੱਸਣਾ ਹੈ, ਕਿਸ ਪਾਤਰ ਨੂੰ ਨਾਇਕਤਵ ਦੇ ਕੇ ਚਿਤਰਨਾ ਹੈ, ਕਿਸ ਨੂੰ ਖਲਨਾਇਕ, ਕਿਸ ਨੂੰ ਸਹਾਇਕ ਪਾਤਰ ਬਣਾਉਣਾ ਹੈ, ਕਿਸ ਨੂੰ ਮਿਸ਼ਰਤ ਰੂਪ ਦੇਣਾ ਹੈਕਹਾਣੀ ਦਾ ਆਰੰਭ ਸੰਤੁਲਨ ਤੋਂ ਕਰਨਾ ਹੈ ਜਾਂ ਅਸੰਤੁਲਨ ਤੋਂ, ਅੰਤ ਬੰਦ ਰੱਖਣਾ ਹੈ ਜਾਂ ਖੁੱਲ੍ਹਾਬਿਰਤਾਂਤਕ ਗਤੀ ਕਿੰਨੀ ਕੁ ਹੌਲੀ, ਮੱਧਮ ਜਾਂ ਤੇਜ਼ ਰੱਖਣੀ ਹੈਕਹਾਣੀ ਦੀ ਧੁਨੀ ਵਿੱਚੋਂ ਕਥਾ-ਵਿਵੇਕ ਕਿਵੇਂ ਉਜਾਗਰ ਕਰਨਾ ਹੈਸਮੁੱਚੇ ਰੂਪ ਵਿੱਚ ਬਿਰਤਾਂਤ ਦੇ ਸਾਰੇ ਤੱਤਾਂ ਨੂੰ ਜੋੜ-ਬੀੜ ਕੇ ਢਾਂਚਾ ਕਿਵੇਂ ਉਸਾਰਨਾ ਹੈ ਅਤੇ ਬਿਰਤਾਂਤ ਨੂੰ ਕਿਵੇਂ ਦਿਸਦੇ ਯਥਾਰਥ ਤੋਂ ਅਗਾਂਹ ਸੰਭਾਵਤ ਦੀਆਂ ਹੱਦਾਂ ਤਕ ਲਿਜਾ ਕੇ ਵੀ ਮੰਨਣਯੋਗ ਬਣਾਈ ਰੱਖਣਾ ਹੈ, ਇਹ ਸਮੂਹ ਕਾਰਜ ਬਿਰਤਾਂਤਕਾਰ ਹੀ ਕਰਦਾ ਹੈਇਸ ਤੋਂ ਵੀ ਅਗਾਂਹ ਬਿਰਤਾਂਤਕਾਰ ਨੇ ਸੁਣਾਈ ਜਾਣ ਵਾਲੀ ਗੱਲ ਅਨੁਕੂਲ ਆਪਣਾ ਰੂਪ ਵੀ ਆਪ ਹੀ ਚੁਣਨਾ ਹੁੰਦਾ ਹੈਜੇ ਬਿਰਤਾਂਤਕਾਰ ਅੰਨਯਪੁਰਖੀ ਸਰਬਗਿਆਤਾ ਰੂਪ ਵਾਲਾ ਹੋਵੇਗਾ ਤਾਂ ਉਹ ਰੱਬ ਵਾਂਗ ਅੰਤਰਯਾਮੀ ਬਣ ਕੇ ਹਰੇਕ ਘਟਨਾ ਅਤੇ ਪਾਤਰ ਦਾ ਗਿਆਤਾ ਹੋ ਸਕਦਾ ਹੈ ਪਰ ਜੇ ਉੱਤਮਪੁਰਖੀ ਚਰਿੱਤਰ-ਰੂਪ ਹੋਵੇ ਤਾਂ ਉਹ ਸਿਰਫ਼ ਆਪਣੇ ਮਨ ਦੀ ਵਿਥਿਆ ਹੀ ਦੱਸ ਸਕਦਾ ਹੈ, ਦੂਜੇ ਦੇ ਹਾਵਾਂ-ਭਾਵਾਂ ਦਾ ਅਨੁਮਾਨ ਉਸਦੀਆਂ ਸਰੀਰਕ ਕਿਰਿਆਵਾਂ (ਜੈਸਚਰਜ਼) ਰਾਹੀਂ ਲਾ ਸਕਦਾ ਹੈਕੋਈ ਵੀ ਕਹਾਣੀਕਾਰ ਪਹਿਲਾਂ ਸਿਧਾਂਤ ਸਿੱਖ ਕੇ ਕਹਾਣੀ ਲਿਖਣ ਦੇ ਰਾਹ ਨਹੀਂ ਪੈਂਦਾ ਸਗੋਂ ਉਸ ਨੂੰ ਵਿਧੀ-ਵਿਧਾਨ ਦਾ ਸਹਿਜ-ਬੋਧ ਹੁੰਦਾ ਹੈਇਸੇ ਲਈ ਸਹਿਜ-ਰੂਪ ਵਿੱਚ ਇਉਂ ਹੀ ਉਹ ਪਹਿਲਾਂ ਬਿਰਤਾਂਤਕਾਰ ਦੀ ਸਿਰਜਣਾ ਕਰਦਾ ਹੈ ਅਤੇ ਫਿਰ ਬਿਰਤਾਂਤ ਦੀਫਿਰ ਵੀ ਉਹ ਜੇ ਕਹਾਣੀ ਰੂਪਾਕਾਰ ਦੇ ਬੰਧੇਜਾਂ ਤੋਂ ਸੁਚੇਤ ਹੋਵੇ ਤਾਂ ਉਹ ਬਿਰਤਾਂਤਕਾਰ ਨੂੰ ਸੁਤੰਤਰ ਕਰਕੇ ਉਨ੍ਹਾਂ ਉਕਾਈਆਂ ਤੋਂ ਬਚ ਸਕਦਾ ਹੈ ਜਿਹੜੀਆਂ ਬਿਰਤਾਂਤ ਦੀ ਕਲਾਤਮਕਤਾ ਨੂੰ ਠੇਸ ਪਹੁੰਚਾਉਂਦੀਆਂ ਹਨਇਸੇ ਕਰਕੇ ਅਜੋਕੀ ਪੰਜਾਬੀ ਕਹਾਣੀ ਵਿੱਚ ਬਿਰਤਾਂਤਕਾਰ ਦੇ ਆਪਹੁਦਰੇ ਵਿਵਹਾਰ ਕਾਰਨ ਕਹਾਣੀ-ਸੰਗਠਨ ਵਿੱਚ ਤਰੁੱਟੀਆਂ ਦੀ ਭਰਮਾਰ ਵੇਖਣ ਨੂੰ ਮਿਲਦੀ ਹੈ

ਮੁਢਲੀ ਪੰਜਾਬੀ ਕਹਾਣੀ ਦਾ ਸਭ ਤੋਂ ਵੱਡਾ ਦੋਸ਼ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਉਸ ਦਾ ਰਚਨਾਕਾਰ ਆਪਣੀ ਕਹਾਣੀ ਵਿੱਚ ਪੈਗੰਬਰੀ ਰੂਪ ਵਿੱਚ ਹਾਜ਼ਰ ਹੋ ਜਾਂਦਾ ਸੀ ਅਤੇ ਕਾਰਜ ਵਾਪਰਦਾ ਵਿਖਾਉਣ (ਸ਼ੋਇੰਗ) ਦੀ ਥਾਂ ਸਿੱਧੇ ਕਥਨਾਂ ਅਤੇ ਵਰਣਨ ਰਾਹੀਂ ਆਪ ਹੀ ਕਹਾਣੀ ਬਿਆਨ (ਟੈਲਿੰਗ) ਕਰ ਦਿੰਦਾ ਸੀਫਿਰ ਹੁਨਰੀ ਪੰਜਾਬੀ ਕਹਾਣੀ, ਜਿਸਦਾ ਸਿਖਰ ਕੁਲਵੰਤ ਸਿੰਘ ਵਿਰਕ ਨਾਲ ਹੁੰਦਾ ਹੈ, ਵਿੱਚ ਬਿਰਤਾਂਤਕਾਰ ਓਹਲੇ ਰਹਿਕੇ ਕਹਾਣੀ ਕਹਿਣ ਲੱਗਾ ਸੀ, ਪਰ ਅਜੋਕੀ ਕਹਾਣੀ ਵਿੱਚ ਉੱਤਮਪੁਰਖੀ ਬਿਰਤਾਂਤਕਾਰ ਫਿਰ ਤੋਂ ਬੜਬੋਲੇ ਰੂਪ ਵਿੱਚ ਬਿਰਤਾਂਤ ਵਿੱਚ ਮੌਜੂਦ ਰਹਿਣ ਲੱਗ ਪਿਆ ਹੈ

ਉਪਰੋਕਤ ਧਾਰਨਾ ਨੂੰ ਵਧੇਰੇ ਸਪਸ਼ਟ ਕਰਨ ਲਈ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਨੂੰ ਨਵੀਂਆਂ ਸਿਖਰਾਂ ਉੱਤੇ ਲੈ ਕੇ ਜਾਣ ਵਾਲੇ ‘ਮਾਸਟਰ’ ਬਿਰਤਾਂਤਕਾਰ ਸੁਖਜੀਤ ਦੀ ਕਹਾਣੀ ‘ਬਾਜ਼ੀ’ (ਸੁਰਤਿ, ਅੰਕ ਦੂਜਾ) ਦੀ ਮਿਸਾਲ ਲੈਂਦੇ ਹਾਂਕਹਾਣੀ ਉੱਤਮਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਮਰੀਜ਼ ਅਤੇ ਬਲਹੀਣ ਹੋ ਚੁੱਕੇ ਬਜ਼ੁਰਗ ਵਿਅਕਤੀ ਦੁਆਰਾ, ਆਪਣੀ ਇੱਛਾ-ਸ਼ਕਤੀ (ਵਿੱਲ ਪਾਵਰ) ਅਤੇ ਪੁਰਖਿਆਂ ਦੀ ਪ੍ਰੇਰਣਾ ਸਦਕਾ, ਸਰੀਰਕ ਬਲ ਦੇ ਵਿਖਾਏ ਕ੍ਰਿਸ਼ਮੇ ਦਾ ਬਿਰਤਾਂਤ ਪੇਸ਼ ਕਰਦੀ ਹੈਮੰਜੇ ਨਾਲ ਮੰਜਾ ਹੋਇਆ ਪਿਆ 63-64 ਸਾਲ ਦਾ ਬਜ਼ੁਰਗ ਮਰੀਜ਼ ਜੋਸ਼ ਵਿੱਚ ਆ ਕੇ ਕੁਅੰਟਲ ਦੀ ਬੋਰੀ ਦੀਆਂ ਬਾਜ਼ੀਆਂ ਪੁਆ ਦਿੰਦਾ ਹੈਨਿਰਸੰਦੇਹ ਬਿਰਤਾਂਤਕਾਰ ਆਪਣੀ ਮੰਤਵ-ਸਿੱਧੀ ਲਈ ਇਸ ਦ੍ਰਿਸ਼ਟਾਂਤ ਰਾਹੀਂ ਪੰਜਾਬ ਦੀ ਕਿਸਾਨੀ ਦੇ ਸਿਰੜ, ਬਲ, ਸੂਰਬੀਰਤਾ, ਹੌਸਲੇ, ਸੰਘਰਸ਼ ਦੀ ਮਹਿਮਾ ਵਾਲਾ ਕਥਾ-ਵਿਵੇਕ ਸਿਰਜਣ ਦੀ ਲੋਚਾ ਕਰਦਾ ਹੈ ਪਰ ਇਸ ਅਤਿਕਥਨੀ ਭਰੇ ਵਰਣਨ ਨਾਲ ਬਿਰਤਾਂਤ ਮੰਨਣਯੋਗਤਾ ਦੀ ਸ਼ਰਤ ਪੂਰੀ ਕਰਨ ਤੋਂ ਥਿੜਕਦਾ ਜਾਪਦਾ ਹੈਪਾਠਕ ਦੇ ਮਨ ਵਿੱਚ ਸ਼ੰਕਾ ਦਾ ਬੀਜ ਬੋਇਆ ਜਾਂਦਾ ਹੈ ਕਿ ਬਿਰਤਾਂਤਕਾਰ ਨੇ ਜਾਣ-ਬੁੱਝ ਕੇ ਅਜਿਹਾ ਕਿਉਂ ਕਰਵਾਇਆ ਹੈਇਸ ਕਹਾਣੀ ਵਿੱਚ ਉਹ ਸਭ ਕੁਝ ਹੈ ਜਿਹੜਾ ਇਸ ਨੂੰ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਵਾਂਗ ਕਲਾਤਮਕ ਅਤੇ ਕਲਾਸਕੀ ਮਹੱਤਤਾ ਵਾਲੀ ਬਣਾ ਸਕਦਾ ਸੀ ਪਰ ਬਿਰਤਾਂਤਕਾਰ ਨੇ ਸੰਭਾਵਤ ਯਥਾਰਥ ਦੀ ਹੱਦ ਪਾਰ ਕਰਕੇ ਖ਼ੁਦ ਹੀ ਉਹ ਸੰਭਾਵਨਾ ਮੱਧਮ ਕਰ ਦਿੱਤੀ ਹੈ

ਅਜਮੇਰ ਸਿੱਧੂ ਦੀ ਕਹਾਣੀ ‘ਬਰਫ਼ ਦੀ ਬੁਲਬੁਲ’ (ਸੁਰਤਿ-2) ਉੱਤਮਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਬਜ਼ੁਰਗ ਡਾਕਟਰ ਦੇ ਇਕਲਾਪੇ ਅਤੇ ‘ਸਾਵੀ’ ਨਾਂ ਦੀ ਰੋਬੌਟ ਔਰਤ ਰਾਹੀਂ ਉਸ ਇਕਲਾਪੇ ਤੋਂ ਮੁਕਤ ਹੋਣ ਦੇ ਯਤਨਾਂ ਦਾ ਬਿਰਤਾਂਤ ਸਿਰਜਦੀ ਹੈਅਜਮੇਰ ਵੀ ਚੌਥੇ ਪੜਾਅ ਦਾ ਸੁਜੱਗ ਅਤੇ ਨਿਪੁੰਨ ਕਹਾਣੀਕਾਰ ਹੈ ਜਿਸਦੀ ਵਿਗਿਆਨ ਗਲਪ ਵਿੱਚ ਵਿਸ਼ੇਸ਼ ਰੁਚੀ ਰਹੀ ਹੈਇਸ ਕਹਾਣੀ ਵਿੱਚ ਵੀ ਉਸ ਨੇ ਮਸਨੂਈ ਬੁੱਧੀਮਾਨਤਾ (ਆਰਟੀਫਿਸ਼ਲ ਇੰਟੈਲੀਜੈਂਸੀ) ਦੀਆਂ ਮਨੁੱਖ ਪੱਖੀ ਬਰਕਤਾਂ ਨੂੰ ਆਪਣਾ ਕਥਾ-ਵਸਤੂ ਬਣਾਇਆ ਹੈਵਿਸ਼ੇ-ਵਸਤੂ ਅਨੁਕੂਲ ਉਸ ਕੋਲ ਲੋੜੀਂਦੇ ਵਸਤੂ-ਵੇਰਵੇ ਵੀ ਪ੍ਰਾਪਤ ਹਨ ਅਤੇ ਕਹਾਣੀ ਕਹਿਣ ਦੇ ਹੁਨਰ ਵਿੱਚ ਵੀ ਉਹ ਮਾਹਿਰ ਮੰਨਿਆ ਜਾਂਦਾ ਹੈ, ਪਰ ਰੋਬੌਟ ਔਰਤ ‘ਸਾਵੀ’ ਦੀ ਕਾਰਗੁਜ਼ਾਰੀ ਦਾ ਅਤਿਕਥਨੀ ਭਰਿਆ ਮਾਨਵੀਕਰਨ ਅਤੇ ਡਾਕਟਰ ਬਜ਼ੁਰਗ ਦੇ ਪੜ੍ਹੇ-ਲਿਖੇ ਪਰਿਵਾਰ ਦੇ ਤੀਜੇ ਦਰਜੇ ਦੇ ਕਲੇਸ਼ ਦਾ ਸੰਭਾਵਨਾ ਦੀਆਂ ਹੱਦਾਂ ਪਾਰ ਕਰਦਾ ਵਰਣਨ ਮੰਨਣਯੋਗਤਾ ਦੇ ਪੱਖੋਂ ਬਿਰਤਾਂਤ ਵਿੱਚ ਪੇਤਲਾਪਣ ਪੈਦਾ ਕਰ ਦਿੰਦਾ ਹੈ

ਤੇਜ਼ੀ ਨਾਲ ਉੱਭਰ ਰਹੀ ਕਹਾਣੀਕਾਰ ਸਰਬਜੀਤ ਕੌਰ ਸੋਹਲ ਦੀ ਕਹਾਣੀ ‘ਬੁਰਜ ਖ਼ਲੀਫ਼ਾ’ (ਕਹਾਣੀ ਧਾਰਾ, ਜਨਵਰੀ-ਮਾਰਚ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਕੋਝੀ ਸੂਰਤ ਵਾਲੀ ਕੁੜੀ ਸੰਜੂ ਦੇ ਆਤਮ-ਵਿਸ਼ਵਾਸ ਡੋਲਣ ਅਤੇ ਫਿਰ ਖੇਡਾਂ ਵਿੱਚ ਮੱਲਾਂ ਮਾਰ ਕੇ ਗੁਆਚਿਆ ਆਤਮ-ਵਿਸ਼ਵਾਸ ਬਹਾਲ ਕਰਨ ਦਾ ਬਿਰਤਾਂਤ ਪੇਸ਼ ਕਰਨਾ ਚਾਹੁੰਦੀ ਹੈਪਛਾਣ-ਬਹਾਲੀ ਉਪਰੰਤ ਸੰਜੂ ਪਹਿਲਾਂ ਆਪਣੇ ਸਾਥੀ ਖਿਡਾਰੀ (ਬਾਸਕਟਬਾਲ ਦੀ ਟੀਮ ਦੇ ਕੈਪਟਨ ਮੁੰਡੇ) ਅਤੇ ਫਿਰ ਆਪਣੇ ਪ੍ਰੋਫੈਸਰ ਨੂੰ ਸੈਕਸ ਦੀ ਜੁਗਤ ਰਾਹੀਂ ਚਿੱਤ ਕਰਕੇ ‘ਲੱਤ ਹੇਠੋਂ ਲੰਘਾਉਂਦੀ’ ਹੈ ਅਰਥਾਤ ਵੱਡੇ ਖ਼ਲੀਫ਼ਿਆਂ ਨੂੰ ਮਿੱਟੀ ਵਿੱਚ ਰੋਲ਼ ਕੇ ਮਾਰੇ ਗਏ ਤਾਅਨਿਆਂ ਦਾ ਬਦਲਾ ਲੈਂਦੀ ਹੈਆਪਣੇ ਉਲਾਰ ਨਾਰੀਵਾਦੀ ਪੈਂਤੜੇ ਅਨੁਕੂਲ ਮਨ-ਇੱਛਿਤ ਕਥਾ-ਵਿਵੇਕ ਤਕ ਪਹੁੰਚਣ ਲਈ ਬਿਰਤਾਂਤਕਾਰ ਵਸਤੂ-ਸਥਿਤੀ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਕੇ ਘਟਨਾਵਾਂ ਦੀ ਮਨ-ਇੱਛਿਤ ਘਾੜਤ ਘੜਦੀ ਹੈ ਅਤੇ ਪਾਤਰਾਂ ਨੂੰ ਵੀ ਕਾਲੇ-ਚਿੱਟੇ ਦੀ ਰੂੜ੍ਹੀਵਾਦੀ ਕੋਟੀ ਅਨੁਸਾਰ ਚਿਤਰਨ ਦਾ ਯਤਨ ਕਰਦੀ ਹੈਸਿੱਟੇ ਵਜੋਂ ਕਹਾਣੀ ਕਲਾਤਮਕ ਮਿਆਰਾਂ ਤੋਂ ਬਹੁਤ ਹੇਠਾਂ ਦਰਮਿਆਨੇ ਦਰਜੇ ਦੀ ਰਚਨਾ ਬਣ ਕੇ ਰਹਿ ਜਾਂਦੀ ਹੈ

ਕਹਾਣੀ ਵਿੱਚ ਬਿਰਤਾਂਤਕਾਰ ਦੀ ਸੰਤੁਲਿਤ, ਸਹਿਜ ਅਤੇ ਸੁਜੱਗ ਭੂਮਿਕਾ ਵੱਲੋਂ ਅਵੇਸਲੇ ਹੋਣ ਕਾਰਨ ਇਸ ਵਰ੍ਹੇ ਸਥਾਪਤ ਅਤੇ ਨਵੇਂ ਬਹੁਤ ਸਾਰੇ ਕਹਾਣੀਕਾਰਾਂ ਦੀਆਂ ਕਹਾਣੀਆਂ ਦਰਮਿਆਨੇ ਪੱਧਰ ਦਾ ਬਿਰਤਾਂਤ ਬਣ ਗਈਆਂ ਹਨ, ਜਿਵੇਂ: ਸਾਹਿਬਜ਼ਾਦੇ (ਹਰਪ੍ਰੀਤ ਸਿੰਘ ਚੰਨੂ, ਸ਼ਬਦ, ਅਪਰੈਲ-ਸਤੰਬਰ), ਮੁੱਠੀ ਵਿੱਚੋਂ ਕਿਰਦੀ ਰੇਤ (ਭਗਵੰਤ ਰਸੂਲਪੁਰੀ, ਸ਼ਬਦ, ਅਪਰੈਲ-ਸਤੰਬਰ), ਲਤੀਫ਼ੇ ਤੋਂ ਬਾਅਦ ਡਿਗਿਆ ਹੰਝੂ (ਜਸਵੀਰ ਰਾਣਾ, ਸ਼ਬਦ, ਅਪਰੈਲ-ਸਤੰਬਰ), ਇੱਕ ਦਸਤਾਰ ਰੱਤ ਲਿੱਬੜੀ (ਜਸਵੀਰ ਰਾਣਾ, ਹੁਣ, ਜੂਨ-ਸਤੰਬਰ), ਤਹਿਸੀਲਦਾਰ ਦਾ ਪੋਤਾ (ਸਾਂਵਲ ਧਾਮੀ, ਤਾਸਮਨ, ਜਨਵਰੀ-ਮਾਰਚ), ਇੱਕ ਕਿਲ੍ਹੇ ਦਾ ਇਤਿਹਾਸ (ਜਗਜੀਤ ਬਰਾੜ, ਅੱਖਰ, ਸਤੰਬਰ-ਦਸੰਬਰ), ਡੂੰਮਣੇ ਦਾ ਡੰਗ (ਬਲਵਿੰਦਰ ਸਿੰਘ ਗਰੇਵਾਲ, ਸਿਰਜਣਾ, ਜੁਲਾਈ-ਸਤੰਬਰ), ਬੇੜੀ ਦਾ ਮੇਲਾ (ਹਰਕੀਰਤ ਕੌਰ ਚਹਿਲ, ਕਹਾਣੀ ਧਾਰਾ, ਅਕਤੂਬਰ-ਦਸੰਬਰ), ਫਲੈਟ ਨੰਬਰ 13 (ਸਿਮਰਨ ਧਾਲੀਵਾਲ, ਸਿਰਜਣਾ, ਅਪਰੈਲ-ਜੂਨ), ਪਿਆਰ ਦੀ ਕਹਾਣੀ (ਅਰਵਿੰਦਰ ਕੌਰ ਧਾਲੀਵਾਲ, ਸ਼ਬਦ, ਅਪਰੈਲ-ਸਤੰਬਰ), ਕਸਵੱਟੀ (ਸਵਾਮੀ ਸਰਬਜੀਤ, ਸ਼ਬਦ, ਅਕਤੂਬਰ-ਦਸੰਬਰ), ਬੰਦੇ ਬਿਨਾਂ (ਜਿੰਦਰ, ਹੁਣ, ਜਨਵਰੀ-ਅਪਰੈਲ), ਸਭ ਤੋਂ ਉਦਾਸ ਇਬਾਰਤ (ਬਲਬੀਰ ਪਰਵਾਨਾ, ਸਿਰਜਣਾ, ਅਕਤੂਬਰ-ਦਸੰਬਰ), ਕੁਛ ਨਵਾਂ ਹੋ ਜਾਏ (ਸੁਖਪਾਲ ਸਿੰਘ ਥਿੰਦ, ਹੁਣ, ਜਨਵਰੀ-ਅਪਰੈਲ), ਸ਼ੂਗਰ ਡੈਡੀ (ਸੁਰਿੰਦਰ ਨੀਰ, ਰਾਗ, ਜਨਵਰੀ-ਅਪਰੈਲ), ਜਾਂਦੀ ਗੱਡੀ ਦੀਆਂ ਕੂਕਾਂ! (ਦੀਪਤੀ ਬਬੂਟਾ, ਰਾਗ, ਮਈ-ਅਗਸਤ), ਪਰਛਾਵਾਂ (ਮੁਖ਼ਤਿਆਰ ਸਿੰਘ, ਸਿਰਜਣਾ, ਅਕਤੂਬਰ-ਦਸੰਬਰ), ਲਾਂਬੂ (ਜਸਬੀਰ ਭੁੱਲਰ, ਏਕਮ, ਜਨਵਰੀ-ਮਾਰਚ), ਮੱਛੀਆਂ ਜਾਲ਼ੇ ਫਸੀਆਂ (ਖ਼ਾਲਿਦ ਹੁਸੈਨ, ਸੁਰਤਿ-2), ਮਾਂ ਵਰਗੀ (ਜਤਿੰਦਰ ਹਾਂਸ, ਸੁਰਤਿ-1), ਪੌਣਾ ਕੁ ਚੰਨ (ਦੀਪ ਦੇਵਿੰਦਰ ਸਿੰਘ, ਹੁਣ, ਜਨਵਰੀ-ਅਪਰੈਲ), ਪੌਣੀ ਸਦੀ ਦਾ ਹਉਕਾ (ਤ੍ਰਿਪਤਾ ਕੇ ਸਿੰਘ, ਚਿਰਾਗ, ਜਨਵਰੀ-ਮਾਰਚ), ਨੁਤਫ਼ਾ (ਬਲੀਜੀਤ, ਸੁਰਤਿ-2), ਟੁਕੜੇ (ਪਰਵੇਜ਼ ਸੰਧੂ, ਚਿਰਾਗ, ਅਪਰੈਲ-ਜੂਨ), ਜਾਹ-ਜਾਂਦੀ (ਹਰਪ੍ਰੀਤ ਸਿੰਘ ਚੰਨੂ, ਸਿਰਜਣਾ, ਜਨਵਰੀ-ਮਾਰਚ), ਮੁਕਤੀ (ਅਮਰਜੀਤ ਸਿੰਘ ਮਾਨ, ਪ੍ਰਵਚਨ, ਜਨਵਰੀ-ਮਾਰਚ), ਪੀਲੀ ਰੌਸ਼ਨੀ ਦਾ ਸੱਚ (ਜਸਪਾਲ ਕੌਰ, ਸਮਕਾਲੀ ਸਾਹਿਤ, ਜਨਵਰੀ-ਮਾਰਚ), ਜੋ ਕਦੇ ਹਾਰ ਨਹੀਂ ਮੰਨਦੇ (ਬਿੰਦਰ ਬਸਰਾ, ਸੁਰਤਿ-2), ਮਿੱਟੀ (ਪਰਗਟ ਸਤੌਜ, ਸਿਰਜਣਾ, ਅਕਤੂਬਰ-ਦਸੰਬਰ) ਆਦਿ

ਇਨ੍ਹਾਂ ਕਹਾਣੀਆਂ ਵਿੱਚ ਬਿਰਤਾਂਤਕਾਰ ਆਪਣੇ ਮਨ-ਇੱਛਿਤ ਕਥਾ-ਵਿਵੇਕ ਤਕ ਪਹੁੰਚਣ ਲਈ ਘਟਨਾ-ਪ੍ਰਬੰਧ ਅਤੇ ਚਰਿੱਤਰ ਉਸਾਰੀ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਦਾ ਹੈ, ਇਸ ਲਈ ਕਥਾ-ਵਿਵੇਕ ਵਸਤੂ-ਸਥਿਤੀ ਦੀ ਅੰਤਰਧੁਨੀ ਬਣਾ ਕੇ ਸਹਿਜ ਰੂਪ ਵਿੱਚ ਨਹੀਂ ਉੱਭਰਦਾ, ਦੂਜੇ ਸ਼ਬਦਾਂ ਵਿੱਚ ਪਾਤਰ-ਕਾਰਜ ਦੇ ਸਹਿਜ ਵਿਕਾਸ ਨਾਲ ਮੇਲ ਨਹੀਂ ਖਾਂਦਾ ਸਗੋਂ ਪਾਠਕ ਉੱਤੇ ਥੋਪਿਆ ਜਾਪਦਾ ਹੈਬਿਰਤਾਂਤਕਾਰ ਕਿਸੇ ਘਟਨਾ ਪ੍ਰਤੀ ਪਾਤਰ ਦੀ ਕ੍ਰਿਆ-ਪ੍ਰਤਿਕਿਰਿਆ ਨੂੰ ਆਪਣੇ ਕਾਬੂ ਵਿੱਚ ਰੱਖਣ ਦਾ ਯਤਨ ਕਰਦਾ ਹੈਸਿੱਟੇ ਵਜੋਂ ਬਿਰਤਾਂਤਕਾਰ ਦਾ ਆਪਹੁਦਰਾ ਦਖ਼ਲ ਬਿਰਤਾਂਤ ਵਿੱਚ ਕਿਸੇ ਨਾ ਕਿਸੇ ਪੱਖੋਂ ਝੋਲ ਪਾ ਦਿੰਦਾ ਹੈ

ਚੌਥੇ ਪੜਾਅ ਦੇ ਉੱਤਰ-ਅੱਧ ਦੀ ਪੰਜਾਬੀ ਕਹਾਣੀ ਅਰਥਾਤ ਨਵੇਂ ਪੌਸ਼ ਦੀ ਅਜੋਕੀ ਕਹਾਣੀ ਵਿੱਚ ਤਾਂ ਮੁਨਸਿਫ਼ੀ ਬੜਬੋਲੇ ਬਿਰਤਾਂਤਕਾਰ ਦੀ ਦਖ਼ਲਅੰਦਾਜ਼ੀ ਸਗੋਂ ਹੋਰ ਵਧ ਗਈ ਹੈ ਉੱਤਮਪੁਰਖੀ ‘ਮੈਂ’ ਰੂਪੀ ਬਿਰਤਾਂਤਕਾਰ ਬਹੁਤੀ ਵਾਰੀ ਬਿਨਾਂ ਚਰਿੱਤਰ-ਵਿਸ਼ੇਸ਼ ਦਾ ਰੂਪ ਧਾਰੇ ਆਪਣੇ ਸਿੱਧੇ ਕਥਨਾਂ ਰਾਹੀਂ, ਸੂਤਰਧਾਰੀ ਵਿਧੀ ਨਾਲ ਹੀ ਕਹਾਣੀ ਸੁਣਾ ਦਿੰਦਾ ਹੈਸਿੱਟੇ ਵਜੋਂ ਕਹਾਣੀ ਦਾ ਬਿਰਤਾਂਤ ਇੱਕ-ਆਵਾਜ਼ੀ ਮਨਬਚਨੀ (ਮੋਨੋਲੌਗ) ਹੋ ਕੇ ਰਹਿ ਜਾਂਦਾ ਹੈ, ਦੂਜੇ ਪਾਤਰਾਂ ਦੀ ਆਵਾਜ਼ ਜਾਂ ਨਜ਼ਰੀਆ ਸਹੀ ਅਰਥਾਂ ਵਿੱਚ ਬਿਰਤਾਂਤ ਦਾ ਅੰਗ ਹੀ ਨਹੀਂ ਬਣਦਾਉਨ੍ਹਾਂ ਬਾਕੀ ਪਾਤਰਾਂ ਦੀ ਕ੍ਰਿਆ-ਪ੍ਰਤਿਕਿਰਿਆ ਬਿਨਾਂ ਬਿਰਤਾਂਤ ਇਕਹਿਰਾ ਅਤੇ ਸਿੱਧੜ ਭਾਂਤ ਦਾ (ਫਲੈਟ) ਬਣ ਜਾਂਦਾ ਹੈ

ਮਿਸਾਲ ਵਜੋਂ ਦਰਸ਼ਨ ਜੋਗਾ ਦੀ ਕਹਾਣੀ ‘ਲਕੀਰ’ (ਰਾਗ, ਮਈ-ਅਗਸਤ) ਵਿੱਚ ਪੇਂਡੂ ਪਿਉ-ਰੂਪੀ ਉੱਤਮਪੁਰਖੀ ਬਿਰਤਾਂਤਕਾਰ ਸ਼ਿਵਇੰਦਰ ਆਪਣੀ ‘ਚੰਡੀਗੜ੍ਹ ਪੜ੍ਹੀ’ ਨੂੰਹ ਨਾਲ ਚੱਲ ਰਹੀ ਸਿਰਵੱਢਵੀਂ ਖਿੱਚੋਤਾਣ ਦਾ ਵਰਣਨ ਹੈਪਿੰਡ ਵਿੱਚ ‘ਐਡਜਸਟਮੈਂਟ’ ਨਾ ਹੋਣ ਕਰਕੇ ਨੂੰਹ ਆਪਣੇ ਪਤੀ ਅਤੇ ਬੱਚੇ ਨੂੰ ਲੈ ਕੇ ਸ਼ਹਿਰ ਜਾ ਵਸਦੀ ਹੈਇਸ ਤੋਂ ਵੀ ਅਗਾਂਹ ਆਈਲੈਟਸ ਕਰਕੇ ‘ਬਾਹਰ’ ਜਾਣ ਦੀ ਇੱਛਾ ਰੱਖਦੀ ਹੈਉਸ ਦੀਆਂ ਮਨਮਰਜ਼ੀਆਂ ਤੋਂ ਤੰਗ ਆ ਕੇ ਅੰਤ ਪਤੀ ਵੀ ਖੁਦਕੁਸ਼ੀ ਕਰ ਲੈਂਦਾ ਹੈਅੰਤ ਪੋਤਰੇ ਨੂੰ ਗਵਾ ਲੈਣ ਦਾ ਡਰ ਸ਼ਿਵਇੰਦਰ ਨੂੰ ਨੂੰਹ ਖ਼ਿਲਾਫ਼ ਕੀਤੇ ਕਤਲ ਕੇਸ ਦਾ ‘ਇਸਤਗਾਸਾ’ ਵਾਪਸ ਲੈਣ ਲਈ ਮਜਬੂਰ ਕਰਦਾ ਹੈਬਿਰਤਾਂਤਕਾਰ ਦਾ ਸਾਰਾ ਬਲ ਆਪਣੇ ਆਕ੍ਰੋਸ਼ ਨੂੰ ਦਰਸਾਉਣ ਅਤੇ ਨੂੰਹ ਨੂੰ ਖਲਨਾਇਕੀ ਰੂਪ ਵਿੱਚ ਚਿਤਰਨ ਉੱਤੇ ਰਹਿੰਦਾ ਹੈਸਿੱਟੇ ਵਜੋਂ ਪਤਨੀ, ਪੁੱਤ, ਨੂੰਹ ਅਤੇ ਪੋਤਰੇ ਦੀਆਂ ਆਵਾਜ਼ਾਂ ਅਤੀ ਮੱਧਮ ਰੂਪ ਵਿੱਚ ਹੀ ਬਿਰਤਾਂਤ ਦਾ ਅੰਗ ਬਣ ਸਕਦੀਆਂ ਹਨਆਪਣੇ ਏਕਾਲਾਪੀ ਬੋਲਾਂ ਦੇ ਸ਼ੋਰ ਵਿੱਚ ਗਵਾਚੇ ਬਜ਼ੁਰਗ ਸ਼ਿਵਇੰਦਰ ਕੋਲ ਆਪਣੇ ਇੱਕਲੌਤੇ ਪੁੱਤ ਦੀ ਮੌਤ ਨਾਲ ਪੈਦਾ ਹੋਣ ਵਾਲੇ ਅਸਤਿਤਵੀ ਪ੍ਰਸ਼ਨਾਂ ਨਾਲ ਸੰਵਾਦ ਕਰਨ ਦਾ ਮੌਕਾ ਹੀ ਨਹੀਂ ਬਚਦਾਸਿੱਟੇ ਵਜੋਂ ਬਿਰਤਾਂਤ ਦਾ ਦਾਰਸ਼ਨਿਕ ਪੱਖ ਉਜਾਗਰ ਹੀ ਨਹੀਂ ਹੁੰਦਾ ਅਤੇ ਬਿਰਤਾਂਤ, ਪਾਤਰ-ਰੂਪੀ ਬਿਰਤਾਂਤਕਾਰ ਦੀ ਉੱਚੀ-ਸੁਰ ਦਾ ਸ਼ਿਕਾਰ ਬਣ ਕੇ ਰਹਿ ਜਾਂਦਾ ਹੈ

ਨਵੇਂ ਪੌਸ਼ ਦੀਆਂ ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਪੇਸ਼ ਕੀਤੀਆਂ ਜਾਣ ਵਾਲ਼ੀਆਂ ਕਹਾਣੀਆਂ ਵਿੱਚ ਵੀ ਸਥਿਤੀ ਇਸ ਤੋਂ ਬਹੁਤੀ ਵੱਖਰੀ ਨਹੀਂ ਜਾਪਦੀਸੋਸ਼ਲ-ਮੀਡੀਆ ਦੇ ਦੌਰ ਦੇ ਵਸਤੂ-ਯਥਾਰਥ ਨੂੰ ਪ੍ਰਮਾਣਿਕ ਢੰਗ ਨਾਲ ਗ੍ਰਹਿਣ ਕਰਕੇ ਆਪਣੀ ਮੜਕਵੀਂ ਬਿਰਤਾਂਤਕਾਰੀ ਵੱਲ ਉਚੇਚਾ ਧਿਆਨ ਖਿੱਚਣ ਵਾਲੇ ਉੱਭਰਦੇ ਕਹਾਣੀਕਾਰ ਅਲਫ਼ਾਜ਼ ਦੀ ਕਹਾਣੀ ‘ਡੋਪਾਮਾਈਨ’ (ਪ੍ਰਵਚਨ, ਅਕਤੂਬਰ-ਦਸੰਬਰ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਸੋਸ਼ਲ-ਮੀਡੀਆ ਦੇ ‘ਨਸ਼ੇ’ ਦੀ ਭੇਟ ਚੜ੍ਹੇ ਅੱਲ੍ਹੜ ਉਮਰ ਦੇ ਸਿਮਰ ਦੀ, ਇੰਟਰਨੈੱਟ ਬਿਨਾਂ ਪੈਦਾ ਹੋਈ ਜਾਨ-ਕੱਢਵੀਂ, ਤਿਲਮਿਲਾਹਟ ਦਾ ਬਿਰਤਾਂਤ ਸਿਰਜਦੀ ਹੈਬਿਰਤਾਂਤਕਾਰ ਕੋਲ ਆਪਣੇ ਵਿਸ਼ੇ ਨਾਲ ਸੰਬੰਧਿਤ ਢੁਕਵੇਂ ਕਥਾ-ਵੇਰਵਿਆਂ ਦਾ ਲੋੜੀਂਦਾ ਭੰਡਾਰ ਹੈ ਅਤੇ ਵਿਸ਼ੇ ਦੇ ਬਿਰਤਾਂਤਕ ਰੂਪਾਂਤਰਨ ਲਈ ਨਵਾਂ ਗਲਪੀ ਮੁਹਾਵਰਾ ਵੀ ਹੈਇਸ ਲਈ ਉਹ ਚੁਸਤ ਵਾਰਤਾਲਾਪੀ ਸ਼ੈਲੀ ਰਾਹੀਂ ਨਾਟਕੀ ਭਾਂਤ ਦਾ ਤੇਜ਼ ਗਤੀ ਬਿਰਤਾਂਤ ਸਿਰਜਕੇ ਪਾਠਕ ਨੂੰ ਚਕਾਚੌਂਧ ਕਰਨ ਦੇ ਯਤਨ ਵਿੱਚ ਸਫਲਤਾ ਹਾਸਲ ਕਰਦਾ ਹੈਪਰ ਨੀਝ ਨਾਲ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਅਤਿਕਥਨੀ ਭਰੇ ਬਿਆਨ ਕਾਰਨ ਕਹਾਣੀ ਦਰਮਿਆਨੇ ਦਰਜੇ ਤੋਂ ਉੱਪਰ ਉੱਠ ਕੇ ਕਲਾਸਕੀ ਮਹੱਤਤਾ ਗ੍ਰਹਿਣ ਕਰਨ ਵਿੱਚ ਸਫਲ ਨਹੀਂ ਹੁੰਦੀ ਕਾਰਨ ਸਪਸ਼ਟ ਹੈ ਕਿ ਬਿਰਤਾਂਤਕਾਰ ਕੋਲ ਬਿਰਤਾਂਤ ਨੂੰ ਸਹਿਜ ਅਤੇ ਸੰਤੁਲਿਤ ਰੱਖਣ ਵਾਲੀ ਅਤੇ ਦੁਖਦ ਵਰਤਾਰੇ ਦੇ ਦਾਰਸ਼ਨਿਕ ਪਾਸਾਰ ਉਜਾਗਰ ਕਰ ਸਕਣ ਵਾਲੀ ਪ੍ਰੌੜ੍ਹ ਸੂਝ ਦੀ ਅਜੇ ਘਾਟ ਹੈਕਾਹਲੀ ਵਿੱਚ ਕਈ ਥਾਈਂ ਉਹ ਅੰਨਯਪੁਰਖੀ ਅਤੇ ਉੱਤਮਪੁਰਖੀ ਬਿਰਤਾਂਤਕਾਰ ਨੂੰ ਰਲ਼ਗਡ ਵੀ ਕਰ ਬੈਠਦਾ ਹੈਸਿਮਰ ਦੀ ਤਿਲਮਿਲਾਹਟ ਦਾ ਅਤਿਕਥਨੀ ਭਰਿਆ ਚਿਤਰਨ ਕਰ ਜਾਂਦਾ ਹੈ‘ਚਿੱਟੇ’ ਅਤੇ ਇੰਟਰਨੈੱਟ ਦੇ ‘ਨਸ਼ੇ’ ਨੂੰ ਜ਼ਾਹਰਾ ਤੌਰ ’ਤੇ ਤੁਲਨਾਉਂਦਿਆਂ ਬਿਰਤਾਂਤ ਨੂੰ ਦ੍ਰਿਸ਼ਟਾਂਤਕ ਵੰਨਗੀ ਦਾ ਬਣਾ ਦਿੰਦਾ ਹੈ, ਪ੍ਰਤਿਰੂਪਕ ਨਹੀਂ ਬਣਨ ਦਿੰਦਾਉਲਾਰ ਹੋ ਚੁੱਕੇ ਪਾਤਰ ਦੇ ਬੋਲਾਂ ਵਿੱਚ ਸੂਤਰਧਾਰੀ ਬਿਰਤਾਂਤਕਾਰ ਦੇ ਸਿਆਣਪਵਾਦੀ ਬੋਲਾਂ ਦੀ ਮਿੱਸ ਕਹਾਣੀ ਨੂੰ ਉੱਚੀ ਸੁਰ ਵਾਲੀ ਬਣਾ ਕੇ ਕਲਾਤਮਕਤਾ ਨੂੰ ਠੇਸ ਪਹੁੰਚਾਉਂਦੀ ਹੈ

ਨਵੇਂ ਪੌਸ਼ ਦੀਆਂ ਬਿਰਤਾਂਤਕਾਰੀ ਦੀ ਅਜਿਹੀ ਦੋਸ਼ਪੂਰਨ ਵੰਨਗੀ ਵਾਲ਼ੀਆਂ ਕਹਾਣੀਆਂ ਦੀ ਵੀ ਇਸ ਸਾਲ ਬਹੁਤਾਤ ਵੇਖਣ ਨੂੰ ਮਿਲਦੀ ਹੈ, ਜਿਵੇਂ: ਪਾਸਕੂ (ਆਗਾਜ਼ਬੀਰ, ਤਾਸਮਨ, ਅਪਰੈਲ-ਜੂਨ), ਅਹਿਮਦਸ਼ਾਹੇ (ਗੁਰਮੀਤ ਆਰਿਫ਼, ਸ਼ਬਦ, ਅਕਤੂਬਰ-ਦਸੰਬਰ), ਆਇਤ (ਗੁਰਪ੍ਰੀਤ ਡੈਨੀ, ਕਹਾਣੀ ਧਾਰਾ, ਅਪਰੈਲ-ਜੂਨ), ਮੈਂ ਵਰਜਿਨ ਨਹੀਂ (ਗੁਰਪ੍ਰੀਤ ਡੈਨੀ, ਰਾਗ, ਮਈ-ਅਗਸਤ), ਕੰਬਖ਼ਤ ਸੇਠੀ (ਸਰਬਜੀਤ ਸੋਹਲ), ਪ੍ਰਤਿਮਾਨ, ਜਨਵਰੀ-ਮਾਰਚ), ਬੁੱਚੜ (ਜਸਪਾਲ ਕੌਰ, ਏਕਮ, ਜਨਵਰੀ-ਮਾਰਚ), ਚਿੜੀ ਚੁੜੇਲ ਤੇ ਮਾਇਆ (ਰਵੀ ਸ਼ੇਰਗਿੱਲ, ਹੁਣ, ਜਨਵਰੀ-ਅਪਰੈਲ), ਵਿਚਾਰੀ (ਅੰਬਰ ਹੁਸੈਨੀ, ਸਿਰਜਣਾ, ਜੁਲਾਈ-ਸਤੰਬਰ) ਆਦਿ ਕਹਾਣੀਆਂ ਨਮੂਨੇ ਵਜੋਂ ਪੇਸ਼ ਹਨ

ਇਸ ਸਾਲ ਦੀਆਂ ਜਿਨ੍ਹਾਂ ਕਹਾਣੀਆਂ ਵਿੱਚ ਬਿਰਤਾਂਤਕਾਰ ਦੀ ਭੂਮਿਕਾ ਮੁਕਾਬਲਤਨ ਵਧੇਰੇ ਸਹਿਜ, ਸੰਤੁਲਿਤ ਅਤੇ ਪ੍ਰੌੜ੍ਹ ਰਹੀ ਹੈ, ਉਨ੍ਹਾਂ ਨੂੰ ਮੈਂ ਵਰ੍ਹੇ ਦੀਆਂ ਹਾਸਲ ਮੰਨ ਕੇ ਸਰਵੋਤਮ ਕਹਾਣੀਆਂ ਵਜੋਂ ਵਿਚਾਰਨਾ ਚਾਹੁੰਦਾ ਹਾਂ

ਹਰਪ੍ਰੀਤ ਸੇਖਾ ਦੀ ਕਹਾਣੀ ‘ਖੜੋਤ’ (ਸ਼ਬਦ, ਅਪਰੈਲ-ਸਤੰਬਰ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਅਜੋਕੀ ਨਾਰੀ ਦੇ ਆਤਮ-ਵਿਸ਼ਵਾਸ ਅਤੇ ਨਵੀਂ ਪਛਾਣ ਨਾਲ ਜੀਣ-ਥੀਣ ਦੀ ਲੋਚਾ ਦਾ ਬਿਰਤਾਂਤ ਪੇਸ਼ ਕਰਦੀ ਹੈਇੱਕ ਕਨੇਡੀਅਨ ਪੰਜਾਬੀ ਮੁੰਡੇ ਵੱਲੋਂ ‘ਰਿਜੈਕਟ’ ਹੋਈ ਪੰਜਾਬੀ ਕੁੜੀ ਬਾਅਦ ਵਿੱਚ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਕਨੇਡਾ ਪਹੁੰਚਦੀ ਹੈ, ਸਖ਼ਤ ਮਿਹਨਤ ਨਾਲ ਬਿਜਨੈੱਸ ਸਥਾਪਤ ਕਰਦੀ ਹੈ ਅਤੇ ਫਿਰ ਇੰਸਟਾਗ੍ਰਾਮ ਰਾਹੀਂ ਭਾਲ ਕੇ ਉਸੇ ਮੁੰਡੇ ਨੂੰ ਮਿਲਨ ਟੋਰਾਂਟੋ ਤੋਂ ਵੈਨਕੂਵਰ ਆਉਂਦੀ ਹੈ ਤਾਂ ਕਿ ਉਸ ਮੁੰਡੇ ਦੀਆਂ “ਅੱਖਾਂ ਵਿੱਚ ਪਛਤਾਵਾ” ਵੇਖ ਸਕੇਕਹਾਣੀ ਦੀ ਸਮਰੱਥਾ ਜਿੱਥੇ ਇਸਦੇ ਨਵ-ਨਾਰੀਵਾਦੀ ਨਜ਼ਰੀਏ ਵਿੱਚ ਹੈ, ਉੱਥੇ ਸੋਸ਼ਲ-ਮੀਡੀਆ ਦੇ ਨਵੇਂ ਵੇਰਵਿਆਂ ਅਤੇ ਚਿੰਨ੍ਹਾਂ, ਪ੍ਰਤੀਕਾਂ ਨੂੰ ਪ੍ਰਕਾਰਜੀ ਢੰਗ ਨਾਲ ਇਸਤੇਮਾਲ ਕਰਨ ਵਿੱਚ ਵੀ ਹੈਸਹਿਜ ਅਤੇ ਸੁਭਾਵਿਕ ਵਰਣਨ ਵੀ ਇਸ ਕਹਾਣੀ ਦੇ ਬਿਰਤਾਂਤ ਦੀ ਕਲਾਤਮਕਤਾ ਨੂੰ ਵਧਾਉਣ ਅਤੇ ਵਧੇਰੇ ਮੰਨਣਯੋਗ ਬਣਾਉਣ ਵਾਲਾ ਅਹਿਮ ਲੱਛਣ ਹੈ

ਵਿਪਨ ਗਿੱਲ ਦੀ ਕਹਾਣੀ ‘ਮਿਰਗ ਛਲ’ (ਕਹਾਣੀ ਧਾਰਾ, ਅਪਰੈਲ-ਜੂਨ) ਉੱਤਮਪੁਰਖੀ ਮਰਦ ਬਿਰਤਾਂਤਕਾਰ ਰਾਹੀਂ, ਅਮਰੀਕਾ ਰਹਿਣ ਦੇ ਸੁਪਨਿਆਂ ਕਾਰਨ ਭਟਕਣ ਅਤੇ ਖੁਆਰੀ ਦਾ ਸ਼ਿਕਾਰ ਹੋਈ ਮੁਟਿਆਰ ਦਾ ਬਿਰਤਾਂਤ ਸਿਰਜਦੀ ਹੈਗੋਰੀ ਇੱਕ ਖਿਡਾਰਨ ਅਤੇ ‘ਧਾਕੜ’ ਜੱਟ ਕੁੜੀ ਸੀਕਾਲਜ ਪੜ੍ਹਦਿਆਂ ਉਹ ਪਿਆਰ ਤਾਂ ਆਪਣੇ ਜਮਾਤੀ ਪੰਡਿਤਾਂ ਦੇ ਮੁੰਡੇ ਨੂੰ ਕਰਦੀ ਸੀ ਪਰ ਅਮਰੀਕਾ ਜਾਣ ਦੀ ਮੂੰਹਜ਼ੋਰ ਚਾਹਤ ਕਰਕੇ ਆਪਣਾ ਪਿਆਰ ਕੁਰਬਾਨ ਕਰਦਿਆਂ ਵਿਆਹ ਇੱਕ ਅਧਖੜ੍ਹ ਉਮਰ ਦੇ ਬੰਦੇ ਨਾਲ ਕਰਵਾ ਬੈਠਦੀ ਹੈਉਸ ਦਾ ਪਤੀ ਪਹਿਲਾਂ ਹੀ ਮੇਮ ਨਾਲ ਵਿਆਹਿਆ ਹੋਣ ਕਰਕੇ ਉਸ ਨੂੰ ਅਮਰੀਕਾ ਨਹੀਂ ਲਿਜਾਂਦਾ, ਇਸ ਲਈ ਸਾਰੀ ਉਮਰ ਉਹ ਪੰਜਾਬ ਰਹਿ ਕੇ ਹੀ ਸਹੁਰੇ ਪਰਿਵਾਰ ਦੀ ਸੇਵਾ ਕਰਦੀ ਹੈ ਅਤੇ ਆਪਣੀਆਂ ਧੀਆਂ ਪਾਲ਼ਦੀ ਹੈਸਥਿਤੀ ਦਾ ਵਿਅੰਗ ਇਹ ਹੈ ਕਿ ਫਿਰ ਉਹ ਧੀਆਂ ਰਾਹੀਂ ਕਨੇਡਾ ਜਾਣ ਦੇ ਸੁਪਨੇ ਲੈਣ ਲਗਦੀ ਹੈਕਹਾਣੀ ਦੀ ਸਮਰੱਥਾ ਪੰਜਾਬੀ ਬੰਦੇ ਦੇ ਪਰਵਾਸ ਲਈ ਤਾਂਘਦੇ ਅਵਚੇਤਨ ਨੂੰ ਡੁੰਘਾਈ ਵਿੱਚ ਪਕੜਨ ਵਿੱਚ ਵੀ ਹੈ ਅਤੇ ਜਗਿਆਸਾਮੂਲਕ, ਤੇਜ਼ ਗਤੀ ਅਤੇ ਨਾਟਕੀ ਜੁਗਤ ਵਾਲੀ ਬਿਰਤਾਂਤਕਾਰੀ ਕਰਕੇ ਵੀ ਹੈਔਰਤ ਕਹਾਣੀਕਾਰ ਨੇ ਮਰਦ ਬਿਰਤਾਂਤਕਾਰ ਰਾਹੀਂ ਬਿਰਤਾਂਤ ਪੇਸ਼ ਕਰਕੇ ਔਰਤ-ਮਰਦ ਦੇ ਨਜ਼ਰੀਏ ਨੂੰ ਸੰਤੁਲਿਤ ਢੰਗ ਨਾਲ ਉਭਾਰਨ ਦਾ ਸਫਲ ਯਤਨ ਕੀਤਾ ਹੈ

ਪਾਕਿਸਤਾਨੀ ਕਹਾਣੀਕਾਰ ਜ਼ੁਬੈਰ ਅਹਿਮਦ ਦੀ ਕਹਾਣੀ ‘ਕਹਾਣੀ ਜੋ ਮੁੱਕਦੀ ਨਹੀਂ’ (ਸੁਰਤਿ-2) ਇੱਕ ਮੁਟਿਆਰ-ਰੂਪੀ ਬਿਰਤਾਂਤਕਾਰ ਰਾਹੀਂ ਔਰਤ-ਮਰਦ ਦੀ ਪ੍ਰਸਪਰ ਨਿਰਭਰਤਾ ਵਾਲੇ ਅਤੀ ਸੂਖ਼ਮ ਰਿਸ਼ਤੇ ਦਾ ਬਿਰਤਾਂਤ ਪੇਸ਼ ਕਰਦੀ ਹੈਭਰ ਜਵਾਨ ਕੰਵਾਰੀ ਕੁੜੀ ਆਪਣੇ ਅਧਿਆਪਕ ਰਹੇ ਵੱਡੀ ਉਮਰ ਦੇ ਵਿਅਕਤੀ ਨਾਲ ਵੱਖਰੀ ਜਿਹੀ ਭਾਂਤ ਦੀ ਮੁਹੱਬਤੀ ਸਾਂਝ ਮਹਿਸੂਸ ਕਰਦੀ ਹੈਉਹ ਹਰ ਪਲ਼ ਉਸ ਦਾ ਸੰਗ ਕਰਨਾ ਲੋਚਦੀ ਹੈ ਪਰ ਜਦੋਂ ਮਰਦ ਕਦੇ ਸਰੀਰਕ ਸਾਂਝ ਲਈ ਇਸ਼ਾਰਾ ਕਰਦਾ ਹੈ ਤਾਂ ਕੁੜੀ ਨੂੰ ਇਹ ਚੰਗਾ ਨਹੀਂ ਲਗਦਾਉਹ ਆਖਦੀ ਹੈ, “ਮੈਂ ਪੂਰਾ ਪਿਆਰ ਉਸ ਨਾਲ ਕਰਾਂਗੀ, ਜਿਸ ਨਾਲ ਵਿਆਹ ਕਰਾਂਗੀ” ਕਹਾਣੀ ਦੀ ਸਮਰੱਥਾ ਜਿੱਥੇ ਨਾਰੀ-ਮਨ ਦੀਆਂ ਬਹੁਤ ਡੂੰਘੀਆਂ ਅਤੇ ਅਛੋਹ ਤੈਹਾਂ ਤਕ ਪਹੁੰਚਣ ਕਰਕੇ ਹੈ, ਉੱਥੇ ਨਾਟਕੀ ਭਾਂਤ ਦੀ ਚੁਸਤ ਅਤੇ ਤਣਾਅ ਭਰਪੂਰ ਬਿਰਤਾਂਤਕਾਰੀ ਕਾਰਨ ਵੀ ਹੈਇਸ ਕਹਾਣੀ ਵਿੱਚ ਬਿਰਤਾਂਤਕਾਰ ਅਲੋਪ ਹੋਣ ਦੀ ਹੱਦ ਤਕ ਓਹਲੇ ਰਹਿ ਕੇ ਬਿਰਤਾਂਤ ਸਿਰਜਦਾ ਹੈ, ਜੋ ਇੱਕ ਵਿਲੱਖਣ ਅਤੇ ਹੁਨਰੀ ਤਜਰਬਾ ਹੈ

ਸੁਖਪਾਲ ਸਿੰਘ ਥਿੰਦ ਦੀ ਕਹਾਣੀ ‘ਦੇਸੀ ਡਰੀਮਜ਼’ ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬੀਆਂ ਦੇ ਪਰਵਾਸ ਦੇ ਸੁਪਨੇ ਅਤੇ ਪਰਵਾਸ ਕਾਰਨ ਗੁੰਮ-ਗੁਆਚ ਰਹੀਆਂ ਮੂਲ ਪਰਿਵਾਰਕ ਧਰੋਹਰਾਂ ਦਾ ਬਿਰਤਾਂਤ ਪੇਸ਼ ਕਰਦੀ ਹੈਚੰਗਾ ਮੱਧਵਰਗੀ ਜੀਵਨ ਜਿਉਂ ਰਹੇ ਅਰਮਾਨ ਅਤੇ ਉਸ ਦੀ ਪਤਨੀ ਨਵਜੋਤ ਆਪਣੇ ਨੇੜਲੇ ਪਰਵਾਸੀ ਰਿਸ਼ਤੇਦਾਰਾਂ ਦੀਆਂ ਚਮਕ-ਦਮਕ ਭਰੀਆਂ ਗੱਲਾਂ ਸੁਣ ਕੇ ਕਨੇਡਾ ਜਾਣ ਦਾ ਫੈਸਲਾ ਕਰਦੇ ਹਨਪਰਵਾਸ ਦੀਆਂ ਮਜਬੂਰੀਆਂ ਕਾਰਨ ਜਦੋਂ ਮਾਪਿਆਂ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਿਲ ਹੋਣ ਤੋਂ ਵੀ ਅਸਮਰੱਥ ਮਹਿਸੂਸ ਕਰਦੇ ਹਨ ਅਤੇ ਕਨੇਡਾ ਵਿੱਚ ਰਹਿ ਕੇ ਮੁਟਿਆਰ ਹੋਈ ਧੀ ਵੀ ਹੱਥੋਂ ਖਿਸਕਦੀ ਜਾਪਦੀ ਹੈ ਤਾਂ ਸੁਪਨਿਆਂ ਅਤੇ ਹਕੀਕਤ ਦੀ ਵਿਡੰਬਨਾ ਸਮਝ ਆਉਂਦੀ ਹੈਭਾਵੇਂ ਬਿਰਤਾਂਤ ਵਿੱਚ ਰਚਨਾਤਮਕਤਾ ਦੀ ਥਾਂ ਕਿਤੇ ਕਿਤੇ ਘਾੜਤ ਦੇ ਅੰਸ਼ ਵੀ ਹਨ ਪਰ ਕਹਾਣੀ ਬਹੁਤੀ ਝੋਲ ਨਹੀਂ ਮਾਰਦੀਕਹਾਣੀ ਦੀ ਸਮਰੱਥਾ ਜਿੱਥੇ ਪਰਵਾਸ ਦੇ ਅਜੋਕੇ ਭਖਦੇ ਮਸਲੇ ਨੂੰ ਕਥਾ-ਵਸਤੂ ਬਣਾਉਣ ਵਿੱਚ ਹੈ, ਉੱਥੇ ਸੰਤੁਲਿਤ ਬਿਰਤਾਂਤਕਾਰ ਰਾਹੀਂ ਪਾਤਰਾਂ ਦੀ ਕਿਰਿਆ-ਪ੍ਰਤਿਕਿਰਿਆ ਨੂੰ ਸੰਵਾਦੀ ਰੂਪ ਵਿੱਚ ਬਿਰਤਾਂਤਕਾਰੀ ਦਾ ਅੰਗ ਬਣਾ ਸਕਣ ਦੀ ਯੋਗਤਾ ਵਿੱਚ ਵੀ ਹੈ

ਸਰਘੀ ਦੀ ਕਹਾਣੀ ‘ਬਲਾਈਂਡ ਡੇਟ’ (ਤਾਸਮਨ, ਜਨਵਰੀ-ਮਾਰਚ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਵਿਆਹ ਦੀ ਥਾਂ ‘ਲਿਵ-ਇਨ ਰਿਲੇਸ਼ਨ’ ਵਿੱਚ ਰਹਿਣ ਦਾ ਤਜਰਬਾ ਕਰਨ ਵਾਲੇ ਪਾਤਰਾਂ ਅਹਿਮ ਗੁਪਤਾ ਅਤੇ ਰੀਵਾ ਹੁਸੈਨ ਦੀ ਵਿੱਥ-ਭਰੀ ਸਾਂਝ ਦਾ ਬਿਰਤਾਂਤ ਸਿਰਜਦੀ ਹੈਅੰਤ ਉੱਤੇ ਨਾ ਉਹ ‘ਸ਼ਾਦੀ’ ਲਈ ਸਹਿਮਤ ਲਗਦੇ ਹਨ ਅਤੇ ਨਾ ਵਿਛੜ ਜਾਣ ਵਾਸਤੇ ਤਿਆਰ ਹੋ ਸਕੇ ਹਨ, ਸਗੋਂ ਉਹ ‘ਏਕ ਔਰ ਬਲਾਈਂਡ ਡੇਟ’ ਦੀ ਲੋਚਾ ਕਰਦੇ ਪ੍ਰਤੀਤ ਹੁੰਦੇ ਹਨਕਹਾਣੀ ਵਿਆਹ ਦੀ ਸੰਸਥਾ ਦੇ ਪਤਨ ਤੋਂ ਬਾਅਦ ਦੀ ਭਿਅੰਕਰ ਸਥਿਤੀ ਵਿੱਚ ਕਿਸੇ ਨਵੇਂ ਬਦਲ ਦੀ ਤਲਾਸ਼ ਦਾ ਕਥਾ-ਵਿਵੇਕ ਸਿਰਜਦੀ ਹੈਕਹਾਣੀ ਵਿਚਲੀ ਮੁਸਲਿਮ ਲੜਕੀ ਰੀਵਾ ਹੁਸੈਨ ਦੀ ਯਥਾਰਥਕ ਪਾਤਰ-ਉਸਾਰੀ ਦੀ ਮਜਬੂਰੀ ਦੇ ਬਾਵਜੂਦ ਉਰਦੂਨੁਮਾ ਹਿੰਦੀ ਭਾਸ਼ਾ ਦੀ ਵਰਤੋਂ ਲੋੜ ਤੋਂ ਵੱਧ ਜਾਪਦੀ ਹੈਫਿਰ ਵੀ ਕਹਾਣੀ ਦੀ ਸਮਰੱਥਾ ਕਾਰਪੋਰੇਟ ਜਗਤ ਦੇ ਪ੍ਰਸੰਗ ਵਿੱਚ ਨਵੀਂ ਪੀੜ੍ਹੀ ਦੀਆਂ ਖੁਦਗਰਜ਼ੀਆਂ, ਬੇਵਸੀਆਂ ਅਤੇ ਚਾਹਤਾਂ ਨੂੰ ਨਵੀਂ ਸੰਵੇਦਨਾ ਵਾਲੀ ਢੁਕਵੀਂ ਮਿਸ਼ਰਤ ਗਲਪੀ ਭਾਸ਼ਾ ਰਾਹੀਂ ਉਜਾਗਰ ਕਰਨ ਵਿੱਚ ਹੈ

ਰੇਮਨ ਦੀ ਕਹਾਣੀ ‘ਆਓਗੇ ਜਬ ਤੁਮ … … ’ (ਪ੍ਰਵਚਨ, ਅਪਰੈਲ-ਜੂਨ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਮਰਦ-ਔਰਤ ਦੀ ਨਿਰੋਲ ਕਾਮ-ਖਿੱਚ ਤੋਂ ਅਗਾਂਹ ਦੀ ਪ੍ਰਸਪਰ ਬਹੁਪੱਖੀ ਮਾਨਵੀ ਨਿਰਭਰਤਾ ਦਾ ਬਿਰਤਾਂਤ ਪੇਸ਼ ਕਰਦੀ ਹੈਇਕਹਿਰੀ ਅਤੇ ਖੜੋਤਮੁਖੀ ਜ਼ਿੰਦਗੀ ਬਸਰ ਕਰ ਰਹੇ ਵਕੀਲ ਬਾਬੂ ਰਮੇਸ਼ ਦੇ ਜੀਵਨ ਦੀ ਲੈਅ ਉਸ ਸਮੇਂ ਬਦਲਣ ਲਗਦੀ ਹੈ ਜਦੋਂ ਉਸ ਦੇ ਗਵਾਂਢ ਵਿੱਚ ਇੱਕ ਕਲਾਤਮਕ ਸੁਭਾਵ ਵਾਲੀ ਸਭਿਅਕ ਔਰਤ ਕਿਰਾਏਦਾਰ ਬਣ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈਕਹਾਣੀ ਦੀ ਸਮਰੱਥਾ ਇਸਦੇ ਪ੍ਰੌੜ੍ਹ ਬਿਰਤਾਂਤਕਾਰ ਦੀ ਸੂਝ ਅਤੇ ਸੂਖ਼ਮਤਾ ਵਿੱਚ ਹੈ, ਜਿਸ ਨਾਲ ਉਹ ਢੁਕਵੇਂ ਚਿਨ੍ਹਾਂ-ਪ੍ਰਤੀਕਾਂ ਦੁਆਰਾ ਪ੍ਰਗੀਤਕ ਬਿਰਤਾਂਤਕਾਰੀ ਦਾ ਹੁਨਰ ਵਿਖਾਉਂਦਾ ਹੈਕਹਾਣੀ ਵਿੱਚ ਸੂਤਰਧਾਰੀ ਕਥਨਾਂ ਦੀ ਥਾਂ ਪਾਤਰ-ਕਾਰਜ ਦੇ ਵਰਣਨ ਰਾਹੀਂ ਬਿਰਤਾਂਤ ਸਿਰਜਣ ਦੀ ਕਥਾ-ਜੁਗਤ ਦਾ ਬਹੁਤ ਆਹਲਾ ਪ੍ਰਦਰਸ਼ਨ ਕੀਤਾ ਗਿਆ ਹੈ

ਬੂਟਾ ਸਿੰਘ ਚੌਹਾਨ ਦੀ ਕਹਾਣੀ ‘ਮੈਂ ਕੈਦ ਨੀ ਕੱਟਣੀ’ (ਸਿਰਜਣਾ, ਜਨਵਰੀ-ਮਾਰਚ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਵਿਆਹੁਤਾ ਦਲਿਤ ਲੜਕੀ ਦੇ ਜੀਣ-ਥੀਣ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਦਾ ਬਿਰਤਾਂਤ ਪੇਸ਼ ਕਰਦੀ ਹੈਲੜਕੀ ਦੇ ਪੇਕੇ-ਸਹੁਰੇ ਪਰਿਵਾਰ ਸੰਪੰਨ ਧਿਰਾਂ ਹੱਥੋਂ ਸ਼ੋਸ਼ਿਤ ਹੁੰਦੇ ਉਵੇਂ ਹੀ ਰਵਾਂ-ਰਵੀਂ ਤੁਰੇ ਜਾਣ ਨੂੰ ਆਪਣੀ ਹੋਣੀ ਮੰਨੀ ਬੈਠੇ ਹਨ ਪਰ ਉਹ ਲੜਕੀ ਦਲਿਤ ਚੇਤਨਾ ਰਾਹੀਂ ਉਸ ਹੋਣੀ ਅੱਗੇ ਨਵੇਂ ਪ੍ਰਸ਼ਨ ਖੜ੍ਹੇ ਕਰਦੀ ਹੈਕਹਾਣੀ ਦੀ ਸਮਰੱਥਾ ਤੇਜ਼ੀ ਨਾਲ ਰੂਪਾਂਤਰਿਤ ਹੋ ਰਹੇ ਪੇਂਡੂ ਜਨ-ਜੀਵਨ ਦੇ ਨਿੱਤਰਵੇਂ ਸੱਚਾਂ ਨੂੰ ਜੀਵੰਤ ਵੇਰਵਿਆਂ ਵਾਲੀ ਗਲਪੀ-ਭਾਸ਼ਾ ਅਤੇ ਉਤਰ-ਮਾਨਵਵਾਦੀ ਨਜ਼ਰੀਏ ਰਾਹੀਂ ਪੇਸ਼ ਕਰਨ ਵਿੱਚ ਹੈ

ਸਵਾਮੀ ਸਰਬਜੀਤ ਦੀ ਕਹਾਣੀ ‘ਖੱਲਾਸੀ’ (ਪ੍ਰਵਚਨ, ਅਪਰੈਲ-ਜੂਨ) ਉੱਤਮ-ਪੁਰਖੀ ਨਾਰੀ ਬਿਰਤਾਂਤਕਾਰ ਰਾਹੀਂ ਪਿਤਰਕੀ ਕਦਰਾਂ-ਕੀਮਤਾਂ ਦੀ ਚੜ੍ਹਤ ਵਾਲੇ ਪੰਜਾਬੀ ਸਮਾਜ ਵਿੱਚ ਹਰ ਹੀਲੇ ਮੁੰਡਾ (ਵਾਰਸ) ਪੈਦਾ ਕਰਨ ਦੀ ਭੜਕੀ ਹੋਈ ਬੇਮੁਹਾਰ ਕਾਮਨਾ ਦਾ ਬਿਰਤਾਂਤ ਪੇਸ਼ ਕਰਦੀ ਹੈ‘ਮੈਂ’ ਪਾਤਰ ਖੁਸ਼ ਹੈ ਕਿ ਉਹ ਪਹਿਲੀ ਵਾਰੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਕਰਨ ਵਾਲੀ ਹੈ, ਪਰ ਪੇਕਿਆਂ-ਸੌਹਰਿਆਂ ਦੀਆਂ ਮੁੰਡਾ-ਮੁਖੀ ਪਿਤਰਕੀ ਚਾਹਤਾਂ ਉਸ ਦੀ ਖੁਸ਼ੀ ਨੂੰ ਤਣਾਅ ਵਿੱਚ ਬਦਲ ਦਿੰਦੀਆਂ ਹਨਕਹਾਣੀ ਦਾ ਵਿਸ਼ਾ-ਵਸਤੂ ਭਾਵੇਂ ਥੋੜ੍ਹਾ ਰਵਾਇਤੀ ਜਿਹਾ ਜਾਪਦਾ ਹੈ ਪਰ ਜਨ-ਜੀਵਨ ਦੇ ਪ੍ਰਮਾਣਿਕ ਵੇਰਵਿਆਂ ਵਾਲੀ ਗਲਪੀ ਭਾਸ਼ਾ ਅਤੇ ਨਾਟਕੀ ਸਰੂਪ ਵਾਲੀ ਬਿਰਤਾਂਤਕਾਰੀ, ਅਤੇ ਨਵ-ਨਾਰੀਵਾਦੀ ਨਜ਼ਰੀਆ ਕਹਾਣੀ ਨੂੰ ਮੁੱਲਵਾਨ ਬਣਾਉਂਦੇ ਹਨ

ਜਿੰਦਰ ਦੀ ਕਹਾਣੀ ‘ਘੇਰਾਬੰਦੀ’ (ਤਾਸਮਨ, ਜਨਵਰੀ-ਮਾਰਚ) ਉੱਤਮਪੁਰਖੀ ਬਿਰਤਾਂਤਕਾਰ ਰਾਹੀਂ, ਵਿਆਹ-ਸੰਸਥਾ ਦੇ ਪ੍ਰਸੰਗ ਵਿੱਚ, ਦੋ ਪੀੜ੍ਹੀਆਂ ਦੇ ਟਕਰਾਵੇਂ ਵਿਚਾਰਾਂ ਦਾ ਬਿਰਤਾਂਤ ਪੇਸ਼ ਕਰਦੀ ਹੈ‘ਮੈਂ’ ਪਾਤਰ ਦੀ ਪਤਨੀ ਆਪਣੇ ਆਲ਼ੇ-ਦੁਆਲ਼ੇ ਦੇ ਬਦਲੇ ਮਾਹੌਲ ਨੂੰ ਵੇਖਦਿਆਂ ਇਸ ਗੱਲੋਂ ਚਿੰਤਤ ਹੈ ਕਿ ਉਸ ਦਾ ਜਵਾਨ ਪੁੱਤ ਪ੍ਰਤੀਕ ਕਿਤੇ ਉਨ੍ਹਾਂ ਦੀ ਜਾਤ-ਬਰਾਦਰੀ ਤੋਂ ਬਾਹਰ, ਮਨਮਰਜ਼ੀ ਨਾਲ ਵਿਆਹ ਨਾ ਕਰਵਾ ਲਵੇਕਹਾਣੀ ਦੀ ਸਮਰੱਥਾ ਇਸ ਗੱਲ ਵਿੱਚ ਹੈ ਕਿ ਬਿਰਤਾਂਤਕਾਰ ਨਵੀਂ ਪੀੜ੍ਹੀ ਦੁਆਰਾ ਵਿਆਹ ਕਰਾਉਣ ਦੇ ਭਾਂਤ-ਸੁਭਾਂਤੇ ਤਜਰਬਿਆਂ ਨੂੰ ਦਰਸਾਉਂਦੇ ਉਪ-ਕਥਾਨਕਾਂ ਰਾਹੀਂ ਬਿਰਤਾਂਤ ਨੂੰ ਬਹੁ-ਆਵਾਜ਼ੀ ਬਣਾਉਣ ਦਾ ਸਫਲ ਯਤਨ ਕਰਦਾ ਹੈਬਿਰਤਾਂਤਕਾਰ ਦਾ ਕਥਨਮਈ ਅਤੇ ਵਿਸ਼ਲੇਸ਼ਣੀ ਅੰਦਾਜ਼ ਕਿਤੇ ਕਿਤੇ ਗਲਪ ਸੰਵੇਦਨਾ ਨੂੰ ਠੇਸ ਪਹੁੰਚਾਉਂਦਾ ਹੈ ਪਰ ਸਮੁੱਚੇ ਰੂਪ ਵਿੱਚ ਇਸ ਨਾਲ ਬਿਰਤਾਂਤ ਨੂੰ ਤਰਕਮਈ ਸੁਰ ਮਿਲੀ ਹੈ ਅਤੇ ਨਵੀਂ ਪੀੜ੍ਹੀ ਦੇ ਤਰਕਮਈ ਨਜ਼ਰੀਏ ਨੂੰ ਉਭਾਰਨ ਵਾਲਾ ਕਥਾ-ਵਿਵੇਕ ਵੀ ਸਿਰਜਿਆ ਜਾ ਸਕਿਆ ਹੈ

ਰਮਨਦੀਪ ਵਿਰਕ ਦੀ ਕਹਾਣੀ ‘ਚਲੋ ਛੱਡੋ’ (ਸਿਰਜਣਾ, ਅਪਰੈਲ-ਜੂਨ) ਉੱਤਮਪੁਰਖੀ ਬਿਰਤਾਂਤਕਾਰ ਰਾਹੀਂ ਉੱਚ ਮੱਧਵਰਗੀ ਔਰਤ ਦੇ ਭਾਵਨਾਤਮਕ ਵਿਗੋਚਿਆਂ ਦਾ ਬਿਰਤਾਂਤ ਪੇਸ਼ ਕਰਦੀ ਹੈਕੇਂਦਰੀ ਔਰਤ ਪਾਤਰ ਨੂੰ “ਵੱਡਾ ਖ਼ਾਨਦਾਨ, ਵੱਡੀ ਜਾਇਦਾਤ ਵਾਲਾ ਘਰ” ਮਿਲਿਆ ਹੈਮੁੰਡਾ ਵੀ “ਲੰਮ ਸਲੰਮਾ, ਸੋਹਣਾ, ਚੰਗੀ ਡੀਲ ਡੌਲ ਵਾਲਾ” ਪੂਰਨ ਮਰਦ ਹੈ, ਜੋ “ਪਿਆਰ ਵੀ ਬਹੁਤ ਜਿਤਾਉਂਦਾ ਹੈ” ਫਿਰ ਵੀ ਉਸ ਔਰਤ ਨੂੰ ਗੁੱਝੀ ਜਿਹੀ ਕਿਸੇ ਹੋਰ “… … ਦਾ ਰੀਅਲ ਹੀਰੋ” ਦੀ ਕਲਪਨਾ ਕਰਕੇ ਤ੍ਰਿਪਤੀ ਮਿਲਦੀ ਹੈ, ਜਿਹੜਾ ਆਦਰਸ਼ਕ ਪਤੀ ਵਜੋਂ ਬਿਨਾਂ ਦੱਸਿਆਂ ਸਭ ਕੁਝ ਸਮਝਦਾ ਹੋਵੇ, ਪਤਨੀ ਦੇ ਅਹਿਸਾਸਾਂ ਦਾ ਹਾਣੀ ਬਣ ਸਕਦਾ ਹੋਵੇਕਹਾਣੀ ਦੀ ਸਮਰੱਥਾ ਜਿੱਥੇ ਔਰਤ ਦੇ ਸੂਖ਼ਮ ਅਤੇ ਗੁੰਝਲਦਾਰ ਅੰਦਰਲੇ ਸੰਸਾਰ ਨੂੰ ਕਥਾ-ਵਸਤੂ ਬਣਾਉਣ ਵਿੱਚ ਹੈ, ਉੱਥੇ ਨਿਰਉਚੇਚ, ਸਜੀਵ ਅਤੇ ਪ੍ਰਗੀਤਕ ਗਲਪੀ ਭਾਸ਼ਾ ਦੀ ਸਿਰਜਣਾ ਕਰਕੇ ਵੀ ਹੈ

ਇਨ੍ਹਾਂ ਮੁਕਾਬਲਤਨ ਸਰਵੋਤਮ ਕਹਾਣੀਆਂ ਉੱਤੇ ਸਰਸਰੀ ਝਾਤ ਪਾਇਆਂ ਵੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬੀ ਬੰਦੇ ਦਾ ਅਜੋਕਾ ਪਰਵਾਸ, ਪੰਜਾਬੀ ਨਾਰੀ ਦੀ ਨਵੀਂ ਸਵੈ-ਪਛਾਣ, ਵਿਆਹ ਸੰਸਥਾ ਦਾ ਪਤਨ, ਔਰਤ-ਮਰਦ ਦੇ ਰਿਸ਼ਤਿਆਂ ਦੀ ਨਵੀਂ ਵਿਆਕਰਨ, ਦਲਿਤ ਚੇਤਨਾ ਦੇ ਨਵੇਂ ਸਰੋਕਾਰ, ਕਾਰੋਬਾਰੀ ਮੱਧਵਰਗ ਦੀਆਂ ਨਵੀਂਆਂ ਚਾਹਤਾਂ, ਸੋਸ਼ਲ ਮੀਡੀਆ ਦੇ ਬਹੁਪੱਖੀ ਪ੍ਰਭਾਵ ਆਦਿ ਵਿਸ਼ੇ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਦੇ ਕੇਂਦਰ ਵਿੱਚ ਰਹੇ ਹਨਨਵੀਂ ਟੈਕਨਾਲੋਜੀ, ਸੋਸ਼ਲ ਮੀਡੀਆ, ਓ.ਟੀ.ਟੀ. ਪਲੇਟਫਾਰਮ ਆਦਿ ਦੇ ਵਧਦੇ ਪ੍ਰਭਾਵਾਂ ਨੇ ਪੰਜਾਬੀ ਕਹਾਣੀਕਾਰ ਨੂੰ ਜਿੱਥੇ ਨਵੀਂ ਵਸਤੂ-ਸਮੱਗਰੀ ਦਿੱਤੀ ਹੈ, ਉੱਥੇ ਨਵਾਂ ਗਲਪੀ ਮੁਹਾਵਰਾ ਵੀ ਦਿੱਤਾ ਹੈਵਿਚਾਰਧਾਰਾ-ਵਿਸ਼ੇਸ਼ ਤੋਂ ਮੁਕਤ ਹੋ ਕੇ ਖੁੱਲ੍ਹੇ ਮਨ ਨਾਲ ਸੋਚਣ ਕਰਕੇ ਬਿਰਤਾਂਤਕਾਰ ਨੂੰ ਉੱਤਰ-ਮਾਨਵਵਾਦੀ ਨਜ਼ਰੀਆ ਮਿਲਿਆ ਹੈ, ਜਿਸ ਨਾਲ ਉਸ ਨੂੰ ਮਨੁੱਖ ਤੋਂ ਬਾਹਰ ਸਮੁੱਚੀ ਕਾਇਨਾਤ ਬਾਰੇ ਵੀ ਹਾਂ-ਪੱਖੀ ਢੰਗ ਨਾਲ ਸੋਚਣ ਲਈ ਉਤਸ਼ਾਹ ਮਿਲਿਆ ਹੈ

ਇਸ ਵਰ੍ਹੇ ਦੀ ਪੰਜਾਬੀ ਕਹਾਣੀ ਦੇ ਸਮੁੱਚੇ ਮਹਾਦ੍ਰਿਸ਼ ਉੱਤੇ ਝਾਤ ਪਾਉਂਦਿਆਂ ਜਿਹੜੇ ਕੁਝ ਵਿਸ਼ੇਸ਼ ਨੁਕਤੇ ਉੱਭਰਦੇ ਹਨ, ਉਨ੍ਹਾਂ ਬਾਰੇ ਟਿੱਪਣੀ ਰੂਪ ਵਿਚਾਰ ਦੇਣ ਦਾ ਯਤਨ ਕਰਦੇ ਹਾਂ:

* ਇਸ ਸਾਲ ਛਪੇ ਕੁਝ ਕਹਾਣੀ-ਸੰਗ੍ਰਹਿ ਪੰਜਾਬੀ ਕਹਾਣੀ ਦਾ ਹਾਸਲ ਬਣਦੇ ਹਨ, ਜਿਵੇਂ ਖੋਪੜੀ ਦਾ ਤਮਗ਼ਾ (ਸਾਂਵਲ ਧਾਮੀ), ਡਲਿਵਰੀਮੈਨ (ਭਗਵੰਤ ਰਸੂਲਪੁਰੀ), ਮੈਂ ਕੈਦ ਨਹੀਂ ਕੱਟਣੀ (ਬੂਟਾ ਸਿੰਘ ਚੌਹਾਨ), ਛਲਾਵਿਆਂ ਦੀ ਰੁੱਤ (ਅਲਫ਼ਾਜ਼), ਧੋਬੀ ਪਟਕਾ (ਅਮਰਜੀਤ ਸਿੰਘ ਮਾਨ), ਰੌਂਗ ਨੰਬਰ (ਪਵਿੱਤਰ ਕੌਰ ਮਾਟੀ), ਜੰਗਲ ਉੱਗੀ ਚੁੱਪ (ਰਾਸ਼ਿਦ ਜਾਵੇਦ ਅਹਿਮਦ) ਆਦਿ

* ਕੁਝ ਹੋਰ ਵੀ ਉੇਲੇਖਯੋਗ ਕਹਾਣੀ-ਸੰਗ੍ਰਹਿ ਛਪੇ ਹਨ, ਜਿਵੇਂ: ਜੇ ਤੂੰ ਨਾ ਮੰਨਦੀ (ਭੁਪਿੰਦਰ ਫੌਜੀ), ਫਨੀਅਰ (ਦਰਸ਼ਨ ਜੋਗਾ), ਨਗੰਦੇ (ਸਿਮਰਨ ਧਾਲੀਵਾਲ), ਬੰਦਾ ਮੈਨੂੰ ਪਸੰਦ ਏ (ਸਰਬਜੀਤ ਕੌਰ ਸੋਹਲ), ਅੱਖ ਵਿੱਚ ਅਟਕਿਆ ਗਲੇਡੂ (ਬਲਜੀਤ ਸਿੰਘ ਢਿੱਲੋਂ), ਤਮ੍ਹਾ (ਸਵਾਮੀ ਸਰਬਜੀਤ), ਅੱਖੋਂ ਤਿਲ੍ਹਕੀ ਰੋਸ਼ਨੀ (ਬੂਟਾ ਸਿੰਘ ਚੌਹਾਨ), ਰੰਗ ਜੋ ਸੂਹਾ ਨਹੀਂ ਸੀ (ਲਖਵਿੰਦਰ ਵਿਰਕ), ਆਪਣਾ ਘਰ (ਗੋਵਰਧਨ ਗੱਬੀ), ਪਰਛਾਵੇਂ ਨਹੀਂ ਮਰਦੇ (ਆਰ. ਐੱਸ. ਰਾਜਨ), ਜੁਮੈਟੋ ਗਰਲ (ਅੰਮ੍ਰਿਤਪਾਲ ਕਲੇਰ), ਸ਼ਾਇਦ … … ਮੈਨੂੰ ਪਛਾਣ ਲੈਣ (ਰਵਿੰਦਰ ਰੁਪਾਲ ਕੌਲਗੜ੍ਹ), ਦੋ ਗਿੱਠ ਜ਼ਮੀਨ (ਕਰਮਜੀਤ ਸਕਰੁੱਲਾਂਪੁਰੀ), ਮੋਈ ਮਾਂ ਦਾ ਦੁੱਧ (ਮਨਮੋਹਨ ਸਿੰਘ ਦਾਊਂ), ਹੱਥਾਂ ਵਿੱਚੋਂ ਕਿਰਦੀ ਰੇਤ (ਰਵਿੰਦਰ ਸਿੰਘ ਸੋਢੀ), ਪਰਦੇ ਓਹਲੇ (ਹਰਪ੍ਰੀਤ ਜਟਾਣਾ), ਉਸ ਰਾਤ ਕੀ ਹੋਇਆ (ਬਿੰਦਰ ਕੋਲੀਆ ਵਾਲ), ਸ਼ਮਸ਼ਾਨਘਾਟ ਸੌਂ ਗਿਆ (ਹਰਦੀਪ ਕੌਰ), ਆਖਰੀ ਕਤਾਰ ਦੇ ਯੋਧੇ (ਤੇਲੂ ਰਾਮ ਕੁਹਾੜਾ), ਰੱਬ ਖੈਰ ਕਰੇ (ਜ਼ੋਰਾਵਰ ਬਾਂਸਲ), ਡੁੱਬਦੇ ਸੂਰਜ ਦਾ ਅਕਸ (ਹਰਭਜਨ ਸਿੰਘ ਕਠਾਰਵੀ), ਕ੍ਰਿਸ਼ਮਾ (ਰਵਿੰਦਰ ਕੌਰ ਭਾਟੀਆ), ਦਹਿਸ਼ਤ ਦੇ ਪਰਛਾਵੇਂ (ਜਗਤਾਰ ਸਿੰਘ ਭੁੱਲਰ), ਟੁੱਟੀਆਂ ਤਕਦੀਰਾਂ (ਬਰਾੜ ਜੈਸੀ), ਕੋਰਾ ਕਾਗਜ਼ (ਯੁੱਧਵੀਰ ਔਲਖ) ਆਦਿ

* ਪਰਵਾਸੀ ਪੰਜਾਬੀ ਕਹਾਣੀਕਾਰਾਂ ਦੇ ਇਸ ਵਾਰ ਅੱਧੀ ਦਰਜਨ ਦੇ ਕਰੀਬ ਕਹਾਣੀ-ਸੰਗ੍ਰਹਿ ਛਪੇ ਹਨ, ਜਿਵੇਂ: ਬਲੈਕ ਆਈਸ (ਮੇਜਰ ਮਾਂਗਟ), ਰੌਂਗ ਨੰਬਰ (ਪਵਿੱਤਰ ਕੌਰ ਮਾਟੀ), ਫਿਰ ਮਿਲਾਂਗੇ (ਹਰਕੀਰਤ ਕੌਰ ਚਾਹਿਲ), ਧੁੰਦ ਵਿੱਚ ਜਗਦੀ ਬੱਤੀ (ਮਹਿੰਦਰਪਾਲ ਸਿੰਘ), ਮੈਮੋਰੀ ਲੇਨ (ਕਰਨੈਲ ਸਿੰਘ ਸ਼ੇਰਗਿੱਲ), ਸੂਰਜ ਹਾਰ ਗਿਆ (ਹਰਪ੍ਰੀਤ ਕੌਰ ਧੂਤ) ਆਦਿ

* ਤਾਸਮਨ’ (ਜੁਲਾਈ-ਦਸੰਬਰ) ਅੰਕ ਵੀ ਪਰਵਾਸੀ ਪੰਜਾਬੀ ਵਿਸ਼ੇਸ਼ ਅੰਕ ਸੀ ਜਿਸ ਵਿੱਚ ਦਸ ਸੱਜਰੀਆਂ ਕਹਾਣੀਆਂ ਛਾਪੀਆਂ ਗਈਆਂ

* ਪਰਵਾਸੀ ਪੰਜਾਬੀ ਕਹਾਣੀ ਗਿਣਤੀ ਵਿੱਚ ਤਾਂ ਅਜੇ ਵੀ ਕਾਫੀ ਛਪ ਰਹੀ ਹੈ ਪਰ ਨਵੇਂ ਅਨੁਭਵਾਂ ਵਾਲੀ ਕਲਾਤਮਕ ਕਹਾਣੀ ਮੁਸ਼ਕਿਲ ਨਾਲ ਇੱਕਾ-ਦੁੱਕਾ ਹੀ ਸਾਹਮਣੇ ਆਉਂਦੀ ਹੈਸੰਜੀਦਾ ਯਤਨ ਕਰੇ ਤਾਂ ਹਰਪ੍ਰੀਤ ਸੇਖਾ ਅਤੇ ਪਰਵੇਜ਼ ਸੰਧੂ ਤੋਂ ਬਾਅਦ ਪਵਿੱਤਰ ਕੌਰ ਮਾਟੀ ਪਰਵਾਸੀ ਪੰਜਾਬੀ ਕਹਾਣੀ ਦੇ ਭਵਿੱਖ ਦੀ ਨਵੀਂ ਸੰਭਾਵਨਾ ਬਣ ਸਕਦੀ ਹੈਉਸ ਕੋਲ ਨਵੇਂ ਅਨੁਭਵਾਂ ਨੂੰ ਗ੍ਰਹਿਣ ਕਰਨ ਦੀ ਸ਼ਿੱਦਤ ਭਰੀ ਚਾਹਤ ਵੀ ਹੈ ਅਤੇ ਬਿਰਤਾਂਤਕ ਪ੍ਰਗਟਾਵੇ ਦਾ ਹੁਨਰ ਵੀ, ਪਰ ਅਜੇ ਬਿਰਤਾਂਤਕਾਰ ਦੀ ਭੂਮਿਕਾ ਨੂੰ ਠੀਕ ਸਮਝਣ ਅਤੇ ਕਹਾਣੀ ਦੇ ਦਾਰਸ਼ਨਿਕ ਪਰਿਪੇਖ ਪ੍ਰਤੀ ਸੁਚੇਤ ਹੋਣ ਲਈ ਸਖ਼ਤ ਮਿਹਨਤ ਦੀ ਲੋੜ ਹੈ

* ਪਾਕਿਸਤਾਨੀ ਪੰਜਾਬੀ ਕਹਾਣੀ ਦੀ ਸਰਗਰਮੀ ਹਰੇਕ ਵਰ੍ਹੇ ਵਧਣ ਲੱਗੀ ਹੈਪ੍ਰਸਿੱਧ ਕਹਾਣੀਕਾਰ ਅਤੇ ਸੁਚੇਤ ਚਿੰਤਕ ਕਰਾਮਤ ਅਲੀ ਮੁਗਲ ਦੁਆਰਾ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਵੀਹ ਦਸੰਬਰ ਤਕ ਅੱਧੀ ਦਰਜਨ ਦੇ ਕਰੀਬ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ, ਜਿਵੇਂ ਮੁੱਖ ਚਿੱਤਰ (ਨਈਮ ਯਾਦ), ਨਿੱਕੇ ਵੱਡੇ ਦੁੱਖ (ਮੁਲਕ ਸ਼ਾਹ ਸਵਾਰ ਨਾਸਿਰ), ਇਸ਼ਕ ਦੇ ਦਰਸ਼ਨ (ਅਫ਼ਜ਼ਲ ਪਾਰਸ), ਇਸ਼ਕ ਦੀ ਨਵੀਓਂ ਨਵੀਂ ਬਹਾਰ (ਖ਼ਲੀਲ ਅਹਿਮਦ), ਬਤਰੀ ਧਾਰਾਂ (ਮਹਸਨ ਮਘਿਆਣਾ), ਜੰਗਲ ਉੱਗੀ ਚੁੱਪ (ਰਾਸ਼ਿਦ ਜਾਵੇਦ ਅਹਿਮਦ) ਆਦਿ

* ਦਸ ਕਰੋੜ ਪੰਜਾਬੀਆਂ ਦੀ ਵਸੋਂ ਦੇ ਹਿਸਾਬ ਨਾਲ ਇੰਨੀ ਕੁ ਕਹਾਣੀ ਸਿਰਜਣਾ ਭਾਵੇਂ ਬਹੁਤ ਘੱਟ ਜਾਪਦੀ ਹੈ ਪਰ ਢਾਹਾਂ ਪੁਰਸਕਾਰ ਨਾਲ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਨੂੰ ਨਵਾਂ ਹੁਲਾਰਾ ਜ਼ਰੂਰ ਮਿਲ਼ਿਆ ਹੈਇਸ ਲਈ ਹੁਣ ਵਿਧੀ-ਵੱਤ ਢੰਗ ਨਾਲ ਕਹਾਣੀ-ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਬਾਰੇ ਚਰਚਾ ਵੀ ਉਚੇਚ ਨਾਲ ਕਰਵਾਈ ਜਾਂਦੀ ਹੈਆਪਣੀ ਪਛਾਣ ਨੂੰ ਵਸੀਹ ਕਰਨ ਹਿਤ ਗੁਰਮੁਖੀ ਵਿੱਚ ਛਪਣ ਲਈ ਵੀ ਵਾਹਵਾ ਤਰੱਦਦ ਕੀਤਾ ਜਾਂਦਾ ਹੈਵੱਖ-ਵੱਖ ਰਿਸਾਲਿਆਂ ਵਿੱਚ ਛਪੀਆਂ ਦਰਜਨਾਂ ਕਹਾਣੀਆਂ ਤੋਂ ਇਲਾਵਾ ਇਸ ਵਾਰ ਸ਼ਬਦ (ਅਪਰੈਲ-ਸਤੰਬਰ) ਰਿਸਾਲੇ ਦੇ ਕਹਾਣੀ ਵਿਸ਼ੇਸ਼ ਅੰਕ ਵਿੱਚ ਹੀ ਤੇਰ੍ਹਾਂ ਕਹਾਣੀਆਂ ਛਪੀਆਂ ਹਨਕਹਾਣੀਕਾਰ ਖ਼ਾਲਿਦ ਫ਼ਰਹਾਦ ਧਾਰੀਵਾਲ ਦੋਹਾਂ ਲਿੱਪੀਆਂ ਦੇ ਵਟਾਂਦਰੇ ਲਈ ਮੁੱਲਵਾਨ ਕਾਰਜ ਕਰ ਰਿਹਾ ਹੈ

* ਸਥਾਪਿਤ ਪਾਕਿਸਤਾਨੀ ਪੰਜਾਬੀ ਕਹਾਣੀਕਾਰਾਂ ਦੇ ਨਾਲ ਨਾਲ਼ ਇਸ ਵਰ੍ਹੇ ਰਾਸ਼ਿਦ ਜਾਵੇਦ ਅਹਿਮਦ, ਰਖ਼ਸਿੰਦਾ ਨਵੀਦ ਅਤੇ ਅੰਬਰ ਹੁਸੈਨੀ ਦੀਆਂ ਕਹਾਣੀਆਂ ਨੇ ਪਾਠਕਾਂ ਦਾ ਉਚੇਚਾ ਧਿਆਨ ਖਿੱਚਿਆ ਹੈ

* ਇਸ ਸਾਲ ਢਾਹਾਂ ਪੁਰਸਕਾਰ ਫਿਰ ਤਿੰਨ ਕਹਾਣੀਕਾਰਾਂ- ਜਿੰਦਰ (ਸੇਫ਼ਟੀ ਕਿੱਟ), ਸੁਰਿੰਦਰ ਨੀਰ (ਟੈਬੂ) ਅਤੇ ਸ਼ਹਿਜ਼ਾਦ ਅਸਲਮ (ਜੰਗਲ ਰਾਖੇ ਜੱਗ ਦੇ)- ਦੇ ਹਿੱਸੇ ਆਇਆਇਹ ਤੱਥ ਤਿੰਨਾਂ ਪੰਜਾਬਾਂ ਵਿੱਚ ਨਾਵਲ ਦੇ ਮੁਕਾਬਲਤਨ ਕਹਾਣੀ ਦੇ ਵਧੇਰੇ ਚੰਗੀ ਹਾਲਤ ਵਿੱਚ ਹੋਣ ਦੀ ਗਵਾਹੀ ਭਰਨ ਵਾਲਾ ਹੈ

* ਮੈਲਾਨਿਨ (ਜਸਵਿੰਦਰ ਧਰਮਕੋਟ) ਅਤੇ ਝਾਂਜਰਾਂ ਵਾਲੇ ਪੈਰ (ਅਰਵਿੰਦਰ ਕੌਰ ਧਾਲੀਵਾਲ) ਕਹਾਣੀ-ਸੰਗ੍ਰਿਹਾਂ ਨੂੰ ਵੀ ਸਰਵੋਤਮ ਪੁਸਤਕਾਂ ਵਜੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ ਹੈ

* ਮੌਲਿਕ ਅਤੇ ਮਿਆਰੀ ਕਹਾਣੀਆਂ ਛਾਪਣ ਵਾਲੇ ਰਿਸਾਲਿਆਂ ਵਿੱਚ ਹੁਣ ਨਵੇਂ ਵੱਡ-ਆਕਾਰੀ ਰਿਸਾਲੇ ‘ਸੁਰਤਿ’ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ

* ਹਰੇਕ ਵਰ੍ਹੇ ਦੀ ਤਰ੍ਹਾਂ ‘ਪ੍ਰਵਚਨ’ ਨੇ ਕਹਾਣੀ ਗੋਸ਼ਟੀ ਅੰਕ (ਜਨਵਰੀ-ਮਾਰਚ) ਅਤੇ ‘ਸ਼ਬਦ’ (ਅਕਤੂਬਰ-ਦਸੰਬਰ) ਨੇ ਸੱਤਵੀਂ ਕੇਸਰ ਸਿੰਘ ਵਾਲਾ ਗੋਸ਼ਟੀ ਦੀ ਸਮੱਗਰੀ ਛਾਪ ਕੇ ਕਹਾਣੀ ਸੰਬੰਧੀ ਗੰਭੀਰ ਵਿਚਾਰ-ਚਰਚਾ ਲਈ ਮਾਹੌਲ ਪੈਦਾ ਕੀਤਾ

* ਕਹਾਣੀਆਂ ਦੇ ਸੰਗ੍ਰਹਿ ਗ਼ੈਰ-ਸੰਜੀਦਾ ਢੰਗ ਨਾਲ ਸੰਪਾਦਤ ਕਰਨ ਦਾ ਰੁਝਾਨ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਕਾਫ਼ੀ ਪ੍ਰਚਲਿਤ ਹੈ ਪਰ ਵਿੱਚ ਵਿੱਚ ਕੋਈ ਗੰਭੀਰ ਕਾਰਜ ਵੀ ਵੇਖਣ ਨੂੰ ਮਿਲ ਜਾਂਦਾ ਹੈਜਸਵੀਰ ਸਿੰਘ ਰਾਣਾ ਵੱਲੋਂ ਸੰਪਾਦਤ ਕਹਾਣੀ-ਸੰਗ੍ਰਹਿ ‘ਕਫ਼ਨ ਦੀ ਜੇਭ ਨਹੀਂ ਹੁੰਦੀ’ (ਲੁੰਪਨ ਸ਼੍ਰੇਣੀ ਨਾਲ ਸੰਬੰਧਿਤ ਪਾਤਰਾਂ ਦੀਆਂ ਕਹਾਣੀਆਂ), ਨਿਰੰਜਨ ਬੋਹਾ ਤੇ ਮੇਘ ਰਾਜ ਮਿੱਤਰ ਵੱਲੋਂ ਸੰਪਾਦਤ ਕਹਾਣੀ-ਸੰਗ੍ਰਹਿ ‘… … ਦੂਰ ਤੱਕ’ (ਜੀਵਨ ਦੇ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰਦੀਆਂ ਕਹਾਣੀਆਂ) ਧਿਆਨ ਖਿੱਚਣ ਵਾਲੇ ਹਨਵਿਸਤਾਰਪੂਰਵਕ ਤੇ ਤਰਕਪੂਰਨ ਭੂਮਿਕਾ ਸਮੇਤ ਅਜਿਹੇ ਵਿਸ਼ੇ-ਵਾਰ ਕਹਾਣੀ-ਸੰਗ੍ਰਹਿ ਸੰਪਾਦਤ ਕਰਨ ਦੀ ਬਹੁਤ ਜ਼ਰੂਰਤ ਹੈ

* ਇਸ ਸਾਲ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਥੰਮ੍ਹ ਅਤੇ ਕਹਾਣੀ ਕਹਿਣ ਦੇ ਹੁਨਰ ਵਿੱਚ ਨਿਪੁੰਨ ਕਹਾਣੀਕਾਰ ਸੁਖਜੀਤ ਦੇ ਸਦੀਵੀ ਵਿਛੋੜੇ ਨਾਲ ਵੱਡਾ ਵਿਗੋਚਾ ਮਹਿਸੂਸ ਕੀਤਾ ਗਿਆਉਨ੍ਹਾਂ ਤੋਂ ਇਲਾਵਾ ਪਰਵਾਸੀ ਕਹਾਣੀਕਾਰ ਰਬਿੰਦਰ ਸਿੰਘ ਅਟਵਾਲ, ਬਲਬੀਰ ਸਿੰਘ ਮੋਮੀ ਅਤੇ ਬਜ਼ੁਰਗ ਕਥਾਕਾਰ ਮੇਵਾ ਸਿੰਘ ਤੁੰਗ ਤੇ ਅਸ਼ੋਕ ਚਰਨ ਆਲਮਗੀਰ ਵੀ ਅਕਾਲ ਚਲਾਣਾ ਕਰ ਗਏ ਹਨ

ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ਵਰ੍ਹੇ ਵੀ ਅਖ਼ਬਾਰਾਂ, ਰਿਸਾਲਿਆਂ, ਪੁਸਤਕਾਂ ਅਤੇ ਸੋਸ਼ਲ ਮੀਡੀਆ ਰਾਹੀਂ ਵੱਡੀ ਮਾਤਰਾ ਵਿੱਚ ਮੌਲਿਕ ਪੰਜਾਬੀ ਕਹਾਣੀ ਪ੍ਰਕਾਸ਼ਿਤ ਹੋਈ ਹੈ ਪਰ ਗੁਣਾਤਮਿਕ ਪੱਖੋਂ ਕਲਾਸਕੀ ਮਹੱਤਤਾ ਵਾਲ਼ੀਆਂ ਪੰਜ ਕਹਾਣੀਆਂ ਗਿਣਾ ਸਕਣਾ ਵੀ ਔਖਾ ਜਾਪਦਾ ਹੈ ਇਸਦਾ ਅੰਦਾਜ਼ਾ ਇਸ ਤੱਥ ਨਾਲ ਵੀ ਹੋ ਜਾਂਦਾ ਹੈ ਕਿ ਢਾਹਾਂ ਪੁਰਸਕਾਰ ਲਈ ਪਹਿਲੇ ਇਨਾਮ ਵਾਸਤੇ ਵੀ ਬਹੁਤੀ ਵਾਰੀ ਦਰਮਿਆਨੇ ਦਰਜੇ ਦੇ ਕਹਾਣੀ-ਸੰਗ੍ਰਹਿ ਨੂੰ ਪਹਿਲੇ ਦਰਜੇ ਦਾ ਮੰਨਣ ਦੀ ਮਜਬੂਰੀ ਬਣ ਜਾਂਦੀ ਹੈ ਅੱਧ-ਪੱਕੀਆਂ ਕਹਾਣੀਆਂ ਦੇ ਪੂਰਾਂ ਦੇ ਪੂਰ ਛਪਣ ਕਾਰਨ ਬਹੁਤੀ ਕੱਚਘਰੜ ਪੰਜਾਬੀ ਕਹਾਣੀ ਨੂੰ ਪੜ੍ਹਨ ਦਾ ਕੰਮ ਤਾਂ ਸੰਜੀਦਾ ਪਾਠਕ ਨੂੰ ਸਜ਼ਾ ਵਰਗਾ ਜਾਪਣ ਲੱਗ ਪਿਆ ਹੈਨਿਰਾਸ਼ਾ ਦੇ ਆਲਮ ਵਿੱਚ ਆਸ਼ਾ ਦੀ ਕਿਰਨ ਉਹ ਚੰਦ ਕੁ ਕਹਾਣੀਕਾਰ ਹੀ ਹਨ ਜਿਹੜੇ ਆਪਣੀ ਪੂਰੀ ਸਮਰੱਥਾ ਅਤੇ ਸਾਧਨਾਂ ਨਾਲ ਆਪਣੇ ਸਮਕਾਲੀ ਵਸਤੂ-ਯਥਾਰਥ ਨੂੰ ਡੁੰਘਾਈ ਨਾਲ ਗ੍ਰਹਿਣ ਕਰਕੇ ਕਲਾਤਮਕ ਗਲਪ-ਬਿੰਬ ਰਾਹੀਂ ਪੇਸ਼ ਕਰਨ ਦਾ ਉਪਰਾਲਾ ਕਰਦੇ ਹਨ ਅਤੇ ਯਾਦਗਾਰੀ ਕਹਾਣੀਆਂ ਸਿਰਜ ਰਹੇ ਹਨ

ਵਿਸਤਾਰ ਦੇ ਡਰੋਂ ਇਸ ਵਾਰ ਮੈਂ ਸਿਰਫ ਬਿਰਤਾਂਤਕਾਰ ਦੀ ਭੂਮਿਕਾ ਬਾਰੇ ਗੱਲ ਕਰ ਸਕਿਆ ਹਾਂ ਪਰ ਕਹਾਣੀਕਾਰਾਂ ਨੂੰ ਕਹਾਣੀ-ਰੂਪਾਕਾਰ ਦੇ ਸਮੂਹ ਤੱਤਾਂ ਅਤੇ ਉਨ੍ਹਾਂ ਦੇ ਸਜੀਵ ਪ੍ਰਬੰਧ ਸਿਰਜਣ ਦੇ ਹੁਨਰ ਬਾਰੇ ਸੁਚੇਤ ਹੋਣ ਦੀ ਜ਼ਰੂਰਤ ਹੈਅਜਿਹਾ ਕਰਕੇ ਹੀ ਉਹ ਦੇਸ਼-ਕਾਲ ਦੀਆਂ ਹੱਦਾਂ ਉਲੰਘ ਜਾਣ ਵਾਲੀ ਕਲਾਤਮਕ ਅਤੇ ਕਲਾਸਕੀ ਮਹੱਤਤਾ ਵਾਲੀ ਕਹਾਣੀ ਲਿਖਣ ਵਿੱਚ ਸਫ਼ਲਤਾ ਹਾਸਲ ਕਰ ਸਕਣਗੇਮੇਰੀ ਇਹ ਮੰਗ ਹਮੇਸ਼ਾ ਬਣੀ ਰਹੇਗੀ, ਉਮੀਦ ਹੈ ਨਵਾਂ ਪੰਜਾਬੀ ਕਹਾਣੀਕਾਰ ਇਸ ਪੱਖੋਂ ਹੋਰ ਸੁਜੱਗ ਹੋ ਕੇ ਕਾਰਜਸ਼ੀਲ ਹੋਵੇਗਾ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5574)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Baldev S Dhaliwal Dr.

Baldev S Dhaliwal Dr.

Phone: (91 - 98728 - 35835)
Email: (dhaliwal_baldev@hotmail.com)

More articles from this author