“ਇਸ ਪੱਖੋਂ ਵੇਖਦਿਆਂ ਜਿਨ੍ਹਾਂ ਕੁਝ ਕਹਾਣੀਆਂ ਨੇ ਉਚੇਚਾ ਧਿਆਨ ਖਿੱਚਿਆ ਹੈ ਉਨ੍ਹਾਂ ਦਾ ਜ਼ਿਕਰ ...”
(6 ਜਨਵਰੀ 2020)
ਕਲਾ ਦੀ ਇਕ ਅਹਿਮ ਵੰਨਗੀ ਹੈ ਸਾਹਿਤ ਅਤੇ ਸਾਹਿਤ ਦਾ ਇਕ ਬਹੁਤ ਹੀ ਸ਼ਕਤੀਸ਼ਾਲੀ ਰੂਪ ਹੈ ਬਿਰਤਾਂਤ। ਕਹਾਣੀ, ਬਿਰਤਾਂਤ ਦਾ ਹਰਮਨਪਿਆਰਾ ਰੂਪਾਕਾਰ ਹੈ। ਇਸ ਲਈ, ਨਿਰਸੰਦੇਹ, ਕਹਾਣੀ ਦੀ ਅਹਿਮੀਅਤ ਅਤੇ ਤਾਕਤ ਇਸ ਦੀ ਬਿਰਤਾਂਤਕਾਰੀ ਦੇ ਹੁਨਰ ਕਰਕੇ ਹੀ ਹੁੰਦੀ ਹੈ। ਵਿਸ਼ੇ-ਵਸਤੂ ਦੀ ਨਵੀਨਤਾ, ਪਾਠਕ/ਸਰੋਤੇ ਦੇ ਮਨ-ਮਸਤਕ ਨੂੰ ਸੰਮੋਹਿਤ ਕਰਨ ਵਾਲੀਆਂ ਗਲਪੀ ਜੁਗਤਾਂ (ਕਹਾਣੀਪਣ) ਅਤੇ ਕਿਸੇ ਵਿਚਾਰਧਾਰਾ-ਵਿਸ਼ੇਸ਼ ਦੇ ਆਰੋਪਣ ਤੋਂ ਮੁਕਤ ਸਹਿਜ ਬਿਆਨੀ ਇਸ ਹੁਨਰ ਦੇ ਤਿੰਨ ਥੰਮ੍ਹ ਹੁੰਦੇ ਹਨ। ਜਿਵੇਂ ਕਿਹਾ ਜਾਂਦਾ ਹੈ, ‘ਹੱਥ ਲਾਇਆਂ ਕੁਮਲਾਣ ਵੇ ਲਾਜਵੰਤੀ ਦੇ ਬੂਟੇ’, ਉਵੇਂ ਕਹਾਣੀ ਰੂਪਾਕਾਰ ਨਾਲ ਅਢੁੱਕਵੇਂ ਤਜ਼ਰਬਿਆਂ ਰਾਹੀਂ ਕੀਤੀ ਗਈ ਛੇੜ-ਛਾੜ ਨਾਲ ਇਸ ਵਿਧਾ ਦੀ ਆਭਾ ਦਾ ਜਲੌਅ ਮੱਧਮ ਪੈ ਜਾਂਦਾ ਹੈ। ਅਢੁੱਕਵੇਂ ਸ਼ਬਦ ਉੱਤੇ ਮੈਂ ਵਧੇਰੇ ਬਲ ਇਸ ਲਈ ਦਿੱਤਾ ਹੈ ਕਿ ਇਹ ਵਿਧਾ ਇਕ ਖੁੱਲ੍ਹੇ ਸਰੂਪ ਵਾਲੀ ਹੈ ਅਤੇ ਉਂਜ ਇਸ ਵਿਚ ਨਵੇਂ ਅਤੇ ਢੁੱਕਵੇਂ ਤਜ਼ਰਬਿਆਂ ਦੀ ਕੋਈ ਮਨਾਹੀ ਨਹੀਂ। ਬਲਕਿ ਇਸ ਵਿਧਾ ਵਿਚ ਤਾਂ ਕਲਾ ਦੀਆਂ ਗੈਰ-ਸਾਹਿਤਕ ਵੰਨਗੀਆਂ ਦੇ ਨਾਲ ਨਾਲ ਵਿਗਿਆਨ ਅਤੇ ਸਮਾਜ-ਵਿਗਿਆਨ ਦੇ ਖੇਤਰਾਂ ਦੀਆਂ ਸੰਚਾਰ-ਜੁਗਤਾਂ ਨੂੰ ਵੀ ਬਾਖ਼ੂਬੀ ਇਸਤੇਮਾਲ ਕੀਤਾ ਗਿਆ ਮਿਲਦਾ ਹੈ। ਸ਼ਰਤ ਸਿਰਫ਼ ਏਨੀ ਹੈ ਕਿ ਉਨ੍ਹਾਂ ਸੰਚਾਰ-ਜੁਗਤਾਂ ਦਾ ਅਨੁਪਾਤ ਸੰਤੁਲਿਤ ਮਾਤਰਾ ਵਾਲਾ ਹੋਣਾ ਜ਼ਰੂਰੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਕਹਾਣੀ-ਬਿਰਤਾਂਤ, ਕਹਾਣੀ-ਵਿਧਾ ਦੀ ਥਾਂ, ਕਿਸੇ ਹੋਰ ਰੂਪ ਵੱਲ ਤਿਲਕ ਜਾਂਦਾ ਹੈ। ਮਿਸਾਲ ਵਜੋਂ ਕਹਾਣੀ ਵਿਅੰਗ, ਪਾਪੂਲਰ ਬਿਰਤਾਂਤ (ਉਪਭੋਗੀ), ਗਲਪੀ ਨਿਬੰਧ, ਭਾਸ਼ਣੀ ਪ੍ਰਵਚਨ, ਕਿੱਸਾਗੋਈ, ਯਾਦ, ਰੇਖਾ-ਚਿੱਤਰ ਆਦਿ ਦੇ ਖੇਮੇ ਵਿਚ ਜਾ ਡਿਗਦੀ ਹੈ। ਕਿਸੇ ਵੀ ਤਰ੍ਹਾਂ ਦੇ ਮਨੋਰਥਵਾਦ ਦੀ ਸਿੱਧੀ ਲਈ ਕਹਾਣੀ ਰੂਪਾਕਾਰ ਨੂੰ ਮਾਧਿਅਮ ਬਣਾਉਣ ਵੇਲੇ ਰੂਪ-ਵਿਗਾੜ ਦੀ ਇਹ ਗੱਲ ਪੰਜਾਬੀ ਕਹਾਣੀ ਵਿਚ ਆਮ ਹੀ ਵਾਪਰਦੀ ਰਹੀ ਹੈ। ਸੁਧਾਰਵਾਦ, ਪ੍ਰਗਤੀਵਾਦ, ਦਲਿਤਵਾਦ, ਨਾਰੀਵਾਦ, ਪ੍ਰਯੋਗਵਾਦ, ਮੰਡੀਵਾਦ (ਪਾਪੂਲਰ) ਦੇ ਝੁਕਾਵਾਂ ਵਾਲੀ ਪੰਜਾਬੀ ਕਹਾਣੀ ਵਿਚ ਅਜਿਹਾ ਹੁਣ ਵੀ ਵਾਪਰਦਾ ਆਮ ਹੀ ਵੇਖਿਆ ਜਾ ਸਕਦਾ ਹੈ।
ਕਹਾਣੀ ਰੂਪਾਕਾਰ ਦੇ ਬਿਰਤਾਂਤਕ ਸੰਜਮ, ਸਲੀਕੇ ਅਤੇ ਸੁਹਜ ਵੱਲੋਂ ਅਵੇਸਲੇ ਹੋਣ ਕਰਕੇ ਕਈ ਕਹਾਣੀਕਾਰ ਵਿਸ਼ੇ-ਵਸਤੂ ਦੀ ਨਵੀਨਤਾ ਦੇ ਬਾਵਜੂਦ ਆਪਣੀ ਕਹਾਣੀ ਨੂੰ ਕਲਾਸਕੀ ਰੰਗਣ ਦੇਣ ਤੋਂ ਵਾਂਝੇ ਰਹਿ ਜਾਂਦੇ ਹਨ। ਮਿਸਾਲ ਵਜੋਂ ਦੀਪਤੀ ਬਬੂਟਾ ਦੀ ਕਹਾਣੀ ‘ਭਗਵੇਂ ਬੱਦਲਾਂ ਵਿੱਚ ਫਸੇ ਸਿੰਗ’ (ਕਹਾਣੀ ਧਾਰਾ, ਅਕਤੂਬਰ-ਦਸੰਬਰ) ਨੂੰ ਵੇਖਦੇ-ਵਾਚਦੇ ਹਾਂ। ਦੀਪਤੀ ਬਬੂਟਾ ਪਿਛਲੇ ਕੁਝ ਸਾਲਾਂ ਵਿਚ ਉੱਭਰੀ ਬਹੁਤ ਸਮਰੱਥ ਕਥਾਕਾਰ ਹੈ। ਉਹ ਜਿਸ ਵਿਸ਼ੇ ਨੂੰ ਆਪਣਾ ਕਥਾ-ਵਸਤੂ ਬਣਾਉਂਦੀ ਹੈ ਉਸ ਨਾਲ ਸਬੰਧਿਤ ਢੇਰ ਸਾਰੀ ਸਮੱਗਰੀ ਇਕੱਤਰ ਕਰਨ ਉਪਰੰਤ ਹੀ ਕਥਾਕਾਰੀ ਦੇ ਅਮਲ ਵਿਚ ਪੈਂਦੀ ਹੈ। ਲੋੜੀਂਦੇ ਇਤਿਹਾਸਕ-ਮਿਥਿਹਾਸਕ ਵੇਰਵਿਆਂ ਦੀ ਭਰਪੂਰਤਾ ਅਤੇ ਵਸਤੂ-ਚੋਣ ਦੀ ਨਵੀਨਤਾ ਉਸ ਦੀ ਸ਼ਕਤੀ ਬਣਦੀ ਹੈ। ਯਥਾਰਥਕ ਗਲਪੀ-ਭਾਸ਼ਾ ਦਾ ਭੰਡਾਰ ਵੀ ਉਸ ਕੋਲ ਮੌਜੂਦ ਹੁੰਦਾ ਹੈ। ਡਾਂਸ-ਗਰੁੱਪਾਂ ਵਿੱਚ ਕੰਮ ਕਰਦੀਆਂ ਕੁੜੀਆਂ ਅਤੇ ਪ੍ਰਬੰਧਕਾਂ ਦੇ ਵਿਹਾਰ ਬਾਰੇ ਪਿਛਲੇ ਸਾਲ ਪ੍ਰਸਿੱਧ ਹੋਈ ਉਸਦੀ ਕਹਾਣੀ ‘ਡਾਂਸ ਫਲੋਰ’ (ਕਹਾਣੀ ਧਾਰਾ-18) ਦੇ ਹਵਾਲੇ ਨਾਲ ਉਪਰਲੀ ਧਾਰਨਾ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਪਰ ਉਸ ਦੇ ਲਿਖਣ ਦੀ ਰਫ਼ਤਾਰ ਕਾਫੀ ਤੇਜ ਹੈ; ਇਸ ਲਈ ਕਾਹਲੀ ਉਸ ਨੂੰ ਬਿਰਤਾਂਤਕਾਰੀ ਦੇ ਹੁਨਰ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹੋਣ ਦਿੰਦੀ।
ਇਸ ਸਾਲ ਦੀਪਤੀ ਬਬੂਟਾ ਦੀ ਕਹਾਣੀ ‘ਭਗਵੇਂ ਬੱਦਲਾਂ ਵਿੱਚ ਫਸੇ ਸਿੰਗ’ ਗਊ-ਰੱਖਿਆ ਦੇ ਹਵਾਲੇ ਨਾਲ ਅਜੋਕੀ ਭਾਰਤੀ ਵਿਵਸਥਾ ਦੀਆਂ ਵਿਭਿੰਨ ਪਰਤਾਂ ਦਾ ਬਿਰਤਾਂਤ ਸਿਰਜਦੀ ਹੈ। ਗਊ ਦੇ ਮਾਤਾ ਹੋਣ ਨਾਲ ਜੁੜਿਆ ਇਤਿਹਾਸ-ਮਿਥਿਹਾਸ, ਅਜੋਕੇ ਸਭਿਆਚਾਰਕ ਪ੍ਰਸੰਗ ਵਿਚ ਗਊ-ਮਾਤਾ ਦੇ ਵਰਤਾਰੇ ਨਾਲ ਜੁੜੀ ਜਨ-ਮਾਨਸਿਕਤਾ, ਵੋਟਾਂ ਬਟੋਰਨ ਵਾਲੀ ਰਾਜਸੀ ਸਿਆਸਤ ਅਤੇ ਗਊਆਂ-ਢੱਟਿਆਂ ਦੇ ਬੇਮੁਹਾਰ ਵੱਗਾਂ ਨਾਲ ਲੀਹੋਂ ਲੱਥੀ ਆਮ ਆਦਮੀ ਦੀ ਜ਼ਿੰਦਗੀ ਦੇ ਬੇਸ਼ੁਮਾਰ ਵੇਰਵੇ ਇਸ ਕਹਾਣੀ ਦੀ ਸ਼ਕਤੀ ਬਣ ਕੇ ਇਸ ਨੂੰ ਰਾਜਸੀ ਅਤੇ ਸਭਿਆਚਾਰਕ ਅਵਚੇਤਨ ਦੀ ਕਲਾਸਿਕ ਰਚਨਾ ਬਣਾ ਸਕਦੇ ਸਨ ਪਰ ਅਜਿਹਾ ਹੋ ਨਹੀਂ ਸਕਿਆ। ਕਾਰਣ ਸਪਸ਼ਟ ਹੈ ਕਿ ਇਸ ਵਰਤਾਰੇ ਦੇ ਪਿੱਛੇ ਕੰਮ ਕਰ ਰਹੀ ਰਾਜਸੀ ਧਿਰ ਦੀ ਸੰਪਰਦਾਇਕ ਸੋਚ ਉੱਤੇ ਤਿੱਖਾ ਵਿਅੰਗਮਈ ਤਬਸਰਾ ਕਰਨ ਦੀ ਮਨੋਰਥਵਾਦੀ ਚਾਹਤ ਹੌਲੀ ਹੌਲੀ ਕਹਾਣੀ ਨੂੰ ਵਿਅੰਗਮਈ ਗਲਪੀ ਤਬਸਰੇ ਦੀ ਵਿਧਾ ਵੱਲ ਧਕੇਲਣਾ ਸ਼ੁਰੂ ਕਰ ਦਿੰਦੀ ਹੈ। ਵੈਸੇ ਇਸ ਗੱਲ ਦੀ ਭਿਣਕ ਪਾਠਕ ਨੂੰ ਕਹਾਣੀ ਦੇ ਵਿਅੰਗਮਈ ਸਿਰਲੇਖ ਤੋਂ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ। ਹਾਲਾਂ ਕਿ ਕਹਾਣੀ ਦਾ ਆਰੰਭ ਜਿਸ ਤਰ੍ਹਾਂ ਗਲਪੀ-ਭਾਸ਼ਾ ਦੀ ਪ੍ਰਕਾਰਜ਼ੀ ਅਤੇ ਕਲਾਤਮਕ ਆਭਾ ਨਾਲ ਹੁੰਦਾ ਹੈ, ਉਸ ਤਰ੍ਹਾਂ ਦਾ ਜਲੌਅ ਪੂਰੀ ਕਹਾਣੀ ਵਿਚ ਕਾਇਮ ਰਹਿੰਦਾ ਤਾਂ, ਨਿਰਸੰਦੇਹ, ਇਹ ਕਹਾਣੀ ਸ਼ਾਹਕਾਰ ਹੋ ਨਿੱਬੜਦੀ। ਪਰ ਪਾਤਰ ਉਸਾਰੀ ਅਤੇ ਤਰਕਪੂਰਨ ਘਟਨਾਵੀਂ ਪ੍ਰਬੰਧ ਵੱਲ ਪੂਰਾ ਧਿਆਨ ਨਹੀਂ ਦਿੱਤਾ ਗਿਆ।
ਬਿਰਤਾਂਤਕਾਰੀ ਵਜੋਂ ਅਜਿਹਾ ਅਸਾਵਾਂਪਣ ਅਤੇ ਝੋਲ ਵੱਖ ਵੱਖ ਰੰਗਾਂ-ਰੂਪਾਂ ਵਿਚ ਇਸ ਸਾਲ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਵਿਚ ਵੀ ਵੇਖਣ ਨੂੰ ਮਿਲਦਾ ਹੈ, ਜਿਵੇਂ ਰਵੀ ਡਿਫੈਂਡਰ (ਭਗਵੰਤ ਰਸੂਲਪੁਰੀ, ਸਿਰਜਣਾ, ਅਕਤੂਬਰ-ਦਸੰਬਰ), ਸਿਆਸਤ ਖੇਡ ਬਾਬਾ, ਸਿਆਸਤ (ਜਿੰਦਰ, ਅੱਖਰ, ਅਕਤੂਬਰ-ਦਸੰਬਰ), ਪੰਡਿਤ ਜੀ ਉਰਫ਼ ਪਰਸ ਰਾਮ (ਬਲਵਿੰਦਰ ਸਿੰਘ ਗਰੇਵਾਲ, ਸਿਰਜਣਾ, ਜੁਲਾਈ-ਸਤੰਬਰ), ਬੀ ਪੌਜੇਟਿਵ ਯਾਰ (ਬਲੀਜੀਤ, ਕਹਾਣੀ ਧਾਰਾ, ਅਪ੍ਰੈਲ-ਜੂਨ), ਬਚਨਾ (ਗੁਰਮੀਤ ਕੜਿਆਲਵੀ, ਹੁਣ, ਮਈ-ਅਗਸਤ), ਬੰਦੇ ਦਾ ਪੁੱਤ (ਸਾਂਵਲ ਧਾਮੀ, ਹੁਣ, ਸਤੰਬਰ-ਦਸੰਬਰ), ਓੜਕਿ ਸਚਿ ਰਹੀ (ਦੀਪ ਦੇਵਿੰਦਰ ਸਿੰਘ, ਹੁਣ, ਸਤੰਬਰ-ਦਸੰਬਰ), ਪੇਜ ਨੰਬਰ ਦੋ ਸੌ ਛਿਪੰਜਾ (ਦਵਿੰਦਰ ਮੰਡ, ਕਹਾਣੀ ਧਾਰਾ, ਜੁਲਾਈ-ਸਤੰਬਰ), ਗੰਢ ਤਰੁੱਪ (ਰਾਣੀ ਨਗੇਂਦਰ, ਰਾਗ, ਜਨਵਰੀ-ਅਪ੍ਰੈਲ), ਤੇਰੇ ਬਗੈਰ (ਦੀਪਤੀ ਬਬੂਟਾ, ਪ੍ਰਵਚਨ, ਜਨਵਰੀ-ਮਾਰਚ), ਘੁੱਗੀਆਂ ਦਾ ਜੋੜਾ (ਪ੍ਰਵਚਨ, ਜਨਵਰੀ-ਮਾਰਚ), ਤਾਂ ਫਿਰ ਮੈਂ ਕਿੱਥੇ ਹਾਂ (ਜਸਵੀਰ ਰਾਣਾ, ਤ੍ਰਿਸ਼ੰਕੂ, 88-89 ਅੰਕ), ਟੁੱਟ ਭੱਜ (ਸੁਰਿੰਦਰ ਰਾਮਪੁਰੀ, ਪ੍ਰਤੀਮਾਨ, ਜੁਲਾਈ-ਸਤੰਬਰ), ਆਈ ਪੁਰੇ ਦੀ ਵਾਅ (ਨੈਣ ਸੁੱਖ, ਕਹਾਣੀ ਧਾਰਾ, ਅਪ੍ਰੈਲ-ਜੂਨ), ਮੁਸ਼ਕੀਆਂ ਜੁਰਾਬਾਂ (ਹਰਜਿੰਦਰ ਸਿੰਘ ਸੂਰੇਵਾਲੀਆ, ਰਾਗ, ਜਨਵਰੀ-ਅਪ੍ਰੈਲ), ਖਜੂਰਾਂ (ਸੁਖਜੀਤ, ਹੁਣ, ਮਈ-ਅਗਸਤ), ਇਹ ਝਾਂਜਰ ਤੂੰ ਨਾ ਪਾਵੀਂ (ਅਜਮੇਰ ਸਿੱਧੂ, ਰਾਗ, ਸਤੰਬਰ-ਦਸੰਬਰ), ਕਾਲੀ ਗੁਫ਼ਾ (ਸੁਰਜੀਤ ਬਰਾੜ, ਤ੍ਰਿਸ਼ੰਕੂ, 88-89 ਅੰਕ), ਕਾਗ (ਸੁਰਿੰਦਰ ਨੀਰ, ਤ੍ਰਿਸ਼ੰਕੂ, ਅੰਕ 88-89), ਸਦਗਤੀ (ਕਿਰਪਾਲ ਕਜ਼ਾਕ, ਹੁਣ, ਜਨਵਰੀ-ਅਪ੍ਰੈਲ), ਇਕ ਛੋਟੀ ਜਿਹੀ ਬੇ-ਵਫ਼ਾਈ (ਜਸਵੀਰ ਰਾਣਾ, ਸ਼ਬਦ, ਅਪ੍ਰੈਲ-ਜੂਨ), ਪਲੇਸ ਵੈਲਿਊ (ਕੇਸਰਾ ਰਾਮ, ਹੁਣ, ਜਨਵਰੀ-ਅਪ੍ਰੈਲ), ਖੂਹ ਤੇ ਖਾਈ (ਖ਼ਾਲਿਦ ਹੁਸੈਨ, ਸ਼ਬਦ, ਅਪ੍ਰੈਲ-ਜੂਨ) ਆਦਿ। ਇਹ ਸਾਰੇ ਸਥਾਪਿਤ ਕਹਾਣੀਕਾਰ ਹਨ ਪਰ ਕਿਸੇ ਨਾ ਕਿਸੇ ਤਰ੍ਹਾਂ ਦਾ ਮਨੋਰਥਵਾਦ ਜਾਂ ਅਵੇਸਲਾਪਣ ਜਾਂ ਬਿਰਤਾਂਤਕਾਰੀ ਦੇ ਹੁਨਰ ਦੀ ਸਵੈ-ਸਿੱਧ ਸ਼ਕਤੀ ਉੱਤੇ ਬੇਭਰੋਸਗੀ, ਇਨ੍ਹਾਂ ਨੂੰ ਕਲਾਤਮਕ ਬਿਰਤਾਂਤਕਾਰੀ ਦੇ ਮਾਰਗ ਤੋਂ ਭਟਕਾਅ ਦਿੰਦੀ ਹੈ। ਸਿੱਟੇ ਵਜੋਂ ਅਜਿਹੀਆਂ ਬਹੁਤ ਸਾਰੀਆਂ ਪੰਜਾਬੀ ਕਹਾਣੀਆਂ ਕਲਾਸਕੀ ਸਿਖਰ ਤੋਂ ਹੇਠਾਂ ਦਰਮਿਆਨੇ ਪੱਧਰ ਦੀਆਂ ਰਹਿ ਜਾਂਦੀਆਂ ਹਨ।
ਦੂਜੇ ਪਾਸੇ ਪੰਜਾਬੀ ਪਾਠਕ ਦੇ ਪੱਖੋਂ ਇਕ ਹਾਂ-ਪੱਖੀ ਤਬਦੀਲੀ ਇਹ ਵੇਖਣ ਨੂੰ ਮਿਲਣ ਲੱਗੀ ਹੈ ਕਿ ਕਹਾਣੀ ਦੇ ਵਿਸ਼ੇ-ਵਸਤੂ ਦੀ ਨਵੀਨਤਾ ਦੇ ਨਾਲ ਨਾਲ ਕਲਾਤਮਕ ਮਿਆਰ ਦਾ ਮਾਪਦੰਡ ਉਸ ਦੀ ਉਚੇਚੀ ਤਰਜ਼ੀਹ ਬਣਨ ਲੱਗਾ ਹੈ। ਇਹ ਗੱਲ ਸਮੁੱਚੇ ਪਾਠਕ ਬਾਰੇ ਨਹੀਂ ਤਾਂ ਘੱਟੋ-ਘੱਟ ਸੁਜੱਗ ਪਾਠਕ ਬਾਰੇ ਜ਼ਰੂਰ ਸੱਚ ਸਿੱਧ ਹੋ ਰਹੀ ਹੈ। ਪਿਛਲੇ ਸਾਲ ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀ ‘ਡਬੋਲੀਆ’ (ਸਿਰਜਣਾ, ਜਨਵਰੀ-ਮਾਰਚ, 2018) ਨੂੰ ਜਿਵੇਂ ਅਜਿਹੇ ਪਾਠਕ ਨੇ ਸਰਵੋਤਮ ਦਰਜਾ ਦਿੱਤਾ ਸੀ, ਉਹ ਮਿਸਾਲੀ ਕਿਹਾ ਜਾ ਸਕਦਾ ਹੈ।
ਅਜੋਕੇ ਸੁਜੱਗ ਪਾਠਕ ਦਾ ਇਹ ਦਬਾਅ ਹੀ ਹੈ ਕਿ ਪੰਜਾਬੀ ਕਹਾਣੀ ਆਪਣੇ ਰੂਪਾਕਾਰਕ ਧਰਮ ਦੇ ਮੂਲ ਨੂੰ ਪਛਾਣਨ ਵੱਲ ਰੁਚਿਤ ਹੋਈ ਹੈ। ਇਸੇ ਕਰਕੇ ਪੰਜਾਬੀ ਕਹਾਣੀਕਾਰ ਵੱਲੋਂ ਕਿਸੇ ਲਹਿਰ ਦੇ ਕੰਧਾੜੇ ਚੜ੍ਹਨ ਜਾਂ ਵਿਚਾਰਧਾਰਾ-ਵਿਸ਼ੇਸ਼ ਦਾ ਧੁਤੂ ਬਣਨ ਦੀ ਥਾਂ ਆਪਣੇ ਸਮਕਾਲੀ ਜੀਵਣ-ਯਥਾਰਥ ਦੇ ਹਕੀਕੀ ਰੂਪਾਂਤਰਣ ਨੂੰ ਜਾਂਚਣ-ਘੋਖਣ ਦਾ ਉਪਰਾਲਾ ਕੀਤਾ ਜਾਣ ਲੱਗਾ ਹੈ ਅਤੇ ਬਿਰਤਾਂਤਕ ਸਲੀਕੇ ਨੂੰ ਆਪਣਾ ਮੂਲ ਮੰਤਵ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾਣ ਲੱਗੀ ਹੈ। ਇਸ ਪੱਖੋਂ ਵੇਖਦਿਆਂ ਜਿਨ੍ਹਾਂ ਕੁਝ ਕਹਾਣੀਆਂ ਨੇ ਉਚੇਚਾ ਧਿਆਨ ਖਿੱਚਿਆ ਹੈ ਉਨ੍ਹਾਂ ਦਾ ਜ਼ਿਕਰ ਇਸ ਸਾਲ ਦੀ ਪ੍ਰਾਪਤੀ ਵਜੋਂ ਕਰਨਾ ਬਣਦਾ ਹੈ।
ਸਾਂਵਲ ਧਾਮੀ ਦੀ ਕਹਾਣੀ ‘ਇਹ ਕੋਈ ਨਾਟਕ ਨਹੀਂ’ (ਹੁਣ, ਜਨਵਰੀ-ਅਪ੍ਰੈਲ) ਉਲਝੇ ਹੋਏ ਮਨੁੱਖੀ ਰਿਸ਼ਤਿਆਂ, ਵਿਸ਼ੇਸ਼ ਕਰਕੇ ਪਤੀ-ਪਤਨੀ ਦੇ ਸਬੰਧਾਂ ਬਾਰੇ ਵੱਡ-ਆਕਾਰੀ ਅਤੇ ਡੂੰਘੀ ਬਿਰਤਾਂਤਕ ਸੰਰਚਨਾ ਵਾਲੀ ਰਚਨਾ ਹੈ। ਇਸ ਕਹਾਣੀ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਅੰਨਯ-ਪੁਰਖੀ ਬਿਰਤਾਂਤ ਵਾਲੀ ਇਸ ਰਚਨਾ ਵਿਚ ਕਹਾਣੀਕਾਰ ਹਰ ਥਾਂ ਹਾਜ਼ਰ ਹੋਣ ਦੇ ਬਾਵਜੂਦ ਕਿਤੇ ਵੀ ਨਜ਼ਰ ਨਹੀਂ ਆਉਂਦਾ, ਫਤਵੇ ਦੇਣ (ਜਜਮੈਂਟਲ ਹੋਣ) ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਉਸ ਦਾ ਬਲ ਇੱਕੋ ਗੱਲ ਉੱਤੇ ਹੀ ਰਹਿੰਦਾ ਹੈ ਕਿ ਪਾਤਰ ਦਾ ਕਾਰਜ ਹੀ ਉਸ ਦੇ ਚੇਤਨ-ਅਵਚੇਤਨ ਦਾ ਭਰਪੂਰ ਪ੍ਰਗਟਾਵਾ ਬਣ ਜਾਵੇ। ਪੰਜਾਬੀ ਬੰਦੇ ਦੇ ਮਾਨਵੀ ਵਿਹਾਰ ਅਤੇ ਰਿਸ਼ਤਿਆਂ ਦੀ ਬਦਲਦੀ ਵਿਆਕਰਨ ਦੀ ਏਨੀ ਡੂੰਘੀ ਝਾਤ ਪਾ ਕੇ ਪਾਠਕ ਮਾਲੋ-ਮਾਲ ਮਹਿਸੂਸ ਕਰਦਾ ਹੈ। ਪਾਤਰਾਂ ਦੇ ਸਰੀਰਕ ਅਤੇ ਮਾਨਸਿਕ ਕਾਰਜ ਦੇ ਮੇਚ ਦੀ ਗਲਪੀ-ਭਾਸ਼ਾ ਸਿਰਜਣ ਵਿਚ ਧਾਮੀ ਦੀ ਵਿਸ਼ੇਸ਼ ਮੁਹਾਰਤ ਹੈ। ਕਹਾਣੀ ਦਾ ਕਥਾ-ਰਸ ਘਟਨਾਵੀਂ ਗੁੰਝਲ ਪਾਉਣ ਜਾਂ ਖੋਲ੍ਹਣ ਵਿਚ ਨਹੀਂ ਬਲਕਿ ਪਾਤਰਾਂ ਦੇ ਮਨੋ-ਰਹੱਸਾਂ ਦੀ ਡੂੰਘੀ, ਫਿਰ ਹੋਰ ਡੂੰਘੀ ਝਾਤ ਪੁਆਉਣ ਵਿਚ ਹੈ। ਇਹ ਕਹਾਣੀ ਭਾਵੇਂ ਨਾਰੀਵਾਦੀ ਪੈਂਤੜੇ ਤੋਂ ਨਹੀਂ ਲਿਖੀ ਗਈ ਜਾਪਦੀ ਪਰ ਇਸ ਨੂੰ ਨਾਰੀਵਾਦੀ ਨਜ਼ਰੀਏ ਨਾਲ ਨਿਹਾਰਨਾ ਹੋਰ ਵੀ ਦਿਲਚਸਪ ਲਗਦਾ ਹੈ ਕਿਉਂਕਿ ਕਹਾਣੀ ਨਾਰੀ ਦੀ ਅਬੋਲ ਸ਼ਕਤੀ ਦਾ ਜ਼ਬਰਦਸਤ ਪ੍ਰਗਟਾਵਾ ਕਰਦੀ ਹੈ। ਸਮੁੱਚੇ ਰੂਪ ਵਿਚ ਇਸ ਦਾ ਕਹਾਣੀਪਣ ਇਕ ਇਕ ਸ਼ਬਦ ਵਿਚ ਹੈ ਅਤੇ ਉਸ ਦਾ ਆਰੰਭ ਕਹਾਣੀ ਦੇ ਸਿਰਲੇਖ ਵਿਚਲੀ ਦਾਰਸ਼ਨਿਕ ਰਮਜ਼ ਤੋਂ ਹੀ ਹੋ ਜਾਂਦਾ ਹੈ।
ਸਰਘੀ ਦੀ ਕਹਾਣੀ ‘ਹੋਲੀਡੇ ਵਾਈਫ਼’ (ਰਾਗ, ਸਤੰਬਰ-ਦਸੰਬਰ) ਪੰਜਾਬੀ ਔਰਤ ਦੀ ਮਾਨਸਿਕਤਾ ਵਿਚ ਆ ਰਹੇ ਨਵੇਂ ਵਿਦਰੋਹੀ ਪਲਟਿਆਂ ਦਾ ਬਿਰਤਾਂਤ ਸਿਰਜਦੀ ਹੈ। ਅਬਲਾ ਤੋਂ ਸਬਲਾ ਬਣੀ ਇਹ ਔਰਤ ਦੂਜਿਆਂ (ਅਦਰਜ਼) ਦੀ ਦਿੱਤੀ ਪਛਾਣ ਤੋਂ ਮੁਕਤ ਹੋ ਕੇ ਆਪਣੀ ਨਵੀਂ ਮਾਨਵੀ ਪਛਾਣ ਦੀ ਮਹਿਜ਼ ਜੁਸਤਜੂ ਹੀ ਨਹੀਂ ਕਰਦੀ ਬਲਕਿ ਉਸਨੂੰ ਪੁਨਰ-ਪਰਿਭਾਸ਼ਤ ਕਰਕੇ ਅਮਲੀ ਰੂਪ ਵੀ ਦਿੰਦੀ ਹੈ। ਇਸ ਲਈ ਸਥਾਪਤ ਮਰਦਮੁਖੀ ਨੈਤਿਕ ਮਾਪਦੰਡਾਂ ਤੋਂ ਪਾਰ ਜਾ ਕੇ ਆਪਣੇ ਤਨ-ਮਨ ਦੀ ਖ਼ੁਦਮੁਖ਼ਤਾਰ ਰੂਪ ਵਿੱਚ ਮਾਲਕ ਬਣਦੀ ਹੈ ਅਤੇ ਇਸ ਨਵੀਂ ਲੱਭਤ ਦਾ ਜਸ਼ਨ ਵੀ ਮਨਾਉਂਦੀ ਹੈ। ਉੱਤਮ-ਪੁਰਖੀ ਬਿਰਤਾਂਤ ਵਾਲੀ ਇਸ ਕਹਾਣੀ ਵਿਚ ਜਿਵੇਂ ਬਿਰਤਾਂਤਕਾਰ ਮੈਂ ਪਾਤਰ ਨੂੰ ਲੇਖਕ ਦੀ ਵਿਅਕਤੀਗਤ ਵਿਚਾਰਧਾਰਕ ਛਾਪ ਤੋਂ ਮੁਕਤ ਕਰਕੇ ਸਿਰਜਿਆ ਗਿਆ ਹੈ, ਉਹ ਵਿੱਥ-ਸਿਧਾਂਤ ਅਜੋਕੀ ਪੰਜਾਬੀ ਕਹਾਣੀ ਦੀ ਬਿਰਤਾਂਤਕਾਰੀ ਦਾ ਨਵਾਂ ਹਾਸਿਲ ਬਣਦਾ ਹੈ। ਇਸ ਕਹਾਣੀ ਦੀ ਮੁੱਖ ਸ਼ਕਤੀ ਇਸ ਦੀ ਮੁੱਖ ਪਾਤਰ ਚੰਨਪ੍ਰੀਤ ਦੀ ਚਰਿੱਤਰ ਉਸਾਰੀ ਵਿਚ ਹੈ। ਕਹਾਣੀਕਾਰ ਨੇ ਅਬਲਾ ਤੋਂ ਸਬਲਾ ਦੇ ਨਾਰੀ ਰੂਪਾਂਤਰਣ ਨੂੰ ਰਮਜ਼ਮਈ ਲੋਕਧਾਰਾਈ ਚਿੰਨ੍ਹਾਂ ਤੇ ਪ੍ਰਤੀਕਾਂ ਰਾਹੀਂ ਇਸ ਤਰ੍ਹਾਂ ਮੂਰਤੀਮਾਨ ਕੀਤਾ ਹੈ ਕਿ ਪਾਠਕ ਨਵੀਂ ਪੰਜਾਬੀ ਔਰਤ ਦੇ ਅਵਚੇਤਨੀ ਸੰਸਾਰ ਦੀ ਥਾਹ ਪਾਉਣ ਦੇ ਨਾਲ ਨਾਲ ਸਾਂਸਕ੍ਰਿਤਕ ਭਾਵ-ਬੋਧ ਨਾਲ ਲਬਰੇਜ਼ ਗਲਪੀ ਭਾਸ਼ਾ ਦਾ ਵੀ ਸਾਹਿਤਕ ਸੁਆਦ ਮਾਣਦਾ ਹੈ।
ਇਹ ਗੱਲ ਪੰਜਾਬੀ ਸਮਾਜ ਵਿਚ ਆ ਰਹੇ ਕਿਸੇ ਨਵੇਂ ਅਤੇ ਤਿੱਖੇ ਬਦਲਾਵ ਦੀ ਕਨਸੋਅ ਦੇਣ ਵਾਲੀ ਹੈ ਕਿ ਇਸ ਸਾਲ ਦੀਆਂ ਇਹ ਦੋਵੇਂ ਬਿਹਤਰੀਨ ਕਹਾਣੀਆਂ ਪੰਜਾਬੀ ਨਾਰੀ ਦੀ ਮੂਕ ਕ੍ਰਾਂਤੀ ਚੇਤਨਾ ਨੂੰ ਕਥਾ-ਵਿਵੇਕ ਬਣਾ ਕੇ ਉਭਾਰਦੀਆਂ ਹਨ।
ਸੁਖਪਾਲ ਸਿੰਘ ਥਿੰਦ ਦੀ ਕਹਾਣੀ ‘ਕਾਲਖ ਕੋਠੜੀ’ (ਹੁਣ, ਮਈ-ਅਗਸਤ) ਅਜੋਕੇ ਪੰਜਾਬੀ ਬੰਦੇ ਦੇ ਮਨ-ਮਸਤਕ ਵਿਚ ਘੜਮੱਸ ਪਾ ਰਹੀ ਰਾਜਸੀ ਗੰਧਲਚੌਦੇਂ ਦਾ ਬਿਰਤਾਂਤ ਪੇਸ਼ ਕਰਦੀ ਹੈ। ਅੰਨਯ-ਪੁਰਖੀ ਬਿਰਤਾਂਤ ਵਿਚ ਲਿਖੀ ਇਹ ਕਹਾਣੀ ਮੁੱਖ ਪਾਤਰ ਜੁਝਾਰਵੀਰ ਸਿੰਘ ਦੇ ਹਵਾਲੇ ਨਾਲ ਪੰਜਾਬ/ਭਾਰਤ ਵਿਚ ਕਿਸੇ ਨਵੀਂ ਰਾਜਸੀ ਪਾਰਟੀ (ਆਮ ਆਦਮੀ ਪਾਰਟੀ ਵੱਲ ਸੰਕੇਤ) ਰਾਹੀਂ ਨਵੇਂ ਕ੍ਰਾਂਤੀਕਾਰੀ ਪਰਿਵਰਤਨਾਂ ਦੀ ਲੋਚਾ ਕਰਦੀ ਹੈ ਪਰ ਇਹ ਲੋਚਾ ਪੂਰੀ ਹੁੰਦੀ ਨਹੀਂ ਜਾਪਦੀ। ਪੂੰਜੀਵਾਦੀ ਕਾਰਪੋਰੇਟ ਜਗਤ, ਪ੍ਰੋਫੈਸ਼ਨਲ ਰਾਜਸੀ ਨੇਤਾਵਾਂ, ਸਨਸਨੀਮੂਲਕ ਮੀਡੀਆ ਅਤੇ ਸੰਪਰਦਾਇਕ ਮੂਲਵਾਦੀ ਸੋਚਾਂ (ਪ੍ਰੈਜੂਡਿਸਸ) ਦੇ ਮੱਕੜਜਾਲ ਵਿਚ ਫਸ ਕੇ ਕੋਈ ਵੀ ਨਵਾਂ ਆਦਰਸ਼ਕ, ਲੋਕ-ਪੱਖੀ ਅਤੇ ਜੁਝਾਰੂ ਸੁਪਨਾ ਅਖੀਰ ਨੂੰ ਦਮ ਤੋੜ ਜਾਂਦਾ ਹੈ। ਨੌਜਵਾਨ ਜੁਝਾਰਵੀਰ ਸਿੰਘ ਦਾ ਵਿਵਸਥਾ-ਪਰਿਵਰਤਨ ਦਾ ਸੁਪਨਾ ਵੀ ਇਉਂ ਹੀ ਅਧਵਾਟੇ ਟੁੱਟਦਾ ਹੈ। ਰਾਜਸੀ ਚੇਤਨਾ ਵਾਲੀ ਇਸ ਵੱਡ-ਆਕਾਰੀ ਕਹਾਣੀ ਦੀ ਸ਼ਕਤੀ ਇਸ ਦੇ ਬਹੁ-ਪਾਸਾਰੀ ਬਿਰਤਾਂਤ ਸਿਰਜਣ ਵਿਚ ਹੈ। ਅਜੋਕੇ ਚਕਾਚੌਂਧੀ ਅਤੇ ਘੜਮੱਸਮਈ ਦੌਰ ਦੀ ਬਿਰਤਾਂਤਕਾਰੀ ਲਈ ਢੁੱਕਵੀਂ ਗਲਪੀ ਭਾਸ਼ਾ ਸਿਰਜਣ ਦਾ ਸੁਚੇਤ ਯਤਨ ਕਰਨਾ ਇਸ ਕਹਾਣੀ ਦੀ ਇਕ ਹੋਰ ਪ੍ਰਾਪਤੀ ਮੰਨੀ ਜਾ ਸਕਦੀ ਹੈ।
ਬਿੰਦਰ ਬਸਰਾ ਦੀ ਕਹਾਣੀ ‘ਕੱਲ੍ਹ ਵੀ ਆਉਣੈ’ (ਰਾਗ, ਸਤੰਬਰ-ਦਸੰਬਰ) ਇਕ ਮੱਧਵਰਗੀ ਨੌਕਰੀਪੇਸ਼ਾ ਔਰਤ ਦੀ ਆਪਣਾ ‘ਰੁਟੀਨ’ ਤੋੜ ਕੇ, ਬੁਸਬੁਸੀ ਹੋ ਰਹੀ ਜ਼ਿੰਦਗੀ ਵਿਚ ਕੁਝ ਤਾਜ਼ਗੀ ਭਰਨ ਦੀ ਚਾਹਤ ਦਾ ਬਿਰਤਾਂਤ ਪੇਸ਼ ਕਰਦੀ ਹੈ। ਮਹਾਂਨਗਰੀ ਜੀਵਣ-ਸ਼ੈਲੀ ਅਨੁਸਾਰ ਘਰ ਅਤੇ ਦਫ਼ਤਰ ਦੇ ਕੰਮਾਂ-ਕਾਰਾਂ ਦੇ ਰੁਟੀਨ ਵਿਚ ਫਸੀ ਸ਼ਿਲਪੀ ਨੂੰ ਜਾਪਦਾ ਹੈ ਕਿ ਜ਼ਿੰਦਗੀ ਪ੍ਰਤੀ ਸਿਰਫ “ਐਂਗਲ ਚੇਂਜ“ ਕਰਕੇ ਜ਼ਿੰਦਗੀ ਦਾ ਰੁਖ਼ ਬਦਲਿਆ ਜਾ ਸਕਦਾ ਹੈ। ਇਕ ਦਿਨ ਉਹ ਇਸ ਤਰ੍ਹਾਂ ਦਾ ਪ੍ਰਯੋਗ ਵੀ ਕਰਕੇ ਵੇਖਦੀ ਹੈ ਪਰ ਅੰਤ ਪਰਿਸਥਿਤੀਆਂ ਦੀ ਕੱਸ ਇਹ ਸਾਬਿਤ ਕਰ ਦਿੰਦੀ ਹੈ ਕਿ ਲੋੜ ਤਾਂ ਜ਼ਮੀਨੀ ਹਕੀਕਤ ਬਦਲਣ ਦੀ ਹੈ, ਸਿਰਫ ਨਜ਼ਰੀਆ ਬਦਲਣ ਨਾਲ ਕੁਝ ਨਹੀਂ ਹੁੰਦਾ। ਇਸ ਕਹਾਣੀ ਦੀ ਕਲਾਤਮਕਤਾ ਇਸ ਦੀ ਸਹਿਜ ਬਿਆਨੀ ਅਤੇ ਮੱਧਵਰਗੀ ਜੀਵਣ-ਸ਼ੈਲੀ ਨਾਲ ਵਰ ਮੇਚਦੇ ਗਲਪੀ-ਮੁਹਾਵਰੇ ਦੇ ਢੁੱਕਵੇਂ ਇਸਤੇਮਾਲ ਵਿਚ ਹੈ।
ਤ੍ਰਿਪਤਾ ਕੇ ਸਿੰਘ ਦੀ ਕਹਾਣੀ ‘ਸੈਵਨਥ ਸੈਂਸ’ (ਚਿਰਾਗ, ਜੁਲਾਈ-ਸਤੰਬਰ) ਉੱਤਮ-ਪੁਰਖੀ ਨੌਕਰੀ-ਪੇਸ਼ਾ ਮੱਧਵਰਗੀ ਮਰਦ ਬਿਰਤਾਂਤਕਾਰ ਰਾਹੀਂ ਉਸ ਦੇ ਦਫ਼ਤਰ ਦੀ ਸਹਿਕਰਮੀ ਅਨੁਪਮਾ ਮੈਡਮ ਦਾ ਬਿਰਤਾਂਤ ਪੇਸ਼ ਕਰਦੀ ਹੈ। ਅਨੁਪਮਾ ਦੀ ਬੇਬਾਕ ਜੀਵਣ-ਸ਼ੈਲੀ ਅਤੇ ਸਹਿਜ ਦੋਸਤੀਨੁਮਾ ਨੇੜਤਾ ਨੂੰ ਬਿਰਤਾਂਤਕਾਰ ਕਾਮ-ਸੰਪਰਕ ਦੀ ਕਾਮਨਾ ਦਾ ਸੰਕੇਤ ਸਮਝ ਬੈਠਦਾ ਹੈ, ਪਰ ਅਨੁਪਮਾ ਆਪਣੀ ‘ਸੈਵਨਥ ਸੈਂਸ’ ਰਾਹੀਂ ਉਸ ਦੇ ਮੰਤਵ ਨੂੰ ਸਮਝ ਕੇ ਲੋੜੀਂਦੀ ਵਿੱਥ ਥਾਪ ਲੈਂਦੀ ਹੈ। ਸਹਿਜ-ਸੁਭਾਵਕ ਬਿਰਤਾਂਤ ਵਾਲੀ ਇਸ ਕਹਾਣੀ ਦੀ ਬਿਰਤਾਂਤਕ ਖ਼ੂਬਸੂਰਤੀ ਮਨੁੱਖੀ ਵਿਹਾਰ ਦੀਆਂ ਮਨੋਵਿਗਿਆਨਕ ਰਮਜ਼ਾਂ ਨੂੰ ਨਿੱਕੇ ਨਿੱਕੇ ਵੇਰਵਿਆਂ ਤੇ ਇਸ਼ਾਰਿਆਂ (ਜੈੱਸਚਰਜ਼) ਰਾਹੀਂ ਪੇਸ਼ ਕਰਨ ਵਿਚ ਹੈ।
ਜਿੰਦਰ ਦੀ ਕਹਾਣੀ ‘ਹਾਫ ਟਾਈਮ’ (ਸਿਰਜਣਾ, ਜੁਲਾਈ-ਸਤੰਬਰ) ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਇਕ ਅਧਖੜ ਉਮਰ ਦੀ ਵਿਧਵਾ ਦੀਆਂ ਜਿਸਮਾਨੀ ਅਤੇ ਰੂਹਾਨੀ ਅਤ੍ਰਿਪਤੀਆਂ ਦਾ ਬਿਰਤਾਂਤ ਪੇਸ਼ ਕਰਦੀ ਹੈ। ਢਲਦੀ ਉਮਰ ਨਾਲ ਜੁੜੀਆਂ ਸੰਸਕਾਰਕ ਵਰਜਨਾਵਾਂ ਦੇ ਦਬਾਅ ਅਧੀਨ ਉਹ ਆਪਣੀਆਂ ਸਹਿਜ ਮਾਨਵੀ ਜਿਨਸੀ ਖਾਹਸ਼ਾਂ ਨੂੰ ਵੀ ਦੱਬ ਕੇ ਜਿਓਣ ਦੀ ਕੋਸ਼ਿਸ਼ ਕਰਦੀ ਹੈ ਪਰ ਜਵਾਨ ਹੋ ਰਹੀ ਧੀ ਉਸਦੀ ਅੰਦਰੂਨੀ ਕਸ਼ਮਕਸ਼ ਨੂੰ ਭਾਂਪਦਿਆਂ ਆਪਣੀ ਮਾਂ ਨੂੰ ਟੈਬੂਜ਼ ਤੋਂ ਮੁਕਤ ਕਰਨ ਦਾ ਯਤਨ ਕਰਦੀ ਹੈ। ਇਸ ਕਹਾਣੀ ਦੀ ਸ਼ਕਤੀ ਜਿੱਥੇ ਇਸਦੀ ਪੁਖ਼ਤਾ ਬਿਰਤਾਂਤ-ਸ਼ੈਲੀ ਕਰਕੇ ਹੈ ਉੱਥੇ ਨਵੀਂ ਪੀੜ੍ਹੀ ਦੇ ਉਸਾਰੂ ਮਾਨਵੀ ਨਜ਼ਰੀਏ ਦੀ ਟੋਹ ਲਾਉਣ, ਕਥਾ-ਵਿਵੇਕ ਵਜੋਂ ਉਭਾਰਨ ਵਿਚ ਵੀ ਹੈ।
ਭਗਵੰਤ ਰਸੂਲਪੁਰੀ ਦੀ ਕਹਾਣੀ ‘ਰੰਗਾਂ ਦੀ ਸਾਂਝ - ਸਮਾਜ ਵਿਗਿਆਨ’ (ਹੁਣ, ਸਤੰਬਰ-ਦਸੰਬਰ) ਇਕ ਵੱਡ-ਆਕਾਰੀ, ਜਟਿਲ ਬਿਰਤਾਂਤ ਵਾਲੀ ਅਤੇ ਪ੍ਰਯੋਗਮੁਖੀ ਲਹਿਜ਼ੇ ਵਾਲੀ ਕਹਾਣੀ ਹੈ। ਇਸ ਦਾ ਮੂਲ ਢਾਂਚਾ ਭਾਵੇਂ ਪਿਆਰ ਦੀ ਤਿਕੋਣ ਨੂੰ ਪੇਸ਼ ਕਰਨ ਵਾਲਾ ਜਾਪਦਾ ਹੈ ਪਰ ਆਪਣੀ ਡੂੰਘ ਸੰਰਚਨਾ ਵਿਚ ਇਹ ਦਲਿਤ ਅਤੇ ਕਬਾਇਲੀ ਸੰਵੇਦਨਾਵਾਂ ਦੇ ਰੋਹਮੁਖੀ ਕਲਾਤਮਕ ਪ੍ਰਗਟਾਵੇ ਦੀ ਕਹਾਣੀ ਹੈ। ਵਿਸ਼ਲੇਸ਼ਣੀ ਸ਼ੈਲੀ ਵਾਲੇ ਬਿਰਤਾਂਤ ਕਾਰਣ ਭਾਵੇਂ ਕਹਾਣੀ ਕਿਤੇ ਕਿਤੇ ਸਿਰਜਣਾ ਦੀ ਥਾਂ ਘਾੜਤ ਵਾਲੀ ਜਾਪਦੀ ਹੈ ਪਰ ਚਿੱਤਰਕਾਰੀ ਖੇਤਰ ਦੀ ਭਾਸ਼ਾ-ਵਿਸ਼ੇਸ਼ ਦੇ ਇਸਤੇਮਾਲ ਰਾਹੀਂ ਇਸ ਵਿਚ ਨਵਾਂ, ਰੌਚਿਕ ਅਤੇ ਸਾਰਥਕ ਪ੍ਰਯੋਗ ਕੀਤਾ ਗਿਆ ਹੈ। ਇਸੇ ਕਰਕੇ ਕਹਾਣੀ ਵਧੇਰੇ ਧਿਆਨ ਖਿੱਚਣ ਵਾਲੀ ਬਣ ਗਈ ਹੈ।
ਅਰਵਿੰਦਰ ਕੌਰ ਧਾਲੀਵਾਲ ਦੀ ਕਹਾਣੀ ‘ਵੇਦਨ ਕਹੀਏ ਕਿਸ?’ (ਅੱਖਰ, ਅਕਤੂਬਰ-ਦਸੰਬਰ) ਆਮ ਸਮਾਜ ਤੋਂ ਪਰੇ ਸਮਸ਼ਾਨਘਾਟ ਦੀ ਅੱਡਰੀ ਅਤੇ ਭਿਆਨਕ ਸਥਿਤੀ ਵਿਚ ਵਿਚਰਦੇ ਚੰਡਾਲ ਸ਼੍ਰੇਣੀ ਦੇ ਪਾਤਰਾਂ ਦਾ ਜੀਵਣ-ਬਿਰਤਾਂਤ ਪੇਸ਼ ਕਰਦੀ ਹੈ ਅਤੇ ਇਨ੍ਹਾਂ ਦੀ ਚੰਡਾਲ ਦਿੱਖ ਦੇ ਹੇਠਾਂ ਮਾਨਵੀ ਸੰਵੇਦਨਾਵਾਂ ਦੇ ਤਰਲ ਤੱਤ ਦੀ ਪਛਾਣ ਦਾ ਅਹਿਸਾਸ ਵੀ ਕਰਾਉਂਦੀ ਹੈ। ਕਹਾਣੀ ਦੀ ਸ਼ਕਤੀ ਜਿੱਥੇ ਵਿਲੱਖਣ ਵਸਤੂ-ਚੋਣ ਅਤੇ ਉਸ ਦੇ ਗਲਪੀ ਨਿਭਾਅ ਨਾਲ ਜੁੜੀ ਹੋਈ ਹੈ ਉੱਥੇ ਢੁੱਕਵੇਂ ਚਿੰਨ੍ਹਾਂ-ਪ੍ਰਤੀਕਾਂ ਅਤੇ ਬਿਰਤਾਂਤਕ ਵੇਰਵਿਆਂ ਰਾਹੀਂ ਮਾਹੌਲ ਦੀ ਯਥਾਰਥਕ ਸਿਰਜਣਾ ਕਰਕੇ ਵੀ ਹੈ। ਕਹਾਣੀ ਉੱਤਮ-ਪੁਰਖੀ ਬਿਰਤਾਂਤਕਾਰ ਦੀ ਥਾਂ ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਪੇਸ਼ ਕੀਤੀ ਜਾਂਦੀ ਤਾਂ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਣੀ ਸੀ ਕਿਉਂਕਿ ਵਕਤਾ ਦੀ ਬੋਲੀ-ਸ਼ੈਲੀ ਉਸਦੇ ਸ਼੍ਰੈਣਿਕ ਸੁਭਾਅ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀ।
ਪਾਕਿਸਤਾਨੀ ਮੂਲ ਦੇ ਅਮਰੀਕਾ ਵਾਸੀ ਕਹਾਣੀਕਾਰ ਜਾਵੇਦ ਬੂਟਾ ਦੀ ਕਹਾਣੀ ‘ਚੌਲ਼ਾਂ ਦੀ ਬੁਰਕੀ’ (ਲਿੱਪੀਅੰਤਰ-ਸੁਰਿੰਦਰ ਸੋਹਲ, ਹੁਣ, ਜਨਵਰੀ-ਅਪ੍ਰੈਲ) ਭਾਰਤ-ਪਾਕਿ ਵੰਡ ਨਾਲ ਵੰਡੀ ਗਈ ਪੰਜਾਬੀਆਂ ਦੀ ਸਭਿਆਚਾਰਕ ਅਤੇ ਇਨਸਾਨੀਅਤ ਦੀ ਸਾਂਝ ਦੇ ਦਰਦ ਦਾ ਪ੍ਰਗਟਾਵਾ ਕਰਦੀ ਹੈ। ਉੱਤਮ-ਪੁਰਖੀ ਬਿਰਤਾਂਤਕਾਰ ਦੁਆਰਾ ਇਕ ਬਜ਼ੁਰਗ ਔਰਤ ਦੇ ਹਵਾਲੇ ਨਾਲ ਪਾਠਕ ਨੂੰ ਉਸ ਦਰਦ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਕਰਾਇਆ ਗਿਆ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਬੀਜੀ ਪਾਤਰ ਸਰੀਰਕ ਤੌਰ ਉੱਤੇ ਅੰਮ੍ਰਿਤਸਰ, ਪਰ ਮਾਨਸਿਕ ਤੌਰ ਉੱਤੇ ਆਪਣੀਆਂ ਸਿਮਰਤੀਆਂ ਦੇ ਸ਼ਹਿਰ ਲਾਹੌਰ ਵਿਚ ਰਹਿ ਰਹੀ ਹੈ। ਇਸ ਕਹਾਣੀ ਦੀ ਸ਼ਕਤੀ ਇਸਦੀ ਸ਼ਿੱਦਤ ਭਰੀ ਗਲਪੀ-ਭਾਸ਼ਾ ਨਾਲ ਉਣੀ ਬਿਰਤਾਂਤਕਾਰੀ ਵਿਚ ਹੈ। ਮੈਂ ਪਾਤਰ ਦਾ ਪਾਕਿਸਤਾਨੀ ਪੰਜਾਬੀ ਦੀ ਰੰਗਣ ਵਾਲਾ ਲਹਿਜ਼ਾ ਅਤੇ ਘਟਨਾਵਾਂ ਦਾ ਸਹਿਜ-ਸੁਭਾਵਕ ਵਰਨਣ ਵੀ ਕਹਾਣੀ ਦੀ ਗਲਪੀ ਆਭਾ ਨੂੰ ਵਧਾਉਣ ਵਾਲੇ ਤੱਤ ਹਨ।
ਕਨੇਡਾ ਵਾਸੀ ਨਵੀਂ ਕਹਾਣੀਕਾਰ ਸੁਰਜੀਤ ਦੀ ਕਹਾਣੀ ‘ਸੁਰਖ਼ ਸਵੇਰ’ (ਅੱਖਰ, ਜਨਵਰੀ-ਮਾਰਚ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਸਿਮਰਜੀਤ ਕੌਰ ਵਿਰਦੀ ਉਰਫ਼ ਸਿਮੋਨ ਦੀ ਉਮਰ ਦੇ ਆਖਰੀ ਪੜਾਅ ਦੀ ਮਾਰੂ ਇਕੱਲਤਾ ਦਾ ਬਿਰਤਾਂਤ ਪੇਸ਼ ਕਰਦੀ ਹੈ। ਪਾਰਕਿਨਸਨ ਦੀ ਬਿਮਾਰੀ ਨਾਲ ਪੀੜਤ ਅਤੇ ਪੱਛਮੀ ਭਾਂਤ ਦੀ ਜੀਵਣ-ਸ਼ੈਲੀ ਵਾਲੇ ਨੂੰਹ-ਪੁੱਤ ਵੱਲੋਂ ਅਣਗੌਲੀ ਕੀਤੀ ਬਜ਼ੁਰਗ ਵਿਧਵਾ ਸਿਮੋਨ ਜਦੋਂ ਆਪਣੀ ਜ਼ਿੰਦਗੀ ਦਾ ਲੇਖਾ-ਜੋਖਾ ਕਰਦੀ ਹੈ ਤਾਂ ਆਪਣਿਆਂ ਹੱਥੋਂ ਠੱਗੀ ਜਿਹੀ ਮਹਿਸੂਸ ਕਰਦੀ ਹੈ। ਇਸ ਲਈ ਨਾਂਹ-ਪੱਖੀ ਸੋਚਾਂ ਉਸ ਨੂੰ ਨਿਰੰਤਰ ਘੇਰਦੀਆਂ ਹਨ ਪਰ ਆਪਣੇ ਚੇਤੰਨ ਯਤਨਾਂ ਨਾਲ ਉਹ ਹਾਂ-ਪੱਖੀ ਵਿਚਾਰਾਂ ਦਾ ਪੱਲਾ ਮੁੜ ਮੁੜ ਫੜੀ ਰੱਖਦੀ ਹੈ। ਅੰਤ ਇਹ ਹਾਂ-ਪੱਖਤਾ ਹੀ ਉਸ ਨੂੰ ਖੁਦ ਫੈਸਲੇ ਲੈਣ ਲਈ ਪ੍ਰੇਰਦੀ ਹੈ ਅਤੇ ਨਵੀਂ ਜ਼ਿੰਦਗੀ ਲਈ ਸੁਰਖ਼-ਸਵੇਰ ਵਰਗਾ ਅਹਿਸਾਸ ਬਣਦੀ ਹੈ। ਕਹਾਣੀ ਦੀ ਸ਼ਕਤੀ ਅਮਰੀਕੀ ਜੀਵਣ-ਸ਼ੈਲੀ ਦੇ ਪ੍ਰਸੰਗ ਵਿਚ ਸੀਮੋਨ ਦੀ ਚਰਿੱਤਰ ਉਸਾਰੀ ਕਰਨ ਦੇ ਹੁਨਰ, ਸਹਿਜ ਬਿਆਨੀ ਅਤੇ ਬਿਰਤਾਂਤਕਾਰ ਦੇ ਜੀਵਣ-ਮੁਖੀ ਨਜ਼ਰੀਏ ਵਾਲੇ ਕਥਾ-ਵਿਵੇਕ ਵਿਚ ਸਥਿਤ ਹੈ।
ਇਸ ਸਾਲ ਦੀਆਂ ਇਨ੍ਹਾਂ ਦਸ ਕੁ ਕਹਾਣੀਆਂ ਦਾ ਸੰਖੇਪ ਅਧਿਐਨ ਇਹ ਸਪਸ਼ਟ ਕਰਨ ਲਈ ਕਾਫੀ ਹੈ ਕਿ ਅਜੋਕੇ ਪਾਠਕ ਦੀ ਨਬਜ਼ ਵੇਖਦਿਆਂ ਸੁਜੱਗ ਕਹਾਣੀਕਾਰਾਂ ਨੇ ਉੱਚੀ ਸੁਰ ਵਾਲੀ ਬਿਰਤਾਂਤਕਾਰੀ ਤੋਂ ਮੁਕਤ ਹੋਣ ਦੇ ਯਤਨ ਆਰੰਭੇ ਹਨ ਅਤੇ ਕਹਾਣੀਪਣ ਦੇ ਹੁਨਰ ਉੱਤੇ ਭਰੋਸਾ ਕਰਨਾ ਸ਼ੁਰੂ ਕੀਤਾ ਹੈ। ਇਸ ਤਬਦੀਲੀ ਵਿੱਚੋਂ ਹੀ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਦੇ ਨਕਸ਼ ਸਪਸ਼ਟ ਉੱਘੜਨ ਲੱਗ ਪਏ ਹਨ।
ਇਸ ਸਾਲ ਦੀ ਕਹਾਣੀ ਸਬੰਧੀ ਕੁਝ ਹੋਰ ਉੱਭਰਵੇਂ ਨੁਕਤੇ ਹੇਠ ਲਿਖੇ ਅਨੁਸਾਰ ਹਨ:
- ਵਿਸ਼ਵ ਪੱਧਰ ਉੱਤੇ ਲਿਖੀ ਜਾ ਰਹੀ ਪੰਜਾਬੀ ਕਹਾਣੀ ਵਿਚ ਐਤਕੀਂ ਸੱਠ ਦੇ ਕਰੀਬ ਕਹਾਣੀ-ਸੰਗ੍ਰਹਿ ਛਪੇ ਹਨ ਜਿਨ੍ਹਾਂ ਵਿੱਚੋਂ ਦਰਜਨ ਕੁ ਬਹੁਤ ਉੱਚੇ ਪੱਧਰ ਦੇ ਹਨ।
- ਬਹੁਤ ਅਹਿਮ ਕਹਾਣੀ-ਸੰਗ੍ਰਹਿ ਇਹ ਹਨ: ਮੈਂ ਅਯਨਘੋਸ਼ ਨਹੀਂ (ਸੁਖਜੀਤ), ਇਕ ਦਿਨ (ਤ੍ਰਿਪਤਾ ਕੇ ਸਿੰਘ), ਜਨਾਨੀ ਪੌਦ (ਕੇਸਰਾ ਰਾਮ), ਨੂਰੀ (ਅਨੇਮਨ ਸਿੰਘ), ਇਕ ਕੁੜੀ ਇਕੱਲੀ (ਵੀਨਾ ਵਰਮਾ), ਪਿੱਛਾ ਰਹਿ ਗਿਆ ਦੂਰ (ਦੀਪਤੀ ਬਬੂਟਾ), ਪਾਰਲੇ ਪੁਲ (ਸੁਰਜੀਤ), ਚੀਰ ਹਰਨ (ਸਰੂਪ ਸਿਆਲਵੀ), ਪਕੜ ਪ੍ਰੇਤਾਂ ਦੀ (ਨਿੰਦਰ ਗਿੱਲ), ਪਾਣੀ ਦੀ ਕੰਧ (ਜ਼ੂਬੈਰ ਅਹਿਮਦ), ਵਖਰੇਵਿਆਂ ਤੋਂ ਬਾਅਦ (ਅਲੀ ਅਨਵਰ ਅਹਿਮਦ), ਪੁੱਠੇ ਤੁਰਦੇ ਲੋਕ (ਕਰਾਮਤ ਅਲੀ ਮੁਗ਼ਲ), ਜਨਰੇਸ਼ਨ ਗੈਪ (ਪ੍ਰੇਮ ਗੋਰਖੀ) ਆਦਿ।
- ਇਨ੍ਹਾਂ ਤੋਂ ਇਲਾਵਾ ਕੁਝ ਹੋਰ ਉਲੇਖਯੋਗ ਕਹਾਣੀ-ਸੰਗ੍ਰਹਿ ਪ੍ਰਕਾਸ਼ਤ ਹੋਏ ਹਨ ਜਿਵੇਂ: ਸਹਿਮੀ ਬੁਲਬੁਲ ਦਾ ਗੀਤ (ਸੁਰਿੰਦਰ ਰਾਮਪੁਰੀ), ਪੇਜ ਨੰਬਰ ਦੋ ਸੌ ਛਿਪੰਜਾ (ਦਵਿੰਦਰ ਮੰਡ), ਬੋਧ ਕਹਾਣੀਆਂ (ਮਨਮੋਹਨ ਬਾਵਾ), ਪਾਰਬਤੀ ਦਾ ਖੋਖਾ (ਅਸ਼ਵਨੀ ਬਾਗੜੀਆ), ਕਾਲੀ ਗੁਫ਼ਾ (ਸੁਰਜੀਤ ਬਰਾੜ), ਝੂਠ ਦੇ ਆਰ-ਪਾਰ (ਬਲਵਿੰਦਰ ਸਿੰਘ ਬਰਾੜ), ਬੂਹਾ ਨਹੀਂ ਖੁੱਲ੍ਹੇਗਾ (ਰਘਬੀਰ ਸਿੰਘ ਮਹਿਮੀ), ਤੇਰੀ ਉਡੀਕ ਰਹੇਗੀ (ਗੁਰਦੇਵ ਸਿੰਘ ਘਾਰੂ), ਰੱਬ ਨਾ ਕਰੇ (ਅਸ਼ੋਕ ਵਾਸਿਸ਼ਠ), ਤਿਤਲੀਆਂ ਦੇ ਰੰਗ (ਗੁਰਸ਼ਰਨ ਸਿੰਘ ਨਰੂਲਾ), ਯਾਦਾਂ ਦੇ ਕਾਫ਼ਲੇ (ਕੁਲਵਿੰਦਰ ਕੌਰ ਮਹਿਕ), ਲੰਬੀ ਸੋਚ (ਲਾਲ ਸਿੰਘ ਲਾਲੀ), ਮਾਂ ਦੀਆਂ ਚਾਰ ਬੁੱਕਲਾਂ (ਮਨਜੀਤ ਕੌਰ ਬਰਾੜ), ਰੇਤ ਦੇ ਘਰ (ਪਰਮਜੀਤ ਮਾਨ), ਪਸੀਨੇ ਵਿਚ ਧੋਤੀ ਜ਼ਿੰਦਗੀ (ਮਹਿੰਦਰ ਸਿੰਘ ਦੋਸਾਂਝ), ਭੰਗੂ (ਜਸਵਿੰਦਰ ਸਿੰਘ ਰਾਜ), ਮਨ ਦੇ ਮੋਤੀ (ਸੁਰਿੰਦਰ ਦੀਪ), ਹੁਣ ਇਉਂ ਨਹੀਂ ਸਰਨਾ (ਭੁਪਿੰਦਰ ਫੌਜੀ), ਪਵਣੁ ਗੁਰੂ ਪਾਣੀ ਪਿਤਾ (ਜਸਵੀਰ ਸਿੰਘ ਦੀਦਾਰਗੜ੍ਹ), ਤਾਰੋ (ਨਵਿੰਦਰ ਸਿੰਘ ਰੰਗੂਵਾਲ), ਅਲਵਿਦਾ (ਜਗਬੀਰ ਬਾਵਾ ਘੱਗਾ), ਪਾਕਿਸਤਾਨੀ (ਮੁਹੰਮਦ ਇਮਤਿਆਜ਼), ਪੈਰਾਂ ਹੇਠ ਮਿੱਧੇ ਰਿਸ਼ਤੇ (ਸੁਖਵਿੰਦਰ ਸਿੰਘ ਗਿੱਲ), ਸੁਲਘਦੇ ਮਸਲੇ (ਸੁਰਿੰਦਰ ਕੌਰ ਛਾਬੜਾ), ਠੰਢੀ ਰਾਖ (ਰਾਜਿੰਦਰ ਸਿੰਘ ਢੱਡਾ), ਰੋਸ਼ਨੀ ਦੀਆਂ ਕਿਰਚਾਂ (ਜਸਦੇਵ ਜੱਸ), ਮੇਰਾ ਕਸੂਰ ਕੀ ਹੈ? (ਹਰਜੀਤ ਕੌਰ ਬਾਜਵਾ), ਮਮਤਾ ਦੀ ਪਿਆਸ (ਰਾਮ ਸਿੰਘ ਬੀਹਲਾ), ਪੁੱਤ ਪ੍ਰਦੇਸੀ (ਨਿਰਵੈਲ ਸਿੰਘ ਔਲਖ), ਮੰਗਤੇ (ਐੱਸ ਸਾਕੀ), ਪੈੜਾਂ ਦੀ ਸ਼ਨਾਖਤ (ਸੁਖਮਿੰਦਰ ਸੇਖੋਂ), ਰੰਗ (ਬਿਕਰਮਜੀਤ ਨੂਰ), ਘਰ ਘਰ ਦੀ ਕਹਾਣੀ (ਹਰਿਚਰਨ ਸਿੰਘ ਅਰੋੜਾ), ਮਹਾਂ ਸੰਭੋਗ (ਕਾਫ਼ਿਰ), ਤੱਪੜ ਤੇ ਮੋਹਰ (ਜਸਵੀਰ ਸਿੰਘ ਗਰਚਾ), ਉਡੀਕਾਂ (ਗੁਰਬਖਸ਼ ਸਿੰਘ ਕੋਟੀਆ), ਸ਼ੀਸ਼ੇ ਦਾ ਰੱਬ (ਜਗਜੀਤ ਸਿੰਘ ਵਜੀਦਕੇ), ਰੂਹ ਦਾ ਸਾਗਰ (ਵਿਜੈ ਕੁਮਾਰ), ਨਾਈਨ ਵੰਨ ਵੰਨ (ਸੁਰਿੰਦਰ ਕੌਰ ਬਿੰਨਰ), ਮੈਂ ਤੇ ਉਹ (ਸਿਮਰਨ ਅਕਸ), ਮੁੱਠੀ ਵਿੱਚੋਂ ਕਿਰਦੀ ਰੇਤ (ਮਨਮੋਹਨ ਸਿੰਘ ਬਾਸਰਕੇ), ਕੰਡਿਆਂ ਦੀ ਵਾੜ (ਨਦੀਮ ਯਾਦ), ਖੋਟੇ ਸਿੱਕੇ (ਨਦੀਮ ਇਕਬਾਲ ਭੱਟੀ) ਆਦਿ।
- ਕਹਾਣੀਕਾਰ ਅਤੇ ਆਲੋਚਕ ਕਰਾਮਤ ਅਲੀ ਮੁਗ਼ਲ ਅਨੁਸਾਰ ਪਾਕਿਸਤਾਨੀ ਪੰਜਾਬ ਵਿਚ ਵੀ ਇਸ ਸਾਲ ਅੱਧੀ ਦਰਜਨ ਕਹਾਣੀ-ਸੰਗ੍ਰਹਿ ਪ੍ਰਕਾਸ਼ਤ ਹੋਏ ਹਨ (ਜ਼ਿਕਰ ਉੱਪਰ ਕਰ ਦਿੱਤਾ ਹੈ)।
- ਪਿਛਲੇ ਸਾਲ ਪ੍ਰਕਾਸ਼ਤ ਹੋਏ ਪ੍ਰਸਿੱਧ ਕਹਾਣੀ-ਸੰਗ੍ਰਹਿ ਆਈ ਪੁਰੇ ਦੀ ਵਾਅ (ਨੈਣ ਸੁਖ, ਲਿੱਪੀਅੰਤਰਕਾਰ ਪਰਮਜੀਤ ਸਿੰਘ ਮੀਸ਼ਾ), ਇਕ ਕਹਾਣੀ ਹੋਰ (ਕਰਾਮਤ ਅਲੀ ਮੁਗ਼ਲ, ਲਿੱਪੀਅੰਤਰਕਾਰ ਮਹਿੰਦਰ ਬੇਦੀ ਜੈਤੋ) ਇਸ ਸਾਲ ਗੁਰਮੁਖੀ ਵਿਚ ਵੀ ਛਾਪੇ ਗਏ ਹਨ।
- ਵਿਸ਼ੇਵਾਰ ਆਧਾਰ ’ਤੇ ਤਿਆਰ ਕੀਤੇ ਗਏ ਕਹਾਣੀ-ਸੰਗ੍ਰਹਿ ਜਿਵੇਂ ਸਪੀਡ ਪੋਸਟ (ਨੱਚਣ ਵਾਲੀਆਂ ਕੁੜੀਆਂ ਦੀ ਜ਼ਿੰਦਗੀ ਨਾਲ ਸਬੰਧਿਤ ਕਹਾਣੀਆਂ, ਸੰਪਾਦਕ ਅਨੇਮਨ ਸਿੰਘ), ਪੜ੍ਹਨ ਰੁੱਤ ਦੇ ਆਰ-ਪਾਰ (ਵਿਦਿਆਰਥੀ ਜੀਵਣ ਦੀਆਂ ਕਹਾਣੀਆਂ, ਸੰਪਾਦਕ ਪਰਗਟ ਸਿੰਘ ਸਤੌਜ), ਟੂਣੇਹਾਰੀ ਰੁੱਤ (ਇੱਕੀਵੀਂ ਸਦੀ ਦੀਆਂ ਚੋਣਵੀਆਂ ਕਹਾਣੀਆਂ, ਸੰਪਾਦਕ ਬਲਦੇਵ ਸਿੰਘ ਧਾਲੀਵਾਲ), 2018 ਦੀਆਂ ਪ੍ਰਤੀਨਿਧ ਕਹਾਣੀਆਂ (ਸੰਪਾਦਕ ਸੁਕੀਰਤ) ਆਦਿ ਵੀ ਪਾਠਕਾਂ ਦੀ ਉਚੇਚੀ ਪਸੰਦ ਬਣੇ ਰਹੇ।
- ਵਾਤਾਵਰਨ ਪ੍ਰਦੂਸ਼ਣ ਦੇ ਇੱਕੋ ਵਿਸ਼ੇ ਉੱਤੇ ਆਧਾਰਿਤ ਸੁਚੇਤ ਭਾਂਤ ਲਿਖੀਆਂ ਕਹਾਣੀਆਂ ਦੀ ਪੁਸਤਕ (ਪਵਣੁ ਗੁਰੂ ਪਾਣੀ ਪਿਤਾ) ਪ੍ਰਕਾਸ਼ਿਤ ਕਰਵਾ ਕੇ ਜਸਵੀਰ ਸਿੰਘ ਦੀਦਾਰਗੜ੍ਹ ਨੇ ਨਿਵੇਕਲਾ ਤਜ਼ਰਬਾ ਕੀਤਾ ਹੈ।
- ਇਸ ਵਾਰ ਵੀ ਪ੍ਰਵਚਨ ਨੇ ਕਹਾਣੀ ਗੋਸ਼ਟੀ ਅੰਕ (ਜਨਵਰੀ-ਮਾਰਚ), ਤ੍ਰਿਸ਼ੰਕੂ ਨੇ ਕਹਾਣੀ ਵਿਸ਼ੇਸ਼ ਅੰਕ-2019 (88-89 ਅੰਕ) ਪ੍ਰਕਾਸ਼ਤ ਕਰਕੇ ਆਪਣਾ ਅਹਿਮ ਯੋਗਦਾਨ ਦਿੱਤਾ ਹੈ।
- ਜਤਿੰਦਰ ਹਾਂਸ ਨੂੰ ਕਹਾਣੀ-ਸੰਗ੍ਰਹਿ - ਜਿਓਣਾ ਸੱਚ ਬਾਕੀ ਝੂਠ-2018 ਲਈ ਅਤੇ ਗੁਰਦੇਵ ਰੁਪਾਣਾ ਨੂੰ ਆਮ-ਖਾਸ-2018 ਲਈ ਮਿਲੇ ਵੱਡੀ ਰਕਮ ਵਾਲੇ ਢਾਹਾਂ ਪੁਰਸਕਾਰ ਦੀ ਇਸ ਸਾਲ ਸੋਸ਼ਲ ਮੀਡੀਆ ਉੱਤੇ ਖ਼ੂਬ ਮਹਿਮਾ ਹੋਈ ਹੈ।
- ਤੇਈਵੇਂ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਕਹਾਣੀ ਮੁਕਾਬਲੇ ਵਿਚ ਪਹਿਲਾ ਇਨਾਮ ਸਿੰਮੀਪ੍ਰੀਤ ਕੌਰ (ਕਹਾਣੀ ਕੌਤਕ ਲਈ) ਅਤੇ ਦੂਜਾ ਇਨਾਮ ਲਖਵਿੰਦਰ ਬਾਵਾ (ਕਹਾਣੀ ਫਰਿਸ਼ਤੇ ਲਈ) ਹੋਰਾਂ ਨੂੰ ਮਿਲਿਆ। ਰਿਸਾਲੇ ਕਲਾਕਾਰ ਸਾਹਿਤਕ ਦੇ ਸੰਪਾਦਕ ਕੰਵਰਜੀਤ ਭੱਠਲ ਵੱਲੋਂ ਨਵੇਂ ਕਹਾਣੀਕਾਰਾਂ ਨੂੰ ਉਤਸ਼ਾਹਤ ਕਰਨ ਵਾਲੀ ਇਹ ਸਲਾਹੁਣਯੋਗ ਪਿਰਤ ਇਸ ਵਾਰ ਵੀ ਜਾਰੀ ਰਹੀ।
- ਸਾਡੇ ਮਾਣਯੋਗ ਕਹਾਣੀਕਾਰ ਬੀ. ਐੱਸ. ਬੀਰ, ਸਾਥੀ ਲੁਧਿਆਣਵੀ, ਦੇਵ ਭਾਰਦਵਾਜ, ਐੱਸ ਤਰਸੇਮ, ਦਰਸ਼ਨ ਸਿੰਘ ਧੰਜਲ, ਨਿਰੰਜਨ ਤਸਨੀਮ, ਅਤਰਜੀਤ ਕੌਰ ਸੂਰੀ ਅਤੇ ਕਸ਼ਮੀਰ ਸਿੰਘ ਪੰਨੂ ਇਸ ਵਰ੍ਹੇ ਦੌਰਾਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਸ ਨਾਲ ਪੰਜਾਬੀ ਕਹਾਣੀ ਨੂੰ ਵੱਡਾ ਘਾਟਾ ਪਿਆ ਹੈ।
- ਇਸ ਸਾਲ ਜਸਵੰਤ ਸਿੰਘ ਕੰਵਲ ਦੇ ਇਕ ਸੌ ਇੱਕਵੇਂ ਜਨਮ ਦਿਨ ਉੱਤੇ ਸ਼ਤਾਬਦੀ ਵਰ੍ਹੇ ਨੂੰ ਜਿਵੇਂ ਵੱਡੀ ਪੱਧਰ ਉੱਤੇ ਜਸ਼ਨਾਵੀ ਰੂਪ ਵਿੱਚ ਮਨਾਇਆ ਗਿਆ, ਉਹ ਪੰਜਾਬੀ ਗਲਪ ਲਈ ਇਕ ਇਤਿਹਾਸਕ ਘਟਨਾ ਹੋ ਨਿੱਬੜੀ।
- ਆਸਟ੍ਰੇਲੀਆ ਵਿਚ ਪੰਜਾਬੀਆਂ ਦਾ ਪਰਵਾਸ ਤਾਂ ਬਹੁਤ ਹੋ ਰਿਹਾ ਹੈ ਪਰ ਉਨ੍ਹਾਂ ਦੇ ਨਿਵੇਕਲੇ ਅਨੁਭਵ ਅਜੇ ਕਹਾਣੀ ਰਾਹੀਂ ਨਹੀਂ ਸਾਹਮਣੇ ਆ ਰਹੇ। ਇਸ ਵਰ੍ਹੇ ਮੈਨੂੰ ਦੋ ਛੁਪੇ ਹੋਏ ਕਹਾਣੀਕਾਰ ਲੱਭੇ ਹਨ। ਉਹ ਹਨ ਵਿਜੈ ਕੁਮਾਰ, ਮੈਲਬੌਰਨ (ਕਹਾਣੀ ਸੰਗ੍ਰਹਿ, ਰੂਹ ਦਾ ਸਾਗਰ), ਅਤੇ ਜੱਸੀ ਧਾਲੀਵਾਲ, ਬੈਲਾਰਟ (ਕਹਾਣੀ ਸੰਗ੍ਰਹਿ ਦੇਸਣ-2018), ਸ਼ਾਇਦ ਇਹ ਪਰਵਾਸੀ ਪੰਜਾਬੀ ਕਹਾਣੀ ਦੇ ਇਕ ਨਵੇਂ ਪਾਸਾਰ ਨੂੰ ਜਨਮ ਦੇ ਦੇਣ ਵਿਚ ਸਫ਼ਲਤਾ ਹਾਸਿਲ ਕਰਨਗੇ।
ਪੰਜਾਬੀ ਕਹਾਣੀ ਦੇ ਖੇਤਰ ਦੀਆਂ ਇਨ੍ਹਾਂ ਸਮੂਹ ਸਰਗਰਮੀਆਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਹਾਣੀਕਾਰਾਂ ਦਾ ਕਾਫ਼ਲਾ ਨਿਰੰਤਰ ਅੱਗੇ ਵਧ ਰਿਹਾ ਹੈ। ਨਵੇਂ ਕਹਾਣੀਕਾਰ ਵੀ ਲੋੜੀਂਦੀ ਮਾਤਰਾ ਵਿਚ ਇਸ ਕਾਫ਼ਲੇ ਦਾ ਅੰਗ ਬਣ ਰਹੇ ਹਨ ਅਤੇ ਕਈ ਤਾਂ ਆਪਣੀਆਂ ਪਹਿਲ ਪਲੇਠੀਆਂ ਕਹਾਣੀਆਂ ਨਾਲ ਹੀ ਉਚੇਚਾ ਧਿਆਨ ਖਿੱਚਣ ਵਾਲੇ ਸਾਬਿਤ ਹੋਏ ਹਨ, ਜਿਵੇਂ ਇਸ ਵਾਰ ਅਰਵਿੰਦਰ ਕੌਰ ਧਾਲੀਵਾਲ, ਜਾਵੇਦ ਬੂਟਾ, ਸਿੰਮੀਪ੍ਰੀਤ ਆਦਿ ਦਾ ਜ਼ਿਕਰ ਹੋਇਆ ਹੈ। ਸਥਾਪਿਤ ਕਹਾਣੀਕਾਰਾਂ ਵਿਚ ਵੀ ਇਸ ਵਰ੍ਹੇ ਮੈਨੂੰ ਇਹ ਮੋੜਾ ਨਜ਼ਰ ਆਇਆ ਹੈ ਕਿ ਉਹ ਕਹਾਣੀ ਦੇ ਕਹਾਣੀਪਣ ਵੱਲ ਧਿਆਨ ਦੇਣ ਪ੍ਰਤੀ ਹੋਰ ਸੰਜੀਦਾ ਹੋਏ ਹਨ। ਅਨੁਭਵ ਜਾਂ ਵਿਸ਼ੇ-ਵਸਤੂ ਦੀ ਚੋਣ ਦੇ ਪੱਖੋਂ ਵੀ ਨਵੇਂ ਰਾਹ ਤਲਾਸ਼ਣ ਲੱਗੇ ਹਨ, ਜਿਵੇਂ ਕੇਸਰਾ ਰਾਮ ਦੀ ਕਹਾਣੀ ‘ਤੇਰੀ ਗੋਤਣ ਵਿਆਹ ਕੇ ਲਿਆਰਯਾ ਸੂ’ (ਰਾਗ, ਜੂਨ-ਅਪ੍ਰੈਲ) ਮੂਲੋਂ ਅਛੋਹ ਖੇਤਰ ਖਾਪ ਪੰਚਾਇਤਾਂ ਦਾ ਕੱਚ-ਸੱਚ ਬਿਆਨ ਕਰਦੀ ਹੈ। ਇਸੇ ਤਰ੍ਹਾਂ ਪੰਜਾਬੀ ਕਹਾਣੀਕਾਰ ਦਾ ਨਜ਼ਰੀਆ ਕਿਸੇ ਵਿਚਾਰਧਾਰਾ-ਵਿਸ਼ੇਸ਼ ਦਾ ਪਿਛਲੱਗ ਹੋਣ ਦੀ ਥਾਂ ਵਧੇਰੇ ਸੰਤੁਲਤ, ਮਾਨਵੀ ਅਤੇ ਵਸਤੂਮੁਖੀ ਸਰੂਪ ਵਾਲਾ ਹੋ ਰਿਹਾ ਹੈ, ਜੋ ਪੰਜਾਬੀ ਕਹਾਣੀ ਦੇ ਅਗਲੇਰੇ ਵਿਕਾਸ ਲਈ ਸਹਾਈ ਹੋਵੇਗਾ। ਅਜੋਕੇ ਪੰਜਾਬੀ ਕਹਾਣੀਕਾਰ ਦੀ ਇਹ ਨਵੀਂ ਬਿਰਤਾਂਤਕ ਚੇਤਨਾ ਹੀ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਦਾ ਸਰੂਪ ਅਤੇ ਪ੍ਰਯੋਜਨ ਨਿਸਚਿਤ ਕਰ ਰਹੀ ਹੈ, ਇਹ ਮੇਰਾ ਪੱਕਾ ਵਿਸ਼ਵਾਸ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1877)
(ਸਰੋਕਾਰ ਨਾਲ ਸੰਪਰਕ ਲਈ: