“ਇਸ ਸਾਲ ਵੀ ਕੁਝ ਮੁੱਲਵਾਨ ਕਹਾਣੀ-ਸੰਗ੍ਰਹਿ ਅਜਿਹੇ ਛਪੇ ਹਨ ਜਿਨ੍ਹਾਂ ਨਾਲ ਪੰਜਾਬੀ ਕਹਾਣੀ ਗੁਣਵੱਤਾ ਦੇ ਪੱਖੋਂ ...”
(1 ਜਨਵਰੀ 2024)
ਸਾਲ 2023 ਦੀ ਪੰਜਾਬੀ ਕਹਾਣੀ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਉਭਰਵੇਂ ਰੂਪ ਵਿੱਚ ਨਜ਼ਰ ਆਉਂਦੀ ਹੈ ਉਸ ਦਾ ਸਬੰਧ ਕਹਾਣੀ ਦੀ ਦਰਮਿਆਨੇ ਦਰਜੇ ਦੀ ਗੁਣਤਾ (ਕੁਆਲਟੀ) ਨਾਲ ਹੈ। ਗਿਣਤੀ ਦੇ ਪੱਖੋਂ ਵੇਖੀਏ ਤਾਂ ਕਿਤਾਬਾਂ, ਰਿਸਾਲਿਆਂ, ਅਖ਼ਬਾਰਾਂ, ਸੋਸ਼ਲ ਸਾਈਟਾਂ ਆਦਿ ਰਾਹੀਂ ਸਾਹਮਣੇ ਆ ਰਹੀ ਪੰਜਾਬੀ ਕਹਾਣੀ ਬਹੁਤ ਵੱਡੀ ਮਾਤਰਾ ਵਿੱਚ ਕਹਾਣੀ ਸਿਰਜੇ ਜਾਣ ਦੀ ਨਿਸ਼ਾਨਦੇਹੀ ਕਰਦੀ ਹੈ ਪਰ ਗੁਣਤਾ ਦੇ ਪ੍ਰਤਿਮਾਨਾਂ ਅਨੁਸਾਰ ਵੇਖੀਏ ਤਾਂ ਸਥਾਪਤ ਲੇਖਕਾਂ ਦੀਆਂ ਪਹਿਲੀ ਨਜ਼ਰੇ ਚੰਗੀਆਂ ਜਾਪਦੀਆਂ ਕਹਾਣੀਆਂ ਪੜ੍ਹਦਿਆਂ ਵੀ ਗੰਭੀਰ ਪਾਠਕ ਨੂੰ ਇਹ ਅਹਿਸਾਸ ਲਗਾਤਾਰ ਹੁੰਦਾ ਰਹਿੰਦਾ ਹੈ ਕਿ ਕਹਾਣੀ ਦੇ ਨਿਭਾਅ ਵਿਚ ਕੋਈ ਅਜਿਹੀ ਗੌਲਣਯੋਗ ਘਾਟ ਰਹਿ ਗਈ ਹੈ, ਜਿਸ ਨੇ ਰਚਨਾ ਨੂੰ ਕਲਾਸਕੀ ਦਰਜੇ ਤੋਂ ਹੇਠਾਂ ਡੇਗ ਕੇ ਦਰਮਿਆਨੇ ਦਰਜੇ ਦੀ ਬਣਾ ਦਿੱਤਾ ਹੈ। ਆਮ ਅਰਥਾਂ ਵਿਚ ਇਹ ਤਰੁੱਟੀ ਅਜੋਕੀ ਪੰਜਾਬੀ ਕਹਾਣੀ ਦੀ ਕਲਾਤਮਕ ਖੜੋਤ ਵੱਲ ਇਸ਼ਾਰਾ ਕਰਦੀ ਹੈ ਅਤੇ ਵੱਡੇ ਅਰਥਾਂ ਵਿਚ ਇਹ ਗੱਲ ਪੰਜਾਬੀ ਕਹਾਣੀ ਦੇ ਵਿਸ਼ਵ ਪੱਧਰੀ ਹੋ ਸਕਣ ਦੇ ਰਾਹ ਵਿਚ ਰੁਕਾਵਟ ਬਣ ਜਾਂਦੀ ਹੈ। ਪੰਜਾਬੀ ਕਹਾਣੀ ਦੀ ਇਸ ਸੀਮਾ ਜਾਂ ਸਿਰਜਣਾਤਮਕ ਕਮਜ਼ੋਰੀ ਦਾ ਸਬੰਧ, ਮੇਰੀ ਜਾਚੇ, ਪੰਜਾਬੀ ਕਹਾਣੀਕਾਰ ਦੀ ਕਥਾ-ਦ੍ਰਿਸ਼ਟੀ ਦੀ ਕਾਣ ਨਾਲ ਹੈ, ਜਿਸ ਕਾਰਨ ਉਹ ਕਹਾਣੀ ਦੇ ਦੋਸ਼-ਰਹਿਤ (ਫਲਾਅਲੈੱਸ) ਬਿਰਤਾਂਤਕ ਨਿਭਾਅ ਤੋਂ ਵਿਰਵਾ ਰਹਿ ਜਾਂਦਾ ਹੈ।
ਆਪਣੀ ਇਸ ਧਾਰਨਾ ਨੂੰ ਕਿਸੇ ਸਥਾਪਿਤ ਕਹਾਣੀਕਾਰ ਦੀ ਰਚਨਾ ਦੇ ਹਵਾਲੇ ਨਾਲ ਸਪਸ਼ਟ ਕਰਨ ਤੋਂ ਪਹਿਲਾਂ ਇੱਕ ਦੋ ਗੱਲਾਂ ਕਥਾ-ਦ੍ਰਿਸ਼ਟੀ ਦੇ ਸਿਧਾਂਤਕ ਪੱਖ ਦੀ ਸੂਝ ਬਾਰੇ ਕਰਨੀਆਂ ਜ਼ਰੂਰੀ ਜਾਪਦੀਆਂ ਹਨ। ਕਿਸੇ ਵੀ ਬਿਰਤਾਂਤਕ ਪ੍ਰਵਚਨ ਦੀ ਪਿੱਠਭੂਮੀ ਵਿਚ ਰਚਨਾਕਾਰ ਦੀ ਵਿਸ਼ਵ-ਦ੍ਰਿਸ਼ਟੀ (ਵਰਲਡਵਿਊ) ਕਾਰਜਸ਼ੀਲ ਹੁੰਦੀ ਹੈ। ਬਿਰਤਾਂਤਕਾਰੀ ਦੇ ਅਮਲ ਵਿਚ ਪੈਣ ਤੋਂ ਵੀ ਪਹਿਲਾਂ ਇਹ ਵਿਸ਼ਵ-ਦ੍ਰਿਸ਼ਟੀ ਹੀ ਉਸ ਨੂੰ ਸੁਝਾਉਂਦੀ ਹੈ ਕਿ ਸਮਾਜ ਵਿਚ ਹਰ ਪਲ਼ ਹੋ ਰਹੇ ਰੂਪਾਂਤਰਨ ਦੀ ਦਸ਼ਾ ਅਤੇ ਦਿਸ਼ਾ ਨੂੰ ਕਿਵੇਂ ਵੇਖਣਾ, ਵਾਚਣਾ ਅਤੇ ਮੁਲੰਕਿਤ ਕਰਨਾ ਹੈ। ਕਹਾਣੀ ਦੀ ਸਿਰਜਣ-ਪ੍ਰਕਿਰਿਆ ਦੌਰਾਨ ਇਹ ਵਿਸ਼ਵ-ਦ੍ਰਿਸ਼ਟੀ ਹੀ ਕਥਾ-ਦ੍ਰਿਸ਼ਟੀ ਦਾ ਰੂਪ ਗ੍ਰਹਿਣ ਕਰ ਲੈਂਦੀ ਹੈ ਜੋ ਕਹਾਣੀਕਾਰ ਲਈ ਵਸਤੂ-ਚੋਣ, ਬਿਰਤਾਂਤਕ ਨਿਭਾਓ ਅਤੇ ਕਥਾ-ਵਿਵੇਕ ਸਿਰਜਣਾ ਲਈ ਸੇਧਗਾਰ ਸਿੱਧ ਹੁੰਦੀ ਹੈ। ਜਿਸ ਕਹਾਣੀਕਾਰ ਦੀ ਕਥਾ-ਦ੍ਰਿਸ਼ਟੀ ਪ੍ਰੌੜ (ਫੁੱਲ-ਗਰੋਨ) ਅਤੇ ਪਰਿਪੱਕ (ਫਰਮ) ਹੁੰਦੀ ਹੈ ਉਹ ਨਿਰੰਤਰ ਬਦਲਦੀਆਂ ਵਸਤੂ-ਸਥਿਤੀਆਂ ਦੀ ਥਾਹ ਡੂੰਘਾਈ ਵਿਚ ਪਾ ਸਕਦਾ ਹੈ ਅਤੇ ਉਸ ਬਦਲਾਵ ਦੇ ਮਨੁੱਖੀ ਸੁਭਾਅ ਉੱਤੇ ਪੈਣ ਵਾਲੇ ਤੁਰੰਤ-ਪ੍ਰਭਾਵੀ ਤੇ ਚਿਰ-ਸਥਾਈ ਅਸਰਾਂ ਦੀ ਪਛਾਣ ਕਰ ਸਕਣ ਦੇ ਭਲੀ-ਭਾਂਤ ਸਮਰੱਥ ਹੁੰਦਾ ਹੈ। ਆਪਣੇ ਅਨੁਭਵ ਦੇ ਸਾਹਿਤ ਰਾਹੀਂ ਪ੍ਰਗਟਾਵੇ ਸਮੇਂ ਇਹ ਪਛਾਣ ਉਸ ਦੇ ਅੰਗ-ਸੰਗ ਰਹਿੰਦੀ ਹੈ। ਆਪਣੇ ਗਲਪੀ ਪ੍ਰਵਚਨ ਲਈ ਜੇਕਰ ਉਹ ਕਹਾਣੀ ਵਿਧਾ ਦੀ ਚੋਣ ਕਰਦਾ ਹੈ ਤਾਂ ਸਪਸ਼ਟ ਹੈ ਕਿ ਇਸ ਰੂਪਾਕਾਰ-ਵਿਸ਼ੇਸ਼ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਤੋਂ ਵੀ ਸੁਚੇਤ ਹੁੰਦਾ ਹੈ ਅਤੇ ਕਹਾਣੀ ਦਾ ਮਾਨਵਮੁਖੀ ਕਥਾ-ਵਿਵੇਕ ਉਜਾਗਰ ਕਰਨ ਪ੍ਰਤੀ ਵੀ ਪ੍ਰਤੀਬੱਧ ਹੁੰਦਾ ਹੈ। ਕਥਾ-ਦ੍ਰਿਸ਼ਟੀ ਦੇ ਅਜਿਹੇ ਪ੍ਰਤਿਮਾਨ ਵਿਸ਼ਵ ਵਿਚ ਕਲਾਸਕੀ ਬਿਰਤਾਂਤਕਾਰੀ ਦੀ ਬੁਨਿਆਦ ਬਣਦੇ ਰਹੇ ਹਨ। ਇਸ ਦੇ ਉਲਟ ਕਥਾ-ਦ੍ਰਿਸ਼ਟੀ ਵਿਚਲੀ ਕੋਈ ਵੀ ਕਾਣ ਬਿਰਤਾਂਤਕਾਰੀ ਵਿਚ ਵੱਡਾ ਝੋਲ ਪਾ ਦਿੰਦੀ ਹੈ। ਮਿਸਾਲ ਵਜੋਂ ਆਪਣੇ ਕਥਾ-ਵਸਤੂ ਦੇ ਸਰੂਪ ਨੂੰ ਬਿਨਾਂ ਸਮਝੇ ਉੱਤਮ-ਪੁਰਖੀ ਜਾਂ ਅੰਨਯ-ਪੁਰਖੀ ਬਿਰਤਾਂਤਕਾਰ ਦੀ ਚੋਣ ਕਰਨ ਨਾਲ ਰਚਨਾ ਦਾ ਸਰੂਪ ਅਤੇ ਪ੍ਰਕਾਰਜ (ਫੰਕਸ਼ਨ) ਹੀ ਬਦਲ ਜਾਂਦਾ ਹੈ। ਇਸੇ ਤਰ੍ਹਾਂ ਪਾਤਰ-ਚੋਣ, ਪਾਤਰ-ਉਸਾਰੀ, ਘਟਨਾ-ਚੋਣ, ਘਟਨਾ-ਪ੍ਰਬੰਧ, ਗਲਪੀ-ਭਾਸ਼ਾ, ਫੋਕਸੀਕਰਨ ਆਦਿ ਗਲਪੀ ਤੱਤਾਂ ਦੀ ਗ਼ਲਤ ਵਰਤੋਂ ਸਮੇਂ ਵਾਪਰਦਾ ਹੈ।
ਸਥਾਪਿਤ, ਚਰਚਿਤ ਅਤੇ ਢਾਹਾਂ ਪੁਰਸਕਾਰ ਦੀ ਵਿਜੇਤਾ ਕਹਾਣੀਕਾਰ ਦੀਪਤੀ ਬਬੂਟਾ ਦੀ, ਪੰਜਾਬੀ ਦੇ ਮਿਆਰੀ ਰਿਸਾਲੇ ‘ਸਿਰਜਣਾ’ (ਅਕਤੂਬਰ-ਦਸੰਬਰ ਅੰਕ) ਵਿਚ ਪ੍ਰਕਾਸ਼ਿਤ, ਕਹਾਣੀ ‘ਚੱਕਰਵਿਊ’ ਦੀ ਮਿਸਾਲ ਨਾਲ ਆਪਣੀਆਂ ਉੱਪਰ ਦਿੱਤੀਆਂ ਧਾਰਨਾਵਾਂ ਨੂੰ ਵਿਹਾਰਕ ਰੂਪ ਵਿੱਚ ਸਪਸ਼ਟ ਕਰਨ ਦਾ ਯਤਨ ਕਰਦੇ ਹਾਂ। ਕਹਾਣੀ ਦਾ ਵਿਸ਼ਾ ਬਹੁਤ ਅਹਿਮ ਹੈ। ਰੂਸ-ਯੂਕਰੇਨ ਦੇ ਯੁੱਧ ਦੀ ਅੰਤਰ-ਰਾਸ਼ਟਰੀ ਘਟਨਾ ਇੱਕ ਮੱਧਵਰਗੀ ਪੰਜਾਬੀ ਪਰਿਵਾਰ ਦੇ ਸੁਪਨਿਆਂ ਦਾ ਘਾਤ ਕਰ ਦਿੰਦੀ ਹੈ। ਯੂਕਰੇਨ ਵਿਚ ਡਾਕਟਰੀ ਦੀ ਵਿੱਦਿਆ ਹਾਸਲ ਕਰਨ ਗਿਆ ਸੂਰਯਾ, ਜੋ ਕਿ ਪੰਜਾਬ ਦੇ ਇੱਕ ਨੌਕਰੀਪੇਸ਼ਾ ਮੱਧਵਰਗੀ ਹਿੰਦੂ ਪਰਿਵਾਰ ਦਾ ਜੰਮਪਲ਼ ਹੈ, ਮਸਾਂ ਜਾਨ ਬਚਾ ਕੇ ਵਾਪਸ ਘਰ ਪਹੁੰਚਦਾ ਹੈ ਅਤੇ ਹਰ ਪੱਖੋਂ ਜ਼ਿੰਦਗੀ ਦੇ ਚੱਕਰਵਿਊ ਵਿਚ ਫਸ ਜਾਂਦਾ ਹੈ। ਕਹਾਣੀਕਾਰ ਨੇ ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਕਹਾਣੀ ਕਹਿਣ ਦੀ ਚੋਣ ਕਰਕੇ ਢੁੱਕਵਾਂ ਫੈਸਲਾ ਕੀਤਾ ਜਿਸ ਸਦਕਾ ਬਿਰਤਾਂਤ ਦੇ ਬਹੁ-ਆਵਾਜ਼ੀ ਹੋਣ ਦਾ ਰਾਹ ਖੁੱਲ੍ਹ ਗਿਆ। ਆਪਣੀ ਗਲਪੀ-ਸਮਰੱਥਾ ਅਨੁਸਾਰ ਕਹਾਣੀਕਾਰ ਪੂਰਾ ਯਤਨ ਕਰਦੀ ਹੈ ਕਿ ਇੱਕ ਪਾਸੇ ਸੂਰਯਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਤਣਾਅਗ੍ਰਸਤ ਮਾਨਸਿਕਤਾ ਦੇ ਯਥਾਰਥਕ ਚਿੱਤਰ ਉਲੀਕ ਸਕੇ ਅਤੇ ਦੂਜੇ ਪਾਸੇ ਸਮੁੱਚੀ ਮਾਨਵਤਾ ਦੇ ਪ੍ਰਸੰਗ ਵਿਚ ਜੰਗਾਂ-ਯੁੱਧਾਂ ਦੇ ਮਾਰੂ ਪ੍ਰਭਾਵਾਂ ਨੂੰ ਉਜਾਗਰ ਕਰਦਾ ਕਥਾ-ਵਿਵੇਕ ਉਭਾਰੇ। ਕਹਾਣੀਕਾਰ ਦੇ ਸਭ ਸੁਹਿਰਦ ਉਪਰਾਲਿਆਂ ਦੇ ਬਾਵਜੂਦ ਬਿਰਤਾਂਤਕਾਰੀ ਦੋਸ਼-ਪੂਰਨ ਨਿਭਾਓ ਦਾ ਸ਼ਿਕਾਰ ਹੋ ਜਾਂਦੀ ਹੈ। ਤ੍ਰਾਸਦੀ-ਗ੍ਰਸਤ ਪਾਤਰਾਂ ਦੇ ਮਾਨਸਿਕ ਵਿਸ਼ਾਦ ਨੂੰ ਡੂੰਘਾਈ ਵਿਚ ਚਿਤਰਨ ਅਤੇ ਉਨ੍ਹਾਂ ਦੇ ਹੋਂਦਗਤ ਸਰੋਕਾਰਾਂ ਦੇ ਦਾਰਸ਼ਨਿਕ ਪੱਖ ਉਜਾਗਰ ਕਰਨ ਦੀ ਥਾਂ ਕਹਾਣੀਕਾਰ ਅਖ਼ਬਾਰੀ ਰਿਪੋਰਟਾਂ ਦੀ ਤਰਜ਼ ਉੱਤੇ ਸਥਿਤੀਆਂ, ਘਟਨਾਵਾਂ ਦੇ ਬਾਹਰੀ ਵਰਨਣ ਨੂੰ ਵਧੇਰੇ ਮਹੱਤਵ ਦੇਣ ਲਗਦੀ ਹੈ। ਪਾਠਕ ਨੂੰ ਵਧੇਰੇ ਝੰਜੋੜਨ ਲਈ ਘਟਨਾਵਾਂ ਦਾ ਅਤੀ ਨਾਟਕੀ ਸਰੂਪ ਅਤੇ ਪਾਤਰ-ਵੇਦਨਾ ਦਾ ਅਤਿਕਥਨੀ ਭਰਿਆ ਬਿਆਨ, ਬਿਰਤਾਂਤ ਵਿਚ ਮੈਲੋਡਰਾਮਾ ਦੇ ਅੰਸ਼ਾਂ ਦਾ ਦਖ਼ਲ ਵਧਾ ਦਿੰਦਾ ਹੈ। ਸਿੱਟੇ ਵਜੋਂ ਉਹ ਬਿਆਨ ਪਾਠਕ ਦੀ ਸੰਵੇਦਨਾ ਨੂੰ ਝੰਜੋੜਨ ਦੀ ਥਾਂ ਉਸ ਲਈ ਫ਼ਿਲਮੀ ਝਾਕੀ ਬਣ ਜਾਂਦਾ ਹੈ। ਵਸਤੂ-ਸਥਿਤੀ ਪ੍ਰਤੀ ਉਤੇਜਿਤ ਪ੍ਰਤੀਕਿਰਿਆ ਕਹਾਣੀਕਾਰ ਦੀ ਸੰਤੁਲਤ, ਸਹਿਜ ਅਤੇ ਸਿਰਜਣਾਤਮਕ ਸੂਝ ਉੱਤੇ ਭਾਰੀ ਪੈਣ ਲਗਦੀ ਹੈ ਜੋ ਗਲਪੀ ਭਾਸ਼ਾ ਨੂੰ ਪਾਤਰਾਂ ਅਤੇ ਸਥਿਤੀਆਂ ਅਨੁਕੂਲ ਨਹੀਂ ਰਹਿਣ ਦਿੰਦੀ ਸਗੋਂ ਬਿਰਤਾਂਤਕਾਰ ਦਾ ਉੱਚੀ ਸੁਰ ਵਾਲਾ ਗਲਪੀ ਪ੍ਰਵਚਨ ਬਣਾ ਦਿੰਦੀ ਹੈ। ਇੱਕ ਨਮੂਨਾ ਵੇਖੋ: ਸਾੜ੍ਹਸਤੀ ਦੀ ਘੇਰਾਬੰਦੀ ਤੋੜ ਕੇ ਆਏ ਸੂਰਯਾ ਦੀ ਰੱਖਿਆ ਲਈ ਸਭ ਤੋਂ ਪਹਿਲਾਂ ਸ਼ਨੀ ਸ਼ਿਗਨਾਪੁਰ ਜਾ ਮੱਥਾ ਟੇਕਿਆ। ਉਸ ਤੋਂ ਬਾਅਦ ਤੀਰਥ ਸਥਾਨਾਂ ਦੀ ਚੱਲ ਸੋ ਚੱਲ ਮੁੱਕਣ ’ਚ ਨਾ ਆਵੇ। ਹਰਿਦੁਆਰ, ਵੈਸ਼ਨੋਦੇਵੀ, ਬਗਲਾਮੁਖੀ ਧਾਮ, ਹਰਿਮੰਦਿਰ ਸਾਹਿਬ, ਸਾਂਈ ਧਾਮ, ਅਜਮੇਰ ਸ਼ਰੀਫ਼, ਪੀਰਾਂ ਦੀਆਂ ਦਰਗਾਹਾਂ... ਕੋਈ ਅਜਿਹਾ ਤੀਰਥ ਨਾ ਬਚਿਆ ਜਿਥੇ ਮੱਥਾ ਨਾ ਟੇਕਿਆ।...
ਆਪਣੀ ਉਤੇਜਿਤ ਪ੍ਰਤੀਕਿਰਿਆ ਅਧੀਨ ਕਹਾਣੀਕਾਰ ਇੱਕ ਪਰੰਪਰਿਕ ਹਿੰਦੂ ਮਾਣਤਾਵਾਂ ਵਾਲੇ ਪਰਿਵਾਰ ਨੂੰ ਸਰਬਧਰਮੀ ਬਣਾ ਕੇ ਮਨ-ਚਾਹੀ ਦਿਸ਼ਾ ਵੱਲ ਤੋਰ ਲੈਂਦੀ ਹੈ। ਕਹਾਣੀ ਦੇ ਅੰਤ ਉੱਤੇ ‘ਡਾਕਟਰੀ ਖਿਡੌਣਾ ਸੈੱਟ’ ਡਸਟਬਿੰਨ ਵਿਚ ਸਿੱਟਣ ਵਾਲਾ ਨਾਟਕੀ ਘਟਨਾ-ਕ੍ਰਮ ਵੀ ਸਥਿਤੀਆਂ ਦੇ ਅੰਦਰਲੇ ਵਿਵੇਕ (ਸੁਪਨੇ ਦੀ ਪੂਰਤੀ ਲਈ ਮੂੰਹਜ਼ੋਰ ਮੱਧਵਰਗੀ ਲੋਚਾ) ਦੀ ਥਾਂ ਕਹਾਣੀਕਾਰ ਦਾ ਕਾਹਲੀ ਭਰੀ ਪ੍ਰਤੀਕਿਰਿਆ ਕਰਕੇ ਲਿਆ ਗਿਆ ‘ਯੂ-ਟਰਨ’ ਬਣ ਜਾਂਦਾ ਹੈ।
ਕਥਾ-ਦੋਸ਼ਾਂ ਦਾ ਸਰੂਪ ਵੱਖਰਾ ਹੋ ਸਕਦਾ ਹੈ ਪਰ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਦੀਆਂ ਬਹੁਤ ਚੰਗੀਆਂ ਮੰਨੀਆਂ ਗਈਆਂ ਰਚਨਾਵਾਂ ਵੀ ਰਚਨਾ-ਦ੍ਰਿਸ਼ਟੀ ਦੇ ਪੱਖੋਂ ਕਿਸੇ ਨਾ ਕਿਸੇ ਅਜਿਹੀ ਇੱਕ ਜਾਂ ਦੂਜੀ ਮਰਜ਼ ਨਾਲ ਪੀੜਤ ਹਨ, ਜਿਸ ਕਰਕੇ ਬਿਰਤਾਂਤਕ ਕਲਾਤਮਿਕਤਾ ਦੀ ਸਿਖਰ ਹੰਢਾਉਣ ਤੋਂ ਵਿਰਵੀਆਂ ਰਹਿ ਜਾਂਦੀਆਂ ਹਨ। ਫਿਰ ਵੀ ਤੂੜੀ ਦੀ ਧੜ ਵਿੱਚੋਂ ਦਾਣੇ ਨਿਖੇੜਨ ਵਰਗੀ ਕਰੜੀ ਮੁਸ਼ੱਕਤ ਤੋਂ ਬਾਅਦ ਮਸਾਂ ਉਂਗਲਾਂ ਦੇ ਪੋਟਿਆਂ ਉੱਤੇ ਗਿਣੀਆਂ ਜਾ ਸਕਣ ਜਿੰਨੀਆਂ ਪੰਜਾਬੀ ਕਹਾਣੀਆਂ ਪ੍ਰਾਪਤ ਹੋ ਸਕੀਆਂ ਹਨ ਜਿਨ੍ਹਾਂ ਨੂੰ ਮੁਕਾਬਲਤਨ ਬਿਹਤਰੀਨ ਨਹੀਂ ਤਾਂ ਮੁੱਲਵਾਨ ਚੰਗੀਆਂ ਕਹਾਣੀਆਂ ਜ਼ਰੂਰ ਕਹਿ ਸਕਦੇ ਹਾਂ। ਕਥਾ-ਦ੍ਰਿਸ਼ਟੀ ਦੇ ਪੱਖੋਂ ਇਨ੍ਹਾਂ ਸਲਾਹੁਣਯੋਗ ਕਹਾਣੀਆਂ ਨੂੰ ਮੈਂ ਆਪਣੀ ਸੰਖੇਪ ਮੁਲਾਂਕਣੀ ਟਿੱਪਣੀ ਸਮੇਤ ਉਭਾਰ ਕੇ ਪੇਸ਼ ਕਰਨਾ ਚਾਹੁੰਦਾ ਹਾਂ।
ਜਗਜੀਤ ਬਰਾੜ ਦੀ ਕਹਾਣੀ ‘ਦੋ ਗੁਆਚੇ ਪਿਓ’ (ਸ਼ਬਦ, ਅਪ੍ਰੈਲ-ਜੂਨ) ਉੱਤਮ-ਪੁਰਖੀ ਬਿਰਤਾਂਤਕਾਰ, ਗੋਰੀ ਕੁੜੀ ਐੱਮਲੀ, ਰਾਹੀਂ ਪਿਓ ਦੀ ਅਣਹੋਂਦ ਵਿਚ ਬੱਚਿਆਂ ਦੀ ਮਾਨਸਿਕਤਾ ਉੱਤੇ ਪੈਣ ਵਾਲੇ ਦੂਰਰਸੀ ਬੁਰੇ ਪ੍ਰਭਾਵਾਂ ਨੂੰ ਡੂੰਘੇ ਮਨੋਵਿਗਿਆਨਕ ਅਤੇ ਸਭਿਆਚਾਰਕ ਆਧਾਰਾਂ ਨਾਲ ਪੇਸ਼ ਕਰਦੀ ਹੈ। ਪਹਿਲੀ ਨਜ਼ਰੇ ਪ੍ਰੰਪਰਿਕ ਵਿਸ਼ੇ ਬਾਰੇ ਲਿਖੀ ਗਈ ਜਾਪਦੀ ਇਸ ਕਹਾਣੀ ਦੀ ਸ਼ਕਤੀ ਇਸ ਦੇ ਵਿਲੱਖਣ ਕਥਾ-ਵਸਤੂ, ਸੰਚਾਰ-ਯੁਕਤ ਤੇ ਸੁਹਜਮਈ ਸਰਲ ਬਿਰਤਾਂਤਕਾਰੀ ਅਤੇ ਉਲਾਰ-ਮੁਕਤ ਕਥਾ-ਦ੍ਰਿਸ਼ਟੀ ਵਿਚ ਹੈ। ਨਾਵਲੀ ਬਿਰਤਾਂਤ ਦੀ ਕਥਾ-ਵੰਨਗੀ ਵਾਲੀ ਇਹ ਕਹਾਣੀ ਲਕੀਰੀ ਬਿਰਤਾਂਤ ਦੀ ਕਥਾ-ਜੁਗਤ ਰਾਹੀਂ ਜਟਿਲ ਮਾਨਵੀ ਪਰਿਸਥਿਤੀਆਂ ਦਾ ਚਿਤਰਨ ਕਰ ਸਕਣ ਦਾ ਸਫਲ ਪ੍ਰਯੋਗ ਕਰਨ ਵਾਲੀ ਹੈ। ਇਸ ਦੇ ਸਾਰੇ ਪਾਤਰ ਗ਼ੈਰ-ਪੰਜਾਬੀ ਹਨ ਪਰ ਉਨ੍ਹਾਂ ਦੀ ਚਰਿੱਤਰ-ਉਸਾਰੀ ਠੇਠ ਪੰਜਾਬੀ ਮੁਹਾਵਰੇ ਰਾਹੀਂ ਕੀਤੀ ਗਈ ਹੈ। ਭਾਵੇਂ ਕਿਤੇ ਕਿਤੇ ਅਨੁਵਾਦ ਦੀ ਭਾਸ਼ਾ ਦੇ ਸਰੂਪ ਵਾਲੀ ਸ਼ਬਦਾਵਲੀ ਵੀ ਵਰਤੀ ਗਈ ਹੈ ਜੋ ਗਲਪੀ-ਭਾਸ਼ਾ ਦਾ ਬਦਲ ਨਹੀਂ ਬਣ ਸਕਦੀ, ਪਰ ਸ਼ਾਇਦ ਇਹ ਨਾ-ਸਰਦੇ ਦੀ ਲੋੜ ਕਰਕੇ ਕੀਤਾ ਗਿਆ ਹੈ। ਐੱਮਲੀ ਅਤੇ ਉਸ ਦੀ ਮਾਂ ਨੇ ਮਰਦ ਦਾ ਡਰਾਉਣਾ ਅਤੇ ਗ਼ੈਰ-ਮਾਨਵੀ ਵਿਹਾਰੀ ਰੂਪ ਵੀ ਵੇਖਿਆ ਹੈ ਪਰ ਉਹ ਇਸ ਸਮਾਜਿਕ-ਮਨੋਵਿਗਿਆਨਕ ਸੱਚ ਤੋਂ ਵੀ ਅਭਿੱਜ ਨਹੀਂ ਕਿ ਮਰਦ ਦੀ ਅਣਹੋਂਦ ਨਾਲ ਅਸਥਿਰ ਹੋਈ ਜ਼ਿੰਦਗੀ ਵੀ ਕੋਈ ਘੱਟ ਬੇਰਸੀ ਨਹੀਂ। ਆਪਣੇ ਕਥਾ-ਵਿਵੇਕ ਵਜੋਂ ਕਹਾਣੀ ਪਰੰਪਰਿਕ ਨਾਰੀਵਾਦ ਦੀ ਮਰਦ-ਮੁਕਤ ਧਾਰਨਾ ਦੇ ਉਲਟ ਮਰਦ-ਯੁਕਤ ਨਵ-ਨਾਰੀਵਾਦ ਦਾ ਪ੍ਰਤਿਮਾਨ ਸ਼ਕਤੀਸ਼ਾਲੀ ਢੰਗ ਨਾਲ ਉਭਾਰਦੀ ਹੈ।
ਵਿਪਨ ਗਿੱਲ ਦੀ ਕਹਾਣੀ ‘ਰੰਗ ਤਲਿੱਸਮ’ (ਕਹਾਣੀ ਧਾਰਾ, ਅਕਤੂਬਰ-ਦਸੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਖ਼ਾਨਦਾਨੀ ਅਮੀਰ ਰਾਏ ਸਾਹਿਬ ਦੀ ਦੂਜੀ ਪਤਨੀ ਸੀਮਾ ਦੇ ਇੱਕੋ ਸਮੇਂ ਘੁਟਨ ਅਤੇ ਸੁਪਨਿਆਂ ਨਾਲ ਲਬਰੇਜ਼ ਅਵਚੇਤਨੀ ਸੰਸਾਰ ਦਾ ਬਿਰਤਾਂਤ ਪੇਸ਼ ਕਰਦੀ ਹੈ। ਕੁਦਰਤੀ ਵਰਤਾਰਿਆਂ ਅਤੇ ਜਟਿਲ ਸਮਾਜਿਕ ਸੰਰਚਨਾ ਦੇ ਪ੍ਰਸੰਗ ਵਿਚ ਬਦਲਦੇ ਮਨੁੱਖੀ ਵਿਹਾਰ ਦੀਆਂ ਵੱਖ ਵੱਖ ਸ਼ੇਡਜ਼ ਨੂੰ ਕਹਾਣੀ ਵਿਚ ਬਹੁਤ ਬਰੀਕੀ ਨਾਲ ਚਿਤਰਿਆ ਗਿਆ ਹੈ। ਸਹਿਜ ਬਿਆਨੀ ਅਤੇ ਪ੍ਰਗੀਤਕ ਗਲਪੀ ਭਾਸ਼ਾ ਕਹਾਣੀ ਦੀ ਸਮਰੱਥਾ ਨੂੰ ਵਧਾਉਂਦੀ ਹੈ। ਨਾਰੀ ਦੇ ਦਿਸ਼ਾਹੀਣ ਵਿਦਰੋਹ ਦੀ ਥਾਂ ਆਪਣੀ ਅਮੋਲਕ ਮਾਨਵੀ ਹੋਂਦ ਦੇ ਗੌਰਵ ਦੀ ਪਛਾਣ ਵਾਲਾ ਕਥਾ-ਵਿਵੇਕ ਇਸ ਕਹਾਣੀ ਨੂੰ ਨਵ-ਨਾਰੀਵਾਦ ਦੇ ਨਵੇਂ ਪਾਸਾਰ ਉਜਾਗਰ ਕਰਨ ਵੱਲ ਤੋਰਦਾ ਹੈ।
ਸੁਖਪਾਲ ਸਿੰਘ ਥਿੰਦ ਦੀ ਕਹਾਣੀ ‘ਫ਼ਸਲਾਂ ਦੇ ਫੈਸਲੇ’ (ਹੁਣ, ਮਈ-ਅਗਸਤ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਦਿੱਲੀ ਦੀਆਂ ਬਰੂਹਾਂ ਉੱਤੇ ਲਾਏ ਅਤੇ ਜਿੱਤੇ ਗਏ ਕਿਸਾਨ ਮੋਰਚੇ ਦੇ ਮੱਧਵਰਗੀ ਪੰਜਾਬੀ ਬੰਦੇ ਦੇ ਮਨ-ਮਸਤਕ ਉੱਤੇ ਪਏ ਝੰਜੋੜਵੇਂ ਪ੍ਰਭਾਵਾਂ ਦਾ ਬਿਰਤਾਂਤ ਪੇਸ਼ ਕਰਦੀ ਹੈ। ਅੰਦੋਲਨ ਵਿਚ ਆਪਣੇ ਕਿਸਾਨ ਬਾਪ ਦੀ ਭਰਵੀਂ ਸ਼ਾਮੂਲੀਅਤ ਅਤੇ ਸ਼ਹਾਦਤ ਦੇ ਡੂੰਘੇ ਪ੍ਰਭਾਵਾਂ ਸਦਕਾ ਮੱਧਵਰਗੀ ਸਵੈ-ਕੇਂਦਰਤ ਜੀਵਨ-ਜਾਚ ਦੇ ਰਾਹ ਪਏ ਪ੍ਰੋ. ਸੁਖਵੰਤ ਦੇ ਅਵਚੇਤਨ ਵਿਚ ਦਫ਼ਨ ਹੋ ਚੁੱਕਾ ਸੰਘਰਸ਼ਸ਼ੀਲ, ਖੁੱਲ੍ਹ-ਖੁਲਾਸਾ ਅਤੇ ਪਰਉਪਕਾਰੀ ਕਿਸਾਨੀ ਸੁਭਾਅ ਪੁਨਰ-ਸੁਰਜੀਤ ਹੋਣ ਲੱਗ ਪੈਂਦਾ ਹੈ। ਕਹਾਣੀ ਦੀ ਸ਼ਕਤੀ ਜਿੱਥੇ ਕਿਸਾਨ ਅੰਦੋਲਨ ਦੇ ਦਸਤਾਵੇਜ਼ੀ ਵੇਰਵਿਆਂ ਨੂੰ ਭਰਪੂਰ ਰੂਪ ਵਿੱਚ ਕਥਾ-ਬਿਰਤਾਂਤ ਵਿਚ ਗੁੰਦਣ ਦੇ ਹੁਨਰ ਵਿਚ ਹੈ ਉੱਥੇ ਸਮੂਹਿਕ ਚੇਤਨਾ ਅਤੇ ਲੋਕ-ਪੱਖੀ ਸਰੋਕਾਰਾਂ ਨੂੰ ਕਥਾ-ਵਿਵੇਕ ਦਾ ਸਹਿਜ ਅੰਗ ਬਣਾ ਕੇ ਉਭਾਰਨ ਵਿਚ ਵੀ ਹੈ। ਇਸ ਕਹਾਣੀ ਦੀ ਮਹੱਤਤਾ ਸਮਕਾਲ ਦੇ ਮਹਾਂਕਾਵਿਕ ਅਤੇ ਇਤਿਹਾਸਕ ਵਿਸ਼ੇ ਬਾਰੇ ਪਹਿਲੀ ਗੰਭੀਰ ਗਲਪ ਰਚਨਾ ਦੀ ਸਫਲ ਕੋਸ਼ਿਸ਼ ਕਰਕੇ ਵੀ ਹੈ।
ਹਰਮੇਸ਼ ਮਾਲੜੀ ਦੀ ਕਹਾਣੀ ‘ਹੁਣ ਕੀ ਹੋਇਆ’ (ਪ੍ਰਵਚਨ, ਅਪ੍ਰੈਲ-ਜੂਨ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬੀਆਂ ਦੇ ਨਿਰੰਤਰ ਉਜਾੜੇ ਦੀ ਹੋਣੀ ਦਾ ਭਾਵਪੂਰਤ ਬਿਰਤਾਂਤ ਸਿਰਜਦੀ ਹੈ। ਪਹਿਲਾਂ ਸੰਤਾਲੀ ਦੀ ਵੰਡ ਸਮੇਂ ਉਜਾੜਾ ਮਜਬੂਰਨ ਹੋਇਆ ਸੀ ਪਰ ਹੁਣ ਪੱਛਮੀ ਮੁਲਕਾਂ ਵੱਲ ਪਰਵਾਸ ਸਵੈ-ਇੱਛਿਤ ਹੈ। ਕਹਾਣੀ ਇਹ ਰਚਨਾ-ਵਿਵੇਕ ਉਭਾਰਦੀ ਹੈ ਕਿ ਕਾਰਨ ਭਾਵੇਂ ਕੋਈ ਵੀ ਹੋਵੇ; ਉਜਾੜਾ ਆਪਣੇ ਅੰਤਮ ਅਰਥਾਂ ਵਿਚ ਦੁਖਾਂਤ ਦੀ ਬੁਨਿਆਦ ਹੀ ਬਣਦਾ ਹੈ। ਕਹਾਣੀ ਦੀ ਸਭ ਤੋਂ ਵੱਡੀ ਖ਼ੂਬੀ ਉਜਾੜੇ ਦੇ ਪ੍ਰਭਾਵਾਂ ਨੂੰ ਚਿਤਰਨ ਵਾਲੀ ਯਥਾਰਥਕ, ਪ੍ਰਤੀਕਮਈ, ਭਾਵਯੁਕਤ ਅਤੇ ਪ੍ਰਕਾਰਜੀ ਗਲਪੀ ਭਾਸ਼ਾ ਦੀ ਸਿਰਜਣਾ ਵਿਚ ਹੈ। ਸੁੰਨੇ ਘਰ ਵਿਚ ਕਾਬਿਜ਼ ਹੋਏ ਕਬੂਤਰਾਂ ਨਾਲ ਘਰ ਦੇ ਰਾਖੇ (ਦਲਿਤ) ਮਹਿੰਗਾ ਸਿੰਘ ਦੀ ਜੁਗਲਬੰਦੀ ਬਿਰਤਾਂਤ ਨੂੰ ਭਾਵਪੂਰਤ ਅਤੇ ਬਹੁਅਰਥਾ ਬਣਾਉਂਦੀ ਹੈ।
ਬਲਬੀਰ ਪਰਵਾਨਾ ਦੀ ਕਹਾਣੀ ‘ਅੱਕ ਦੇ ਫੰਬੇ’ (ਅੱਖਰ, ਜੁਲਾਈ-ਸਤੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਕੱਚੇ ਪਰਵਾਸੀ ਪੰਜਾਬੀ ਦੀ ਪਿੱਛੇ ਪੰਜਾਬ ਰਹਿੰਦੀ ਨੌਜਵਾਨ ਪਤਨੀ ਦੀ ਉਪਭੋਗੀ ਜੀਵਨ-ਜਾਚ ਦਾ ਬਿਰਤਾਂਤ ਪੇਸ਼ ਕਰਦੀ ਹੈ। ਨਵ-ਪੂੰਜੀਵਾਦੀ ਲੀਹਾਂ ਉੱਤੇ ਤੇਜ਼ੀ ਨਾਲ ਬਦਲ ਰਹੇ ਪੰਜਾਬ ਦੇ ਜੀਵਨ-ਦ੍ਰਿਸ਼ ਵਿਚ ‘ਉਹ’ (ਪਤਨੀ) ਵੀ ਬਿਨਾ ਅਪਰਾਧ-ਬੋਧ ਜਾਂ ਹੀਣ-ਭਾਵਨਾ ਤੋਂ ਜ਼ਿੰਦਗੀ ਨੂੰ ਮਾਣਦੀ ਹੈ। ਕਹਾਣੀ ਇਹ ਕਥਾ-ਵਿਵੇਕ ਉਭਾਰਦੀ ਹੈ ਕਿ ਉਪਭੋਗੀ ਤ੍ਰਿਪਤੀਆਂ ਦੇ ਹਾਬੜੇ ਨੇ ਪੰਜਾਬੀ ਬੰਦੇ ਨੂੰ ਪਰਿਵਾਰਕ ਅਤੇ ਨੈਤਿਕ ਮਾਣਤਾਵਾਂ ਦੇ ਸਮੁੱਚੇ ਪਰਪੰਚ ਤੋਂ ਬੇਮੁੱਖ ਕਰ ਦਿੱਤਾ ਹੈ। ਪਿੰਡ ਵਿਚ ਘੁਸਪੈਠ ਕਰ ਰਹੇ ਸ਼ਹਿਰ ਅਤੇ ਇਸ ਨਾਲ ਰੂਪਾਂਤਰਿਤ ਹੋ ਰਹੇ ਸਭਿਆਚਾਰਕ ਪ੍ਰਤਿਮਾਨਾਂ ਨੂੰ ਬਦਲਦੀ ਲੈਂਡ-ਸਕੇਪਿੰਗ ਦੇ ਬਰੀਕਬੀਨ ਵੇਰਵਿਆਂ ਨਾਲ ਚਿਤਰਨਾ ਇਸ ਕਹਾਣੀ ਦੀ ਵੱਡੀ ਖ਼ੂਬੀ ਬਣਦੀ ਹੈ।
ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਉਸ ਦੀਆਂ ਅੱਖਾਂ ਵਿਚ ਸੂਰਜ ਦਾ ਨਿਵਾਸ ਹੈ’ (ਸਿਰਜਣਾ, ਜਨਵਰੀ-ਮਾਰਚ) ਉੱਤਮ-ਪੁਰਖੀ, ਇੱਕ ਮੁਸਲਿਮ ਦਾਈ ਔਰਤ, ਰਾਹੀਂ ਭਾਰਤੀ ਸਮਾਜ ਵਿਚ ਧੀ ਅਤੇ ਗਊ ਦੀ ਹੋਂਦ ਅਤੇ ਹੋਣੀ ਦਾ ਸਮਾਜੀ ਅਤੇ ਰਾਜਸੀ ਪਰਿਪੇਖ ਉਜਾਗਰ ਕਰਦੀ ਹੈ। ਧੀਅ, ਸੰਤਾਲੀ ਦੇ ਹੱਲਿਆਂ ਦੌਰਾਨ ਨਜਾਇਜ਼ ਔਲਾਦ ਵਜੋਂ ਜੰਮੀ-ਪਲ਼ੀ ਸੀ ਪਰ ਜੁਆਨ ਹੋਣ ’ਤੇ ਉਸ ਦੀ ਵਰਤੋਂ ਨਸ਼ੇੜੀ ਮੁਕੰਦੇ ਦਾ ਘਰ ਵਸਾਉਣ ਲਈ ਹੋਈ। ਉਸ ਦੀ ਪੁੱਤਾਂ ਵਾਂਗ ਪਾਲ਼ੀ ਗਊ ਮਿੱਠੋ ਫੰਡਰ ਹੋਣ ’ਤੇ ਅਵਾਰਾ ਪਸ਼ੂ ਬਣਾ ਦਿੱਤੀ ਗਈ ਅਤੇ ਗਊ ਸੇਵਕ ਉਸ ਦੀ ਮੌਤ ਦੀ ਵਰਤੋਂ ਰਾਜਸੀ ਲਾਹਾ ਲੈਣ ਲਈ ਕਰਨ ਦਾ ਯਤਨ ਕਰਦੇ ਹਨ। ਰਾਜਸੀ ਅਵਚੇਤਨ ਵਾਲੀ ਇਸ ਕਹਾਣੀ ਦੀ ਸ਼ਕਤੀ ਜਿੱਥੇ ਤਿੱਖੀ ਪਰ ਸੂਖ਼ਮ ਵਿਅੰਗ ਸਿਰਜਣਾ ਵਿਚ ਹੈ ਉੱਥੇ ਉੱਤਮ-ਪੁਰਖੀ ਬਿਰਤਾਂਤਕਾਰ ਨੂੰ ਢੁੱਕਵਾਂ ਪਾਤਰ-ਰੂਪ ਦੇ ਕੇ ਚਰਿੱਤਰ ਉਸਾਰੀ ਕਰਨ ਵਿਚ ਵੀ ਹੈ। ਚੁਸਤ ਫ਼ਿਕਰੇ ਅਤੇ ਨਾਟਕੀਅਤਾ ਭਰਪੂਰ ਬਿਆਨ ਵੀ ਇਸ ਕਹਾਣੀ ਦੀ ਕਲਾਤਮਕਤਾ ਦਾ ਮੀਰੀ ਗੁਣ ਬਣਦਾ ਹੈ।
ਬਲੀਜੀਤ ਦੀ ਕਹਾਣੀ ‘ਸਿਰ ਦੇ ਵਾਲ਼’ (ਹੁਣ, ਮਈ-ਅਗਸਤ) ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਵਿਭਿੰਨ ਸੰਪਰਦਾਇਕ ਪਛਾਣਾਂ ਵਾਲਿਆਂ ਦੀ ਪ੍ਰਸਪਰ ਸਾਂਝ ਅਤੇ ਬੇਵਸਾਹੀ ਵਾਲੇ ਭਾਵ-ਸੰਸਾਰ ਵਿਚਲੀ ਬਾਰੀਕ ਲਕੀਰ ਨੂੰ ਚੌਰਾਸੀ ਦੇ ਦਿੱਲੀ ਦੰਗਿਆਂ ਦੇ ਹਵਾਲੇ ਨਾਲ ਪੇਸ਼ ਕਰਦੀ ਹੈ। ਤਿੰਨ ਵਿਦਿਆਰਥੀ ਦੋਸਤ ਹਨ, ਜਿਨ੍ਹਾਂ ਵਿੱਚੋਂ ‘ਮੈਂ’ ਅਤੇ ਰਾਜੀਵ ਪੰਜਾਬੀ ਹਿੰਦੂ ਹਨ ਅਤੇ ਲਾਂਬਾ ਪੰਜਾਬੀ ਸਿੱਖ। ਦੋਵੇਂ ਹਿੰਦੂ ਮੁੰਡੇ ਦੰਗਿਆਂ ਦੌਰਾਨ ਦਿੱਲੀ ਵਿੱਚ ਫਸੇ ਲਾਂਬੇ ਦੇ ਅੰਕਲ ਦੀ ਖ਼ਬਰ ਲੈਣ ਦਿੱਲੀ ਜਾਂਦੇ ਹਨ। ਜਾਣ ਵਕਤ ਉਹ ਹਿੰਦੂ ਸੰਪਰਦਾ ਦੇ ਗ਼ੈਰ-ਪੰਜਾਬੀ ਲੋਕਾਂ ਤੋਂ ਆਪਣੀ ਪੰਜਾਬੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਅੰਕਲ ਦਾ ਪਰਿਵਾਰ ਵੀ ਉਨ੍ਹਾਂ ਉੱਤੇ ਗੁੱਝੀ ਜਿਹੀ ਸ਼ੱਕ ਕਰਦਾ ਹੈ ਪਰ ਜਦੋਂ ਪੰਜਾਬੀਅਤ ਦੀ ਸਾਂਝ ਸਪਸ਼ਟ ਹੁੰਦੀ ਹੈ ਤਾਂ ਮਾਨਵੀ ਭਰੱਪਣ, ਬੇਵਸਾਹੀ ਉੱਤੇ ਭਾਰੂ ਹੋ ਜਾਂਦਾ ਹੈ। ਕਹਾਣੀ ਦੀ ਸਮਰੱਥਾ ਬਹੁਤ ਸੰਵੇਦਨਸ਼ੀਲ ਮਸਲੇ ਨੂੰ ਸੰਕੇਤਕ ਬਿਰਤਾਂਤ ਦੀਆਂ ਕਥਾ-ਜੁਗਤਾਂ ਨਾਲ ਪਾਠਕ ਦੀ ਸੰਵੇਦਨਾ ਦਾ ਅੰਗ ਬਣਾ ਦੇਣ ਵਿਚ ਹੈ।
ਗੁਰਮੀਤ ਪਨਾਗ ਦੀ ਕਹਾਣੀ ‘ਮੁਖਿ ਮਣੀ ਸੋਹੈ’ (ਤਾਸਮਨ, ਅਕਤੂਬਰ-ਦਸੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇਕ ਨੇਕਨੀਅਤ ਅਤੇ ਹੁਨਰੀ ਪਰਵਾਸੀ ਪੰਜਾਬੀ ਸੁਖਚੈਨ ਦੇ ਜੀਵਨ-ਸੰਘਰਸ਼ ਦਾ ਬਿਰਤਾਂਤ ਸਿਰਜਦੀ ਹੈ। ਕਰੀਬੀ ਰਿਸ਼ਤੇਦਾਰਾਂ ਹੱਥੋਂ ਧੋਖੇ ਖਾ ਕੇ ਉਹ ਡਿਗਦਾ ਵੀ ਹੈ ਪਰ ਆਪਣੇ ਮੁੜ ਖੜ੍ਹਾ ਹੋ ਜਾਣ ਦੇ ਮੂਲ ਪੰਜਾਬੀ ਜਜ਼ਬੇ ਨਾਲ ਸੰਭਲ ਵੀ ਜਾਂਦਾ ਹੈ। ਕਹਾਣੀ ਕਿਸੇ ਲੋਕ-ਕਥਾ ਵਾਂਗ ਇਹ ਰਚਨਾ-ਵਿਵੇਕ ਉਭਾਰਦੀ ਹੈ ਕਿ ਲੁਟੇਰੇ ਕਿਸੇ ਦਾ ਧਨ-ਮਾਲ਼ ਤਾਂ ਲੁੱਟ ਸਕਦੇ ਹਨ ਪਰ ਹੁਨਰ ਨਹੀਂ ਖੋਹ ਸਕਦੇ। ਪਰਵਾਸੀ ਜਨ-ਜੀਵਨ ਦੇ ਯਥਾਰਥਕ ਵੇਰਵੇ, ਖਾਸ ਕਰਕੇ ਕੰਸਟ੍ਰਕਸ਼ਨ ਦੇ ਕਾਰੋਬਾਰ ਨਾਲ ਸਬੰਧਤ ਜੀਵੰਤ ਵਰਨਣ ਅਤੇ ਨਵ-ਮਾਨਵਵਾਦ (ਮਾਨਵੀ ਇੱਛਾ ਸ਼ਕਤੀ ਦਾ ਗੌਰਵ ਪਛਾਣ ਕੇ ਜਿਉਣਾ) ਤੋਂ ਪ੍ਰੇਰਿਤ ਰਚਨਾ-ਦ੍ਰਿਸ਼ਟੀ ਕਹਾਣੀ ਨੂੰ ਉਲੇਖਯੋਗ ਬਣਾਉਂਦੇ ਹਨ।
ਪਾਕਿਸਤਾਨੀ ਪੰਜਾਬੀ ਕਹਾਣੀਕਾਰ ਤੌਕੀਰ ਚੁਗ਼ਤਾਈ ਦੀ ਕਹਾਣੀ ‘ਤੁਬਕੇ’ (ਸਿਰਜਣਾ, ਅਕਤੂਬਰ-ਦਸੰਬਰ) ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਹੱਸਾਸ ਬੰਦੇ ਦੀ ਅਵਚੇਤਨੀ ਕਸ਼ਮਕਸ਼ ਦਾ ਬਿਰਤਾਂਤ ਪੇਸ਼ ਕਰਦੀ ਹੈ। ਕਿਸੇ ਦੂਜੇ ਦੇ ਦੁੱਖ-ਦਰਦ ਨਾਲ ਤਰਲ ਹੋਏ ਬੰਦੇ ਦੇ ਹੰਝੂ ਉਸ ਦੀ ਸੰਵੇਦਨਸ਼ੀਲਤਾ ਦੀ ਗਵਾਹੀ ਭਰਦੇ ਹਨ। ਕਹਾਣੀ ਇਹ ਕਥਾ-ਵਿਵੇਕ ਉਭਾਰਦੀ ਹੈ ਕਿ ਅਜਿਹੀ ਸੰਵੇਦਨਸ਼ੀਲਤਾ ਹੀ ਬੰਦੇ ਦੇ ਬੰਦਾ ਹੋਣ ਦੀ ਨਿਸ਼ਾਨਦੇਹੀ ਕਰ ਸਕਦੀ ਹੈ। ਕਹਾਣੀ ਦੀਆਂ ਮੁੱਖ ਦੋ ਘਟਨਾਵਾਂ ਹਨ। ਪਹਿਲੀ ਇੱਕ ਹੋਟਲ ਦੇ ਵੇਟਰ ਨਾਲ ਬੁਰਾ ਸਲੂਕ ਹੁੰਦਾ ਵੇਖਣ ਦੀ ਹੈ ਅਤੇ ਦੂਜੀ ਹੜ੍ਹ ਵਿਚ ਰੁੜ੍ਹੀ ਜਾਂਦੀ ਇੱਕ ਬਜ਼ੁਰਗ ਔਰਤ ਨੂੰ ਬਚਾ ਨਾ ਸਕਣ ਦੀ ਹੈ। ਦੋਵੇਂ ਸਮੇਂ ਹੀ ਬਿਰਤਾਂਤਕਾਰ ਮੈਂ ਦਾ ਮਨ ਦਰਦ ਨਾਲ ਭਿੱਜਦਾ ਹੈ ਪਰ ਔਰਤ ਨੂੰ ਬਚਾ ਨਾ ਸਕਣ ਦੇ ਡੂੰਘੇ ਅਹਿਸਾਸ ਨਾਲ ਉਸ ਦੇ ਹੰਝੂ ਵੀ ਡਿੱਗਦੇ ਹਨ। ਬਹੁਤ ਛੋਟੇ ਆਕਾਰ ਦੀ ਇਸ ਕਹਾਣੀ ਵਿਚ ਵਧੇਰੇ ਪਾਕਿਸਤਾਨੀ ਪੰਜਾਬੀ ਕਹਾਣੀਆਂ ਵਾਂਗ, ਅਬਸਟ੍ਰੈਕਟ (ਅਮੂਰਤ) ਸ਼ੈਲੀ ਵਾਲਾ ਸੰਕੇਤਕ ਬਿਰਤਾਂਤ ਵਰਤਿਆ ਗਿਆ ਹੈ। ਇਸ ਦੀ ਅਹਿਮੀਅਤ ਬੰਦੇ ਦੇ ਅਸਤਿੱਤਵੀ ਸਰੋਕਾਰਾਂ ਦੀ ਪੇਸ਼ਕਾਰੀ ਸਦਕਾ ਬਣਦੀ ਹੈ।
ਭੋਲਾ ਸਿੰਘ ਸੰਘੇੜਾ ਦੀ ਕਹਾਣੀ ‘ਨਹੀਂ ਪਾਪਾ ਨਹੀਂ’ (ਸ਼ਬਦ, ਅਕਤੂਬਰ-ਦਸੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬ ਦੇ ਮੁੰਡੇ-ਕੁੜੀਆਂ ਦੇ ਅਜੋਕੇ ਪਰਵਾਸ ਨਾਲ ਪੈਦਾ ਹੋ ਰਹੇ ਆਰਥਕ-ਸਮਾਜਕ ਸੰਕਟਾਂ ਦਾ ਬਿਆਨ ਕਰਦੀ ਹੈ। ਇੱਕ ਆਮ ਕਿਸਾਨ ਪਰਿਵਾਰ ਦੀ ਕੁੜੀ ਨੂੰ ਉਸ ਦੇ ਮਾਪੇ ਕਿਸੇ ਰਿਸ਼ਤੇਦਾਰ ਤੋਂ ਪੈਸੇ ਲੈ ਕੇ ਬਾਹਰ ਭੇਜ ਦਿੰਦੇ ਹਨ ਅਤੇ ਪੈਸਿਆਂ ਬਦਲੇ ਕੁੜੀ ਦਾ ਸਾਕ ਦੇਣ ਦਾ ਵਾਅਦਾ ਕਰ ਲੈਂਦੇ ਹਨ, ਪਰ ਕੁੜੀ ਅੰਤ ਇਸ ‘ਸੌਦੇ’ ਤੋਂ ਮੁਨਕਰ ਹੋ ਕੇ ਆਪਣਾ ਮਾਨਵੀ ਗੌਰਵ ਬਚਾਉਣ ਦਾ ਯਤਨ ਕਰਦੀ ਹੈ। ਕਹਾਣੀ ਭਾਵੇਂ ਮਸਲੇ ਦੀ ਪੂਰੀ ਜਟਿਲਤਾ ਤੱਕ ਤਾਂ ਨਹੀਂ ਪਹੁੰਚਦੀ ਪਰ ਪੰਜਾਬੀ ਸਮਾਜ ਦੇ ਇਸ ਨਵੇਂ ਵਰਤਾਰੇ ਨੂੰ ਕਥਾ-ਵਸਤੂ ਬਣਾਉਣ ਕਰਕੇ ਧਿਆਨ ਖਿੱਚਦੀ ਹੈ। ਜ਼ਮੀਨ ਨਾਲ ਜੁੜੀ ਠੇਠ ਭਾਸ਼ਾ ਦੀ ਪ੍ਰਮਾਣਿਕ ਵਰਤੋਂ ਅਤੇ ਸੰਵਾਦ ਜੁਗਤ ਰਾਹੀਂ ਪੈਦਾ ਹੋਈ ਨਾਟਕੀਅਤਾ ਕਹਾਣੀ ਨੂੰ ਰੌਚਕ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਇਨ੍ਹਾਂ ਉਪਰੋਕਤ ਉਲੇਖਯੋਗ ਕਹਾਣੀਆਂ ਤੋਂ ਇਲਾਵਾ ਕੁਝ ਹੋਰ ਜ਼ਿਕਰਯੋਗ ਕਹਾਣੀਆਂ ਹਨ ਜਿਨ੍ਹਾਂ ਦਾ ਵੇਰਵਾ ਦੇਣਾ ਕਹਾਣੀ ਦੇ ਨਵੇਂ ਪਾਠਕਾਂ ਲਈ ਸਾਰਥਕ ਹੋਵੇਗਾ। ਚਿੱਟੀ ਤਿਤਲੀ ਦਾ ਸਿਰਨਾਵਾਂ (ਜਗਜੀਤ ਬਰਾੜ, ਤਾਸਮਨ, ਜੁਲਾਈ-ਸਤੰਬਰ), ਲੋਈ (ਸਰਘੀ, ਚਿਰਾਗ, ਜਨਵਰੀ-ਮਾਰਚ), ਮੁਖੌਟੇ ਦੇ ਆਰ-ਪਾਰ (ਜਸਪਾਲ ਕੌਰ, ਏਕਮ, ਜਨਵਰੀ-ਮਾਰਚ), ਮਿੱਸ ਸਿਟੀ (ਸੁਰਿੰਦਰ ਨੀਰ, ਸ਼ਬਦ, ਅਪ੍ਰੈਲ-ਜੂਨ), ਤਾਂ ਬੇਬੇ ਦਾ ਹੁਣ ਕੋਈ ਨਹੀਂ (ਰਵੀ ਸ਼ੇਰਗਿੱਲ, ਸ਼ਬਦ, ਜੁਲਾਈ-ਸਤੰਬਰ), ਤੀਜਾ ਨਗੌਰੀਆ (ਹਰਮੇਸ਼ ਮਾਲੜੀ, ਕਹਾਣੀ ਧਾਰਾ, ਜਨਵਰੀ-ਮਾਰਚ), ਕਾਮਾ (ਸ਼ਹਿਜ਼ਾਦ ਅਸਲਮ, ਕਹਾਣੀ ਧਾਰਾ, ਜਨਵਰੀ-ਮਾਰਚ, ਲਿਪੀਅੰਤਰ: ਖ਼ਾਲਿਦ ਫ਼ਰਹਾਦ ਧਾਰੀਵਾਲ), ਨੀਵੀਂ ਥਾਂ (ਬੂਟਾ ਸਿੰਘ ਚੌਹਾਨ, ਸਮਕਾਲੀ ਸਾਹਿਤ, ਜਨਵਰੀ-ਮਾਰਚ), ਖੁਸ਼ਬੂ ਜਾਤ ਨਾ ਜਾਣਦੀ (ਜੋਗੇ ਭੰਗਲ, ਸਿਰਜਣਾ, ਜਨਵਰੀ-ਮਾਰਚ), ਮਾਰੂਥਲ (ਅਨੇਮਨ ਸਿੰਘ, ਸਿਰਜਣਾ, ਅਪ੍ਰੈਲ-ਜੂਨ), ਪਾਵਰ-ਡਿਸਕੋਰਸ (ਸਵਾਮੀ ਸਰਬਜੀਤ ਸਿੰਘ, ਸਿਰਜਣਾ, ਅਕਤੂਬਰ-ਦਸੰਬਰ), ਵੱਡਾ ਵੇਲਾ (ਹਰਪ੍ਰੀਤ ਸਿੰਘ ਚਨੂੰ, ਪ੍ਰਵਚਨ, ਅਕਤੂਬਰ-ਦਸੰਬਰ), ਡਲਿਵਰੀਮੈਨ (ਭਗਵੰਤ ਰਸੂਲਪੁਰੀ, ਹੁਣ, ਮਈ-ਅਗਸਤ), ਸੁੰਗੜਿਆ ਹੋਇਆ ਆਦਾਮੀ (ਸੁਕੀਰਤ, ਹੁਣ, ਸਤੰਬਰ-ਦਸੰਬਰ), ਮੈਲਾਨਿਨ (ਜਸਵਿੰਦਰ ਧਰਮਕੋਟ, ਹੁਣ, ਸਤੰਬਰ-ਦਸੰਬਰ) ਆਦਿ ਕਹਾਣੀਆਂ ਵੀ ਕਲਾਤਮਕਤਾ ਦੇ ਕਿਸੇ ਇੱਕ ਜਾਂ ਦੂਜੇ ਪੱਖੋਂ ਧਿਆਨ ਦੇਣ ਯੋਗ ਹਨ।
ਇਸ ਵਰ੍ਹੇ ਦੀ ਸਮੁੱਚੀ ਪੰਜਾਬੀ ਕਹਾਣੀ ਦੇ ਮਹਾਂਦ੍ਰਿਸ਼ ਦਾ ਹਰ ਪੱਖੋਂ ਬਾਰੀਕਬੀਨ (ਮਾਈਕਰੋ) ਅਧਿਐਨ ਤਾਂ ਸੰਭਵ ਨਹੀਂ ਇਸ ਲਈ ਕੁਝ ਉੱਭਰਵੇਂ ਨੁਕਤਿਆਂ ਬਾਰੇ ਸੰਖੇਪ ਟਿੱਪਣੀਆਂ ਨਾਲ ਵਿਚਾਰ ਕਰਦੇ ਹਾਂ:
* ਇਸ ਸਾਲ ਵੀ ਕੁਝ ਮੁੱਲਵਾਨ ਕਹਾਣੀ-ਸੰਗ੍ਰਹਿ ਅਜਿਹੇ ਛਪੇ ਹਨ ਜਿਨ੍ਹਾਂ ਨਾਲ ਪੰਜਾਬੀ ਕਹਾਣੀ ਗੁਣਵੱਤਾ ਦੇ ਪੱਖੋਂ ਹੋਰ ਅਮੀਰ ਹੋਈ ਹੈ, ਜਿਵੇਂ ਲੂਣਦਾਨੀ (ਹਰਪ੍ਰੀਤ ਸੇਖਾ), ਓਹਦੀਆਂ ਅੱਖਾਂ ’ਚ ਸੂਰਜ ਹੈ (ਜਤਿੰਦਰ ਸਿੰਘ ਹਾਂਸ), ਟੈਬੂ (ਸੁਰਿੰਦਰ ਨੀਰ), ਮੋਰ ਪੈਲ਼ ਕਿਉਂ ਨਹੀਂ ਪਾਉਂਦੇ (ਗੁਰਮੀਤ ਕੜਿਆਲਵੀ), ਮੈਲਾਨਿਨ (ਜਸਵਿੰਦਰ ਧਰਮਕੋਟ), ਜੜ੍ਹ-ਮੂਲ (ਭੋਲਾ ਸਿੰਘ ਸੰਘੇੜਾ), ਓਹਲਿਆਂ ਦੇ ਆਰ-ਪਾਰ (ਜਸਪਾਲ ਕੌਰ), ਕੂਇਨਜ਼ ਲੈਂਡ (ਆਗਾਜ਼ਬੀਰ), ਅਣਕਹੀ ਪੀੜ (ਵਿਪਨ ਗਿੱਲ), ਚਿਕਨ ਸ਼ਾਪ (ਅਨੇਮਨ ਸਿੰਘ) ਆਦਿ।
* ਕੁਝ ਹੋਰ ਜ਼ਿਕਰਯੋਗ ਕਹਾਣੀ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ਹਨ, ਜਿਵੇਂ ਖੁਸ਼ਬੂ ਜਾਤ ਨਾ ਜਾਣਦੀ (ਜੋਗੇ ਭੰਗਲ), ਗੁਲਰੁਖੀ (ਰੇਮਨ), ਟੋਆ (ਵਿਪਨ), ਇਨਕਲਾਬ (ਮਹਿੰਦਰ ਸਿੰਘ ਤਤਲਾ), ਬਲੈਕ ਹੋਲ (ਗੁਰਪ੍ਰੀਤ), ਸ਼ਾਹ ਸਵਾਰ (ਵਰਿੰਦਰ ਖੁਰਾਣਾ), ਵਾਪਸੀ ਟਿਕਟ (ਬਿੰਦਰ ਸਿੰਘ ਖੁੱਡੀ ਕਲਾਂ) ਆਦਿ।
* ਕਰੀਬ ਨੌਂ-ਦਸ ਕਰੋੜ ਦੀ ਪੰਜਾਬੀ ਵਸੋਂ ਵਾਲੇ ਪਾਕਿਸਤਾਨ ਵਿਚ ਕਰੀਬ ਤਿੰਨ ਕਰੋੜ ਵਸੋਂ ਵਾਲੇ ਭਾਰਤੀ ਪੰਜਾਬ ਦੇ ਮੁਕਾਬਲਤਨ, ਪੰਜਾਬੀ ਕਹਾਣੀ ਭਾਵੇਂ ਬਹੁਤ ਘੱਟ ਲਿਖੀ ਜਾ ਰਹੀ ਹੈ ਪਰ ਮੋਟੀ ਰਾਸ਼ੀ ਵਾਲੇ ਢਾਹਾਂ ਪੁਰਸਕਾਰ ਦੇ ਸ਼ੁਰੂ ਹੋਣ ਤੋਂ ਬਾਅਦ ਪਾਕਿਸਤਾਨੀ ਪੰਜਾਬੀ ਕਹਾਣੀਕਾਰਾਂ ਵਿਚ ਸੰਜੀਦਾ ਅਤੇ ਗ਼ੈਰ-ਸੰਜੀਦਾ ਦੋਵੇਂ ਤਰ੍ਹਾਂ ਦੀਆਂ ਸਰਗਰਮੀਆਂ ਬਹੁਤ ਵਧ ਗਈਆਂ ਹਨ। ਸੰਜੀਦਾ ਉਪਰਾਲਿਆਂ ਵਜੋਂ ਹੁਣ ਹਰੇਕ ਵਰ੍ਹੇ ਅੱਧੀ ਦਰਜਨ ਦੇ ਕਰੀਬ ਕਹਾਣੀ-ਸੰਗ੍ਰਹਿ ਛਪਣ ਲੱਗੇ ਹਨ। ਮੇਰੇ ਸੁਹਿਰਦ ਮਿੱਤਰ, ਸੰਜੀਦਾ ਗਲਪਕਾਰ ਅਤੇ ਆਲੋਚਕ ਕਰਾਮਤ ਮੁਗ਼ਲ ਦੁਆਰਾ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਐਤਕੀਂ ਛਪੇ ਕਹਾਣੀ-ਸੰਗ੍ਰਹਿ ਇਸ ਪ੍ਰਕਾਰ ਹਨ: ਛੱਤੀ ਚੁਬਾਰਾ (ਮੁਦੱਸਰ ਬਸ਼ੀਰ), ਭੁਲੇਖਾ (ਜਵਾਦ ਅਹਿਮਦ), ਕੀ ਪਾਤਰ ਦਾ ਜੀਵਣਾ (ਨਸੀਰ ਅਹਿਮਦ), ਗੂੰਗੇ ਅੱਖਰ (ਨਾਈਮ ਯਾਦ) ਅਤੇ ਜੰਗਲ ਰਾਖੇ ਜੱਗ ਦੇ (ਸ਼ਹਿਜ਼ਾਦ ਅਸਲਮ)।
ਭਾਰਤੀ ਪੰਜਾਬ ਦੇ ਰਿਸਾਲਿਆਂ ਵਿਚ ਗੁਰਮੁਖੀ ਲਿਪੀਅੰਤਰ ਕਰਕੇ ਕਹਾਣੀਆਂ ਛਾਪਣ ਦਾ ਰੁਝਾਨ ਵੀ ਇਸ ਵਰ੍ਹੇ ਵਧਿਆ ਹੈ। ਕੁਝ ਪ੍ਰਮੁੱਖ ਕਹਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ: ਆਇਡਿਅਲ ਟਾਊਨ (ਇਲਿਆਸ ਘੁੰਮਣ, ਅੱਖਰ, ਅਪ੍ਰੈਲ-ਜੂਨ), ਦਰਿਆਵਾਂ ਦੇ ਹਾਣੀ (ਸ਼ਹਿਜ਼ਾਦ ਅਸਲਮ, ਅੱਖਰ, ਅਪ੍ਰੈਲ-ਜੂਨ, ਲਿਪੀਅੰਤਰ ਖ਼ਾਲਿਦ ਫਰਹਾਦ ਧਾਰੀਵਾਲ), ਬਾਜਵਾ ਹੁਣ ਗੱਲ ਨਹੀਂ ਕਰਦਾ (ਜ਼ੁਬੈਰ ਅਹਿਮਦ, ਏਕਮ, ਅਪ੍ਰੈਲ-ਜੂਨ), ਸ਼ੇਰ ਦੀ ਤਸਵੀਰ (ਇਸ਼ਤਿਆਕ ਅਹਿਮਦ, ਏਕਮ, ਜੁਲਾਈ-ਸਤੰਬਰ, ਲਿਪੀਅੰਤਰ, ਆਤਿਫ਼ ਸ਼ਾਹ ਹੁਸੈਨ), ਦਮੂੰਹੀ (ਇਲਿਆਸ ਘੁੰਮਣ, ਸ਼ਬਦ, ਅਪ੍ਰੈਲ-ਜੂਨ), ਵੱਟਾ (ਤੌਕੀਰ ਚੁਗ਼ਤਾਈ, ਸ਼ਬਦ, ਜੁਲਾਈ-ਸਤੰਬਰ), ਸਵੈਟਰ (ਜ਼ੁਬੈਰ ਅਹਿਮਦ, ਸ਼ਬਦ, ਅਕਤੂਬਰ-ਦਸੰਬਰ, ਲਿਪੀਅੰਤਰ, ਖ਼ਾਲਿਦ ਫ਼ਰਹਾਦ ਧਾਰੀਵਾਲ), ਮਨ ਦੀ ਝੀਤ (ਵਾਹਗਾ, ਸ਼ਹਿਜ਼ਾਦ ਅਸਲਮ, ਜਨਵਰੀ-ਜੂਨ, ਲਿਪੀਅੰਤਰ, ਖ਼ਾਲਿਦ ਫ਼ਰਹਾਦ ਧਾਰੀਵਾਲ), ਕਾਮਾ (ਸ਼ਹਿਜ਼ਾਦ ਅਸਲਮ, ਕਹਾਣੀ ਧਾਰਾ, ਜਨਵਰੀ-ਮਾਰਚ, ਲਿਪੀਅੰਤਰ, ਖ਼ਾਲਿਦ ਫ਼ਰਹਾਦ ਧਾਰੀਵਾਲ), ਮੇਰਾ ਸਾਬਕਾ ਮਿੱਤਰ (ਜਮੀਲ ਅਹਿਮਦ ਪਾਲ, ਸਮਕਾਲੀ ਸਾਹਿਤ, ਅਪ੍ਰੈਲ-ਜੂਨ, ਲਿਪੀਅੰਤਰ, ਰਾਜਵੰਤ ਕੌਰ ਪੰਜਾਬੀ), ਫੋਟੋ ਸੈਸ਼ਨ (ਤੌਕੀਰ ਚੁਗ਼ਤਾਈ, ਸਿਰਜਣਾ, ਜੁਲਾਈ-ਸਤੰਬਰ), ਖਰੀਂਢ (ਅਲੀ ਉਸਮਾਨ ਬਾਜਵਾ, ਪ੍ਰਵਚਨ, ਅਕਤੂਬਰ-ਦਸੰਬਰ) ਆਦਿ। ਕੁਝ ਇੱਕ ਕਹਾਣੀਕਾਰ ਤਾਂ ਹੁਣ ਗੁਰਮੁਖੀ ਵਿਚ ਆਪ ਹੀ ਲਿਪੀਅੰਤਰ ਕਰਨ ਲੱਗੇ ਹਨ। ਇਸ ਨਾਲ ਆਦਾਨ-ਪ੍ਰਦਾਨ ਹੋਰ ਵਧਿਆ ਹੈ। 2022 ਦਾ ਢਾਹਾਂ ਪੁਰਸਕਾਰ ਪ੍ਰਾਪਤ ਕਰਨ ਵਾਲਾ ਕਹਾਣੀ-ਸੰਗ੍ਰਹਿ ‘ਚੌਲ਼ਾਂ ਦੀ ਬੁਰਕੀ’ (ਲੇਖਕ ਜਾਵੇਦ ਬੂਟਾ, ਲਿਪੀਅੰਤਰ, ਅਮਰੀਕ ਗ਼ਾਫ਼ਿਲ ਤੇ ਸੁਰਿੰਦਰ ਸੋਹਲ) ਇਸ ਵਰ੍ਹੇ ਗੁਰਮੁਖੀ ਵਿਚ ਛਪ ਵੀ ਗਿਆ ਹੈ। ਇਸ ਪ੍ਰਕਾਰ ਅਜਿਹੀਆਂ ਸੰਜੀਦਾ ਸਰਗਰਮੀਆਂ ਨਾਲ ਪਾਕਿਸਤਾਨੀ ਪੰਜਾਬੀ ਕਹਾਣੀ ਇਸ ਵਰ੍ਹੇ ਹੋਰ ਅੱਗੇ ਵਧੀ ਹੈ। ਦੂਜੇ ਪਾਸੇ ਗ਼ੈਰ-ਸੰਜੀਦਾ ਸਰਗਰਮੀਆਂ ਦੀ ਗੱਲ ਕਰੀਏ ਤਾਂ ਢਾਹਾਂ ਪੁਰਸਕਾਰ ਹਥਿਆਉਣ ਲਈ ਕੁਝ ਕਹਾਣੀਕਾਰ ਕਲਾਤਮਿਕਤਾ ਉੱਤੇ ਟੇਕ ਰੱਖਣ ਦੀ ਥਾਂ ਕਈ ਤਰ੍ਹਾਂ ਦੇ ਜੁਗਾੜ ਕਰਨ ਲੱਗੇ ਹਨ, ਜਿਵੇਂ ਯਾਦਾਂ, ਸ਼ਬਦ-ਚਿੱਤਰਾਂ, ਵਾਰਤਕ ਦੀਆਂ ਤਵਾਰੀਖ਼ੀ ਲਿਖਤਾਂ ਨੂੰ ਕਹਾਣੀ ਦੇ ਤੌਰ ਛਾਪਣ ਲੱਗੇ ਹਨ। ਢਾਹਾਂ ਪੁਰਸਕਾਰ ਦੇ ਹਿਸਾਬ ਨਾਲ ਜਨਵਰੀ, ਫਰਵਰੀ ਵਿਚ ਛਪੇ ਕਹਾਣੀ-ਸੰਗ੍ਰਿਹਾਂ ਉੱਤੇ ਲੰਘ ਚੁੱਕੇ ਵਰ੍ਹੇ ਨੂੰ ਛਪਣ-ਕਾਲ ਵਜੋਂ ਅੰਕਿਤ ਕਰ ਲੈਂਦੇ ਹਨ। ਛੇਤੀ ਉਭਰਨ ਲਈ ਧੜੇਬੰਦੀ ਦਾ ਰੁਝਾਨ ਵੀ ਵਧ ਰਿਹਾ ਹੈ। ਇਸ ਵਰ੍ਹੇ ਵੀ ਅਜਿਹੀਆਂ ਸੂਚਨਾਵਾਂ ਮਿਲਦੀਆਂ ਰਹੀਆਂ ਹਨ। ਇਸ ਸਭ ਕੁਝ ਦੇ ਬਾਵਜੂਦ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਨੇ ਛਪਣ-ਛਪਾਉਣ ਦੇ ਸਿਲਸਿਲੇ ਵਿਚ ਇਸ ਸਾਲ ਵਧੇਰੇ ਸੰਜੀਦਾ ਸਰਗਰਮੀ ਵਿਖਾਈ ਹੈ।
* ਇਸ ਵਰ੍ਹੇ ਪਰਵਾਸੀ ਪੰਜਾਬੀ ਕਹਾਣੀਆਂ ਰਿਸਾਲਿਆਂ ਵਿਚ ਭਾਵੇਂ ਮੂਲੋਂ ਹੀ ਘੱਟ ਗਿਣਤੀ ਵਿਚ ਛਪੀਆਂ ਹਨ ਪਰ ਅੱਧੀ ਦਰਜਨ ਦੇ ਕਰੀਬ ਅਹਿਮ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ, ਜਿਵੇਂ ਲ਼ੂਣਦਾਨੀ (ਹਰਪ੍ਰੀਤ ਸੇਖਾ), ਕੈਨੇਡੀਅਨ ਪਾਸਪੋਰਟ (ਜੱਗੀ ਬਰਾੜ ਸਮਾਲਸਰ), ਤੋਹਫ਼ਾ (ਸੁਰਿੰਦਰ ਗੀਤ), ਸ਼ਗਨਾਂ ਦੀ ਚੁੰਨੀ (ਜਸਬੀਰ ਮਾਨ), ਹਵਾ ਵਿਚ ਲਟਕਦੀ ਕੁਰਸੀ (ਸੁਰਿੰਦਰ ਸਿੰਘ ਰਾਏ), ਨਿੱਗਰ ਖੰਭਾਂ ਦੀ ਉਡਾਣ - ਅਜੋਕੀ ਅਮਰੀਕੀ ਪੰਜਾਬੀ ਕਹਾਣੀ (ਸੰ. ਹਰਜਿੰਦਰ ਪੰਧੇਰ, ਹਰਮਹਿੰਦਰ ਚਹਿਲ, ਰਵੀ ਸ਼ੇਰਗਿੱਲ) ਆਦਿ। ਕਹਾਣੀ ਦੇ ਖੇਤਰ ਦੀ ਰਿਲੇਅ-ਰੇਸ ਵਿਚ ਨਵੀਂ ਪੀੜ੍ਹੀ ਦੁਆਰਾ ਅਗਲਾ ਬੈਟਨ ਨਾ ਫੜਨ ਕਰਕੇ ਪਰਵਾਸੀ ਪੰਜਾਬੀ ਕਹਾਣੀ ਦੀ ਰਫ਼ਤਾਰ ਮੱਠੀ ਪੈ ਰਹੀ ਹੈ। ਅਨੁਭਵ ਅਤੇ ਪ੍ਰਗਟਾਵੇ ਵਿਚ ਸੱਜਰਾਪਣ ਨਾ ਹੋਣ ਕਰਕੇ ਉਸ ਦਾ ਤਪ-ਤੇਜ਼ ਹਰੇਕ ਲੰਘਦੇ ਸਾਲ ਨਾਲ ਮੱਧਮ ਪੈਣ ਲੱਗ ਪਿਆ ਹੈ।
* ਇਸ ਵਰ੍ਹੇ ਢਾਹਾਂ ਪੁਰਸਕਾਰ ਪ੍ਰਾਪਤ ਕਰਨ ਵਾਲੇ ਖੁਸ਼ਨਸੀਬ ਤਿੰਨੇ ਹੀ ਕਹਾਣੀਕਾਰ ਹਨ। ਪੰਜਾਬੀ ਕਹਾਣੀ-ਵਿਧਾ ਲਈ ਇਹ ਸਨਮਾਨਜਨਕ ਸਥਿਤੀ ਹੈ। ਦੀਪਤੀ ਬਬੂਟਾ (ਭੁੱਖ ਇਉਂ ਸਾਹ ਲੈਂਦੀ ਹੈ), ਜਮੀਲ ਅਹਿਮਦ ਪਾਲ (ਮੈਂਡਲ ਦਾ ਕਾਨੂੰਨ), ਬਲਜੀਤ (ਉੱਚੀਆਂ ਆਵਾਜ਼ਾਂ) ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਾਂ।
* ਇਸ ਵਰ੍ਹੇ ਚਰਚਾ ਕੌਮਾਂਤਰੀ ਰਿਸਾਲੇ (ਸੰਪਾ. ਦਰਸ਼ਨ ਸਿੰਘ ਢਿੱਲੋਂ) ਦਾ ਵਿਸ਼ੇਸ਼ ਕਹਾਣੀ ਅੰਕ (ਅਗਸਤ ਤੋਂ ਅਕਤੂਬਰ), ‘ਪੌਣਾ ਸੈਂਕੜਾ’ ਕਹਾਣੀਆਂ ਨਾਲ ਸਾਹਮਣੇ ਆਇਆ ਹੈ। ਗੁਣਵੱਤਾ ਦੇ ਪੱਖੋਂ ਭਾਵੇਂ ਕਹਾਣੀਆਂ ਦੀ ਚੋਣ ਹੋਰ ਧਿਆਨ ਮੰਗਦੀ ਸੀ ਫਿਰ ਵੀ ਕਹਾਣੀ ਦੇ ਆਮ ਪਾਠਕਾਂ ਦੇ ਪੱਖੋਂ ਅਜਿਹੇ ਉਪਰਾਲੇ ਹਮੇਸ਼ਾ ਪ੍ਰਸ਼ੰਸਾਯੋਗ ਹੁੰਦੇ ਹਨ।
* ਆਡੀਓ ਕਹਾਣੀਆਂ ਦੀ ਵੰਨਗੀ ਇਸ ਵਰ੍ਹੇ ਹੋਰ ਪ੍ਰਫੁੱਲਤ ਹੋਈ ਹੈ। ਦਵਿੰਦਰ ਕੌਰ ਡੀ ਸੈਣੀ, ਰਮਿੰਦਰ, ਨਵਨੀਤ ਕੌਰ ਸਿੱਧੂ, ਚਰਨਜੀਤ ਕੌਰ ਨੇ ਇਸ ਖੇਤਰ ਵਿਚ ਆਪਣੀ ਪਛਾਣ ਹੋਰ ਗੂੜ੍ਹੀ ਕੀਤੀ ਹੈ।
* ਇਸ ਵਰ੍ਹੇ ਸਾਡੇ ਕੁਝ ਮਾਣਯੋਗ ਕਹਾਣੀਕਾਰ ਸਦੀਵੀ ਵਿਛੋੜਾ ਦੇ ਗਏ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਅਮਨਪਾਲ ਸਾਰਾ, ਗੁਰਨਾਮ ਗਿੱਲ, ਰਤਨ ਰੀਹਲ, ਪਿਆਰਾ ਸਿੰਘ ਭੋਗਲ, ਸ਼ਿਵ ਨਾਥ, ਦੇਸ ਰਾਜ ਕਾਲ਼ੀ, ਬੂਟਾ ਸਿੰਘ ਸ਼ਾਦ, ਸੀ. ਆਰ. ਮੋਦਗਿਲ, ਅਸ਼ੋਕ ਵਸ਼ਿਸ਼ਠ, ਸੁਰਿੰਦਰ ਦੇਹਲਵੀ, ਮਨਮੋਹਨ ਸਿੰਘ ਬਾਸਰਕੇ ਅਤੇ ਨ੍ਰਿਪਇੰਦਰ ਰਤਨ।
* ਇਸ ਵਰ੍ਹੇ ਸੋਸ਼ਲ ਮੀਡੀਆ ਉੱਤੇ ਜਿੱਥੇ ਨਵੀਆਂ ਪੰਜਾਬੀ ਕਹਾਣੀਆਂ ਅਤੇ ਕਹਾਣੀਕਾਰਾਂ ਨੂੰ ਤਤ-ਫਟ ਢੰਗ ਨਾਲ ਵਡਿਆਉਣ ਲਈ ਭਰਪੂਰ ਚਰਚਾ ਚਲਦੀ ਰਹੀ ਉੱਥੇ ਕੁਝ ਕਹਾਣੀਕਾਰਾਂ ਬਾਰੇ ਨਾਂਹ-ਮੁਖੀ ਚਰਚਾ ਵੀ ਛਿੜੀ ਰਹੀ। ਸਰਬਜੀਤ ਕੌਰ ਸੋਹਲ ਦੀ ਕਹਾਣੀ ‘ਅਖਾੜਾ’ (ਤਾਸਮਾਨ, ਅਕਤੂਬਰ-ਦਸੰਬਰ) ਅਤੇ ਰੇਮਨ ਦੇ ਕਹਾਣੀ-ਸੰਗ੍ਰਹਿ ‘ਗੁਲਰੁਖੀ’ ਦੀ ਮੌਲਿਕਤਾ ਬਾਰੇ ਤਿੱਖਾ ਸੰਵਾਦ ਛਿੜਿਆ ਰਿਹਾ। ਮੁਢਲੀ ਪੰਜਾਬੀ ਕਹਾਣੀ ਦੇ ਦੌਰ ਵਿਚ ਅਧਾਰਿਤ ਕਹਾਣੀਆਂ (ਮੌਲਿਕ ਅਤੇ ਅਨੁਵਾਦ ਦੇ ਵਿਚਕਾਰਲੀ ਵੰਨਗੀ) ਦਾ ਪ੍ਰਚਲਨ ਆਮ ਰਿਹਾ ਹੈ ਪਰ ਅਜੋਕਾ ਸੁਜੱਗ ਪਾਠਕ ਇਸ ਵੰਨਗੀ ਨੂੰ ਪ੍ਰਵਾਨ ਨਹੀਂ ਕਰਦਾ। ਸਾਹਿਤ ਦੇ ਖੇਤਰ ਵਿਚ ਭਾਵੇਂ ਕਿ ਪੂਰੀ ਤਰ੍ਹਾਂ ਦਾ ਮੌਲਿਕ ਤਾਂ ਕੁਝ ਵੀ ਨਹੀਂ ਹੁੰਦਾ ਫਿਰ ਵੀ ਸਿਰਜਣਾਤਮਕ ਲੇਖਕ ਆਪਣੀ ਕਹਾਣੀ ਵਿਚ ਕਿਸੇ ਪੂਰਵਲੀ ਰਚਨਾ ਦੇ ਵਿਚਾਰ ਜਾਂ ਵਿਧੀ ਨੂੰ ਇਸ ਕਦਰ ਇਸਤੇਮਾਲ ਨਹੀਂ ਕਰ ਸਕਦਾ ਕਿ ਉਸ ਉੱਤੇ ‘ਨਕਲ’ ਦਾ ਦੂਸ਼ਣ ਲੱਗ ਜਾਵੇ। ਪ੍ਰੌੜ ਅਤੇ ਪਰਿਪੱਖ ਕਥਾ-ਦ੍ਰਿਸ਼ਟੀ ਵਾਲਾ ਕਹਾਣੀਕਾਰ ਇਸ ਬੰਧੇਜ ਪ੍ਰਤੀ ਜਾਗਰੂਕ ਹੁੰਦਾ ਹੈ ਕਿ ਕਿਸੇ ਦੂਜੀ ਰਚਨਾ ਦਾ ਕਿੰਨਾ ਕੁ ਪ੍ਰਭਾਵ ਗ੍ਰਹਿਣ ਕਰਨਾ ਹੈ। ਦੂਜੇ ਸ਼ਬਦਾਂ ਵਿਚ ‘ਕਰੀਏਟਿਵ ਲਿਬਰਟੀ’ ਨੂੰ ਠੀਕ ਪਰਿਪੇਖ ਵਿਚ ਲੈਂਦਾ ਹੈ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ਵਰ੍ਹੇ ਦੀ ਸਮੁੱਚੀ ਪੰਜਾਬੀ ਕਹਾਣੀ ਦੀ ਪੜ੍ਹਤ ਨੇ ਇਹ ਅਹਿਸਾਸ ਬੜੀ ਸ਼ਿੱਦਤ ਨਾਲ ਕਰਾਇਆ ਹੈ ਕਿ ਪੰਜਾਬੀ ਕਹਾਣੀਕਾਰ, ਕਹਾਣੀਆਂ ਤਾਂ ਧੜਾਧੜ ਲਿਖ ਰਿਹਾ ਹੈ ਪਰ ‘ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਏ’ ਵਾਲੀ ਵਾਰਸ ਸ਼ਾਹੀ ਸਿਹਤਮੰਦ ਬਿਰਤਾਂਤ-ਦ੍ਰਿਸ਼ਟੀ ਵੱਲੋਂ ਬੇਹੱਦ ਅਵੇਸਲਾ ਹੋ ਰਿਹਾ ਹੈ। ਇਸ ਅਵੇਸਲੇਪਣ ਦਾ ਸਿੱਧਾ ਸਬੰਧ ਮੈਨੂੰ ਅਜੋਕੇ ਪੰਜਾਬੀ ਕਹਾਣੀਕਾਰ ਦੀ ਕਥਾ-ਦ੍ਰਿਸ਼ਟੀ ਦੀ ਕਾਣ ਨਾਲ ਜਾਪਦਾ ਹੈ। ਉਪਭੋਗਤਾ ਅਤੇ ਹਰਬੜੀ ਦੇ ਯੁਗ ਵਿਚ ਉਹ ਕਾਹਲੀ ਨਾਲ ਛਾਅ ਜਾਣਾ ਲੋਚਦਾ ਹੈ। ਉਸ ਕੋਲ ਗੰਭੀਰਤਾ ਨਾਲ ਇਹ ਸੋਚਣ ਦਾ ਵੀ ਵਕਤ ਨਹੀਂ ਕਿ ਜੇ ਉਸ ਨੇ ਆਪਣੀ ਗੱਲ ਦਾ ਸੰਚਾਰ ਕਹਾਣੀ-ਵਿਧਾ ਦੇ ਮਾਧਿਅਮ ਰਾਹੀਂ ਕਰਨਾ ਹੈ ਤਾਂ ਉਸ ਨੂੰ ਇਸ ਦੇ ਰੂਪਾਕਾਰਕ ਬੰਧੇਜਾਂ ਨੂੰ ਸਵੀਕਾਰ ਕਰਕੇ ਚੱਲਣਾ ਪਵੇਗਾ। ਵਿਧਾਗਤ ਬੰਧੇਜਾਂ ਨੂੰ ਮੰਨ ਕੇ ਚੱਲਣ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਨਵੇਂ ਪ੍ਰਯੋਗਾਂ ਦੀ ਮਨਾਹੀ ਹੈ, ਪਰ ਨਵੇਂ ਪ੍ਰਯੋਗਾਂ ਦੇ ਨਾਂ ਉੱਤੇ ਬੇਸਿਰਪੈਰ ਕਥਾ-ਜੁਗਤਾਂ ਦੀ ਵਰਤੋਂ ਦਾ ਆਪਹੁਦਰਾਪਣ ਕਹਾਣੀ ਨੂੰ ਕਹਾਣੀ ਨਹੀਂ ਰਹਿਣ ਦਿੰਦਾ। ਮਿਸਾਲ ਵਜੋਂ ਅੱਜ ਕੱਲ੍ਹ ਪੰਜਾਬੀ ਵਿਚ ਉੱਤਮ-ਪੁਰਖੀ ‘ਮੈਂ’ ਬਿਰਤਾਂਤਕਾਰ ਦੀ ਵਰਤੋਂ ਕਰਕੇ ਕਹਾਣੀ ਲਿਖਣ ਦਾ ਬਹੁਤ ਪ੍ਰਚਲਨ ਹੈ, ਪਰ ਇਸ ਗੱਲ ਤੋਂ ਬਹੁਤੇ ਕਹਾਣੀਕਾਰ ਚੇਤੰਨ ਨਹੀਂ ਕਿ ਜੇ ਬਿਰਤਾਂਤਕਾਰ ਦੀ ਇਹ ਵਿਧੀ ਵਰਤਣੀ ਹੈ ਤਾਂ ਉਸ ਨੂੰ ਪਾਤਰ-ਵਿਸ਼ੇਸ਼ ਦੇ ਰੂਪ ਵਿਚ ਗਲਪੀ-ਬੰਧਸ਼ਾਂ ਸਮੇਤ ਚਿਤਰਨਾ ਪਵੇਗਾ। ਬੜਬੋਲੇ ਉੱਤਮ-ਪੁਰਖੀ ਬਿਰਤਾਂਤਕਾਰ ਦੀ ਵਰਤੋਂ ਨਾਲ ਪੰਜਾਬੀ ਕਹਾਣੀ ਦੀ ਵਿਧਾ ਦਾ ਬਹੁਤ ਨੁਕਸਾਨ ਹੁੰਦਾ ਹੈ। ਮਿਸਾਲ ਵਜੋਂ ਅਜੋਕੀ ਪੰਜਾਬੀ ਕਹਾਣੀ ਵਿਚ ਬਿਆਨ ਦੇ ਧਨੀ ਮੰਨੇ ਜਾਂਦੇ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਬੰਦਾ ਮਰਦਾ ਕਿੱਥੇ ਦੇਖ ਹੁੰਦਾ’ (ਰਾਗ, ਜਨਵਰੀ-ਅਪ੍ਰੈਲ) ਵਿਚ ਉਤਮ-ਪੁਰਖੀ ਅਤੇ ਸਾਹਮਣੇ ਵਾਲਾ ਮੱਧਮ-ਪੁਰਖੀ (ਸੈਕੰਡ ਪਰਸਨ) ਬਿਰਤਾਂਤਕਾਰ ਜੋ ਆਪਣੇ ਦੁਰਵਿਹਾਰੀ ਸੁਭਾਅ ਬਾਰੇ ਬਿਆਨ ਕਰ ਰਹੇ ਹਨ ਉਹ ਉਨ੍ਹਾਂ ਦੇ ਮੂੰਹੋਂ ਨਿਕਲਿਆ ਢੁੱਕਵਾਂ ਨਹੀਂ ਜਾਪਦਾ। ਕਹਾਣੀ ਦਾ ਕਥਾ-ਵਸਤੂ ਜਿਸ ਸਰੂਪ ਵਾਲਾ ਹੈ ਉਹ ਅੰਨਯ-ਪੁਰਖੀ ਬਿਰਤਾਂਤਕਾਰ ਦੁਆਰਾ ਪੇਸ਼ ਕੀਤੇ ਜਾਣ ਦੀ ਮੰਗ ਕਰਦਾ ਸੀ। ਇਸ ਬੇਜੋੜ ਬਿਰਤਾਂਤਕਾਰ ਕਰਕੇ ਗੰਭੀਰ ਵਿਸ਼ੇ-ਵਸਤੂ ਵਾਲੀ ਕਹਾਣੀ ‘ਬਲੈਕ ਕਮੇਡੀ’ ਦਾ ਹਾਸੋਹੀਣਾ ਸਰੂਪ ਗ੍ਰਹਿਣ ਕਰ ਲੈਂਦੀ ਹੈ।
ਆਸ ਕਰਦਾ ਹਾਂ ਕਿ ਪੰਜਵੇਂ ਪੜਾਅ ਦਾ ਨਵਾਂ ਪੰਜਾਬੀ ਕਹਾਣੀਕਾਰ ਆਪਣੀ ਕਥਾ-ਦ੍ਰਿਸ਼ਟੀ ਨੂੰ ਵਿਕਸਤ ਕਰਦਿਆਂ ਪਰੰਪਰਿਕ ਕਥਾ-ਦੋਸ਼ਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੇਗਾ, ਪੰਜਾਬੀ ਕਹਾਣੀ ਦੀ ਗੁਣਵੱਤਾ ਵੱਲ ਹੋਰ ਧਿਆਨ ਦੇਵੇਗਾ ਅਤੇ ਖੜੋਤ ਦੇ ਅਹਿਸਾਸ ਨੂੰ ਛੇਤੀ ਤੋੜੇਗਾ। ਨਵੀਂ ਸ਼ੁਰੂਆਤ ਲਈ ਮੇਰੀਆਂ ਅਗਾਊਂ ਸ਼ੁਭ-ਇੱਛਾਵਾਂ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4588)
(ਸਰੋਕਾਰ ਨਾਲ ਸੰਪਰਕ ਲਈ: (