“ਇਸ ਕੁੱਤਖਾਨੇ ਨਾਲੋਂ ਤਾਂ ਹਵਾਲਾਟ ਚੰਗੀ ਸੀ। ਆਪੇ ਛੁਡਾਉਂਦਾ ਤੇਰਾ ਸਲੂਜਾ, ਜਿਸਦਾ ...”
(11 ਫਰਵਰੀ 2020)
ਉੱਪਰੋਥਲੀ ਵਾਪਰੀਆਂ ਦੋ ਕਹਿਰ ਦੀਆਂ ਘਟਨਾਵਾਂ ਨੇ ਪਿੰਡ ਦਾ ਤ੍ਰਾਹ ਕੱਢ ਦਿੱਤਾ ਸੀ। ਕਸ਼ਮੀਰ ਦੇ ਕਾਰਗਿਲ ਖੇਤਰ ਵਿੱਚੋਂ ਸੂਬੇਦਾਰ ਜੋਗਿੰਦਰ ਸਿੰਘ ਦੀ ਚੀਥੜੇ ਚੀਥੜੇ ਹੋਈ ਲਾਸ਼ ਆਈ ਨੂੰ ਅਜੇ ਵੀਹ ਦਿਨ ਵੀ ਨਹੀਂ ਸਨ ਲੰਘੇ ਕਿ ਬਰਾੜਾਂ ਦੇ ਰਣਬੀਰ ਦਾ ਸਾਰਾ ਪਰਿਵਾਰ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ। ਸੂਬੇਦਾਰ ਦੀ ਮੌਤ ਦਾ ਦੁੱਖ ਤਾਂ ਸਭ ਨੂੰ ਸੀ ਪਰ ਹੈਰਾਨੀ ਕਿਸੇ ਨੂੰ ਵੀ ਨਹੀਂ ਹੋਈ ਸੀ। ਲੋਕਾਂ ਭਾਣੇ ਫੌਜੀ ਦੀ ਤਾਂ ਇਹ ਹੋਣੀ ਭਰਤੀ ਹੋਣ ਵਾਲੇ ਦਿਨ ਹੀ ਨਿਸ਼ਚਿਤ ਹੋ ਜਾਂਦੀ ਹੈ ਤੇ ਜੰਗ ਦੇ ਦਿਨਾਂ ਵਿੱਚ ਤਾਂ ਸਵੇਰੇ ਸ਼ਾਮ ਅਜਿਹੀ ਖ਼ਬਰ ਆਉਣ ਦਾ ਤੌਖ਼ਲਾ ਬਣਿਆ ਹੀ ਰਹਿੰਦਾ ਹੈ। ਪਰ ਰਣਬੀਰ ਨਾਲ ਅਚਾਨਕ ਇਹ ਕੀ ਭਾਣਾ ਵਰਤ ਗਿਆ ਸੀ? ਇਹ ਅਚੰਭੇ ਭਰਿਆ ਪ੍ਰਸ਼ਨ ਸੱਥਰ ’ਤੇ ਜੁੜੇ ਇਕੱਠ ਦੇ ਮੱਥੇ ਵਿੱਚ ਚਸਕ ਰਿਹਾ ਸੀ।
ਰਣਬੀਰ, ਉਸ ਦੀ ਪਤਨੀ ਬਚਿੰਤ ਕੌਰ, ਦੋਵੇਂ ਮੁਟਿਆਰਾਂ ਧੀਆਂ ਦੀਪਾਂ ਤੇ ਜੀਤਾਂ ਅਤੇ ਛੋਟੇ ਮੁੰਡੇ ਪ੍ਰੀਤੂ ਦੀਆਂ ਲਾਸ਼ਾਂ ਬਰੋ-ਬਰਾਬਰ ਬਰਫ਼ ਦੀਆਂ ਸਿੱਲਾਂ ਉੱਤੇ ਚਾਦਰਾਂ ਨਾਲ ਢਕੀਆਂ ਪਈਆਂ ਸਨ। ਸਸਕਾਰ ਵਿੱਚ ਦੇਰੀ ਹੋਣ ਕਰਕੇ ਚੁਫੇਰੇ ਬਦਬੋ ਵੀ ਫੈਲਣ ਲੱਗ ਪਈ ਸੀ। ਘਟਨਾ ਵਾਲੀ ਰਾਤ ਤਾਂ ਕਿਸੇ ਆਂਢੀ-ਗਵਾਂਢੀ ਨੂੰ ਭਿਣਕ ਹੀ ਨਹੀਂ ਸੀ ਪਈ। ਅਗਲਾ ਸਾਰਾ ਦਿਨ ਪੋਸਟ-ਮਾਰਟਮ ਦੇ ਚੱਕਰ ਵਿੱਚ ਲੰਘ ਗਿਆ ਸੀ। ਇਹ ਵੀ ਫੌਜੀਆਂ ਦੇ ਲਾਣੇ ਵਿੱਚੋਂ ਜੋਗਿੰਦਰ ਸੂਬੇਦਾਰ ਦੇ ਬਾਪੂ ਕੈਪਟਨ ਧਰਮ ਸਿੰਘ, ਸਰਪੰਚ ਗੁਰਮੁਖ ਸਿੰਘ ਅਤੇ ਰਣਬੀਰ ਦੇ ਧਰਮ ਦੇ ਭਰਾ ਬਣੇ ਤ੍ਰਿਲੋਕ ਚੰਦ ਸਲੂਜਾ ਦੀ ਹਿੰਮਤ ਸੀ ਕਿ ਉਨ੍ਹਾਂ ਨੇ ਇਲਾਕੇ ਦੇ ਐੱਮ.ਐੱਲ.ਏ. ਢਿੱਲੋਂ ਸਾਹਿਬ ਤੋਂ ਸਿਵਲ ਸਰਜਨ ਨੂੰ ਫੋਨ ਕਰਵਾ ਦਿੱਤਾ ਸੀ ਅਤੇ ਸਾਰੀ ਕਾਗਜ਼ੀ ਕਾਰਵਾਈ ਹੱਥੋ-ਹੱਥੀ ਨਿਪਟਾ ਕੇ ਰਾਤੀਂ ਅੱਠ ਕੁ ਵਜੇ ਤੱਕ ਲਾਸ਼ਾਂ ਘਰ ਲੈ ਆਏ ਸਨ। ਜ਼ਹਿਰ ਕਾਰਨ ਲਾਸ਼ਾਂ ਫਿੱਸਣੀਆਂ ਸ਼ੁਰੂ ਹੋ ਗਈਆਂ ਸਨ। ਸਸਕਾਰ ਦੀ ਕਾਹਲੀ ਸੀ ਪਰ ਰਣਬੀਰ ਦੀ ਭੈਣ ਸੀਤੀ ਦੀ ਉਡੀਕ ਕਰਨੀ ਜ਼ਰੂਰੀ ਸੀ। ਉਸ ਨੂੰ ਫੋਨ ’ਤੇ ਸੁਨੇਹਾ ਤਾਂ ਮਿਲ ਗਿਆ ਸੀ ਪਰ ਦੂਰ ਦੀ ਵਾਟ ਸੀ। ਦੋ ਕੁ ਸਾਲ ਪਹਿਲਾਂ ਉਸ ਦਾ ਸਹੁਰਾ ਪਰਿਵਾਰ ਪੰਜਾਬ ਵਿਚਲੀ ਪੰਜ ਕੁ ਕਿੱਲੇ ਜ਼ਮੀਨ ਵੇਚ ਕੇ ਤਰਾਈ ਦੇ ਇਲਾਕੇ ਵਿੱਚ ਜਾ ਵਸਿਆ ਸੀ।
ਸਵੇਰੇ ਹੀ ਕੜਕਵੀਂ ਹੋਈ ਹਾੜ੍ਹ ਦੀ ਧੁੱਪ ਨੇ ਉਡੀਕ ਨੂੰ ਹੋਰ ਵੀ ਤਪਾਵੀਂ ਬਣਾ ਦਿੱਤਾ। ਚਾਰੇ ਪਾਸੇ ਬੋਝਲ ਚੁੱਪ ਗਹਿਰ ਵਾਂਗ ਪਸਰੀ ਹੋਈ ਸੀ। ਰੋ ਰੋ ਹੰਭ-ਹਾਰ ਕੇ ਬੈਠੀਆਂ ਜਨਾਨੀਆਂ ਵਾਲੇ ਪਾਸਿਉਂ ਕਦੇ ਕਦੇ ਕੋਈ ਹਉਕਾ ਜਿਹਾ ਉੱਠਦਾ ਤੇ ਇਕੱਠ ਦੇ ਸਿਰਾਂ ’ਤੇ ਅਟਕ ਜਾਂਦਾ। ਵਕਤ-ਕਟੀ ਲਈ ਉਹ ‘ਜੱਗ-ਬਾਣੀ’ ਅਖ਼ਬਾਰ ਹੀ ਸਹਾਰਾ ਬਣੀ ਹੋਈ ਸੀ ਜੋ ਸ਼ਹਿਰੋਂ ਆਉਂਦਿਆਂ ਸਲੂਜਾ ਫੜੀ ਆਇਆ ਸੀ। ਉਸ ਦੀ ਇੱਕ ਨੁੱਕਰ ਵਿੱਚ ਛਪਦੇ ਛਪਦੇ ਕਾਲਮ ਹੇਠਾਂ ਸੰਖੇਪ ਜਿਹੀ ਖ਼ਬਰ ਛਪੀ ਹੋਈ ਸੀ - ਇੱਕ ਹੋਰ ਕਿਸਾਨ ਪਰਿਵਾਰ ਵੱਲੋਂ ਆਤਮ-ਹੱਤਿਆ। ਮੌਤਾਂ ਜ਼ਹਿਰ ਨਾਲ ਹੋਣ ਦੇ ਵੇਰਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਦੱਸਿਆ ਗਿਆ। ਆਂਢ-ਗਵਾਂਢ ਕੋਲੇ ਵੀ ਦੱਸਣ ਲਈ ਕੁਝ ਖਾਸ ਨਹੀਂ ਸੀ। ਰਣਬੀਰ ਕੇ ਇੱਕ ਪਾਸੇ ਉਸ ਦੇ ਤਾਏ ਕਰਮ ਸਿੰਘ ਦਾ ਘਰ ਸੀ ਪਰ ਪਿਛਲੇ ਕਈ ਸਾਲਾਂ ਤੋਂ ਬੋਲ-ਚਾਲ ਬੰਦ ਸੀ ਅਤੇ ਵਿਚਕਾਰਲੀ ਕੰਧ ਉੱਚੀ ਕਰ ਲਈ ਗਈ ਸੀ। ਦੂਜੇ ਪਾਸੇ ਦੇ ਘਰ ਵਾਲਿਆਂ ਦੀ ਬੁੜ੍ਹੀ ਹਰ ਕੁਰ ਨੇ ਵੀ ਅਗਲੇ ਦਿਨ ਸਵੇਰੇ ਹੀ ਵੇਖਿਆ ਸੀ, ਜੋ ਉਹ ਕੱਲ੍ਹ ਦੀ ਕਈ ਵਾਰ ਦੱਸ ਚੁੱਕੀ ਸੀ, “ਵੇ ਭਾਈ ਤੜਕੇ ਵੱਡੀ ਬਹੂ ਮਧਾਣੀ ਪਾਉਣ ਲੱਗੀ ਤਾਂ ਆਂਹਦੀ, ਮਾਂ ਜੀ ਜੰਮ ਗਰਮ ਐਂ, ਰਣਬੀਰ ਕੇ ਘਰੋਂ ਬਰਫ਼ ਫੜ ਲੈ। ਮੈਂ ਖੁਰਲੀ ’ਤੇ ਚੜ੍ਹ ਕੇ ਕੰਧ ਤੋਂ ਦੀ ਬਚਿੰਤ ਕੁਰ ਨੂੰ ’ਵਾਜ ਮਾਰਨ ਲੱਗੀ ਤਾਂ ਵੇਖ ਕੇ ਮੇਰੀਆਂ ਖਾਨਿਓਂ ਗਈਆਂ। ਉਹ ਮਾੜੇ ਕਰਮਾਂ ਵਾਲੀ ਤੋੜਿਆਂ ਕੋਲੇ ਮੂਧੇ-ਮੂੰਹ ਚੌਫਾਲ ਡਿੱਗੀ ਪਈ। ਮੈਂ ਰੌਲਾ ਪਾਇਆ ‘ਵੇ ਪੱਟੇ ਗਏ ਲੋਕੋ ...’, ਜਾ ਕੇ ਵੇਖਿਆ ਤਾਂ ਸਾਰਾ ਬਾਨਾ ਈ ਮੂਧਾ ਵੱਜਿਆ ਪਿਆ। ਓ ...ਹੋ ਮਾਲਕਾ ਪਤਾ ਨਹੀਂ ਕਿਵੇਂ ਪੱਥਰ-ਚਿੱਤ ਹੋ ਕੇ ਕਰ ਦਿੰਨੈ ਐਹੋ ਜੇ ਕਾਰੇ ...ਹਾਇ।” ਹਰ ਕੁਰ ਦੇ ਇਹ ਬੋਲ ਵੀ ਸੁਣਨ ਵਾਲੇ ਦੇ ਚਿਹਰੇ ਉੱਤੇ ਉੱਕਰੀ ਅਚੰਭੇ ਭਰੀ ਪੁੱਛ ਕਿ ਅਜਿਹਾ ਕਿਉਂ ਵਾਪਰਿਆ, ਨੂੰ ਸ਼ਾਂਤ ਨਾ ਕਰਦੇ ਤੇ ਚੁੱਪ ਦੀ ਗਹਿਰ ਹੋਰ ਸੰਘਣੀ ਹੋ ਜਾਂਦੀ।
ਇਸ ਘਰ ਵਿੱਚ ਅਜਿਹੀ ਮਾਤਮੀ ਚੁੱਪ ਨੇ ਸ਼ਾਇਦ ਪਹਿਲੀ ਵਾਰ ਉਦੋਂ ਪੈਰ ਪਾਇਆ ਸੀ ਜਦੋਂ ਰਣਬੀਰ ਨਵਾਂ ਨਵਾਂ ਨੌਵੀਂ ਜਮਾਤ ਵਿੱਚ ਚੜ੍ਹਿਆ ਸੀ। ਅੱਠਵੀਂ ਦੇ ਪੇਪਰਾਂ ਵਿੱਚ ਸਾਰੇ ਸਟਾਫ ਨੇ ਬੱਚਿਆਂ ਲਈ ਨਕਲ ਦਾ ਪ੍ਰਬੰਧ ਕਰਨ ਵਾਸਤੇ ਪੂਰੀ ‘ਮਿਹਨਤ’ ਕੀਤੀ ਸੀ। ਬੱਚਿਆਂ ਨੇ ਵੀ ਸੈਂਟਰ ਸੁਪਰਡੈਂਟ ਲਈ ਚੰਦਾ ਇਕੱਠਾ ਕਰਨ ਤੋਂ ਇਲਾਵਾ ਸਟਾਫ ਦੀ ਸੇਵਾ ‘ਅਰਿਸਟੋਕਰੇਟ’ ਦੀਆਂ ਬੋਤਲਾਂ ਅਤੇ ਮਠਿਆਈ ਦੇ ਡੱਬਿਆਂ ਨਾਲ ਨਿਭਾਈ ਸੀ। ਰਣਬੀਰ ਪਹਿਲਾਂ ਚੰਦੇ ਲਈ ਪੈਸੇ ਤਾਂ ਲੜ-ਘੁਲ ਕੇ ਲੈ ਗਿਆ ਸੀ ਪਰ ਜਦੋਂ ‘ਅਰਿਸਟੋਕਰੇਟ’ ਲਈ ਆਪਣੇ ਬਾਪੂ ਪ੍ਰਤਾਪ ਤੋਂ ਪੈਸੇ ਮੰਗੇ ਤਾਂ ਉਹ ਅੱਗੋਂ ਚਾਰੇ ਚੱਕ ਕੇ ਪੈ ਗਿਆ, “ਕਿਉਂ ਸਰਕਾਰ ਤੋਂ ਤਨਖ਼ਾਹ ਨਹੀਂ ਲੈਂਦੇ ਉਹ? ਫਿਰ ਨਿੱਤ ਸਾਥੋਂ ਕਾਹਦੀਆਂ ਭਾਲਦੇ ਐ ਵਿਸਕੀਆਂ? ਕੀ ਜੀਓ-ਜੀਅ ਨੇ ਲੁੱਟ ਤੇ ਲੱਕ ਬੰਨ੍ਹਿਐਂ।”
“ਬਾਪੂ ਜਦੋਂ ਸਾਰੇ ਲੈ ਕੇ ਗਏ ਐ। ਤੂੰ ਆਹ ਫੌਜੀਆਂ ਦੇ ਜੋਗਿੰਦਰ ਤੋਂ ਪੁੱਛ ਲੈ ਕਿ ਬੋਤਲ ਦਿੱਤੀ ਐ ਕਿ ਨਹੀਂ।” ਰਣਬੀਰ ਨੇ ਦਲੀਲ ਦਿੱਤੀ।
“ਵੇ ਪੁੱਤ ਫੌਜੀਆਂ ਨਾਲ ਆਪਣੀ ਕਾਹਦੀ ਰੀਸ ਐ। ਉਨ੍ਹਾਂ ਦੇ ਤਾਂ ਚੜ੍ਹੇ ਮਹੀਨੇ ਮਨੀਆਰਡਰ ਆ ਜਾਂਦੈ। ਤੇਰੇ ਪਿਓ ਦੀ ਕਿਹੜੀ ਚੀਨ ਦੀ ਖੱਟੀ ਆਉਂਦੀ ਐ। ਤੂੰ ਆਪ ਸਿਆਣਾ ਬਣ ਕੁਸ਼।” ਪ੍ਰਤਾਪ ਦੀ ਗੱਲ ਨਾਲ ਅਗਲੀ ਲੜੀ ਰਣਬੀਰ ਦੀ ਮਾਂ ਬਚਨੀ ਨੇ ਜੋੜ ਦਿੱਤੀ।
“ਠੀਕ ਐ ਬੀਬੀ, ਫਿਰ ਸਿਆਣਪ ਤਾਂ ਸਕੂਲੋਂ ਹਟਣ ਵਿੱਚ ਈ ਐ।” ਕਹਿ ਕੇ ਰਣਬੀਰ ਨੇ ਗੱਲ ਮੁਕਾ ਦਿੱਤੀ।
“ਉਸ ਦੀ ਸਕੂਲ ਨਾ ਜਾਣ ਦੀ ਜ਼ਿੱਦ ਅੱਗੇ ਹਾਰਦਿਆਂ ਅਖੀਰ ਬਚਨੀ ਨੇ ਪ੍ਰਤਾਪ ਤੋਂ ਚੋਰੀ ਦਾਣਿਆਂ ਦੀ ਝੋਲੀ ਵੇਚ ਕੇ ਹੱਟੀ ਤੋਂ ਕਿੱਲੋ ਪਤਾਸੇ ਲਿਆ ਦਿੱਤੇ ਅਤੇ ਵਰਾ ਕੇ ਰਣਬੀਰ ਨੂੰ ਸਕੂਲ ਤੋਰ ਦਿੱਤਾ।
ਸਵੇਰ ਦੀ ਪ੍ਰਾਰਥਨਾ ਤੋਂ ਪਿੱਛੋਂ ਮਾਸਟਰ ਅਜੇ ਕਲਾਸਾਂ ਵਿੱਚ ਜਾਣ ਤੋਂ ਪਹਿਲਾਂ ਹੈੱਡਮਾਸਟਰ ਦੇ ਦਫਤਰ ਅੱਗੇ ਖੜ੍ਹੇ ਗੱਪ-ਸ਼ੱਪ ਹੀ ਕਰ ਰਹੇ ਸਨ ਕਿ ਰਣਬੀਰ ਢੁੱਕਵਾਂ ਮੌਕਾ ਵੇਖ ਕੇ ਕੋਲ ਜਾ ਖੜੋਤਾ।
“ਮਾਸਟਰ ਜੀ, ਆਹ ਪਤਾਸੇ ਮੇਰੇ ਪਾਸ ਹੋਣ ਦੇ।” ਉਸ ਨੇ ਅਖ਼ਬਾਰੀ ਕਾਗਜ਼ ਦਾ ਲਿਫ਼ਾਫ਼ਾ ਇਉਂ ਅਗਾਂਹ ਕੀਤਾ, ਜਿਵੇਂ ਕੋਈ ਸ਼ਰਧਾਲੂ ਮੂਰਤੀ ਨੂੰ ਭੋਗ ਲੁਆਉਣ ਲੱਗਾ ਹੋਵੇ।
“ਉਏ ਬੀਰੇ ਦਿਆ ਪੁੱਤਰਾ, ਆਹ ਕੀ ਚੱਕ ਲਿਆਇਆਂ ਉਏ ਮੱਖੀਆਂ ਦਾ ਖਾਜਾ? ਬੇਈਮਾਨਾਂ ਮਾਸਟਰ ਮਾਰਨੇ ਐਂ ਹੈਜ਼ੇ ਨਾਲ ...ਹੈਂ?” ਪੀ.ਟੀ. ਮਾਸਟਰ ਨੇ ਲਿਫਾਫ਼ਾ ਖੋਹਲਦਿਆਂ ਰਣਬੀਰ ਨੂੰ ਝਿੜਕਿਆ, “ਉਏ ਸੂਮ ਦੀਏ ਔਲਾਦੇ ਕਿਤੇ ਵਰ੍ਹੇ-ਛਿਮਾਹੀ ਮਾਸਟਰਾਂ ’ਤੇ ਵੀ ਖਰਚ ਲਿਆ ਕਰੋ ਦੁਆਨੀ। ਸਾਰਾ ਸਾਲ ਮਰ ਜਾਂਦੇ ਐ ਸੋਡੇ ਖੋਤੇ ਦਿਮਾਗਾਂ ਵਿੱਚ ਗਿਆਨ ਘਸੋੜਦੇ।”
“ਪੀ.ਟੀ. ਸਾਹਬ, ਸਿਆਣੇ ਐਵੇਂ ਤਾਂ ਨੀ ਕਹਿੰਦੇ ਅਖੇ ਜੱਟ ਨਾ ਜਾਣੇ ਗੁਣ ਨੂੰ ਤੇ ਛੋਲੇ ਨਾ ਜਾਨਣ ਘੁਣ ਨੂੰ। ਇਹ ਸੋਡੀ ਸ਼੍ਰੇਣੀ ਹੀ ਐਸੀ ਐ ਜੀ।” ਡਰਾਇੰਗ ਮਾਸਟਰ ਬ੍ਰਿਜ ਭੂਸ਼ਨ ਨੇ ਮੌਕਾ ਵੇਖ ਕੇ ਆਪਣਾ ਤੀਰ ਛੱਡ ਦਿੱਤਾ, “ਲਉ ਲਗਦੇ ਹੱਥ ਹੋਰ ਸੁਣ ਲਉ, ਮਹਿਮਾ ਆਪਣੇ ਭਾਈ-ਬੰਧੂ ਦੀ। ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਐ। ਇੱਕ ਦਿਨ ਮੈਂ ਕਾਹਲੀ ਵਿੱਚ ਬੱਸ ਚੜ੍ਹ ਆਇਆ ਤੇ ਬ੍ਰੇਕਫਾਸਟ ਦਾ ਟੈਮ ਨਾ ਲੱਗਿਆ। ਮੈਂ ਇਸ ਸਿਲਤ ਜਿਹੀ ਨੂੰ ਆਖਿਆ, “ਜਾਹ ਬੇਟਾ ਘਰੋਂ ਖਾਣਾ ਫੜ ਲਿਆ।” ਇਹ ਮੋਢੇ ਜਿਹੇ ਮਰੋੜਦਾ ਚਲਾ ਤਾਂ ਗਿਆ ਪਰ ਚੱਕ ਲਿਆਇਆ ਚਿੱਭੜਾਂ ਦੀ ਚਟਣੀ ਨਾਲ ਚਾਰ ਮੰਨ। ਮੈਂ ਪੁੱਛਿਆ, “ਓਏ ਦਾਲ-ਸਬਜ਼ੀ?” ਤਾਂ ਅੱਗੋਂ ਬਣਾ-ਸੰਵਾਰ ਕੇ ਕਹਿੰਦਾ, “ਦਾਲ ਤਾਂ ਮਾਸਟਰ ਜੀ ਆਥਣੇ ਈ ਬਣਾਉਣੇ ਹੁੰਨੇ ਆਂ ਜੀ ਬੱਸ।” ਤੇ ਪੀ.ਟੀ. ਸਾਹਿਬ ਤੁਸੀਂ ਕਿੱਥੋਂ ਭਾਲਦੇ ਐਂ ਇੱਥੋਂ ਠੰਢੇ-ਮਿੱਠੇ ਰਸਗੁੱਲੇ?” ਬ੍ਰਿਜ ਭੂਸ਼ਨ ਦੀ ਗੱਲ ਨਾਲ ਹਾਸੇ ਦਾ ਵਾ-ਵਰੋਲਾ ਘੁੰਮਦਾ ਘੁੰਮਦਾ ਰਣਬੀਰ ਦੇ ਸਿਰ ਉੱਤੋਂ ਦੀ ਹੋ ਕੇ ਸਕੂਲ ਦੀ ਚਾਰਦਿਵਾਰੀ ਤੋਂ ਵੀ ਬਾਹਰ ਲੰਘ ਗਿਆ। ਰਣਬੀਰ ਆਪਣੀ ਕੈਂਚੀ ਚੱਪਲ ਨਾਲ ਧਰਤੀ ਸੁਹਾਗਦਾ ਕੁਝ ਪਲ ਤਾਂ ਨਿੰਮੋਝੂਣਾ ਜਿਹਾ ਖੜ੍ਹਾ ਰਿਹਾ ਤੇ ਫਿਰ ਸ਼ੂਟ ਵੱਟ ਕੇ ਗੇਟੋਂ ਬਾਹਰ ਨਿਕਲ ਗਿਆ।
ਅੱਧੀ ਛੁੱਟੀ ਨੂੰ ਬੱਚੇ ਘਰਾਂ ਨੂੰ ਆਉਣ ਲੱਗੇ ਤਾਂ ਰਣਬੀਰ ਭਰਿਆ-ਪੀਤਾ ਰਾਹ ਵਿੱਚ ਛੱਪੜ ਕੋਲ ਪਿੱਪਲਾਂ ਥੱਲੇ ਬੈਠਾ ਸੀ।
“ਓਏ ਕੀ ਆਂਹਦੇ ਸੀ ਮਾਸਟਰ?” ਚਾਂਭਲੇ ਮੁੰਡਿਆਂ ਨੇ ਰਣਬੀਰ ਦੁਆਲੇ ਘੇਰਾ ਵਲਦਿਆਂ ਪੁੱਛਿਆ।
“ਆਂਹਦੇ ਸੀ ਰਸਗੁੱਲੇ ਖਾਣੇ ਐਂ, ... ਰਸ ...ਗੁੱਲੇ ..., ਆਹ ਖਾ ਲੈਣ ਖਾਂ ਮੇਰਾ ਚਿਉਂਦਾ-ਚਿਉਂਦਾ ਰਸਗੁੱਲਾ।” ਰਣਬੀਰ ਨੇ ਢੂਈ ਦਾ ਕੁੱਬ ਕੱਢਦਿਆਂ ਸੱਜੇ ਹੱਥ ਦੀ ਕੂਹਣੀ ਨੂੰ ਧੁੰਨੀ ਹੇਠ ਲਾਉਂਦਿਆਂ ਬੰਦ ਮੁੱਠੀ ਵਾਲੀ ਬਾਂਹ ਨੂੰ ਇਉਂ ਲਹਿਰਾਇਆ ਕਿ ਮੁੰਡਿਆਂ ਦਾ ਹਾਸਾ ਬੰਬ ਵਾਂਗ ਫਟਿਆ। ਪਰ ਰਣਬੀਰ ਆਪ ਨਹੀਂ ਹੱਸਿਆ। ਚੁੱਪ-ਚਾਪ ਘਰੇ ਆ ਕੇ ਚਾਦਰ ਤਾਣ ਕੇ ਪੈ ਗਿਆ। ਉਸ ਦੀ ਇਹ ਚੁੱਪ ਨਾ ਬਚਨੋ ਤੇ ਸੀਤੀ ਦੀਆਂ ਮਿੰਨਤਾਂ ਨਾਲ ਟੁੱਟੀ, ਨਾ ਪ੍ਰਤਾਪ ਦੇ ਛਿੱਤਰਾਂ ਨਾਲ, ਫਿਰ ਨਾ ਹੀ ਸਕੂਲੋਂ ਆਉਂਦੇ ਹੈੱਡਮਾਸਟਰ ਦੇ ਸੁਨੇਹਿਆਂ ਨਾਲ ਅਤੇ ਨਾ ਹੀ ਉਸ ਦੇ ਜਿਗਰੀ ਯਾਰ ਜੋਗਿੰਦਰ ਦੀਆਂ ਸਮਝੌਤੀਆਂ ਨਾਲ। ਗਹਿਰੀ, ਡਰਾਉਣੀ ਅਤੇ ਮਾਤਮੀ ਚੁੱਪ ...।
“ਤੂੰ ਕਿਉਂ ਮੂੰਹ ਨੂੰ ਲਾ-ਲੇ ਤਾਲੇ ਵੇ ਮੇਰਿਆ ਸਿਓਨਿਆਂ ਵੀ...ਅ...ਰਾ...ਅ।” ਹੁਣੇ ਹੁਣੇ ਪਹੁੰਚੀ ਸੀਤੀ ਰਣਬੀਰ ਦੇ ਮੂੰਹ ਤੋਂ ਚਾਦਰ ਲਾਹ ਕੇ ਕੀਰਨੇ ਪਾਉਣ ਲੱਗ ਪਈ। ਉਸ ਦੇ ਨਾਲ ਹੀ ਜਨਾਨੀਆਂ ਦੇ ਉੱਚੇ ਹੋਏ ਕੁਰਲਾਹਟ ਨਾਲ ਚੁਫੇਰੇ ਪਸਰੀ ਚੁੱਪ ਦਾ ਲੰਗਾਰ ਲਹਿ ਗਿਆ।
“ਮੈਂ ਲੰਮੀਆਂ ਵਾਟਾਂ ਝਾਗ ਕੇ ਆਈ ਵੇ ਤੂੰ ਭੈਣ ਨਾ ਗੱਲਾਂ ਕਿਉਂ ਨਾ ਕਰਦਾ ਵੀ...ਅ...ਰ...ਨਾਂ, ...ਅ...ਹਾ...ਏ...ਏ...।” ਸੀਤੀ ਦਾ ਕੜ ਪਾਟ ਗਿਆ। ਉਹ ਕਰਮ ਸਿੰਘ ਦੀਆਂ ਨੋਹਾਂ ਤੋਂ ਛੁਡਾਉਂਦੀ ਕਦੇ ਇੱਕ ਲਾਸ਼ ਉੱਤੇ ਡਿੱਗ ਪੈਂਦੀ ਅਤੇ ਕਦੇ ਦੂਜੀ ਉੱਤੇ। ਅਖੀਰ ਗਸ਼ ਪੈ ਗਿਆ। ਮੂੰਹ ਵਿੱਚ ਪਾਇਆ ਪਾਣੀ ਦਾ ਚਮਚਾ ਬਰਾਛਾਂ ਵਿੱਚੋਂ ਬਾਹਰ ਵਗ ਗਿਆ। ਹਰਫਲੀਆਂ ਜਨਾਨੀਆਂ ਚਮਚਾ ਲਿਆ ਕੇ ਦੰਦਲ ਭੰਨਣ ਲੱਗ ਪਈਆਂ।
“ਭਾਈ ਹੁਣ ਦੰਦਲਾਂ ਹੀ ਪੈਣਗੀਆਂ ਹੋਰ ਕੀ ਹੋਉੂ? ਪੇਕੀਂ ਤਾਂ ਵਿਚਾਰੀ ਦਾ ਸੋਟੀ-ਧਰਾ ਵੀ ਨਾ ਬਚਿਆ। ਅਜੇ ਤਾਂ ਮਾਂ-ਪਿਓ ਦਾ ਦੁੱਖ ਨੀ ਸੀ ਝੱਲਿਆ ਗਿਆ ਤੇ ਉੱਤੋਂ ਮਾਂ-ਜਾਏ ਦਾ ਟੱਬਰ ਮਿੱਟੀ ਹੋਇਆ ਪਿਆ ਹੈ ਸਾਹਮਣੇ। ਕਿਵੇਂ ਨਾ ਮੱਚੇ ਕਾਲਜਾ ਵਿਚਾਰੀ ਦਾ? ਮਾਵਾਂ ਵਾਂਗੂੰ ਤਾਂ ਪਾਲਿਆ ਸੀ ਡੁੱਬੜੇ ਨੂੰ।” ਸੀਤੀ ਦੀ ਹਾਲਤ ਵੇਖ ਕੇ ਪਸੀਜੀ ਹਰ ਕੁਰ ਆਪਮੁਹਾਰੇ ਬੋਲਣ ਲੱਗ ਪਈ, “ਜਾਣੀ ਕੱਲ੍ਹ ਦੀਆਂ ਗੱਲੈਂ, ਇੱਥੇ ਗੁਲੇਲਾਂ ਚਲਾਉਂਦੇ ਫਿਰਦੇ ਨੂੰ ਭਾਲਦੀ ਫਿਰਦੀ ਹੁੰਦੀ ਸੀ।”
ਹਰ ਕੁਰ ਦੀਆਂ ਗੱਲਾਂ ਨਾਲ ਗੁਲੇਲਚੀ ਰਣਬੀਰ ਸਭ ਦੀਆਂ ਅੱਖਾਂ ਅੱਗੇ ਆ ਖੜੋਤਾ। ਸਕੂਲੋਂ ਹਟ ਕੇ ਮਾਂ-ਪਿਉ ਦੇ ਨੱਕੋਂ-ਮੂੰਹੋਂ ਲੱਥਾ ਰਣਬੀਰ ਚੁੱਪ-ਚਾਪ ਔਟਲਿਆ ਜਿਹਾ ਤੁਰਿਆ ਫਿਰਦਾ। ਇੱਕ ਦੋ ਦਿਨ ਤਾਂ ਉਹ ਲਿੰਕ ਰੋਡ ਦੇ ਨਾਲ ਕਿੱਕਰਾਂ ਦੀ ਓਟ ਵਿੱਚ ਸ਼ਹਿ ਕੇ ਬੈਠਾ ਬ੍ਰਿਜ ਭੂਸ਼ਨ ਮਾਸਟਰ ਦੀ ਵੀ ਉਡੀਕ ਕਰਦਾ ਰਿਹਾ ਪਰ ਸਬੱਬੀਂ ਟਾਕਰਾ ਨਾ ਹੋਇਆ ਅਤੇ ਉਸ ਦੇ ਜਮ੍ਹਾਂ ਕੀਤੇ ਪੱਥਰਾਂ ਦਾ ਅਸਲਾ ਕਿਸੇ ਕੰਮ ਨਾ ਆ ਸਕਿਆ। ਸੀਤੀ ਉਸ ਨੂੰ ਮਸਾਂ ਹੀ ਚਾਹ-ਰੋਟੀ ਲਈ ਲੱਭ ਕੇ ਲਿਆਉਂਦੀ। ਰੋਟੀ ਖਾ ਕੇ ਉਹ ਫਿਰ ਫੌਜੀਆਂ ਦੇ ਘਰ ਵੱਲ ਨਿਕਲ ਜਾਂਦਾ। ਕਈ ਵਾਰ ਅੱਧੀ ਅੱਧੀ ਰਾਤ ਤੱਕ ਜੋਗਿੰਦਰ ਕੋਲ ਹੀ ਬੈਠਾ ਰਹਿੰਦਾ। ਕੁਝ ਦਿਨ ਤਾਂ ਜੋਗਿੰਦਰ ਦੀ ਮਾਂ ਇਹ ਵੇਖ ਕੇ ਅੰਦਰੋ-ਅੰਦਰੀ ਰਿਝਦੀ ਰਹੀ ਪਰ ਹਾਰ ਕੇ ਇੱਕ ਦਿਨ ਕਹਿ ਹੀ ਦਿੱਤਾ, “ਭਾਈ ਕਾਕਾ ਆਪ ਤਾਂ ਤੂੰ ਪੜ੍ਹਾਈ ਵੰਨੀਓਂ ਹੋ ਗਿਆ ਵਿਹਲਾ, ਹੁਣ ਜੋਗਿੰਦਰ ਨੂੰ ਤਾਂ ਪੜ੍ਹ ਲੈਣ ਦਿਆ ਕਰ ਚਾਰ ਅੱਖਰ। ਜਾਹ ਮੇਰਾ ਪੁੱਤ ਘਰ ਨੂੰ ਹੁਣ ਮਾਪੇ ਉਡੀਕਦੇ ਹੋਣਗੇ।” ਸੁਣ ਕੇ ਰਣਬੀਰ ਵੱਟ ਖਾ ਗਿਆ ਤੇ ਮੁੜ ਕੇ ਉਨ੍ਹਾਂ ਦੇ ਘਰ ਵੱਲ ਮੂੰਹ ਨਹੀਂ ਕੀਤਾ। ਤਖ਼ਤਪੋਸ਼ ’ਤੇ ਬੈਠ ਕੇ ਤਾਸ਼ ਕੁਟਦੇ ਮੁੰਡਿਆਂ ਕੋਲ ਵੀ ਜਾਣ ਨੂੰ ਉਸ ਦਾ ਮਨ ਨਾ ਕਰਦਾ। ਹੁਣ ਉਸ ਨੇ ਇੱਕ ਨਵਾਂ ਆਹਰ ਲੱਭ ਲਿਆ।
ਆਪਣੇ ਵਿਹੜੇ ਵਿਚਲੀ ਖੜਸੁੱਕ ਕਿੱਕਰ ਤੋਂ ਹੱਥ ਕੁ ਲੰਮਾ ਦੁਸਾਂਗ ਵੱਢ ਕੇ ਉਸ ਨੇ ਆਪ ਹੀ ਕੁਹਾੜੀ ਨਾਲ ਗੰਢਾਂ ਸਾਫ਼ ਕਰ ਲਈਆਂ। ਸਿਰਿਆਂ ਉੱਤੇ ਵਾਢੇ ਪਾ ਕੇ ਬੱਧਰੀ ਬੰਨ੍ਹ ਲਈ ਅਤੇ ਗੁਲੇਲ ਬਣਾ ਲਈ। ਫਿਰ ਇੱਕ ਦਿਨ ਪਾਂਡੋ ਮਿੱਟੀ ਦੇ ਗੁਲੇਲੇ ਵੱਟ ਕੇ ਸੁਕਾ ਲਏ। ਹੁਣ ਸਿਖ਼ਰ ਦੁਪਹਿਰੇ ਜਦੋਂ ਲੋਕ ਘਰੋ-ਘਰੀਂ ਆਰਾਮ ਕਰ ਰਹੇ ਹੁੰਦੇ ਤਾਂ ਰਣਬੀਰ ਗੁਲੇਲ ਅਤੇ ਗੁਲੇਲਿਆਂ ਵਾਲੀ ਗੁਥਲੀ ਨੂੰ ਮੋਢੇ ’ਤੇ ਲਟਕਾਈ ਕਾਵਾਂ ਮਗਰ ਭੱਜਿਆ ਫਿਰਦਾ ਹੁੰਦਾ। ਚਾਰੇ ਪਾਸੇ ਧੌਣ ਘੁਮਾਉਂਦੇ ਚਾਤਰ ਕਾਂ ਉਸ ਨੂੰ ਨਿਸ਼ਾਨਾ ਸੇਧਦਾ ਵੇਖ ਕੇ ਹੀ ਉਡ ਜਾਂਦੇ। ਗੁਲੇਲੇ ਨਾਲ ਫੁੜਕ ਕੇ ਕਿੱਕਰ ਤੋਂ ਲੁੜ੍ਹਕਦੇ ਆਉਂਦੇ ਕਾਂ ਨੂੰ ਵੇਖਣ ਦੀ ਉਸ ਦੀ ਰੀਝ ਕਦੇ ਪੂਰੀ ਨਾ ਹੁੰਦੀ। ਕਾਂ ਦੀ ਥਾਂ ਇੱਕ ਦਿਨ ਘੁੱਗੀ ਫੱਟੜ ਹੋ ਕੇ ਜ਼ਰੂਰ ਆ ਡਿੱਗੀ। ਰਣਬੀਰ ਨੇ ਪਾਣੀ ਪਿਆ ਕੇ ਉਸ ਨੂੰ ਬਚਾਉਣ ਦੀ ਪੂਰੀ ਵਾਹ ਲਾਈ ਪਰ ਉਹ ਹੱਥਾਂ ਵਿੱਚ ਹੀ ਲੁੜ੍ਹਕ ਗਈ। ਉਹ ਅੰਦਰੋ-ਅੰਦਰੀ ਪਾਪ ਦੇ ਅਹਿਸਾਸ ਨਾਲ ਭਰਿਆ ਪਰੇਸ਼ਾਨ ਫਿਰਦਾ ਰਿਹਾ। ਇਸੇ ਕਰਕੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵੀ ਡਰਾਉਣੇ ਆਉਂਦੇ, ਜਿਵੇਂ ਕਿੱਕਰਾਂ ਦੇ ਝੁੰਡ ਵਿੱਚ ਕਾਂ, ਗਿਰਝਾਂ, ਕਬੂਤਰ, ਘੁੱਗੀਆਂ ਤੇ ਚਿੜੀਆਂ ਠੁੰਗਾਂ ਨਾਲ ਉਸ ਨੂੰ ਨੋਚ ਕੇ ਬਦਲਾ ਲੈ ਰਹੇ ਹੋਣ। ਉਸਦੇ ਜ਼ਖ਼ਮਾਂ ਵਿੱਚੋਂ ਲਹੂ ਦੇ ਘਰਾਲ ਵਗ ਰਹੇ ਹੁੰਦੇ। ਲਹੂ ਲੱਕਣ ਲਈ ਆਂਢ-ਗਵਾਂਢ ਦੇ ਕੁੱਤੇ ਵੀ ਇਕੱਠੇ ਹੋ ਜਾਂਦੇ ਤੇ ਵੱਢੂੰ-ਖਾਊਂ ਕਰਨ ਲਗਦੇ। ਵਿੱਚੇ ਹੀ ਰਣਬੀਰ ਦਾ ਹੱਥੀਂ ਪਾਲਿਆ ਕੁੱਤਾ ਗੁੱਲਰ ਵੀ ਲੱਕਣ ਆ ਲਗਦਾ, ਚੱਚ...ਚੱ...ਅ...ਚ...ਚੱਚ। ਉਹ ਪੂਰਾ ਯਤਨ ਕਰਕੇ ਉੱਠਦਾ ਤੇ ਕੁੱਤਿਆਂ ਉੱਤੇ ਗੁਲੇਲੇ ਵਰ੍ਹਾਉਣ ਲਗਦਾ। ਉਸ ਨੂੰ ਜਾਪਦਾ ਜਿਵੇਂ ਗੁਲੇਲ ਬੰਦੂਕ ਬਣ ਗਈ ਹੋਵੇ। ਸਾਹਮਣੇ ਖੜ੍ਹੀ ਫੌਜ ਵਿੱਚ ਵੀ ਵਰਦੀ ਵਾਲੇ ਧੜ ਆਮ ਬੰਦਿਆਂ ਦੇ ਹੁੰਦੇ ਪਰ ਸਿਰ ਕਾਵਾਂ, ਕੁੱਤਿਆਂ, ਕਬੂਤਰਾਂ, ਚਿੜੀਆਂ ਦੇ! ਇੰਨੀ ਵੱਡੀ ਨਫ਼ਰੀ ਅੱਗੇ ਉਸ ਦੀ ਪੇਸ਼ ਨਾ ਚਲਦੀ। ਉਹ ਫੇਰ ਡਿੱਗ ਪੈਂਦਾ ਤੇ ਗੋਲ਼ੀਆਂ, ਗੁਲੇਲਿਆਂ ਦਾ ਮੀਂਹ ਉਸ ’ਤੇ ਪੂਰੇ ਜ਼ੋਰ ਨਾਲ ਵਰ੍ਹਨ ਲਗਦਾ ...।
“ਵੇ ਉੱਠ ਖੜ੍ਹ ਨਿਸੱਤਿਆ, ਪਿਆ ਈ ਬਰੜਾਈ ਜਾਨੈ, ਮੰਜਾ ਤਾਂ ਅੰਦਰ ਕਰਾ ਮਰ ਲੈ।” ਝੱਖੜ ਦੇ ਨਾਲ ਹੀ ਅਚਾਨਕ ਆ ਲੱਥੇ ਗੜਿਆਂ ਨਾਲ ਖਿਝੀ ਬਚਨੀ ਨੇ ਰਣਬੀਰ ਨੂੰ ਧੱਫਾ ਮਾਰਦਿਆਂ ਗਾਲ੍ਹਾਂ ਦੀ ਵਾਛੜ ਕਰ ਦਿੱਤੀ।
“ਪਿਆ ਰਹਿਣ ਦੇ ਬੀਬੀ, ਨਾ ਨੀਂਦ ਖਰਾਬ ਕਰ ਵਿਚਾਰੇ ਜੁਆਕ ਦੀ, ਲੈ ਪੈਂਦ ਵੰਨੀਉਂ ਫੜ ਤੂੰ, ਮੈਂ ਐਧਰੋਂ ਫੜਦੀ ਆਂ।” ਸੀਤੀ ਨੇ ਰੋਜ਼ ਵਾਂਗ ਵਿਚਾਲੇ ਆ ਕੇ ਰਣਬੀਰ ਨੂੰ ਬਚਾਉਣ ਦਾ ਯਤਨ ਕੀਤਾ।
ਰਣਬੀਰ ਸਾਰੀ ਰਾਤ ਉਸੇ ਸੁਪਨੇ ਵਿੱਚ ਹੀ ਉਲਝਿਆ ਰਿਹਾ। ਸਵੇਰੇ ਝੰਬਿਆ ਜਿਹਾ ਹੀ ਉੱਠਿਆ ਤਾਂ ਅੱਗੋਂ ਪ੍ਰਤਾਪ ਟੁੱਟ ਕੇ ਪੈ ਗਿਆ, “ਓਏ ਵੱਡਿਆ ਸ਼ਿਕਾਰੀਆ, ਸਾਰਾ ਦਿਨ ਲੰਡਰ ਕੁੱਤੇ ਵਾਂਗੂੰ ਭੌਂਕਦਾ ਫਿਰਦੈਂ ਬੌਂ-ਬੌਂ ਕਰਦਾ, ਤੈਨੂੰ ਕੋਈ ਚੜ੍ਹੀ-ਲੱਥੀ ਦੀ ਵੀ ਹੈ ਕਿ ਨਹੀਂ? ਪੜ੍ਹਨ-ਪੁੜ੍ਹਨ ਵਾਲਾ ਤਾਂ ਭੋਗ ਪੈ ਹੀ ਗਿਆ ਹੈ, ਹੁਣ ਖੇਤ ਤਾਂ ਜਾਇਆ ਮਰਿਆ ਕਰ। ਚੱਲ ਡੱਫ ਦੋ ਮੰਨੀਆਂ ਤੇ ਜਾਹ ਬਰਾਨੀਆਂ ਵੰਨੀ ਛੋਲਿਆਂ ਦੀ ਰਾਖੀ। ਅੱਧੀਆਂ ਟਾਟਾਂ ਤਾਂ ਰਾਤ ਕੁੜੀ ਚੋਅ ਰੱਬ ਨੇ ਝਾੜਤੀਆਂ ਹੋਣਗੀਆਂ, ਹੁਣ ਬਾਕੀ ਦੀਆਂ ਤੋਤੇ-ਗੁਟ੍ਹਾਰਾਂ ਨੇ ਠੁੰਗ ਜਾਣੀਐਂ। ਚੱਲ ਡਾਕ ਬਣ ਜਾ ਖੇਤ ਨੂੰ, ਨਹੀਂ ਤਾਂ ਮੈਥੋਂ ਬੁਰਾ ਕੋਈ ਨ੍ਹੀ ਹੋਣਾਂ ਅੱਜ।”
ਨੀਵੀਂ ਪਾਈ ਗਾਲ੍ਹਾਂ ਸੁਣਦਾ ਰਣਬੀਰ ਚਾਹ ਪੀ ਕੇ ਗੁਲੇਲ ਤੇ ਪੁਟਾਸ਼ ਚੱਕ ਕੇ ਚੁੱਪ-ਚਾਪ ਖੇਤਾਂ ਨੂੰ ਤੁਰ ਗਿਆ। ਗੜਿਆਂ ਨਾਲ ਝੰਬੇ ਪਏ ਛੋਲੇ ਵੇਖ ਕੇ ਉਸ ਦੇ ਮਨ ਨੂੰ ਇਉਂ ਲੱਗਿਆ, ਜਿਵੇਂ ਲੜਾਈ ਦੇ ਮੈਦਾਨ ਵਿੱਚ ਵਿਛੀਆਂ ਲੋਥਾਂ ਹੋਣ। ਚਾਰੇ ਪਾਸੇ ਤੋਤਿਆਂ-ਗੁਟ੍ਹਾਰਾਂ ਦੀਆਂ ਡਾਰਾਂ ਗੇੜੇ ਕੱਢਦੀਆਂ ਵੇਖ ਕੇ ਉਸ ਨੇ ਪੁਟਾਸ਼ ਵਿੱਚ ਬਰੂਦ ਰੱਖ ਕੇ ਪਟਾਕੇ ਪਾਏ। ਤ੍ਰਬਕ ਕੇ ਉੱਡੇ ਜਾਨਵਰ ਗੇੜਾ ਜਿਹਾ ਕੱਢ ਕੇ ਫਿਰ ਉੱਥੇ ਹੀ ਮੁੜ ਆਉਂਦੇ।” ਫੋਕੇ ਫੈਰਾਂ ਨਾਲ ਨੀ ਤੁਸੀਂ ਆਉਣਾ ਲੋਟ, ਥੋਡਾ ਐਂ ਜਹਿਣਾ ਵਢਦੈਂ।” ਬੋਲਦੇ ਰਣਬੀਰ ਨੇ ਪੁਟਾਸ਼ ਪਰ੍ਹੇ ਰੱਖਦਿਆਂ ਗੁਲੇਲਿਆਂ ਦੀ ਬੁਛਾੜ ਕੀਤੀ।
“ਓਅ, ਓਅ, ਰੁਕ ਉਏ ਮਾਂ ਦਿਆ ਵਧਾਉੂ ਚੰਦਾ, ਹਾਅ ਕੀ ਕਰਨ ਲੱਗ ਗਿਆ ਤੂੰ? ਉੰਨੀਆਂ ਟਟਾਂ ਤਾਂ ਜਨੌਰਾਂ ਨੇ ਨੀ ਖਾਣੀਆਂ ਜਿੰਨੀਆਂ ਤੇਰੇ ਗੁਲੇਲਿਆਂ ਨੇ ਝਾੜ ਦੇਣੀਐਂ। ਬੱਲਿਆ ਅਕਲ ਨੂੰ ਹੱਥ ਮਾਰ ਕੁਸ਼। ਖੇਤੀ-ਵਾਹੀ ਦਾ ਕੰਮ ਤਾਂ ਸਹਿਜ ਦਾ ਹੁੰਦਾ ਹੈ, ਤੇਰੇ ਵਾਂਗੂੰ ਤੈਸ਼ ਨਾਲ ਨਹੀਂ ਹੁੰਦਾ ਏਹ। ਤੋਤੇ ਤਾਂ ਆਥਣ ਤਾਈਂ ਖੜ੍ਹੇ ਪੈਰ ਰੱਖਦੇ ਐ ਰਾਖੇ ਨੂੰ।” ਰਣਬੀਰ ਕੇ ਨਾਲ ਲਗਦੇ ਖੇਤ ਵਿੱਚ ਛੋਲਿਆਂ ਦੀ ਰਾਖੀ ਕਰਦਾ ਉਸ ਦਾ ਤਾਇਆ ਕਰਮ ਸਿੰਘ ਉਸ ਵੱਲ ਆਉਂਦਾ ਮੁਸ਼ਕੜੀਏਂ ਹੱਸਦਾ ਬੋਲਿਆ। ਉਸ ਦੀ ਖਚਰੀ ਹਾਸੀ ਨਾਲ ਰਣਬੀਰ ਅੰਦਰ ਖਿਝ ਦਾ ਉਬਾਲ ਉੱਠਿਆ । ਉਂਜ ਵੀ ਉਸ ਨੂੰ ਕਰਮ ਸਿੰਘ ਨਾਲ ਮੁੱਢ ਤੋਂ ਹੀ ਚਿੜ੍ਹ ਸੀ। ਜਦੋਂ ਦੀ ਉਸ ਦੀ ਸੁਰਤ ਸੰਭਲੀ ਸੀ, ਰਣਬੀਰ ਨੇ ਘਰ ਵਿੱਚ ਹੁੰਦੀਆਂ ਸੁਭਾਵਕ ਗੱਲਾਂ ਤੋਂ ਹੀ ਕਰਮ ਸਿੰਘ ਦਾ ਘਿਨਾਉਣਾ ਜਿਹਾ ਅਕਸ ਆਪਣੇ ਮਨ ਵਿੱਚ ਬਿਠਾ ਲਿਆ ਸੀ। ਇਸ ਅਕਸ ਵਾਲੇ ਕਰਮ ਸਿੰਘ ਨੇ ਆਪਣੇ ਤਿੰਨੇ ਮੁੰਡਿਆਂ ਦੇ ਵਿਆਹ ਸਾਂਝੇ ਘਰ ਵਿੱਚੋਂ ਕੀਤੇ ਸਨ ਤੇ ਸੀਤੀ ਦੇ ਵਿਆਹ ਤੋਂ ਪਹਿਲਾਂ ਖਰਚ ਤੋਂ ਬਚਣ ਲਈ ਵਾਹੀ ਅੱਡ ਕਰ ਲਈ ਸੀ। ਵੱਖ ਹੁੰਦਿਆਂ ਹੀ ਐਸਕਾਰਟ ਟ੍ਰੈਕਟਰ ਲੈ ਲਿਆ ਸੀ। ਪ੍ਰਤਾਪ ਨੂੰ ਸ਼ੱਕ ਸੀ ਕਿ ਵੇਚਣ-ਵੱਟਣ ਵਿੱਚ ਮੂਹਰੇ ਰਹਿਣ ਕਰਕੇ ਕਰਮ ਸਿੰਘ ਸ਼ਾਇਦ ਸਾਂਝੀ ਖੇਤੀ ਵਿੱਚੋਂ ਗੋਝੀ ਰੱਖਦਾ ਰਿਹਾ ਸੀ। ਕਸੂਤੇ ਮੌਕੇ ਇਕੱਠ ਟੁੱਟਣ ਕਾਰਨ ਪਹਿਲਾਂ ਹੀ ਦਮੇਂ ਦਾ ਖਾਧਾ ਪ੍ਰਤਾਪ ਹੋਰ ਦਬਾਉੂ ਹੋ ਗਿਆ ਸੀ। ਰਣਬੀਰ ਨੇ ਮਨੋ-ਮਨੀਂ ਤਾਏ ਦਾ ਨਾ ਹੀ “ਲੂੰਬੜੀ ਮੂੰਹਾਂ” ਰੱਖਿਆ ਹੋਇਆ ਸੀ।
“ਤਾਇਆ ਜਾਹ ਤੂੰ ਆਪਣਾ ਕੰਮ ਕਰ।” ਰਣਬੀਰ ਦੀ ਨਫ਼ਰਤ ਅੱਖਾਂ ਦੀ ਲਾਲੀ ਵਿੱਚ ਤਬਦੀਲ ਹੋ ਗਈ ਸੀ ਪਰ ਕਰਮ ਸਿੰਘ ਨੇ ਗੌਲਿਆ ਨਾ।
“ਕੰਮ ਤਾਂ ਬੱਲਿਆ ਮੈਂ ਆਪਣਾ ਵੀ ਕਰਲੂੰ ਤੇ ਥੋਡਾ ਵੀ, ਤੂੰ ਖੇਡ ਘਰੇ ਜਾ ਕੇ ਮਾਂ ਦੀ ਬੁੱਕਲ ’ਚ। ਮੇਰੀ ਛੋਟੀ ਭਾਬੀ ਨੂੰ ਆਖੀਂ ਬਈ ਤੇਰੇ ਵੰਡੇ ਦੀ ਮਖਣੀ ਮੈਂਨੂੰ ਫੜਾ ਜਿਆ ਕਰੇ, ਮੇਰੀ ਰਾਖੀ ਵੱਟੇ। ਹੈਂ? ਮਨਜ਼ੂਰ ਐ ਸੌਦਾ?” ਕਰਮ ਸਿਉਂ ਮਸ਼ਕਰੀਆਂ ’ਤੇ ਉੱਤਰ ਆਇਆ।
“ਆਹ ਕਰਦੇਂਗਾ ਸਾਡਾ ਕੰਮ। ਕਾਹਨੂੰ ਜਾਣਦਾ ਐਂ ਮੈਂ ਤੇਰੀਆਂ ਭਦਰਕਾਰੀਆਂ, ਦੂਜਿਆਂ ਦਾ ਕੰਮ ਕਰਨ ਆਲੇ ਦੀਆਂ।” ਰਣਬੀਰ ਉਸ ਦੇ ਹੱਡ ’ਤੇ ਮਾਰਨ ਤੋਂ ਨਾ ਰੁਕ ਸਕਿਆ।
“ਭਦਰਕਾਰੀਆਂ ਨੂੰ ਮੈਂ ਕੀ ਤੇਰੀ ਮਾਂ ਦੀ ਬਾਂਹ ਫੜ੍ਹ ਲੀ ਓਏ ਬਰੇੜਿਆ? ਜੰਮ ਮੁੱਕਿਆ ਨੀ ਤੇ ਮੇਰੀਆਂ ਭਦਰਕਾਰੀਆਂ ਪਰਖਦੈਂ। ਚਪੇੜੇ ਨਾ ਖਾ-ਲੀਂ ਕਿਤੇ ਮੈਥੋਂ ਬਾਅਲਾ ਚਾਂਭਲਿਆ ਫਿਰਦੈਂ।” ਕਰਮ ਸਿਉਂ ਨੇ ਮਾਰਨ ਦਾ ਫੋਕਾ ਡਰਾਵਾ ਦੇਣ ਲਈ ਹੱਥ ਚੁੱਕਿਆ। ਪਰ ਰਣਬੀਰ ਨੇ ਅੱਗੋਂ ਉਸ ਦੀ ਦਾਹੜੀ ਫੜ ਲਈ ਤੇ ਉਹ ਜੱਫੋ-ਜੱਫੀ ਹੋ ਗਏ।
“... ਬਈ ਮੁੰਡਿਓ ਚੰਗੀ ਤਰ੍ਹਾਂ ਜੱਫੀ ਵਿੱਚ ਲੈ ਕੇ ਰੱਖੋ, ਸਿਰ ਨਾ ਲੁੜ੍ਹਕਣ ਦਿਓ।” ਰਣਬੀਰ ਨੂੰ ਨੁਹਾ ਕੇ ਉਸ ਦੇ ਦਸਤਾਰ ਸਜਾ ਰਹੇ ਆਪਣੇ ਪੁੱਤਾਂ ਦੇ ਪਿੱਛੇ ਆ ਖੜ੍ਹੇ ਕਰਮ ਸਿੰਘ ਨੇ ਮੱਧਮ ਜਿਹੀ ਆਵਾਜ਼ ਵਿੱਚ ਕਿਹਾ। ਸੰਭਾਲਣ ਦੇ ਬਾਵਜੂਦ ਰਣਬੀਰ ਦਾ ਛੀਟਕਾ ਸਰੀਰ ਕਮਾਨ ਵਾਂਗੂੰ ਮੁੜਿਆ ਪਿਆ ਸੀ। ਚਿੱਟੇ ਕੱਫ਼ਣ ਨਾਲ ਸ਼ਾਂਤ ਅਤੇ ਗਹਿਰ-ਗੰਭੀਰ ਲਗਦੇ ਇਸ ਰਣਬੀਰ ਵੱਲ ਵੇਖ ਕੇ ਤਾਂ ਸੋਚ ਹੀ ਨਹੀਂ ਸੀ ਆਉਂਦੀ ਕਿ ਉਹ ਕਦੇ ਇਉਂ ਲੜਦਾ-ਝਗੜਦਾ ਵੀ ਰਿਹਾ ਹੋਵੇਗਾ।
... ਆਪਣੇ ਤਾਏ ਨਾਲ ਲੜ ਕੇ ਰਣਬੀਰ ਦੀ ਅਜਿਹੀ ਚੁੱਪ ਟੁੱਟੀ ਅਤੇ ਹੱਥ ਖੁੱਲ੍ਹਿਆ ਸੀ ਕਿ ਨਿੱਕੀ ਨਿੱਕੀ ਗੱਲ ਉੱਤੇ ਹੀ ਮਰਨ-ਮਰਾਉਣ ਨੂੰ ਉੱਤਰ ਆਉਂਦਾ। ਪ੍ਰਤਾਪ ਕਿਸੇ ਗੱਲੋਂ ਖਿਝ ਪੈਂਦਾ ਤਾਂ ਅੱਗੋਂ ਰਣਬੀਰ ਵੀ ਲੜਨ ਨੂੰ ਤਿਆਰ ਹੁੰਦਾ। ਦੋ ਕੁ ਸਾਲ ਰਣਬੀਰ ਨੇ ਨਿੱਠ ਕੇ ਖੇਤੀ ਦਾ ਕੰਮ ਕੀਤਾ ਸੀ ਪਰ ਫਸਲ ਵਿੱਚੋਂ ਕੁਝ ਬਚਦਾ-ਬਚਾਉਂਦਾ ਨਾ ਵੇਖ ਕੇ ਹੁਣ ਉਹ ਵੀ ਛੱਡ ਗਿਆ ਸੀ। ਉਸ ਦੇ ਅਜਿਹੇ ਚੰਦਰੇ ਸੁਭਾਅ ਕਾਰਨ ਸਾਰੇ ਟੱਬਰ ਦਾ ਨੱਕ ਵਿੱਚ ਦਮ ਹੋਇਆ ਪਿਆ ਸੀ। ਜੇ ਉਹ ਬਾਹਰ ਗਿਆ ਹੁੰਦਾ ਤਾਂ ਡਰ ਰਹਿੰਦਾ ਕਿ ਕਿਤੇ ਕਿਸੇ ਨਾਲ ਲੜ-ਝਗੜ ਨਾ ਪਵੇ, ਜੇ ਘਰੇ ਹੁੰਦਾ ਤਾਂ ਟੱਬਰ ਵਿੱਚ ਸਹਿਮ ਜਿਹਾ ਛਾ ਜਾਂਦਾ ਕਿ ਪਤਾ ਨਹੀਂ ਕਿਸ ਗੱਲ ’ਤੇ ਉਬਾਲਾ ਖਾ ਜਾਵੇ। ਇੱਕ ਦਿਨ ਇਉਂ ਹੀ ਰਣਬੀਰ ਦੇ ਕੋਲ ਬੈਠਿਆਂ ਪ੍ਰਤਾਪ ਸੀਤੀ ਨਾਲ ਗੱਲੀਂ ਲੱਗਿਆ ਹੋਇਆ ਸੀ, “ਸੀਤੀਏ ਭਾਈ ਤੇਰੇ ਤਾਏ ਧਰਮ ਸਿਉਂ ਦੀ ਜੰਨ ਵੇਲੇ ਜਦੋਂ ਚੜ੍ਹਨ ਲੱਗੇ ਨਾ ਮੁਕਸਰ ਵਾਲੀ ਸੜਕ ਤਾਂ ਸਾਰਿਆਂ ਤੋਂ ਮੂਹਰੇ ਘੋੜਾ ਲਾਈ ਜਾਂਦੇ ਧੰਨੇ ਮੁਘਦਰ ਦੀ ਹਾਕ ਸੁਣੀ, ਅਖੇ ਆ ਗਏ ਓਹੇ ਫਰੰਗੀ ਭੱਜ-ਲੋ ਜੇ ਭੱਜੀ ਦਾ ਤਾਂ। ਸੁਣਦਿਆਂ ਈ ਅਸੀਂ ਤਾਂ ਵੱਟ ਲੀ ਸ਼ੂਟ ਵਾਹਣਾਂ ਨੂੰ। ਉਦੋਂ ਸੁਣਦੇ ਸਾਂ ਬਈ ਅੰਗਰੇਜ਼ਾਂ ਦੀ ਕਿਧਰੇ ਵੱਡੀ ਜੰਗ ਲੱਗੀ ਹੋਈ ਸੀ ਤੇ ਉਹ ਚੋਬਰ ਮੁੰਡਾ ਵੇਖਦੇ ਈ ਭਰਤੀ ਕਰ ਲੈਂਦੇ। ਐਂ ਭਲਾ ਮਚਦੀ ਅੱਗ ਵਿੱਚ ਕੌਣ ਬਝਦੈ ਬਲਦੀ ਦੇ ਬੂਥੇ? ਲਾਮ ਤੋਂ ਸਾਬਤਾ ਤਾਂ ਆਂਹਦੇ ਐ ਕੋਈ ਟਾਵਾਂ ਈ ਮੁੜਦਾ ਸੀ। ਬੱਸ ਭਾਈ ਫੇਰ ਨੀ ਚੜ੍ਹੇ ਸੜਕ ਅਸੀਂ। ਤੇਰੀ ਤਾਈ ਦੇ ਪੇਕਿਆਂ ਤੱਕ ਵਾਹਣੋ-ਵਾਹਣੀ ਗਏ ਲੁਕਦੇ ਤੇ ਅਸੀਂ ...।” ਗੱਲ ਅਜੇ ਪ੍ਰਤਾਪ ਦੇ ਮੂੰਹ ਵਿੱਚ ਹੀ ਸੀ ਕਿ ਰਣਬੀਰ ਨੇ ਵਿਚਾਲਿਉਂ ਹੀ ਟੋਕਦਿਆਂ ਖਿਝ ਕੇ ਕਿਹਾ, “ਆਹ ਭੱਜ-ਲੇ ਵਾਹਣਾਂ ਨੂੰ ਵੱਡੇ ਸੂਰਮੇ, ਊਂ ਅਖੇ ਅਸੀਂ ਮੁਘਦਰ ਚੱਕਦੇ ਹੁੰਦੇ ਸਾਂ ਜਵਾਨੀ ਵੇਲੇ। ਐਵੇਂ ਤਾਂ ਨੀ ਆਂਹਦੇ ਕਿ ਗਧੇ ਦੀਆਂ ਦੁਖਦੀਆਂ ਅੱਖਾਂ ਵਿੱਚ ਪਾਉਣ ਲੱਗੇ ਲੂਣ ’ਤੇ ਆਂਹਦਾ ਮੇਰੇ ਕੰਨ ਪੱਟਦੇ ਐ।”
“ਯਾਰ ਤੂੰ ਸਾਨੂੰ ਗੱਲ ਵੀ ਨੀ ਕਰਨ ਦੇਣੀ? ਹਰ ਵੇਲੇ ਲੜਾਈ ਭਾਲਦਾ ਰਹਿਨੈਂ ... ਲੜਾਈ ਨੀ ਤਾਂ ...ਹੈਂ?” ਪ੍ਰਤਾਪ ਵੀ ਅੱਗੋਂ ਖਿਝ ਗਿਆ।
“ਬੜੀ ਟੱਟੂ ਦੀ ਗੱਲ ਐ ਇਹ ਅਖੇ ਭੱਜ ਲੇ ...। ਕਿਤੇ ਉਦੋਂ ਦੇ ਹੋਏ ਹੁੰਦੇ ਭਰਤੀ ਤਾਂ ਹੁਣ ਨੂੰ ਪੈਨਸ਼ਨਾਂ ਬੱਝੀਆਂ ਹੁੰਦੀਆਂ। ਹੁਣ ਨੂੰ ਸ਼ਰੀਕਾਂ ਦੇ ਬਰਾਬਰ ਚੁਬਾਰੇ ਛੱਤੇ ਹੁੰਦੇ।” ਰਣਬੀਰ ਨੇ ਜੋਗਿੰਦਰ ਦੇ ਬਾਪੂ ਕੈਪਟਨ ਧਰਮ ਸਿੰਘ ਦੇ ਚੁਬਾਰੇ ਵੱਲ ਉਂਗਲ ਕਰਕੇ ਲੜਾਈ ਹੋਰ ਮਘਾ ਦਿੱਤੀ।
“ਚਲ ਅਸੀਂ ਤਾਂ ਭੱਜ-ਲੇ, ਤੂੰ ਬੰਨ੍ਹਾ ਲੈ ਪੈਲਸਣਾਂ ਤੇ ਪਾ ਲੈ ਚੁਬਾਰੇ, ਹੁਣ ਕੇਹੜਾ ਹੀਰ ਮਰਗੀ ਕਿ ਵੰਝਲੀ ਟੁੱਟ ਗਈ, ਵੱਡਾ...।” ਗੁੱਸੇ ਵਿੱਚ ਕਿੱਲ੍ਹ ਕੇ ਬੋਲਦੇ ਪ੍ਰਤਾਪ ਦਾ ਸਾਹ ਉੱਖੜ ਗਿਆ। ਦੋਨਾਂ ਦੇ ਵਿਚਾਲੇ ਕੁੜਿੱਕੀ ਦੇ ਮੂੰਹ ਵਿੱਚ ਫਸੀ ਬੈਠੀ ਸੀਤੀ ਭੱਜ ਕੇ ਪਾਣੀ ਲੈਣ ਲਈ ਗਈ। ਪਰ ਰਣਬੀਰ ਅਜੇ ਵੀ ਬੋਲਦਾ ਰਿਹਾ, “ਵੇਲਾ ਆਉਣ ਦੇ, ਬੰਨ੍ਹਾ ਕੇ ਵੀ ਵਖਾਊਂਗਾ, ਸੋਡੇ ਵਾਂਗੂੰ ਨੀ ਭੱਜਦਾ ਚੱਡਿਆਂ ਵਿੱਚ ਪੂਛ ਲੈ ਕੇ।”
... ਤੇ ਸਬੱਬੀਂ ਉਹ ਵੇਲਾ ਵੀ ਛੇਤੀ ਆ ਗਿਆ, ਜਿਸ ਦਿਨ ਫਿਰੋਜ਼ਪੁਰ ਖੁੱਲ੍ਹੀ ਭਰਤੀ ਵਾਸਤੇ ਜਾ ਰਹੇ ਜੋਗਿੰਦਰ ਨੇ ਸਾਥ ਵਾਸਤੇ ਰਣਬੀਰ ਨੂੰ ਵੀ ਆਵਾਜ਼ ਮਾਰ ਲਈ।
ਕੱਪੜੇ ਲਾਹ ਕੇ ਮੁੰਡਿਆਂ ਦੀ ਵੱਡੀ ਕਤਾਰ ਵਿੱਚ ਖੜ੍ਹਾ ਰਣਬੀਰ ਪੂਰੇ ਉਤਸ਼ਾਹ ਵਿੱਚ ਸੀ। ਪਰ ਮੋਹਲਿਆਂ ਵਰਗੇ ਪੱਟ ਅਤੇ ਡੌਲੇ ਕੱਢੀ ਖੜ੍ਹੇ ਗੱਭਰੂਆਂ ਵਿੱਚ ਉਸ ਨੂੰ ਆਪਣਾ ਛੀਂਟਕਾ ਸਰੀਰ ਵੇਖ ਕੇ ਹੌਸਲਾ ਕੁਝ ਕਿਰਦਾ ਜਾਪਿਆ। ਉਸ ਨੇ ਨਿੱਕਰ ਉਤਾਂਹ ਨੂੰ ਖਿੱਚੀ ਜਿਸ ਨਾਲ ਪੱਟਾਂ ਦਾ ਮੋਟਾ ਭਾਗ ਕੁਝ ਹੋਰ ਉੱਭਰ ਆਇਆ। ਉਸ ਦਾ ਜੋਸ਼ ਫੇਰ ਠਾਠਾਂ ਮਾਰਨ ਲੱਗਿਆ। ਕਤਾਰ ਦੀ ਸ਼ਨਾਖ਼ਤ ਕਰਦਾ ਆ ਰਿਹਾ ਕਮਾਂਡਰ ਜਦ ਰਣਬੀਰ ਦੇ ਸਾਹਮਣੇ ਆਇਆ ਤਾਂ ਉਸ ਨੇ ਛਾਤੀ ਫੁਲਾ ਲਈ ਪਰ ਇਸ ਨਾਲ ਢਿੱਡ ਪਹਿਲਾਂ ਤੋਂ ਵੀ ਵਧ ਪਿਚਕ ਗਿਆ। ਉਸ ਨੂੰ ਜਾਪਿਆ ਜਿਵੇਂ ਨਿੱਕਰ ਫੇਰ ਥੱਲੇ ਨੂੰ ਖਿਸਕ ਗਈ ਹੋਵੇ। ਮੁਢਲੀ ਮਿਣਤੀ-ਗਿਣਤੀ ਤੋਂ ਬਾਅਦ ਕਮਾਂਡਰ ਨੇ ਚੋਣਵੇਂ ਮੁੰਡਿਆਂ ਨੂੰ ਇੱਕ ਕਦਮ ਅਗਾਂਹ ਲੈ ਕੇ ਕਤਾਰ ਬਣਾਉਣ ਦਾ ਇਸ਼ਾਰਾ ਕੀਤਾ। ਰਣਬੀਰ ਹੋਰਾਂ ਦੀ ਕਤਾਰ ਪਿੱਛੇ ਇਉਂ ਅਣਗੌਲੀ ਜਿਹੀ ਰਹਿ ਗਈ ਜਿਵੇਂ ਕਿਸੇ ਦੁਕਾਨ ਵਾਲੇ ਨੇ ਰੁਪਈਏ ਦੇ ਪਸੇਰੀ ਚੁਕਾਉਣ ਵਾਲੇ ਅਧਗਲੇ ਟਮਾਟਰਾਂ ਦੀ ਵੱਖਰੀ ਢੇਰੀ ਲਾ ਰੱਖੀ ਹੋਵੇ। ਰਣਬੀਰ ਤੋਂ ਇਹ ਨਿਰਾਦਰ ਬਰਦਾਸ਼ਤ ਨਾ ਹੋ ਸਕਿਆ ਤੇ ਉਸ ਨੇ ਲਾਈਨ ਵਿੱਚੋਂ ਨਿਕਲਕੇ ਬੁੜਬੁੜ ਕਰਦੇ ਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। “ਜੱਦ੍ਹੇ ਭਰਤੀਆਂ ਦੇ, ਸਾਲਿਓ ਮੋਟਿਆਂ ਪੱਟਾਂ ਦੇ ਸ਼ਤੀਰ ਚੀਰਨੇ ਆਂ ਜੇ ਵਿੱਚੋਂ ਦਿਲ ਈ ਚਿੜੀ ਦਾ ਹੋਇਆ। ਐਹੋ ਜੇ ਮੋਟੇ ਕੁੱਪ ਗੋਲ਼ੀ ਦੀ ਠਾਹ ਸੁਣ ਕੇ ਮੋਕ ਮਾਰਨ ਲੱਗ ਪੈਂਦੇ ਹੁੰਦੇ ਐ।” ਰਣਬੀਰ ਦੇ ਚੇਤੇ ਵਿੱਚੋਂ ਧੰਨੇ ਮੁਘਦਰ ਹੋਰਾਂ ਦੇ ਵਾਹਣਾਂ ਰਾਹੀਂ ਭੱਜਣ ਦੀ ਗੱਲ ਬਿਜਲੀ ਵਾਂਗ ਲੰਘ ਗਈ।
ਪਿੰਡ ਮੁੜੇ ਰਣਬੀਰ ਦੀ ਛੇੜ ਹੀ ‘ਫੌਜੀ ਸਾਹਬ’ ਪੈ ਗਈ। ਜੋਗਿੰਦਰ ਨੂੰ ਭਰਤੀ ਕਰ ਲਏ ਜਾਣ ਦੀ ਗੱਲ ਨਾਲ ਉਸ ਦੀ ਹੀਣਤਾ ਹੋਰ ਵੀ ਵਧ ਜਾਂਦੀ। ਸ਼ਰਮ ਵਿੱਚ ਉਹ ਤਖ਼ਤਪੋਸ਼ ਉੱਤੇ ਬੈਠੇ ਮੁੰਡਿਆਂ ਤੋਂ ਪਾਸਾ ਵੱਟ ਕੇ ਲੰਘਣ ਦਾ ਯਤਨ ਕਰਦਾ ਪਰ ਉਹ ਬਚਣ ਨਾ ਦਿੰਦੇ।
“ਫੌਜੀ ਸਾਹਬ ਆਜੋ ਮਾੜਾ ਜਿਹਾ, ਮਖਾਂ ਸੁਣਾ ਜੋ ਕੋਈ ਫਿਰੋਜ਼ਪੁਰ ਦੀ।” ਰਣਬੀਰ ਦੇ ਤਾਏ ਦੇ ਮੁੰਡੇ ਬਿੱਕਰ ਨੇ ਮਖੌਲ ਕੀਤਾ। ਰਣਬੀਰ ਅਜੇ ਕੁਝ ਤੱਤਾ-ਤੱਤਾ ਜਵਾਬ ਦੇਣ ਹੀ ਲੱਗਿਆ ਸੀ ਕਿ ਬਿੱਕਰ ਫਿਰ ਬੋਲ ਪਿਆ, “ਬਈ ਆਂਹਦੇ ਅਫਸਰ ਨੂੰ ਪਸਿੰਦ ਤਾਂ ਇਹ ਜਵਾਨ ਪੂਰਾ ਆ ਗਿਆ ਸੀ ਪਰ ਇੱਕ ਗੱਲੋਂ ਡਰ ਗਿਆ ਕਿ ਜੇ ਕਿਤੇ ਹਨੇਰੀ ਦਾ ਰੁਖ ਪਾਕਿਸਤਾਨ ਵੰਨੀ ਹੋਇਆ ਤਾਂ ਰਣਬੀਰ ਸਿਉਂ ਨੇ ਉੱਡ ਕੇ ਬਾਡਰ ਟੱਪ ਜਾਣੈ ਤੇ ਸਿਖਲਾਈ ਦਿੱਤੀ ਜਾਉੂ ਖੂਹ-ਖਾਤੇ। ਨਾਲੇ ...।” ਹਾਸੇ ਦੀ ਛਹਿਬਰ ਵਿੱਚ ਮਸਤ ਬਿੱਕਰ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਬੰਦੂਕ ਦੀ ਗੋਲੀ ਵਾਂਗ ਧੱਪ ਕਰਕੇ ਹਿੱਕ ਵਿੱਚ ਵੱਜੀ ਇੱਟ ਨਾਲ ਪੁੱਠਾ ਹੋ ਕੇ ਡਿੱਗ ਪਿਆ।
“ਲੈ ਪੁੱਤ ਤੂੰ ਤਾਂ ਬਾਡਰ ਟੱਪ ਕੇ ਪਹੁੰਚ ਧਰਮਰਾਜ ਕੋਲ ... ਸਾਲਾ ਗੋਹ-ਗਹੀਰਾ ਜਿਹਾ ਨਾ ਹੋਵੇ ਤਾਂ, ਭੈਣ ਦਾ ...।” ਰਣਬੀਰ ਨੇ ਗਾਲ੍ਹ ਕੱਢਦਿਆਂ ਦੁਬਾਰਾ ਇੱਟ ਚੁੱਕਣ ਲਈ ਹੰਭਲਾ ਮਾਰਿਆ ਪਰ ਜਰਵਾਣੇ ਮੁੰਡਿਆਂ ਨੇ ਬਾਹਾਂ ਫੜ ਲਈਆਂ।
“... ਸਾਡਾ ਭਰਾ ਸਾਨੂੰ ਮਾਰ ਕੇ ਸਿੱਟ ਗਿਆ ਓਏ ਲੋਕੋ।” ਆਪਣੇ ਭਰਾਵਾਂ ਨਾਲ ਰਣਬੀਰ ਨੂੰ ਬਾਹਾਂ ਤੋਂ ਫੜ ਕੇ ਸਿੜ੍ਹੀ ਉੱਤੇ ਆਖਰੀ ਦਰਸ਼ਨਾਂ ਲਈ ਰਖਵਾ ਰਿਹਾ ਬਿੱਕਰ ਵਿਲਕ ਪਿਆ। ਬਿੱਕਰ ਹੀ ਕੀ, ਉਸ ਤੋਂ ਬਾਅਦ ਤਾਂ ਰਣਬੀਰ ਹੋਰਾਂ ਦਾ ਮੂੰਹ ਵੇਖਣ ਵਾਲੇ ਕਰੜੇ ਤੋਂ ਕਰੜੇ ਦਿਲ ਵਾਲੇ ਬੰਦਿਆਂ ਦਾ ਵੀ ਧੀਰਜ ਹਿੱਲ ਗਿਆ। ਇਹ ਦ੍ਰਿਸ਼ ਹੀ ਅਜਿਹਾ ਸੀ। ਜ਼ਹਿਰ ਨਾਲ ਲਾਸ਼ਾਂ ਫੁੱਲ ਕੇ ਗਹੀਰੇ ਬਣੀਆਂ ਭਾਵੇਂ ਪਾਟਣ ਉੱਤੇ ਆਈਆਂ ਪਈਆਂ ਸਨ ਪਰ ਨੁਹਾ-ਧੁਆ ਕੇ ਤਿਆਰ ਕਰਨ ਨਾਲ ਮੂੰਹਾਂ ਉੱਤੇ ਕੁਝ ਟਹਿਕ ਭਾਅ ਮਾਰਨ ਲੱਗ ਪਈ ਸੀ। ਬਚਿੰਤ ਕੌਰ ਦਾ ਚਿਹਰਾ ਹੀ ਵਧੇਰੇ ਬਦਰੂਪ ਹੋਇਆ ਸੀ। ਵਿਆਂਦੜਾਂ ਵਾਂਗ ਸਜਾਈਆਂ ਮੁਟਿਆਰਾਂ ਦੀਪਾਂ ਤੇ ਜੀਤਾਂ ਨੂੰ ਤਾਂ ਅੰਤਾਂ ਦਾ ਰੂਪ ਚੜ੍ਹਿਆ ਸੀ। ਪ੍ਰੀਤੂ ਵੀ ਆਪਣੇ ਮਾਸੂਮ ਜਿਹੇ ਚਿਹਰੇ ਨਾਲ ਵੇਖਣ ਵਾਲੇ ਦੇ ਅੰਦਰ ਚੀਸ ਭਰ ਦਿੰਦਾ ਸੀ। ਸੀਤੀ ਨੂੰ ਬਾਹਾਂ ਤੋਂ ਫੜ ਕੇ ਜਨਾਨੀਆਂ ਲਾਸ਼ਾਂ ਕੋਲ ਲੈ ਆਈਆਂ ਪਰ ਉਸ ਨੂੰ ਅਜੇ ਵੀ ਪੂਰੀ ਹੋਸ਼ ਨਹੀਂ ਸੀ ਆਈ ਤੇ ਆਪ ਮੁਹਾਰੇ ਹੀ ਬਰੜਾ ਰਹੀ ਸੀ, “ਮੇ... ਅ ...ਰੇ, ਵੀ ...ਅ ...ਰ ਨੂੰ ਮਾ ... ਅ ...ਰ ... ਨਾ ... ਬਾ ...ਪੂ, ਹਾਏ ਨਾ ਮਾਰ ...ਰ ...।”
“ਲੈ ਚੱਕੋ ਬਈ ਮੁੰਡਿਓ, ਹੁਣ ਦੇਰੀ ਦਾ ਵਕਤ ਨਹੀਂ ਰਿਹਾ ਭਾਈ।” ਸਿਆਣੇ ਬੰਦਿਆਂ ਦੀ ਸਾਂਝੀ ਆਵਾਜ਼ ਆਈ। ਪਰ੍ਹੇ ਖੜ੍ਹਾ ਸਲੂਜਾ ਵੀ ਨੇੜੇ ਆਇਆ। ਝਿਜਕ ਜਿਹੀ ਵਿੱਚ ਪਲ ਕੁ ਲਈ ਅਟਕਿਆ ਅਤੇ ਫਿਰ ਧਰਮ ਦੇ ਭਰਾ ਹੋਣ ਦੀ ਲਾਜ ਪਾਲਦਿਆਂ ਕਾਨ੍ਹੀਂ ਲੱਗਣ ਵਾਸਤੇ ਸਿੜ੍ਹੀ ਵੱਲ ਝੁਕਿਆ। ਐੱਨ ਉਸੇ ਸਮੇਂ ਸਾਹਮਣੇ ਗੈਲਰੀ ਵਿੱਚ ਲੱਗੇ ਟਾਈਮਪੀਸ ਨੇ ਦਸ ਵਜੇ ਦਾ ਅਲਾਰਮ ਵਜਾਇਆ। ਇਉਂ ਜਾਪਿਆ ਜਿਵੇਂ ਅਲਾਰਮ ਦੀ ਆਖਰੀ ਟੰਨ ਸੁਣ ਕੇ ਰਣਬੀਰ ਸਿੜ੍ਹੀ ਤੋਂ ਉੱਠ ਕੇ ਖੜ੍ਹਾ ਹੁੰਦਿਆਂ ਕਹੇਗਾ, “ਮੈਂ ਕਚਹਿਰੀ ਚੱਲਿਆਂ ਬਈ ਸਲੂਜੇ ਕੋਲ, ਮੇਰਾ ਟੈਮ ਹੋ ਗਿਆ।” ਅਤੇ ਸਭ ਨੂੰ ਖੜ੍ਹੇ ਛੱਡ ਕੇ ਕਿੱਲੀ ਉੱਤੇ ਟੰਗਿਆ ਰੈਕਸੀਨ ਦਾ ਥੈਲਾ ਚੁੱਕੀ ਕਾਹਲੇਂ ਕਦਮੀਂ ਬੱਸ ਅੱਡੇ ਉੱਤੇ ਪਹੁੰਚ ਜਾਵੇਗਾ। ਰਣਬੀਰ ਦਾ ਸ਼ਹਿਰ ਜਾਣ ਦਾ ਇਹ ਪੱਕਾ ਟਾਈਮ ਸੀ। ਬਿਨਾਂ ਨਾਗਾ ਪਾਏ ਉਹ ਸਵਾ ਦਸ ਵਾਲੀ ਬਾਦਲ ਟਰਾਂਸਪੋਰਟ ਕੰਪਨੀ ਵਾਲਿਆਂ ਦੀ ਬੱਸ ਦੀ ਉਡੀਕ ਕਰ ਰਿਹਾ ਹੁੰਦਾ। ਸਲੂਜੇ ਦਾ ਧਰਮ ਭਰਾ ਬਣਨ ਤੋਂ ਬਾਅਦ ਇਹ ਉਸ ਦਾ ਨਿੱਤਨੇਮ ਹੀ ਸੀ। ਜਾਂਦਾ ਵੀ ਕਿਉਂ ਨਾ? ਸਲੂਜੇ ਨਾਲ ਪਹਿਲੀ ਮੁਲਾਕਾਤ ਨੇ ਹੀ ਰਣਬੀਰ ਦੀ ਕਾਇਆ ਪਲਟ ਦਿੱਤੀ ਸੀ। “ਰਾਂਦ ਦਾ ਘਰ” ਕਿਹਾ ਜਾਣ ਵਾਲਾ ਬੰਦਾ ਸ਼ਹਿਰੋਂ ਇਉਂ “ਕਾਨੂੰਨੀ ਬੰਦਾ” ਬਣ ਕੇ ਆ ਗਿਆ ਸੀ ਜਿਵੇਂ ਦੁੱਖ ਭੰਜਨੀ ਬੇਰੀ ਨੇੜਲੇ ਸਰੋਵਰ ਵਿੱਚ ਕਾਂ ਵੀ ਬਗਲੇ ਬਣ ਨਿਕਲੇ ਸਨ।
ਜਿਸ ਦਿਨ ਇਹ ਕ੍ਰਿਸ਼ਮਾ ਹੋਇਆ ਉਸ ਦਿਨ ਰਣਬੀਰ ਵਾਟਰ ਵਰਕਸ ਦੇ ਕੁਨੈਕਸ਼ਨ ਲਈ ਫਾਈਲ ਤਿਆਰ ਕਰਵਾਉਣ ਵਾਸਤੇ ਸਲੂਜੇ ਕੋਲ ਗਿਆ ਸੀ। ਤੀਜੀ ਵਾਰ ਕੇਸ ਤਿਆਰ ਕਰਵਾ ਰਹੇ ਰਣਬੀਰ ਦੇ ਚਿਹਰੇ ਉਤਲੀ ਮਾਯੂਸੀ ਅਤੇ ਗੁੱਸੇ ਨੂੰ ਭਾਂਪਦਿਆਂ ਸਲੂਜੇ ਨੇ ਬੜੇ ਹਲੀਮੀ ਭਰੇ ਬੋਲਾਂ ਨਾਲ ਕਿਹਾ ਸੀ, “ਸਰਦਾਰ ਜੀ, ਜੇ ਐਤਕੀਂ ਵੀ ਕੰਮ ਨਾ ਬਣਿਆ ਤਾਂ ਚੁੱਪ ਕਰਕੇ ਮੇਰੇ ਕੋਲ ਆ ਜਾਣਾ। ਫਿਰ ਮੈਂ ਜਾਣਾ ਜਾਂ ਮੇਰਾ ਕੰਮ।” ਪਰ ਜਦੋਂ ਰਣਬੀਰ ਮੁੜਿਆ ਤਾਂ ਚੁੱਪ ਦੀ ਥਾਂ ਕਲਰਕ ਨੂੰ ਗਾਲ੍ਹਾਂ ਕੱਢਦਾ ਵਾਪਸ ਆਇਆ। ਉਸ ਦਾ ਆਪਣਾ ਕੁੜਤਾ ਵੀ ਲੰਗਾਰ ਹੋਇਆ ਪਿਆ ਸੀ।
“ਸਾਲਾ ਚਗਲ ਜਿਹਾ ਆਂਹਦਾ ਅਖੇ ਵਾਟਰ ਵਰਕਸ ਦੀ ਕਪਿਸਟੀ ਤੋਂ ਵੱਧ ਹੋਰ ਕੁਨੈਕਸ਼ਨ ਨੀ ਦੇ ਸਕਦੇ। ਮੈਂ ਆਖਿਆ, ਜਿਹੜਾ ਸਰਪੰਚ ਨਾਲ ਆ ਕੇ ਤੇਰੇ ਮੂੰਹ ਵਿੱਚ ਹੱਡ ਤੁੰਨ ਦਿੰਦਾ ਹੈ ਉਹਦੇ ਵਾਰੀ ਕਪਿਸਟੀ ਕਿਵੇਂ ਵਧ ਜਾਂਦੀ ਐ? ਅੱਗੋਂ ਨਾਲੇ ਚੋਰ ਨਾਲੇ ਚਤਰ, ਆਂਹਦਾ ਪੁਲਸ ਬੁਲਾਉਨੈ। ਮੈਂ ਆਖਿਆ ਮੇਰਾ ਕੰਮ ਤਾਂ ਭੈਣ ਚ...ਵੇ, ਪਹਿਲਾਂ ਤੈਨੂੰ ਬਣਾਉਣੈਂ ਮੰਨੇ ਕਾ ਸਿੱਖ।” ਰਣਬੀਰ ਨੇ ਕਲਰਕ ਦੇ ਚਾਰ ਥੱਪੜ ਜੜ ਆਉਣ ਤੱਕ ਦੀ ਗੱਲ ਸਲੂਜੇ ਨੂੰ ਦੱਸ ਦਿੱਤੀ।
“ਸਰਦਾਰ ਸਾਹਬ ਡਾਂਗ-ਸੋਟੇ ਦੇ ਜ਼ਮਾਨੇ ਨੀ ਰਹੇ, ਹੁਣ ਵੇਲਾ ਕਾਗਜ਼ੀ ਕਾਰਵਾਈ ਦਾ ਐ। ਲੈ ਤੁਸੀਂ ਤਾਂ ਆਪਣਾ ਜਟਕਾ ਢੰਗ ਵਰਤ ਕੇ ਵੇਖ ਲਿਐ ਤੇ ਕੰਮ ਬਣਨਾ ਤਾਂ ਕੀ ਸੀ ਸਗੋਂ ਲਗਦਾ ਹੈ ਹੋਰ ਵਧਾ ਲਿਐ। ਲਓ ਹੁਣ ਸਲੂਜੇ ਦਾ ਮੰਤਰ ਵੇਖੋ ਕਿਵੇਂ ਤਲੀ ’ਤੇ ਸਰ੍ਹੋਂ ਜੰਮਦੀ ਐ।” ਕਹਿ ਕੇ ਸਲੂਜੇ ਨੇ ਆਪਣੀ ਟਾਈਪ ਮਸ਼ੀਨ ਆਪਣੇ ਵੱਲ ਖਿਸਕਾਈ ਅਤੇ ਫਾਈਲ ਵੇਖ ਕੇ ਅਰਜ਼ੀ ਤਿਆਰ ਕਰਨ ਲੱਗਿਆ। ਉਸ ਦੀਆਂ ਉਂਗਲਾਂ ਮਸ਼ੀਨ ਉੱਤੇ ਨੱਚਦੀਆਂ ਰਹੀਆਂ ਅਤੇ ਆਪ ਰਣਬੀਰ ਨਾਲ ਗੱਲੀਂ ਰੁੱਝਿਆ ਰਿਹਾ। “ਜੇ ਕਲਰਕ ਪਾਤਸ਼ਾਹ ਦੇ ਅੜਾਟ ਨਾ ਪੈਂਦੇ ਫਿਰਨ ਤੇ ਸੋਡੇ ਪੈਰੀਂ ਨਾ ਡਿੱਗਿਆ ਤਾਂ ਸਲੂਜੇ ਦੀ ਮੂਤ ਨਾਲ ਦਾੜ੍ਹੀ ਮੁੰਨ ਦਿਓ।” ਸਲੂਜੇ ਨੇ ਆਪਣੀ ਸ਼ੇਵ ਕੀਤੀ ਠੋਡੀ ਉੱਤੇ ਹੱਥ ਫੇਰਦਿਆਂ ਮਰਦਾਂ ਵਾਲਾ ਵਚਨ ਦਿੱਤਾ। ਉਸ ਨੇ ਐੱਸ.ਡੀ.ਓ., ਡੀ.ਸੀ. ਅਤੇ ਮੁੱਖ ਮੰਤਰੀ ਦੇ ਨਾਂ ਚਿੱਠੀਆਂ ਤਿਆਰ ਕਰਕੇ ਆਪਣੇ ਢਿਚਕੂੰ ਢਿਚਕੂੰ ਕਰਦੇ ਮੇਜ਼ ਦੀ ਦਰਾਜ਼ ਵਿੱਚੋਂ ਟਿਕਟਾਂ ਕੱਢੀਆਂ ਅਤੇ ਥੁੱਕ ਲਾਉਂਦਿਆਂ ਰਣਬੀਰ ਨੂੰ ਚੁਟਕੀ ਮਾਰ ਕੇ ਕਿਹਾ, “ਲਓ ਜੀ ਸੋਡਾ ਕੰਮ ਖਤਮ, ਡਾਕਖਾਨੇ ਜਾਓ ਤੇ ਰਜਿਸਟਰੀਆਂ ਕਰਾ ਕੇ ਰਸੀਦਾਂ ਲੈ ਲਵੋ। ਕੰਮ ਫਤਹਿ ਸਮਝੋ।” ਕਹਿੰਦਿਆਂ ਸਲੂਜੇ ਨੇ ਖਰਚ ਦਾ ਹਿਸਾਬ-ਕਿਤਾਬ ਕਰਕੇ ਕੁਲ ਇੱਕ ਸੌ ਪੰਜ ਰੁਪਏ ਬਣਾਏ।
“ਉਤਲੇ ਪੰਜ ਵੀ ਛੱਡੋ ਜੀ ਪਰ੍ਹਾਂ, ਆਪਣਾ ਤਾਂ ਸਿੱਧਾ ਜੱਟਾਂ ਵਾਲਾ ਹਿਸਾਬ ਐ।” ਕਹਿ ਕੇ ਸਲੂਜੇ ਨੇ ਸੌ ਦਾ ਨੋਟ ਦਰਾਜ਼ ਵਿੱਚ ਸਿੱਟ ਲਿਆ ਅਤੇ ਕਿਸੇ ਪਹੁੰਚੇ ਫ਼ਕੀਰ ਵਾਂਗ ਹੱਥ ਚੱਕ ਕੇ ਅਸ਼ੀਰਵਾਦ ਦੇਣ ਦੇ ਅੰਦਾਜ਼ ਵਿੱਚ ਕਿਹਾ, “ਹਫ਼ਤਾ ਦਸ ਦਿਨ ਉਡੀਕੋ ਆਰਾਮ ਨਾਲ ਘਰ ਬਹਿ ਕੇ। ਜਵਾਬੀ ਚਿੱਠੀ ਮਿਲਦਿਆਂ ਹੀ ਠੂਹ ਵੱਜਣਾ ਏਥੇ।”
ਚਿੱਠੀਆਂ ਪਾ ਕੇ ਪਿੰਡ ਵਾਲੀ ਬੱਸ ਚੜ੍ਹੇ ਰਣਬੀਰ ਨੂੰ ਆਪਣਾ ਆਪਾ ਹੌਲਾ-ਫੁੱਲ ਲੱਗਿਆ ਜਿਵੇਂ ਬਿਨਾਂ ਗੋਲੀ ਦਾਗਿਆਂ ਕੋਈ ਫੌਜੀ ਜੰਗ ਜਿੱਤ ਕੇ ਮੁੜ ਰਿਹਾ ਹੋਵੇ। ਨਹੀਂ, ਗੋਲੀਆਂ ਤਾਂ ਚਲਾਈਆਂ ਸਨ। ਸਲੂਜੇ ਦੀ ਟਾਈਪ-ਮਸ਼ੀਨ ਉਸ ਨੂੰ ਅਜਿਹੀ ਬੰਦੂਕ ਹੀ ਜਾਪੀ ਜਿਸ ਵਿੱਚੋਂ ਕਾਗਜ਼ਾਂ ਦੀਆਂ ਗੋਲੀਆਂ ਚਲਦੀਆਂ ਸਨ। ‘ਜੇ ਦੁਸ਼ਮਣ ਗੁੜ ਦਿੱਤਿਆਂ ਮਰੇ ਤਾਂ ਫਿਰ ਜ਼ਹਿਰ ਦੇਣ ਦੀ ਕੀ ਲੋੜ?’ ਇਹ ਸੋਚਦਿਆਂ ਮੂਲੋਂ ਹੀ ਬਦਲ ਚੁੱਕੇ ਰਣਬੀਰ ਨੇ ਆਪਣੇ ਕੁੜਤੇ ਦੇ ਲੰਗਾਰ ਨੂੰ ਬਸਕੂਏ ਨਾਲ ਵਕਤੀ ਤੌਰ ’ਤੇ ਸਿਉਂ ਲਿਆ।
“ਉਏ ਚੱਲ ਬਈ ਕਿ ਬੈਂਡ-ਵਾਜੇ ਵਾਲੇ ਉਡੀਕਦੈਂ?” ਬੱਸੋਂ ਆਪਣੀ ਮੌਜ ਵਿੱਚ ਅਰਾਮ ਨਾਲ ਉੱਤਰ ਰਹੇ ਰਣਬੀਰ ਨੂੰ ਕੰਡਕਟਰ ਨੇ ਪਿੱਛੋਂ ਧੱਫਾ ਮਾਰਿਆ ਤਾਂ ਉਹ ਪਾਉੜੀਆਂ ਵਿੱਚ ਡਿਗਦਾ ਡਿਗਦਾ ਮਸਾਂ ਹੀ ਬਚਿਆ। ਰਣਬੀਰ ਕੌੜ ਕੇ ਉਸ ਵੱਲ ਝਾਕਿਆ ਜਿਵੇਂ ਹੁਣੇ ਗਲਮਿਉਂ ਫੜ ਕੇ ਹੇਠਾਂ ਖਿੱਚਣ ਨੂੰ ਤਿਆਰ ਹੋਵੇ। ਪਰ ਸਲੂਜੇ ਦੀ ਮੱਤ “ਵੇਲਾ ਕਾਗਜ਼ੀ ਕਾਰਵਾਈ ਦਾ ਐ” ਉਸ ਦੇ ਦਿਮਾਗ਼ ਵਿੱਚੋਂ ਲੰਘ ਗਈ। ਉਹ ਅੰਦਰੋ ਅੰਦਰੀ ਸਿਰਫ ਇੰਨਾ ਕਹਿ ਕੇ ਅੱਗੇ ਤੁਰ ਪਿਆ, “ਕੋਈ ਨੀ ਬੱਚੂ ਤੇਰੇ ਖਿਲਾਫ਼ ਵੀ ਸਿਟਦੇ ਆਂ ਅਰਜ਼ੀ ਕਿਸੇ ਦਿਨ, ਜਿਹੜਾ ਤੂੰ ਅੱਧੀ ਬੱਸ ਦੀਆਂ ਟਿਕਟਾਂ ਛਕ ਕੇ ਵੀ ਡਕਾਰ ਨੀ ਮਾਰਦਾ।”
ਘਰ ਦੀ ਦੇਹਲੀ ਲੰਘਦੇ ਰਣਬੀਰ ਦੇ ਲੰਗਾਰ ਹੋਏ ਕੁੜਤੇ ਨੂੰ ਵੇਖ ਕੇ ਬਚਿੰਤ ਕੌਰ ਨੂੰ ਚਿੰਤਾ ਹੋਈ ਪਰ ਨਾਲ ਹੀ ਉਸ ਦਾ ਹੱਸਦਾ-ਟਹਿਕਦਾ ਚਿਹਰਾ ਵੇਖ ਕੇ ਉਹ ਹੈਰਾਨ ਹੋ ਗਈ। ਆਪਣੇ ਵਿਆਹ ਤੋਂ ਬਾਅਦ ਅਜਿਹਾ ਖਿੜਿਆ ਰਣਬੀਰ ਤਾਂ ਉਸ ਨੇ ਅੱਜ ਪਹਿਲੀ ਵਾਰੀ ਵੇਖਿਆ ਸੀ। ਨਹੀਂ ਤਾਂ ਰਣਬੀਰ ਬਾਹਰੋਂ ਸਾਗ ਦੀ ਤੌੜੀ ਵਾਂਗੂੰ ਰਿੱਝਦਾ ਹੀ ਮੁੜਦਾ ਸੀ। ਉਸ ਦੇ ਮੱਥੇ ’ਤੇ ਤਰੇਲੀ ਹੁੰਦੀ, ਹੱਥ ਕੰਬਦੇ ਅਤੇ ਮੂੰਹ ਕੋਲਿਆਂ ਵਾਂਗ ਭਖਦਾ ਲਾਲ-ਰੱਤਾ। ਉਹ ਆਉਂਦਿਆਂ ਹੀ ਸਿਰ ਫੜ ਕੇ ਮੰਜੇ ਉੱਤੇ ਡਿੱਗ ਪੈਂਦਾ। ਬਚਿੰਤ ਕੌਰ ਨੂੰ ਚਾਹ ਦਾ ਗਿਲਾਸ ਫੜਾਉਂਦਿਆਂ ਵੀ ਭੈਅ ਆਉਂਦਾ ਕਿ ਕਿਤੇ ਮੋੜ ਕੇ ਮੱਥੇ ਵਿੱਚ ਨਾ ਮਾਰੇ। ਰਣਬੀਰ ਦੇ ਅਜਿਹੇ ਮਾਰਖੋਰੇ ਸੁਭਾਅ ਤੋਂ ਕਲਪਦੇ ਅਤੇ ਅੰਦਰੋ ਅੰਦਰੀ ਘੁਲਦੇ ਪ੍ਰਤਾਪ ਤੇ ਬਚਨੀ ਚੱਲ ਵਸੇ ਸਨ ਅਤੇ ਕਲਪਦੇ ਰਹਿਣ ਦੀ ਜ਼ਿੰਮੇਵਾਰੀ ਬਚਿੰਤ ਕੌਰ ਸਿਰ ਛੱਡ ਗਏ ਸਨ। ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਵਿਆਹ ਨਾਲ ਵੀ ਰਣਬੀਰ ਨੇ ਸਿੱਧੇ ਰਾਹ ਨਹੀਂ ਪੈਣਾ ਤਾਂ ਸ਼ਾਇਦ ਉਹ ਬਿਗਾਨੀ ਧੀ ਨੂੰ ਸਹੇੜਦੇ ਹੀ ਨਾ ਪਰ ਸੀਤੀ ਦੀਆਂ ਗੱਲਾਂ ਨਾਲ ਭਰਮ ਗਏ ਸਨ। ਸੀਤੀ ਨੂੰ ਲੱਗਦਾ ਸੀ ਕਿ ਵਿਆਹ ਪਿੱਛੋਂ ਕਬੀਲਦਾਰੀ ਗੱਲ ਪੈਣ ਨਾਲ ਰਣਬੀਰ ਵਾਹੀ-ਖੇਤੀ ਵੱਲ ਆ ਜਾਵੇਗਾ। ਪਰ ਅਜਿਹਾ ਕੁਝ ਨਹੀਂ ਸੀ ਵਾਪਰਿਆ ਤੇ ਉਹ ਜ਼ਮੀਨ ਠੇਕੇ ਉੱਤੇ ਹੀ ਦੇ ਛੱਡਦਾ ਸੀ।
ਬਚਿੰਤ ਕੌਰ ਨੇ ਸਾਰੀ ਗੱਲ ਪੁੱਛਣ ਦੀ ਕਾਹਲੀ ਨਾ ਕੀਤੀ। ਉਸ ਲਈ ਇੰਨਾ ਹੀ ਬਹੁਤ ਸੀ ਕਿ ਕਿਤੇ ਇਸ ਘਰ ਵਿੱਚ ਵੀ ਟਹਿਕ ਨੇ ਚਰਨ ਪਾਏ ਹਨ। ਉਸ ਨੇ ਸਕੂਲ ਦਾ ਕੰਮ ਨਿਬੇੜ ਰਹੇ ਨਿਆਣਿਆਂ ਨੂੰ ਆਵਾਜ਼ ਮਾਰ ਕੇ ਰਣਬੀਰ ਦੁਆਰਾ ਲਿਆਂਦੇ ਕੇਲੇ ਵੰਡੇ। ਉਸ ਨੇ ਮੂੰਗੀ-ਮਸਰੀ ਦੀ ਦਾਲ ਬਣਾਉਣ ਲਈ ਰੱਖੇ ਪਤੀਲੇ ਨੂੰ ਚੁੱਲ੍ਹੇ ਤੋਂ ਲਾਹ ਕੇ ਉੱਬਲਦੇ ਪਾਣੀ ਨੂੰ ਪਰੇ ਨਾਲੀ ਵਿੱਚ ਰੋੜ੍ਹ ਦਿੱਤਾ ਅਤੇ ਸ਼ਹਿਰੋਂ ਲਿਆਂਦੀਆਂ ਲਵੀਆਂ ਲਵੀਆਂ ਟਿੰਡੀਆਂ ਦੀ ਸਬਜ਼ੀ ਬਣਾਉਣ ਦੀ ਸੋਚੀ।
ਸ਼ਾਮ ਨੂੰ ਹਵਾ ਚੱਲ ਪੈਣ ਨਾਲ ਦਿਨ ਠਰ ਗਿਆ ਸੀ। ਨਹਾ ਕੇ ਵਿਹੜੇ ਵਿੱਚ ਡਾਹੇ ਮੰਜੇ ਉੱਤੇ ਪਏ ਰਣਬੀਰ ਦੇ ਰੁਖ ਵਿੱਚ ਨਰਮਾਈ ਆਈ ਭਾਂਪ ਕੇ ਦੀਪਾਂ, ਜੀਤਾਂ ਅਤੇ ਪ੍ਰੀਤੂ ਵੀ ਉਸ ਨਾਲ ਲਾਡ ਕਰਨ ਲੱਗ ਪਏ ਸਨ। ਬਚਿੰਤ ਕੌਰ ਨੂੰ ਇਹ ਵੇਖ ਕੇ ਸੁਖ ਦਾ ਸਾਹ ਆਇਆ। ਬੱਚਿਆਂ ਦੇ ਨਰਮ ਹੱਥਾਂ ਦੀ ਛੋਹ ਨਾਲ ਰਣਬੀਰ ਅੰਦਰ ਅਚਾਨਕ ਮੋਹ ਦਾ ਭਾਵ ਭਾਰੀ ਹੋ ਗਿਆ। ਦੀਪਾਂ ਅਤੇ ਜੀਤਾਂ ਦੇ ਵਾਲਾਂ ਵਿੱਚ ਉਂਗਲਾਂ ਫੇਰਦੇ ਥੱਕੇ ਰਣਬੀਰ ਨੂੰ ਪਤਾ ਹੀ ਨਾ ਲੱਗਿਆ ਕਦੋਂ ਨੀਂਦ ਦੀ ਝਪਕੀ ਆ ਗਈ ਸੀ। ਬਚਿੰਤ ਕੌਰ ਨੇ ਆ ਕੇ ਸੁੱਤੇ ਰਣਬੀਰ ਨੂੰ ਵੇਖਿਆ ਤਾਂ ਬੱਚਿਆਂ ਨੂੰ ਇਸ਼ਾਰੇ ਨਾਲ ਉਠਾ ਕੇ ਪਰ੍ਹੇ ਭੇਜ ਦਿੱਤਾ। ਉਹ ਚੰਦ ਦੀ ਲੋਅ ਵਿੱਚ ਰਣਬੀਰ ਦੇ ਸਭ ਫਿਕਰਾਂ ਤੋਂ ਦੂਰ ਅਤੇ ਭਾਰ-ਮੁਕਤ ਚਿਹਰੇ ਨੂੰ ਕਿੰਨਾ ਚਿਰ ਨਿਹਾਰਦੀ ਰਹੀ।
“... ਨਾ ਬਾਈ ਨਾ, ਉੱਤੇ ਹੋਰ ਭਾਰ ਨਾ ਪਾਓ ਹੁਣ, ਪਾਸੀਂ ਲਾ ਦਿਓ ਬਾਕੀ ਦੀਆਂ ਭਾਰੀਆਂ ਮੁੱਢੀਆਂ।” ਚਿਖਾ ਦੀਆਂ ਲੱਕੜਾਂ ਚਿਣ ਰਹੇ ਲੋਕਾਂ ਨੂੰ ਕਰਮ ਸਿੰਘ ਨੇ ਸਮਝਾਇਆ। ਫੁੱਲੀਆਂ ਲਾਸ਼ਾਂ ਉੱਤੇ ਭਾਰ ਵਧਣ ਨਾਲ ਸ਼ਾਇਦ ਕੋਈ ਦੇਹ ਫਟ ਗਈ ਸੀ। ਹਰੇ ਅਤੇ ਪੀਲੇ ਰੰਗ ਦਾ ਗਾੜ੍ਹਾ ਮੁਆਦ ਨਿਕਲ ਕੇ ਲੱਕੜਾਂ ਉੱਤੋਂ ਦੀ ਵਗਣ ਲੱਗ ਪਿਆ ਸੀ। ਬਦਬੋ ਦੇ ਤਿੱਖੇ ਭੰਬੂਕੇ ਨਾਲ ਸਭ ਦੇ ਨੱਕ ਵਿੱਚ ਜਲੂਣ ਜਿਹੀ ਛਿੜ ਪਈ ਅਤੇ ਮਨ ਮਤਲਾਉਣ ਲੱਗ ਪਿਆ।
“ਐਨਾ ਚਿਰ ਜ਼ਹਿਰ ਵਾਲੀ ਲਾਸ਼ ਕਿੱਥੇ ਕੱਟਦੀ ਐ, ਸਮਾਂ ਵੀ ਪੁੱਜ ਕੇ ਜ਼ਿਆਦਾ ਹੋ ਗਿਆ।” ਲੱਕੜਾਂ ਚਿਣਵਾ ਰਹੇ ਸੱਜਣ ਚੌਕੀਦਾਰ ਨੇ ਫੂਸ ਸਿੱਟ ਕੇ ਮੁਆਦ ਢਕ ਦਿੱਤਾ।
... ਕੁਝ ਦਿਨ ਤਾਂ ਗੱਲ ਢਕੀ ਰਹੀ ਪਰ ਜਵਾਬੀ ਚਿੱਠੀਆਂ ਲਈ ਸਲੂਜੇ ਵੱਲੋਂ ਦੱਸੇ ਵਕਤ ਤੋਂ ਜ਼ਿਆਦਾ ਸਮਾਂ ਲੰਘਣ ਨਾਲ ਰਣਬੀਰ ਫੇਰ ਬੇਚੈਨ ਰਹਿਣ ਲੱਗ ਪਿਆ। ਉਹ ਗਲੀ’ ਵਿੱਚੋਂ ਲੰਘਦੇ ਡਾਕੀਏ ਮਦਨ ਨੂੰ ਰੋਕ ਕੇ ਪੁੱਛਦਾ, “ਪੰਡਤਾ ਸਾਡੀ ਵੀ ਐ ਕੋਈ?”
“ਨਾ ਬਈ, ਐਧਰਲੇ ਅਗਵਾੜ’ ਵਿੱਚੋਂ ਤਾਂ ਅੱਜ ’ਕੱਲਾ ਫੌਜੀਆਂ ਦਾ ਮਨੀਆਡਰ ਸੀ ਬੱਸ। ਕਿਵੇਂ ਕੋਈ ਪਾਰਸਲ-ਪੂਰਸਲ ਆਉਣਾ ਸੀ ਸੋਡਾ ਵੀ?” ਮਦਨ ਨੇ ਖਚਰੀ ਤੱਕਣੀ ਨਾਲ ਇਉਂ ਵੇਖਿਆ ਜਿਵੇਂ ਕਹਿ ਰਿਹਾ ਹੋਵੇ, “ਚਿੱਠੀ ਤਾਂ ਤੇਰੇ ਪਿਓ-ਦਾਦੇ ਦੀ ਨੀ ਆਉਂਦੀ ਸੁਣੀ-ਵੇਖੀ ਕਦੇ, ਤੈਨੂੰ ਕਿਹੜੀ ਚੀਨ ਦੀ ਨੌਕਰੀ ਲਈ ਪੈਨਸ਼ਨ ਆਉਣੀ ਐਂ।”
ਰਣਬੀਰ ਉਸ ਦੀ ਰਮਜ਼ ਤਾਂ ਭਾਂਪ ਗਿਆ ਪਰ ਬੋਲਣ ਦੀ ਥਾਂ ਮਨੋ-ਮਨੀ ਕਿਹਾ, ‘ਫੋਸ ਨਾਸਿਆ ਜਿਹਾ ਬਾਹਮਣਾ, ਤੇਰਾ ਵੀ ਕਰਨਾ ਪਉੂ ਇਲਾਜ ਸਲੂਜੇ ਨੂੰ ਕਹਿ ਕੇ।’
ਦੁਖੀ ਮਨ ਨਾਲ ਰਣਬੀਰ ਮੰਜਾ ਡੇਕ ਥੱਲੇ ਖਿੱਚ ਕੇ ਪੈ ਗਿਆ। ਅਜੇ ਅੱਖ ਲੱਗੀ ਹੀ ਸੀ ਕਿ ਜੀਪ ਦਾ ਕੰਨ ਪਾੜਵਾਂ ਹਾਰਨ ਸੁਣਿਆਂ। ਬਿਲਕੁਲ ਸਰਾਹਣੇ ਕੋਲੇ ਆ ਖੜ੍ਹੀ ਸਰਕਾਰੀ ਜੀਪ ਵਿੱਚੋਂ ਚਾਰ ਬੰਦੇ ਨਿਕਲੇ। ਰਣਬੀਰ ਨੇ ਸਿਰਫ਼ ਆਪਣੇ ਪਿੰਡ ਦੇ ਸਰਪੰਚ ਗੁਰਮੁਖ ਸਿੰਘ ਅਤੇ ਕਦੇ ਆੜ੍ਹਤੀਏ ਰਹੇ ਜਗਨ ਨਾਥ ਨੂੰ ਹੀ ਪਛਾਣਿਆ। ਉਨ੍ਹਾਂ ਦੇ ਪਿੱਛੇ ਇੱਕ ਚੰਗੀ ਭਾਰੀ ਗੋਗੜ ਵਾਲਾ ਰੋਹਬਦਾਰ ਅਫਸਰ ਜਾਪਦਾ ਸਰਦਾਰ ਅਤੇ ਇੱਕ ਘਸਿਆ ਜਿਹਾ ਬੰਦਾ ਸੀ ਜਿਸ ਨੇ ਅੱਧੋਰਾਣੀ ਪੈਂਟ-ਕਮੀਜ਼ ਪਾਈ ਹੋਈ ਸੀ। ਕਈ ਦਿਨਾਂ ਤੋਂ ਸ਼ੇਵ ਨਾ ਕੀਤੀ ਹੋਣ ਕਰਕੇ ਉਸ ਦਾ ਮੂੰਹ ਕੀੜੀਆਂ ਦਾ ਭੌਣ ਬਣਿਆ ਜਾਪਦਾ ਸੀ। ਰਣਬੀਰ ਨੇ ਧਿਆਨ ਨਾਲ ਪਛਾਣਿਆ ਤਾਂ ਉਹੀ ਵਾਟਰ ਸਪਲਾਈ ਵਿਭਾਗ ਵਾਲਾ ਕਲਰਕ ਨਿਕਲਿਆ।
“ਸਰਦਾਰ ਰਣਬੀਰ ਸਿੰਘ ਜੀ ਕੁਛ ਰਹਿਮ ਕਰੋ ਗਰੀਬ ’ਤੇ। ਵੇਖੋ ਸੋਡੀ ਅਰਜ਼ੀ ਨੇ ਕੀ ਬੁਰੀ ਹਾਲਤ ਕੀਤੀ ਪਈ ਐ ਵਿਚਾਰੇ ਦੀ। ਬਾਲ-ਬੱਚੇਦਾਰ ਐ, ਹੁਣ ਮਾਫ਼ੀ ਦਿਓ ਤੇ ਹੋਰ ਖਿੱਚ-ਧੂਹ ਨਾ ਕਰਾਓ।” ਜਗਨ ਨਾਥ ਨੇ ਕਲਰਕ ਨੂੰ ਧੌਣੋਂ ਫੜ ਕੇ ਰਣਬੀਰ ਦੇ ਪੈਰਾਂ ਵੱਲ ਕੀਤਾ। ਕਲਰਕ ਪੈਰਾਂ ’ਤੇ ਸਿਰ ਰੱਖ ਕੇ ਡੁਸਕਣ ਲੱਗ ਪਿਆ।
“ਆਹ ਵੇਖ ਲੈ ਭਾਈ ਐੱਸ.ਡੀ.ਓ. ਸਾਹਿਬ ਆਪ ਚੱਲ ਕੇ ਆਏ ਐ। ਤੂੰ ਹੁਕਮ ਕਰ ਟੂਟੀ ਲਾਉਣੀ ਕਿੱਥੇ ਐ? ਪਰ ਆਪਣੀ ਸ਼ਿਕਾਇਤ ਵਾਪਸ ਲੈ ਲਾ। ਉੱਤੋਂ ਮੁੱਖ ਮੰਤਰੀ ਸਾਹਿਬ ਇਨ੍ਹਾਂ ਦੀ ਹੱਬ-ਦੱਬ ਕਰਦੇ ਐ। ਭਰਾਵਾ ਹੁਣ ਸਾਡੀ ਸਾਰਿਆਂ ਦੀ ਇੱਜ਼ਤ ਤਾਂ ਤੇਰੇ ਹੱਥ ਐ, ਮਾਰ ਭਾਵੇਂ ਛੱਡ।” ਸਰਪੰਚ ਗੁਰਮੁਖ ਸਿੰਘ ਨੇ ਹੱਥ ਜੋੜ ਕੇ ਭੀਖ ਮੰਗਣ ਵਾਲਿਆਂ ਵਾਂਗ ਤਰਲਾ ਕੀਤਾ।
ਸਾਰਿਆਂ ਦੇ ਮੂੰਹ ਉੱਤਰੇ ਵੇਖ ਕੇ ਰਣਬੀਰ ਦੇ ਚਿਹਰੇ ਉੱਤੇ ਅਕਬਰੀ-ਮੁਸਕਾਨ ਫ਼ੈਲ ਗਈ। ਪਰ ਉਸ ਨੇ ਆਪਣੇ ਪਸੀਜ਼ ਗਏ ਮਨ ਨੂੰ ਕਰੜਾ ਕਰ ਕੇ ਕਿਹਾ, “ਚਲੋ ਰਸਤਾ ਰਗੜੋ ਆਪਣਾ ਹੁਣ, ਇਹ ਪਹਿਲਾਂ ਸੋਚਣਾ ਸੀ। ਮੈਂ ਤਾਂ ਹੁਣ ਘੀਸੀਆਂ ਕਰਾ ਕੇ ਈ ਹਟੂੰ। ਸਮਝੇ?” ਰਣਬੀਰ ਉਨ੍ਹਾਂ ਤੋਂ ਬਾਹਾਂ ਛੁਡਾ ਕੇ ਪਰ੍ਹੇ ਨੂੰ ਤੁਰਨ ਲੱਗਿਆ, “ਛੱਡੋ ...ਛੱਡੋ ...ਬੱਸ ਬਾਂਹ ਛੱਡੋ ਮੇਰੀ ...ਮੈਂ ...।”
“... ਕੀਹਦੇ ਨਾਲ ਲੜੀ ਜਾਂਦਾ ਹੈਂ ਸੁੱਤਾ ਪਿਆ ਵੀ?” ਬਚਿੰਤ ਕੌਰ ਰਣਬੀਰ ਦੀ ਬਾਂਹ ਫੜ ਕੇ ਜ਼ੋਰ ਦੀ ਹਲੂਣਦਿਆਂ ਬੋਲੀ, “ਆਹ ਚਿੱਠੀ ਫੜਾ ਕੇ ਗਿਆ ਹੈ ਡਾਕੀਆ।”
ਭਬੰਤਰ ਕੇ ਉੱਠ ਬੈਠੇ ਰਣਬੀਰ ਨੇ ਸਰਕਾਰੀ ਟਿਕਟਾਂ ਵਾਲੀ, ਪੰਜਾਬੀ ਵਿੱਚ ਲਿਖੀ ਚਿੱਠੀ ਦਾ ਅੱਖਰ ਅੱਖਰ ਧਿਆਨ ਨਾਲ ਪੜ੍ਹਿਆ। ਉਸ ਦੀ ਸ਼ਿਕਾਇਤ ਉੱਤੇ ਬੈਠਾਈ ਇਨਕੁਐਰੀ ਕਮੇਟੀ ਨੇ ਕਲਰਕ ਅਤੇ ਸਰਪੰਚ ਵੱਲੋਂ ਰਲ ਕੇ ਪੈਸੇ ਖਾਣ ਵਾਲੇ ਦੋਸ਼ਾਂ ਦੇ ਸਬੂਤ ਵਜੋਂ ਕੁਝ ਠੋਸ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਸੀ। ਚਿੱਠੀ ਪੜ੍ਹ ਕੇ ਰਣਬੀਰ ਦਾ ਚਿੱਤ ਖਿੜ ਗਿਆ। ਉਸ ਨੂੰ ਹੁਣੇ ਹੁਣੇ ਆਇਆ ਸੁਪਨਾ ਸੱਚ ਹੁੰਦਾ ਲੱਗਿਆ। ਅਗਲੇ ਦਿਨ ਹੀ ਉਹ ਚਿੱਠੀ ਸਲੂਜੇ ਕੋਲ ਲੈ ਗਿਆ। ਸਲੂਜੇ ਨੇ ਪੂਰੀ ਰੁਚੀ ਨਾਲ ਇੱਕ ਹੋਰ ਅਸ਼ਟਾਮ ਤਿਆਰ ਕੀਤਾ। ਵਾਟਰ ਸਪਲਾਈ ਵਿਭਾਗ ਦੇ ਦਫਤਰ ਵਿੱਚੋਂ ਇੱਕ ਕਲਰਕ ਗੰਢ ਕੇ ਉਨ੍ਹਾਂ ਫਾਈਲਾਂ ਦੀਆਂ ਨਕਲਾਂ ਪ੍ਰਾਪਤ ਕੀਤੀਆਂ ਜਿਹੜੀਆਂ “ਬੈਕ ਡੇਟ” ਵਿੱਚ ਦਰਜ ਕਰਕੇ ਕੁਨੈਕਸ਼ਨ ਦਿੱਤੇ ਗਏ ਸਨ। ਸਲੂਜਾ ਰਣਬੀਰ ਨੂੰ ਪਿੰਡੋਂ ਜੋ ਵੀ ਲਿਆਉਣ ਲਈ ਆਖਦਾ, ਉਹ ਝੱਟ ਹਾਜ਼ਰ ਜਾ ਕਰਦਾ। ਇਸ ਕੰਮ ਵਿੱਚ ਰਣਬੀਰ ਇੰਨਾ ਰੁੱਝ ਗਿਆ ਕਿ ਸਿਰ ਖੁਰਕਣ ਦੀ ਵਿਹਲ ਨਾ ਰਹੀ। ਵੰਨ-ਸੁਵੰਨੇ ਕਾਗਜ਼ ਸਾਂਭਣ ਲਈ ਰਣਬੀਰ ਨੇ ਕਈ ਜੇਬਾਂ ਵਾਲਾ ਰੈਕਸੀਨ ਦਾ ਥੈਲਾ ਲੈ ਲਿਆ। ਜਿਸ ਦਿਨ ਉਸ ਦਾ ਸ਼ਹਿਰ ਵੱਲੋਂ ਨਾਗਾ ਵੱਜ ਜਾਂਦਾ ਉਸ ਦਿਨ ਘਰੇ ਹੀ ਕਾਗਜ਼ਾਂ-ਪੱਤਰਾਂ ਨੂੰ ਤਰਤੀਬ ਵਿੱਚ ਲਾਉਂਦਿਆਂ ਕਾਨੂੰਨੀ ਲੜਾਈ ਦੇ ਜੰਗਲ ਵਿੱਚ ਭਟਕਦਿਆਂ ਵਕਤ ਲੰਘ ਜਾਂਦਾ।
ਪੂਰੇ ਹਫ਼ਤੇ ਪਿੱਛੋਂ ਜਦ ਫਾਈਲ ਤੋਰ ਕੇ ਸੁਰਖਰੂ ਹੋਇਆ ਰਣਬੀਰ ਅੱਡੇ ਵੱਲ ਤੁਰਨ ਲੱਗਿਆ ਤਾਂ ਸਲੂਜੇ ਨੇ ਮਲਵੀਂ ਜੀਭ ਨਾਲ ਫੀਸ ਦਾ ਵੇਰਵਾ ਪਾ ਦਿੱਤਾ।
“ਸਲੂਜਾ ਸਾਹਬ, ਆਹ ਫਾਈਲ ਬਣਾਉਣ ’ਤੇ ਈ ਵਾਹਵਾ ਖਰਚ ਜਿਹਾ ਆ ਗਿਆ, ਹੁਣ ਥੋਨੂੰ ਤਾਂ ਅਟਕ ਕੇ ਦੇਊਂਗਾ।” ਰਣਬੀਰ ਨੇ ਵਧੀ ਲਿਹਾਜ਼ ਦੇ ਮਾਣ ਨਾਲ ਕਿਹਾ।
“ਓਹੋ, ਸਰਦਾਰ ਜੀ ਸਲੂਜੇ ਦੇ ਹੁੰਦੇ ਤੁਸੀਂ ਐਹੋ ਜਿਹੀਆਂ ਕੱਚੀਆਂ ਗੱਲਾਂ ਕਿਉਂ ਕਰਨ ਲੱਗ ਪਏ। ਜੇ ਤੰਗੀ-ਫੰਗੀ ਐ ਤਾਂ ਆਪਾਂ ਲੋਨ ਕਰਵਾ ਲੈਨੇ ਆਂ। ਤੁਸੀਂ ਜਮ੍ਹਾਂਬੰਦੀ ਲਿਆਓ ਕੱਲ੍ਹ। ਜ਼ਮੀਨ ਪੱਧਰ ਦਾ ਕੇਸ ਕਰਵਾ ਦਿੰਦੇ ਆਂ।” ਚੁਟਕੀ ਮਾਰ ਕੇ ਸਲੂਜੇ ਨੇ ਨਵਾਂ ਰਾਹ ਖੋਲ੍ਹ ਦਿੱਤਾ।
“ਸਲੂਜਾ ਸਾਹਬ ਜ਼ਮੀਨ ਤਾਂ ਆਪਣੀ ਪਹਿਲਾਂ ਈ ਪੱਧਰ ਐ।” ਰਣਬੀਰ ਨੇ ਤੌਖ਼ਲਾ ਜ਼ਾਹਰ ਕੀਤਾ।
“ਓ ਭੋਲੇ ਪਾਤਸ਼ਾਹੋ ਜਦੋਂ ਸਲੂਜਾ ਵਿੱਚ ਐ ਤਾਂ ਜ਼ਮੀਨ ਮੋਇਆਂ ਨੇ ਜਾ ਕੇ ਵੇਖਣੀ ਐਂ? ਅਫਸਰਾਂ ਦਾ ਹਿੱਸਾ-ਪੱਤੀ ਖਰਾ ਤੇ ਆਪਣਾ ਲੋਨ ਪਾਸ। ਆਪਣੇ ਕੋਲ ਬੜੇ ਜਾਦੂ ਐ ਮੇਰੇ ਵੀਰ। ਆਪਾਂ ਤਾਂ ਦਿੱਲੀ ਦਾ ਲਾਲ ਕਿਲਾ ਤੇਰੇ ਨਾਂ ਕਰਵਾ ਦੀਏ ਵੱਡੇ ਭਾਈ।” ਸਲੂਜੇ ਨੇ ਪਲ ਵਿੱਚ ਰਣਬੀਰ ਦੇ ਸਭ ਦੁੱਖ ਨਵਿਰਤ ਕਰ ਦਿੱਤੇ।
ਹੁਣ ਰਣਬੀਰ ਲਈ ਸਲੂਜਾ ਤਾਂ ਜਿਵੇਂ ਅਲਾਦੀਨ ਦਾ ਚਿਰਾਗ ਸੀ। ਉਹ ਹੁਕਮ ਕਰਦਾ ਤੇ ਸਲੂਜਾ ਲੋਨ ਹਾਜ਼ਰ ਕਰ ਦਿੰਦਾ। ਦੋ ਸਾਲਾਂ ਵਿੱਚ ਹੀ ਰਣਬੀਰ ਦੇ ਵਾਰੇ-ਨਿਆਰੇ ਹੋ ਗਏ ਸਨ। ਉਸ ਨੇ ਤਿੰਨ ਕਮਰਿਆਂ ਵਾਲਾ ਪੱਕਾ ਮਕਾਨ ਬਿਲਕੁਲ ਫੌਜੀਆਂ ਦੇ ਘਰ ਦੇ ਨਕਸ਼ੇ ਅਨੁਸਾਰ ਬਣਾ ਲਿਆ ਸੀ। ਦੋ ਕਮਰਿਆਂ ਦੇ ਵਿਚਕਾਰ ਸਾਂਝਾ ਬਾਥਰੂਮ ਅਤੇ ਉਸ ਦੇ ਵਿੱਚੇ ਹੀ ਫਲੱਸ਼ ਸਿਸਟਮ। ਤੀਜੇ ਕਮਰੇ ਨਾਲ ਲਗਦੀ ਹਵਾਹਾਰੀ ਗੈਲਰੀ। ਕਮਰੇ ਦੀ ਓਟ ਵਿੱਚ ਰਸੋਈ ਅਤੇ ਚੌਂਕੇ ਨੂੰ ਕੰਧੋਲੀ ਦਾ ਓਹਲਾ। ਮਿਸਤਰੀ ਨੇ ਮੱਲੋਜ਼ੋਰੀ ਚਿਪਸ ਦੀਆਂ ਵਧੀਆਂ ਹੋਈਆਂ ਕੰਕਰਾਂ ਨਾਲ ਕੰਧੋਲੀ ਦੇ ਬਾਹਰਲੇ ਪਾਸੇ ਚੁੰਝ ਵਿੱਚ ਚੁੰਝ ਫਸਾ ਕੇ ਕਲੋਲ ਕਰਦੇ ਮੋਰ ਅਤੇ ਮੋਰਨੀ ਬਣਾ ਦਿੱਤੇ ਸਨ ਜਿਹੜੇ ਫਿਰਨੀ ’ਚੋਂ ਲੰਘਣ ਵਾਲਿਆਂ ਦਾ ਧਿਆਨ ਖਿੱਚ ਲੈਂਦੇ। ਨਵੇਂ ਘਰ ਦੇ ਅਨੁਸਾਰ ਹੀ ਸਲੂਜੇ ਨੇ ਆਪਣੀ ਜ਼ਾਮਨੀ ਦੇ ਕੇ ਫਰਿੱਜ਼, ਟੀ.ਵੀ. ਅਤੇ ਛੋਟਾ ਕੂਲਰ ਵੀ ਉਧਾਰ ਚੁਕਵਾ ਦਿੱਤੇ ਸਨ। ਘਰੇਲੂ ਸਾਂਝ ਵਧਣ ਅਤੇ ਧਰਮ ਦਾ ਭਰਾ ਬਣਨ ਤੋਂ ਬਾਅਦ ਤਾਂ ਸਲੂਜਾ ਅਨੇਕਾਂ ਫੈਸਲੇ ਆਪ ਹੀ ਕਰ ਲੈਂਦਾ ਅਤੇ ਧੱਕੇ ਨਾਲ ਮੰਨਵਾ ਵੀ ਲੈਂਦਾ। ਬੱਚਿਆਂ ਨੂੰ ਪਿੰਡ ਦੇ ਸਕੂਲ ਵਿੱਚੋਂ ਹਟਾ ਕੇ ਸ਼ਹਿਰ ਅੰਗਰੇਜ਼ੀ ਸਕੂਲ ਵਿੱਚ ਲਾਉਣ ਦਾ ਫੈਸਲਾ ਵੀ ਸਲੂਜੇ ਦਾ ਹੀ ਸੀ। ਰਣਬੀਰ ਨੇ ਪਹਿਲਾਂ ਨਾਂਹ-ਨੁੱਕਰ ਕੀਤੀ ਪਰ ਬਾਅਦ ਵਿੱਚ ਜਦ ਬੱਚਿਆਂ ਨੂੰ ਜੋਗਿੰਦਰ ਫੌਜੀ ਦੇ ਨਿਆਣਿਆਂ ਨਾਲ ਵੈਨ ਵਿੱਚ ਬੈਠ ਕੇ ਸਕੂਲ ਜਾਂਦੇ ਵੇਖਦਾ ਤਾਂ ਉਸ ਦਾ ਸੇਰ ਖ਼ੂਨ ਵਧ ਜਾਂਦਾ। ਪਰ ਬਚਿੰਤ ਕੌਰ ਦਾ ਕਲੇਸ਼ ਦੋ ਸੇਰ ਖ਼ੂਨ ਸੁਕਾ ਦਿੰਦਾ। ਹਰ ਨਵੇਂ ਫੈਸਲੇ ਸਮੇਂ ਉਹ ਜ਼ਰੂਰ ਵਿਰੋਧ ਕਰਦੀ।
“ਆਹ ਕੀ ਲੱਛਣ ਫੜ ਲੇ ਤੂੰ, ਐਂ ਤਾਂ ਅਹਿਲਕਾਰਾਂ ਦੇ ਪੁੱਤਾਂ ਦਾ ਪੂਰਾ ਨੀ ਪੈਂਦਾ। ਨਿੱਤ ਸ਼ਹਿਰ ਗਿਆ ਕੋਈ ਨਵੀਂ ਚੀਜ਼ ਚੱਕੀ ਆਉਨੈਂ, ਐਨੇ ਤਾਂ ਸਿਰ ’ਤੇ ਵਾਲ ਨੀ ਹੋਣੇ ਜਿੰਨੇ ਤੂੰ ਪੈਸੇ ਸਿਰ ਕਰਾਈ ਬੈਠੈਂ। ਦੱਸ ਐਂ ਕਿਵੇਂ ਨਿਰਬਾਹ ਹੋਉੂ ਆਪਣਾ?” ਬਚਿੰਤ ਕੌਰ ਖਿਝ-ਖਪ ਕੇ ਸਿਰ ਫੜ ਕੇ ਬੈਠ ਜਾਂਦੀ ਪਰ ਰਣਬੀਰ ਸਭ ਕੁਝ ਸੁਣਦਾ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦਾ ਰਹਿੰਦਾ। ਉਸ ਦੀ ਇਹ ਮੁਸਕਰਾਹਟ ਉਸ ਵੇਲੇ ਹੋਰ ਵੀ ਖਿੜ ਜਾਂਦੀ ਜਦੋਂ ਕਿਤੇ ਉਹ ਸ਼ਾਮ ਨੂੰ ਵਿਸਕੀ ਵਾਲੇ ਗਲਾਸ ਵਿੱਚ ਬਰਫ਼ ਦੇ ਪੀਸ ਪਾ ਕੇ ਚੁਸਕੀਆਂ ਭਰ ਰਿਹਾ ਹੁੰਦਾ ਤੇ ਬਰਫ਼ ਮੰਗਣ ਆਈ ਹਰ ਕੁਰ ਵਾਸਤਾ ਜਿਹਾ ਪਾਉਂਦੀ ਆਖਦੀ, “ਵੇ ਪੁੱਤ ਤੇਰੇ ਕਿੱਥੋਂ ਆ ਗਈ ਗਿੱਦੜਸਿੰਗੀ ਹੱਥ? ਸੁਖ ਨਾਲ ਘਰ ਦਾ ਮੂੰਹ ਮੱਥਾ ਈ ਬਦਲਤਾ। ਸਾਡੇ ਲੋਲ੍ਹਿਆਂ ਨੂੰ ਵੀ ਦੇ ਕੋਈ ਸਿੱਖ-ਮੱਤ, ਜੇ ਕਿਤੇ ਸਿੱਧੇ ਰਾਹ ਪੈ ਜਾਣ। ਸਾਰਾ ਦਿਨ ਖੇਤ ਖੱਲ ਪਟਾਉਂਦੇ ਮਛੀਓ-ਮਾਸ ਹੁੰਦੇ ਰਹਿੰਦੇ ਐ ਤੇ ਫੇਰ ਵੀ ਦਸਾਂ ਕਿੱਲਿਆਂ ਵਿੱਚੋਂ ਜੁਆਕ ਪਾਲਣੇ ਔਖੇ ਹੋਏ ਪਏ ਐ।”
ਹਰ ਕੁਰ ਦੇ ਇਸ ਕੁਵੇਲੇ ਦੇ ਰਾਗ ਤੋਂ ਬਚਣ ਲਈ ਰਣਬੀਰ ਚੁੱਪ ਚਾਪ ਅੰਦਰ ਆਪਣੀਆਂ “ਵੋਟਾਂ” ਕੋਲ ਜਾ ਬੈਠਦਾ। ਦੀਪਾਂ, ਜੀਤਾਂ ਤੇ ਪ੍ਰੀਤੂ ਨੂੰ ਉਹ ਵੋਟਾਂ ਹੀ ਆਖਦਾ ਸੀ। ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਘਰ ਵਿੱਚ ਆਉਣ ਦਾ ਬਚਿੰਤ ਕੌਰ ਵਿਰੋਧ ਕਰ ਰਹੀ ਹੁੰਦੀ ਤਾਂ ਬੱਚੇ ਰਣਬੀਰ ਪਿੱਛੇ ਹੀ ਆਪਣੀਆਂ ਵੋਟਾਂ ਪਾਉਂਦੇ। ਕੂਲਰ ਚਲਾਈ ਬੈਠੇ ਬੱਚੇ ਟਿਉੂਬ ਦੀ ਰੋਸ਼ਨੀ ਵਿੱਚ ਕਾਹਲੀ ਨਾਲ ‘ਹੋਮ ਵਰਕ’ ਮੁਕਾ ਰਹੇ ਸਨ ਕਿਉਂਕਿ ਟੀ.ਵੀ. ਵਿੱਚ ਸੀਰੀਅਲ ‘ਮੁੰਗੇਰੀ ਲਾਲ ਕੇ ਹੁਸੀਨ ਸੁਪਨੇ’ ਸ਼ੁਰੂ ਹੋਣ ਵਾਲਾ ਸੀ। ਬੱਚਿਆਂ ਨੇ ਉਸ ਦੀਆਂ ਹਸਾਉਣੀਆਂ ਗੱਲਾਂ ਦੱਸ ਦੱਸ ਕੇ ਰਣਬੀਰ ਨੂੰ ਵੀ ਚੇਟਕ ਲਾ ਦਿੱਤੀ ਸੀ।
ਰਣਬੀਰ ਕੁੜਤਾ ਲਾਹ ਕੇ ਕੂਲਰ ਦੇ ਐੱਨ ਸਾਹਮਣੇ ਬੈਠ ਗਿਆ। ਨਸ਼ੇ ਦੀ ਲੋਰ ਅਤੇ ਠੰਢੀ ਠਾਰ ਹਵਾ ਨਾਲ ਉਸ ਦੇ ਤਨ ਅਤੇ ਮਨ ਵਿੱਚ ਇੱਕ ਸੁਆਦ ਦੀ ਤਰੰਗ ਜਿਹੀ ਭਰਨ ਲੱਗੀ।
“ਪਾਪਾ ਤੁਸੀਂ ਤਾਂ ਸਾਰੀ ਹਵਾ ਰੋਕ-ਲੀ।” ਬੱਚੇ ਇੱਕੋ ਆਵਾਜ਼ ਵਿੱਚ ਕੂਕੇ।
“... ਓਟ ਨਾ ਬਣਾਓ ਬਈ ਹਵਾ ਪੈਣ ਦਿਓ ਸਿੱਧੀ। ਹਵਾ ਨਾਲ ਈ ਫੈਲੂ ਅੱਗ ਚਾਰੇ ਪਾਸੇ।” ਸੱਜਣ ਚੌਕੀਦਾਰ ਚਿਖਾ ਨੇੜਲੇ ਬੰਦਿਆਂ ਨੂੰ ਪਰ੍ਹੇ ਹਟਾਉਂਦਿਆਂ ਇੱਕ ਲੰਮੇ ਟੰਬੇ ਨਾਲ ਅੱਗ ਲਈ ਵਿਰਲਾਂ ਬਣਾ ਰਿਹਾ ਸੀ। ਫੂਸ ਦੀ ਅੱਗ ਇੱਕੋ ਵਾਰੀ ਭੜਕ ਕੇ ਮੱਧਮ ਪੈ ਗਈ ਸੀ ਪਰ ਅਜੇ ਮੋਟੀਆਂ ਲੱਕੜਾਂ ਨੂੰ ਅੱਗ ਪੈ ਨਹੀਂ ਸੀ ਰਹੀ। ਬੰਦਿਆਂ ਦੀ ਓਟ ਹਟਦਿਆਂ ਹੀ ਹਵਾ ਵਿਰਲਾਂ ਵਿੱਚ ਧੁੱਸ ਦੇ ਕੇ ਵੜ ਗਈ ਅਤੇ ਵਿਹੰਦਿਆਂ-ਵਿਹੰਦਿਆਂ ਹੀ ਲਾਸ਼ਾਂ ਤੱਕ ਪਹੁੰਚ ਗਈ। ਸੇਕ ਦੀ ਮਾਰ ਤੋਂ ਬਚਣ ਲਈ ਲੋਕ ਹੋਰ ਪਿਛਾਂਹ ਨੂੰ ਸਰਕਦੇ ਗਏ। ਬੱਸ ਇਕੱਲਾ ਸੱਜਣ ਹੀ ਹੱਥ ਵਿੱਚ ਟੰਬਾ ਘੁਮਾਉਂਦਾ ਚਿਖਾ ਦੁਆਲੇ ਇਉਂ ਭੱਜਦਾ ਰਿਹਾ ਜਿਵੇਂ ਅੱਗ ਨਾਲ ਖੇਡ ਰਿਹਾ ਹੋਵੇ। ਸੇਕ ਉਸ ਦੀ ਪੇਸ਼ ਨਹੀਂ ਸੀ ਜਾਣ ਦੇ ਰਿਹਾ।
... ਰਣਬੀਰ ਨੂੰ ਕਰਜ਼ੇ ਦਾ ਸੇਕ ਪਹਿਲੀ ਵਾਰੀ ਉਸ ਦਿਨ ਲੱਗਿਆ ਸੀ ਜਿਸ ਦਿਨ ਮਦਨ ਡਾਕੀਆ ਉਸ ਦੇ “ਡਿਫਾਲਟਰ” ਹੋਣ ਦੀ ਚਿੱਠੀ ਫੜਾ ਕੇ ਗਿਆ। ਅਗਲੇ ਦਿਨ ਉਹ ਸਲੂਜੇ ਕੋਲ ਗਿਆ ਤਾਂ ਉਸ ਨੇ ਚੁਟਕੀ ਜਿੰਨੇ ਸਮੇਂ ਵਿੱਚ ਮਸਲਾ ਹੱਲ ਕਰਦਿਆਂ ਕਿਹਾ, “ਯਾਰ ਘਬਰਾਉਨਾ ਕਿਹੜੀ ਗੱਲੋਂ ਐਂ, ਆਪਾਂ ਅਲਟਾ-ਪਲਟੀ ਕਰਵਾ ਦਿੰਨੇ ਆਂ।” ਸਲੂਜੇ ਨੇ ਸਰਦਾਰ ਜੀ ਦੀ ਥਾਂ ਯਾਰ ਕਹਿ ਕੇ ਰਣਬੀਰ ਨੂੰ ਹੋਰ ਨੇੜੇ ਕਰ ਲਿਆ।
“ਉਹ ਕਿਵੇਂ?” ਘਬਰਾਹਟ ਕਾਰਨ ਗੱਲ ਰਣਬੀਰ ਦੇ ਪਿੜ-ਪੱਲੇ ਨਾ ਪਈ।
“ਸਿੱਧੀ ਗੱਲ ਐ ਬਈ ਪਹਿਲੇ ਲੋਨ ਦੀਆਂ ਕਿਸ਼ਤਾਂ ਭਰਨ ਲਈ ਦੂਜਾ ਲੋਨ ਲੈ ਕੇ ਪਿਛਲਾ ਖਾਤਾ ਕਲੀਅਰ ਕਰਵਾ ਦਿੰਨੇ ਆਂ।” ਸਲੂਜੇ ਨੇ ਨਵੀਂ ਸਕੀਮ ਦੱਸੀ।
“ਪਰ ਆਪਾਂ ਤਾਂ ਪਤੰਦਰਾ ਪਹਿਲਾਂ ਈ ਪੰਜੇ ਕਿੱਲਿਆਂ ਦੇ ਨੰਬਰ ਦੇਈ ਬੈਠੇ ਆਂ।” ਰਣਬੀਰ ਨੇ ਥੈਲੇ ਵਿੱਚੋਂ ਜਮ੍ਹਾਂਬੰਦੀ ਕੱਢੀ ਜਿਸ ਵਿੱਚ ਹਰੇਕ ਕਿੱਲਾ ਨੰਬਰ ਉੱਤੇ ਲਾਲ ਗੋਲਾ ਵਾਹਿਆ ਹੋਇਆ ਸੀ।
“ਮਕਾਨ ਉਸਾਰੀ ਲਈ ਲੈ ਸਕਦੇ ਆਂ, ਤੂੰ ਘਰ ਦੀ ਮਾਲਕੀ ਦੇ ਕਾਗਜ਼ ਲਿਆ ਬੱਸ।” ਕਹਿ ਕੇ ਸਲੂਜੇ ਨੇ ਗੱਲ ਮੁਕਾ ਦਿੱਤੀ ਪਰ ਅਚਾਨਕ ਕੁਝ ਯਾਦ ਆਉਣ ਵਾਂਗ ਉਹ ਬੁੜ੍ਹਕ ਕੇ ਬੋਲਿਆ, “ਉਏ ਯਾਰ ਤੈਨੂੰ ਖੁਸ਼ਖਬਰੀ ਦੇਣੀ ਤਾਂ ਭੁੱਲ ਈ ਗਿਆ।”
“ਕੀ?” ਰਣਬੀਰ ਨੇ ਬੇਚੈਨੀ ਵਿੱਚ ਕਾਹਲੀ ਨਾਲ ਪੁੱਛਿਆ।
“ਵਾਟਰ ਸਪਲਾਈ ਵਾਲੇ ਕਲਰਕ ਜੀ ਮਹਾਰਾਜ ਸਸਪੈਂਡ!!, ਚਕਾ-ਤੀ ਛਾਲ।” ਸਲੂਜੇ ਨੇ ਖੁਸ਼ੀ ਵਿੱਚ ਰਣਬੀਰ ਦਾ ਗੁੱਟ ਫੜ ਕੇ ਇਉਂ ਉਤਾਂਹ ਚੁੱਕਿਆ ਜਿਵੇਂ ਰੈਫ਼ਰੀ ਰੈਸਲਿੰਗ ਦੇ ਜੇਤੂ ਪਹਿਲਵਾਨ ਦਾ ਐਲਾਨ ਕਰਨ ਲੱਗਿਆ ਹੋਵੇ। ਪਰ ਰਣਬੀਰ ਨੇ ਕੋਈ ਖਾਸ ਉਤਸ਼ਾਹ ਨਾ ਵਿਖਾਇਆ ਅਤੇ ਚੁੱਪ ਕਰਕੇ ਪਿੰਡ ਵਾਲੀ ਬੱਸ ਫੜਨ ਲਈ ਅੱਡੇ ਵੱਲ ਤੁਰ ਪਿਆ।
ਅਜੇ ਪੰਦਰਾਂ ਦਿਨ ਵੀ ਨਹੀਂ ਸਨ ਲੰਘੇ ਕਿ ਇੱਕ ਹੋਰ ਬੈਂਕ ਵੱਲੋਂ “ਡਿਫ਼ਾਲਟਰ” ਹੋਣ ਵਾਲਾ ਰੁੱਕਾ ਆ ਗਿਆ। ਤੇ ਫਿਰ ਅਜਿਹੇ ਰੁੱਕਿਆਂ ਦਾ ਤਾਂਤਾ ਹੀ ਬੱਝ ਗਿਆ।
“ਚੱਲ ਆਪਾਂ ਜਗਤਾਰ ਕੋਲ ਚੱਲ ਕੇ ਕਢਦੇ ਆਂ ਕੋਈ ਰਾਹ।” ਸਲੂਜੇ ਨੇ ਆਪਣੇ ਕੋਲ ਆਏ ਰਣਬੀਰ ਨੂੰ ਆਪਣੀ ਨਵੀਂ ਨਵੀਂ ਖਰੀਦੀ ਮਰੂਤੀ ਵਿੱਚ ਨਾਲ ਬਿਠਾ ਲਿਆ।
“ਇਹ ਜਗਤਾਰ ਕੌਣ ਐ?” ਰਣਬੀਰ ਨੇ ਹੈਰਾਨੀ ਨਾਲ ਪੁੱਛਿਆ।
“ਬੱਸ ਤੇਰੇ ਵਾਂਗੂੰ ਇਹ ਵੀ ਸਮਝ ਧਰਮ ਦਾ ਭਰਾ ਐ ਆਪਣਾ। ਥੇੜ੍ਹੀ ਵਾਲੇ ਸਰਦਾਰਾਂ ਦਾ ਮੁੰਡਾ ਐ। ਆਪਾਂ ਈ ਓਹਨੂੰ ਫਿਨਾਂਸ ਕੰਪਨੀ ਖੋਲ੍ਹ ਕੇ ਦਿੱਤੀ ਐ, ਨਵੀਂ ਨਵੀਂ। ਬੱਸ ਸਮਝ ਆਪਣੇ ਘਰ ਦੀ ਗੱਲ ਈ ਐ। ਹੁਣ ਜਿੰਨਾ ਮਰਜ਼ੀ ਲੋਨ ਚੱਕੀਏ। ਮੈਂ ਤਾਂ ਆਪ ਕੋਠੀ ਸ਼ੁਰੂ ਕਰਨ ਵਾਸਤੇ ਇਸੇ ਤੋਂ ਕੇਸ ਕਰਵਾ ਰਿਹੈਂ।” ਸਲੂਜੇ ਨੇ ਖੋਲ੍ਹ ਕੇ ਦੱਸਿਆ।
“ਏਹਦਾ ਕੀ ਹਿਸਾਬ-ਕਿਤਾਬ ਹੁੰਦਾ ਹੈ?” ਨਵੀਂ ਸਕੀਮ ਵਿੱਚ ਰਣਬੀਰ ਨੂੰ ਵੀ ਆਪਣੇ ਸਿਰ ਆ ਪਏ ਮਸਲੇ ਦਾ ਹੱਲ ਦਿਸਿਆ।
“ਘਰ ਦੇ ਬੰਦਿਆਂ ਨਾਲ ਕਾਹਦਾ ਹਿਸਾਬ-ਕਿਤਾਬ ਐ ਯਾਰ?, ਉਹਦੀ ਤਸੱਲੀ ਵਾਸਤੇ ਜ਼ਮੀਨ ਦੀ ਰਜਿਸਟਰੀ ਅਤੇ ਘਰ ਦਾ ਪਰਨੋਟ ਭਰ ਕੇ ਜਗਤਾਰ ਦੇ ਮੇਜ਼ ਦੀ ਦਰਾਜ ਵਿੱਚ ਰੱਖ ਦਿਆਂਗੇ ਤੇ ਆਪਣੀ ਗਰਜ ਸਾਰਾਂਗੇ। ਹੋਰ ਕੀ।” ਚੁਟਕੀ ਮਾਰ ਕੇ ਸਲੂਜੇ ਨੇ ਜਿਵੇਂ ਅਲਜ਼ਬਰੇ ਦਾ ਸਵਾਲ ਰਣਬੀਰ ਨੂੰ ਉਂਗਲਾਂ ਦੇ ਪੋਟਿਆਂ ’ਤੇ ਕੱਢ ਕੇ ਸਮਝਾ ਦਿੱਤਾ।
ਪੰਦਰਾਂ ਦਿਨਾਂ ਵਿੱਚ ਸਲੂਜੇ ਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਵਾ ਦਿੱਤੀ ਅਤੇ ਰਣਬੀਰ ਫਾਰਮਾਂ ਉੱਤੇ ਸਲੂਜੇ ਵੱਲੋਂ ਮਾਰੀ ਸਹੀ ਕੋਲ “ਘੁੱਗੀ ਮਾਰ ਦਿੰਦਾ” ਰਿਹਾ। ਇਉਂ ਘੁੱਗੀ ਮਾਰਨਾ ਹੁਣ ਉਸ ਨੂੰ ਬੇਚੈਨ ਨਹੀਂ ਸੀ ਕਰਦਾ। ਅਲਟਾ-ਪਲਟੀ ਦੇ ਧਨੀ ਸਲੂਜੇ ਨੇ ਆਪ ਭੱਜ-ਨੱਠ ਕਰਕੇ ਪਹਿਲਾਂ ਬੈਂਕਾਂ ਤੋਂ “ਕਲੀਅਰੈਂਸ ਸਲਿੱਪਾਂ” ਲੈ ਕੇ ਜ਼ਮੀਨ ਦੀਆਂ ਰਜਿਸਟਰੀਆਂ ਮੁੜਵਾਈਆਂ ਅਤੇ ਉਹ ਜਗਤਾਰ ਦੇ ਮੇਜ਼ ਦੀ ਦਰਾਜ਼ ਵਿੱਚ ਰਖਵਾ ਦਿੱਤੀਆਂ। ਕਾਗਜ਼ਾਂ ਅਨੁਸਾਰ ਹੁਣ ਜ਼ਮੀਨ ਜਗਤਾਰ ਦੀ ਸੀ ਅਤੇ ਰਣਬੀਰ ਨੂੰ ਠੇਕੇ ਉੱਤੇ ਦਿੱਤੀ ਹੋਈ ਸੀ। ਪਰ ਧਰਮ ਦੇ ਭਰਾ ਹੋਣ ਦੇ ਨਾਤੇ ਸਲੂਜੇ ਨੇ ਇਹ ਪੱਕਾ ਕਰਵਾ ਦਿੱਤਾ ਸੀ ਕਿ ਇਹ ਭੇਤ ਉਨ੍ਹਾਂ ਤਿੰਨਾਂ ਵਿੱਚ ਹੀ ਰਹੇਗਾ। ਪਿੰਡ ਨੂੰ ਤੁਰਨ ਲੱਗੇ ਰਣਬੀਰ ਦੇ ਮੋਢੇ ਉੱਤੇ ਹੱਥ ਰੱਖ ਕੇ ਸਲੂਜੇ ਨੇ ਕੁਝ ਭਰੇ ਮਨ ਨਾਲ ਕਿਹਾ, “ਭਰਾਵਾ ਕੁਛ ਚਿਰ ਆਪਾਂ ਨੂੰ ਹੱਥ ਘੁੱਟ ਕੇ ਰੇੜ੍ਹਾ ਰੇੜ੍ਹਨਾ ਪਉੂ ਹੁਣ। ਮੇਰੀ ਹਾਲਤ ਵੀ ਟੈਟ ਚੱਲ ਰਹੀ ਐ ਕੋਠੀ ਦਾ ਵੱਡਾ ਕੰਮ ਵਿੱਢਣ ਕਰਕੇ। ਜਗਤਾਰ ਵੀ ਕਹਿੰਦੈ ਬਈ ਇਸ ਤੋਂ ਪਿੱਛੋਂ ਹੋਰ ਗੁੰਜਾਇਸ਼ ਨੀ ਹੋਣੀ ਹੁਣ, ਅੱਛਾ? ਜ਼ਰਾ ਸੰਭਲ ਕੇ ਮੇਰਾ ਭਾਈ ...।” ਸਲੂਜੇ ਨੇ ਇਸ ਵਾਰ ਚੁਟਕੀ ਮਾਰਨ ਦੀ ਥਾਂ ਉਂਜ ਹੀ ਅੰਗੂਠਾ ਤੇ ਉਂਗਲ ਆਪਸ ਵਿੱਚ ਰਗੜੇ। ਰਣਬੀਰ ਅੱਗੋਂ ਕੁਝ ਨਾ ਬੋਲਿਆ ਅਤੇ ਬੱਸ ਅੱਡੇ ਵੱਲ ਤੁਰ ਪਿਆ। ਘਰ ਆ ਕੇ ਸਿੱਧਾ ਅੰਦਰ ਵੜ ਕੇ ਪੈ ਗਿਆ। ਬਚਿੰਤ ਕੌਰ ਭਾਂਪ ਤਾਂ ਗਈ ਕਿ ਕੋਈ ਗੱਲ ਹੈ ਪਰ ਪੁੱਛਣ ਦੀ ਕਾਹਲੀ ਨਾ ਕੀਤੀ। ਰਾਤ ਨੂੰ ਜਦੋਂ ਦੀਪਾਂ ਹੋਰੀਂ ਸੌਂ ਗਈਆਂ ਤਾਂ ਬਚਿੰਤ ਕੁਰ ਮਲਕੜੇ ਜਿਹੇ ਉੱਠ ਕੇ ਰਣਬੀਰ ਵਾਲੇ ਕਮਰੇ ਵਿੱਚ ਆ ਗਈ। ਉਸ ਨੇ ਸਵਿੱਚ ਦੱਬਿਆ, ਕਮਰਾ ਜ਼ੀਰੋ ਦੇ ਬਲਬ ਦੀ ਘਸਮੈਲੀ ਪੀਲੀ ਰੋਸ਼ਨੀ ਨਾਲ ਭਰ ਗਿਆ। ਰਣਬੀਰ ਇੱਕ ਟੱਕ ਛੱਤ ਵੱਲ ਵੇਖ ਰਿਹਾ ਸੀ।
“ਸੁੱਤਾ ਨੀ ਅਜੇ, ਅੱਧੀ ਰਾਤ ਹੋਣ ਵਾਲੀ ਐ?” ਰਣਬੀਰ ਦੇ ਨਾਲ ਆ ਪਈ ਬਚਿੰਤ ਕੌਰ ਨੇ ਧਰਵਾਸੇ ਭਰਿਆ ਹੱਥ ਉਸਦੇ ਮੱਥੇ ਉੱਤੇ ਫੇਰਿਆ। ਪੱਖਾ ਪੂਰਾ ਤੇਜ਼ ਚੱਲ ਰਿਹਾ ਹੋਣ ਦੇ ਬਾਵਜੂਦ ਮੱਥਾ ਪਸੀਨੇ ਨਾਲ ਤਰ ਸੀ।
“ਬੱਸ ਇੱਕ ਵਾਰੀ ਐਹੋ ਜੀ ਨੀਂਦ ਟੁੱਟੀ ਐ ਮੁੜ ਕੇ ਲੱਗੀ ਨੀ ਅੱਖ।” ਰਣਬੀਰ ਨੇ ਆਪਣੇ ਵੱਲੋਂ ਕੋਈ ਵਿਸ਼ੇਸ਼ ਗੱਲ ਨਾ ਹੋਣ ਦਾ ਪ੍ਰਭਾਵ ਦੇਣਾ ਚਾਹਿਆ।
“ਕੋਈ ਗੱਲ ਐ?” ਬਚਿੰਤ ਕੌਰ ਦਾ ਹੱਥ ਮੱਥੇ ਤੋਂ ਪਿੱਛੋਂ ਛਾਤੀ ਦੇ ਵਾਲਾਂ ਵਿੱਚ ਫਿਰਨ ਲੱਗ ਪਿਆ।
“ਨਹੀਂ, ਨਹੀਂ ਕੁਛ ਨਹੀਂ, ਊਂਅ ਈ ਸ਼ਹਿਰ ਦੀ ਖਚ-ਖਚ ਨਾਲ ਬੇਅਰਾਮੀ ਜਿਹੀ ਹੋਗੀ ਸੀ।” ਰਣਬੀਰ ਨੇ ਕੋਈ ਭਾਫ਼ ਨਾ ਕੱਢੀ ਅਤੇ ਗੱਲ ਖਤਮ ਕਰਨ ਲਈ ਬਚਿੰਤ ਕੌਰ ਦੇ ਬੁੱਲ੍ਹਾਂ ’ਤੇ ਬੁੱਲ੍ਹ ਰੱਖ ਦਿੱਤੇ। ਬਚਿੰਤ ਕੌਰ ਦੇ ਅੰਦਰ ਸੇਕ ਜਿਹਾ ਭਰਨ ਲੱਗਿਆ। ਉਸ ਨੇ ਗੁਆਚੇ ਜਿਹੇ ਜਾਪਦੇ ਰਣਬੀਰ ਨੂੰ ਖਿੱਚ ਕੇ ਆਪਣੇ ਉੱਪਰ ਕਰ ਲਿਆ। ਬਿਨਾਂ ਕੋਈ ਉਜ਼ਰ ਕੀਤੇ ਉਹ ਕਿੰਨਾ ਸਮਾਂ ਉਵੇਂ ਹੀ ਬੇਹਿੱਸ ਜਿਹਾ ਪਿਆ ਰਿਹਾ।
“ਹੈ-ਨੀ ਕਣ ਜਿਹਾ ਸਰੀਰ ਵਿੱਚ ਅੱਜ ਛੱਡ ਪਰ੍ਹੇ।” ਕਹਿੰਦਿਆਂ ਰਣਬੀਰ ਬਰਾਨੀ ਜ਼ਮੀਨ ਦੀ ਢਿੱਗ ਵਾਂਗੂੰ ਬਚਿੰਤ ਕੌਰ ਦੇ ਬਰਾਬਰ ਆ ਡਿੱਗਿਆ।
ਸਵੇਰੇ ਰਣਬੀਰ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਤੱਕ ਪਿਆ ਰਿਹਾ। ਬੂਹੇ ਵਿੱਚ ਖੜ੍ਹ ਕੇ ਬੱਚਿਆਂ ਨੂੰ ਵੈਨ ਵਿੱਚ ਚੜ੍ਹਦੇ ਵੇਖ ਰਹੀ ਬਚਿੰਤ ਕੌਰ ਇੱਕ ਮਾੜੀ ਖ਼ਬਰ ਸੁਣ ਆਈ। ਕਾਰਗਿਲ ਦੀ ਜੰਗ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਬੰਬ ਦੀ ਮਾਰ ਹੇਠ ਆ ਗਿਆ ਸੀ ਤੇ ਦੁਪਹਿਰ ਤੱਕ ਲਾਸ਼ ਪਿੰਡ ਪਹੁੰਚਣ ਵਾਲੀ ਸੀ। ਬਚਿੰਤ ਕੌਰ ਹੈਰਾਨ ਸੀ ਕਿ ਇਹ ਸੁਣ ਕੇ ਵੀ ਰਣਬੀਰ ਇਉਂ ਸਹਿਜ ਪਿਆ ਰਿਹਾ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਹੌਲੀ-ਹੌਲੀ ਉਹ ਉੱਠਿਆ ਅਤੇ ਚੁੱਪ-ਚਾਪ ਫੌਜੀਆਂ ਦੇ ਘਰ ਵੱਲ ਤੁਰ ਪਿਆ। ਬਚਿੰਤ ਕੌਰ ਦੀਆਂ ਪੁੱਛਾਂ ਤੋਂ ਕੁਝ ਚਿਰ ਬਚਾਉਣ ਵਾਸਤੇ ਜਿਵੇਂ ਕੁਦਰਤ ਨੇ ਨਵਾਂ ਸਬੱਬ ਪੈਦਾ ਕਰ ਦਿੱਤਾ ਸੀ।
ਫੌਜੀ-ਟਰੱਕ ਵਿੱਚੋਂ ਉਤਾਰੇ ਬਕਸੇ ਵਿੱਚ ਕਹਿੰਦੇ ਸੂਬੇਦਾਰ ਦੀ ਮ੍ਰਿਤਕ ਦੇਹ ਸੀ ਪਰ ਜਦੋਂ ਖੋਲ੍ਹਿਆ ਤਾਂ ਵਿੱਚੋਂ ਤਰੰਗੇ ਝੰਡੇ ਵਿੱਚ ਬੰਨ੍ਹੀ ਬੋਟੀਆਂ ਦੀ ਢੇਰੀ ਹੀ ਨਿਕਲੀ। ਸਿਰਫ ਧੁਆਂਖੀ ਵਰਦੀ ਦੀ ਜੇਬ ਉੱਤੇ ਲਟਕਦੇ ਬੈਜ ਨੇ ਹੀ ਦੱਸਿਆ ਸੀ ਕਿ ਇਹ ਲੋਥੜੇ ਹੀ ਸੂਬੇਦਾਰ ਜੋਗਿੰਦਰ ਸਿੰਘ ਹਨ। ਮੂੰਹ ਦਾ ਜਿਹੜਾ ਚੱਪਾ ਕੁ ਥਾਂ ਬਚਿਆ ਸੀ ਉਸ ਉੱਤੇ ਝੁਲਸੀ ਦਾਹੜੀ ਅਤੇ ਲੂਹੇ ਮਾਸ ਵਿਚਕਾਰ ਇੱਕ ਅਧਖੁੱਲ੍ਹੀ ਅੱਖ ਇਉਂ ਪਥਰਾਈ ਪਈ ਸੀ ਜਿਵੇਂ ਪਿੰਡ ਨੂੰ ਆਖਰੀ ਵਾਰ ਵੇਖਣ ਦੀ ਤਾਂਘ ਨਾਲ ਬੰਦ ਹੋਣ ਤੋਂ ਇਨਕਾਰੀ ਹੋ ਗਈ ਹੋਵੇ। ਜੰਗ ਦੇ ਇਸ ਕਰੂਪ ਚਿਹਰੇ ਨੂੰ ਵੇਖ ਕੇ ਰਣਬੀਰ ਦੇ ਅੰਦਰੋਂ ਸੁਭਾਵਕ ਹੀ ਇਹ ਖ਼ਿਆਲ ਲੰਘ ਗਿਆ, ‘ਜੇ ਮੈਂ ਵੀ ਉਦੋਂ ਭਰਤੀ ਹੋ ਜਾਂਦਾ?’ ਉਸ ਨੂੰ ਬਕਸੇ ਵਿੱਚ ਪਏ ਚੀਥੜੇ ਆਪਣੀ ਦੇਹ ਦੇ ਜਾਪੇ। ਮੌਤ ਦੇ ਮੂੰਹ ’ਚੋਂ ਬਚ ਜਾਣ ਦੀ ਭਾਵਨਾ ਨੇ ਉਸ ਅੰਦਰ ਪਲ ਕੁ ਲਈ ਹੁਲਾਸ ਭਰ ਦਿੱਤਾ।
ਪਰ ਰਣਬੀਰ ਦਾ ਇਹ ਹੁਲਾਸ ਜੋਗਿੰਦਰ ਦੇ ਸਸਕਾਰ ਅਤੇ ਭੋਗ ਸਮੇਂ ਪਛਤਾਵੇ ਵਿੱਚ ਬਦਲ ਗਿਆ। ਸਿਵਿਆਂ ਵਿੱਚ ਐੱਮ.ਐੱਲ.ਏ. ਢਿੱਲੋਂ ਤੋਂ ਇਲਾਵਾ ਡੀ.ਸੀ. ਅਤੇ ਹੋਰ ਅਫਸਰਾਂ ਦਾ ਤਾਂਤਾ ਬੱਝ ਗਿਆ ਸੀ। ਕਰਨਲ ਸੰਧੂ ਨੇ ‘ਚੀਫ ਆਫ ਦਾ ਆਰਮੀ ਸਟਾਫ’ ਵੱਲੋਂ ਸੂਬੇਦਾਰ ਲਈ ‘ਰੀਥ ਸੈਰੇਮਨੀ’ ਨਿਭਾਈ ਸੀ। ਫੌਜੀ ਬੈਂਡ ਦੀ ਸੋਗੀ ਧੁਨ ਨੇ ਭਾਰਤ ਮਾਂ ਦੇ ਬਹਾਦਰ ਸਪੂਤ ਨੂੰ ਆਖਰੀ ਵਿਦਾਇਗੀ ਦਿੱਤੀ। ਜਵਾਨਾਂ ਨੇ ਪੁੱਠੀਆਂ ਬੰਦੂਕਾਂ ਕਰਕੇ ਸ਼ਹੀਦ ਨੂੰ ਸਲਾਮੀ ਪੇਸ਼ ਕੀਤੀ। ਅੱਗ ਦੀ ਛੋਹ ਨਾਲ ਚਿਖਾ ਵਿੱਚ ਰੱਖੀ ਚੰਦਨ ਦੀ ਲੱਕੜ ਦੀ ਮਹਿਕ ਚੁਫੇਰੇ ਫੈਲ ਗਈ ਸੀ ਅਤੇ ਚਿਖਾ ਦੀਆਂ ਉਤਾਂਹ ਨੂੰ ਉੱਠਦੀਆਂ ਲਾਟਾਂ ਨਾਲ ਪਿੰਡ ਦੀ ਇੱਜ਼ਤ ਆਕਾਸ਼ ਤੱਕ ਬੁਲੰਦ ਹੋ ਗਈ ਜਾਪੀ ਸੀ। ਸੂਬੇਦਾਰ ਨੇ ਜਿਵੇਂ ਭਰਤੀ ਤੋਂ ਡਰਦੇ “ਵਾਹਣਾਂ ਰਾਹੀਂ ਭੱਜਣ ਵਾਲੇ” ਰਣਬੀਰ ਦੇ ਬਾਪੂ ਹੋਰਾਂ ਦੀ ਨਮੋਸ਼ੀ ਧੋ ਦਿੱਤੀ ਸੀ।
ਇੱਕ ਦੂਜੇ ਤੋਂ ਵਧ ਵਧ ਕੇ ਸ਼ਹੀਦ ਪਰਿਵਾਰ ਲਈ ਐਲਾਨੇ ਗਏ ਸ਼ਹੀਦੀ-ਫੰਡ ਦੇਣ ਦੀ ਰਸਮ ਤੋਂ ਬਾਅਦ ਜਦੋਂ ਸ਼ਰਧਾਂਜਲੀ ਦੇ ਸ਼ਬਦ ਬੋਲਦੇ ਫੌਜੀ ਅਫਸਰ ਨੇ ਕਿਹਾ ਸੀ, “ਕਾਰਗਿਲ ਦੇ ਉੱਚੇ ਤੇ ਬਰਫ਼ੀਲੇ ਪਹਾੜ। ਪਹਿਲਾਂ ਹੀ ਘਾਤ ਲਾ ਕੇ ਟੀਸੀ ’ਤੇ ਮੋਰਚੇ ਬਣਾਈ ਬੈਠੇ ਪਾਕਿਸਤਾਨੀ ਸੈਨਿਕ। ਫਿਰ ਵੀ ਭਾਰਤ ਦੀ ਝੋਲੀ ਵਿੱਚ ਜਿੱਤ ਪਾਉਣ ਵਾਲੇ ਇਹ ਸਾਡੇ ਸੂਰਬੀਰ। ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ। ਇਨ੍ਹਾਂ ਦੀ ਕੁਰਬਾਨੀ ਅੱਗੇ ਇਹ ਫੰਡ ਤਾਂ ਕੁਝ ਵੀ ਨਹੀਂ ...” ਤਾਂ ਸੁਣ ਕੇ ਰਣਬੀਰ ਦੇ ਮੱਥੇ ਵਿੱਚ ਭਰਤੀ ਤੋਂ ਖੁੰਝ ਜਾਣ ਦੀ ਚੀਸ ਇੱਕ ਵਾਰ ਫੇਰ ਉੱਠੀ ਸੀ। ਉਸ ਨੂੰ ਲੱਗਿਆ ਜਿਵੇਂ ਜੋਗਿੰਦਰ ਤਾਂ ਮਰ ਕੇ ਵੀ ਉਸ ਤੋਂ ਅਗਲੀ ਕਤਾਰ ਵਿੱਚ ਖੜ੍ਹਾ ਸੀ ਅਤੇ ਉਹ “ਰੁਪਈਏ ਦੇ ਪੰਸੇਰੀ ਅੱਧ-ਗਲੇ ਟਮਾਟਰਾਂ ਦੀ ਢੇਰੀ ਵਿਚ ...।”
ਘਰ ਵੱਲ ਆਉਂਦੇ ਰਣਬੀਰ ਦੀ ਬੇਚੈਨੀ ਹੋਰ ਵੀ ਵਧ ਗਈ। ਉਹ ਖੁਰਕ-ਖਾਧੇ ਕੁੱਤੇ ਵਾਂਗੂੰ ਅੰਦਰ ਹਨੇਰਾ ਕਰ ਕੇ ਪੈ ਗਿਆ। ਬਚਿੰਤ ਕੌਰ ਦੇ ਸਾਹਮਣੇ ਆਉਣ ਨਾਲ ਉਸ ਦਾ ਦਿਲ ਫੜਕ ਫੜਕ ਵੱਜਣ ਲੱਗ ਪੈਂਦਾ। ਅਖੀਰ ਉਸ ਦਾ ਡਰਦੇ ਦਾ ਡਰ ਮੂਹਰੇ ਆ ਗਿਆ। ਅੰਤ ਬਚਿੰਤ ਕੌਰ ਨੇ ਭੇਤ ਕੱਢ ਹੀ ਲਿਆ। ਪਤਾ ਲਗਦਿਆਂ ਹੀ ਉਸ ਨੇ ਰਣਬੀਰ ਨੂੰ ਆ ਘੇਰਿਆ, “ਸ਼ਾਬਾਸ਼ੇ ... ਸ਼ਾਬਾਸ਼ੇ, ਮੈਂਨੂੰ ਲੱਗ ਗਿਆ ਪਤਾ ਤੇਰੀ ਭੱਦਰਕਾਰੀ ਦਾ। ਮੈਂ ਵੀ ਸੋਚਾਂ ਇਹ ਚੰਗਾ ਭਲਾ ਇਉਂ ਗੁੰਝਲੀ ਮਾਰ ਕੇ ਕਿਉਂ ਪਿਆ ਰਹਿੰਦੈ? ਮੈਂਨੂੰ ਕੀ ਪਤਾ ਸੀ ਬਈ ਆਪਣੀ ਕਰਤੂਤ ਤੋਂ ਲੁਕਦਾ ਫਿਰਦੈ ਕੰਜਰ। ਚੌਰਿਆ ਬੱਸ ਅਸੀਂ ਰਹਿ-ਗੀਆਂ ਹੁਣ ਮਾਵਾਂ-ਧੀਆਂ। ਸਾਨੂੰ ਵੀ ਧਰਦੇ ਗਹਿਣੇ ਸਲੂਜੇ ਕੋਲ, ਜੇ ਤੇਰਾ ਬੱਬਰ ਭਰਜੇ ਕਿਤੇ। ਹੇ ਸੱਚੇ ਪਾਸ਼ਾਅ ਜੋਗਿੰਦਰ ਦੀ ਥਾਂ ਏਹਨੂੰ ਚੱਕ ਲੈਂਦਾ ਦੋਜਖ਼ ਜਾਣੇ ਨੂੰ। ਏਦੂੰ ਤਾਂ ਰੰਡ ਕੱਟਣਾ ਸੌਖਾ ਸੀ। ਲੋਕ ਤਾਂ ਮਰ ਕੇ ਵੀ ਜੁਆਕਾਂ ਲਈ ਤਜੌਰੀਆਂ ਭਰਗੇ ਤੇ ਇਸ ਨਪੁੱਤੇ ਦੇ ਨੇ ਨਿਆਣਿਆਂ ਦੇ ਮੂੰਹ ’ਚੋਂ ਚੋਗ ਖੋਹਣ ਲੱਗੇ ਨੇ ਵੀ ਸ਼ਰਮ ਨੀ ਕੀਤੀ। ਬਹਿ-ਜੇ ਬੇੜਾ ਰੱਬ ਕਰਕੇ ਏਹਦਾ ਔਂਤਰੇ ਦਾ।” ਬਚਿੰਤ ਕੌਰ ਗਾਲੀਂ ਉੱਤਰ ਆਈ। ਰਣਬੀਰ ਨੀਵੀਂ ਪਾਈ ਚੁੱਪ-ਚਾਪ ਸੁਣਦਾ ਰਿਹਾ ਤੇ ਫਿਰ ਇੰਨਾ ਹੀ ਕਿਹਾ, “ਨਿੱਤ ਵਰੰਟ ਤੇ ਵਰੰਟ ਤੁਰੇ ਆਉਂਦੇ ਸੀ, ਹੋਰ ਪੁਲਸ ਤੋਂ ਖਿੱਚਾਧੂਹੀ ਕਰਾਉਂਦਾ ਟੱਬਰ ਦੀ?”
“ਇਕ ਵਾਰੀ ਦੀ ਥਾਂ ਸੌ ਵਾਰੀ ਲੈ ਜਾਂਦੀ ਪੁਲਸ। ਇਸ ਕੁੱਤਖਾਨੇ ਨਾਲੋਂ ਤਾਂ ਹਵਾਲਾਟ ਚੰਗੀ ਸੀ। ਆਪੇ ਛੁਡਾਉਂਦਾ ਤੇਰਾ ਸਲੂਜਾ, ਜਿਸਦਾ ਸਾਰਾ ਦਿਨ ਨਾਂ ਜਪਦਾ ਨੀ ਸੀ ਥੱਕਦਾ, ਅਖੇ ਸਲੂਜਾ ਆਂਹਦੈ ਐਂ ਕਰੋ, ਸਲੂਜਾ ਆਂਹਦੈ ਔਂ ਕਰੋ। ਐਹੋ ਜੀ ਪੁੱਠੀ ਭੰਮਾਲੀ ਦਿੱਤੀ ਭੈਣ ਆਪਣੀ ਦੇ ਖਸਮ ਬੁੜੀ ਮੂੰਹੇਂ ਜੇ ਨੇ ਜਵਾਂ ਮੰਗਤੇ ਬਣਾ ਕੇ ਰੱਖਤੇ, ਮੰਗਤੇ ਨੀ ਤਾਂ ...।” ਬਚਿੰਤ ਕੌਰ ਫੇਰ ਭੜਕ ਉੱਠੀ, “ਲੈ ਰਣਬੀਰ ਬੰਦਿਆ ਤੂੰ ਜੇਹੜੀ ਸਾਡੇ ਨਾਲ ਕੀਤੀ ਐ ਨਾ, ਸੁਖ ਤੂੰ ਵੀ ਨੀ ਪਾਏਂਗਾ। ਅੱਜ ਤੋਂ ਮੈਂ ਤੇਰੇ ਵੰਨੀਓਂ ਮਰੀ ਤੇ ਤੂੰ ਮੇਰੇ ਵੰਨੀਓਂ।” ਬਚਿੰਤ ਕੌਰ ਨੇ ਦੁਰ-ਅਸੀਸਾਂ ਦਿੰਦਿਆਂ ਥੱਲਿਉਂ ਡੱਕਾ ਚੱਕ ਕੇ ਵਿਚਾਲਿਉਂ ਤੋੜਿਆ ਅਤੇ ਪਰ੍ਹੇ ਤੁਰ ਪਈ।
ਰਣਬੀਰ ਸਾਰੀ ਰਾਤ ਉਸਲਵੱਟੇ ਲੈਂਦਾ ਰਿਹਾ। “ਸਾਨੂੰ ਵੀ ਧਰਦੇ ਗਹਿਣੇ ਸਲੂਜੇ ਕੋਲ ...।” ਬੋਲ ਘੜੀ-ਮੁੜੀ ਉਸ ਦੇ ਦਿਮਾਗ’ ਵਿੱਚੋਂ ਲੰਘ ਜਾਂਦਾ। ਮੁਟਿਆਰਾਂ ਹੋਈਆਂ ਦੀਪਾਂ ਤੇ ਜੀਤਾਂ ਦੇ ਉੱਤਰੇ ਚਿਹਰੇ ਉਸ ਨੂੰ ਸਾਹਮਣੇ ਦਿਸਣ ਲਗਦੇ। ਉਨ੍ਹਾਂ ਦੀ ਚੜ੍ਹਦੀ ਉਮਰ ਨਾਲ ਅੱਖਾਂ’ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਖ਼ੁਮਾਰੀ ਉਸ ਨੂੰ ਡਰਾਉਣ ਲੱਗਦੀ। ਬਚਿੰਤ ਕੌਰ ਵੱਲੋਂ ਤੋੜ ਕੇ ਸਿੱਟਿਆ ਡੱਕਾ ਉਸ ਦੀ ਰੂਹ ਵਿੱਚ ਛੇਕ ਕਰਦਾ ਲੰਘ ਜਾਂਦਾ। ਉਸ ਨੇ ਜ਼ਮੀਨ ਦੇ ਫੈਸਲੇ ਬਾਰੇ ਜਗਤਾਰ ਹੋਰਾਂ ਨਾਲ ਇੱਕ ਵਾਰ ਫੇਰ ਗੱਲ ਕਰਨ ਦੀ ਸੋਚੀ ਪਰ ਨਾਲ ਹੀ ਸਲੂਜੇ ਦੇ ਬੋਲ ਸੁਣੇ, “ਹੋਰ ਗੁੰਜਾਇਸ਼ ਨੀ ਹੋਣੀ ...।”
ਸਵੇਰੇ ਉਹ ਪਹਿਲਾਂ ਵਾਂਗ ਹੀ ਸਵਾ ਦਸ ਵਾਲੀ ਬੱਸ ਲਈ ਤਿਆਰ ਹੋ ਗਿਆ। ਜਗਤਾਰ ਫਾਈਨਾਂਸ ਕੰਪਨੀ ਦੇ ਸਾਹਮਣੇ ਜਾਣ ਤੱਕ ਉਹ ਆਪਣੇ ਫੈਸਲੇ ਉੱਤੇ ਪੱਕਾ ਰਿਹਾ ਪਰ ਅੰਦਰ ਜਾਣ ਦੀ ਹਿੰਮਤ ਨਾ ਪਈ। ਉਸ ਨੇ ਸ਼ੀਸ਼ੇ ਵਿੱਚੋਂ ਵੇਖਿਆ ਜਗਤਾਰ ਅਤੇ ਸਲੂਜਾ ਆਪਣੇ ਮੂੰਹ-ਧਿਆਨ ਕਿਸੇ ਗੱਲਬਾਤ ਵਿੱਚ ਮਸਤ ਹੱਸ ਰਹੇ ਸਨ। ਰਣਬੀਰ ਅੱਗੇ ਤੁਰ ਪਿਆ। ਦੂਰ ਤੱਕ ਭੌਂ-ਭੌਂ ਕੇ ਦੁਕਾਨ ਵੱਲ ਵੇਖਦਾ ਰਿਹਾ ਤੇ ਠੇਡਾ ਖਾ ਕੇ ਡਿੱਗ ਪਿਆ। ਉਸ ਦੀ ਅੱਖ ਦੇ ਹੇਠਾਂ ਗੱਲ੍ਹ ਉਚੜਨ ਨਾਲ ਖ਼ੂਨ ਸਿੰਮ ਆਇਆ ਪਰ ਉਹ ਰੁਕਿਆ ਨਹੀਂ। ਦੀਪਾਂ ਹੋਰਾਂ ਦੇ ਸਕੂਲ ਅੱਗੋਂ ਲੰਘਦਾ ਉਹ ਬਾਜ਼ਾਰ ਪਾਰ ਕਰਕੇ ਰੇਲਵੇ-ਫਾਟਕ ਤੱਕ ਪਹੁੰਚ ਗਿਆ। ਸੱਟ ਅਜੇ ਵੀ ਚਸਕ ਰਹੀ ਸੀ। ਉਸ ਨੇ ਘੜੀ ਵੇਖੀ ਬਾਰਾਂ ਵਾਲੀ ਗੱਡੀ ਦਾ ਵਕਤ ਸੀ। ਉਹ ਫਾਟਕ ਦੇ ਡੰਡੇ ਹੇਠੋਂ ਲੰਘ ਕੇ ਲਾਈਨ ਵਾਲੇ ਪਾਸੇ ਜਾ ਖੜੋਤਾ। ਲਾਲ-ਮੂੰਹਾਂ ਇੰਜਨ ਗਾੜ੍ਹੇ ਧੂੰਏਂ ਦੇ ਲੂੰਬੇ ਕੱਢਦਾ ਜਿੰਨ ਵਾਂਗ ਫਾਟਕ ਵੱਲ ਵਧ ਰਿਹਾ ਸੀ। ਰਣਬੀਰ ਦੇ ਪੈਰਾਂ ਹੇਠ ਧਰਤੀ ਕੰਬੀ। ਕੜੱਚ ਕੜੱਚ ਦੀ ਕੰਨ ਪਾੜਵੀਂ ਆਵਾਜ਼ ਉਸਦੇ ਸਿਰ ਵਿੱਚ ਘਣ ਵਾਂਗ ਵੱਜੀ। ਇੰਜਨ, ਸਵਾਰੀਆਂ ਵਾਲੇ ਡੱਬੇ ਅਤੇ ਅਖੀਰ ਗਾਰਡ ਵਾਲਾ ਡੱਬਾ ਵੀ ਲੰਘ ਗਿਆ। ਦੀਪਾਂ-ਜੀਤਾਂ ਦੇ ਚਿਹਰੇ ਫਿਰ ਉਸ ਦੇ ਅੱਗੇ ਆ ਖੜੋਤੇ ਸਨ ਅਤੇ ਉਸ ਦੀਆਂ ਲੱਤਾਂ ਨੂੰ ਜੂੜ ਪੈ ਗਿਆ ਸੀ। ਫਾਟਕ ਖੁੱਲ੍ਹਿਆ ਤਾਂ ਹਾਰਨਾਂ ਨੇ ਅਸਮਾਨ ਸਿਰ ’ਤੇ ਚੁੱਕ ਲਿਆ। ਰਣਬੀਰ ਮਣ-ਮਣ ਦੇ ਜਾਪਦੇ ਪੈਰ ਘੜੀਸਦਾ ਸੜਕ ਦੇ ਵਿਚਕਾਰੋਂ ਹਿੱਲਿਆ। ਫੇਰ ਬਾਜ਼ਾਰ ਵੱਲ ਮੁੜ ਪਿਆ। ਚੌਂਕ ਨੇੜਲੇ ਠੇਕੇ ਤੋਂ ਅਧੀਆ ਫੜ ਕੇ ਨਾਲ ਦੇ ਅਹਾਤੇ ਵਿੱਚ ਵੜ ਗਿਆ। ਦੋ ਭਰਵੇਂ ਗਲਾਸ ਪੀਣ ਨਾਲ ਮਨ ਕੁਝ ਟਿਕਾਣੇ ਆਇਆ। ਉਸ ਨੇ ਅੰਦਰੋਂ ਅੰਦਰੀ ਇੱਕ ਹੋਰ ਸਕੀਮ ਸੋਚੀ। ਜਦੋਂ ਮਨ ਉਸ ’ਤੇ ਪੂਰੀ ਤਰ੍ਹਾਂ ਪੱਕਾ ਹੋ ਗਿਆ ਤਾਂ ਉਹ ਪੰਸਾਰੀ ਦੀ ਦੁਕਾਨ ਵੱਲ ਤੁਰ ਪਿਆ।
ਉਹ ਘਰ ਪਹੁੰਚਿਆ ਤਾਂ ਸੂਰਜ ਹਰ ਕੁਰ ਕੀ ਕਿੱਕਰ ਵਿੱਚੋਂ ਚੱਪਾ ਕੁ ਦਿਸਦਾ ਆਖਰੀ ਸਾਹਾਂ ’ਤੇ ਸੀ। ਰਣਬੀਰ ਨੇ ਵੇਖਿਆ ਬੱਚੇ ਟੀ.ਵੀ. ਅੱਗੇ ਬੈਠੇ ਕੋਈ ਫਿਲਮ ਵੇਖ ਰਹੇ ਸਨ। ਡਿਸ਼ੂੰ-ਡਿਸ਼ੂੰ ਦੀਆਂ ਆਵਾਜ਼ਾਂ ਦੂਰ ਤੱਕ ਸੁਣਦੀਆਂ ਸਨ। ਬਚਿੰਤ ਕੌਰ ਚੁੱਲ੍ਹੇ ਵਿੱਚ ਝੋਕਾ ਅਗਾਂਹ ਕਰ ਰਹੀ ਸੀ। ਰਣਬੀਰ ਸਿੱਧਾ ਖਾਲੀ ਕਮਰੇ ਵਿੱਚ ਜਾ ਬੈਠਾ। ਕੋਈ ਪਾਣੀ ਫੜਾਉਣ ਵੀ ਨਾ ਆਇਆ। ਸ਼ਾਇਦ ਉਸ ਦੀਆਂ “ਵੋਟਾਂ” ਵੀ ਬਦਲ ਗਈਆਂ ਸਨ। ਉਹ ਆਪ ਹੀ ਉੱਠਿਆ ਅਤੇ ਚੌਂਕੇ ਵਿੱਚ ਪਏ ਘੜੇ ਵਿੱਚੋਂ ਪਾਣੀ ਦੀ ਗੜਵੀ ਭਰਨ ਲੱਗ ਪਿਆ। ਉਸ ਨੂੰ ਵੇਖ ਕੇ ਕ੍ਰੋਧਿਤ ਬਚਿੰਤ ਕੌਰ ਜਾਣ ਕੇ ਪਾਸਾ ਵੱਟਦੀ ਵਿਹੜੇ ਵੱਲ ਤੁਰ ਗਈ। ਮੌਕਾ ਤਾੜ ਕੇ ਰਣਬੀਰ ਨੇ ਪੰਸਾਰੀ ਦੀ ਦੁਕਾਨ ਤੋਂ ਲਿਆਂਦੀ ਪੁੜੀ ਜੇਬ ਵਿੱਚੋਂ ਕੱਢੀ ਅਤੇ ਦਾਲ ਵਾਲੇ ਪਤੀਲੇ ਵਿੱਚ ਝਾੜ ਦਿੱਤੀ। ਮੋਟੀਆਂ ਲੱਕੜਾਂ ਦੀ ਅੱਗ ਨਾਲ ਪਤੀਲੇ ਵਿੱਚ ਭੁਚਾਲ ਆਇਆ ਪਿਆ ਸੀ। ਰਣਬੀਰ ਨੇ ਅੰਦਰ ਜਾ ਕੇ ਸ਼ਹਿਰੋਂ ਲਿਆਂਦੀ ਬੋਤਲ ਖੋਲ੍ਹੀ। ਇੱਕ ਭਰਵਾਂ ਪੈੱਗ ਡੀਕ ਲਾ ਕੇ ਪੀ ਲਿਆ ਤੇ ਉੱਪਰੋਥਲੀ ਇੱਕ ਹੋਰ ਅੰਦਰ ਸਿੱਟ ਲਿਆ। ਮਿੰਟਾਂ ਵਿੱਚ ਹੀ ਨਸ਼ਾ ਵਰੋਲੇ ਵਾਂਗੂੰ ਚੜ੍ਹ ਗਿਆ। ਉਸ ਦਾ ਮਨ ਕੀਤਾ ਬੱਚਿਆਂ ਨੂੰ ਬੋਲ ਮਾਰੇ। ਅੰਦਰ ਵੈਰਾਗ ਜਾਗਿਆ ਅਤੇ ਅੱਖਾਂ ਥਾਣੀ ਡੁੱਲ੍ਹ ਗਿਆ। ਰੋਟੀ ਵਾਲੀ ਥਾਲੀ ਚੁੱਕੀ ਆਉਂਦੀ ਦੀਪਾਂ ਨੂੰ ਵੇਖ ਕੇ ਉਸ ਨੇ ਅੱਖਾਂ ਪੂੰਝ ਲਈਆਂ ਅਤੇ ਦਿਲ ਤਕੜਾ ਕੀਤਾ। ਦੀਪਾਂ ਕਾਹਲੀ ਨਾਲ ਮੰਜੇ ਦੀ ਪੈਂਦ ਉੱਤੇ ਥਾਲੀ ਸਿੱਟਣ ਵਾਂਗ ਰੱਖ ਕੇ ਮੁੜ ਗਈ ਜਿਵੇਂ ਘਰ ਦਾ ਜੀਅ ਹੋਣ ਦੀ ਥਾਂ ਉਹ ਕੋਈ ਬਿਗਾਨਾ ਅਤੇ ਡਰਾਉਣਾ ਬੰਦਾ ਹੋਵੇ।
ਬੱਚੇ ਟੀ.ਵੀ. ਅੱਗੋਂ ਉੱਠ ਕੇ ਚੌਂਕੇ ਵਿੱਚ ਰੋਟੀ ਖਾਣ ਜਾ ਬੈਠੇ। ਬਚਿੰਤ ਕੌਰ ਨੇ ਪਹਿਲੀ ਬੁਰਕੀ ਤੋੜਦਿਆਂ ਜਿਵੇਂ ਜਾਣ ਕੇ ਰਣਬੀਰ ਨੂੰ ਸੁਣਾਉਣ ਲਈ ਹੀ ਉੱਚੀ ਦੇਣੇ ਕਿਹਾ, “ਹੁਣ ਇਹ ਰੁੱਖੀ-ਮਿੱਸੀ ਨਾ ਖੋਹੀਂ ਸੱਚੇ ਪਾਸ਼ਾਅ ...।”
“... ਸੱਚੇ ਪਾਸ਼ਾਅ ਜੀਓ ... ਆਪਣੇ ਸੇਵਕਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੀ ...।” ਗਿਆਨੀ ਜੀ ਨੇ ਅਰਦਾਸ ਦੇ ਸਮਾਪਤੀ-ਸ਼ਬਦ ਪੜ੍ਹੇ। ਵਾਹਿਗੁਰੂ ਵਾਹਿਗੁਰੂ ਉਚਾਰਦੇ ਸਭ ਨੇੜਲੇ ਨਲਕੇ ਤੋਂ ਹੱਥ ਸੁੱਚੇ ਕਰਨ ਦੀ ਰਸਮ ਵਿੱਚ ਰੁੱਝ ਗਏ। ਰਣਬੀਰ ਹੋਰਾਂ ਦੀ ਚਿਖਾ ਦੀ ਅੱਗ ਸਭ ਕੁਝ ਭਸਮ ਕਰਨ ਤੋਂ ਬਾਅਦ ਪੂਰੇ ਜੋਬਨ ਵਿੱਚ ਕਿਸੇ ਦੈਂਤ ਦੀ ਜੀਭ ਵਾਂਗ ਸੰਧੂਰੀ ਲਪਟਾਂ ਛਡਦੀ ਦਹਿਕ ਰਹੀ ਸੀ। ਕਪਾਲ-ਕਿਰਿਆ ਲਈ ਦੋ ਬੰਦਿਆਂ ਨੂੰ ਛੱਡ ਕੇ ਬਾਕੀ ਸਭ ਪਿੰਡ ਵੱਲ ਤੁਰ ਪਏ। ਸਿਰ ’ਤੇ ਆਇਆ ਹਾੜ੍ਹ ਦਾ ਸੂਰਜ ਅੱਗ ਵਰ੍ਹਾ ਰਿਹਾ ਸੀ ਅਤੇ ਉਸ ਤੋਂ ਵੀ ਵੱਧ ਇੱਕ ਸਾੜਵਾਂ ਭੈਅ ਸਿਆਣੇ ਬੰਦਿਆਂ ਦੇ ਮੱਥਿਆਂ ਅੰਦਰ ਸੁਲਘ ਰਿਹਾ ਸੀ ਕਿ ਪਿੰਡ ਉੱਤੇ ਆਈ ਕਰੋਪੀ ਦਾ ਅਗਲਾ ਵਾਰ ਕਿਸ ਘਰ ਉੱਤੇ ਹੋਵੇਗਾ? ਕਹੀ ਤਾਂ ਭਾਵੇਂ ਕਿਸੇ ਵੀ ਨਹੀਂ ਪਰ ਇਹ ਬਦਸ਼ਗਨੀ ਗੱਲ ਅੰਦਰ ਸਭ ਦੇ ਹੀ ਸੀ ਕਿ ਸੂਬੇਦਾਰ ਜੋਗਿੰਦਰ ਸਿੰਘ ਦੀ ਚਿਖਾ ਵਾਂਗ ਹੀ ਅੱਜ ਰਣਬੀਰ ਹੋਰਾਂ ਦੀ ਚਿਖਾ ਦਾ ਧੂੰਆਂ ਵੀ ਪਿੰਡ ਵੱਲ ਆ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1932)
(ਸਰੋਕਾਰ ਨਾਲ ਸੰਪਰਕ ਲਈ: