SukhpalKLamba7ਅਸੀਂ ਇਹ ਸੋਚ ਕੇ ਉਸਦਾ ਵਿਆਹ ਕਰ ਦਿੱਤਾ ਕਿ ਉਹ ਜ਼ਿੰਮੇਵਾਰੀਆਂ ਨਾਲ ਸੁਧਰ ਜਾਏਗਾ ਪਰ ...
(28 ਦਸੰਬਰ 2016)


ਹਰ ਦਿਨ ਦੀ ਤਰ੍ਹਾਂ ਅੱਜ ਵੀ ਕੁਝ ਖਾਸ ਦਿਨ ਨਹੀਂ ਸੀ ਦਫਤਰ ਦਾ। ਮੈਂ ਰੋਜ਼ਾਨਾ ਦੀ ਤਰ੍ਹਾਂ ਦਫਤਰ ਵਿੱਚ ਬੈਠ ਆਪਣੇ ਕੰਮ ਵਿੱਚ ਖੋ ਗਈ ਸੀ। ਸਿਹਤ ਵਿਭਾਗ ਨਾਲ ਜੁੜਿਆਂ ਮੈਨੂੰ ਛੇ ਸਾਲ ਹੋ ਗਏ ਨੇ। ਮੇਰੇ ਕੋਲ ਅਕਸਰ ਬੱਚਿਆਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਜੋ ਕਿਸੇ ਨਾ ਕਿਸੇ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਏ ਹੁੰਦੇ ਨੇ। ਮੇਰਾ ਕੰਮ ਇਹਨਾਂ ਬਿਮਾਰ ਬੱਚਿਆਂ ਨੂੰ ਮੁਫਤ ਇਲਾਜ ਲਈ ਅੱਗੇ ਰੈਫਰ ਕਰਨਾ ਹੈ। ...

ਤੇ ਇਸ ਕੰਮ ਨੂੰ ਕਰਦਿਆਂ ਕਦੋਂ ਛੇ ਸਾਲ ਬੀਤ ਗਏ, ਪਤਾ ਹੀ ਨਹੀਂ ਚੱਲਿਆ। ਇਹਨਾਂ ਛੇਆਂ ਸਾਲਾਂ ਵਿੱਚ ਕੁੱਝ ਚਿਹਰੇ ਬੜੇ ਆਪਣੇ ਜਿਹੇ ਬਣ ਗਏ ਤੇ ਕਈਆਂ ਦੀ ਮੈਂ ਆਪਣੀ ਜਿਹੀ ਬਣ ਗਈ। ਮੇਰੇ ਕੋਲ ਆ ਕੇ ਇਹ ਦੁਖੀ ਮਾਪੇ ਆਪਣੀ ਦਰਦਾਂ ਅਤੇ ਮਜਬੂਰੀਆਂ ਦੀ ਪੰਡ ਇੱਕ ਦਮ ਹੀ ਖੋਲ੍ਹ ਦਿੰਦੇ ਨੇ ਤੇ ਮੇਰੇ ਕੋਲ ਇਹਨਾਂ ਲਈ ਸਿਰਫ ਦਿਲਾਸਾ ਹੀ ਹੁੰਦਾ ਹੈ। ਕਿਸੇ ਨਵੇਂ ਚਿਹਰੇ ਦੀ ਆਸ ਨਾਲ ਮੈਂ ਆਪਣੇ ਅੱਜ ਦੇ ਦਫਤਰੀ ਕੰਮ ਵਿੱਚ ਗੁਆਚ ਹੋਈ ਸੀ ਕਿ ਮੇਰੇ ਕਮਰੇ ਦੇ ਦਰਵਾਜੇ ਦੇ ਖੁੱਲ੍ਹਣ ਦੀ ਅਵਾਜ਼ ਨੇ ਮੇਰਾ ਧਿਆਨ ਇਕ ਦਮ ਆਪਣੇ ਵੱਲ ਖਿੱਚ ਲਿਆ ਸੀ। ਇੱਕ 60 ਕੁ ਸਾਲਾਂ ਨੂੰ ਪਾਰ ਕਰਦਾ ਪਸੀਨੇ ਨਾਲ ਗੜੁੱਚ ਬਾਬਾ ਇੱਕ ਝੋਲ਼ਾ ਸੰਭਾਲਦਾ ਹੋਇਆ ਮੇਰੇ ਕਮਰੇ ਵਿੱਚ ਆ ਗਿਆ। ਉਸਦੇ ਚਿਹਰੇ ਦੀਆਂ ਝੁਰੜੀਆਂ ਅਤੇ ਕੰਬਦੇ ਹੱਥ ਸਾਫ-ਸਾਫ ਉਸਦੀ ਜਿੰਦਗੀ ਦੀ ਬੇਬਸੀ ਦੱਸ ਰਹੇ ਸਨ। ਮੈਂ ਸਰਸਰੀ ਜਿਹੀ ਅਵਾਜ਼ ਨਾਲ ਉਸ ਨੂੰ ਸਾਹਮਣੇ ਪਈ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਮੁੜ ਆਪਣੇ ਕੰਮ ਵਿੱਚ ਰੁੱਝ ਗਈ। ਪੰਜਾਂ ਕੁ ਮਿੰਟਾਂ ਬਾਅਦ ਬਾਬੇ ਨੇ ਥੱਕੀ ਜਿਹੀ ਅਵਾਜ਼ ਵਿੱਚ ਕਿਹਾ,ਬੀਬਾ, ਜਸਪਾਲ ਮੈਡਮ ਨੂੰ ਮਿਲਣਾ।” ਇੰਨਾ ਕਹਿੰਦਿਆਂ ਉਸਨੇ ਮੇਰੇ ਵੱਲ ਇੱਕ ਪਰਚੀ ਵਧਾ ਦਿੱਤੀ।

ਪਰਚੀ ਉੱਪਰ ਮੇਰਾ ਨਾਂ ਅਤੇ ਫੋਨ ਨੰਬਰ ਲਿਖਿਆ ਹੋਇਆ ਸੀ ਜੋ ਕਿ ਸਕੂਲ ਵਾਲਿਆਂ ਨੇ ਲਿਖ ਕੇ ਦਿੱਤਾ ਸੀ। ਮੈਂ ਸਮਝ ਗਈ ਕਿ ਬਾਬੇ ਨੇ ਮੈਨੂੰ ਹੀ ਮਿਲਣਾ ਹੈ ਪਰ ਅਕਸਰ ਹੀ ਕਈ ਮੇਰਾ ਨਾਂ ਗਲਤ ਉਚਾਰ ਲੈਂਦੇ ਨੇ। ਮੈਂ ਬਾਬੇ ਨੂੰ ਪੁੱਛਿਆ,ਬਾਬਾ ਜੀ, ਕੀ ਕੰਮ ਹੈ?

ਬਾਬੇ ਨੇ ਹੱਥ ਵਿੱਚ ਫੜੇ ਬੋਰੀ ਦੇ ਝੋਲੇ ਵਿੱਚੋਂ ਇੱਕ ਮਰੋੜ ਕੇ ਪਾਇਆ ਹੋਇਆ ਆਰ.ਬੀ.ਐੱਸ.ਕੇ. ਦਾ ਕਾਰਡ ਕੰਬਦੇ ਹੱਥਾਂ ਨਾਲ ਮੇਰੇ ਵੱਲ ਵਧਾ ਦਿੱਤਾਮੈਂ ਕਾਰਡ ਪੜ੍ਹ ਕੇ ਦੇਖਿਆ ਤਾਂ ਉਸ ਉੱਤੇ ਇੱਕ 7 ਸਾਲ ਦੇ ਬੱਚੇ ਨੂੰ ਦਿਲ ਵਿਚ ਸੁਰਾਖ ਵਰਗੀ ਨਾਮੁਰਾਦ ਬਿਮਾਰੀ ਕਾਰਨ ਰੈਫਰ ਕੀਤਾ ਹੋਇਆ ਸੀ। ਮੈਂ ਬਾਬੇ ਨੂੰ ਬੱਚੇ ਬਾਰੇ ਅਤੇ ਕੁੱਝ ਹੋਰ ਜਰੂਰੀ ਜਾਣਕਾਰੀ ਬਾਰੇ ਪੁੱਛਿਆ ਅਤੇ ਉਹਨੂੰ ਫਾਰਮ ਸਕੂਲ ਵਿੱਚੋਂ ਭਰਵਾ ਕੇ ਅਤੇ ਬਿਮਾਰ ਬੱਚੇ ਨੂੰ ਨਾਲ ਲਿਆਉਣ ਲਈ ਕਿਹਾ। ਬਾਬਾ ਫਾਰਮ ਫੜ ਤੇ “ਚੰਗਾ ਪੁੱਤ!” ਕਹਿ ਕੇ ਚਲਾ ਗਿਆ ਪਰ ਉਸ ਬਾਰੇ ਜਾਣਨ ਦੀ ਮੇਰੀ ਉਤਸੁਕਤਾ ਵਧ ਗਈ

ਅਗਲੇ ਦਿਨ ਬਾਬਾ 11 ਕੁ ਵਜੇ ਦੇ ਕਰੀਬ ਬੱਚੇ ਅਤੇ ਫਾਰਮ ਨਾਲ ਮੇਰੇ ਕੋਲ ਆ ਗਿਆ ਮੈਂ ਦੋਨਾਂ ਨੂੰ ਕੁਰਸੀਆਂ ’ਤੇ ਬੈਠਣ ਲਈ ਕਿਹਾ ਤੇ ਸਾਰੇ ਦਸਤਾਵੇਜ਼ ਉਹਨਾਂ ਤੋਂ ਫੜ ਲਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਬਾਬਾ ਅੱਜ ਕੱਲ੍ਹ ਨਾਲੋਂ ਵੀ ਵਧੇਰੇ ਥੱਕਿਆ ਹੋਇਆ ਜਾਪ ਰਿਹਾ ਸੀ। ਮੈਂ ਪੁੱਛਿਆ, “ਬਾਬਾ ਜੀ, ਇਹ ਬੱਚਾ ਤੁਹਾਡਾ ਕੀ ਲੱਗਦਾ ਹੈ?

ਬਾਬੇ ਨੇ ਆਪਣੇ ਮੂੰਹ ਤੋਂ ਪਸੀਨਾ ਪੂੰਝਦਿਆਂ ਹੋਇਆਂ ਕਿਹਾ, “ਇਹ ਮੇਰਾ ਪੋਤਾ ਜੀ।”

ਮੈਂ ਬਾਬੇ ਦੇ ਕੰਬਦੇ ਹੱਥਾਂ ਵੱਲ ਦੇਖ ਕੇ ਕਿਹਾ,ਬਾਬਾ ਜੀ, ਘਰੋਂ ਕਿਸੇ ਹੋਰ ਨੂੰ ਭੇਜਣਾ ਸੀ ਇਸ ਕੰਮ ਲਈ।”

ਮੇਰੇ ਇੰਨਾ ਕਹਿਣ ਦੀ ਦੇਰ ਸੀ, ਲੰਮਾ ਸਾਹ ਲੈ ਕੇ ਬਾਬੇ ਨੇ ਆਪ ਮੁਹਾਰੇ ਹੀ ਕਹਿਣਾ ਸ਼ੁਰੂ ਕਰ ਦਿੱਤਾ,ਕੀ ਦੱਸਾਂ ਧੀਏ, ਝੱਗਾ ਚੁੱਕਦਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਏ। ਮੈਂ ਇੱਕ ਰਿਟਾਇਰਡ ਫੌਜੀ ਹਾਂਚੰਗੀ ਭਲੀ ਨੌਕਰੀ ਸੀ। ਮੇਰੀ ਘਰਵਾਲੀ ਬੜੀ ਹੀ ਚੰਗੇ ਸੁਭਾਅ ਵਾਲੀ ਇਕਲੌਤਾ ਪੁੱਤ ਹੋਣ ਕਾਰਨ ਤੇ ਮੇਰੇ ਫੌਜ ਵਿਚ ਰਹਿਣ ਕਾਰਨ ਮੇਰੀ ਮਾਂ ਨੇ ਮੇਰੇ ਪੁੱਤਰ ਨੂੰ ਬੇਲੋੜੇ ਲਾਡ-ਪਿਆਰ ਨਾਲ ਵਿਗਾੜ ਕੇ ਰੱਖ ਦਿੱਤਾ ਮੈਂ ਇਸੇ ਔਲਾਦ ਕਾਰਨ ਆਪਣੀ ਫੌਜ ਦੀ ਨੌਕਰੀ ਛੱਡ ਆਪਣੀ ਰਿਟਾਇਰਮੈਂਟ ਸਮੇਂ ਤੋਂ ਪਹਿਲਾਂ ਲੈ ਲਈ ਨਹੀਂ ਤਾਂ ਅੱਜ ਮੈਂ ਵੱਡਾ ਅਫਸਰ ਬਣ ਕੇ ਰਿਟਾਇਰ ਹੁੰਦਾ

ਇੰਨਾ ਕਹਿ ਕੇ ਬਾਬਾ ਕਿਸੇ ਡੂੰਘੀ ਸੋਚ ਵਿੱਚ ਗੁੰਮ ਗਿਆ। ਮੇਰੀ ਉਤਸੁਕਤਾ ਵੀ ਵਧ ਗਈ ਸੀ ਕਿ ਆਖਰ ਇਸ ਤਰ੍ਹਾਂ ਦਾ ਕੀ ਹੱਡੀਂ ਬੀਤ ਗਿਆ ਜਿਹੜਾ ਇੱਕ ਮਜ਼ਬੂਤ ਦਿਲ ਫੌਜੀ ਨੂੰ ਤੋੜ ਕੇ ਗਿਆ। ਠੰਢਾ ਹਉਕਾ ਜਿਹਾ ਭਰਦਿਆਂ ਉਸ ਨੇ ਫੇਰ ਕਹਿਣਾ ਸ਼ੁਰੂ ਕਰ ਦਿੱਤਾ,ਮੈਂ ਆਪਣੇ ਪੁੱਤ ਦਾ ਬੜਾ ਇਲਾਜ ਕਰਵਾਇਆ ਪਰ ਕਿਤੋਂ ਕੁੱਝ ਵੀ ਠੀਕ ਨਾ ਹੋਇਆ ...

ਉਸਨੂੰ ਟੋਕਦੇ ਹੋਏ ਮੈਂ ਪੁੱਛਿਆ, “ਬਾਬਾ ਜੀ, ਇਹੋ ਜਿਹਾ ਕੀ ਹੋਇਆ ਤੁਹਾਡੇ ਪੁੱਤਰ ਨੂੰ?

ਬਾਬੇ ਦਾ ਚਿਹਰਾ ਇਕ ਦਮ ਗੁੱਸੇ ਨਾਲ ਲਾਲ ਹੋ ਗਿਆ, “ਕੀ ਦੱਸਾਂ ਧੀਏ … ਮੇਰਾ ਇੱਕੋ ਪੁੱਤ ਲਾਡ ਪਿਆਰ ਦੇ ਕਰਕੇ ਗਲਤ ਸੰਗਤ ਵਿੱਚ ਪੈ ਗਿਆ। ਪਹਿਲਾਂ ਸਿਰਫ ਕਦੇ ਕਦਾਈਂ ਸ਼ਰਾਬ ਪੀਂਦਾ ਸੀ। ਅਸੀਂ ਇਹ ਸੋਚ ਕੇ ਉਸਦਾ ਵਿਆਾਹ ਕਰ ਦਿੱਤਾ ਕਿ ਉਹ ਜ਼ਿੰਮੇਵਾਰੀਆਂ ਨਾਲ ਸੁਧਰ ਜਾਏਗਾ ਪਰ ਜਿਆਦਾ ਪੜ੍ਹਿਆ ਲਿਖਿਆ ਨਾ ਹੋਣ ਕਾਰਨ ਕਿਤੇ ਨੌਕਰੀ ਨੀ ਮਿਲੀ ਇਸੇ ਹੀਣਤਾ ਦੇ ਕਾਰਨ ਹੋਰ ਸ਼ਰਾਬ ਪੀਣ ਲੱਗ ਗਿਆ। ਮੈਂ ਇਹ ਸੋਚ ਕੇ ਅੱਡ ਕਰ ਦਿੱਤਾ ਕਿ ਸੁਧਰ ਜਾਵੇਗਾ। ਪਰ ਉਸ ਨੇ ਆਪਣੀ ਘਰਵਾਲੀ ਨਾਲ ਵੀ ਮਾੜਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਬੜਾ ਸਮਝਾਇਆ ਤੇ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਹੁਣ ਉਹਨੇ ਨਸ਼ੇ ਦੀਆਂ ਗੋਲੀਆਂ ਸ਼ੁਰੂ ਕਰ ਰੱਖੀਆਂ ਹਨ ਤੇ ਸਾਰਾ ਦਿਨ ਘਰ ਪਿਆ ਰਹਿੰਦਾ। ਜੇ ਨਸ਼ਾ ਨਹੀਂ ਮਿਲਦਾ ਤਾਂ ਗਾਲ੍ਹਾਂ ਕੱਢਦਾ ਮੇਰੀ ਨੂੰਹ ਬੜੀ ਬੀਬੀ ਹੈ। ... ਇਨ੍ਹਾਂ ਫਿਕਰਾਂ ਦੀ ਘੇਰੀ ਹੋਈ ਮੇਰੀ ਘਰਵਾਲੀ ਪਿਛਲੇ ਸਾਲ ਲਕਵੇ ਦੀ ਸ਼ਿਕਾਰ ਹੋ ਕੇ ਮੰਜੇ ਨਾਲ ਮੰਜਾ ਹੋ ਗਈੇ। ਮੇਰੀ ਪੈਨਸ਼ਨ ਨਾਲ ਜਿਵੇਂ ਤਿਵੇਂ ਘਰ ਦਾ ਖਰਚ ਚੱਲਦਾ ...। ਹੁਣ ਮੇਰੇ ਇਸ ਪੋਤੇ ਨੂੰ ਆਹ ਨਾ ਮੁਰਾਦ ਬਿਮਾਰੀ ਚਿੰਬੜ ਗਈ।”

ਇੰਨਾ ਕਹਿ ਕੇ ਬਾਬੇ ਨੇ ਆਪਣਾ ਸਿਰ ਝੁਕਾ ਲਿਆ ਇੱਕ ਪਲ ਲਈ ਸਾਰੇ ਕਮਰੇ ਵਿੱਚ ਮੌਤ ਵਰਗਾ ਸੰਨਾਟਾ ਛਾ ਗਿਆ। ਮੈਂ ਹੌਸਲਾ ਦਿੰਦਿਆਂ ਸੁਭਾਵਿਕ ਹੀ ਕਿਹਾ, “ਬਾਬਾ ਜੀ, ਤੁਹਾਡਾ ਪੁੱਤਰ ਤੁਹਾਡੀਆਂ ਭਾਵਨਾਵਾਂ ਦਾ ਲਾਭ ਉਠਾ ਰਿਹਾ। ਤੁਸੀਂ ਉਸ ਨੂੰ ਨਸ਼ਾ ਨਾ ਦਿਓ। ਆਪੇ ਠੀਕ ਹੋ ਜਾਊੂ।”

ਇੰਨਾ ਕਹਿੰਦਿਆਂ ਮੈਂ ਬਾਬੇ ਨੂੰ ਸਾਰੇ ਕਾਗਜ਼ ਪੂਰੇ ਕਰ ਹੱਥ ਫੜਾ ਦਿੱਤੇ। ਬਾਬੇ ਨੇ ਆਪਣੀਆਂ ਅੱਖਾਂ ਵਿੱਚ ਉਮਡ ਆਏ ਪਾਣੀ ਨੂੰ ਸਾਫ ਕਰਦਿਆਂ ਤੇ ਬਾਹਰ ਜਾਂਦਿਆਂ ਆਪ ਮੁਹਾਰੇ ਕਿਹਾ, “ਧੀਏ! ਦਿਲ ਤਾਂ ਕਰਦਾ ਕਿ ਸਭ ਛੱਡ ਦਿਆਂ ... ਪਰ ਕੀ ਕਰਾਂ ... ਪਿਓ ਜੋ ਹਾਂ, ਕਰਨਾ ਹੀ ਪੈਣਾ।”

ਇੰਨਾ ਕਹਿ ਕੇ ਬਾਬਾ ਪੋਤੇ ਦੀ ਉਂਗਲ ਫੜ ਕਮਰੇ ਤੋਂ ਬਾਹਰ ਹੋ ਗਿਆਉਸਦੇ ਬੋਲ, “ਪਿਓ ਜੋ ਹਾਂ, ਕਰਨਾ ਹੀ ਪੈਣਾ।” ਆਪਣੇ ਪਿੱਛੇ ਬਹੁਤ ਸਵਾਲ ਛੱਡ ਗਏ ਕਿ ਕਿਸ ਤਰ੍ਹਾਂ ਨਸ਼ਿਆਂ ਨੇ ਹੱਸਦੇ ਚਿਹਰਿਆਂ ਨੂੰ ਝੁਰੜੀਆਂ ਵਿੱਚ ਬਦਲ ਦਿੱਤਾ ਤੇ ਕਿਵੇਂ ਹੱਸਦੇ ਵਸਦੇ ਲੱਖਾਂ ਪਰਿਵਾਰਾਂ ਦਾ ਨਿਸ਼ਾਨ ਤੱਕ ਮਿਟਾ ਕੇ ਰੱਖ ਦਿੱਤਾ। ਅਸੀਂ ਸਭ ਬੜੀਆਂ ਸਭਾਵਾਂਸੈਮੀਨਾਰ, ਪ੍ਰਚਾਰ ਤੇ ਦਿਨ ਮਨਾਉਂਦੇ ਹਾਂ ਨਸ਼ਿਆਂ ਦੇ ਵਿਰੁੱਧ, ਪਰ ਕੀ ਅਸੀਂ ਸੱਚਮੁੱਚ ਇਹਨਾਂ ਨੂੰ ਠੱਲ੍ਹ ਪਾਉਣਾ ਚਾਹੁੰਦੇ ਹਾਂ?

*****

(543)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sukhpal K Lamba

Sukhpal K Lamba

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author