HarbakhashM7ਇਸ ਸਭਾ ਦੇ ਸਮਾਗਮਾਂ ਵਿਚ ਭਾਰਤ ਤੋਂ ਆਏ ਅਨੇਕਾਂ ਲੇਖਕ ਅਤੇ ਵਿਦਵਾਨ ਵੀ ਸ਼ਾਮਿਲ ਹੁੰਦੇ ਰਹੇ ...
(12 ਸਤੰਬਰ 2016)


ਜਦ ਬੰਦੇ ਦਾ ਮਨ ਚਿੰਤਾ ਵਿਚ ਗ੍ਰਸਤ ਅਤੇ ਉਦਾਸ ਰਹਿੰਦਾ ਹੋਵੇ ਤਾਂ ਬੰਦਾ ਆਪਣੀ ਉਦਾਸੀ ਦਾ ਭਾਰ ਹਲਕਾ ਕਰਨ ਲਈ ਆਪਣੇ ਵਰਗੇ ਬੰਦੇ ਲੱਭਣ ਦਾ ਯਤਨ ਕਰਦਾ ਹੈ, ਜਿਨ੍ਹਾਂ ਨਾਲ ਮਨ ਦੀਆਂ ਗੱਲਾਂ ਕਰ ਸਕੇ ਤੇ ਸੁਣ ਸਕੇ। ਡਰਬੀ ਵਿਚ ਅਜਿਹੇ ਬੰਦੇ ਮਿਲਣੇ ਅਸੰਭਵ ਜਿਹੀ ਗੱਲ ਲਗਦੀ ਸੀ। ਪਲੱਮਸਟੈਡ ਰਹਿੰਦੇ ਹੋਏ ਤਾਂ ਛੁੱਟੀ ਵਾਲੇ ਦਿਨ ਸਾਊਥਾਲ ਨੂੰ ਤੁਰ ਜਾਂਦਾ ਸਾਂ ਤੇ ਉੱਥੇ ਸਾਹਿਤਕ ਸ਼ੌਕ ਰੱਖਣ ਵਾਲੇ ਦੋਸਤਾਂ ਮਿੱਤਰਾਂ ਨਾਲ ਬੈਠ ਕੇ ਤੇ ਗੱਲਾਂ ਕਰ ਕੇ ਦਿਲ ਦਾ ਸਾਰਾ ਗੁਬਾਰ ਨਿਕਲ ਜਾਂਦਾ ਸੀ ਤੇ ਸਾਹਿਤਕ ਜਾਣਕਾਰੀ ਵੀ ਤਾਜ਼ਾ ਹੁੰਦੀ ਰਹਿੰਦੀ ਸੀ। ਪਰ ਡਰਬੀ ਵਿਚ ਸਾਹਿਤਕ ਸ਼ੌਕ ਰੱਖਣ ਵਾਲਾ ਬੰਦਾ ਲੱਭਣਾ ਮੁਸ਼ਕਿਲ ਜਿਹੀ ਗੱਲ ਲਗਦੀ ਸੀ।

ਅਚਾਨਕ ਇੱਕ ਦਿਨ ਸ਼ੰਕਰ ਜੋਸ਼ੀਲਾ ਨਾਉਂ ਦੇ ਬੰਦੇ ਨਾਲ ਮੇਰਾ ਮੇਲ ਹੋ ਗਿਆ। ਉਹ ਪਹਿਲੀ ਵੇਰ ਮੈਨੂੰ ਉਦੋਂ ਮਿਲਿਆ ਸੀ, ਜਦ ਮੈਂ ਹਾਲੀ ਸਾਊਥਾਲ ਵਿਚ ਹੀ ਰਹਿੰਦਾ ਸਾਂ। ਹੁਣ ਉਹ ਕੁਝ ਚਿਰ ਤੋਂ ਡਰਬੀ ਵਿਚ ਰਹਿ ਰਿਹਾ ਸੀ। ਉਹਨੇ ਦੱਸਿਆ ਕਿ ਡਰਬੀ ਵਿਚ ਕੇਸਰ ਰਾਮਪੁਰੀ ਨਾਉਂ ਦਾ ਇੱਕ ਹੋਰ ਬੰਦਾ ਵੀ ਕਵਿਤਾ ਲਿਖਦਾ ਹੈ। ਫੇਰ ਆਪ ਹੀ ਇੱਕ ਦਿਨ ਉਹ ਉਹਨੂੰ ਮੇਰੇ ਨਾਲ ਮਿਲਾਉਣ ਲੈ ਆਇਆ। ਰਾਮਪੁਰੀ ਮੈਨੂੰ ਮਿਲ ਕੇ ਕੁਝ ਵਧੇਰੇ ਹੀ ਉਤਸ਼ਾਹਤ ਹੋ ਗਿਆ। ਉਹਨੇ ਦੋ ਹੋਰ ਬੰਦਿਆਂ ਦੀ ਦੱਸ ਪਾਈ, ਜਿਹਨਾਂ ਨੂੰ ਕਵਿਤਾ ਲਿਖਣ ਪੜ੍ਹਨ ਦਾ ਸ਼ੌਕ ਸੀ। ਸ਼ੰਕਰ ਨੇ ਮੈਨੂੰ ਕਿਹਾ, ਹਰਬਖਸ਼! ਕਿਉਂ ਨਾ ਇੱਥੇ ਸਾਹਿਤ ਸਭਾ ਬਣਾ ਲਈਏ?” ਮੈਂ ਕਿਹਾ,ਉਹ ਵੀ ਦੇਖ ਲਵਾਂਗੇ ਪਰ ਪਹਿਲਾਂ ਇਕੱਠੇ ਬੈਠਣ ਤਾਂ ਲੱਗੀਏ” ਮੈਂ ਸੋਚਿਆ ਕਿ ਹੋ ਸਕਦਾ ਹੈ, ਇੰਝ ਕੁਝ ਬੰਦੇ ਅਜਿਹੇ ਮਿਲ ਜਾਣ ਜਿਨ੍ਹਾਂ ਨਾਲ ਗੱਲਾਂ ਕਰ ਕੇ ਮਨ ਦੀ ਉਦਾਸੀ ਨੂੰ ਦੂਰ ਕੀਤਾ ਜਾ ਸਕੇ ਤੇ ਸਾਹਿਤਕ ਸ਼ੌਕ ਨੂੰ ਵੀ ਕੁਝ ਹੁਲਾਰਾ ਮਿਲ ਸਕੇ।

ਅਗਲੇ ਐਤਵਾਰ ਉਹ ਦੋਵੇਂ ਦੋ ਹੋਰ ਬੰਦਿਆਂ ਨੂੰ ਨਾਲ ਲੈ ਕੇ ਮੇਰੇ ਘਰ ਆ ਗਏ। ਉਨ੍ਹਾਂ ਵਿੱਚੋਂ ਇੱਕ ਤਾਂ ਸੀ ਮੁਹਿੰਦਰ ਸਿੰਘ ਚਮਕ ਤੇ ਦੂਜਾ ਸੀ ਕੋਈ ਮੈਦਾਨ ਨਾਉਂ ਦਾ ਬੰਦਾ। ਚਮਕ ਹਾਸ-ਰਸ ਵਾਲੀ ਤੁਕਬੰਦੀ ਕਰ ਲੈਂਦਾ ਸੀ। ਪਰ ਮੈਦਾਨ ਨੂੰ ਸਿਰਫ ਕਵਿਤਾ ਸੁਣਨ/ਸੁਣਾਉਣ ਦਾ ਸ਼ੌਕ ਸੀ। ਚਾਹ ਪਾਣੀ ਤੋਂ ਪਿੱਛੋਂ ਮੈਦਾਨ ਤਾਂ ਆਪਣੇ ਆਪ ਹੀ ਸ਼ੁਰੂ ਹੋ ਗਿਆ। ਆਪ ਤਾਂ ਉਹ ਲਿਖਦਾ ਨਹੀਂ ਸੀ, ਉਹਨੇ ਉਰਦੂ ਸ਼ਾਇਰਾਂ ਦੇ ਸ਼ੇਅਰਾਂ ਦੀ ਰੇਲ ਗੱਡੀ ਚਲਾ ਦਿੱਤੀ, ਰੁਕੇ ਹੀ ਨਾ। ਆਖਰ ਮੈਨੂੰ ਕਹਿਣਾ ਹੀ ਪਿਆ, ਮੈਦਾਨ ਜੀ! ਤੁਹਾਡੇ ਸ਼ਿਅਰ ਰੱਜ ਕੇ ਸੁਣਾਂਗੇ ਪਰ ਪਹਿਲਾਂ ਆਪਾਂ ਸਾਰੇ ਇੱਕ ਦੂਜੇ ਦੇ ਵਾਕ਼ਫ ਤਾਂ ਹੋ ਲਈਏ

ਉਹਨੂੰ ਆਪਣੀ ਸਿਫਤ ਆਪ ਹੀ ਕਰਨ ਦਾ ਸ਼ੌਕ ਕੁਝ ਵਧੇਰੇ ਹੀ ਸੀ। ਮੇਰੀ ਗੱਲ ਸੁਣਦਿਆਂ ਹੀ ਉਹਨੇ ਆਪਣੇ ਬਾਰੇ ਵਿਸਥਾਰ ਨਾਲ ਦੱਸਣਾ ਸ਼ੁਰੂ ਕਰ ਦਿੱਤਾ, ਮੈਂ ਮੈਦਾਨ ਆਂ, ਸ਼ਰਾਬ ਦੀ ਦੁਕਾਨ ਕਰਦਾਂ, ਪਠਾਣ ਹਾਂ ਤੇ ਸ਼ਿਅਰੋ ਸ਼ਾਇਰੀ ਦਾ ਸ਼ੌਕ ਹੈ ...

ਉਹ ਅਜਿਹਾ ਸ਼ੁਰੂ ਹੋਇਆ, ਹਟੇ ਹੀ ਨਾ। ਮੈਂ ਉਹਦੀ ਗੱਲ ਦਾ ਅੰਤ ਉਡੀਕੇ ਬਿਨਾਂ ਹੀ ਰਾਮਪੁਰੀ ਨੂੰ ਕਿਹਾ, ਤੁਸੀਂ ਜੀ!

ਉਹ ਜਿਵੇਂ ਪਹਿਲਾਂ ਹੀ ਤਿਆਰ ਬੈਠਾ ਹੋਵੇ, ਝੱਟ ਸ਼ੁਰੂ ਹੋ ਗਿਆ, ਮੈਂ ਕੇਸਰ ਸਿੰਘ ਲੱਲੀ ਆਂ। ਮੇਰਾ ਪਿੰਡ ਮਹੇੜੂ ਆ ਚਹੇੜੂ ਦੇ ਨੇੜੇ, ਰਾਮਪੁਰੀ ਮੇਰਾ ਉਪਨਾਮ ਹੈ ...

ਮੈਂ ਮੈਦਾਨ ਦੀ ਲੰਮੀ ਜਾਣ ਪਛਾਣ ਤੋਂ ਹੀ ਅੱਕਿਆ ਹੋਇਆ ਸਾਂ। ਇਹ ਨਹੀਂ ਚਾਹੁੰਦਾ ਸਾਂ ਕਿ ਕੇਸਰ ਵੀ ਲੰਮੀ ਜਾਣ ਪਛਾਣ ਦੇਣ ਲੱਗ ਪਵੇ। ਮੈਂ ਵਿੱਚੋਂ ਹੀ ਸਵਾਲ ਕਰ ਦਿੱਤਾ, ਕੇਸਰ ਸਿੰਘ ਜੀ! ਜੇ ਤੁਹਾਡਾ ਪਿੰਡ ਮਹੇੜੂ ਹੈ, ਫੇਰ ਮਹੇੜਵੀ ਉਪਨਾਮ ਲਿਖਣ ਦੀ ਥਾਂ ਰਾਮਪੁਰੀ ਕਿਉਂ ਲਿਖਦੇ ਹੋ?”

ਉਹਨੇ ਝੱਟ ਉੱਤਰ ਦਿੱਤਾ, ਸਾਡੇ ਵੱਡੇ ਵਡੇਰੇ ਰਾਮਪੁਰ ਲੱਲੀਆਂ ਤੋਂ ਆ ਕੇ ਮਹੇੜੂ ਵਿਚ ਵਸੇ ਸੀ, ਇਸ ਲਈ ਮੈਂ ਰਾਮਪੁਰੀ ਲਿਖਦਾਂ” ਮੈਂ ਮੁਸਕਰਾ ਕੇ ਕਿਹਾ, ਅੱਛਾ! ਤਾਂ ਇਹ ਗੱਲ ਹੈ ਰਾਮਪੁਰੀ ਜੀ! ਉਂਝ ਜੇ ਤੁਸੀਂ ਆਪਣੇ ਨਾਉਂ ਨਾਲ ਆਪਣਾ ਗੋਤ ਲੱਲੀ ਲਿਖ ਲਿਆ ਕਰੋਂ ਤਾਂ ਵੀ ਮਾੜਾ ਨਹੀਂ

ਕੋਲੋਂ ਮਹਿੰਦਰ ਚਮਕ ਨੇ ਕਿਹਾ, ਇਹ ਲੱਲੀ ਇਸ ਲਈ ਨਹੀਂ ਲਿਖਦਾ ਕਿ ਲੱਲੀ ਦਾ ਅੰਗਰੇਜ਼ੀ ਵਿਚ ਕੁਝ ਹੋਰ ਹੀ ਬਣ ਜਾਂਦਾ ਹੈ। ਉਹਦੀ ਗੱਲ ਸੁਣ ਕੇ ਸਾਰੇ ਹੱਸ ਹੱਸ ਦੂਹਰੇ ਹੋ ਗਏ।

ਇਸ ਤੋਂ ਪਿੱਛੋਂ ਸ਼ੰਕਰ ਨੇ ਕਿਹਾ, ਮੈਂ ਸ਼ੰਕਰ ਆਂ। ਜੋਸ਼ੀਲਾ ਉਪਨਾਮ ਵਰਤਦਾ ਹਾਂ। ਪਿੰਡ ਮੇਰਾ ਪਠਲਾਵਾ ਹੈ ਫੇਰ ਨਾਲ ਹੀ ਇਹ ਵੀ ਦੱਸ ਦਿੱਤਾ, ਮੈਂ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਮੈਂਬਰ ਹਾਂ

ਆਪਣੀ ਜਾਣ ਪਛਾਣ ਕਰਾਉਣ ਲਈ ਮੈਂ ਇੰਨਾ ਹੀ ਕਿਹਾ, ਮੇਰਾ ਨਾਉਂ ਹਰਬਖਸ਼ ਹੈ। ਕਵਿਤਾ ਕਿਤੇ ਕਿਤੇ ਲਿਖ ਲੈਂਦਾ ਹਾਂ। ਹੋਰ ਸਭ ਕੁਝ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਹੀ ਜਾਵੇਗਾ।”

ਮਹਿੰਦਰ ਸਿਂਘ ਨੇ ਆਪਣੇ ਬਾਰੇ ਦੱਸਿਆ, ਮੈਂ ਚਮਕ ਉਪਨਾਮ ਵਰਤਦਾ ਹਾਂ, ਉਂਝ ਮੇਰਾ ਗੋਤ ਭੱਠਲ ਹੈ, ਹਾਸ-ਰਸ ਵਾਲੀ ਤੁਕਬੰਦੀ ਕਰ ਲੈਂਦਾ ਹਾਂ।”

ਮੈਂ ਹੱਸ ਕੇ ਕਿਹਾ, ਤਾਂ ਫੇਰ ਤੇਰੇ ਵਿਚ ਦੋ ਕਮਿਊਨਿਸਟ ਲੀਡਰ ਇਕੱਠੇ ਹੋ ਗਏ ਹਨ, ਹਰਦਿੱਤ ਸਿੰਘ ਭੱਠਲ ਤੇ ਹਰਨਾਮ ਸਿੰਘ ਚਮਕ

ਆਖਰ ਵਿਚ ਸਾਹਿਤ ਸਭਾ ਬਣਾਉਣ ਬਾਰੇ ਵਿਚਾਰ ਵਟਾਂਦਰਾ ਹੋਇਆ। ਸਾਹਿਤ ਸਭਾਵਾਂ ਬਾਰੇ ਮੇਰਾ ਤਜਰਬਾ ਕੁਝ ਚੰਗਾ ਨਹੀਂ ਸੀ। ਮੈਂ ਕਹਿ ਦਿੱਤਾ, ਸਾਹਿਤ ਸਭਾ ਤਾਂ ਬਣਾ ਲਵਾਂਗੇ ਪਰ ਸਾਹਿਤਕਾਰ ਕਿੱਥੋਂ ਲਿਆਵਾਂਗੇ? ਹਾਲ ਦੀ ਘੜੀ ਇੰਝ ਹੀ ਮਹੀਨੇ ਵਿਚ ਇੱਕ ਵਾਰ ਇੱਕਠੇ ਹੁੰਦੇ ਰਹੀਏ, ਫੇਰ ਦੇਖ ਲਵਾਂਗੇ ਕਿੰਨੇ ਕੁ ਸਾਹਿਤਕਾਰ ਮਿਲਦੇ ਹਨ? ਫੇਰ ਸਭਾ ਵੀ ਬਣਾ ਲਵਾਂਗੇ” ਸਾਰੇ ਮੇਰੇ ਨਾਲ ਸਹਿਮਤ ਹੋ ਗਏ।

ਮੀਟਿੰਗਾਂ ਵੀ ਹੋਣ ਲੱਗ ਪਈਆਂ ਤੇ ਹੌਲੀ ਹੌਲੀ ਸਾਡੀਆਂ ਮੀਟੰਗਾਂ ਵਿਚ ਕੁਝ ਬੰਦੇ ਹੋਰ ਵੀ ਆਉਣ ਲੱਗ ਪਏ, ਇਨ੍ਹਾਂ ਵਿੱਚੋਂ ਇੱਕ ਸੀ ਸੋਹਣ ਪੁਰੇਵਾਲ ਤੇ ਦੂਜਾ ਸੀ ਉਹਦਾ ਛੋਟਾ ਭਰਾ ਭੁਪਿੰਦਰ ਪੁਰੇਵਾਲ। ਸੋਹਣ ਤਾਂ ਤੁਕਬੰਦੀ ਹੀ ਕਰਦਾ ਸੀ। ਉਹ ਕਵੀ ਨਾਲੋਂ ਕਮਿਊਨਿਸਟ ਹੋਣ ਵਿਚ ਵਧੇਰੇ ਫਖ਼ਰ ਮਹਿਸੂਸ ਕਰਦਾ ਸੀ। ਭੁਪਿੰਦਰ ਪੁਰੇਵਾਲ ਹਾਲੀਂ ਅਲੂਆਂ ਮੁੰਡਾ ਸੀ ਤੇ ਉਮਰ ਵਿਚ ਸਾਡੇ ਸਾਰਿਆਂ ਨਾਲੋਂ ਛੋਟਾ ਸੀ।

ਉਤਸ਼ਾਹਤ ਤਾਂ ਮੈਂ ਬਹੁਤਾ ਨਹੀਂ ਸਾਂ, ਪਰ ਇੱਕ ਦੋ ਬੰਦਿਆਂ ਦੇ ਜ਼ੋਰ ਦੇਣ ’ਤੇ ਥੋੜ੍ਹੇ ਚਿਰ ਪਿੱਛੋਂ ਹੀ ਪੰਜਾਬੀ ਸਾਹਿਤ ਸਭਾ ਡਰਬੀ ਦੀ ਸਥਾਪਨਾ ਕਰਨ ਲਈ ਸਹਿਮਤ ਹੋ ਗਿਆਕਈ ਹੋਰ ਬੰਦੇ ਸਭਾ ਵਿਚ ਆਏ ਵੀ ਤੇ ਗਏ ਵੀ। ਜਿਨ੍ਹਾਂ ਨੂੰ ਇਹ ਖੁਸ਼ਫਹਿਮੀ ਸੀ ਕਿ ਉਹ ਸਭਾ ਵਿਚ ਆਪਣੀਆਂ ਬੇਤੁਕੀਆਂ ਸੁਣਾ ਕੇ ਸਿਰਮੌਰ ਕਵੀਆਂ ਵਿਚ ਗਿਣੇ ਜਾਣ ਲੱਗ ਪੈਣਗੇ, ਉਹ ਮੇਰੀ ਅਲੋਚਨਾ ਤੋਂ ਇੰਨੇ ਘਬਰਾਏ ਕਿ ਮੂੰਹ ਦਿਖਾਲਣੋ ਵੀ ਗਏ।

ਇੱਕ ਬੰਦਾ ਦੋ ਕੁ ਮੀਟਿੰਗਾਂ ਵਿਚ ਆਇਆ ਤੇ ਆਪਣੇ ਆਪ ਹੀ ਆਪਣੀਆਂ ਸਿਫਤਾਂ ਦੇ ਪੁਲ ਬੰਨ੍ਹਦਾ ਰਿਹਾ ਤੇ ਕਹਿੰਦਾ ਰਿਹਾ ਕਿ ਉਹ ਅੰਗਰੇਜ਼ੀ ਵਿਚ ਵੀ ਕਵਿਤਾ ਲਿਖਦਾ ਹੈ ਤੇ ਉਹਦੀਆਂ ਕਵਿਤਾਵਾਂ ਤਾਂ ਅੰਗਰੇਜ਼ੀ ਕਾਵਿ ਸੰਗ੍ਰਹਿਆਂ ਵਿਚ ਵੀ ਛਪ ਚੁੱਕੀਆਂ ਹਨ। ਜਦੋਂ ਉਹਨੂੰ ਕਵਿਤਾ ਸੁਣਾਉਣ ਲਈ ਕਿਹਾ, ਤਾਂ ਉਹਨੇ ਸਾਹਿਰ ਲੁਧਿਆਣਵੀ ਦੀ ਇੱਕ ਉਰਦੂ ਕਵਿਤਾ ਦਾ ਚਰਬਾ ਆਪਣੀ ਨਵੀਂ ਲਿਖੀ ਕਵਿਤਾ ਕਹਿ ਕੇ ਸੁਣਾ ਦਿੱਤਾ। ਜਦੋਂ ਉਹਦੀ ਕਵਿਤਾ ਬਾਰੇ ਕੁਝ ਕਹਿਣ ਦੀ ਮੇਰੀ ਵਾਰੀ ਆਈ ਤਾਂ ਮੈਂ ਕਿਹਾ, ਕਵਿਤਾ ਬਹੁਤ ਸੁਹਣੀ ਹੈ, ਸਾਹਿਰ ਲੁਧਿਆਣਵੀ ਦੀ ਕਵਿਤਾ ਨੂੰ ਵੀ ਮਾਤ ਪਾਉਂਦੀ ਹੈ” ਮੇਰਾ ਵਿਅੰਗ ਹੋਰਨਾਂ ਦੇ ਸਿਰਾਂ ਉੱਤੋਂ ਲੰਘ ਗਿਆ, ਪਰ ਉਹ ਜ਼ਰੂਰ ਸਮਝ ਗਿਆ। ਉਹ ਮੁੜ ਕੇ ਕਦੀ ਵੀ ਸਾਡੀ ਮੀਟਿੰਗ ਵਿਚ ਨਾ ਆਇਆ। ਇਹੋ ਜਿਹੇ ਦੋ ਬੰਦੇ ਹੋਰ ਵੀ ਆਏ ਸਨ ਜਿਨ੍ਹਾਂ ਨੇ ਮੁੜ ਕੇ ਕਦੀ ਮੂੰਹ ਦਿਖਾਉਣ ਦਾ ਯਤਨ ਵੀ ਨਾ ਕੀਤਾ।

ਸਾਹਿਤ ਸਭਾ ਬਣਾਉਣ ਲਈ ਮੈਂ ਇਸ ਕਰਕੇ ਵੀ ਸਹਿਮਤ ਹੋ ਗਿਆ ਸਾਂ ਕਿ ਇੱਕ ਤਾਂ ਇੰਝ ਕੁਝ ਸਾਹਿਤਕ ਸ਼ੌਕ ਰੱਖਣ ਵਾਲੇ ਬੰਦਿਆਂ ਨਾਲ ਬੈਠਣ ਉੱਠਣ ਹੋ ਜਾਵੇਗਾ ਤੇ ਦੂਜਾ ਜੇ ਕੋਈ ਸੱਚ ਮੁੱਚ ਸਾਹਿਤ ਸਿਰਜਣਾ ਦੀ ਪ੍ਰਤਿਭਾ ਰੱਖਣ ਵਾਲਾ ਬੰਦਾ ਮਿਲ ਗਿਆ ਤਾਂ ਉਹਦੀ ਸੰਗਤ ਨਾਲ ਮੈਨੂੰ ਵੀ ਲਿਖਣ ਲਈ ਕੁਝ ਹੁਲਾਰਾ ਮਿਲੇਗਾ ਤੇ ਉਹਨੂੰ ਵੀ। ਪਰ ਜਿਹੋ ਜਿਹੇ ਬੰਦੇ ਸਭਾ ਵਿਚ ਆ ਰਹੇ ਸਨ, ਉਨ੍ਹਾਂ ਵਿੱਚੋਂ ਅਜਿਹੇ ਬੰਦੇ ਦੀ ਭਾਲ ਅਸੰਭਵ ਜਿਹੀ ਜਾਪਦੀ ਸੀ। ਇੱਕੋ ਇੱਕ ਭੁਪਿੰਦਰ ਪੁਰੇਵਾਲ ਹੀ ਅਜਿਹਾ ਲੱਗਿਆ ਜਿਸ ਵਿਚ ਮੈਨੂੰ ਕਾਵਿਕ ਪ੍ਰਤਿਭਾ ਦਿਸੀ।

ਇਹ ਸਭਾ ਬਹੁਤਾ ਚਿਰ ਚੱਲ ਨਾ ਸਕੀ। ਇਸ ਸਭਾ ਦਾ ਸਕੱਤਰ ਅਜਿਹੇ ਬੰਦੇ ਨੂੰ ਬਣਾਉਣ ਦੀ ਗਲਤੀ ਕਰ ਬੈਠੇ ਜਿਹੜਾ ਮੇਰੀ ਅਲੋਚਨਾ ਤੋਂ ਕੁਝ ਵਧੇਰੇ ਹੀ ਤ੍ਰਹਿੰਦਾ ਸੀ। ਉਹ ਜਦ ਵੀ ਮੀਟਿੰਗ ਰੱਖਦਾ ਤਾਂ ਮੈਨੂੰ ਇਤਲਾਹ ਵੀ ਨਾ ਦਿੰਦਾ। ਇੰਝ ਹੀ ਉਹ ਭੁਪਿੰਦਰ ਪੁਰੇਵਾਲ ਨੂੰ ਸੱਦਣੋਂ ਹਟ ਗਿਆ। ਜਦ ਉਹਨੂੰ ਪੁੱਛਿਆ ਤਾਂ ਉਹ ਘੇਸਲ ਹੀ ਵੱਟ ਗਿਆ ਤੇ ਸਾਲ ਭਰ ਉਹਨੇ ਕੋਈ ਮਿਟਿੰਗ ਹੀ ਨਾ ਸੱਦੀ। ਇੰਝ ਛੇਤੀ ਹੀ ਇਸ ਸਾਹਿਤ ਸਭਾ ਦਾ ਭੋਗ ਪੈ ਗਿਆ।

ਭੁਪਿੰਦਰ ਪੁਰੇਵਾਲ ਨਵਾਂ ਨਵਾਂ ਕਵਿਤਾ ਲਿਖਣ ਲੱਗਾ ਸੀ। ਉਹ ਆਪ ਕਮਿਊਨਿਸਟ ਪਰਵਾਰ ਵਿਚ ਜੰਮਿਆ ਪਲਿਆ ਸੀ। ਪਰ ਕਮਿਊਨਿਸਟ ਕਹਾਉਣ ਵਾਲੇ ਕਵੀਆਂ ਦੇ ਬੇਥਵੇ ਪਾਰਟੀ ਪਰਚਾਰ ਵਾਲੀਆਂ ਕਵਿਤਾਵਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਸੀ। ਉਹਦੀ ਪਹਿਲੀ ਲਿਖੀ ਕਵਿਤਾ ਸੁਣ ਕੇ ਹੀ ਮੈਨੂੰ ਉਹਦੀ ਪ੍ਰਤਿਭਾ ਦੀ ਪਛਾਣ ਹੋ ਗਈ। ਉਹ ਲਗਪਗ ਹਰ ਰੋਜ਼ ਮੈਨੂੰ ਮਿਲਣ ਆ ਜਾਂਦਾ ਤੇ ਆਪਣੀ ਨਵੀਂ ਕਵਿਤਾ ਸੁਣਾ ਕੇ ਸੋਧ ਸੁਧਾਈ ਲਈ ਸਲਾਹ ਵੀ ਲੈ ਲੈਂਦਾ।

ਉਹਦੇ ਜ਼ੋਰ ਦੇਣ ’ਤੇ ਹੀ ਮੈਂ ਨਵੀਂ ਸਾਹਿਤ ਸਭਾ ਬਣਾਉਣ ਲਈ ਸਹਿਮਤ ਹੋ ਗਿਆ। ਇਸ ਤਰ੍ਹਾਂ ਪ੍ਰਗਤੀਸ਼ੀਲ ਲੇਖਕ ਸਭਾ ਡਰਬੀ’ ਹੋਂਦ ਵਿਚ ਆ ਗਈ। ਛੇਤੀ ਹੀ ਸ਼ੰਕਰ ਜੋਸ਼ੀਲਾ, ਓਮ ਪ੍ਰਕਾਸ਼ ਜੋਸ਼ ਤੇ ਮਹਿੰਦਰ ਸਿੰਘ ਚਮਕ ਵੀ ਇਸ ਨਵੀਂ ਬਣੀ ਸਭਾ ਦੇ ਮੈਂਬਰ ਬਣ ਗਏ। ਉਸ ਵੇਲੇ ਤੱਕ ਪ੍ਰਗਤੀਸ਼ੀਲ ਲੇਖਕ ਸਭਾ ਗ੍ਰੇਟ ਬ੍ਰਿਟਨ ਵੀ ਹੋਂਦ ਵਿਚ ਆ ਚੁੱਕੀ ਸੀ। ਸਾਡੀ ਇਹ ਸਭਾ ਨਿਰੰਜਨ ਸਿੰਘ ਨੂਰ ਹੁਰਾਂ ਵਾਲੀ ਸਭਾ ਦੀ ਬਰਾਂਚ ਨਹੀਂ ਸੀ। ਅਸੀਂ ਆਪਣੀ ਸਭਾ ਦੇ ਨਾਉਂ ਨਾਲ ‘ਪ੍ਰਗਤੀਸ਼ੀਲ’ ਵਿਸ਼ੇਸ਼ਣ ਕੇਵਲ ਇਸ ਲਈ ਜੋੜਿਆ ਸੀ ਕਿ ਇੰਝ ਕਰ ਕੇ ਸ਼ਾਇਦ ਉਸ ਸਭਾ ਨਾਲ ਮੇਲ ਜੋਲ ਵਧਾਇਆ ਜਾ ਸਕੇ।

ਉਸ ਵੇਲੇ ਨੂਰ ਅਤੇ ਉਹਦੇ ਸਾਥੀ ਸਾਨੂੰ ਆਪਣੀ ਸਭਾ ਤੋਂ ਦੂਰ ਹੀ ਰੱਖਣਾ ਚਾਹੁੰਦੇ ਸਨ। ਪਿੱਛੋਂ ਜਾ ਕੇ ਕੁਝ ਸੁਹਿਰਦ ਬੰਦਿਆਂ ਦੇ ਯਤਨ ਨਾਲ ਉਨ੍ਹਾਂ ਨੇ ਸਾਨੂੰ ਬਰਾਂਚ ਦੇ ਤੌਰ ’ਤੇ ਸਵੀਕਾਰ ਤਾਂ ਕਰ ਲਿਆ ਪਰ ਕਾੜ੍ਹ ਨਾ ਮਿਲਣ ਕਰਕੇ ਅਸੀਂ ਛੇ ਕੁ ਮਹੀਨਿਆਂ ਪਿੱਛੋਂ ਹੀ ਆਜ਼ਾਦ ਹੋ ਗਏਸਾਡੀ ਇਹ ਸਭਾ 1974 ਤੋਂ ਲੈ ਕੇ ਹੁਣ ਤੱਕ ਕਾਇਮ ਹੈ। ਸਭਾ ਨੇ ਅਨੇਕਾਂ ਵਾਰਸ਼ਕ ਸਮਾਗਮ ਕੀਤੇ। ਇਨ੍ਹਾਂ ਸਮਾਗਮਾਂ ਵਿਚ ਬਰਤਾਨੀਆ ਭਰ ਦੇ ਪੰਜਾਬੀ ਲੇਖਕ ਹਿੱਸਾ ਲੈਂਦੇ ਸਨ। ਇਸ ਸਭਾ ਦੇ ਸਮਾਗਮਾਂ ਵਿਚ ਭਾਰਤ ਤੋਂ ਆਏ ਅਨੇਕਾਂ ਲੇਖਕ ਅਤੇ ਵਿਦਵਾਨ ਵੀ ਸ਼ਾਮਿਲ ਹੁੰਦੇ ਰਹੇ ਤੇ ਬਹੁਤ ਹੀ ਸਾਰਥਕ ਮਸਲਿਆਂ ’ਤੇ ਪਰਚੇ ਪੜ੍ਹੇ ਜਾਂਦੇ ਰਹੇ।

ਲੇਖਕਾਂ ਦੀ ਸਭਾ ਦਾ ਮੁੱਖ ਕੰਮ ਵਾਰਸ਼ਿਕ ਸਮਾਗਮ ਕਰਨਾ ਨਹੀਂ ਹੁੰਦਾ, ਸਗੋਂ ਸਾਹਿਤ ਸਿਰਜਣਾ ਵਿਚ ਸਹਾਈ ਹੋਣਾ ਹੁੰਦਾ ਹੈ। ਇਹ ਸਭਾ ਦੋ ਅਜਿਹੇ ਪ੍ਰਤਿਭਾਸ਼ੀਲ ਕਵੀ ਪੈਦਾ ਕਰਨ ਵਿਚ ਸਹਾਈ ਤੇ ਸਫਲ ਹੋ ਗਈ, ਜਿਨ੍ਹਾਂ ਦੀ ਕਲਮ ਦੇ ਜ਼ੋਰ ਨੂੰ ਛੇਤੀ ਹੀ ਪੰਜਾਬ ਵਿਚ ਵੀ ਮੰਨਿਆ ਜਾਣ ਲੱਗ ਪਿਆ। ਭੁਪਿੰਦਰ ਪੁਰੇਵਾਲ ਨੇ ਤਾਂ ਪਹਿਲੀ ਕਵਿਤਾ ਲਿਖੀ ਹੀ ਮੇਰੇ ਨਾਲ ਸੰਪਰਕ ਵਿਚ ਆਉਣ ਤੋਂ ਪਿੱਛੋਂ ਸੀ। ਇਸ ਸਭਾ ਦਾ ਮੈਂਬਰ ਬਣਨ ਪਿੱਛੋਂ ਛੇਤੀ ਹੀ ਉਹ ਆਧੁਨਿਕ ਪ੍ਰਗਤੀਸ਼ੀਲ ਕਵੀ ਦੇ ਤੌਰ ’ਤੇ ਪ੍ਰਸਿੱਧ ਹੋ ਗਿਆ। ਉਹਦੇ ਦੋ ਕਾਵਿ ਸੰਗ੍ਰਹਿ ਮਿੱਟੀ ਦਾ ਰੰਗ ਤੇ ਬੰਸਰੀ ਪ੍ਰਕਾਸ਼ਤ ਹੋ ਚੁੱਕੇ ਹਨ। ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ਬਦਕਿਸਮਤੀ ਹੀ ਸਮਝੋ ਕਿ ਇਹੋ ਜਿਹਾ ਪ੍ਰਿਤਭਾਸ਼ੀਲ ਕਵੀ 2009 ਦੇ ਅਪ੍ਰੈਲ ਮਹੀਨੇ ਵਿਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਜਸਵਿੰਦਰ ਮਾਨ ਇਸ ਸਭਾ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਹੈ ਪਰ ਉਹਨੇ ਛੇਤੀ ਹੀ ਤੁਪਕਾ ਤੁਪਕਾ ਸਾਗਰ ਵਰਗੀ ਲੰਮੀ ਕਵਿਤਾ ਲਿਖ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਲਿਆ। ਉਹਦੇ ਦੋ ਕਾਵਿ ਸੰਗ੍ਰਹਿ ਤੁਪਕਾ ਤੁਪਕਾ ਸਾਗਰ ਅਤੇ ਰੁੱਖ ਤੇ ਰਸਤਾ ਪ੍ਰਕਾਸ਼ਤ ਹੋ ਚੁੱਕੇ ਹਨ।

ਇਹ ਸਤਰਾਂ ਲਿਖਦੇ ਸਮੇਂ ਇਸ ਸਭਾ ਨੂੰ ਹਰਮਿੰਦਰ ਬਣਵੈਤ ਵਰਗਾ ਸੁਹਿਰਦ ਮਿੱਠਬੋਲੜਾ ਸੂਝਵਾਨ ਕਵੀ ਪ੍ਰਧਾਨ ਦੇ ਤੌਰ ’ਤੇ ਅਤੇ ਜਸਵਿੰਦਰ ਮਾਨ ਜਨਰਲ ਸਕੱਤਰ ਦੇ ਤੌਰ ਦੇ ’ਤੇ ਕੁਸ਼ਲਤਾ ਤੇ ਸਿਆਣਪ ਨਾਲ ਚਲਾ ਰਹੇ ਹਨ।

ਮੈਂ ਮਨ ਦੀ ਉਦਾਸੀ ਦੂਰ ਕਰਨ ਲਈ ਇਸ ਪਾਸੇ ਵਲ ਤੁਰਿਆ ਸਾਂ ਆਪਣੇ ਵਰਗਿਆਂ ਦੀ ਭਾਲ ਵਿਚ। ਇੰਝ ਕੁਝ ਸਮੇਂ ਲਈ ਤਾਂ ਮਨ ਨੂੰ ਚੜ੍ਹਦੀ ਕਲਾ ਵਿਚ ਰੱਖਿਆ ਜਾ ਸਕਦਾ ਸੀ ਪਰ ਆਪਣੀ ਆਰਥਕ ਦਸ਼ਾ ਸੁਧਾਰਨ ਤੋਂ ਬਿਨਾਂ ਇਸ ਤੋਂ ਛੁਟਕਾਰਾ ਪ੍ਰਾਪਤ ਨਹੀਂ ਸੀ ਕੀਤਾ ਜਾ ਸਕਦਾ। ਇਸ ਲਈ ਜੋ ਕੁਝ ਕਰਨਾ ਪਿਆ, ਉਹ ਵੀ ਦੱਸਾਂਗਾ ਪਰ ਇਸ ਤੋਂ ਪਹਿਲਾਂ ਕੁਝ ਹੋਰ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ ਹਨ। ਉਹ ਪਹਿਲਾਂ ਕਰ ਲਵਾਂ।

(ਨੋਟ: ਬਹੁਤ ਜਲਦੀ ਪਾਠਕ ਅਗਲਾ ਕਾਂਢ ਪੜ੍ਹਨਗੇ: ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਡਰਬੀ ਫੇਰੀ --- ਸੰਪਾਦਕ।)

*****

(425)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author