HMaqsoodpuri7ਪੰਜਾਬ ਵਿਚਲੀਆਂ ਸਭਾਵਾਂ ਵਾਂਗ ਇਹ ਸਭਾ ਵੀ ਧੜੇਬੰਦੀ ਤੋਂ ਬਚੀ ਹੋਈ ਨਹੀਂ ਸੀ ...
(ਦਸੰਬਰ 30 2015)

 

ਸਾਊਥਾਲ ਵਿਚ ਰਿਹਾ ਤਾਂ ਮੈਂ ਸੱਤ ਕੁ ਮਹੀਨੇ ਸੀ ਪਰ ਇੱਥੇ ਰਹਿੰਦਿਆਂ ਮੈਂ ਬਰਤਾਨੀਆ ਵਿਚ ਰਹਿੰਦੇ ਆਪਣੇ ਦੇਸੀ ਭਾਈਬੰਦਾਂ ਦੇ ਜੀਵਨ ਬਾਰੇ ਬਹੁਤ ਕੁਝ ਜਾਣ/ਸਮਝ ਗਿਆ ਸਾਂ। ਇੱਥੇ ਰਹਿੰਦਿਆਂ ਹੀ ਮੈਂ ਇਨ੍ਹਾਂ ਦੀਆਂ ਸਿਆਸੀ ਅਤੇ ਸਾਹਿਤਕ ਸਰਗਰਮੀਆਂ ਦੀ ਟੋਹ ਪਾਈ ਸੀ।

ਮੈਨੂੰ ਹਾਲੀਂ ਇੱਥੇ ਆਏ ਨੂੰ ਕੁਝ ਮਹੀਨੇ ਹੀ ਹੋਏ ਸਨ, ਮੇਰੇ ਮਿੱਤਰ ਅਵਤਾਰ ਜੰਡਿਆਲਵੀ ਦਾ ਪੱਤਰ ਆ ਗਿਆ। ਉਹਨੇ ਲਿਖਿਆ ਸੀ, “ਹਰਬਖਸ਼! ਤੂੰ ਕਹਿੰਦਾ ਸੀ, ਸਾਰੀ ਉਮਰ ਦੀ ਕੈਦ ਨਾਲੋਂ ਪੰਜ ਕੁ ਸਾਲ ਦਾ ਦੇਸ਼ ਨਿਕਾਲਾ ਚੰਗਾ ਹੈ। ਮੈਂ ਵੀ ਤੇਰੇ ਜਾਣ ਪਿੱਛੋਂ ਇਹੀ ਸੋਚਦਾ ਰਿਹਾ ਹਾਂ। ਤੂੰ ਠੀਕ ਕਹਿੰਦਾ ਸੀ। ਮੈਂ ਵੀ ਆਉਣ ਦਾ ਫੈਸਲਾ ਕਰ ਲਿਆ ਹੈ। ਛੇਤੀ ਹੀ ਮੈਂ ਵੀ ਤੇਰੇ ਕੋਲ ਹੋਵਾਂਗਾ।"

ਸੱਚਮੁੱਚ ਹੀ ਉਹ ਚਾਰ ਕੁ ਮਹੀਨੇ ਦੇ ਅੰਦਰ ਅੰਦਰ ਹੀ ਸਾਊਥਾਲ ਪੁੱਜ ਗਿਆ। ਉਹਦੇ ਸਾਲੇ ਮੇਰੇ ਵਾਲੀ ਰੋਡ ਤੇ ਹੀ 65 ਨੰਬਰ ਵਿਚ ਰਹਿੰਦੇ ਸਨ। ਉਨ੍ਹਾਂ ਦਾ ਆਪਣਾ ਘਰ ਸੀ। ਅਵਤਾਰ ਵੀ ਉਨ੍ਹਾਂ ਕੋਲ ਹੀ ਰਹਿਣ ਲੱਗ ਪਿਆ। ਉਹਦੇ ਆਉਣ ਦੇ ਨਾਲ ਹੀ ਮੇਰੀਆਂ ਰੁਕੀਆਂ ਹੋਈਆਂ ਸਾਹਿਤਕ ਸਰਗਰਮੀਆਂ ਫੇਰ ਸ਼ੁਰੂ ਹੋ ਗਈਆਂ। ਛੇਤੀ ਹੀ ਸਾਨੂੰ ਪਤਾ ਲੱਗ ਲਿਆ ਕਿ ਸਾਊਥਾਲ ਵਿਚ ਪੰਜਾਬੀ ਸਾਹਿਤ ਸਭਾ ਵੀ ਬਣੀ ਹੋਈ ਹੈ। ਅਸੀਂ ਦੋਵੇਂ ਵੀ ਇਸ ਸਭਾ ਦੇ ਮੈਂਬਰ ਬਣ ਗਏ। ਮੈਂ ਸਾਊਥਾਲ ਛੱਡਣ ਤੇ ਪਲੱਮਸਟੈੱਡ ਜਾ ਕੇ ਰਹਿਣ ਪਿੱਛੋਂ ਵੀ ਲਗਾਤਾਰ ਸਭਾ ਦੀਆਂ ਮੀਟਿੰਗਾਂ ਵਿਚ ਆਉਂਦਾ ਰਿਹਾ।

ਪੰਜਾਬ ਵਿਚਲੀਆਂ ਸਭਾਵਾਂ ਵਾਂਗ ਇਹ ਸਭਾ ਵੀ ਧੜੇਬੰਦੀ ਤੋਂ ਬਚੀ ਹੋਈ ਨਹੀਂ ਸੀ। ਸਾਡੇ ਮੈਂਬਰ ਬਣਨ ਤੋਂ ਪਹਿਲਾਂ ਹੀ ਦੋ ਗੁੱਟ ਬਣੇ ਹੋਏ ਸਨ। ਸੰਤੋਖ ਸਿੰਘ ਸੰਤੋਖ ਪ੍ਰਧਾਨ ਦਾ ਹਮਾਇਤੀ ਸੀ ਤੇ ਸ਼ੰਕਰ ਜੋਸ਼ੀਲਾ ਸਾਥੀ ਲੁਧਿਆਣਵੀ ਦਾ। ਇਸ ਸਭਾ ਦਾ ਪ੍ਰਧਾਨ ਪ੍ਰਸਿੱਧ ਕਵੀ ਤੇ ਚਿਤ੍ਰਕਾਰ ਈਸ਼ਵਰ ਚਿਤ੍ਰਕਾਰ ਤੇ ਜਨਰਲ ਸਕੱਤਰ ਸੰਤੋਖ ਸਿੰਘ ਸੰਤੋਖ ਸੀ। ਹੋਰ ਜਿਨ੍ਹਾਂ ਸਾਹਿਤਕਾਰਾਂ ਨਾਲ ਸਾਡੀ ਇਸ ਸਭਾ ਵਿਚ ਜਾਣ ਪਛਾਣ ਹੋਈ, ਉਨ੍ਹਾਂ ਵਿੱਚੋਂ ਕਈ ਅੱਜ ਜਾਣੇ ਪਛਾਣੇ ਨਾਉਂ ਹਨ।

ਛੇਤੀ ਹੀ ਸੁਰਜੀਤ ਹਾਂਸ ਅਤੇ ਸਵਰਨ ਚੰਦਨ ਵੀ ਇਸ ਸਭਾ ਦੇ ਮੈਂਬਰ ਬਣ ਗਏ। ਹਾਂਸ ਦਾ ਕੱਦ ਵਿਦਵਾਨ ਹੋਣ ਕਰਕੇ ਬਾਕੀ ਸਾਰਿਆਂ ਨਾਲੋਂ ਕੁਝ ਵਧੇਰੇ ਹੀ ਉੱਚਾ ਸੀ। ਉਹਦਾ ਵਿਅੰਗ ਚੋਖਾ ਤਿੱਖਾ ਹੁੰਦਾ ਸੀ, ਹਾਸੇ ਹਾਸੇ ਵਿਚ ਹੀ ਬੇਲਿਹਾਜ਼ ਤਿੱਖੀ ਅਲੋਚਨਾ ਵੀ ਕਰ ਜਾਂਦਾ ਸੀ। ਮੈਨੂੰ ਯਾਦ ਹੈ, ਸਭਾ ਦੀ ਇੱਕ ਮੀਟਿੰਗ ਵਿਚ ਇੱਕ ਘਟੀਆ ਜਿਹੇ ਕਵੀ ਨੇ ਘਟੀਆ ਜਿਹੀ ਕਵਿਤਾ ਸੁਣਾਈ। ਬਹੁਤੇ ਸਰੋਤਿਆਂ ਨੇ ਉਹਦੀ ਕਵਿਤਾ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹ ਦਿੱਤੇ। ਜਦੋਂ ਸਾਰੇ ਹੀ ਉਹਦੀ ਕਵਿਤਾ ਦੇ ਗੁਣ ਗਾ ਹਟੇ ਤਾਂ ਹਾਂਸ ਨੇ ਕੇਵਲ ਇੰਨਾ ਹੀ ਕਿਹਾ, “ਯਾਰੋ! ਕੁੱਝ ਤਾਂ ਸ਼ਰਮ ਕਰੋ, ਕਿਉਂ ਇਸ ਗ਼ਰੀਬ ਦਾ ਬੇੜਾ ਗ਼ਰਕ ਕਰਨ ਤੇ ਤੁਲੇ ਹੋਏ ਹੋ?” ਇੰਨਾ ਕੁ ਕਹਿ ਕੇ ਨਾਲੇ ਤਾਂ ਉਹਨੇ ਉਸ ਘਟੀਆ ਜਿਹੇ ਕਵੀ ਨੂੰ ਥਾਂ ਸਿਰ ਕਰ ਦਿੱਤਾ, ਨਾਲੇ ਉਹਦੇ ਖਾਹਮਖਾਹ ਦੇ ਪ੍ਰਸ਼ੰਸਕਾਂ ਨੂੰ। ਮੈਂ ਕਿਹਾ ਤਾਂ ਕੁਝ ਨਾ ਪਰ ਉਸ ਦਿਨ ਤੋਂ ਇਹ ਜ਼ਰੂਰ ਸਮਝ ਲਿਆ ਕਿ ਬਰਤਾਨੀਆਂ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦਾ ਮਿਆਰ ਬਣਾਉਣ ਲਈ ਅਜਿਹੀ ਹੀ ਬੇਲਿਹਾਜ਼ ਅਲੋਚਨਾ ਦੀ ਲੋੜ ਹੈ।

ਸਭਾ ਦੀ ਇਕੱਤਰਤਾ ਮਹੀਨੇ ਵਿਚ ਇੱਕ ਵਾਰ ਹੁੰਦੀ ਸੀ। ਪਰ ਬਹੁਤੇ ਲੇਖਕ ਹਰ ਰੋਜ਼ ਰੇਲਵੇ ਜੰਕਸ਼ਨ ਪੱਬ (ਹੁਣ ਗਲਾਸੀ ਜੰਕਸ਼ਨ) ਵਿਚ ਜੀਭਾਂ ਦਾ ਜੰਗਾਲ ਲਾਹੁਣ ਲਈ ਆ ਜਾਂਦੇ ਸਨ। ਉੱਥੇ ਸਾਹਿਤ ਸੰਬੰਧੀ ਚਰਚਾ ਅਤੇ ਸਾਹਿਤਕਾਰਾਂ ਦੀ ਚੁਗਲੀ ਨਿੰਦਾ ਚਲਦੀ ਰਹਿੰਦੀ ਸੀ। ਪੰਜਾਬ ਵਿਚ ਕੀ ਤੇ ਕਿਹੋ ਜਿਹਾ ਲਿਖਿਆ ਜਾ ਰਿਹਾ ਹੈ, ਇਸ ਪੱਬ ਵਿਚ ਹੀ ਪਤਾ ਲੱਗ ਜਾਂਦਾ ਸੀ। ਇਸੇ ਪੱਬ ਵਿਚ ਸ਼ੇਰ ਜੰਗ ਜਾਂਗਲੀ, ਪ੍ਰੀਤਮ ਸਿੱਧੂ, ਰਣਜੀਤ ਧੀਰ, ਸੁਰਜੀਤ ਵਿਰਦੀ, ਜੋਗਿੰਦਰ ਸ਼ਮਸ਼ੇਰ ਤੇ ਤਰਸੇਮ ਨੀਲਗਿਰੀ ਵਰਗੇ ਲੇਖਕਾਂ ਨਾਲ ਮੇਰੀ ਜਾਣ ਪਛਾਣ ਹੋਈ।

ਪਹਿਲੀ ਸਰਬ ਬਰਤਾਨੀਆ ਪੰਜਾਬੀ ਲੇਖਕ ਕਾਨਫਰੰਸ ਵੀ ਇਸੇ ਸਭਾ ਦੀ ਛਤਰ ਛਾਇਆ ਹੇਠ ਹੋਈ ਸੀ। ਸਾਹਿਤ-ਅਲੋਚਨਾ ਅਤੇ ਸਾਹਿਤਕਾਰਾਂ ਦੀਆਂ ਲਿਖਤਾਂ ਤੇ ਪਰਚੇ ਪੜ੍ਹਨ ਦੀ ਰੀਤ ਵੀ ਇਸੇ ਕਾਨਫਰੰਸ ਨਾਲ ਸ਼ੁਰੂ ਹੋ ਗਈ ਸੀ। ਇਸੇ ਕਾਨਫਰੰਸ ਵਿਚ ਸਾਹਿਤਕਾਰਾਂ ਉੱਤੇ ਅੱਗੇਵਧੂ ਤੇ ਪਿੱਛੇ ਖਿੱਚੂ ਹੋਣ ਦੇ ਠੱਪੇ ਵੀ ਲੱਗਣੇ ਅਰੰਭ ਹੋ ਗਏ ਸਨ। ਇਸਦੇ ਨਾਲ ਹੀ ਲੇਖਕਾਂ ਨੂੰ ਸੋਧਵਾਦੀ ਤੇ ਨਵਸੋਧਵਾਦੀ ਵੀ ਕਿਹਾ ਜਾਣ ਲੱਗ ਪਿਆ ਸੀ। ਇਨ੍ਹਾਂ ਲੇਖਕਾਂ ਦਾ ਵੀ ਵੱਸ ਨਹੀਂ ਸੀ, ਇਨ੍ਹਾਂ ਵਿੱਚੋਂ ਬਹੁਤੇ ਭਾਰਤ ਵਿਚ ਰਹਿੰਦਿਆਂ ਹੀ ਕਮਿਊਨਿਸਟ ਪਾਰਟੀ ਦੀ ਸਿਆਸਤ ਨਾਲ ਜੁੜੇ ਹੋਏ ਸਨ ਤੇ ਆਪਣੇ ਆਪ ਨੂੰ ਪ੍ਰਗਤੀਵਾਦੀ (ਪ੍ਰਗਤੀਸ਼ੀਲ) ਕਹਿੰਦੇ ਕਹਾਉਂਦੇ ਸਨ। ਜਦ ਭਾਰਤ ਦੀ ਕਮਿਊਨਿਸਟ ਪਾਰਟੀ ਵਿਚ ਫੁੱਟ ਪੈ ਕੇ ਦੋ ਪਾਰਟੀਆਂ ਬਣ ਗਈਆ ਤਾਂ ਇਹ ਲੇਖਕ ਵੀ ਦੋ ਧੜਿਆਂ ਵਿਚ ਵੰਡੇ ਗਏ। ਜਦ ਮਾਰਕਸੀ ਪਾਰਟੀ ਵਿੱਚੋਂ ਨਕਸਲੀ ਵੱਖ ਹੋ ਗਏ ਤਾਂ ਲੇਖਕਾਂ ਦੇ ਵੀ ਤਿੰਨ ਧੜੇ ਬਣ ਗਏ। ਧੜੇ ਬਣ ਜਾਣੇ ਜਾਂ ਕਿਸੇ ਦਾ ਕਿਸੇ ਗਰਮ ਜਾਂ ਨਰਮ ਪਾਰਟੀ ਨਾਲ ਜੁੜਨਾ ਹੋਰ ਗੱਲ ਸੀ, ਪਰ ਇੱਥੇ ਤਾਂ ਇਹ ਆਪਣੇ ਧੜੇ ਦੇ ਰੰਗ ਤੋਂ ਬਿਨਾਂ ਕਿਸੇ ਵੀ ਹੋਰ ਰੰਗ ਦੇ ਲੇਖਕ ਨੂੰ ਬੰਦਾ ਵੀ ਸਮਝਣ ਲਈ ਤਿਆਰ ਨਹੀਂ ਸਨ।

ਇਸ ਪਹਿਲੀ ਲੇਖਕ ਕਾਨਫਰੰਸ ਵਿਚ ਇੱਕ ਨਕਸਲਵਾਦ ਦੇ ਹਾਮੀ ਲੀਡਰ ਜਗਮੋਹਨ ਜੋਸ਼ੀ ਨੇ ਆਪਣੇ ਗਰਮ ਗਰਮ ਇਨਕਲਾਬੀ ਭਾਸ਼ਣ ਵਿਚ ਕਿਹਾ, “ਉਹ ਲੇਖਕ ਜਿਹੜੇ ਲੋਕਾਂ ਨਾਲ ਨਹੀਂ ਖਲੋਤੇ ਉਨ੍ਹਾਂ ਤੋਂ ਕਲਮਾਂ ਖੋਹ ਲੈਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਦੇ ਹੱਥ ਵੱਢ ਦੇਣੇ ਚਾਹੀਦੇ ਹਨ।” ਅੱਗੇ ਬੈਠੇ ਇੱਕ ਕਹਾਣੀਕਾਰ ਨੇ ਕਹਿ ਦਿੱਤਾ, “ਹੱਥ ਵੱਢੇਗਾ ਕੌਣ?” ਉਹਦੇ ਜਵਾਬ ਵਿਚ ਇੱਕ ਓਹੋ ਜਿਹੇ ਅਲੇਖਕ ਜਿਹੇ ਬੰਦੇ ਨੇ ਉੱਠ ਕੇ ਕਿਹਾ, “ਮੈਂ ਵੱਢੂੰਗਾ।” ਉਹਦੀ ਬਦਕਿਸਮਤੀ ਸੀ ਕਿ ਹਾਲੀਂ ਨਾ ਤਾਂ ਭਾਰਤ ਵਿਚ ਉਹ ਇੰਨੀ ਕੁ ਸ਼ਕਤੀ ਦੇ ਮਾਲਕ ਸਨ ਕਿ ਜਿਹਦੇ ਚਾਹੁੰਦੇ ਹੱਥ ਵੱਢ ਸਕਦੇ, ਨਾ ਬਰਤਾਨੀਆ ਵਿਚ ਉਹ ਤਿੰਨਾਂ ਜਾਂ ਤੇਰਾਂ ਵਿਚ ਸਨ। ਇਹੋ ਜਿਹੇ ਸਿਰ ਫਿਰੇ ਬੰਦਿਆਂ ਦੀ ਚਲਾਈ ਕੋਈ ਵੀ ਲਹਿਰ ਬਹੁਤਾ ਚਿਰ ਨਹੀਂ ਚਲਦੀ ਹੁੰਦੀ, ਜਿਹੜੇ ਆਪਣੇ ਨਾਲੋਂ ਥੋੜ੍ਹਾ ਜਿਹਾ ਵੱਖ ਸੋਚਣ ਵਾਲਿਆਂ ਦੇ ਹੱਥ ਵੱਢ ਦੇਣ ਦੀਆਂ ਗੱਲਾਂ ਕਰਦੇ ਹੋਣ। ਇਸ ਰੋਲ਼ ਘਚੋਲੇ ਵਿਚ ਸਾਹਿਤਕਾਰੀ ਦਾ ਕੰਮ ਤਾਂ ਕੀ ਹੋਣਾ ਸੀ,ਫੇਰ ਵੀ ਇੰਨਾ ਕੁ ਲਾਭ ਜ਼ਰੂਰ ਹੋਇਆ ਕਿ ਪੰਜਾਬੀ ਸਾਹਿਤ ਤੇ ਪੰਜਾਬੀ ਬੋਲੀ ਦੀ ਗੱਲ ਹੁੰਦੀ ਰਹੀ।

ਜੇ ਕਮਿਊਨਿਸਟ ਕਹਾਉਣ ਵਾਲੇ ਇੱਕ ਨਹੀਂ ਰਹੇ ਸਨ ਤਾਂ ਇਨ੍ਹਾਂ ਦੀ ਚਲਾਈ ਹੋਈ ਲੇਖਕ ਸਭਾ ਇੱਕ ਕਿਵੇਂ ਰਹਿ ਜਾਂਦੀ? ਛੇਤੀ ਹੀ ਇਸ ਸਭਾ ਵਿੱਚੋਂ ਕੁਝ ਨਰਾਜ਼ ਬੰਦਿਆਂ ਨੇ ਪ੍ਰਗਤੀਸ਼ੀਲ ਲੇਖਕ ਸਭਾ ਬਣਾ ਲਈ ਤੇ ਫੇਰ ਉਹਦੀ ਬ੍ਰਾਂਚ ਵੀ ਹਰ ਉਸ ਸ਼ਹਿਰ ਵਿਚ ਖੋਲ੍ਹ ਲਈ ਜਿੱਥੇ ਕਿਤੇ ਕੋਈ ਇੱਕ ਵੀ ਬੰਦਾ ਉਨ੍ਹਾਂ ਦੀ ਸਿਆਸੀ ਲਾਈਨ ਨਾਲ ਸਹਿਮਤ ਮਿਲ ਗਿਆ।

ਪੰਡਤ ਵਿਸ਼ਨੂੰ ਦੱਤ ਪੁਰਾਣਾ ਕਮਿਊਨਿਸਟ ਲੀਡਰ ਸੀ। ਉਹ ਵੀ ਸਾਊਥਾਲ ਵਿਚ ਰਹਿੰਦਾ ਸੀ। ਉਹਦੇ ਅਤੇ ਕੁਝ ਹੋਰ ਕਾਮਰੇਡਾਂ ਦੇ ਉੱਦਮ ਨਾਲ ਇੱਥੇ ਭਾਰਤੀ ਮਜ਼ਦੂਰ ਸਭਾ ਬਣੀ ਹੋਈ ਸੀ। ਇਹ ਮਜ਼ਦੂਰ ਸਭਾ ਆਪਣੇ ਲੋਕਾਂ ਲਈ ਚੋਖਾ ਸਾਰਥਕ ਕੰਮ ਕਰਦੀ ਰਹੀ ਸੀ। ਡੁਮੀਨੀਅਨ ਸਿਨੇਮੇ ਵਿਚ ਭਾਰਤੀ ਫਿਲਮਾਂ ਇਸੇ ਸਭਾ ਦੇ ਪ੍ਰਬੰਧ ਹੇਠ ਲਗਦੀਆਂ ਸਨ। ਜਦ ਭਾਰਤ ਦੀ ਕਮਿਊਨਿਸਟ ਪਾਰਟੀ ਦੀਆਂ ਦੋ ਪਾਰਟੀਆਂ ਬਣ ਗਈਆਂ ਤਾਂ ਵਿਸ਼ਨੂੰ ਦੱਤ ਸੀ.ਪੀ.ਆਈ. ਦਾ ਹਮਾਇਤੀ ਬਣਿਆ ਰਿਹਾ ਪਰ ਪੰਜਾਬੋਂ ਆਏ ਬਹੁਤੇ ਕਾਮਰੇਡ ਖੱਬੀ ਸੋਚ ਦੇ ਮਾਲਕ ਸਨ ਤੇ ਨਵੀਂ ਬਣੀ ਪਾਰਟੀ ਨਾਲ ਖੜ੍ਹਦੇ ਸਨ। ਇਸ ਲਈ ਭਾਰਤੀ ਮਜ਼ਦੂਰ ਸਭਾ ਵੀ ਖੱਬੇ ਸੱਜੇ ਪੱਖਾਂ ਦੇ ਘੋਲ ਦਾ ਅਖਾੜਾ ਬਣ ਗਈ।

ਭਾਰਤ ਵਿਚ ਰਹਿੰਦਿਆਂ ਹੀ ਮੈਂ ਕਮਿਊਨਿਸਟ ਪਾਰਟੀ ਦੀ ਅੰਦਰਲੀ ਧੜੇਬੰਦੀ ਨੂੰ ਤਾਂ ਜਾਣਦਾ ਸਾਂ, ਪਰ ਇਹ ਨਹੀਂ ਪਤਾ ਸੀ ਕਿ ਪਾਰਟੀ ਇਸ ਤਰ੍ਹਾਂ ਦੋਫਾੜ ਹੋ ਜਾਵੇਗੀ। ਪਾਰਟੀ ਦੀ ਸੈਂਟਰਲ ਕਮੇਟੀ ਦੀ ਬਹੁ ਗਿਣਤੀ ਨੇ ਤਾਂ ਹਿੰਦ ਚੀਨ ਦੀ ਟੱਕਰ ਵੇਲੇ ਚੀਨ ਨੂੰ ਗ਼ਲਤ ਕਿਹਾ ਸੀ ਪਰ ਘੱਟ ਗਿਣਤੀ ਕਹਿੰਦੀ ਸੀ ਕਿ ਕੋਈ ਵੀ ਕਮਿਊਨਿਸਟ ਦੇਸ ਕਿਸੇ ਹੋਰ ਦੇਸ ਤੇ ਹਮਲਾ ਕਰ ਹੀ ਨਹੀਂ ਸਕਦਾ। ਹੁਣ ਚੀਨ ਦੇ ਹਮਾਇਤੀਆਂ ਨੇ ਵੱਖਰੀ ਪਾਰਟੀ ਬਣਾ ਲਈ ਸੀ, ਇਸ ਲਈ ਇੱਥੇ ਯੂ.ਕੇ. ਵਿਚ ਵੀ ਭਾਰਤੀ ਕਮਿਊਨਿਸਟਾਂ ਵਿਚ ਫੁੱਟ ਪੈਣੀ ਹੀ ਸੀ। ਇੱਥੇ ਭਾਰਤੀ ਕਮਿਊਨਿਸਟ ਬਰਤਾਨਵੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ ਹੋਏ ਸਨ। ਕਿਉਂਕਿ ਇਹ ਪਾਰਟੀ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਨਾਲ ਜੁੜੀ ਹੋਈ ਸੀ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਨਿਰਣੇ ਨੂੰ ਠੀਕ ਸਮਝਦੀ ਸੀ, ਇਸ ਲਈ ਸਾਰੇ ਖੱਬੇ ਪੱਖੀ ਭਾਰਤੀ ਕਮਿਊਨਿਸਟ ਇਸ ਪਾਰਟੀ ਵਿੱਚੋਂ ਨਿਕਲ ਗਏ ਤੇ ਉਨ੍ਹਾਂ ਨੇ ਭਾਰਤੀ ਕਮਿਊਨਿਸਟਾਂ ਦੀ ਐਸੋਸੀਏਸ਼ਨ ਨਾਉਂ ਦੀ ਵੱਖਰੀ ਜਥੇਬੰਦੀ ਬਣਾ ਲਈ ਜਿਹੜੀ ਅਮਲ ਵਿਚ ਨਵੀਂ ਬਣੀ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਬ੍ਰਾਂਚ ਵਾਂਗ ਕੰਮ ਕਰਦੀ ਸੀ। ਫੇਰ ਜਦੋਂ ਭਾਰਤ ਵਿਚ ਨਕਸਲਾਈਟ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਵੱਖ ਹੋ ਗਏ ਤਾਂ ਉਨ੍ਹਾਂ ਦੇ ਹਮਾਇਤੀ ਕਾਮਰੇਡ ਇੰਡੀਅਨ ਕਮਿਊਨਿਸਟਾਂ ਦੀ ਐਸੋਸੀਏਸ਼ਨ ਤੋਂ ਵੱਖ ਹੋ ਗਏ। ਮੇਰੇ ਲਈ ਇਨ੍ਹਾਂ ਰਾਹਾਂ ਵਿੱਚੋਂ ਕੋਈ ਵੀ ਰਾਹ ਠੀਕ ਨਹੀਂ ਸੀ। ਫੇਰ ਮੈਂ ਨਾਲ ਤੁਰਦਾ ਤਾਂ ਕਿਸਦੇ? ਕਿਉਂਕਿ ਮੈਂ ਸੀ.ਪੀ.ਆਈ. ਦੇ ਚੀਨ ਬਾਰੇ ਨਿਰਣੇ ਨੂੰ ਠੀਕ ਸਮਝਦਾ ਸਾਂ ਇਸ ਲਈ ਮੇਰਾ ਝੁਕਾ ਕੁਝ ਹੱਦ ਤੱਕ ਇਸ ਪਾਰਟੀ ਵਲ ਰਿਹਾ। ਫੇਰ ਵੀ ਮੇਰੀ ਇਹ ਦਿਲੀ ਕਾਮਨਾ ਸੀ ਕਿ ਹਰ ਰੰਗ ਦੇ ਮਾਰਕਸਵਾਦੀ ਘੱਟੋ ਘੱਟ ਮਿਲ ਬੈਠਦੇ ਰਹਿਣ ਤੇ ਆਪਸ ਵਿਚ ਵਿਚਾਰ ਵਟਾਂਦਰਾ ਵੀ ਕਰਦੇ ਰਹਿਣ, ਇਸ ਲਈ ਮੈਂ ਹਰ ਰੰਗ ਦੇ ਮਾਰਕਸਵਾਦੀਆਂ ਨਾਲ ਮਿਲ ਬੈਠਣ ਦੇ ਯਤਨ ਕਰਦਾ ਰਿਹਾ।

ਪਿੰਗਲਿਸ਼

ਬਚਪਨ ਵਿਚ ਮੈਂ ਪੰਜਾਬ ਦੇ ਸਿੱਧੇ ਸਾਦੇ ਤੇ ਅਨਪੜ੍ਹ ਬੰਦਿਆਂ ਤੋਂ ਵੀ ਇਹ ਗੱਲ ਸੁਣਦਾ ਰਿਹਾ ਸਾਂ ਕਿ ਬੋਲੀ ਬਾਰਾਂ ਕੋਹ ਤੇ ਬਦਲ ਜਾਂਦੀ ਹੈ ਤੇ ਆਪ ਵੀ ਇਸ ਸੱਚ ਨੂੰ ਪ੍ਰਤੱਖ ਰੂਪ ਵਿਚ ਆਪਣੇ ਪਿੰਡ ਤੋਂ ਇੰਨੀ ਕੁ ਦੂਰ ਦੇ ਪਿੰਡਾਂ ਵਿਚ ਜਾ ਕੇ ਦੇਖਦਾ ਰਿਹਾ ਸਾਂ। ਇੰਨ੍ਹਾਂ ਪਿੰਡਾਂ ਵਿਚ ਕੁਝ ਸ਼ਬਦ ਸਾਡੇ ਪਿੰਡ ਨਾਲੋਂ ਵੱਖਰੇ ਰੂਪ ਵਿਚ ਜਾਂ ਵੱਖਰੀ ਤਰ੍ਹਾਂ ਬੋਲੇ ਜਾਂਦੇ ਸਨ। ਇਹਦੇ ਕਾਰਨਾਂ ਦਾ ਤਾਂ ਉਦੋਂ ਹੀ ਪਤਾ ਲੱਗਾ ਜਦ ਪੜ੍ਹ ਲਿਖ ਕੇ ਭਾਸ਼ਾ ਵਿਗਿਆਨ ਦੀ ਕੁਝ ਕੁਝ ਸੋਝੀ ਪ੍ਰਾਪਤ ਹੋ ਗਈ ਤੇ ਜਾਣ ਲਿਆ ਕਿ ਬੋਲੀਆਂ ਵਿਚ ਇਹ ਪ੍ਰੀਵਰਤਨ ਕਿਵੇਂ ਆਉਂਦੇ ਤੇ ਕਿਉਂ ਆਉਂਦੇ ਹਨ ਤੇ ਕਿਵੇਂ ਇੱਕ ਹੀ ਬੋਲੀ ਦੇ ਵੱਖ ਵੱਖ ਇਲਾਕਿਆਂ ਵਿਚ ਵੱਖ ਵੱਖ ਰੂਪ ਪ੍ਰਚਲਤ ਹੋ ਜਾਂਦੇ ਹਨ ਤੇ ਫੇਰ ਵੱਖਰੀਆਂ ਬੋਲੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ?

ਸਾਊਥਾਲ ਵਿਚ ਰਹਿੰਦਿਆਂ ਮੈਂ ਇਹ ਗੱਲ ਪ੍ਰਤੱਖ ਦੇਖ ਸਕਿਆ ਕਿ ਦੋ ਵੱਖੋ ਵੱਖਰੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਦੇ ਆਪਸੀ ਮੇਲ ਮਿਲਾਪ ਨਾਲ ਕਿਵੇਂ ਬੋਲੀਆ ਇਕ ਦੂਜੀ ਦਾ ਪ੍ਰਭਾਵ ਗ੍ਰਹਿਣ ਕਰਦੀਆਂ ਹਨ? ਇੱਥੇ ਰਹਿੰਦੇ ਪੰਜਾਬੀਆਂ ਦੀ ਪੰਜਾਬੀ ਨੇ ਅੰਗਰੇਜ਼ੀ ਦੇ ਪ੍ਰਭਾਵ ਹੇਠ ਜਿਹੜਾ ਨਵਾਂ ਰੂਪ ਗ੍ਰਹਿਣ ਕਰ ਲਿਆ ਸੀ ਮੈਂ ਉਸ ਤੋਂ ਛੇਤੀ ਹੀ ਵਾਕਿਫ ਹੋ ਗਿਆ। ਪੰਜਾਬੀ ਤੇ ਇੰਗਲਿਸ਼ ਦੇ ਇਸ ਮਿਲਗੋਭੇ ਨੂੰ ਜੇ ਪਿੰਗਲਿਸ਼ ਕਹਿ ਲਿਆ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ।

ਇੱਥੇ ਵਸਦੇ ਪੰਜਾਬੀ ਹਫਤੇ ਦੇ ਅੰਗਰੇਜ਼ੀ ਦਿਨਾਂ ਨੂੰ ਪੰਜਾਬੀ ਉਚਾਰਣ ਅਨੁਸਾਰ ਸੰਢਾ, ਮੰਡਾ, ਚੂਸਡਾ, ਵੈਨਸਡਾ, ਥਰਸਡਾ, ਫਰੈਡਾ ਤੇ ਸੈਚਰਡਾ ਕਹਿੰਦੇ ਸਨ। ਪੰਜਾਬੀ ਦਾ ਇਹ ਨਵਾਂ ਰੂਪ ਕਈ ਵੇਰ ਪੰਜਾਬ ਵਿਚ ਰਹਿੰਦੇ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਜੀਬ ਜਿਹੇ ਭੁਲੇਖੇ ਵੀ ਪਾ ਦਿੰਦਾ ਸੀ।

ਇੱਕ ਪੰਜਾਬੀ ਭਾਈਬੰਦ ਨੇ ਆਪਣੇ ਬਾਪ ਨੂੰ ਮਨੀਆਰਡਰ ਭੇਜਣ ਲੱਗੇ ਨੇ ਚਿੱਠੀ ਵਿਚ ਲਿਖ ਦਿੱਤਾ, “ਭਾਈਆ, ਪੈਸੇ ਤਾਂ ਮੈਂ ਹੋਰ ਵੀ ਭੇਜਣੇ ਸਨ ਪਰ ਇਸ ਹਫਤੇ ਮੇਰਾ ਸੰਢਾ ਮਰ ਗਿਆ ਉਹਦਾ ਬਾਪ ਚਿੱਟਾ ਅਨਪੜ੍ਹ ਸੀ। ਉਹਨੇ ਉਹਦੇ ਜਵਾਬ ਵਿਚ ਲਿਖਵਾਇਆ, “ਕਾਕਾ! ਵਲੈਤ ਵਿਚ ਜਾ ਕੇ ਵੀ ਜੇ ਖੇਤੀ ਹੀ ਕਰਨੀ ਸੀ ਤਾਂ ਬੌਲਦਾਂ ਦੀ ਚੰਗੀ ਜੋਗ ਲੈਂਦਾ, ਸੰਢੇ ਕਾਹਨੂੰ ਲੈਣੇ ਸੀ

ਸਾਡੇ ਦੇਸੀ ਭਾਈਬੰਦ ਦਰਵਾਜ਼ਿਆਂ ਨੂੰ ਡੋਰਾਂ, ਤਾਕੀਆਂ ਨੂੰ ਵਿੰਡੇ, ਪਰਦਿਆਂ ਨੂੰ ਕਾਟਨਾਂ ਤੇ ਕਰਾਏਦਾਰਾਂ ਨੂੰ ਲੌਜਰ ਦੀ ਥਾਂ ਲਾਂਜੇ ਕਹਿੰਦੇ ਸਨ। ਅੰਗਰੇਜ਼ ਕਰਾਏਦਾਰ ਮਾਲਕ ਮਕਾਨ ਜਾਂ ਉਹਦੇ ਮਕਾਨ ਦੀ ਦੇਖ ਭਾਲ ਕਰਨ ਵਾਲੇ ਨੂੰ ਗਵਰਨਰ ਤੇ ਉਹਦੀ ਪਤਨੀ ਨੂੰ ਗਵਰਨੈੱਸ ਕਹਿੰਦੇ ਹਨ। ਸਾਡੇ ਪੰਜਾਬੀ ਭਾਈਬੰਦਾਂ ਨੇ ਇਨ੍ਹਾਂ ਸ਼ਬਦਾਂ ਨੂੰ ਪੰਜਾਬੀ ਉਚਾਰਣ ਅਨੁਸਾਰ ਗਮਨਾ , ਗਮਨੀ  ਬਣਾ ਲਿਆ। ਇਨ੍ਹਾਂ ਦੀਆਂ ਵੈਫਾਂ (ਵਾਈਵਜ਼) ਵੂਲਾਂ (ਵੂਲਵਰਥਜ਼) ਵਿਚ ਸ਼ੌਪਾਂ ਕਰਨ (ਸਾਮਾਨ ਖਰੀਦਣ) ਜਾਂਦੀਆਂ ਸਨ। ਨਵਜੰਮੇ ਮੁੰਡੇ ਨੂੰ ਇਹ ਬੋਈ ਤੇ ਨਵਜੰਮੀ ਕੁੜੀ ਨੂੰ ਬੇਬੀ ਕਹਿੰਦੇ ਸਨ। ਜਮੀਕਨ ਆਦਮੀਆਂ ਨੂੰ ਇਨ੍ਹਾਂ ਨੇ ਜਮੀਕੇ ਤੇ ਜਮੀਕਨ ਤੀਵੀਆਂ ਨੂੰ ਜਮੀਕੀਆਂ ਬਣਾ ਲਿਆ ਸੀ। ...

ਆਮ ਤੌਰ ਤੇ ਸਵੇਰੇ ਅੱਠ ਵਜੇ ਕੰਮ ਉੱਤੇ ਜਾਣ ਦਾ ਸਮਾਂ ਹੁੰਦਾ ਸੀ ਪਰ ਜਿਹੜੇ ਬੰਦੇ ਓਵਰਟਾਈਮ ਲਾਉਂਦੇ ਸਨ, ਉਹ ਆਉਂਦੇ ਵੀ ਰਾਤ ਨੂੰ ਅੱਠ ਵਜੇ ਸਨ। ਪੰਜਾਬੀਆਂ ਨੇ ਇਹਨੂੰ ਅੱਠੋ ਅੱਠ ਮਾਰਨਾਕਹਿਣਾ ਸ਼ੁਰੂ ਕਰ ਦਿੱਤਾ।

ਜੇ ਪੰਜਾਬੀ ਵਿਚ ਅਨੇਕਾਂ ਅੰਗਰੇਜ਼ੀ ਸ਼ਬਦ ਸ਼ੁੱਧ ਵੀ ਤੇ ਵਿਗੜੇ ਰੂਪ ਵਿਚ ਵੀ ਆ ਰਹੇ ਸਨ ਤਾਂ ਅੰਗਰੇਜ਼ੀ ਵੀ ਅਨੇਕਾਂ ਪੰਜਾਬੀ ਤੇ ਹਿੰਦੀ ਸ਼ਬਦਾਂ ਨੂੰ ਪਚਾਈ ਜਾ ਰਹੀ ਸੀ। ਛੇਤੀ ਹੀ ਨਾਨ, ਕਬਾਬ, ਕੜ੍ਹੀ ਤੇ ਹੋਰ ਅਨੇਕਾਂ ਪੰਜਾਬੀ ਸ਼ਬਦ ਅੰਗਰੇਜ਼ਾਂ ਦੀ ਜ਼ਬਾਨ ’ਤੇ ਚੜ੍ਹ ਗਏ। ਦੋਹਾਂ ਜ਼ਬਾਨਾਂ ਦਾ ਇਹ ਅਦਾਨ ਪ੍ਰਦਾਨ ਹਾਲੀਂ ਵੀ ਜਾਰੀ ਹੈ।

*****

(139)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

More articles from this author