“ਪਾਏ ਨੀ ਤੁਸੀਂ ਗਾਇਕੀ ’ਚ ਆਵਦੇ ਮੁੰਡੇ? ਪ੍ਰਸ਼ੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ਉਹ ਗਾਉਂਦੇ ਤੁਹਾਡੇ ਈ ਪਿੰਡ! ...”
(17 ਜੂਨ 2017)
(ਪਹਿਲੀ ਵਾਰ: ਮਾਰਚ 4, 2016)
ਬਾਪੂ ਦਾ ਕਵੀਸ਼ਰੀ ਜੱਥਾ ਵਿਸਾਖ ਦੇ ਪਹਿਲੇ ਹਫ਼ਤੇ ਕਲਕੱਤੇ ਵਾਲ਼ੀ ਟਰੇਨ ਦੀਆਂ ਪੌੜੀਆਂ ਚੜ੍ਹ ਗਿਆ ਸੀ। ਬਾਪੂ ਕਹਿ ਗਿਆ ਸੀ ਕਿ ਉਹ ਹਾੜ੍ਹ ਮਹੀਨਾ ਚੜ੍ਹਨ ਤੋਂ ਪਹਿਲਾਂ, ਕਲਕੱਤਿਓਂ ਪਰਤ ਆਵੇਗਾ ਕਿਉਂਕਿ ਉਨ੍ਹੀਂ ਦਿਨੀਂ ਪੰਜਾਬ ਵਿੱਚ ਹਾੜ੍ਹ ਦਾ ਮਹੀਨਾ ਸ਼ਾਦੀਆਂ ਦੇ ‘ਹੜ੍ਹ’ ਦਾ ਮਹੀਨਾ ਹੋਇਆ ਕਰਦਾ ਸੀ। ਹਾੜ੍ਹ ਦੀਆਂ ਸ਼ਾਦੀਆਂ ਵਿਚ ਗਾਇਕੀ ਕਰਨ ਲਈ, ਪੰਜਾਬ ਦੇ ਤਮਾਮ ਗਵੱਈਆਂ ਦੀਆਂ ਡਾਇਰੀਆਂ ਕਈ-ਕਈ ਮਹੀਨੇ ਪਹਿਲਾਂ ਹੀ ਆਬਾਦ ਹੋ ਜਾਂਦੀਆਂ ਸਨ। ਬਾਪੂ ਦੇ ਜੱਥੇ ਦੀ, ਕੋਟਕਪੂਰੇ ਦੇ ਇਲਾਕੇ ਦੇ ਪਿੰਡ ਬਾਜਾਖ਼ਾਨਾ ਵਿੱਚ, ਹਾੜ੍ਹ ਦੇ ਮਹੀਨੇ ਕਿਸੇ ਸ਼ਾਦੀ ਦੇ ਸਮਾਗਮ ’ਤੇ ਕਵੀਸ਼ਰੀ ਕਰਨ ਦੀ ਬੁਕਿੰਗ, ਜੱਥੇ ਦੇ ਕਲਕੱਤੇ ਵੱਲ ਨੂੰ ਚਾਲੇ ਪਾਉਣ ਤੋਂ ਢੇਰ ਚਿਰ ਪਹਿਲਾਂ ਹੀ ਹੋ ਚੁੱਕੀ ਸੀ। ਇਸ ਲਈ ਜੇਠ ਦਾ ਮਹੀਨਾ ਜਿਓਂ ਹੀ ਆਪਣੀ ਪੂਛਲ਼ ਦੇ ਨੇੜੇ ਢੁੱਕਿਆ, ਸਹਿਮ ਤੇ ਭੈਅ ਦੇ ਆਲਮ ਵਿਚ ਅਸੀਂ ਤਿੰਨੇ ਭਰਾ, ਬਾਪੂ ਦੇ ਕਲਕੱਤਿਓਂ ਪਰਤਣ ਦੀ ਉਡੀਕ ਕਰਨ ਲੱਗੇ।
ਪਿੰਡ ਆਈ ਬਰਾਤ ਲਈ ਕਵੀਸ਼ਰੀ ਗਾਉਣ ਵਾਲ਼ੇ ਸਾਡੇ ‘ਕੁੱਤੇ ਕੰਮ’ ਦਾ ਇਲਮ ਹੋਣ ਤੋਂ ਬਾਅਦ, ਬੇਬੇ ਦੇ ਮੱਥੇ ’ਤੇ ਇੱਕ ਦਮ ਉੱਭਰ ਆਇਆ ਕਰੇਲਾ, ਸੁੰਗੜਨ ਦਾ ਨਾਮ ਨਹੀਂ ਸੀ ਲੈ ਰਿਹਾ। ‘ਉੱਠੋ ਮੇਰੇ ਲਾਲ, ਉੱਠੋ, ਉੱਠੋ ਸ਼ੇਰ ਬਣਕੇ!’ ਵਰਗੀਆਂ ਲੋਰੀਆਂ ਨਾਲ਼, ਹਰ ਰੋਜ਼ ਸਾਨੂੰ ਸਵਖ਼ਤੇ ਜਗਾਉਣ ਵਾਲ਼ੀ ਸਾਡੀ ਮਾਂ, ਹੁਣ ਆਪਣੇ ਭਰਵੱਟਿਆਂ ਨੂੰ ਅੰਦਰ ਵੱਲ ਟਕਰਾਅ ਕੇ ਮੰਜੇ ’ਤੇ ਝੁਕਦੀ, ਸਾਨੂੰ ਆਟਾ ਗੁੰਨ੍ਹਣ ਵਾਂਗ ਝੰਜੋੜਦੀ, ਤੇ ਮੁੱਠੀ ਵਾਂਗ ਵੱਟੇ ਹੋਏ ਬੁੱਲ੍ਹਾਂ ਨਾਲ਼, ਸਾਨੂੰ ਕੜਕ-ਕੜਕ ਪੈਂਦੀ: ਵੇ ਵੇਹਲੜੋ! ਪਏ ਓਂ ਸਰਾਲ਼ਾਂ ਆਂਗੂੰ ਬੱਬਰ {ਢਿੱਡ} ਭਰ ਕੇ; ਪੱਠੇ ਥੋਡਾ ਪਿਓ ਵੱਢ ਕੇ ਲਿਆਊ? ਡੱਫੋ ਗਲਾਸ-ਗਲਾਸ ਚਾਹ ਤੇ ਚੱਕੋ ਦਾਤੀਆਂ ਜੇ ਰਾਤ ਨੂੰ ਦੁੱਧ ਦੀ ਤਿੱਪ ਪੀਣੀ ਐਂ!
ਆਮ ਤੌਰ ’ਤੇ ਧੀਮੀ ਸੁਰ `ਚ ਰਹਿਣ ਵਾਲ਼ੇ ਚੌਂਕੇ ’ਚ, ਸਵੇਰ ਵੇਲ਼ੇ ਪਤੀਲੇ ਦਾ ਢੱਕਣ ਹੁਣ ਉਸਦੇ ਕਿਨਾਰਿਆਂ ਉੱਪਰ ਕੜਾਕ-ਕੜਾਕ ਡਿੱਗਣ ਲੱਗਾ, ਤੇ ਪਿੱਤਲ਼ ਦੇ ਗਲਾਸਾਂ ਤੇ ਛੰਨਿਆਂ ਦੀ ਟਰਨ-ਟਰਨ ਹੁਣ ਦਲਾਨ ਦੇ ਤਖ਼ਤਿਆਂ ਨੂੰ ਕੰਬਾਉਣ ਲੱਗੀ।
ਸਾਡੇ ਵਿੱਚੋਂ ਕੋਈ ਜਣਾ ਜੇ ਰੋਟੀ ਦੀ ਬੁਰਕੀ ਰਤਾ ਕੁ ਵੱਡੀ ਤੋੜ ਬਹਿੰਦਾ, ਤਾਂ ਬੇਬੇ ਝਪਟ ਮਾਰ ਕੇ ਖੋਹ ਲੈਂਦੀ। - ਬੰਦੈਂ ਕਿ ਬੋਤਾ? ਬੁਰਕੀ ਨੂੰ ਦਾਲ਼ ਵਾਲ਼ੀ ਕੌਲੀ ’ਚ ਵਗਾਹ ਕੇ ਮਾਰਦਿਆਂ, ਉਹ ਆਪਣੀ ਚੁਪੇੜ ਆਪਣੇ ਕੰਨ ਤੀਕ ਖਿਚਦੀ। - ਐਡੀ ਬੁਰਕੀ ਥੁੰਨੀਂ ਜਾਊ ਹੈਸ ਸੜੇ ਵੇ ਬੂਥੇ ’ਚ?
ਬੇਬੇ ਦੇ ਸੁਭਾਅ ਵਿਚ ਆਈ ਤੇਜ਼ਾਬੀ ਤਬਦੀਲੀ ਤੋਂ ਸਹਿਮੇ ਹੋਏ, ਇੱਕ ਰੋਟੀ ਮੁੱਕਣ ’ਤੇ ਦੂਸਰੀ ਰੋਟੀ ਮੰਗਦਿਆਂ ਸਾਨੂੰ ਇੰਝ ਲਗਦਾ ਜਿਵੇਂ ਪਾਕਿਸਤਾਨ ਦੀ ਸਰਕਾਰ ਤੋਂ ਲਾਹੌਰ ਦੀ ਮੰਗ ਕਰਨੀ ਹੋਵੇ। ਇਸ ਲਈ ਤਿੰਨ ਦੀ ਥਾਂ, ਦੋ ਰੋਟੀਆਂ ’ਤੇ ਸਬਰ ਕਰਦਿਆਂ, ਅਸੀਂ ਆਪਣੇ ਕੁੰਗੜੇ ਹੋਏ ਮੋਢਿਆਂ ਉੱਪਰ ਹੱਥ ਫੇਰਦੇ-ਫੇਰਦੇ, ਨਲ਼ਕੇ ਵੱਲ ਨੂੰ ਖਿਸਕ ਜਾਂਦੇ।
-ਚੱਕੋ ਆਹ ਥਾਲ਼ੀਆਂ ਤੇ ਕੌਲੇ, ਤੇ ਕਰੋ ਸਾਫ਼ ਇਨ੍ਹਾਂ ਨੂੰ ਨਲ਼ਕੇ ਹੇਠ ਲਿਜਾਅ ਕੇ! - ਬੇਬੇ ਕੜਕਦੀ। ਨੌਕਰ ਨੀ ਮੈਂ ਥੋਡੀ ਵਈ ਜੂਠ ਪੂੰਝਦੀ ਫਿਰਾਂ ਤਿੰਨ ਸੂਰਾਂ ਦੀ!
ਸਾਡੇ ਪਲੇਠੇ ‘ਕਵੀਸ਼ਰੀ-ਸ਼ੋਅ’ ਵਾਲ਼ੇ ਦਿਨ ਬੋਲੇ ਉਸਦੇ ਚਿਤਾਵਨੀਏਂ ਬੋਲ, ‘ਆ ਜਾਣ ਦਿਓ ਪਤੰਦਰ ਨੂੰ ਕਲਕੱਤਿਓਂ; ਕਰੂ ਥੋਡੀਆਂ ਬੂਥੀਆਂ ਲਾਲ!’ ਸਾਡੇ ਮੱਥਿਆਂ ਵਿਚ ਰੇਤੀਆਂ ਫੇਰਨ ਲੱਗੇ।
ਚਰ੍ਹੀ ਵੱਢਣ-ਕੁਤਰਨ ਤੇ ਛੱਪੜ ਉੱਤੇ ਮੱਝਾਂ ਨਹਾਉਣ ਦੌਰਾਨ, ਬਾਪੂ ਦੇ ਕਲਕੱਤਿਓਂ ਪਰਤਣ ’ਤੇ ਪੈਣ ਵਾਲ਼ੀਆਂ ਗਾਲ਼ਾਂ ਦੀ ਵਾਛੜ ਤੇ ਚੁਪੇੜਾਂ ਦੀ ਝੜੀ ਦਾ ਡਰ, ਸਾਡੀਆਂ ਸੋਚਾਂ ਵਿਚ ਲਗਾਤਾਰ ਠੂੰਹੇਂ ਬਰਸਾਉਣ ਲੱਗਾ। ਸੰਦੂਕ ਵਿਚ, ਜਿੰਦਰੇ ਓਹਲੇ, ਟੀਨ ਦੀ ਜ਼ੰਗਾਲੀ ਹੋਈ ਸੰਦੂਕੜੀ ਵਿਚ ਨਿਸਚਿੰਤ ਸੁੱਤੇ, ‘ਕੌਲਾਂ’ ਦੇ ਕਿੱਸੇ ਦਾ ਚੇਤਾ ਆਉਂਦਿਆਂ ਹੀ ਮੇਰੇ ਕੰਨਾਂ ਵਿਚ ਜੇਠ ਦਾ ਦੁਪਹਿਰਾ ਰਿੱਝਣ ਲਗਦਾ। ਰਾਤੀਂ ਕੋਠੇ ’ਤੇ ਪਿਆਂ ਤਾਰਿਆਂ ਦੇ ਝੁਰਮਟਾਂ ਨਾਲ਼ ਗੁਫ਼ਤਗੂ ਕਰਦਿਆਂ ਜਦੋਂ ਨੀਂਦ ਦਾ ਹਲਕਾ ਜਿਹਾ ਝੂਟਾ ਰੁਮਕਦਾ, ਤਾਂ ਬਾਪੂ ਮੇਰੀ ਬਾਂਹ ਮਰੋੜ ਕੇ ਮੇਰੀ ਗਿੱਚੀ ’ਚ ਮੁੱਕੇ ਜੜਨ ਲੱਗ ਜਾਂਦਾ। ਕੀਹਨੂੰ ਪੁੱਛ ਕੇ ਕਵੀਸ਼ਰੀ ਕਰਨ ਗਏ ਸੀ, ਉਏ ਕੁੱਤਿਓ ਕਿਸੇ ਥਾਂ ਦਿਓ? ਬਾਪੂ ਕੜਕਦਾ, ਤੇ ਮੈਂ ਬੁੜ੍ਹਕ ਕੇ ਨੀਂਦਰ ਵਿੱਚੋਂ ਬਾਹਰ ਜਾ ਡਿਗਦਾ।
ਉਸ ਦਿਨ ਸਿਖ਼ਰ ਦੁਪਹਿਰੇ, ਦਲਾਨ ਵਿੱਚ ਬੈਠੇ ਅਸੀਂ ਤਿੰਨੇ ਭਰਾ ਤੇ ਦੋਏ ਭੈਣਾਂ, ਤੰਦੂਰੀ ਰੋਟੀਆਂ ਦੀਆਂ ਬੁਰਕੀਆਂ ਤੋੜ-ਤੋੜ ਕੇ, ਕੌਲੀਆਂ ’ਚ ਪਾਈ ਕੜ੍ਹੀ ਨਾਲ਼ ਛੇੜਛਾੜ ਕਰ ਰਹੇ ਸਾਂ ਕਿ ਵਿਹੜੇ ਵੱਲ ਦੇ ਦਰਵਾਜ਼ਿਓਂ ਇੱਕ ਓਪਰਾ ਬੰਦਾ, ਸਿਰ ’ਤੇ ਗੱਤੇ ਦਾ ਇੱਕ ਵੱਡਾ ਬਕਸਾ ਟਿਕਾਈ ਸਾਡੇ ਦਲਾਨ ਵਿੱਚ ਦਾਖ਼ਲ ਹੋ ਗਿਆ। ਅਸੀਂ ਅਜੇ ਉਸਦੇ ਹੁਲੀਏ ਤੋਂ ਉਸ ਦੀ ਪਛਾਣ ਅੰਦਾਜ਼ਣ ਵਿੱਚ ਹੀ ਉਲ਼ਝੇ ਹੋਏ ਸਾਂ ਕਿ ਇੱਕ ਹੱਥ ਵਿਚ ਚਮੜੇ ਦਾ ਬੈਗ਼ ਤੇ ਦੂਸਰੇ ਵਿਚ ਢਾਕ ਨਾਲ਼ ਲਾ ਕੇ ਅੰਬਾਂ ਦੀ ਟੋਕਰੀ ਚੁੱਕੀ ਦਲਾਨ ਵੱਲ ਨੂੰ ਲੁੜਕਦਾ ਆ ਰਿਹਾ ਬਾਪੂ ਨਜ਼ਰ ਪੈ ਗਿਆ। ਉਸ ਦੀਆਂ ਚੜ੍ਹੀਆਂ ਹੋਈਆਂ ਸੇਹਲੀਆਂ, ਉਨ੍ਹਾਂ ਹੇਠ, ਸਰੂਰ ਵਿਚ ਗੜੂੰਦ ਅੱਖਾਂ ਵਿੱਚ ਹਲਕੀ ਜਿਹੀ ਲਾਲੀ, ਤੇ ਅਰਧ-ਸਫ਼ੈਦੀ ਵੱਲ ਖਿਸਕ ਰਹੀ ਦਾਹੜੀ ਵਿੱਚੋਂ ਉੱਭਰਦੀਆਂ ਉਸ ਦੀਆਂ ਗੱਲ੍ਹਾਂ ’ਚ ਟਪਕਦਾ ਟਮਾਟਰਾਂ ਦਾ ਭੁਲੇਖਾ। ਬਾਪੂ ਨੂੰ ਦੇਖਦਿਆਂ ਹੀ ਸਾਡੇ ਹੱਥਾਂ ’ਤੇ ਟਿਕੀਆਂ ਰੋਟੀਆਂ ਕੜ੍ਹੀ ਵਾਲ਼ੀਆਂ ਕੌਲੀਆਂ ’ਤੇ ਜਾ ਡਿੱਗੀਆਂ, ਤੇ ‘ਬਾਪੂ ਜੀ ਆ ਗੇ’ ਦੀਆਂ ਕਿਲਕਾਰੀਆਂ ਮਾਰਦੇ ਅਸੀਂ ਵਿਹੜੇ ਵੱਲ ਨੂੰ ਭੱਜ ਉੱਠੇ। ਸਾਡੇ ਵੱਲੋਂ ਬਾਪੂ ਦੀਆਂ ਲੱਤਾਂ ਉਦਾਲ਼ੇ ਕਲੰਘੜੀਆਂ ਪਾਏ ਜਾਣ ਤੋਂ ਪਹਿਲਾਂ, ਬਾਪੂ ਦਾ ਬੈਗ਼ ਧਰਤੀ ’ਤੇ ਲੁੜ੍ਹਕ ਗਿਆ ਤੇ ਅੰਬਾਂ ਦਾ ਟੋਕਰਾ ਓਪਰੇ ਬੰਦੇ ਦੇ ਹੱਥਾਂ ਵੱਲ ਵਧਣ ਲੱਗਾ। ਨਮ ਹੋਈਆਂ ਅੱਖਾਂ ਹੇਠ ਬਾਪੂ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਫੈਲੇ, ਤੇ ਉਹ ਵਾਰੀ-ਵਾਰੀ ਸਾਡੀਆਂ ਗੱਲ੍ਹਾਂ ਉੱਪਰ ਆਪਣੇ ਸਾਹਾਂ ਦੀ ‘ਸੌਂਫ਼ੀਆ’ ਸਿੱਲ੍ਹ ਖਿਲਾਰਨ ਲੱਗਾ। ਬੇਬੇ ਦੇ ਮੱਥੇ ’ਤੇ ਉੱਭਰੇ ਸਿਆੜਾਂ ਉੱਪਰ ਇੱਕ ਦਮ ਸੁਹਾਗਾ ਫਿਰ ਗਿਆ, ਤੇ ਮੁੱਠੀ ਬਣੇ ਉਸਦੇ ਬੁੱਲ੍ਹ, ਅਚਾਨਕ-ਉੱਤਰ-ਆਈ ਬਰਸਾਤ ਹੇਠ ਰੰਗੀਨ ਛਤਰੀ ਵਾਂਗ ਖੁੱਲ੍ਹ ਗਏ। ਓਪਰਾ ਬੰਦਾ ਆਪਣੇ ਟਾਂਗੇ ਤੋਂ ਅੰਬਾਂ ਦੀਆਂ ਬਾਕੀ ਟੋਕਰੀਆਂ ਤੇ ਬਾਪੂ ਦਾ ਕੱਪੜਿਆਂ ਵਾਲ਼ਾ ਟਰੰਕ ਲਹੁਣ ਲਈ ਦਰਵਾਜ਼ਓਂ ਬਾਹਰ ਹੋ ਗਿਆ।
ਆਖ਼ਰੀ ਟੋਕਰੀ ਟਾਂਗਿਓਂ ਉੱਤਰਨ ਤੋਂ ਪਹਿਲਾਂ ਸਾਡਾ ਦਲਾਨ, ਸਾਡੇ ਆਂਢ-ਗੁਆਂਢ ਦੇ ਬੱਚਿਆਂ, ਬੁੱਢਿਆਂ, ਅਤੇ ਜਵਾਨ ਔਰਤਾਂ-ਮਰਦਾਂ ਨਾਲ਼ ਨੱਕੋ-ਨੱਕ ਭਰਿਆ ਹੋਇਆ ਸੀ। ਅਗਲੇ ਹੀ ਪਲ ਹਰ ਔਰਤ ’ਤੇ ਹਰ ਬੱਚਾ ਇੱਕ ਇੱਕ ਅੰਬ ਨੂੰ ਆਪਣੀਆਂ ਤਲ਼ੀਆਂ ਦਰਮਿਆਨ ਅੱਗੜ-ਪਿੱਛੜ ਗੇੜ ਰਿਹਾ ਜਾਂ ਅੰਬ ਦੀ ਅੱਖ ਨੂੰ ਆਪਣੀ ਆਪਣੀ ਪਹਿਲੀ ਉਂਗਲ਼ ਨਾਲ਼ ਉਖੇੜ ਰਿਹਾ ਸੀ। ਟਾਂਗੇ ਵਾਲ਼ਾ ਭਾਈ ਹੁਣ ਇੱਕ ਭਾਰੀ ਗੱਟਾ (ਛੋਟੀ ਜਿਹੀ ਬੋਰੀ) ਲਾਹ ਲਿਆਇਆ। ਗੱਟੇ ਦਾ ਮੂੰਹ ਖੁੱਲ੍ਹਦਿਆਂ ਹੀ ਸੌਂਫ਼ੀਆ ਸ਼ਰਾਬ ਦੀਆਂ ਬੋਤਲਾਂ, ਗੱਟੇ ਵਿੱਚੋਂ ਨਿੱਕਲ਼ ਕੇ, ਥਮਲੇ ਕੋਲ਼ ਖਲੋਤੇ ਮੇਜ਼ ਦੀਆਂ ਲੱਤਾਂ ਕੋਲ਼ ਇਕੱਤਰ ਹੋਣ ਲੱਗੀਆਂ। ਮੇਜ਼ ਲਾਗੇ ਬੋਤਲਾਂ ਦੀ ਭੀੜ ਦੇਖਦਿਆਂ, ਔਰਤਾਂ ਤੇ ਬੱਚੇ ਦਲਾਨੋਂ ਬਾਹਰ ਵੱਲ ਨੂੰ ਰਿੜ੍ਹਨ ਲੱਗੇ। ਮਰਦਾਂ ਨੇ ਦਲਾਨ ਦੀਆਂ ਕੰਧਾਂ ਨੂੰ ਢੋਅ ਲਾਈ ਖਲੋਤੇ ਮੰਜਿਆਂ ਦੇ ਮੋਢੇ ਹਲੂਣੇ। ਮੇਜ਼ ਨੂੰ ਖਿਸਕਾ ਕੇ ਮੰਜਿਆਂ ਦੇ ਵਿਚਕਾਰ ਕਰ ਲਿਆ ਗਿਆ।
ਥੰਮਲੇ ਦੀਆਂ ਜੜ੍ਹਾਂ ਲਾਗੇ ਬੈਠੇ ਕੋਰੇ ਘੜੇ ਦਾ ਪਾਣੀ ਹੁਣ ਜੱਗ ਵਿੱਚ ਉਲਟਣ ਲੱਗਾ। ਤਕਰੀਬਨ ਦੋ ਮਹੀਨਿਆਂ ਤੋਂ ਟਾਂਡ ’ਤੇ ਸੁੱਤੇ ਕੰਚ ਦੇ ਗਲਾਸਾਂ ਵਿਚ ਹਰਕਤ ਜਾਗ ਉੱਠੀ। ਬੋਤਲਾਂ ਦੇ ਡੱਟਾਂ ਦੀਆਂ ਚੂੜੀਆਂ ਕੜਿੱਕ-ਕੜਿੱਕ ਕਰ ਕੇ ਟੁੱਟਣ ਲੱਗੀਆਂ। ਹੁਣ ਬੋਤਲਾਂ ਟੇਢੀਆਂ ਹੋਈਆਂ, ਤੇ ਕੁੱਝ ਕੁ ਮਿੰਟਾਂ ਵਿਚ ਹੀ ਸਾਰਾ ਦਲਾਨ ਸੌਂਫ਼ੀਆ ਗੰਧ ਵਿਚ ਗੜੁੱਚ ਹੋ ਗਿਆ। ਅਗਲੇ ਪਲੀਂ, ਦੋ ਕੁ ਦਰਜਣ ਮਰਦਾਂ ਦੀਆਂ ਅੱਖਾਂ ਵਿਚ ਸੁਰਮਈ ਵਿਸਮਾਦ ਛਲਕਣ ਲੱਗਾ।
ਬੇਬੇ ਨੇ ਆਂਡਿਆਂ ਦੀ ਟੋਕਰੀ ਵਿਚ ਹੱਥ ਮਾਰਿਆ। ਅਗਲੇ ਪਲ ਇੱਕ ਚਮਚੇ ਦੀ ਮਦਦ ਨਾਲ਼ ਆਂਡਿਆਂ ਦੀ ਜ਼ਰਦੀ, ਇੱਕ ਛੰਨੇ ਵਿਚ, ਆਪਣੇ ਉਦਾਲ਼ੇ ਲਿਪਟੀ ਸਫ਼ੈਦੀ ਨਾਲ਼ ਇੱਕ-ਮਿੱਕ ਹੋਣ ਲੱਗੀ। ਚੁੱਲ੍ਹੇ ’ਤੇ ਟਿਕੀ ਕੜਾਹੀ ਵਿਚ ਭੁੱਜ ਰਹੇ, ਕੁਤਰਾ ਕੀਤੇ ਪਿਆਜ਼, ਮਿਰਚਾਂ, ਅਧਰਕ ਤੇ ਮਸਾਲੇ ਦੀ ਹਮਕ, ਸ਼ਰਾਬ ਦੀ ਸੌਂਫ਼ੀਆ ਗੰਧ ਨਾਲ਼ ਗਲਵਕੜੀਆਂ ਪਾਉਣ ਲੱਗੀ। ਲੋਰ ਵਿਚ ਆਇਆ ਬਾਪੂ ਕਲਕੱਤੇ ਵਿਚ ਗੁਜ਼ਾਰੇ ਦਿਨਾਂ ਦੀਆਂ ਕਹਾਣੀਆਂ ਨੂੰ ਤੁੜਕਾ ਲਾ ਕੇ ਵਰਤਾਉਣ ਲੱਗਾ। ਨਸ਼ੇ ਵਿਚ ਝੂੰਮਦੇ ਬਾਪੂ ਦੇ ਸ੍ਰੋਤੇ ਪੈੱਗ ਮੁਕਾਉਂਦੇ ਤੇ ਬਾਪੂ ਦੀ ਦਰਿਆਦਿਲੀ ਦੀਆਂ ਤਾਰੀਫ਼ਾਂ ਵਿਚ ਵਹਿ ਜਾਂਦੇ।
ਅਗਲੇ ਦਿਨ ਗੱਤੇ ਦਾ ਬਕਸਾ ਖੋਲ੍ਹਿਆ ਗਿਆ। ਉਸ ਵਿੱਚੋਂ ਨਿੱਕਲ਼ਿਆ, ਭੂਰੇ ਰੰਗ ਦੀ ਚਮਕੀਲੀ ਭਾਅ ਮਾਰਦਾ ‘ਨੈਸ਼ਨਲ’ ਰੇਡੀਓ, ਸਾਡੀ ਅਰਧ-ਪੱਕੀ ਬੈਠਕ ਦੀ ਅਲਮਾਰੀ ਦੇ ਵਿਚਕਾਰਲੇ ਖ਼ਾਨੇ ਵਿਚ ਟਿਕਾ ਦਿੱਤਾ ਗਿਆ। ਸਾਡੇ ਪਿੰਡ ਵਿੱਚ ਵੱਜਣ ਵਾਲ਼ਾ ਇਹ ਦੂਜਾ ਰੇਡੀਓ ਸੀ। ਪਹਿਲਾ ਰੇਡੀਓ, ਦੂਜੀ ਸੰਸਾਰ ਜੰਗ ਦੌਰਾਨ ਬਰਮਾ ਵਿਚ ਕੰਪਾਊਂਡਰੀ ਕਰ ਕੇ ਰੀਟਾਇਰ ਹੋਏ ਬਜ਼ੁਰਗ, ‘ਡਾਕਟਰ’ ਉਜਾਗਰ ਸਿੰਘ, ਦੇ ਪੱਕੇ ਘਰ ਦੀ ਬਾਹਰਲੀ ਬੈਠਕ ਵਿੱਚ ਸੀ ਜਿਸ ਤੋਂ ਪਿੰਡ ਦੇ ਮੁੰਡੇ ਢਾਣੀ ਬਣਾ ਕੇ, ਸ਼ਾਮ ਨੂੰ ਪੌਣੇ ਸੱਤ ਤੋਂ ਪੌਣੇ ਅੱਠ ਵਜੇ ਤੀਕ, ਪਿੰਡਾਂ ਦੇ ਸ੍ਰੋਤਿਆਂ ਲਈ ਪ੍ਰਸਾਰਤ ਕੀਤਾ ਜਾਂਦਾ ‘ਦਿਹਾਤੀ ਪ੍ਰੋਗਰਾਮ’ ਸੁਣਿਆ ਕਰਦੇ ਸਨ। ਉੱਚੇ-ਉੱਚੇ ਦੋ ਬਾਂਸਾਂ ਨੂੰ ਦਲਾਨ ਦੇ ਬਨੇਰਿਆਂ ਵਿਚ ਗੱਡ ਕੇ, ‘ਏਰੀਅਲ’ ਚਾਲੂ ਕਰ ਦਿੱਤਾ ਗਿਆ। ‘ਅਰਥ’ ਦੇ ਨਾਮ ਨਾਲ਼ ਜਾਣੀਂ ਜਾਂਦੀ ਦੂਸਰੀ ਤਾਰ ਬਾਹਰਲੀ ਕੰਧ ਦੇ ਪੈਰਾਂ ਵਿਚ ਡੂੰਘੀ ਦਬਾ ਦਿੱਤੀ ਗਈ। ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਮੁੰਡਿਆਂ ਦੀ ਇੱਕ ਸੰਘਣੀ ਭੀੜ ਸਾਡੀ ਬੈਠਕ ਦੇ ਫ਼ਰਸ਼ ’ਤੇ ਅਤੇ ਬੈਠਕ ਤੋਂ ਬਾਹਰ ਵਿਹੜੇ ਵਿਚ ਬੈਠੀ ਸੀ। ਬਾਪੂ ਦੇ ਹੱਥ ਵਿਚ ਸਰੂਰ ਛਲਕ ਰਿਹਾ ਸੀ।
ਬੇਬੇ ਵੱਲੋਂ, ਸਾਡੇ ‘ਕੁੱਤੇ ਕੰਮ’ ਦੀ ਚੁਗਲੀ ਬਾਪੂ ਕੋਲ਼ ਕਰਨ ਦੀ ਧਮਕੀ, ਬੀਤੇ ਦਿਨ ਵਾਲ਼ੀ ਮਹਿਫ਼ਲ ਤੇ ਮਸਾਲੇ ਦੀ ਹਮਕ ਤੇ ਰੇਡੀਓ ਦੇ ਚਾਅ ਤੇ ਸ੍ਰੋਤਿਆਂ ਦੀ ਅੱਜ ਵਾਲ਼ੀ ਭੀੜ ਵਿਚ ਗੁਆਚ ਗਈ।
ਦਸ ਕੁ ਦਿਨਾਂ ਬਾਅਦ ਬਾਪੂ ਆਪਣੇ ਜੱਥੇ ਸਮੇਤ, ਬਾਜੇਖ਼ਾਨੇ ਵਾਲ਼ੇ ਸ਼ਾਦੀ ਸਮਾਗਮ ਵਿਚ, ਕਵੀਸ਼ਰੀ ਕਰਨ ਲਈ ਚਲਾ ਗਿਆ। ਅਸੀਂ ਤਿੰਨਾਂ ਭਰਾਵਾਂ ਨੇ ਤੂਫ਼ਾਨ ਦੇ ਆਰਜ਼ੀ ਤੌਰ ’ਤੇ ਟਲ਼ ਜਾਣ ਉੱਤੇ ਸੁਖ ਦਾ ਸਾਹ ਲਿਆ।
ਬਾਜਾਖ਼ਾਨਾ ਵਿਖੇ, ਦੋ-ਢਾਈ ਘੰਟੇ ਦੇ ਕਵੀਸ਼ਰੀ-ਗਾਇਨ ਤੋਂ ਬਾਅਦ, ਬਾਪੂ ਦੇ ਜੱਥੇ ਦੇ ਸਵਾਗਤ ਵਿਚ, ਕਿਸੇ ਪ੍ਰਸੰਸਕ ਦੇ ਘਰ ਮਹਿਫ਼ਲ ਜੰਮੀ। ਦੋ-ਦੋ, ਢਾਈ-ਢਾਈ ਹਾੜੇ ਜਦੋਂ ਸਾਰੀ ਢਾਣੀ ਦੇ ਖ਼ੂਨ ਵਿਚ ਚੁਟਕੀਆਂ ਮਾਰਨ ਲੱਗੇ, ਤਾਂ ਬਾਪੂ ਦਾ ਮੇਜ਼ਬਾਨ-ਪ੍ਰਸ਼ੰਸਕ ਕਹਿਣ ਲੱਗਾ: ਪਾਰਸ ਜੀ, ਅੱਜ ਕਲ੍ਹ ਇੱਕ ਪ੍ਰੋਗਰਾਮ ਦੀ ਕਿੰਨੀ ਭੇਟਾ ਲੈਂਦੇ ਹੋ?
ਬਾਪੂ ਨੇ ਕਿਹਾ - ਜਿੰਨੀ ਕੋਈ ਦੇ ਦੇਵੇ!
ਤੇ ਮੁੰਡਿਆਂ ਦੇ ਜੱਥੇ ਦਾ ਕੀ ਰੇਟ ਆ?
ਮੁੰਡਿਆਂ ਦੇ? ਬਾਪੂ ਦੇ ਭਰਵੱਟਿਆਂ ਨੇ ਅਕੜੇਵਾਂ ਫੜ ਲਿਆ, ਤੇ ਉਸਦੇ ਮੱਥੇ ਵਿਚਕਾਰ ਖੁੰਬਾਂ ਉੱਭਰ ਆਈਆਂ। ਕਿਹੜੇ ਮੁੰਡਿਆਂ ਦੇ ਜੱਥੇ ਦਾ?
ਤੁਹਾਡੇ ਮੁੰਡਿਆਂ ਦੇ ਜੱਥੇ ਦਾ, ਪਾਰਸ ਜੀ, ਤੁਹਾਡੇ ਮੁੰਡਿਆਂ ਦੇ ਜੱਥੇ ਦਾ!
ਮੇਰੇ ਮੁੰਡੇ? ਭੰਬਲ਼ਭੂਸੇ ਵਿਚ ਡੂੰਘਾ ਧਸ ਗਿਆ ਬਾਪੂ ਆਪਣੇ ਪ੍ਰਸੰਸਕ ਵੱਲ ਨੱਕ ਸੁੰਗੇੜ ਕੇ ਬੋਲਿਆ। ਮੇਰੇ ਮੁੰਡੇ ਮੈਂ ਅਜੇ ਗਾਇਕੀ ’ਚ ਨੀ ਪਾਏ … ਤੇ ਨਾ ਈ ਪਾਉਣ ਦਾ ਕੋਈ ਇਰਾਦਾ ਈ ਐ!
ਪਾਏ ਨੀ ਤੁਸੀਂ ਗਾਇਕੀ ’ਚ ਆਵਦੇ ਮੁੰਡੇ? ਪ੍ਰਸ਼ੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ਉਹ ਗਾਉਂਦੇ ਤੁਹਾਡੇ ਈ ਪਿੰਡ!
ਸਾਡੇ ਪਿੰਡ? ਬਾਪੂ ਪਾਰਸ ਦੇ ਬੁੱਲ੍ਹਾਂ ਤੇ ਅੱਖਾਂ ’ਚ ਮਰੋੜੀਆਂ ਉੱਤਰ ਆਈਆਂ।
ਹਾਂ, ਪਿਛਲੇ ਮਹੀਨੇ ਅਸੀਂ ਤੁਹਾਡੇ ਪਿੰਡ ਇੱਕ ਬਰਾਤ ’ਚ ਗਏ ਸੀ, ਤੁਹਾਡੇ ਮੁੰਡੇ ਤਾਂ ਕਵੀਸ਼ਰੀ ਦੀਆਂ ਧੂੜਾਂ ਪੱਟੀ ਜਾਂਦੇ ਸੀ!
ਅਗਲੇ ਰੋਜ਼ ਬਾਪੂ ਦੇ ਸਾਈਕਲ ਦੀ ਘੰਟੀ ਸਾਡੇ ਬੂਹੇ ਦਾ ਮਨਪਰਚਾਵਾ ਕਰਨ ਲੱਗੀ। ਸਾਈਕਲ ਨੂੰ ਕੰਧ ਦੀ ਵੱਖੀ ਦੇ ਹਵਾਲੇ ਕਰ ਕੇ, ਉਹ ਦਲਾਨ ਵਿਚ ਡੱਠੇ ਮੰਜੇ ’ਤੇ ਚੁੱਪ-ਚਾਪ ਬੈਠ ਗਿਆ। ਉਸਦਾ ਚਮੜੇ ਦਾ ਬੈਗ਼ ਸਾਈਕਲ ਦੇ ਕੈਰੀਅਰ ’ਤੋਂ ਉੱਤਰ ਕੇ ਬੈਠਕ ਦੀ ਅਲਮਾਰੀ ਵਿਚ ਜਾ ਬੈਠਾ।
ਪਾਣੀ ਦਾ ਗਲਾਸ ਮੁਕਾ ਕੇ ਬਾਪੂ ਖੰਘੂਰਿਆ: ਓ ਬਲਵੰਤ! ਐਧਰ ਆ ... ਨਾਲ਼ੇ ਲਿਆ ਦੋਹਾਂ ਛੋਟਿਆਂ ਨੂੰ ਵੀ!
ਅਖ਼ਬਾਰ ਵਿਚ ਲਪੇਟ ਕੇ ਲਿਆਂਦੇ, ਬੱਕਰੇ ਦੇ ਕੱਚੇ ਮਾਸ ਨੂੰ ਚਿੰਬੜ ਗਏ ਕਾਗ਼ਜ਼ ਨੂੰ ਪਾਣੀ ਲਾ-ਲਾ ਕੇ ਉਤਾਰ ਰਹੇ ਬਲਵੰਤ ਦੇ ਮੱਥੇ ’ਤੇ ਪਸੀਨੇ ਦੀ ਝੀਲ ਲਰਜ਼ਣ ਲੱਗੀ।
ਮੇਰੇ ਮੋਢੇ ਅੰਦਰ ਵੱਲ ਨੂੰ ਪਿਚਕ ਗਏ, ਤੇ ਮੇਰੀ ਕੱਛਣੀ ਦੇ ਮੂਹਰਲੇ ਹਿੱਸੇ ਵਿਚ ਸਿੱਲ੍ਹ ਫੈਲਣ ਲੱਗੀ।
ਡੌਰ-ਭੌਰ ਹੋ ਗਏ ਛੋਟੇ ਭਰਾ ਰਛਪਾਲ ਦੇ ਖੀਸੇ ਵਿਚ ਖੜਕਦੇ ਬਾਂਟੇ ਸਹਿਮ ਗਏ।
ਬਾਪੂ ਦੇ ਮੱਥੇ ’ਤੇ ਪ੍ਰਚੰਡ ਹੋ ਗਏ ਕੱਸੇਵੇਂ ਨੇ ਸਾਡੇ ਚਿਹਰਿਆਂ ਵਿੱਚੋਂ ਰੰਗ ਸੂਤ ਸੁੱਟੇ।
ਬਲਵੰਤ ਦੀ ਜੀਭ ਉਸਦੇ ਬੁੱਲ੍ਹਾਂ ’ਤੇ ਘਿਸਰਨ ਲੱਗੀ।
ਚੁੱਲ੍ਹੇ ਲਾਗੇ ਬੈਠੀ ਬੇਬੇ ਦੇ ਹੱਥ ਵਿਚ ਚਾਹ ਵਾਲ਼ਾ ਗਲਾਸ ਥਿੜਕਣ ਲੱਗਾ। ਉਹ ਜ਼ਰੂਰ, ਅਗਲੇ ਹੀ ਪਲ ਸਾਡੀਆਂ ਗੱਲ੍ਹਾਂ ’ਤੇ ਵਰ੍ਹਨ ਵਾਲ਼ੀਆਂ ਚੁਪੇੜਾਂ, ਚਿਤਵਣ ਲੱਗੀ ਹੋਵੇਗੀ। ਬਾਪੂ ਦੇ ਤੌਰਾਂ ਨੂੰ ਭਾਂਪਦਿਆਂ ਉਹ ਬਾਪੂ ਵਾਲ਼ੇ ਮੰਜੇ ਦੀ ਬਾਹੀ ’ਤੇ ਆ ਬੈਠੀ।
ਕੀ ਹੋ ਗਿਐ ਥੋਨੂੰ ਅੱਜ? ਜ਼ੋਰ ਲਾ ਕੇ ਉਗਾਈ ਮੁਸਕਰਹਟ ਨੂੰ ਠੁੰਮ੍ਹਣਾ ਦੇਣ ਦੀ ਕੋਸ਼ਿਸ਼ ਕਰਦਿਆਂ ਬੇਬੇ ਬੋਲੀ।
ਤੂੰ ਚੁੱਪ ਰਹਿ, ਦਲਜੀਤ ਕੁਰੇ! ਬਾਪੂ ਘੁਰਕਿਆ।
ਅਸੀਂ ਤਿੰਨੇਂ ਭਰਾ ਬਾਪੂ ਦੇ ਕਟਹਿਰੇ ਵਿਚ ਹਾਜ਼ਰ ਸਾਂ।
ਕੀ ਕੀਤੈ ਉਏ ਮੇਰੀ ਗ਼ੈਰਹਾਜ਼ਰੀ ਵਿਚ ਤੁਸੀਂ ਤਿੰਨਾਂ ਭਰਾਵਾਂ ਨੇ?
ਵਾਰ-ਵਾਰ ਝਮਕਣ ਲੱਗੀਆਂ ਅੱਖਾਂ ਨਾਲ਼ ਕਦੇ ਬੇਬੇ ਵੱਲ ਤੇ ਕਦੇ ਇੱਕ-ਦੂਜੇ ਵੱਲ ਝਾਕਦਿਆਂ ਅਸੀਂ ਆਪਣੀਆਂ ਨਜ਼ਰਾਂ ਜ਼ਮੀਨ ’ਤੇ ਸੁੱਟ ਦਿੱਤੀਆਂ।
ਕੁੱਛ ਨੀ ਕਰਿਆ ਏਨ੍ਹਾਂ ਨੇ, ਲੰਮੀ ਹੋ ਗਈ ਚੁੱਪ ਨੂੰ ਠੰਗੋਰਦਿਆਂ ਬੇਬੇ ਬੋਲੀ। ਐਵੇਂ ਨਾ ਜੁਆਕਾਂ ਨੂੰ ਘੂਰੀ ਜਾਓ!
ਬੋਲਦੇ ਨੀ ਉਏ? ਬਾਪੂ ਕੜਕਿਆ। ਕਵੀਸ਼ਰੀ ਗਾਈ ਸੀ ਕਿਸੇ ਬਰਾਤ ’ਚ?
ਹਾਂ, ਲੰਮੀ ਚੁੱਪ ਤੋਂ ਸਹਿਮਿਆਂ ਬਲਵੰਤ ਠੋਡੀ ਨੂੰ ਹੇਠਾਂ ਉੱਪਰ ਗੇੜ ਕੇ ਫਿੱਸ ਪਿਆ।
ਕੀਹਨੇ ਕਿਹਾ ਸੀ ਥੋਨੂੰ ਬਈ ਕਵੀਸ਼ਰੀ ਗਾਵੋ?
ਫਲਾਣਿਆਂ ਦੇ ਗੁਰਦੇਵ ਦੀ ਭੈਣ ਦਾ ਵਿਆਹ ਸੀ, ਉਹ ਕਹਿੰਦਾ ਬਰਾਤ ਨੂੰ ਕਵੀਸ਼ਰੀ ਈ ਸੁਣਾ ਦਿਓ!
ਕੀ ਗਾਇਆ ਤੁਸੀਂ?
ਕੌਲਾਂ ਦਾ ਕਿੱਸਾ!
ਵਿਆਖਿਆ ਤੂੰ ਕੀਤੀ?
ਬਲਵੰਤ ਦਾ ਸਿਰ ‘ਹਾਂ’ ਵਿਚ ਹਿੱਲਿਆ।
ਆਗੂ ਕਿਸ ਨੇ ਗਾਇਆ?
ਢੋਲ ਨੇ! (ਬਚਪਨ ਵਿਚ ਪਿੰਡ ਦੇ ਲੋਕ ਮੈਨੂੰ “ਢੋਲ” ਕਹਿ ਕੇ ਵੀ ਪੁਕਾਰਦੇ ਸਨ)
ਠੋਡੀ ਨੂੰ ਘੰਡੀ ਵੱਲ ਨੂੰ ਖਿੱਚ ਕੇ ਬਾਪੂ ਨੇ ਸਾਡੇ ਢਿਲਕੇ ਹੋਏ ਬੁੱਲ੍ਹਾਂ ਨੂੰ ਨਿਹਾਰਿਆ। ਫਿਰ ਉਹ ਵਾਰੀ-ਵਾਰੀ ਸਾਡੇ ਤਿੰਨਾਂ ਦੀਆਂ ਅੱਖਾਂ ਵਿਚ ਆਪਣੀਆਂ ਨਜ਼ਰਾਂ ਗੱਡਦਾ ਰਿਹਾ, ਤੇ ਅੱਧੇ ਕੁ ਮਿੰਟ ਬਾਅਦ ਬੋਲਿਆ: ਸੁਣਾਓ ਮੈਨੂੰ ਕੀ ਗਾਇਆ ਸੀ!
ਬਲਵੰਤ ਦੀਆਂ ਨਜ਼ਰਾਂ ਮੇਰੇ ਵੱਲ ਘੁੰਮੀਆਂ, ਤੇ ਉਹ ਥਿੜਕਦੇ ਬੁੱਲ੍ਹਾਂ ਵਿਚੋਂ ਬੁੜਬੁੜਾਇਆ: ਚੱਕ ਦੇ ‘ਕੌਲਾਂ ਰੋਂਦੀ ਜਾਂਦੀ!’
ਵਾਰ-ਵਾਰ ਆਪਣੇ-ਆਪ ਝਮਕ ਰਹੀਆਂ ਅੱਖਾਂ ਨੂੰ ਕਾਬੂ ਕਰਦਿਆਂ ਮੈਂ ਆਪਣਾ ਗਲ਼ਾ ਸਾਫ਼ ਕੀਤਾ ਤੇ ਉਹ ਛੰਦ ਉੱਚੀ ਸੁਰ ਵਿਚ ਗਾਉਣਾ ਸ਼ੁਰੂ ਕਰ ਦਿੱਤਾ ਜਿਸ ਵਿਚ ਬੀਜਾ ਬਾਣੀਆ ਆਪਣੀ ਸਿਦਕਵਾਨ ਬੀਵੀ, ਕੌਲਾਂ, ਦੇ ਚਰਿੱਤਰ ’ਤੇ ਸ਼ੱਕ ਕਰ ਕੇ ਉਸ ਨੂੰ ਘਰੋਂ ਧਕੇਲ ਦੇਂਦਾ ਹੈ:
ਕੱਢ ’ਤੀ ਪਤੀ ਨੇ ਘਰੋਂ ਧੱਕੇ ਮਾਰ ਕੇ/ਤੁਰ ਚੱਲੀ ਵਾਲ਼ ਸਿਰ ਦੇ ਖਿਲਾਰ ਕੇ!
ਅਗਲੀਆਂ ਦੋ ਸਤਰਾਂ ਰਛਪਾਲ ਤੇ ਬਲਵੰਤ ਨੇ ਰਲ਼ ਕੇ ਗਾਈਆਂ:
ਸ਼ਿਵਾਂ ਨੇ ਵਿਛੋੜ ਦਿੱਤਾ ਪਾਰਬਤੀ ਨੂੰ / ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗਤੀ ਨੂੰ!
ਪਹਿਲਾ ਬੰਦ ਪੂਰਾ ਹੁੰਦਿਆਂ ਬਾਪੂ ਦੇ ਬੁੱਲ੍ਹਾਂ ਵਿਚ ਹਰਕਤ ਜਿਹੀ ਟਪਕਣ ਲੱਗੀ। ਜਿਉਂ-ਜਿਉਂ ਛੰਦ ਆਪਣੇ ਸਿਖ਼ਰ ਵੱਲ ਵਧ ਰਿਹਾ ਸੀ, ਬਾਪੂ ਦੇ ਮੱਥੇ ਦਾ ਕੱਸੇਵਾਂ ਢਿੱਲਾ ਹੋਈ ਜਾ ਰਿਹਾ ਸੀ। ਆਖ਼ਰੀ ਬੰਦ ਜਦੋਂ ਅਸੀਂ ਤਿੰਨਾਂ ਨੇ ਰਲ਼ ਕੇ ਸਮਾਪਤ ਕੀਤਾ ਤਾਂ ਬਾਪੂ ਦੀਆਂ ਅੱਖਾਂ ਦੀਆਂ ਗੰਨੀਆਂ ਵਿਚ ਤ੍ਰੇਲ਼ ਛਲਕ ਰਹੀ ਸੀ। ਉਹ ਛੜੱਪਾ ਮਾਰ ਕੇ ਮੰਜੇ ਦੀ ਬਾਹੀ ਤੋਂ ਉੱਠਿਆ ਤੇ ਸਾਡੇ ਨਜ਼ਦੀਕ ਆ ਕੇ ਸਾਡੀਆਂ ਗੱਲ੍ਹਾਂ ਉੱਤੇ ਪੋਲੇ-ਪੋਲੇ ਥਪੇੜੇ ਮਾਰਨ ਲੱਗਾ। ਫਿਰ ‘ਵਾਹ ਉਏ ਪੁੱਤਰੋ!’ ਆਖ ਕੇ ਉਸ ਨੇ ਸਾਨੂੰ ਤਿੰਨਾਂ ਨੂੰ ਗਲਵਕੜੀ ਵਿਚ ਲੈ ਲਿਆ।
*****
(206)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)