IqbalRamoowalia7“ਸਾਨੂੰ ਡਾ. ਸੁਰਿੰਦਰ ਧੰਜਲ ਵੱਲੋਂ ਸੁਨੇਹਾ ਮਿਲਿਆ ਹੈ ਕਿ ਇਕਬਾਲ ਰਾਮੂਵਾਲੀਆ ਜੀ ਦਾ ਅੰਤਮ ਸੰਸਕਾਰ ਅੱਜ ਹੈ। ਸਥਾਨ: Brampton Crematorium & Visitation Centre, Brampton Court, Brampton. ਸਮਾਂ: 11:00 ਵਜੇ ਤੋਂ ਬਾਅਦ ਦੁਪਹਿਰ 1: 00 ਵਜੇ ਤਕ --- ਅਵਤਾਰ ਗਿੱਲ” (25 ਜੂਨ 2017)

 

IqbalSurinderAjmer2(ਫੋਟੋ: ਇਕਬਾਲ ਰਾਮੂਵਾਲੀਆ, ਡਾ. ਅਜਮੇਰ ਔਲਖ, ਡਾ. ਸੁਰਿੰਦਰ ਧੰਜਲ, ਹਰਬੰਸ ਬੁੱਟਰ)

(ਇਸ ਅਤਿਅੰਤ ਗ਼ਮਗੀਨ ਘੜੀ ਅਸੀਂ ਇਕਬਾਲ ਰਾਮੂਵਾਲੀਆ ਜੀ ਦੇ ਪਰਿਵਾਰ ਦੇ ਗ਼ਮ ਵਿਚ ਸ਼ਰੀਕ ਹਾਂ। ਇਕਬਾਲ ਰਾਮੂਵਾਲੀਆ ਜੀ ਦੀ ਸਵੈ ਜੀਵਨੀ ਵਿੱਚੋਂ ਅਸੀਂ ਇਹ ਕਾਂਡ ਉਨ੍ਹਾਂ ਦੀ ਵਾਰਤਕ-ਵੰਨਗੀ ਅਤੇ ਸ਼ਰਧਾਂਜਲੀ ਵਜੋਂ ‘ਸਰੋਕਾਰ’ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ --- ਅਵਤਾਰ ਗਿੱਲ)

ਸਵੇਰ ਚਾਹ ਤੇ ਪਰਾਉਂਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ਵਿੱਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ਵਿੱਚ ਫ਼ਰਸ਼ ’ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ਵਿੱਚ ਗੁਆਚਿਆ ਹੋਇਆ ਸੀ। ਉਸਦੇ ਚਿਹਰੇ ਤੇ ਨਾ ਕਸੇਵਾਂ ਸੀ, ਨਾ ਹੀ ਢਿਲਕ, ਤੇ ਨਾ ਹੀ ਖੇੜਾ! ਮੇਰੇ ਬਾਲੜੇ-ਜਿਹੇ, ਕੰਬਦੇ ਹੱਥ ਇੱਕ ਦੂਜੇ ਨੂੰ ਪਲੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਛਿੜਕ ਦਿੱਤੀ ਸੀ, ਪਰ ਮੇਰੇ ਜ਼ਿਹਨ ਵਿੱਚ ਇਹ ਖ਼ਦਸ਼ਾ ਹਾਲੇ ਵੀ ਹੰਗਾਲ਼ੇ ਲੈ ਰਿਹਾ ਸੀ ਕਿ ਬਾਪੂ ਸਾਨੂੰ ਅੱਗੇ ਤੋਂ ਕਵੀਸ਼ਰੀ ਗਾਉਣ ਤੋਂ ਵਰਜੇਗਾ।

-ਅਖ਼ਬਾਰ ਇਕੱਠੇ ਕਰੋ ਤੇ ਔਸ ਕੋਨੇ ਚ ਟਿਕਾਅ ਦਿਓ - ਐਨਕ ਦੇ ਫ਼ਰੇਮ ਉੱਪਰੋਂ ਦੀ ਆਪਣੀਆਂ ਨਜ਼ਰਾਂ ਸਾਡੇ ਵੱਲ ਸੇਧਦਿਆਂ, ਬਾਪੂ ਬੋਲਿਆ। ਉਸਦੇ ਬੋਲਾਂ ਵਿੱਚ ਨਾ ਤਲਖ਼ੀ ਸੀ, ਨਾ ਨਰਮੀ ਤੇ ਨਾ ਹੀ ਹੁਕਮ।

ਅਗਲੇ ਪਲ ਹਿੰਦੀ, ਪੰਜਾਬੀ ਤੇ ਉਰਦੂ ਦੇ, ਏਧਰ ਓਧਰ-ਖਿੱਲਰੇ ਅਖ਼ਬਾਰ, ਸਾਡੇ ਹੱਥਾਂ ਵਿੱਚ ਚੜ੍ਹ-ਚੜ੍ਹ ਕੇ, ਇੱਕ ਦੂਜੇ ਨਾਲ਼ ਬਗਲਗੀਰ ਹੋਣ ਲੱਗੇ।

-ਬੈਠੋ ਮੇਰੇ ਸਾਹਮਣੇ, - “ਪ੍ਰੀਤ ਲੜੀ” ਰਿਸਾਲੇ ਕੋਲ਼ ਪਏ ਅਖ਼ਬਾਰਾਂ ਨੂੰ ਥਾਪੜਦਿਆਂ ਬਾਪੂ ਬੁੜਬੁੜਾਇਆ:

-ਕਵੀਸ਼ਰੀ… ਕਵੀਸ਼ਰੀ… ਕਵੀਸ਼ਰੀ…

ਲਫ਼ਜ਼ਾਂ ਦੇ ਆਖ਼ਰੀ ਹਿੱਸਿਆਂ ਨੂੰ ਲਮਕਾਉਂਦਿਆਂ ਬਾਪੂ ਨੇ ਆਪਣੀਆਂ ਭਵਾਂ ਉਤਾਂਹ ਵੱਲ ਖਿੱਚ ਲਈਆਂ। ਫਿਰ ਉਸ ਨੇ ਆਪਣਾ ਸਿਰ ਖੱਬੇ-ਸੱਜੇ ਹਿਲਾਇਆ, ਤੇ ਉਸਦੇ ਦੋਵੇਂ ਬੁੱਲ੍ਹ ਹੌਲ਼ੀ-ਹੌਲ਼ੀ ਪਾਸਿਆਂ ਵੱਲ ਨੂੰ ਖਿੱਚੇ ਜਾਣ ਲੱਗੇ। ਉਸਦਾ ਹਲਕਾ ਜਿਹਾ ਟੀਰ ਸੰਘਣਾ ਹੋਣ ਲੱਗਿਆ।

-ਕਵੀਸ਼ਰੀ, ਮੁੰਡਿਓ, ਬਹੁ…ਤ ਔਖਾ ਕਿੱਤਾ ਐ … ਮੇਰਾ ਥੋਨੂੰ ਇਸ ਕੰਮ `ਚ ਪਾਉਣ ਦਾ ਕੋਈ ਇਰਾਦਾ ਨੲ੍ਹੀਂ! ਮੈਂ ਚਹੁੰਨੈਂ … ਤੁਸੀਂ ਪੜ੍ਹਾਈਆਂ ਕਰੋਂ ਤੇ ਨੌਕਰੀਆਂ ’ਤੇ ਲੱਗੋਂ! ਮੀਂਹ ਆਵੇ, ’ਨ੍ਹੇਰੀ ਆਵੇ, ਨੌਕਰੀ ਚ ਚੜ੍ਹੇ ‘ਮ੍ਹੀਨੇ’ ਮੀਟਰ ਡਿੱਗੀ ਤੁਰਿਆ ਜਾਂਦੈ!

ਬਾਪੂ ਦੇ ਮੂੰਹੋਂ ‘ਕਵੀਸ਼ਰੀ’ ਸ਼ਬਦ ਸੁਣਦਿਆਂ ਹੀ, ਸਾਡੇ ਪਿੰਡ ਵਾਲ਼ੇ ਸਾਡੇ ਦੋਸਤ ਗੁਰਦੇਵ ਦੀ ਭੈਣ ਦੇ ਵਿਆਹ ਵਾਲ਼ੇ ਬਰਾਤੀਆਂ ਦੀਆਂ ਢਾਣੀਆਂ ਮੇਰੇ ਦਿਮਾਗ਼ ਵਿੱਚ ਝੂੰਮਣ ਲੱਗ ਪਈਆਂ ਸਨ। ਸਾਡੇ ਪਲੇਠੇ ਕਵੀਸ਼ਰੀ ‘ਸ਼ੋਅ’ ਨੂੰ ਸੁਣਨ ਆਏ, ਧਰਮਸ਼ਾਲਾ ਦੀਆਂ ਕੰਧਾਂ ’ਤੇ ਬੈਠੇ ਅਣਗਿਣਤ ਸ੍ਰੋਤਿਆਂ ਦੀਆਂ ਸਾਡੇ ਉੱਤੇ ਗੱਡੀਆਂ ਬੇਝਮਕ ਅੱਖਾਂ ਸਾਕਾਰ ਹੋ ਗਈਆਂ ਸਨ। ਮੇਜ਼ ਦੀ ਲੱਤ ਨਾਲ਼ ਕੱਸ ਕੇ ਨੂੜੀ ਸੋਟੀ ਦੇ ਉੱਪਰਲੇ ਸਿਰੇ ’ਤੇ, ਰੁਮਾਲ ਨਾਲ਼ ਬੰਨ੍ਹਿਆ, ਨਿੱਕੇ ਬਲੂੰਗੜੇ ਦੇ ਸਿਰ ਵਰਗਾ ਮਾਈਕ੍ਰੋਫ਼ੋਨ ਹੱਸਣ ਲੱਗਾ ਸੀ। ਪਰ ‘ਔਖਾ ਕਿੱਤਾ’ ਸੁਣਦਿਆਂ ਹੀ ਧਰਮਸ਼ਾਲਾ ਵਾਲ਼ੇ ਸ੍ਰੋਤੇ ਆਪਣੀਆਂ ਪਿੱਠਾਂ ਝਾੜਦੇ, ਆਪੋ-ਆਪਣੇ ਘਰਾਂ ਨੂੰ ਤੁਰਨ ਲੱਗੇ। ਬਰਾਤੀਆਂ ਦੇ ਮੰਜੇ ਭਾਂ-ਭਾਂ ਕਰਨ ਲੱਗੇ ਤੇ ਮੰਜਿਆਂ ਹੇਠ ਪਈਆਂ ਸ਼ਰਾਬ ਦੀਆਂ ਬੋਤਲਾਂ ਬਾਹਰ ਵੱਲ ਨੂੰ ਰੁੜ੍ਹਨ ਲੱਗੀਆਂ। ਮਾਈਕ੍ਰੋਫ਼ੋਨ ਪਿਚਕਣ ਲੱਗਾ ਤੇ ਲਾਊਡਸਪੀਕਰ ਦੀ ਅਵਾਜ਼ ਵਿੱਚ ਰੋੜ ਖੜਕਣ ਲੱਗੇ!

-ਹਾਂ … ਮੈਂ ਤੁਹਾਨੂੰ ਕਾਲਜਾਂ-ਯੂਨੀਵਰਸਿਟੀਆਂ ਵਿੱਚ ਪੜ੍ਹਾਉਣਾ ਚਹੁੰਨਾ, ਉੱਚ ਵਿੱਦਿਆ, ਬਾਪੂ ਥੋੜ੍ਹੇ ਅਟਕਾਓ ਬਾਅਦ ਬੋਲਿਆ। -ਪਰ ਪੜ੍ਹਾਈ ਲਈ ਕਾਫ਼ੀ ਸਾਰੇ ਪੈਸਿਆਂ ਦੀ ਜ਼ਰੂਰਤ ਪੈਣੀ ਐਂ … ਤੇ ਜਿੰਨੀ ਕੁ ਆਪਣੇ ਕੋਲ਼ ਗੁੰਜਾਇਸ਼ ਐ, ਉਸ ਮੁਤਾਬਿਕ ਮੈਂ ਥੋਨੂੰ ਕਾਲਜਾਂ ਦਾ ਖ਼ਰਚਾ ਨੲ੍ਹੀਂ ਦੇ ਸਕਣਾ।

ਹੁਣ ਬਾਪੂ ‘ਪ੍ਰੀਤ ਲੜੀ’ ਦੇ ਵਰਕੇ ਅੱਗੇ-ਪਿੱਛੇ ਪਲਟਣ ਲੱਗਾ ਜਿਵੇਂ ਉਹ ਆਪਣੇ ਜ਼ਿਹਨ ਵਿੱਚ ਗੁਆਚ ਗਈ ਕਵੀਸ਼ਰੀ ਦੀ ਕਿਸੇ ਸਤਰ ਨੂੰ, ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

-ਥੋਨੂੰ ਕਦੇ ਮੈਂ ਦੱਸਿਆ ਨੲ੍ਹੀਂ ਬਈ ਆਪਣੀ ਕਾਫ਼ੀ ਸਾਰੀ ਜ਼ਮੀਨ ਹਾਲੇ ਵੀ ਗਹਿਣੇ ਐ, - ਬਾਪੂ, ‘ਪ੍ਰੀਤ ਲੜੀ’ ਨੂੰ ਕਦੇ ਅੱਗੇ ਨੂੰ ਤੇ ਕਦੇ ਪਿੱਛੇ ਨੂੰ ਧੱਕਦਿਆਂ-ਖਿਚਦਿਆਂ ਬੋਲਿਆ। - ਮੇਰਾ ਪਿਓ ਅਫ਼ੀਮ ਦਾ ਤਕੜਾ ਅਮਲੀ ਸੀ; ਆਖ਼ਰੀ ਸਾਹ ਲੈਣ ਤੋਂ ਪਹਿਲਾਂ ਉਸ ਨੇ ਆਖ਼ਰੀ ਸਿਆੜ ਵੀ ਗਹਿਣੇ ਕਰ ਮਾਰਿਆ ਸੀ … ਪਰ ਇੰਨਾ ਸ਼ੁਕਰ ਆ ਬਈ ਉਸ ਨੇ ਜ਼ਮੀਨ ਹਾਲੇ ਵੇਚਣੀ ਸ਼ੁਰੂ ਨਹੀਂ ਸੀ ਕੀਤੀ … ਮੈਂ ਓਦੋਂ 12 ਕੁ ਸਾਲ ਦਾ ਸਾਂ … ਅਗਲੇ ਵਰ੍ਹੇ ਮੇਰੀ ਮਾਂ ਵੀ ਤੁਰਗੀ … ਚਾਰ ਭੈਣਾਂ ਦਾ ਬੋਝ ਮੈਂ ਕੱਲੇ ਨੇ ਉਠਾਇਆ … ਹੁਣ ਦੋ ਥੋਡੀਆਂ ਭੈਣਾਂ ਤੇ ਚਾਰ ਤੁਸੀਂ ਭਰਾ … ਕਬੀਲਦਾਰੀ ਖਾਸੀ ਵੱਡੀ ਐ … ਗਾਇਕੀ ਚ ਭੱਜ-ਦੌੜ ਬਹੁਤ ਹੁੰਦੀ ਐ … ਇਸ ਲਈ ਮੈਂ ਤੁਹਾਨੂੰ ਪੜ੍ਹਾਉਣਾ ਈ ਚਾਹੁੰਦਾ ਆਂ …

ਕਮਰੇ ਵਿੱਚ ਛਾਅ ਗਈ ਚੁੱਪ ਲੰਮੇਰੀ ਹੋਣ ਲੱਗੀ।

ਬਾਪੂ ਕਦੀ ਸਾਡੇ ਵੱਲ ਦੇਖਦਾ, ਕਦੇ ਰੇਡੀਓ ਵਾਲ਼ੀ ਅਲਮਾਰੀ ਵੱਲ, ਤੇ ਕਦੇ ‘ਪ੍ਰੀਤ ਲੜੀ’ ਵੱਲ।

-ਅਸੀਂ ਕਿਹੜਾ ਪੜ੍ਹਾਈ ਛੱਡਦੇ ਆਂ। - ਸਾਥੋਂ ਦੋਹਾਂ ਤੋਂ ਵੱਡਾ, ਬਲਵੰਤ, ਆਖ਼ਿਰ ਹਿੰਮਤ ਕਰ ਕੇ ਬੋਲਿਆ। ਅਸੀਂ ਤਾਂ ਬੱਸ ਐਵੇਂ ਸ਼ੌਕ ਨਾਲ਼ ਈ ਗਾਇਆ ਸੀ।

ਹੁਣ ‘ਪ੍ਰੀਤ ਲੜੀ’ ਵਾਰ-ਵਾਰ ਬਾਪੂ ਦੇ ਹੱਥਾਂ ਵਿੱਚ ਚੜ੍ਹਨ-ਲੱਥਣ ਲੱਗੀ। ਉਹਦਾ ਸਿਰ ਵਾਰ-ਵਾਰ ਸੱਜੇ-ਖੱਬੇ ਘੁੰਮਦਾ ਤੇ ਰੁਕ ਜਾਂਦਾ। ਅਗਲੇ ਪਲਾਂ ਵਿੱਚ ਉਹ ਵਾਰ-ਵਾਰ ਆਪਣੀਆਂ ਅੱਖਾਂ ਨੂੰ ਸੁੰਗੇੜਦਾ ਤੇ ਭਵਾਂ ਨੂੰ ਉੱਪਰ ਵੱਲ ਨੂੰ ਖਿੱਚ ਲੈਂਦਾ। ਲਗਾਤਾਰ ਉਸ ਦੀ ਦਾਹੜੀ ਵਿੱਚ ਕੰਘੀ ਕਰ ਰਹੀਆਂ ਉਸ ਦੀਆਂ ਉਂਗਲ਼ਾਂ ਜਿਵੇਂ ਮੇਰੇ ਦਿਲ ’ਤੇ ਘਸਰ ਰਹੀਆਂ ਹੋਵਣ। ਫੇਰ ਉਸ ਨੇ ਆਪਣੀਆਂ ਨਜ਼ਰਾਂ ਵਾਰੋ-ਵਾਰੀ ਸਾਡੇ ਚਿਹਰਿਆਂ ’ਤੇ ਘਸਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਉਸ ਦੀਆਂ ਐਨਕਾਂ ਉਸਦੇ ਨੱਕ ਤੋਂ ਉੱਤਰ ਕੇ ਦਰੀ ’ਤੇ ਬੈਠ ਗਈਆਂ। ਉਹਦੇ ਸੱਜੇ ਹੱਥ ਦੀਆਂ ਉਂਗਲ਼ਾਂ ਉਸਦੀਆਂ ਮੁੱਛਾਂ ਨਾਲ਼ ਗੁਫ਼ਤਗੂ ਕਰਨ ਲੱਗੀਆਂ। ਉਹ ਕਦੇ ਸੱਜੀ ਮੁੱਛ ’ਤੇ ਜਾ ਬੈਠਦੀਆਂ ਤੇ ਕਦੇ ਖੱਬੀ ਉੱਤੇ। ਫੇਰ ਉਸਦੇ ਹੱਥ, ਕਲੰਘੜੀ ਬਣ ਕੇ ਉਸਦੇ ਸਿਰ ’ਤੇ ਜਾ ਬਿਰਾਜੇ। ਕਾਫ਼ੀ ਦੇਰ ਬਾਅਦ ਉਸਦਾ ਮੂੰਹ ਰਤਾ ਕੁ ਖੁੱਲ੍ਹਿਆ, ਤੇ ਉਸਦੇ ਹੇਠਲੇ ਬੁਲ੍ਹ ਸਮੇਤ, ਉਸਦੇ ਮੂੰਹ ਦੀਆਂ ਕੰਨੀਆਂ ਹੇਠਾਂ ਵੱਲ ਨੂੰ ਖਿੱਚੀਆਂ ਗਈਆਂ।

-ਚੰਗਾ, ਇਉਂ ਕਰੋ, - ਬਾਪੂ ਅਚਾਨਕ ਬੋਲਿਆ ਜਿਵੇਂ ਕਵੀਸ਼ਰੀ ਦੀ ਕੋਈ ਗਵਾਚੀ ਸਤਰ ਉਸਦੇ ਦਿਮਾਗ਼ ਵਿੱਚ ਪਰਤ ਆਈ ਹੋਵੇ। -ਕੱਲ੍ਹ ਵਾਲ਼ੀ ਕਵੀਸ਼ਰੀ ਇੱਕ ਵਾਰੀ ਫੇਰ ਸੁਣਾਓ!

ਅਗਲੇ ਹੀ ਪਲ, ਸ਼ਾਹਣੀ ਕੌਲਾਂ ਦੇ ਚਰਿੱਤਰ ’ਤੇ ਸ਼ੱਕ ਹੋਣ ਬਾਅਦ, ਬੀਜੇ ਬਾਣੀਏਂ ਵੱਲੋਂ ਉਸ ਨੂੰ ਘਰੋਂ ਕੱਢਣ ਵਾਲ਼ਾ ਦ੍ਰਿਸ਼ ਚਿਤਰਦੀ, ਬਾਪੂ ਪਾਰਸ ਦੀ ਲਿਖੀ ਕਵੀਸ਼ਰੀ ਮੇਰੀ ਜ਼ੁਬਾਨ ’ਤੇ ਖੁਰਕ ਕਰਨ ਲੱਗੀ। ਮੈਂ ਗਲ਼ਾ ਸਾਫ਼ ਕੀਤਾ ਤੇ ਮੇਰੀ ਬਾਲ-ਉਮਰੀ, ਤਿੱਖੀ ਅਵਾਜ਼ ਕਮਰੇ ਵਿੱਚ ਗੂੰਜਣ ਲੱਗੀ: ਕੱਢ’ ਤੀ ਪਤੀ ਨੇ ਘਰੋਂ ਧੱਕੇ ਮਾਰ ਕੇ/ਤੁਰ ਚੱਲੀ ਵਾਲ਼ ਸਿਰ ਦੇ ਖਿਲਾਰ ਕੇ!

ਰਛਪਾਲ ਤੇ ਬਲਵੰਤ ਦੇ ਸਿਰ ਇੱਕ-ਦੂਜੇ ਵੱਲ ਉੱਲਰੇ, ਤੇ ਉਹ ਇੱਕ-ਸੁਰ ਹੋ ਕੇ ਬੋਲੇ:

ਸ਼ਿਵਾਂ ਨੇ ਵਿਛੋੜ ਦਿੱਤਾ ਪਾਰਬਤੀ ਨੂੰ,
ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗਤੀ ਨੂੰ!

ਬਲਵੰਤ ਤੇ ਰਛਪਾਲ ਚੌ-ਸਤਰੀ ਪੰਗਤੀ ਦੀਆਂ ਪਿਛਲੀਆਂ ਦੋ ਸਤਰਾਂ ਮੁਕਾਉਂਦੇ ਤਾਂ ਮੈਂ ਅਗਲੀ ਪੰਗਤੀ ਦੀਆਂ ਪਹਿਲੀਆਂ ਦੋ ਸਤਰਾਂ ਚੁੱਕ ਲੈਂਦਾ; ਮੇਰੀਆਂ ਸਤਰਾਂ ਮੁੱਕਦਿਆਂ ਹੀ ਰਛਪਾਲ-ਬਲਵੰਤ ਦੀ ਜੋੜੀ ਅਗਲੀਆਂ ਸਤਰਾਂ ਉਠਾਅ ਲੈਂਦੀ। ਛੰਦ, ਜਿਉਂ-ਜਿਉਂ ਆਪਣੀ ਬੁਲੰਦੀ ਵੱਲ ਵਧ ਰਿਹਾ ਸੀ, ਬਾਪੂ ਦਾ ਸਿਰ ਤੇ ਧੜ ਕਦੇ ਪਾਸਿਆਂ ਵੱਲ ਨੂੰ ਹਿੱਲਦੇ ਤੇ ਕਦੇ ਅੱਗੇ-ਪਿੱਛੇ ਨੂੰ। ਛੰਦ ਦੀਆਂ ਆਖ਼ਰੀ ਸਤਰਾਂ ਜਦੋਂ ਅਸੀਂ ਤਿੰਨਾਂ ਨੇ ਰਲ਼ ਕੇ ਸੰਪੂਰਨ ਕੀਤੀਆਂ, ਬਾਪੂ ਦੀਆਂ ਅੱਖਾਂ ਵਿੱਚ ਫੁੱਲ-ਝੜੀਆਂ ਖਿੜ ਉੱਠੀਆਂ। ਭੁਕਾਨੇ ਵਾਂਗ ਫੁੱਲ ਗਈਆਂ ਉਸ ਦੀਆਂ ਗੱਲ੍ਹਾਂ ਵਿੱਚ ਲਾਲੀ ਥਰਕਣ ਲੱਗੀ। ਠੋਡੀ ਨੂੰ ਛਾਤੀ ਵੱਲ ਨੂੰ ਖਿੱਚਦਿਆਂ, ਉਸ ਨੇ ਆਪਣੇ ਬੁੱਲ੍ਹਾਂ ਨੂੰ ਛਤਰੀ ਵਾਂਗ ਖੋਲ੍ਹ ਦਿੱਤਾ। ਗੁਲਾਬੀ-ਫੁੱਲਾਂ ਦਾ ਗੁਲਦਸਤਾ ਬਣੇ ਆਪਣੇ ਚਿਹਰੇ ਨੂੰ ਉਸ ਨੇ ਚਾਰ-ਪੰਜ ਵਾਰ ਸੱਜੇ-ਖੱਬੇ ਫੇਰਿਆ।

-ਵਾਹ ਉਏ ਮੁੰਡਿਓ! - ਉਹ ਮੂੰਹ ਫੁਲਾ ਕੇ ਬੋਲਿਆ। - ਏਨੀ ਵਧੀਆ ਗਾਇਕੀ ਆਪਣੇ-ਆਪ ਈ ਕਿਵੇਂ ਸਿੱਖਗੇ?

* * *

ਸ਼ਾਮ ਦਾ ਘੁਸਮੁਸਾ ਸੰਘਣਾ ਹੋਣ ਲੱਗਾ ਤਾਂ ਬੇਬੇ ਦਾ ਹੁਕਮ ਹੋਇਆ: ਚਲੋ ਮੁੰਡਿਓ, ਚਿਮਨੀਆਂ ਸਾਫ਼ ਕਰੋ!

ਇੱਕ ਖ਼ਾਲੀ ਬੋਰੀ ਰੇਡੀਓ ਵਾਲ਼ੇ ਕਮਰੇ ਦੇ ਸਾਹਮਣੇ, ਵਿਹੜੇ ਵਿੱਚ ਵਿਛ ਗਈ, ਤੇ ਕਿੱਲੀਆਂ ’ਤੇ ਲਟਕਦੀਆਂ ਲਾਲਟੈਣਾਂ ਤੇ ਰੇਡੀਓ ਵਾਲ਼ੇ ਕਮਰੇ ਦੀ ਟਾਂਡ ’ਤੇ ਬੈਠਾ ਲੈਂਪ ਬੋਰੀ ਉੱਤੇ ਉੱਤਰ ਆਏ। ਚਿਮਨੀਆਂ, ਲਾਲਟੈਣਾਂ ਦੀਆਂ ਪੱਸਲ਼ੀਆਂ ਵਿੱਚੋਂ ਮਲਕੜੇ-ਮਲਕੜੇ ਨਿੱਕਲ਼ ਕੇ, ਸਾਡੇ ਨਿੱਕੇ-ਨਿੱਕੇ ਹੱਥਾਂ ਵਿੱਚ ਫੜੇ ਗਿੱਲੇ ਪੋਣਿਆਂ ਨਾਲ਼ ਸਾਫ਼ ਹੋਣ ਲੱਗੀਆਂ। ਮਿੱਟੀ ਦੇ ਤੇਲ ਵਾਲ਼ੀ ਪੀਪੀ ਹਰਕਤ ਵਿੱਚ ਆਈ, ਤੇ ਲੈਂਪ-ਲਾਲਟੈਣਾਂ ਦੇ ਹੇਠਲੇ ਪਾਸਿਆਂ ਨਾਲ਼ ਜੁੜੀ ਗੋਲ਼ਾਈ ਵਿੱਚ ਤੇਲ ਦੀਆਂ ਛੱਲਾਂ ਵੱਜਣ ਲੱਗੀਆਂ। ਮਿੱਟੀ ਦੇ ਤੇਲ ਦੀ ਗੰਧ ਵਿਹੜੇ ਵਿੱਚੋਂ ਫੈਲਦੀ-ਫੈਲਦੀ ਕਮਰਿਆਂ ਤੀਕ ਅੱਪੜ ਗਈ।

ਰਸੋਈ ਵਿੱ ਮਿੱਟੀ ਦੀ ਅੰਗੀਠੀ ਉੱਤੇ ਉੱਬਲ਼ਦੇ ਆਂਡਿਆਂ ਦੀ ਗੁੜ-ਗੁੜ ਜਦੋਂ ਰੇਡੀਓ ਵਾਲ਼ੇ ਕਮਰੇ ਤੀਕ ਅੱਪੜੀ, ਅਲਮਾਰੀ ਵਿੱਚ ਖਲੋਤੀ ਬੋਤਲ ਬਾਹਰ ਨੂੰ ਆਉਣ ਲਈ ਤਾਂਘਣ ਲੱਗੀ। ਕੱਚ ਦਾ ਗਲਾਸ, ਪਾਣੀ ਵਾਲ਼ੀ ਗੜਵੀ, ਤੇ ਕੱਟੇ ਹੋਏ ਗੰਢਿਆਂ ਦੀ ਪਲੇਟ, ਬਾਪੂ ਦੀ ਕੁਰਸੀ ਦੇ ਸਾਹਮਣੇ ਪਏ ਮੇਜ਼ ਉੱਪਰ ਉੱਤਰਨ ਲੱਗੇ। ਬਾਪੂ ਦੀਆਂ ਅੱਖਾਂ ਵਿੱਚ ਜੁਗਨੂੰ ਟਿਮਕਣ ਲੱਗੇ।

-ਗੱਲ ਸੁਣੋ, ਮੁੰਡਿਓ! - ਦੂਸਰਾ ਪੈੱਗ ਗਲਾਸ ਵਿੱਚ ਪਾਉਂਦਿਆਂ ਬਾਪੂ ਬੋਲਿਆ। - ਆਓ ਥੋਡੀ ਕਵੀਸ਼ਰੀ ਦੀ ਗੱਲ ਮੁਕਾਈਏ।

ਆਂਡੇ ਛਿੱਲਦੇ ਸਾਡੇ ਹੱਥ ਥਾਂਏਂ ਸੁੰਨ ਹੋ ਗਏ। ਕਿਤੇ ਬਾਪੂ ਸਾਡੇ ਕਵੀਸ਼ਰੀ ਗਾਉਣ ’ਤੇ ਪਬੰਦੀ ਹੀ ਨਾ ਲਾ ਦੇਵੇ!

-ਕਵੀਸ਼ਰੀ ਚ ਮੈਂ ਤਕੜਾ ਨਾਮ ਕਮਾਇਐ … ਜਿੱਥੇ ਮੇਰੇ ਕਵੀਸ਼ਰੀ ਜੱਥੇ ਦਾ ਪ੍ਰੋਗਰਾਮ ਹੋਵੇ, ਲੋਕ ਦਸ-ਦਸ ਕੋਹ ਤੋਂ ਵਹੀਰਾਂ ਘੱਤ ਕੇ ਸੁਣਨ ਆਉਂਦੇ ਆ। ਤੁਸੀਂ ਨਿਆਣੇ ਓਂ, ਤੇ ਗਾਉਂਦੇ ਵੀ ਚੰਗਾ ਓਂ; ਅਭਿਆਸ ਕਰਾ ਕੇ ਮੈਂ ਥੋਨੂੰ ਗੁਣੀਏਂ ਚ ਲੈ ਆਊਂਗਾ। ਇਸ ਲਈ ਲੋਕ ਤੁਹਾਨੂੰ ਵੀ ਹੱਥਾਂ ’ਤੇ ਚੁੱਕਣਗੇ, ਪਰ … ਮੈਂ ਤੁਹਾਡੀ ਪੜ੍ਹਾਈ ਦਾ ਨੁਕਸਾਨ ਹੋਇਆ ਨਹੀਂ ਦੇਖਣਾ ਚਾਹੁੰਦਾ।

ਦੂਜਾ ਪੈੱਗ ਬਾਪੂ ਨੂੰ ਬੇਸਬਰੀ ਨਾਲ਼ ਉਡੀਕ ਰਿਹਾ ਸੀ।

-ਗਾਇਕੀ ਦਾ ਕੋਈ ਪ੍ਰੋਗਰਾਮ ਜੇ ਸਿਰਫ਼ ਸਨਿੱਚਰਚਰ ਜਾਂ ਐਤਵਾਰ ਨੂੰ ਹੋਵੇ ਤਾਂ ਤੁਸੀਂ ਜਾ ਸਕਦੇ ਹੋ।

ਅਗਲੀ ਸਵੇਰ, ਕਵੀਸ਼ਰੀ ਵਿੱਚ ਪਰੋਇਆ, ਦਸਵੇਂ ਗੁਰੂ ਦੇ ਨੰਨ੍ਹੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ, ਸਾਡੇ ਹੱਥਾਂ ਵਿੱਚ ਫੜਾਉਂਦਿਆਂ ਬਾਪੂ ਨੇ ਤਾਕੀਦ ਕੀਤੀ ਕਿ ਦੋ ਹਫ਼ਤੇ ਵਿੱਚ ਉਸ ਪ੍ਰਸੰਗ ਦੇ ਤਕਰੀਬਨ ਪੰਦਰਾਂ-ਸੋਲਾਂ ਛੰਦ ਜ਼ੁਬਾਨੀ ਯਾਦ ਹੋਣੇ ਚਾਹੀਦੇ ਨੇ।

ਨਵੰਬਰ ਦੇ ਮੁਢਲੇ ਪੱਖ ਦੀ ਸਰਦੀ ਨੇ, ਟੀਨ ਦੀਆਂ ਪੇਟੀਆਂ ਤੇ ਲੱਕੜ ਦੇ ਸੰਦੂਕ ਵਿੱਚ ਨਿਸਲ਼ੇਵਾਂ ਹੰਢਾਉਂਦੀਆਂ ਰਜ਼ਾਈਆਂ ਨੂੰ ਧੂਹ ਕੇ ਮੰਜਿਆਂ ’ਤੇ ਲੈ ਆਂਦਾ। ਮੰਜੇ ਦਿਨ ਵੇਲੇ ਧੁੱਪ ਸੇਕਦੇ, ਤੇ ਸੂਰਜ ਦੇ ਛਿਪਾਅ ਤੋਂ ਪਹਿਲਾਂ ਹੀ ਦਲਾਨ ਤੇ ਪੇਟੀ ਵਾਲ਼ੇ ਕਮਰੇ ਵਿੱਚ ਜਾ ਖੜ੍ਹਦੇ।

ਸਾਡਾ ਤਿੰਨਾਂ ਭਰਾਵਾਂ ਦਾ ਡੇਰਾ, ਹੱਥਾਂ ਨਾਲ਼ ਗੇੜ ਕੇ ਪੱਠੇ ਕੁਤਰਨ ਵਾਲ਼ੀ ਮਸ਼ੀਨ ਕੋਲ਼ ਸੀ ਜਿਹੜੀ ਆਪ ਉਸ ਪੜਛੱਤੇ ਦੇ ਇੱਕ ਕੋਨੇ ਵਿੱਚ ਸਾਰੀ ਦਿਹਾੜੀ ਚੁੱਪ ਭੋਗਦੀ ਜਿਸ ਵਿੱਚ ਮੱਝਾਂ, ਕੱਟੀਆਂ ਤੇ ਗਾਈਆਂ ਦਾ ਵਸੇਬਾ ਸੀ। ਪੜਛੱਤੇ ਦੇ ਤਿੰਨ ਪਾਸੇ ਤਾਂ ਕੰਧਾਂ ਨਾਲ਼ ਢਕੇ ਹੋਏ ਸਨ, ਪਰ ਚੌਥਾ ਚੌਫ਼ਾਲ਼ ਖੁੱਲ੍ਹਾ ਸੀ। ਕੰਧੋਂ-ਸੱਖਣੇ ਇਸ ਚੌਥੇ ਪਾਸੇ ’ਤੇ, ਕਾਨਿਆਂ ਨਾਲ਼ ਬਣਾਇਆ ਇੱਕ ਫਿੜਕਾ, ਸਿਆਲ਼ੋ-ਸਿਆਲ਼, ਦਿਨ ਵੇਲੇ ਬਨੇਰੇ ਵੱਲ ਨੂੰ ਲਿਪਟਿਆ ਰਹਿੰਦਾ ਤੇ ਸ਼ਾਮ ਨੂੰ ਪਸ਼ੂਆਂ ਦੀ, ਵਿਹੜੇ ਵਾਲ਼ੇ ਕਿੱਲਿਆਂ ਤੋਂ ਪੜਛੱਤੇ ਅੰਦਰ ਆਮਦ ਤੋਂ ਬਾਅਦ, ਖੁੱਲ੍ਹ ਕੇ ਸਿਹਰੇ ਵਾਂਗ ਤਣ ਜਾਂਦਾ।

ਮਸ਼ੀਨ ਦੇ ਕੋਲ਼ ਹੀ ਦੋ ਮੰਜਿਆਂ ਵਿਚਕਾਰ, ਸਿਰ੍ਹਾਣਿਆਂ ਦੇ ਨਜ਼ਦੀਕ, ਇੱਕ ਸਟੂਲ ਉੱਤੇ ਮਿੱਟੀ ਦੇ ਤੇਲ ਨਾਲ਼ ਜਗਣ ਵਾਲ਼ਾ ਲੈਂਪ ਹੁੰਦਾ ਸੀ, ਜੀਹਦੇ ਪੇਤਲੇ ਜਿਹੇ ਚਾਨਣ ਵਿੱਚ ਅਸੀਂ ਤਿੰਨੇਂ ਭਰਾ ਹਿਸਾਬ ਦੇ ਜਮ੍ਹਾਂ-ਘਟਾਓ ਵਿੱਚ ਉਲਝਣ ਦੇ ਨਾਲ਼-ਨਾਲ਼ ਸਾਹਿਬਜ਼ਾਦੀਆਂ ਦੀ ਸ਼ਹੀਦੀ ਦਾ ਕਵੀਸ਼ਰੀ ਵਿੱਚ ਲਿਪਟਿਆ ਪ੍ਰਸੰਗ ਯਾਦ ਕਰਨ ਵਿੱਚ ਰੁੱਝ ਗਏ।

ਸਿਆਲ਼ੀ ਦਿਨਾਂ ਵਿੱ ਸ਼ਾਦੀਆਂ ਤੇ ਧਾਰਮਿਕ ਦੀਵਾਨਾਂ ਦਾ ਸੀਜ਼ਨ ਹੋਣ ਕਾਰਨ, ਬਾਪੂ ਦਾ ਕਵੀਸ਼ਰੀ ਜੱਥਾ ਡਾਢਾ ਮਸਰੂਫ਼ ਹੁੰਦਾ ਸੀ, ਇਸ ਲਈ ਉਹ ਪੰਜਵੇਂ-ਸੱਤਵੇਂ ਦਿਨ ਹੀ ਪਿੰਡ ਪਰਤਦਾ। ਜਿਸ ਦਿਨ ਉਹ ਪਿੰਡ ਹੁੰਦਾ, ਸਾਨੂੰ ਤਿੰਨਾਂ ਨੂੰ ਤੜਕਸਾਰ ਤਿੰਨ-ਚਾਰ ਵਜੇ ਅਵਾਜ਼ ਮਾਰ ਦਿੰਦਾ। ਨਿਆਣ-ਉਮਰੇ ਅਸੀਂ, ਰਜ਼ਾਈ ਦੇ ਨਿੱਘ ਵਿੱਚੋਂ ਨਿਕਲਣ ਵੇਲੇ ਚੀਂ-ਚੀਂ ਕਰਦੇ, ਪਾਸੇ ਮਾਰਦੇ ਤੇ ਅੱਖਾਂ ਮਲ਼ਦੇ। ਸੋਚਦੇ ਬਾਪੂ ਸ਼ਾਇਦ ਸਾਨੂੰ ਅੱਜ ਛੁੱਟੀ ਹੀ ਬਖ਼ਸ਼ ਦੇਵੇ। ਪਰ ਉਹ ਅਸੂਲਾਂ ਦਾ ਪੱਕਾ ਸੀ। ਉੱਠੋ! ਉੱਠੋ! - ਉਹ ਪ੍ਰੇਰਨਾ ਤੇ ਹੁਕਮ ਨੂੰ ਸ਼ਰਾਬ ਤੇ ਪਾਣੀ ਵਾਂਗ ਸੰਤੁਲਨ ਵਿੱਚ ਕਰ ਕੇ ਬੋਲਦਾ। - ਪਹਿਲਾਂ ਨਹਾਓ ਤੇ ਫੁਰਤੀ ਚ ਆਓ!

ਇੱਕ ਸਰਦੀ ਦੀ ਰੁੱਤ, ਦੂਸਰਾ ਤੜਕਸਾਰ ਦੀ ਠਾਰੀ, ਤੇ ਉੱਪਰੋਂ ਖੁੱਲ੍ਹੇ ਅਸਮਾਨ ਦੀ ਚੁੱਪ ਹੇਠ ਖਲੋਤਾ ਨਲ਼ਕਾ!

ਕੁੰਗੜੇ ਹੋਏ ਅਕਾਸ਼ ਵਿੱਚ ਟਿਮਟਿਮਾਉਂਦੇ ਤਾਰਿਆਂ ਹੇਠ, ਖ਼ਾਮੋਸ਼ੀ ਧਾਰ ਕੇ ਸੁੱਤੇ ਵਿਹੜੇ ਵਿੱਚ ਲੜਖੜਾਉਂਦੇ, ਅਸੀਂ ਨਲ਼ਕੇ ਵੱਲ ਨੂੰ ਤੁਰ ਜਾਂਦੇ। ਸਾਡੇ ਵਿੱਚੋਂ ਇੱਕ ਜਣਾ ਨਲ਼ਕੇ ਦੀ ਠਰੀ ਹੋਈ ਹੱਥੀ ਨੂੰ ਉੱਪਰੋਂ ਹੇਠਾਂ ਨੂੰ ਦਬਾਉਂਦਾ। ਨਲ਼ਕਾ ਬੁਖ਼ਾਰ ਵਾਲ਼ੇ ਨਿਆਣੇ ਵਾਂਗ ਚੀਕਦਾ ਤਾਂ ਕੰਧ ਦੀਆਂ ਜੜ੍ਹਾਂ ਨਾਲ਼ ਸਿਮਟੀ ਖੁਰਲੀ ਹੇਠ ਬਣੇ ਖੁੱਡੇ ਵਿੱ ਇੱਕ ਦੂਜੀ ਨਾਲ਼ ਘਸਰ ਕੇ ਸੁੱਤੀਆਂ ਕੁਕੜੀਆਂ ਕੁੜ-ਕੁੜਾਅ ਉੱਠਦੀਆਂ। ਦੂਸਰਾ ਜਣਾ ਕੱਪੜੇ ਉਤਾਰਦਾ, ਤੇ ਮੱਗ ਨੂੰ ਹੱਥ ਵਿੱਚ ਫੜ ਕੇ ਠੰਢੇ ਪਾਣੀ ਦੀ ਬਾਲ਼ਟੀ ਵੱਲ ਇੰਝ ਝਾਕਦਾ ਜਿਵੇਂ ਉਸ ਵਿੱਚ ਭੂੰਡਾਂ ਦੀ ਖੱਖਰ ਲੱਗੀ ਹੋਈ ਹੋਵੇ। ਪ੍ਰੰਤੂ ਕੁੱਝ ਦਿਨਾਂ ਵਿੱਚ ਹੀ ਇਹ ਸਮਝ ਲੱਗ ਗਈ ਕਿ ਪਹਿਲੇ ਦੋ ਕੁ ਮੱਗ ਹੀ ਡਰਦਿਆਂ-ਡਰਦਿਆਂ ਪਿੰਡੇ ਉੱਪਰ ਪਾਉਣੇ ਪੈਂਦੇ ਆ, ਬਾਕੀ ਦਾ ਇਸ਼ਨਾਨ ਤਾਂ ਬਿਨਾ-ਤਕਲੀਫ਼ ਹੀ ਹੋ ਜਾਂਦਾ ਐ।

ਸ਼ੂੰ-ਸ਼ੂੰ ਸ਼ੂਕਦੇ ਸਟੋਵ ਉੱਤੇ ਬਾਪੂ ਵੱਲੋਂ ਬਣਾਈ ਚਾਹ ਜਿਉਂ ਹੀ ਸੁੜ੍ਹਾਕਿਆਂ ਵਿੱਚ ਅਨੁਵਾਦ ਹੁੰਦੀ, ਸਾਡੇ ਨਰਮ ਜਿਹੇ ਸਰੀਰਾਂ ਵਿੱਚ ਗਰਮੀ ਛਪਣ ਲਗਦੀ।

-ਚਲੋ ਬਈ ਪੇਟੀ ’ਤੇ, - ਬਾਪੂ ਇਸ਼ਾਰੇ ਨਾਲ਼ ਆਖਦਾ।

ਅਸੀਂ ਤਿੰਨੇਂ, ਪੇਟੀਆਂ ਵਾਲ਼ੇ ਕੋਠੇ ਵਿੱਚ ਪਈ ਮਧਰੀ ਜਿਹੀ ਪੇਟੀ ਉੱਪਰ, ਇੱਕ ਕਤਾਰ ਵਿੱਚ ਬੈਠ ਜਾਂਦੇ। ਮਿੱਟੀ ਦੇ ਤੇਲ ਵਾਲ਼ਾ ਲੈਂਪ ਸਾਡੇ ਸਾਹਮਣੇ ਚੌਂਕੜੀ ਮਾਰ ਲੈਂਦਾ। ਬਾਪੂ ਸਾਡੇ ਸਾਹਮਣੇ ਮੰਜੇ ਉੱਤੇ ਬਿਰਾਜਮਾਨ ਹੋ ਜਾਂਦਾ।

-ਕਰੋ ਸ਼ੁਰੂ!

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਾਕੇ ਦੇ ਛੰਦ ਇੱਕ ਤੋਂ ਬਾਅਦ ਦੂਸਰਾ ਸਾਡੀਆਂ ਉੱਚੀਆਂ ਅਵਾਜ਼ਾਂ ਵਿੱਚ ਉੱਧੜੀ ਜਾਂਦੇ।

ਵਿੱਚ-ਵਿੱਚ ਬਾਪੂ ਸਾਨੂੰ ਰੋਕਦਾ; ਦਸਦਾ ਕਿ ਸ੍ਰੋਤੇ ਤੁਹਾਡੀਆਂ ਅਵਾਜ਼ਾਂ ਦੇ ਉਤਰਾਅ-ਚੜ੍ਹਾਅ, ਸੁਰੀਲਤਾ ਤੇ ਬੁਲੰਦੀ ਦੇ ਨਾਲ਼-ਨਾਲ਼, ਇਹ ਸੁਣਨਾ ਚਾਹੁੰਦੇ ਹੁੰਦੇ ਨੇ ਕਿ ਤੁਸੀਂ ਗਾਇਕੀ ਵਿੱਚ ਕਹਿ ਕੀ ਰਹੇ ਹੋ; ਗਾਇਕੀ ਦੇ ਨਾਲ਼-ਨਾਲ਼, ਗਾਈ ਜਾ ਰਹੀ ਸ਼ਾਇਰੀ ਦਾ ਆਪਣਾ ਰਸ ਹੁੰਦਾ ਹੈ: ਇਸ ਲਈ ਹਰ ਲਫ਼ਜ਼ ਨਿਖ਼ਾਰ-ਨਿਖ਼ਾਰ ਕੇ ਬੋਲਣਾ ਹੈ … ਨਾਲ਼ੇ ਸਟੇਜ ਉੱਤੇ ਬੁੱਤ ਬਣ ਕੇ ਨਹੀਂ ਖਲੋਣਾ ਸਗੋਂ ਕਵੀਸ਼ਰੀ ਦੇ ਪ੍ਰਸੰਗ ਮੁਤਾਬਿਕ ਚਿਹਰੇ ਉੱਪਰ ਤੇ ਅਵਾਜ਼ ਵਿੱਚ ਕਰੁਣਾ, ਉਦਾਸੀ, ਦਰਦ, ਗ਼ਮੀ ਤੇ ਖ਼ੁਸ਼ੀ ਆਦਿਕ ਦੇ ਹਾਵ-ਭਾਵ ਵੀ ਲਿਆਉਣੇ ਹਨ ਤੇ ਹੱਥਾਂ ਦੇ ਇਸ਼ਾਰੇ ਵੀ ਕਰਨੇ ਹਨ।

ਫਿਰ ਉਸ ਨੇ ਬੇਬੇ ਨੂੰ ਹੁਕਮ ਕਰ ਦਿੱਤਾ: ਦਿਲਜੀਤ ਕੁਰੇ, ਮੈਂ ਪਿੰਡ ਹੋਵਾਂ ਜਾਂ ਨਾ; ਤੂੰ ਏਹਨਾਂ ਨੂੰ ਅਲਾਰਮ ਲਾ ਕੇ ਤੜਕਿਓਂ ਤਿੰਨ ਵਜੇ ਉਠਾਉਣਾ ਹੈ। ਚਾਹ ਨਾਲ਼ ਖੋਏ ਦੀ ਇੱਕ-ਇੱਕ ਪਿੰਨੀ ਦੇ ਕੇ ਇਨ੍ਹਾਂ ਨੂੰ ਐਸ ਪੇਟੀ ’ਤੇ ਬਿਠਾ ਦੇਣਾ ਹੈ। ਜਿੰਨੀ ਮਿਹਨਤ ਇਹ ਵੱਧ ਕਰਨਗੇ, ਉੰਨਾ ਹੀ ਇਨ੍ਹਾਂ ਦੀ ਗਾਇਕੀ ਚ ਨਿਖ਼ਾਰ ਆਵੇਗਾ। ਇੱਕ ਘੰਟਾ ਕਵੀਸ਼ਰੀ ਦਾ ਰਿਆਜ਼ ਤੇ ਉਸ ਤੋਂ ਬਾਅਦ ਸਕੂਲ ਦਾ ਕੰਮ!

*****

(744)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇਕਬਾਲ ਰਾਮੂਵਾਲੀਆ

ਇਕਬਾਲ ਰਾਮੂਵਾਲੀਆ

Brampton, Ontario, Canada.
Email: (ramoowalia@gmail.com)