JagtarSaalam7ਸ਼ਿਕਾਰੀ ਤੋਂ ਮਰੇ ਨਾ ਉਹ ਹਵਾਵਾਂ ਤੋਂ ਡਰੇ ਨਾ ਉਹ,
ਕਿ ਇਸ ਵਾਰੀ ਪਰਿੰਦੇ ਨੂੰ ਅਸੀਂ ਹੁਸ਼ਿਆਰ ਕਰਨਾ ਹੈ।”
(ਜੂਨ 24, 2015)


                          1.

ਨਕਸ਼ ਰਾਹਾਂ ਵਿਚ ਯੁਗਾਂ ਤਕ ਰਹਿਣਗੇ ਰਾਹਗੀਰ ਦੇ,
ਨਕਸ਼ਿਆਂ ਨੂੰ ਪਾੜ ਭਾਵੇਂ ਆਂਦਰਾਂ ਨੂੰ ਚੀਰ ਦੇ।

ਕੌਣ ਸੁਣਦੈ ਰਾਗ ਨੂੰ ਤੇ ਕੌਣ ਸੁਣਦੈ ਗੀਤ ਨੂੰ,                      
ਚੁੱਕ ਤੇਰੀ ਬੰਸਰੀ ਮੈਨੂੰ ਮੇਰੀ ਸ਼ਮਸ਼ੀਰ ਦੇ।

ਹਰ ਨਿਸ਼ਾਨਾ ਲੱਗਣਾ ਹੈ ਬਾਦਸ਼ਾਹ ਦੀ ਹਿੱਕ ਤੇ,
ਜੇ ਨਜ਼ਾਰਾ ਦੇਖਣੈ ਤਰਕਸ਼ ਚੋਂ ਮੈਨੂੰ ਤੀਰ ਦੇ।

ਮੈਂ ਤਾਂ ਇਹ ਕੋਸ਼ਿਸ਼ ਕਰਾਂਗਾ ਵਕਤ ਨੂੰ ਵੱਸ ਵਿਚ ਕਰਾਂ,
ਕਿਉਂ ਚੁਗਾਂ ਟੁਕੜੇ ਤੇਰੇ ਦਰਬਾਰ ਚੋਂ ਤਕਦੀਰ ਦੇ।

ਹੋ ਨਹੀਂ ਸਕਦੇ ਕਦੇ ਵੀ ਇਕ, ਰਹਾਂਗੇ ਦੋ ਜਣੇ,
ਜਿਸਮ ਮੇਰਾ ਅੱਗ ਦਾ ਤੇ ਅੰਗ ਤੇਰੇ ਨੀਰ ਦੇ।

ਵਕਤ ਹੁੰਦਾ ਸੀ ਕਦੇ ਚਰਚਾ ਸੀ ਉਸ ਤਸਵੀਰ ਦੀ,
ਮੇਟ ਦਿੱਤੇ ਵਕਤ ਨੇ ਸਭ ਰੰਗ ਜਿਸ ਤਸਵੀਰ ਦੇ।

ਮੁੱਕ ਜਾਣੀ ਸੀ ਲੜਾਈ ਬਹੁਤ ਪਹਿਲਾਂ ਦੋਸਤੋ,
ਗੱਲ ਵਧਦੀ ਨਾ ਕਦੇ ਵੀ ਜੇ ਨਾ ਜੰਗਲ ਚੀਰਦੇ।

                      **

                               2.

ਇਸ ਹਾਲਤ ਵਿਚ ਦੱਸੋ ਯਾਰੋ ਕਿਹੜੀ ਗੱਲੋਂ ਡਰਨਾ ਹੈ,
ਸਮਝ ਗਿਆ ਹਾਂ ਚੁੱਪ ਰਹਿ ਕੇ ਵੀ ਆਖ਼ਰ ਨੂੰ ਤਾਂ ਮਰਨਾ ਹੈ।

ਜਿਉਂਦੇ ਜੀਅ ਲੱਭੋ ਕਾਤਲ ਨੂੰ ਮਰਨੋਂ ਵੀ ਬਚ ਜਾਵਾਂਗੇ,
ਮਰ ਚੱਲੇ ਤਾਂ ਪਿੱਛੋਂ ਕਿਸਨੇ ਕਾਤਲ ਦਾ ਨਾਂ ਧਰਨਾ ਹੈ।

ਕਦਮਾਂ ਵਿਚ ਝੁਕ ਜਾਣਾ ਸੀ ਮਹਿਲਾਂ ਦਾ ਉਹ ਉੱਚਾ ਗੁੰਬਦ,
ਮਨ ਵਿਚ ਜੇਕਰ ਠਾਣੀ ਹੁੰਦੀ ਆਪਾਂ ਨੇ ਕੁਝ ਕਰਨਾ ਹੈ।

ਚੱਲ ਮੈਂ ਇਸ ਵਾਰੀ ਤੇਰੇ ਜੰਗਲ ਨੂੰ ਛੱਡ ਦੇਵਾਂਗੀ ਪਰ,
ਅਗਨੀ ਮੈਥੋਂ ਪੁੱਛ ਰਹੀ ਹੈ ਕੀ ਹਰਜਾਨਾ ਭਰਨਾ ਹੈ।

ਤੂੰ ਭਾਵੇਂ ਸ਼ਾਇਰ ਏਂ ਸਾਲਮ ਪਰ ਤੈਨੂੰ ਇਹ ਇਲਮ ਨਹੀਂ,
ਮੈਂ ਇਕ ਠੰਢਾ ਹੌਕਾ ਭਰ ਕੇ ਅੰਦਰ ਕੀ ਕੁਝ ਜਰਨਾ ਹੈ।

                          **

                           3.

ਨਹੀਂ ਝੁਕਣਾ ਅਸੀਂ ਹੁਣ ਏਸ ਕਾਲੀ ਰਾਤ ਦੇ ਅੱਗੇ,
ਖੜ੍ਹੇ ਹੋਵਾਂਗੇ ਛਾਤੀ ਤਾਣ ਕੇ ਹਾਲਾਤ ਦੇ ਅੱਗੇ।

ਕਿ ਮੰਜ਼ਿਲ ਦਿਸ ਰਹੀ ਸੀ ਤੇ ਸਫ਼ਰ ਕਟਦਾ ਸੀ ਇਕ ਪਲ ਵਿਚ,
ਭਲਾ ਫਿਰ ਜ਼ਹਿਰ ਕੋਈ ਚੀਜ਼ ਸੀ ਸੁਕਰਾਤ ਦੇ ਅੱਗੇ।

ਕਿ ਮਹਿਲਾਂ ਦੇ ਬੁਰਜ ਹੱਸਦੇ ਨੇ ਮੇਰੀ ਸਾਦਗੀ ਉੱਪਰ,
ਜ਼ਿਕਰ ਕੱਚੇ ਘਰਾਂ ਦਾ ਜਦ ਕਰਾਂ ਬਰਸਾਤ ਦੇ ਅੱਗੇ।

ਪਤਾ ਰੁਕਣਾ ਨਹੀਂ ਫਿਰ ਵੀ ਹਵਾ ਨੂੰ ਵਾਜ਼ ਦਿੰਦਾ ਹੈ,
ਕਿਸੇ ਦਾ ਜ਼ੋਰ ਨੀਂ ਚੱਲਦਾ ਕਦੇ ਜਜ਼ਬਾਤ ਦੇ ਅੱਗੇ।

ਤੇਰੀ ਤਲਵਾਰ ਤੇਰੀ ਬਾਦਸ਼ਾਹਤ ਮੇਟ ਨੀਂ ਸਕਦੀ,
ਲੈ ਮੇਰਾ ਸਿਦਕ ਖੜ੍ਹਿਆ ਹੈ ਤੇਰੀ ਔਕਾਤ ਦੇ ਅੱਗੇ।

                        **

                            4.

ਦੁਚਿੱਤੀ ਨੂੰ ਤੁਸੀਂ ਛੱਡੋ ਜੇ ਕੁਝ ਇਸ ਵਾਰ ਕਰਨਾ ਹੈ,
ਚਲੋ ਉੱਠੋ ਕਰੋ ਹਿੰਮਤ ਸਮੁੰਦਰ ਪਾਰ ਕਰਨਾ ਹੈ।

ਲੜਾਈ ਵਾਸਤੇ ਜੇਕਰ ਅਸੀਂ ਹੀ ਤਿਆਰ ਨੀਂ ਹੁਣ ਤਕ,
ਲੜਾਈ ਵਾਸਤੇ ਕਦ ਦੂਜਿਆਂ ਨੂੰ ਤਿਆਰ ਕਰਨਾ ਹੈ।

ਬੜਾ ਚਿਰ ਜੀਅ ਲਿਆ ਡਰ ਕੇ ਘਰਾਂ ਅੰਦਰ ਕਿ ਇਸ ਵਾਰੀ,
ਹਵਾ ਦੇ ਸਾਹਮਣੇ ਹੋ ਕੇ ਹਵਾ ਤੇ ਵਾਰ ਕਰਨਾ ਹੈ।

ਕਿਸੇ ਦੀ ਝੌਂਪੜੀ ਨੂੰ ਦੇਖ ਕੋਈ ਮਹਿਲ ਹੱਸੇ ਨਾ,
ਨਿਵਾਣਾਂ ਨੂੰ ਢਲਾਣਾਂ ਨੂੰ ਅਸੀਂ ਇਕਸਾਰ ਕਰਨਾ ਹੈ।

ਇਹੀ ਤਾਂ ਦੇਖਣਾ ਹੈ ਕੀ ਕਰੇਗਾ ਬਾਦਸ਼ਾਹ ਆਖ਼ਰ,
ਇਸੇ ਕਰਕੇ ਤਾਂ ਉਸਦੇ ਹੁਕਮ ਤੋਂ ਇਨਕਾਰ ਕਰਨਾ ਹੈ।

ਬਿਮਾਰੀ ਹੈ ਜਾਂ ਚਿੰਗਾਰੀ ਖ਼ੌਰੇ ਕੀ ਹੈ ਤੇਰੇ ਅੰਦਰ,
ਚਿਰਾਂ ਤੋਂ ਡੀਕਦੇ ਸਾਰੇ ਕਦੋਂ ਇਜ਼ਹਾਰ ਕਰਨਾ ਹੈ।

ਸ਼ਿਕਾਰੀ ਤੋਂ ਮਰੇ ਨਾ ਉਹ ਹਵਾਵਾਂ ਤੋਂ ਡਰੇ ਨਾ ਉਹ,
ਕਿ ਇਸ ਵਾਰੀ ਪਰਿੰਦੇ ਨੂੰ ਅਸੀਂ ਹੁਸ਼ਿਆਰ ਕਰਨਾ ਹੈ।

ਹਮੇਸ਼ਾ ਦੀਪ ਬਲਦੇ ਰੱਖਿਓ ਫਿਰ ਮੱਥਿਆਂ ਅੰਦਰ,
ਤੁਸੀਂ ਜੇਕਰ ਸਿਵੇ ਦੀ ਅੱਗ ਨਾਤਕਰਾਰ ਕਰਨਾ ਹੈ।

ਡਰੀਂ ਨਾ ਭਾਵੇਂ ਤੇਰੀ ਜਾਨ ਵੀ ਕਿਉਂ ਨਾ ਚਲੀ ਜਾਵੇ,
ਕਿ ਜੇ ਤੂੰ ਡਰ ਗਿਆ ਤਾਂ ਅੱਗ ਨੇ ਹੰਕਾਰ ਕਰਨਾ ਹੈ।

ਕਿ ਫ਼ੌਜਾਂ ਨੂੰ ਡਰਾਉਣਾ ਹੈ ਦਿਖਾ ਕੇ ਹੌਸਲਾ ਆਪਾਂ,
ਹਨੇਰੇ ਨੂੰ ਚਿਰਾਗ਼ਾਂ ਨਾਲ ਤਾਰੋ ਤਾਰ ਕਰਨਾ ਹੈ।

                    *****

(26)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਜਗਤਾਰ ਸਾਲਮ

ਜਗਤਾਰ ਸਾਲਮ

V + PO: Dedhana, Patiala, Punjab.
Email: (jagtar.saalam@rediffmail.com)