JagtarSaalam7ਦੋਸ਼ ਮੇਰੇ ਤੇ ਇਹ ਲੱਗਿਆ ਹੈ ਮੈਂ ਸ਼ਬਦਾਂ ਨਾਲ ਅੱਗ ਲਗਾਵਾਂ,
ਪਰ ਮੈਂ ਤਾਂ ਸੀਨੇ ਦੀ ਅਗਨੀ ਸ਼ਬਦਾਂ ਦੇ ਵਿਚ ਢਾਲ ਰਿਹਾ ਹਾਂ।”
(ਮਈ 3, 2016)

 

                       1.

ਨਾ ਬੁਝੇਗੀ ਇਹ ਬੁਝਾਇਆਂ ਤੇ ਨਾ ਟਾਲੇ ਤੋਂ ਟਲੇਗੀ,
ਕੀ ਪਤਾ ਸੀ ਸ਼ਹਿਰ ਦੀ ਇਹ ਅੱਗ ਸੀਨੇ ਵਿਚ ਬਲੇਗੀ।

ਹੁਣ ਨਹੀਂ ਤਾਂ ਓਸ ਵੇਲੇ ਛੁਹ ਲਵਾਂਗਾ ਅੰਬਰਾਂ ਨੂੰ,
ਮੌਤ ਮਗਰੋਂ ਰਾਖ਼ ਮੇਰੀ ਜਦ ਹਵਾ ਦੇ ਵਿਚ ਰਲ਼ੇਗੀ।

ਪੁੱਛੀਏ ਜਾ ਕੇ ਇਹਨੂੰ ਕਦ ਪਰਤਣਾ ਹੈ ਚੁੱਲ੍ਹਿਆਂ ਵਿਚ,
ਹੋਰ ਕਿੰਨੀ ਦੇਰ ਤੀਕਰ ਅੱਗ ਸਿਵਿਆਂ ਵਿਚ ਬਲੇਗੀ।

ਰੱਖਣਾ ਰਾਖੀ ਦਿਨੇ ਰਹਿਣਾ ਜ਼ਰਾ ਹੁਸ਼ਿਆਰ ਘਰ ਵਿਚ,
ਪਰਤ ਆਵਾਂਗੇ ਗਰਾਂ ਨੂੰ ਸ਼ਾਮ ਜਦ ਤੀਕਰ ਢਲੇਗੀ।

ਕਾਲਜੇ ਦੀ ਅੱਗ ਲੈ ਕੇ ਫਿਰ ਰਿਹਾਂ ਇਸ ਆਸ ਦੇ ਵਿਚ,
ਕੀ ਪਤਾ ਇਹ ਅੱਗ ਮੇਰੇ ਅੱਖਰਾਂ ਵਿਚ ਕਦ ਬਲੇਗੀ।

                       **

                      2.

ਦੇਖ ਕੈਸੀ ਸ਼ਕਤੀ ਮੈਨੂੰ ਮਿਲ ਗਈ ਹੈ ਗਿਆਨ ਤੋਂ,
ਡਰ ਨਹੀਂ ਲੱਗਦਾ ਰਤਾ ਵੀ ਹੁਕਮ ਤੋਂ ਫ਼ੁਰਮਾਨ ਤੋਂ।

ਸੁਆਲ ਕੋਈ ਪੁੱਛਿਆ ਹੈ ਜਦ ਕਦੇ ਵੀ ਕਲਮ ਨੇ,
ਦੇ ਨਾ ਹੋਇਆ ਕੋਈ ਵੀ ਉੱਤਰ ਕਿਸੇ ਕਿਰਪਾਨ ਤੋਂ।

ਉਡਣ ਦਾ ਜੋ ਖ਼ਾਬ ਸਾਡਾ ਮਰ ਨਹੀਂ ਸਕਦਾ ਕਦੇ,
ਐ ਸ਼ਿਕਾਰੀ ਮਾਰ ਦੇ ਬੇਸ਼ੱਕ ਸਾਨੂੰ ਜਾਨ ਤੋਂ।

ਦੇਖ ਕਿੰਨੀ ਉੱਚੀ ਹੈ ਹਰ ਕੰਧ ਇਸਦੇ ਮਹਿਲ ਦੀ,
ਬਹੁਤ ਡਰਦੈ ਅੰਦਰੋਂ ਇਹ ਆਦਮੀ ਤੂਫ਼ਾਨ ਤੋਂ।

ਘਰ ਚ ਆਏ ਚੋਰ ਤੋਂ ਡਰਦੇ ਅਚਾਨਕ ਜਿਸ ਤਰ੍ਹਾਂ,
ਲੋਕ ਏਦਾਂ ਡਰਨ ਯਾਰੋ ਅੱਜਕੱਲ੍ਹ ਮਹਿਮਾਨ ਤੋਂ।

                       **

                         3.

ਮਨ ਦੇ ਹਰ ਇਕ ਕੋਨੇ ਵਿੱਚੋਂ ਮੈਂ ਕਵਿਤਾ ਨੂੰ ਭਾਲ ਰਿਹਾ ਹਾਂ,
ਏਧਰ ਓਧਰ ਜੋ ਕੁਝ ਵੀ ਸੀ ਇਕ ਥਾਂ ਤੇ ਸੰਭਾਲ ਰਿਹਾ ਹਾਂ।

ਫਿਰ ਕੀ ਹੈ ਜੇ ਮਰ ਮਿਟ ਜਾਣਾ, ਚਾਨਣ ਤਾਂ ਰਹਿਣਾ ਹੈ ਪਿੱਛੇ,
ਮੈਂ ਦੀਵੇ ਦੀ ਥਾਵੇਂ ਯਾਰੋ ਅਪਣਾ ਆਪਾ ਬਾਲ ਰਿਹਾ ਹਾਂ।

ਦੋਸ਼ ਮੇਰੇ ਤੇ ਇਹ ਲੱਗਿਆ ਹੈ ਮੈਂ ਸ਼ਬਦਾਂ ਨਾਲ ਅੱਗ ਲਗਾਵਾਂ,
ਪਰ ਮੈਂ ਤਾਂ ਸੀਨੇ ਦੀ ਅਗਨੀ ਸ਼ਬਦਾਂ ਦੇ ਵਿਚ ਢਾਲ ਰਿਹਾ ਹਾਂ।

ਚੌਕ ਚ ਲੱਗੇ ਬੁੱਤਾਂ ਨੇ ਰਾਹ ਦੱਸ ਦੇਣਾ ਹੈ ਮੰਜ਼ਿਲ ਦਾ,
ਏਸ ਭੁਲੇਖੇ ਅੰਦਰ ਯਾਰੋ ਖ਼ਬਰੇ ਕਿੰਨੇ ਸਾਲ ਰਿਹਾ ਹਾਂ।

ਜਦ ਜੰਗਲ ਵਿਚ ਅੱਗਾਂ ਲੱਗਣ ਮੇਰੇ ਵੀ ਪੱਤ ਝੁਲਸੇ ਜਾਵਣ,
ਮੈਂ ਵਿਹੜੇ ਦਾ ਰੁੱਖ ਹਾਂ ਭਾਵੇਂ ਪਰ ਜੰਗਲ ਦੇ ਨਾਲ ਰਿਹਾ ਹਾਂ।

ਪਰਖ਼ ਲਵਾਂ ਮੈਂ ਪਹਿਲਾਂ ਯਾਰੋ ਇਕ ਵਾਰੀ ਰਫ਼ਤਾਰ ਹਵਾ ਦੀ,
ਫਿਰ ਪਰਖਾਂਗਾ ਤਾਕਤ ਅਪਣੀ ਮੈਂ ਲੜਨਾ ਕਦ ਟਾਲ ਰਿਹਾ ਹਾਂ।

                                **

                      4.

ਸਹੀ ਦੱਸਾਂ ਤਾਂ ਮੈਨੂੰ ਫ਼ਰਕ ਹੀ ਬਾਰੀਕ ਲੱਗਦਾ ਹੈ,
ਕਿ ਐਸੇ ਜੀਣ ਦੇ ਨਾਲੋਂ ਤਾਂ ਮਰਨਾ ਠੀਕ ਲੱਗਦਾ ਹੈ।

ਜਦੋਂ ਵੀ ਗੱਲ ਕਰਦਾ ਹੈ ਜ਼ਿਕਰ ਵਿਚ ਅੱਗ ਦਾ ਆਵੇ,
ਨਗਰ ਦਿੱਲੀ ਦਾ ਇਹ ਮੈਨੂੰ ਕੋਈ ਵਸਨੀਕ ਲੱਗਦਾ ਹੈ।

ਜਾਂ ਤੇਰਾ ਰਾਜ ਰਹਿਣਾ ਹੈ ਤੇ ਜਾਂ ਫਿਰ ਮੈਂ ਨਹੀਂ ਰਹਿਣਾ,
ਉਹ ਮੈਨੂੰ ਗ਼ਲਤ ਲੱਗਦਾ ਹੈ ਜੋ ਤੈਨੂੰ ਠੀਕ ਲੱਗਦਾ ਹੈ।

ਜੇ ਐਨਕ ਲਾਹ ਕੇ ਦੇਖੀਏ ਬੜੀ ਹੀ ਦੂਰ ਹੈ ਮੰਜ਼ਿਲ,
ਜੇ ਐਨਕ ਲਾ ਕੇ ਦੇਖੀਏ ਤਾਂ ਸਭ ਨਜ਼ਦੀਕ ਲੱਗਦਾ ਹੈ।

                        *****

(275)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਜਗਤਾਰ ਸਾਲਮ

ਜਗਤਾਰ ਸਾਲਮ

V + PO: Dedhana, Patiala, Punjab.
Email: (jagtar.saalam@rediffmail.com)