AmrikSDayal7“ਨੂੰਹ ਦੇ ਦੱਸਣ ’ਤੇ ਨਿੰਮੋ ਨੇ ਗੁਆਂਢੀਆਂ ਦੇ ਮੁੰਡੇ ਗੇਜੇ ਨੂੰ ਅਵਾਜ਼ ਮਾਰੀ ...”
(6 ਅਗਸਤ 2017)

 

ਚਰਨ ਸਿੰਹੁ ਕਈ ਦਿਨਾਂ ਤੋਂ ਪਿੰਡ ਆਇਆ ਹੋਇਆ ਸੀਪਹਿਲਾਂ ਉਹ ਅਕਸਰ ਆਪਣੇ ਪੂਰੇ ਟੱਬਰ ਨਾਲ ਆਇਆ ਕਰਦਾ ਸੀਇੱਕ-ਅੱਧਾ ਦਿਨ ਰਹਿ ਕੇ ਵਾਪਸ ਮੁੜਨ ਦੀ ਕਾਹਲ ਉਸ ਨੂੰ ਹਮੇਸ਼ਾ ਹੁੰਦੀ ਸੀਇਸ ਵਾਰ ਉਹ ਇਕੱਲਾ ਹੀ ਆਇਆ ਸੀ ਆਇਆ ਵੀ ਲੰਮੇ ਅਰਸੇ ਬਾਅਦ ਸੀਪਹਿਲਾਂ ਵਾਲ਼ੀ ਚਮਕ-ਦਮਕ ਗਾਇਬ ਸੀ

ਸ਼ਹਿਰ ਵਿੱਚ ਉਹ ਚੰਗਾ ਕਾਰੋਬਾਰੀ ਬਣ ਗਿਆ ਸੀਪਿੰਡ ਵਾਲੇ ਪੁਰਾਣੇ ਕੋਠੇ ਵਿੱਚ ਉਸਦੀ ਮਾਂ ਧੰਨੋ ਰਿਹਾ ਕਰਦੀ ਸੀਦਿਹਾੜੀ ਵਿੱਚ ਇੱਕ ਵਾਰ ਰੋਟੀ ਰਾੜ੍ਹ ਲੈਂਦੀ ਤੇ ਸਾਰਾ ਦਿਨ ਟੁੱਟੀ ਜਿਹੀ ਮੰਜੀ ਹੀ ਉਸਦਾ ਸਹਾਰਾ ਹੁੰਦੀਮਹੀਨੇ ਦੋਂਹ ਮਹੀਨੀਂ ਆਪਣੇ ਪੁੱਤ ਅਤੇ ਉਸਦੇ ਬੱਚਿਆਂ ਦਾ ਮੂੰਹ ਦੇਖ ਕੇ ਉਸ ਨੂੰ ਧਰਵਾਸ ਜਿਹਾ ਆ ਜਾਂਦਾਹਾਲੇ ਉਹ ਭਰ ਜਵਾਨ ਹੀ ਸੀ ਜਦੋਂ ਉਸਦਾ ਪਤੀ ਟੀ.ਬੀ ਦੀ ਬਿਮਾਰੀ ਦੀ ਭੇਟ ਚੜ੍ਹ ਗਿਆ ਸੀਚਰਨਾ ਮਸਾਂ ਤਿੰਨ ਕੁ ਵਰ੍ਹਿਆਂ ਦਾ ਸੀ ਅਤੇ ਉਸਦੀ ਭੈਣ ਦੀਪੋ ਛੇਵੇਂ ਸਾਲ ਵਿੱਚ ਸੀਦੀਪੋ ਆਪਣੇ ਵੀਰ ਚਰਨੂੰ ਨੂੰ ਉਂਗਲ ਫੜ ਘੁਮਾਉਂਦੀਮਾਤਾ ਧੰਨੋ ਲਈ ਇਹ ਦਿਨ ਬੜੇ ਔਖੇ ਸਨਛੋਟੇ ਨਿਆਣਿਆਂ ਦੀ ਜ਼ਿੰਮੇਵਾਰੀ ਉਸ ਉੱਤੇ ਆਣ ਪਈ ਸੀਪਰ ਧੰਨੋ ਦੀ ਹਾਲਤ ਤਾਂ ਕਟੇ ਹੋਏ ਪਤੰਗ ਵਰਗੀ ਸੀ

ਚਰਨੇ ਦਾ ਬਾਪ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਸੁਭਾਅ ਵਾਲਾ ਸੀਧੰਨੋ ਵੀ ਬਹੁਤ ਮਿਹਨਤੀ ਸੀ। ਦੋਵੇਂ ਮੋਢੇ ਨਾਲ਼ ਮੋਢਾ ਲਾ ਕੇ ਕੰਮ ਕਰਦੇ ਨਾ ਥੱਕਦੇਦੋਹਾਂ ਜੀਆਂ ਦੀ ਚੰਗੀ ਨਿਭ ਰਹੀ ਸੀਕਈ ਵਾਰ ਚਲਦੀ ਗੱਡੀ ਦਾ ਪਹੀਆ ਅਜਿਹਾ ਉੱਤਰਦਾ ਹੈ ਕਿ ਸੰਤੁਲਨ ਹੀ ਵਿਗੜ ਜਾਂਦਾ ਹੈਚਰਨੇ ਦੇ ਪਰਿਵਾਰ ਨਾਲ਼ ਵੀ ਇੰਜ ਹੀ ਵਾਪਰਿਆਬਿਮਾਰੀ ਦਾ ਐਸਾ ਬਹਾਨਾ ਜਿਹਾ ਬਣਿਆ ਕਿ ਬਾਪੂ ਰੱਬ ਨੂੰ ਪਿਆਰਾ ਹੋ ਗਿਆਪਰਿਵਾਰ ਦੇ ਸਿਰ ਤੋਂ ਜਿਵੇਂ ਕਿਸੇ ਨੇ ਤਾਣੀ ਹੋਈ ਛਤਰੀ ਲਾਹ ਲਈ ਹੋਵੇਤਿੰਨ ਮੱਝਾਂ ਦੇ ਨਾਲ਼ ਦੋ ਬੱਕਰੀਆਂ ਵੀ ਰੱਖੀਆਂ ਹੋਈਆਂ ਸਨਹੁਣ ਐਨਾ ਸੰਭਾਲ਼ਾ ਕਿੱਥੇ ਹੋਣਾ ਸੀ

ਦੋ ਮੱਝਾਂ ਤਾਂ ਵੇਚਣੀਆਂ ਪੈਣੀਆਂ ਐ ਹੁਣ , ਇੱਕ ਮੱਝ ਰੱਖ ਲੈਂਦੇ ਆਂਬੱਚਿਆਂ ਵਾਲੇ ਘਰ ਵਿੱਚ ਦੁੱਧ ਦਾ ਘੁੱਟ ਵੀ ਜਰੂਰੀ ਐਨਾਲ਼ੇ ਵਸਦੇ ਘਰਾਂ ’ਚ ਪੱਛ-ਪ੍ਰਾਹੁਣਾ ਤੁਰਿਆ ਈ ਰਹਿੰਦੈ

ਇਹ ਸੋਚ ਕੇ ਚਰਨੇ ਦੀ ਮਾਂ ਨੇ ਆਪਣੀ ਨਣਾਨ ਦੀ ਸਲਾਹ ਨਾਲ ਫੈਸਲਾ ਲਿਆ ਸੀ

ਆਪਣੇ ਘਰ ਦੀ ਦੋ ਕਨਾਲ ਦੀ ਟਾਕੀ ਦੇ ਨਾਲ਼ ਵਾਲ਼ੀ ਡੇਢ ਕੁ ਕਨਾਲ ਠੇਕੇ ’ਤੇ ਲੈ ਕੇ ਬੀਜ ਦਿੱਤੀ ਸੀਓਹੜ-ਪੋਹੜ ਕਰਨ ਨਾਲ ਪਰਿਵਾਰ ਦੀ ਗੱਡੀ ਰਿੜ੍ਹਨ ਲੱਗੀਭੈਣ ਦੇ ਨਾਲ਼ ਚਰਨਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਜਾਣ ਲੱਗ ਪਿਆਸਕੂਲ ਤੋਂ ਮੁੜ ਦੋਵੇਂ ਭੈਣ-ਭਰਾ ਮਾਂ ਨਾਲ਼ ਛੋਟੇ-ਛੋਟੇ ਕੰਮਾਂ ਵਿੱਚ ਹੱਥ ਵਟਾਉਂਦੇਸ਼ਾਮ ਵੇਲੇ ਬੱਕਰੀਆਂ ਨੂੰ ਚਾਰਨ ਲਈ ਖੇਤਾਂ ਦੇ ਨਾਲ਼ ਵਾਲੀ ਝਿੜੀ ਨੂੰ ਹੋ ਤੁਰਦੇਸਕੂਲ ਵਲੋਂ ਮਿਲੇ ਕੰਮ ਵਾਲ਼ੀਆਂ ਕਾਪੀਆਂ ਅਤੇ ਕਿਤਾਬਾਂ ਤੌਲੀਏ ਵਿੱਚ ਲਪੇਟ ਕੇ ਨਾਲ਼ ਲੈ ਜਾਂਦੇ

ਪੰਜਵੀਂ ਪਾਸ ਕਰਨ ਤੋਂ ਬਾਅਦ ਧੰਨੋ ਨੇ ਆਪਣੀ ਧੀ ਨੂੰ ਵੱਡੇ ਸਕੂਲ ਵਿੱਚ ਪੜ੍ਹਨਾ ਨਾ ਪਾਇਆਵੱਡੇ ਸਕੂਲ ਦਾ ਪਿੰਡ ਤੋਂ ਪੰਜ-ਛੇ ਮੀਲ ਦਾ ਪੈਂਡਾ ਸੀਬਾਅਦ ਵਿੱਚ ਚਰਨਾ ਵੀ ਥੋੜ੍ਹਾ ਚਿਰ ਹਾਈ ਸਕੂਲ ਗਿਆ ਛੇ ਮਹੀਨੇ ਵਿੱਚ ਹੀ ਹੱਥ ਖੜ੍ਹੇ ਕਰ ਗਿਆ

ਧੰਨੋ ਨੇ ਬਥੇਰਾ ਜੋਰ ਲਾਇਆ, ਪੁੱਤਰਾ ਜੇ ਚਾਰ ਅੱਖਰ ਪੜ੍ਹ ਲਏਂਗਾ ਤਾਂ ਕਿਸੇ ਚੰਗੇ ਆਹਰੇ ਲੱਗ ਜਾਵੇਂਗਾਹੁਣ ਅਨਪੜ੍ਹਾਂ ਦਾ ਟੈਮ ਨੀ ਰਿਹਾ

ਪਰ ਚਰਨਾ ਕਿੱਥੇ ਟੱਸ ਤੋਂ ਮੱਸ ਹੋਣ ਵਾਲ਼ਾ ਸੀਸਵੇਰੇ ਲੱਕੜਾਂ ਦੀ ਭਰੀ ਘਰ ਲੈ ਆਉਂਦਾ ਅਤੇ ਸ਼ਾਮ ਨੂੰ ਹਾਣੀਆਂ ਨਾਲ ਮੱਝ ਚਰਾ ਛੱਡਦਾਧੰਨੋ ਨੂੰ ਚਰਨਾ ਗੱਭਰੂ ਹੁੰਦਾ ਪ੍ਰਤੀਤ ਹੋਇਆਧੀ ਦੇ ਹੱਥ ਪੀਲ਼ੇ ਕਰਨ ਅਤੇ ਚਰਨੇ ਦੇ ਕਿਸੇ ਕੰਮ-ਕਾਰ ਲੱਗਣ ਦੀ ਚਿੰਤਾ ਉਸ ਨੂੰ ਸਤਾਉਣ ਲੱਗੀ

ਪਿੰਡ ਦੇ ਚੌਧਰੀਆਂ ਦਾ ਵੱਡਾ ਮੁੰਡਾ ਦੇਬਾ ਨਾਮੀ ਹਲਵਾਈ ਸੀ ਅਤੇ ਸ਼ਹਿਰ ਵਿੱਚ ਵੱਡੀ ਦੁਕਾਨ ਦਾ ਮਾਲਕ ਵੀਆਪਣੇ ਅਤੇ ਆਸ-ਪਾਸ ਦੇ ਪਿੰਡਾਂ ਦੇ ਕਈ ਮੁੰਡੇ ਉਸਨੇ ਰੋਟੀ ਲਾਏ ਹੋਏ ਸਨਧੰਨੋ ਨੂੰ ਦੇਬੇ ਦੇ ਪਿੰਡ ਆਉਣ ਬਾਰੇ ਪਤਾ ਲੱਗਿਆ ਤਾਂ ਉਹ ਅਰਜੋਈ ਲੈ ਕੇ ਉਸਦੇ ਘਰ ਪਹੁੰਚ ਗਈ

ਵੇ ਪੁੱਤਾ, ਮੇਰੇ ਚਾਨੂੰ ਨੂੰ ਵੀ ਲਾ ਦੇ ਟੁੱਕ ਕਿਤੇ, ਮੈਂ ਤੇਰਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗੀ” ਧੰਨੋ ਚਰਨੇ ਨੂੰ ਸਵੇਰੇ ਨਾਲ਼ ਲੈ ਕੇ ਜਾਣ ਦਾ ਉਸ ਤੋਂ ਵਚਨ ਲੈ ਕੇ ਮੁੜੀ ਸੀਭਾਵੇਂ ਉਹ ਖੁਸ਼ ਸੀ ਪਰ ਪਤਾ ਨਹੀਂ ਉਸ ਨੂੰ ਉਸ ਰਾਤ ਨੀਂਦ ਕਿਉਂ ਨਹੀਂ ਸੀ ਆ ਰਹੀ

ਮੇਰੇ ਕੋਲ਼ ਕੀ ਰਹਿ ਜਾਊ ਇਸ ਨੂੰ ਦੂਰ ਭੇਜ ਕੇ, ਮਸਾਂ ਤਾਂ ਦੇਖਣ ਜੋਗਾ ਹੋਇਐ, ਖਸਮਾ ਨੂੰ ਖਾਣਾ

ਚੰਨ ਦੀ ਚਾਨਣੀ ਵਿੱਚ ਵਿਹੜੇ ਵਿੱਚ ਡਾਹੀ ਮੰਜੀ ’ਤੇ ਪਈ ਦੀ ਉਸਦੀ ਆਪਣੇ-ਆਪ ਨਾਲ਼ ਗੱਲਾਂ ਕਰਦੀ ਨੂੰ ਅੱਧੀ ਰਾਤ ਬੀਤ ਗਈਨਾਲ਼ ਹੀ ਖੱਬੇ ਪਾਸੇ ਕੰਧ ਵਾਲ਼ੇ ਪਾਸੇ ਨੂੰ ਦੋਵੇਂ ਬੱਚਿਆਂ ਦੇ ਮੰਜੇ ਡਹੇ ਹੋਏ ਸਨਨਾਲ ਵਾਲ਼ੇ ਮੰਜੇ ਤੇ ਪਏ ਚਰਨੇ ਦਾ ਮੂੰਹ ਸਾਫ ਦਿਖਾਈ ਦੇ ਰਿਹਾ ਸੀਉਹ ਆਪਣੀ ਮਾਂ ਵੱਲ ਨੂੰ ਵੱਖ ਲੈ ਕੇ ਘੂਕ ਸੁੱਤਾ ਪਿਆ ਸੀਧੰਨੋ ਨੇ ਦੋ ਵਾਰ ਉੱਠਕੇ ਉਸਦੇ ਮੂੰਹ ਵੱਲ ਬੜੇ ਗਹੁ ਨਾਲ ਤੱਕਿਆਫਿਰ ਉਹ ਅੱਚਵੀ ਜਿਹੀ ਵਿੱਚ ਮੰਜੀ ’ਤੇ ਲੇਟ ਕੇ ਡੂੰਘੀਆਂ ਸੋਚਾਂ ਵਿੱਚ ਗੁਆਚ ਗਈਸਵਖਤੇ ਉਸਨੇ ਚਰਨੇ ਨੂੰ ਬੱਸ ਚੜ੍ਹਾਉਣ ਜਾਣਾ ਸੀ

 ਸਾਰੇ ਰਸਤੇ ਧੰਨੋ ਚਰਨੇ ਨੂੰ ਮੱਤਾਂ ਦਿੰਦੀ ਰਹੀ

ਪੁੱਤਾ, ਧਿਆਨ ਰੱਖੀਂ ਆਪਣਾ, ਆਪਣੀ ਰਾਜ਼ੀ-ਖੁਸ਼ੀ ਦਾ ਸੁਨੇਹਾ ਘੱਲਦਾ ਰਹੀਂਨਾਲ਼ੇ ਰੂਹ ਲਾ ਕੇ ਕੰਮ ਕਰੀਂਭੁੱਖ ਲੱਗੀ ਤਾਂ ਰਸਤੇ ਵਿੱਚ ਪਰਾਉਂਠੇ ਖਾ ਲਈਂ”  ਧੰਨੋ ਨੇ ਚਰਨੇ ਦੇ ਝੋਲ਼ੇ ਵਿੱਚ ਪਾਈ ਰੋਟੀ ਵੱਲ ਇਸ਼ਾਰਾ ਕਰਦਿਆਂ ਕਿਹਾਬੱਸ ਵਿੱਚ ਬੈਠਣ ਲੱਗਿਆਂ ਚਰਨਾ ਮਾਂ ਦੇ ਪੈਰਾਂ ਵੱਲ ਝੁਕਿਆ ਤਾਂ ਧੰਨੋ ਦੋਵੇਂ ਹੱਥ ਉਸਦੇ ਸਿਰ ’ਤੇ ਰੱਖ ਕੇ ਫਿਸ ਪਈ

ਵਾਪਸ ਘਰ ਪਰਤੀ ਧੰਨੋ ਨੂੰ ਖਲਾਅ ਜਿਹਾ ਮਹਿਸੂਸ ਹੋਇਆਫਿਰ ਇਸ ਧਰਵਾਸ ਨਾਲ ਕਿ ਕੁਝ ਕਰਨ ਲਈ ਤਾਂ ਘਰੋਂ ਨਿਕਲਣਾ ਪੈਣਾ ਸੀ, ਆਪਣੇ ਕੰਮੀ-ਕਾਰੀਂ ਲੱਗ ਗਈਚਰਨੇ ਦੀ ਸੁੱਖ-ਸਾਂਦ ਪੁੱਛਣ ਲਈ ਉਹ ਚੌਧਰੀਆਂ ਦੇ ਘਰ ਜੁੰਨ-ਕਜੁੰਨੇ ਹੋ ਆਉਂਦੀਇੱਕ ਦਿਨ ਉਹ ਚਰਨੇ ਵਲੋਂ ਭੇਜੇ ਪੈਸੇ ਲੈਣ ਚੌਧਰੀਆਂ ਦੇ ਘਰ ਗਈਚਰਨੇ ਦੇ ਚੰਗਾ ਕਾਰੀਗਰ ਬਣਨ ਬਾਰੇ ਜਦੋਂ ਉਹ ਸੁਣਦੀ ਤਾਂ ਫੁੱਲੀ ਨਾ ਸਮਾਉਂਦੀਉੱਪਰ ਵੱਲ ਨੂੰ ਦੇਖ ਉਸਦੇ ਹੱਥ ਆਪ-ਮੁਹਾਰੇ ਜੁੜ ਜਾਂਦੇਉਹ ਮਨ ਹੀ ਮਨ ਰੱਬ ਦਾ ਸ਼ੁਕਰਾਨਾ ਕਰਦੀ

ਰੱਬ ਈ ਐ ਨਿਆਣਿਆਂ ਵਿੱਚ ਬੁੱਧੀ ਪਾਉਣ ਵਾਲਾ, ਇਹ ਬੰਦੇ ਦੇ ਵੱਸ ਦੀ ਗੱਲ ਨਹੀਂ” ਅੱਜਕੱਲ੍ਹ ਦੀ ਮੰਡੀਹਰ ਦਾ ਤਾਂ ਬੁਰਾ ਹਾਲ ਐਪਰ ਮੇਰਾ ਚਰਨਾ ...ਰੱਬਾ ਸੁੱਖ ਰੱਖੀਂਔਖੇ ਦਿਨ ਵੀ ਤੂੰ ਹੀ ਲੰਘਾਏ ਨੇ ਤੇ ਚੰਗੇ ਵੀ ਤੇਰੇ ਹੱਥ ਐ ...” ਧੰਨੋ ਨੂੰ ਆਪਣੇ ਦਿਨ ਫਿਰਦੇ ਹੋਏ ਮਹਿਸੂਸ ਹੋਣ ਲਗਦੇ

ਦੀਪੋ ਵੀ ਸੁੱਖ ਨਾਲ ਵਿਆਹੁਣ ਜੋਗੀ ਹੋ ਗਈ ਸੀਧੰਨੋ ਨੂੰ ਹੁਣ ਕੋਈ ਫਿਕਰ ਨਹੀਂ ਸੀਪੁੱਤ ਨੇ ਖੇਤ-ਬੰਨੇ ਦਾ ਕੰਮ ਵੀ ਛੁਡਾ ਦਿੱਤਾ ਸੀਚਰਨੇ ਨੇ ਆਪਣੀ ਭੈਣ ਦਾ ਵਿਆਹ ਬੜੀ ਰੀਝ ਨਾਲ਼ ਕੀਤਾ ਸੀਕਈ ਦਿਨ ਇਸ ਦੇ ਚਰਚੇ ਚਲਦੇ ਰਹੇਧੰਨੋ ਖੁਸ਼ ਸੀਚਰਨਾ ਹੁਣ ਸੁੱਖ ਨਾਲ਼ ਸ਼ਹਿਰ ਵਿੱਚ ਦੁਕਾਨ ਦਾ ਮਾਲਕ ਸੀਆਂਢੀ-ਗੁਆਂਢੀ ਵੀ ਹੁਣ ਉਸਦੀ ਚੋਖੀ ਕਦਰ ਕਰਨ ਲੱਗ ਪਏ ਸਨਭੈਣ ਦੇ ਵਿਆਹ ਉਪਰੰਤ ਚਰਨਾ ਵਾਪਸ ਪਰਤ ਗਿਆਧੰਨੋ ਇਕੱਲੀ ਜਾਨ ਰਹਿ ਗਈ ਸੀਗੁਆਂਢੀਆਂ ਦਾ ਚੰਗਾ ਆਸਰਾ ਸੀ , ਜਿਸ ਕਾਰਨ ਉਸ ਨੂੰ ਇਕੱਲਾਪਨ ਮਹਿਸੂਸ ਨਾ ਹੁੰਦਾ

ਹੁਣ ਧੰਨੋ ਦੀ ਇੱਛਾ ਸੀ ਕਿ ਛੁਣਕ-ਛੁਣਕ ਕਰਦੀ ਸੋਹਣੀ ਜਿਹੀ ਵਹੁਟੀ ਉਸਦੇ ਘਰ ਦੀ ਰੌਣਕ ਬਣ ਜਾਵੇਚਰਨੇ ਦਾ ਵਿਆਹ ਤਾਂ ਹੋ ਗਿਆ ਪਰ ਧੰਨੋ ਦੀ ਇੱਛਾ ਪੂਰੀ ਨਾ ਹੋਈਚਰਨੇ ਨੇ ਸ਼ਹਿਰ ਵਿੱਚ ਆਪਣੀ ਮਰਜ਼ੀ ਦਾ ਵਿਆਹ ਕਰਵਾ ਲਿਆਧੰਨੋ ਚਾਹੁੰਦੀ ਸੀ ਕਿ ਉਸਦੇ ਬੂਹੇ ਵਾਜੇ ਵੱਜਣ, ਗਿੱਧੇ ਭੰਗੜੇ ਦੇ ਦੌਰ ਚੱਲਣ ਅਤੇ ਵਧਾਈਆਂ ਦੇਣ ਵਾਲਿਆਂ ਦਾ ਉਸਦੇ ਘਰ ਤਾਂਤਾ ਲੱਗੇ ਅਤੇ ਉਹ ਸਾਰੇ ਪਿੰਡ ਵਿੱਚ ਸ਼ਗਨਾਂ ਦੀ ਬੂੰਦੀ ਵੰਡੇਪਰ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂਉਹ ਕਈ ਦਿਨ ਪਿੰਡ ਵਾਲਿਆਂ ਕੋਲੋਂ ਲੁਕਾਉਂਦੀ ਰਹੀ ਪਰ ਅਜਿਹੀਆਂ ਗੱਲਾਂ ਕਦੋਂ ਛੁਪਾਇਆਂ ਛੁਪਦੀਆਂ ਹਨਖੇਤਾਂ ਨੂੰ ਟੋਕਰਾ ਸੁੱਟਣ ਅਤੇ ਘਾਹ-ਪੱਠੇ ਨੂੰ ਜਾਂਦੀਆਂ ਤ੍ਰੀਮਤਾਂ ਦੀ ਘੁਸਰ-ਮੁਸਰ ਅਤੇ ਹੱਟੀਆਂ-ਭੱਠੀਆਂ ਰਾਹੀਂ ਸਭ ਤੱਕ ਕੰਨੋਂ-ਕੰਨੀਂ ਖਬਰ ਹੋ ਗਈ ਸੀ

ਆਂਦਰਾਂ ਦਾ ਸਾਕ ਕਿੱਥੇ ਟਿਕਣ ਦਿੰਦਾ ਹੈਧੰਨੋ ਨੇ ਚਰਨੇ ਨੂੰ ਸੁਨੇਹਾ ਘੱਲ ਦਿੱਤਾ ਸੀ ਕਿ ਜੋ ਹੋ ਗਿਆ ਸੋ ਹੋ ਗਿਆ, ਬਹੂ ਨਾਲ਼ ਆ ਕੇ ਜਠੇਰਿਆਂ ਦਾ ਮੱਥਾ ਟੇਕ ਜਾਵੇਪੂਜਾ ਤੋਂ ਬਾਅਦ ਲੱਡੂ ਵੰਡਣ ਦੀ ਰਸਮ ਕੀਤੀ ਗਈਧੰਨੋ ਨੂੰ ਆਪਣੇ ਕੋਲ਼ ਆਉਣ ਦਾ ਰਸਮੀ ਜਿਹਾ ਸੱਦਾ ਦੇ ਕੇ ਮੁੰਡਾ-ਵਹੁਟੀ ਆਥਣੇ ਸ਼ਹਿਰ ਨੂੰ ਪਰਤ ਗਏਧੰਨੋ ਭਾਵੇਂ ਪਹਿਲਾਂ ਵੀ ਇਕੱਲੀ ਰਹਿੰਦੀ ਸੀ ਪਰ ਹੁਣ ਉਸਨੂੰ ਵੱਡਾ ਖਲਾਅ ਮਹਿਸੂਸ ਹੋਣ ਲੱਗਾ, ਜੋ ਹੁਣ ਭਰਨ ਵਾਲ਼ਾ ਨਹੀਂ ਸੀਉਸਨੂੰ ਆਪਣੀ ਜ਼ਿੰਦਗੀ ਦੇ ਦਿਨ ਤੇਜ਼ੀ ਨਾਲ਼ ਘਟਦੇ ਮਹਿਸੂਸ ਹੋਣ ਲੱਗੇਬੰਦਾ ਹੌਸਲੇ ਨਾਲ਼ ਹੀ ਬੁਢਾਪੇ ਵਿੱਚ ਤੁਰਿਆ-ਫਿਰਦਾ ਹੈ ਪਰ ਧੰਨੋ ਨੂੰ ਆਪਣਾ ਨਰੋਆ ਸਰੀਰ ਬੇਜ਼ਾਨ ਜਿਹਾ ਮਹਿਸੂਸ ਹੋਣ ਲੱਗਾਉਸਦੀ ਸੁਰਤੀ ਇੱਕ ਪਾਸੇ ਹੀ ਲੱਗੀ ਰਹਿੰਦੀਇੱਕੋ ਸਵਾਲ ਉਹਦੇ ਬੁੱਲ੍ਹਾਂ ’ਤੇ ਹੁੰਦਾਇਹ ਕੀ ਬਣ ਗਿਆਉਹਦੀ ਗੁਆਂਢਣ ਨਿੰਮੋ ਉਹਦਾ ਖਿਆਲ ਰੱਖਦੀ, ਉਹਨੂੰ ਧਰਵਾਸੇ ਦਿੰਦੀ

“ਬੇਬੇ! ਤੇਰਾ ਪੁੱਤ ਹੱਸਦਾ-ਵਸਦਾ ਐ, ਚੰਗੇ ਕਾਰੋਬਾਰ ਦਾ ਮਾਲਕ ਐਤੈਨੂੰ ਖਰਚ-ਪਾਣੀ ਵੀ ਭੇਜ ਛੱਡਦੈਤੈਨੂੰ ਉਹਦੇ ਵਲੋਂ ਕੋਈ ਸ਼ਿਕਾਇਤ ਤਾਂ ਨਹੀਂ

ਪਰ ਧੰਨੋ ਹੱਡੀਆਂ ਦੀ ਮੁੱਠ ਬਣਦੀ ਜਾ ਰਹੀ ਸੀ

ਉਸਦਾ ਚਾਨੂੰ ਹੁਣ ਚਰਨ ਸਿੰਹੁ ਬਣ ਗਿਆ ਸੀਕੋਠੀ ਅਤੇ ਕਾਰ ਦਾ ਮਾਲਕਸ਼ਹਿਰ ਵਿੱਚ ਵੱਡੇ ਲੋਕਾਂ ਨਾਲ ਉੱਠਣ-ਬੈਠਣ ਸੀਛੇ ਮਹੀਨੇ, ਸਾਲ ਬਾਅਦ ਘਰਵਾਲੀ ਅਤੇ ਦੋਵਾਂ ਮੁੰਡਿਆ ਨਾਲ ਪਿੰਡ ਗੇੜਾ ਮਾਰਦਾਘੜੀ-ਘੰਟਾ ਮਾਂ ਕੋਲ ਬੈਠ ਰਸਮੀ ਖਬਰਸਾਰ ਕਰ ਕੁੱਝ ਛਿੱਲੜ ਜਰੂਰ ਉਸਦੇ ਹੱਥ ਧਰ ਜਾਂਦਾਧੰਨੋ ਦਾ ਢਿੱਡ ਫਰੋਲ ਕੇ ਦੇਖਣ ਵਾਲਾ ਕੋਈ ਨਹੀਂ ਸੀਦੀਪੋ ਆਪਣੇ ਸਹੁਰੇ-ਘਰ ਪਰਿਵਾਰਕ ਰੁਝੇਵਿਆਂ ਕਾਰਨ ਕੋਹਲੂ ਦਾ ਬੈਲ ਬਣੀ ਹੋਈ ਸੀ

ਅੱਜ ਧੰਨੋ ਬੇਬੇ ਨੀ ਬਿੜਕੀ” ਗੁਆਂਢਣ ਨਿੰਮੋ ਨੇ ਰਸੋਈ ਵਿੱਚ ਰੋਟੀ ਲਾਹੁੰਦਿਆਂ ਆਪਣੀ ਨੂੰਹ ਨਾਲ ਸਰਸਰੀ ਗੱਲ ਕੀਤੀਚੰਗੀ ਗੁਆਂਢਣ ਨਾਤੇ ਨਿੰਮੋ ਧੰਨੋ ਦਾ ਅਕਸਰ ਖਿਆਲ ਰੱਖਦੀ ਸੀ

 ਉੱਪਰੋਂ ਦੁਪਹਿਰਾ ਸਿਰ ’ਤੇ ਆ ਗਿਆ ਸੀਨਿੰਮੋ ਨੇ ਆਪਣੀ ਨੂੰਹ ਨੂੰ ਧੰਨੋ ਦੇ ਘਰ ਵੱਲ ਭੇਜਿਆ “ਦੇਖ ਆ ਕੁੜੇ, ਬੇਬੇ ਠੀਕ-ਠਾਕ ਤਾਂ ਐ?”

ਜਦੋਂ ਉਸਨੇ ਦਰਵਾਜ਼ੇ ਦੀ ਵਿਰਲ ਵਿੱਚੋਂ ਝਾਤੀ ਮਾਰੀ ਤਾਂ ਧੰਨੋ ਮੰਜੀ ’ਤੇ ਸਿੱਧੀ ਲੰਮੀ ਪਈ ਸੀ ਜਿਵੇਂ ਘੋੜੇ ਵੇਚ ਕੇ ਸੁੱਤੀ ਹੋਵੇਉਸਨੇ ਦੋ-ਤਿੰਨ ਅਵਾਜ਼ਾਂ ਮਾਰੀਆਂ ਕੋਈ ਹਿੱਲਜੁੱਲ ਨਾ ਹੋਈਨੂੰਹ ਦੇ ਦੱਸਣ ’ਤੇ ਨਿੰਮੋ ਨੇ ਗੁਆਂਢੀਆਂ ਦੇ ਮੁੰਡੇ ਗੇਜੇ ਨੂੰ ਅਵਾਜ਼ ਮਾਰੀਉਸਨੇ ਆਪਣੇ ਚਾਚੇ ਦੇ ਪੁੱਤ ਕਸ਼ਮੀਰੇ ਨੂੰ ਨਾਲ਼ ਲੈ ਕੇ ਦਰਵਾਜ਼ਾ ਪੁੱਟਿਆਦੇਖਿਆ ਤਾਂ ਧੰਨੋ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਸੀਬੋਲ-ਬਰਾਲ਼ਾ ਸੁਣਕੇ ਗੁਆਂਢ ਦੇ ਲੋਕ ਇਕੱਠੇ ਹੋਣ ਲੱਗੇਦਾਹ-ਸੰਸਕਾਰ ਦੀਆਂ ਸਲਾਹਾਂ ਹੋਣ ਲੱਗੀਆਂਪਿੰਡ ਦੇ ਇੱਕ ਬੰਦੇ ਨੂੰ ਸਾਈਕਲ ਦੇ ਕੇ ਦੀਪੋ ਨੂੰ ਦੱਸਣ ਲਈ ਭੇਜ ਦਿੱਤਾਪਿੰਡ ਦੇ ਇੱਕ ਸਾਬਕਾ ਫੌਜੀ ਦੀ ਡਿਊਟੀ ਸ਼ਹਿਰ ਜਾ ਕੇ ਚਰਨੇ ਨੂੰ ਟੈਲੀਫੋਨ ਕਰਨ ਦੀ ਲਗਾਈ ਗਈਕੁੱਝ ਬੰਦੇ ਸਸਕਾਰ ਲਈ ਸਮਾਨ ਇਕੱਠਾ ਕਰਨ ਦੇ ਆਹਰ ਵਿੱਚ ਜੁਟ ਗਏਦਰੀ ’ਤੇ ਬੈਠੇ ਬਜ਼ੁਰਗ ਧੰਨੋ ਦੇ ਜੀਵਨ ਨਾਲ਼ ਸੰਬੰਧਤ ਘਟਨਾਵਾਂ ਦੀ ਪੇਸ਼ਕਾਰੀ ਆਪਣੇ-ਆਪਣੇ ਢੰਗ ਨਾਲ਼ ਕਰਨ ਲੱਗੇ

ਬੜੀ ਦਾਨੀ ਬਣਕੇ ਟੈਮ ਕੱਟਿਆ ਪਿੰਡ ’ਚਭਰ ਜਵਾਨੀ ’ਚ ਵਿਧਵਾ ਹੋ ਗਈ ਸੀਮਿਹਨਤ-ਮਜੂਰੀ ਕਰਕੇ ਟੱਬਰ ਪਾਲ਼ ਲਿਆ ਪਿਓ ਦੀ ਧੀ ਨੇ, ਪਰ ਮਜ਼ਾਲ ਐ ਕਿਸੇ ਮੂਹਰੇ ਹੱਥ ਅੱਡਿਆ ਹੋਵੇ” ਸਾਬਕਾ ਸਰਪੰਚ ਨਰੈਣ ਸਿੰਘ ਨੇ ਦਰੀ ’ਤੇ ਔਖਾ ਜਿਹਾ ਹੋ ਕੇ ਬੈਠਦਿਆਂ ਗੱਲ ਛੇੜੀ

ਔਲਾਦ ਦਾ ਸੁਖ ਤਾਂ ਭਾਗਾਂ ਨਾਲ ਮਿਲਦੈ ਅੱਜਕੱਲ੍ਹਪਰ ਸਭ ਦਾ ਭਲਾ ਲੋਚਣ ਵਾਲੀ ਸੀ ਬੇਬੇ” ਮਾਸਟਰ ਕੇਵਲ ਸਿੰਘ ਨੇ ਆਪਣੇ ਦਿਲ ਦੀ ਕਹਿ ਦਿੱਤੀ

ਚਰਨੇ ਦਾ ਟੱਬਰ ਅਤੇ ਦੀਪੋ ਪਹੁੰਚ ਗਏ ਸਨਸ਼ਾਮ ਵੇਲੇ ਧੰਨੋ ਦੀ ਅੰਤਿਮ-ਯਾਤਰਾ ਵਿੱਚ ਪਿੰਡ ਦੇ ਵੱਡੀ ਗਿਣਤੀ ਲੋਕ ਸ਼ਾਮਿਲ ਸਨਹਫਤੇ ਵਿੱਚ ਮਕਾਣਾਂ ਅਤੇ ਅੰਤਿਮ ਰਸਮਾਂ ਉਪਰੰਤ ਚਰਨਾ ਵਾਪਸ ਪਰਤ ਗਿਆਪਰਿਵਾਰਕ ਜਿੰਮੇਵਾਰੀ ਕਾਰਨ ਦੀਪੋ ਨੂੰ ਵੀ ਮੁੜਨਾ ਪਿਆਨਾਲੇ ਹੁਣ ਇੱਥੇ ਰਹਿਣਾ ਵੀ ਕੀਹਦੇ ਕੋਲ ਸੀ

ਹੁਣ ਉਹ ਕੀਹਦੇ ਕੋਲ਼ ਆਇਆ ਕਰੇਗੀ, ਪਹਿਲਾਂ ਤਾਂ ਇਹ ਹੁੰਦਾ ਸੀ ਕਿ ਮਾਂ ਬੈਠੀ ਐ” ਪਿੰਡ ਦਾ ਵਸੀਵਾਂ ਟੱਪਦਿਆਂ ਉਸਦਾ ਮਨ ਭਰ ਆਇਆ ਪਰ ਮੂੰਹੋਂ ਕੁੱਝ ਨਾ ਬੋਲੀ

ਸਮਾਂ ਆਪਣੀ ਚਾਲੇ ਚਲਦਾ ਰਿਹਾਚਰਨੇ ਦਾ ਕਾਰੋਬਾਰ ਉਸਦੇ ਮੁੰਡਿਆ ਨੇ ਸੰਭਾਲ ਲਿਆਦਿਨ-ਦਿਹਾਰ ਮੌਕੇ ਪਿੰਡ ਚੱਕਰ ਲਾ ਜਾਂਦੇਸਿਆਣੇ ਕਹਿੰਦੇ ਹਨ ਕਿ ਚੰਗੇ ਦਿਨ ਆਉਣ ਨੂੰ ਤਾਂ ਵਕਤ ਲਗ ਜਾਂਦਾ ਹੈ ਪਰ ਮਾੜੇ ਦਿਨ ਕਦੋਂ ਆ ਜਾਣ ,ਪਤਾ ਵੀ ਨੀ ਲੱਗਦਾਚਰਨੇ ਨਾਲ਼ ਵੀ ਇੰਜ ਹੀ ਹੋਇਆਉਸਦੇ ਕਾਰੋਬਾਰ ਦੀ ਪਹਿਲਾਂ ਵਾਲੀ ਗੱਲ ਨਾ ਰਹੀਬਹੁਤ ਕੋਸ਼ਿਸ਼ਾਂ ਕੀਤੀਆਂ ਪਰ ...ਪਰਿਵਾਰ ਦੇ ਕਹਿਣ ’ਤੇ ਪਿੰਡ ਵਾਲ਼ੀ ਪੈਲੀ ਵੀ ਵੇਚ ਗਿਆਚਰਨੇ ਨਾਲ਼ ਗਲਾਸੀ ਦੀ ਸਾਂਝ ਰੱਖਣ ਵਾਲੇ ਉਸ ਤੋਂ ਮੁੱਖ ਮੋੜਨ ਲੱਗੇਪਹਿਲਾਂ ਵਾਲਾ ਸਤਿਕਾਰ ਨਾ ਰਿਹਾ

ਆਪਣੀ ਘਰਵਾਲ਼ੀ ਦੇ ਕਹਿਣ ’ਤੇ ਉਸਨੇ ਕਿਸੇ ਪਿੰਡ ਦੇ ਸਿਆਣੇ ਤੋਂ ਪੁੱਛ ਪੁਆਈ ਸਿਆਣੇ ਨੇ ਦੱਸਿਆ ਸੀ, “ਵੱਡੇ-ਵਡੇਰਿਆਂ ਦਾ ਖੋਟ ਐ

ਵੱਡੇ-ਵਡੇਰਿਆਂ ਦਾ ਨਾਂ ਸੁਣਦਿਆਂ ਹੀ ਚਰਨੇ ਦੀਆਂ ਅੱਖਾਂ ਸਾਹਮਣੇ ਆਪਣੀ ਮਾਂ ਦੀ ਤਸਵੀਰ ਘੁੰਮ ਗਈ

ਕਿੰਨੀਆਂ ਔਕੜਾਂ ਨਾਲ ਪਾਲ਼ਿਆ ਸੀ ਮੈਨੂੰਕਿੰਨੇ ਮਾੜੇ ਹਾਲਾਤਾਂ ਵਿੱਚ ਉਂਗਲੀ ਫੜਕੇ ਤੋਰਿਆ ਸੀ ਮੈਨੂੰਕਿੰਨੀਆਂ ਮੰਨਤਾਂ ਮੰਗੀਆਂ ਸੀ ਮੇਰੇ ਲਈਤੇ ਮੈਂ ...? ਮੁੜ ਬਾਤ ਨਾ ਪੁੱਛੀਮੈਂ ਮਾਂ ਦੀਆਂ ਕਿੰਨੀਆਂ ਉਮੀਦਾਂ ਦਾ ਕਤਲ ਕੀਤਾ ਹੈ? ਕਾਤਲ!” ਇਹਨਾਂ ਸੋਚਾਂ ਨੇ ਉਸ ਨੂੰ ਅੰਦਰੋਂ ਝੰਜੋੜ ਦਿੱਤਾ

ਇੱਕ-ਇੱਕ ਕਰਕੇ ਕਿੰਨੇ ਹੀ ਸਵਾਲ ਚਰਨੇ ਦੇ ਜਿਹਨ ਵਿੱਚ ਜਨਮ ਲੈ ਰਹੇ ਸਨਪਰ ਉਸ ਕੋਲ ਕੋਈ ਜਵਾਬ ਨਹੀਂ ਸੀਉਹ ਸਭ ਸਮਝਦਾ ਸੀ ਪਰ ਹੁਣ ਪਰਛਾਵੇਂ ਤੋਂ ਬਿਨਾਂ ਉਸ ਦੇ ਕੁੱਝ ਵੀ ਪੱਲੇ ਨਹੀਂ ਸੀ ਰਿਹਾ

“ਵੱਡੇ-ਵਡੇਰਿਆਂ ਦਾ ਖੋਟ? ... ਇਹ ਤਾਂ ਹੋਣਾ ਈ ਸੀ... ਇਹ ਤਾਂ ਹੋਣਾ ਈ ਸੀ...” ਚਰਨਾ ਬੁੜ-ਬੁੜਾ ਰਿਹਾ ਸੀ

*****

(788)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)