AmrikSDayal7ਸਮਾਂ ਮੁੱਠੀ ਵਿੱਚੋਂ ਰੇਤ ਵਾਂਗ ਕਿਰਦਾ ਜਾ ਰਿਹਾ ਸੀ। ਉਹਨਾਂ ਦਿਨਾਂ ਵਿੱਚ ਪਿੰਡ ਵਿੱਚ ਇੱਕ ...
(2 ਮਈ 2018)

 

ਬੀ.ਏ ਦੇ ਦੂਜੇ ਸਾਲ ਵਿੱਚ ਮੈਂ ਸਰਕਾਰੀ ਕਾਲਜ ਪੋਜੇਵਾਲ ਵਿੱਚ ਦਾਖਲ ਹੋਇਆ ਸਾਂਲਾਇਬਰੇਰੀ ਵਿੱਚ ਜਾ ਕੇ ਦੋ-ਤਿੰਨ ਅਖਬਾਰਾਂ ਪੜ੍ਹਨੀਆਂ ਮੇਰਾ ਨਿੱਤਨੇਮ ਬਣ ਗਿਆ ਸੀਇੱਕ ਦਿਨ ਅਖਬਾਰ ਵਿੱਚ ਇਸ਼ਤਿਹਾਰ ਪੜ੍ਹਿਆ, ਜਿਸ ਰਾਹੀਂ ਮਾਲ ਵਿਭਾਗ ਵਿੱਚ ਜ਼ਿਲ੍ਹਾ ਪੱਧਰ ’ਤੇ ਪੋਸਟਾਂ ਕੱਢੀਆਂ ਗਈਆਂ ਸਨਅਖਬਾਰ ਪੜ੍ਹਕੇ ਮੈਂ ਕੋਰੇ ਕਾਗਜ਼ ’ਤੇ ਪ੍ਰੋਫਾਰਮਾ ਬਣਾਇਆ ਅਤੇ ਅਰਜ਼ੀ ਡਾਕ ਰਾਹੀਂ ਭੇਜ ਦਿੱਤੀਕੁੱਝ ਹੀ ਦਿਨਾਂ ਵਿੱਚ ਲਿਖਤੀ ਪੇਪਰ ਲਈ ਸੱਦਾ-ਪੱਤਰ ਆ ਗਿਆਸਟੇਜ ਦੇ ਮੂਹਰੇ ਖੁੱਲ੍ਹੇ ਮੈਦਾਨ ਵਿੱਚ ਸਖਤ ਨਿਗਰਾਨੀ ਹੇਠ ਪੇਪਰ ਲਿਆ ਗਿਆਪੇਪਰ ਦੇਣ ਗਏ ਮੁੰਡਿਆਂ ਵਿੱਚ ਇਹ ਆਮ ਚਰਚਾ ਹੋ ਰਹੀ ਸੀ ਕਿ ਸ਼ਿਫਾਰਸ਼ ਤੋਂ ਬਿਨਾਂ ਕੰਮ ਬਣਨ ਵਾਲਾ ਨਹੀਂਜਿਹੜੇ ਨੌਕਰੀ ’ਤੇ ਰੱਖਣੇ ਹਨ, ਉਹ ਤਾਂ ਪਹਿਲਾਂ ਹੀ ਤੈਅ ਹਨ, ਪੇਪਰ ਤਾਂ ਮਹਿਜ਼ ਲੋਕ ਦਿਖਾਵਾ ਹੈਮੈਂ ਇਹੀ ਗੱਲਾਂ ਮਨ ਵਿਚ ਬਿਠਾ ਕੇ ਵਾਪਸ ਆ ਗਿਆ ਕਿ ਮੇਰਾ ਕਿਹੜਾ ਕੰਮ ਬਣਨਾ ਹੈਸਿਫਾਰਸ਼ ਤਾਂ ਕੋਈ ਹੈ ਨਹੀਂ

ਪੰਜ-ਛੇ ਦਿਨ ਬਾਅਦ ਕਾਲਜ ਵਿੱਚ ਛੁੱਟੀ ਹੋਣ ਤੋਂ ਥੋੜ੍ਹਾ ਜਿਹਾ ਸਮਾਂ ਪਹਿਲਾਂ ਅਖਬਾਰ ’ਤੇ ਹਾਲੇ ਸਰਸਰੀ ਜਿਹੀ ਝਾਤ ਹੀ ਮਾਰੀ ਸੀ ਕਿ ਪਿਛਲੇ ਹਫਤੇ ਦਿੱਤੇ ਟੈਸਟ ਦਾ ਛਪਿਆ ਹੋਇਆ ਨਤੀਜਾ ਪੜ੍ਹਨ ਲਈ ਮੈਂ ਹੋਰ ਸੁਚੇਤ ਹੋ ਗਿਆਮੈਰਿਟ ਸੂਚੀ ਵਿੱਚ ਮੇਰਾ ਉੱਪਰਲੀ ਕਤਾਰ ਵਿੱਚ ਰੋਲ ਨੰਬਰ ਸੀਪੜ੍ਹ ਕੇ ਖੁਸ਼ੀ ਤਾਂ ਹੋਈ ਪਰ ਜਲਦੀ ਪ੍ਰੇਸ਼ਾਨੀ ਵਿੱਚ ਬਦਲ ਗਈਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਉਸੇ ਦਿਨ ਹੀ ਪੰਜ ਵਜੇ ਤੋਂ ਪਹਿਲਾਂ ਇੰਟਰਵਿਊ ਲਈ ਬੁਲਾਇਆ ਗਿਆ ਸੀਦੋ ਵੱਜ ਚੁੱਕੇ ਸਨਬੱਸ ਤੋਂ ਬਿਨਾਂ ਆਵਾਜਾਈ ਦਾ ਕੋਈ ਸਾਧਨ ਨਹੀਂ ਸੀਬੱਸ ਵੀ ਦਿਹਾੜੀ ਦੀ ਤਿੰਨ ਵਾਰ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਜਾਂਦੀ ਸੀਘਰੋਂ ਸਰਟੀਫਿਕੇਟ ਲੈਣੇ ਵੀ ਜ਼ਰੂਰੀ ਸਨਜੇਬ ਵਿੱਚ ਆਉਣ-ਜਾਣ ਦੇ ਕਿਰਾਏ ਜੋਗੇ ਪੈਸੇ ਵੀ ਨਹੀਂ ਸਨਸੋਚਣ ਲਈ ਸਮਾਂ ਵੀ ਘੱਟ ਸੀਮੈਂ ਹਿੰਮਤ ਕਰ ਕੇ ਆਪਣੇ ਇਲਾਕੇ ਵੱਲ ਨੂੰ ਜਾਂਦੀ ਸੜਕ ’ਤੇ ਖੜ੍ਹ ਗਿਆਸਕੂਟਰ ਵਾਲੇ ਹਰ ਬੰਦੇ ਨੂੰ ਹੱਥ ਦੇਣਾ ਸ਼ੁਰੂ ਕਰ ਦਿੱਤਾ ਤਾਂ ਜੋ ਕੋਈ ਮੌਕਾ ਨਾ ਖੁੰਝ ਜਾਵੇਦੋ ਤਿੰਨ ਸਕੂਟਰਾਂ ਵਾਲਿਆਂ ਨੇ ਤਾਂ ਮੇਰੇ ਵੱਲ ਦੇਖਿਆ ਹੀ ਨਹੀਂ, ਦੋ ਕੁ ਨੇ ‘ਬਸ ਇੱਥੇ ਈ ਜਾਣੈ’ ਕਹਿ ਕੇ ਆਪਣੇ ਸਕੂਟਰ ਭਜਾ ਲਏਇੱਕ ਚੰਗੇ ਬੰਦੇ ਨੇ ਮੈਨੂੰ ਬਿਠਾ ਤਾਂ ਲਿਆ ਪਰ ਉਸਨੇ ਮੇਰੇ ਅੱਧੇ ਪੈਂਡੇ ਤੱਕ ਹੀ ਜਾਣਾ ਸੀਐਨੇ ਜੋਗਾ ਹਾਲੇ ਮੈਂ ਆਪਣੇ-ਆਪ ਨੂੰ ਨਹੀਂ ਸੀ ਸਮਝਦਾ ਕਿ ਉਸ ਨੂੰ ਕਹਿ ਸਕਾਂ ਕਿ ਜ਼ਰੂਰੀ ਹੋਣ ਕਰਕੇ ਮੈਨੂੰ ਘਰ ਤੱਕ ਛੱਡ ਆਵੇ

ਅੱਧੇ ਪੈਂਡੇ ’ਤੇ ਉੱਤਰ ਕੇ ਉਸਦਾ ਧੰਨਵਾਦ ਕਰਦਿਆਂ ਮੈਨੂੰ ਘਰ ਤੱਕ ਪੁੱਜਣ ਦੀ ਚਿੰਤਾ ਨੇ ਫਿਰ ਘੇਰ ਲਿਆਸਾਹਮਣੇ ਅੱਡੇ ਵਿੱਚ ਸਾਈਕਲ ਮਕੈਨਿਕ ਦੀ ਦੁਕਾਨ ਕਰਦੇ ਸਾਡੇ ਪਿੰਡ ਦੇ ਬੰਦੇ ਉੱਤੇ ਮੇਰੀ ਨਜ਼ਰ ਪਈਮੈਂ ਸਾਰੀ ਗੱਲ ਉਸ ਨੂੰ ਜਾ ਦੱਸੀਉਸਨੇ ਝੱਟ ਆਪਣੇ ਸਾਈਕਲ ਵੱਲ੍ਹ ਇਸ਼ਾਰਾ ਕਰਦਿਆਂ ਕਿਹਾ, ਤੂੰ ਇਹ ਲੈ ਜਾ, ਮੈਂ ਆਪੇ ਔਖਾ-ਸੌਖਾ ਪਿੰਡ ਪੁੱਜ ਜਾਊਂ

ਸਾਈਕਲ ਦੇ ਪੈਡਲਾਂ ਨਾਲੋਂ ਮੇਰਾ ਮਨ ਕਾਹਲ਼ਾ ਵਗ ਰਿਹਾ ਸੀਸਾਈਕਲ ਨੂੰ ਵੀ ਇੱਕ ਭੈੜ ਹੈ ਕਿ ਜਦੋਂ ਕੋਈ ਕਾਹਲੀ ਹੋਵੇ ਤਾਂ ਇਸਦੀ ਚੇਨ ਜ਼ਰੂਰ ਉੱਤਰਦੀ ਹੈਚੇਨ ਨੇ ਛੇ ਕਿਲੋਮੀਟਰ ਦੀ ਵਾਟ ਵਿੱਚ ਛੇ ਵਾਰ ਮੇਰਾ ਇਮਤਿਹਾਨ ਲਿਆਚੇਨ ਨਾਲ਼ ਹੱਥ ਕਾਲੇ ਹੋਏ ਅਤੇ ਸਾਹੋ-ਸਾਹੀ ਹੋਇਆ ਜਦੋਂ ਘਰ ਪੁੱਜਾ ਤਾਂ ਮਾਤਾ ਘਬਰਾ ਗਈਸਾਰੀ ਗੱਲ ਦੱਸ ਕੇ ਫਟਾਫਟ ਆਪਣਾ ਦਸਵੀਂ ਦਾ ਸਰਟੀਫਿਕੇਟ ਕੱਢਿਆ ਅਤੇ ਮਾਤਾ ਜੀ ਤੋਂ ਕਿਰਾਏ ਲਈ ਪੈਸਿਆਂ ਦੀ ਮੰਗ ਕੀਤੀਸ਼ੁਕਰ ਐ, ਉਸ ਵਕਤ ਮਾਤਾ ਜੀ ਦੇ ਟਰੰਕ ਵਿੱਚ ਕਿਰਾਏ ਜੋਗੇ ਪੈਸੇ ਪਏ ਸਨ

ਬਿਨਾਂ ਸਾਧਨ ਤੋਂ ਨਿਸ਼ਚਿਤ ਸਮੇਂ ਵਿੱਚ ਸੱਠ ਕਿਲੋਮੀਟਰ ਇੰਟਰਵਿਊ ਵਾਲੇ ਸਥਾਨ ’ਤੇ ਪਹੁੰਚਣਾ ਮੇਰੇ ਲਈ ਹਿਮਾਲਾ ਪਰਬਤ ਦੀ ਚੋਟੀ ਸਰ ਕਰਨ ਦੇ ਬਰਾਬਰ ਸੀਮੈਂ ਘਰ ਤੋਂ ਨਿਕਲ ਕੇ ਦੁਕਾਨਾਂ ਤੱਕ ਪਹੁੰਚ ਕੇ ਕੋਈ ਹੀਲਾ-ਵਸੀਲਾ ਕਰਨ ਦੀ ਤਰਕੀਬ ਬਾਰੇ ਸੋਚਣ ਲੱਗਾਸਮਾਂ ਮੁੱਠੀ ਵਿੱਚੋਂ ਰੇਤ ਵਾਂਗ ਕਿਰਦਾ ਜਾ ਰਿਹਾ ਸੀਉਹਨਾਂ ਦਿਨਾਂ ਵਿੱਚ ਪਿੰਡ ਵਿੱਚ ਇੱਕ ਰਾਜਦੂਤ ਮੋਟਰ-ਸਾਈਕਲ ਅਤੇ ਦੋ ਸਕੂਟਰ ਸਨਸਕੂਟਰਾਂ ਵਾਲਿਆਂ ਦਾ ਬੜਾ ਟੌਹਰ-ਟੱਪਾ ਹੁੰਦਾ ਸੀਤਾਸ਼ ਦੀ ਢਾਣੀ ਵਿੱਚ ਬੈਠੇ ਸਕੂਟਰ ਮਾਲਕ ਨੂੰ ਬੜੀ ਅਧੀਨਗੀ ਨਾਲ ਸਮੇਂ ਦਾ ਵਾਸਤਾ ਪਾ ਕੇ ਮੁੱਖ ਸੜਕ ਤੱਕ ਛੱਡਣ ਦੀ ਅਰਜੋਈ ਕੀਤੀ ਪਰ ਉਸਨੇ ਇੱਕ ਝਟਕੇ ਵਿੱਚ ਹੀ ਕੋਰਾ ਜਵਾਬ ਦੇ ਦਿੱਤਾਮੇਰੀ ਖਾਨਿਓਂ ਗਈਖੁਸ਼ਕਿਸਮਤੀ ਨਾਲ ਦੂਜੇ ਸਕੂਟਰ ਮਾਲਕ ਨੇ ਮੇਰੀ ਗੱਲ ਧਿਆਨਪੂਰਵਕ ਸੁਣੀ ਅਤੇ ਝੱਟ ਤਿਆਰ ਹੋ ਗਿਆਜ਼ਿਲ੍ਹਾ ਹੈਡਕੁਆਟਰ ਨੂੰ ਜਾਂਦੀ ਆਖਰੀ ਬੱਸ ਮਿਲ ਗਈ

ਅਖਬਾਰ ਪੜ੍ਹਨ ਤੋਂ ਲੈ ਕੇ ਬੱਸ ਦੀ ਸੀਟ ’ਤੇ ਬੈਠਣ ਤੱਕ ਦੇ ਵਿਚਕਾਰਲੇ ਸਮੇਂ ਦੌਰਾਨ ਮੇਰੀ ਭੂਤਨੀ ਘੁੰਮ ਗਈਬੱਸ ਵਿੱਚ ਬੈਠ ਕੇ ਥੋੜ੍ਹੀ ਚੈਨ ਜ਼ਰੂਰ ਮਿਲੀਉਸ ਦਾ ਦਿਲੋਂ ਧੰਨਵਾਦ ਕੀਤਾ ਜਿਸਨੇ ਮੇਰੇ ਵਰਗੇ ਬਿਨਾਂ ਸਿਫਾਰਸ਼ ਵਾਲੇ ਨੂੰ ਮੈਰਿਟ ਵਿੱਚ ਖੜ੍ਹਾ ਕਰ ਦਿੱਤਾ ਸੀਮੈਂ ਬੱਸ ਅੱਡੇ ਤੋਂ ਦੌੜ ਕੇ ਇੰਟਰਵਿਊ ਵਾਲੇ ਸਥਾਨ ’ਤੇ ਜਦੋਂ ਪਹੁੰਚਿਆ, ਪੰਜ ਵੱਜਣ ਨੂੰ ਹਾਲੇ ਦਸ ਮਿੰਟ ਰਹਿੰਦੇ ਸਨਅੱਗੇ ਇੰਟਰਵਿਊ ਦੀ ਥਾਂ ਨੋਟਿਸ-ਬੋਰਡ ’ਤੇ ਨੋਟਿਸ ਚਿਪਕਾਇਆ ਹੋਇਆ ਸੀ - ਕੁੱਝ ਕਾਰਨਾਂ ਕਰਕੇ ਇੰਟਰਵਿਊ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਜਾਂਦੀ ਹੈ

ਵਾਪਸੀ ਟਰੱਕ ਵਿੱਚ ਧੱਕੇ ਖਾਂਦਿਆ ਅਤੇ ਫਿਰ ਪੈਦਲ ਤੁਰ ਕੇ ਰਾਤ ਗਿਆਰਾਂ ਵਜੇ ਘਰ ਪਹੁੰਚਿਆ

ਹੁਣ ਮੇਰੀ ਸਿੱਖਿਆ ਵਿਭਾਗ ਵਿੱਚ ਨੌਕਰੀ ਵੀਹ ਸਾਲ ਦੀ ਹੋ ਗਈ ਹੈਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਇੰਟਰਵਿਊ ਦਾ ਸਮਾਂ ਢਾਈ ਦਹਾਕਿਆਂ ਬਾਅਦ ਵੀ ਹਾਲੇ ਤੱਕ ਮਿੱਥਿਆ ਨਹੀਂ ਗਿਆ

*****

(1137)

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)