KuljitMann7ਰੁੜ੍ਹ ਜਾਣੀ ਮੇਰੀ ਮੱਤ ’ਤੇ ਪਰਦਾ ਪੈ ਗਿਆ ... ਮੈਂ ਤੁਹਾਨੂੰ ਕਿਹਾ ਵੀ ਸੀ, ਇਹ ਖਤਰਨਾਕ ਖੇਡ ਨਾ ਖੇਡੋ। ਪਰ ਤੁਸੀਂ ਤੇ ਬਾਪੂ ਜੀ ਆਪਣੀਆਂ ਹੀ ਸ਼ਰਤਾਂ ’ਤੇ ਉੱਤਰ ਆਏ ...”
(ਸਤੰਬਰ 29, 2015)


ਇਹ ਗੱਲ ਕੋਈ
ਉੰਨੀ ਸੌ ਬੰਨਵੇਂ’ ਦੇ ਕਿਸੇ ਮਹੀਨੇ ਦੀ ਹੈ। ਸ਼ਾਇਦ ਦਿਵਾਲੀ ਵਾਲੇ ਮਹੀਨੇ ਦੀ। ਬੜੀ ਮਾਮੂਲੀ ਗੱਲ। ਇਹੋ ਜਿਹੀਆਂ ਗੱਲਾਂ ਉਦੋਂ ਮਾਮੂਲੀ ਹੀ ਸਨ। ਮੈਂ ਕਿਸੇ ਹੋਰ ਦਾ ਸਿਰ ਖਾਣਾ ਛੱਡ ਦਿੱਤਾ ਸੀ। ਲੋਕਾਂ ਨੇ ਮੇਰੇ ਕੋਲ ਖਲੋਣਾ ਹੀ ਛੱਡ ਦਿੱਤਾ ਸੀ। ਬੱਸ ਇੱਕ ਬੀਵੀ ਬਚੀ ਸੀ। ਭਾਜੀ, ਮੈਂ ਉਦੋਂ ਐਨਾ ਬੁੜ-ਬੁੜ ਵੀ ਨਹੀਂ ਕਰਦਾ ਸੀ, ਜਿੰਨਾ ਹੁਣ ਕਰਦਾ ਹਾਂ। ਪਰ ਲੋਕ ਉਦੋਂ ਮੇਰੇ ਤੋਂ ਜ਼ਿਆਦਾ ਦੁਖੀ ਸਨ। ਧੌਲ਼-ਧਫ਼ਾ ਵੀ ਕਰ ਦਿੰਦੇ ਸਨ ਤੇ ਤ੍ਰਹਿੰਦੇ ਵੀ ਸਨ। ਪਰ ਹੁਣ ਲੋਕ ਵੀ ਮੇਰੇ ਵਾਂਗ ਸਿਆਣੇ ਹੋ ਗਏ ਹਨ, ਕੁਝ ਨਹੀਂ ਕਹਿੰਦੇ। ਬੱਸ ਹੱਸ ਛੱਡਦੇ ਹਨ। ਠੰਢਾ ਜੂਸ ਪਿਆਉਂਦੇ ਹਨ। ਬੜੀ ਤਸੱਲੀ ਨਾਲ ਮੇਰੀ ਗੱਲ ਸੁਣਦੇ ਹਨ, ਜਿਵੇਂ ਮੇਰਾ ਕੋਈ ਵੀ ਮਸਲਾ, ਉਨ੍ਹਾਂ ਦਾ ਆਪਣਾ ਹੋਵੇ। ਉਹਨਾਂ ਦਾ, ਸੁਧਾ ਆਪਣਾ। ਜਿਵੇਂ ਮੈਂ ਕੋਈ ਪੀਰ ਹੋਵਾਂ। ਨਿਰਾ ਰੱਬ ਦਾ ਬੰਦਾ। ਮੇਰੇ ਦਿੱਤੇ ਨੰਬਰਾਂ ’ਤੇ ਤਾਂ ਲੋਕਾਂ ਲਾਟਰੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੈਨੂੰ ਤਾਂ ਕਈ ਦਰਵੇਸ਼ ਵੀ ਸੱਦਦੇ ਹਨ। ਪਰ ਮੈਨੂੰ ਦਰਵੇਸ਼ ਕਹਾਉਣਾ ਚੰਗਾ ਨਹੀਂ ਲਗਦਾ। ਬੰਦੇ ਨੂੰ ਬੰਦਾ ਹੀ ਰਹਿਣਾ ਚਾਹੀਦਾ ਹੈ।

ਮੈਂ ਘਰੇ ਫੋਨ ਕੀਤਾ, “ਅੱਜ ਮੈਂ ਦੋ ਤਿੰਨ ਘੰਟੇ ਲੇਟ ਆਉਣਾ ਹੈ, ਓਵਰ ਟਾਈਮ ਹੈ। ਮੇਰਾ ਖਾਣਾ ਨਾ ਬਣਾਈ।"

“ਸੁਣੋ, ਮੈਂ ਤਾਂ ਰੋਟੀ ਪਕਾ ਲਈ ਹੈ। ਤੁਸੀਂ ਪਹਿਲਾਂ ਨਹੀਂ ਦੱਸਿਆ।ਮੇਰੀ ਬੀਵੀ ਨੇ ਪਕਾਏ ਫੁਲਕਿਆਂ ਦਾ ਫਿਕਰ ਜ਼ਾਹਰ ਕੀਤਾ।

ਨਾਲੇ ਤੁਸੀਂ ਤੇ ਆਪਣੀ ਦੁਆਈ ਪੈਕਸਲ ਵੀ ਘਰੇ ਭੁੱਲ ਗਏ ਹੋ। ਡਾਕਟਰ ਨੇ ਤੁਹਾਨੂੰ ਤਿੰਨਾਂ ਮਹੀਨਿਆਂ ਬਾਦ ਕੰਮ ’ਤੇ ਜਾਣ ਦੀ ਇਜਾਜ਼ਤ ਓਵਰ ਟਾਈਮ ਲਈ ਨਹੀਂ ਦਿੱਤੀ।

ਇੱਕ ਦਿਨ ਦੁਆਈ ਨਾ ਖਾਧੀ ਤਾਂ ਮਰ ਤੇ ਨਹੀਂ ਚੱਲਿਆ, ਇਹ ਓਵਰ ਟਾਈਮ ਕਿਹੜਾ ਰੋਜ਼ ਰੋਜ਼ ਮਿਲਣਾ ਹੈ।

ਆਹੋ, ਕਰੀ ਜਾਉ ਬੁੜਬੁੜ ਆਪਣੇ ਆਪ ਨਾਲ ਤੇ ਕਰੀ ਚੱਲੋ ਸਿਰ ਖਪਾਈ ਜਿਹੜਾ ਵੀ ਮਿਲਦਾ।ਬੀਵੀ ਖਿਝੀ ਬੈਠੀ ਸੀ, “ਜੇ ਅੱਧੀ ਰਾਤ ਨੂੰ ਮੇਰਾ ਸਿਰ ਖਾਧਾ ਫੇਰ ਦੇਖਿਓ।

ਐਦਾਂ ਕਰ, ਇਨ੍ਹਾਂ ਪਕਾਏ ਫੁਲਕਿਆਂ ਨੂੰ ਚੰਗੀ ਤਰ੍ਹਾਂ ਵਲੇਟ ਵਲੂਟ ਕੇ ਰੱਖਦੇ, ਸਵੇਰੇ ਕੰਮ ਆ ਜਾਣਗੇ।ਮੈਂ ਸਿਆਣਪ ਤੋਂ ਕੰਮ ਲਿਆ।

ਉਹ ਰੱਬ ਦਿਆ ਬੰਦਿਆ, ਤੂੰ ਕਿਉਂ ਮੇਰੀ ਜਾਨ ਖਾਧੀ ਆ। ਦੇਖ, ਆਪਣੇ ਛੋਟੇ ਛੋਟੇ ਬੱਚੇ ਆ। ਸਿਰ ਤੇਰਾ ਕੰਮ ਨਹੀਂ ਕਰਦਾ। ਕਮਲਾ ਰਮਲਾ ਲੋਕਾਂ ਤੋਂ ਵੀ ਗੱਲਾਂ ਸੁਣਦਾ ਤੇ ਮੇਰਾ ਵੀ ਲਹੂ ਪੀਤਾ ਤੂੰ।

ਇਹ ਤਾਂ ਐਵੇਂ ਮਾਰਦੀ ਆ, ਵੈਸੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ, ਮੈਂ ਸਿਆਣਾ ਬਹੁਤ ਹਾਂ ਪਰ ਇਸ ਗੱਲ ਨੂੰ ਮੰਨਦਾ ਕੋਈ ਨਹੀਂ, ਮੇਰੇ ਸਿਵਾਏ। ਮੇਰੀ ਬੀਵੀ ਵੀ ਲੋਕਾਂ ਦੀ ਚੁੱਕ ਵਿੱਚ ਆ ਗਈ ਆ। ਵਰਨਾ ਮੈਨੂੰ ਛੱਡਕੇ ਕਿਉਂ ਜਾਂਦੀ? ਮੈਂ ਤੁਹਾਨੂੰ ਤਾਂ ਦੱਸਦਾਂ ਕਿ ਪਿੱਛੋਂ ਰੌਲ਼ਾ ਨਾ ਪਵੇ। ਫੈਸਲਾ ਤੁਸੀਂ ਕਰਨਾ ਹੈ। ਜਨਾਨੀਆਂ ਦੀ ਮੱਤ ਦਾ ਤੁਹਾਨੂੰ ਪਤਾ ਹੀ ਹੈ ਐਵੇਂ ਪਾਣੀ ਨੂੰ ਬੁੱਕਾਂ ਵਿੱਚ ਹੀ ਪਾਈ ਜਾਣਗੀਆਂ। ਬੰਦਾ ਪੁੱਛੇ, ਬੀਬਾ, ਰੱਬ ਨੇ ਗਲਾਸ ਕਿਉਂ ਬਣਾਏ ਹਨ, ਜੇ ਤੁਸੀਂ ਬੁੱਕਾਂ ਨਾਲ ਹੀ ਸਾਰਨਾ ਹੈ? ਬੁੱਕਾਂ ਥਾਣੀ ਤਾਂ ਅੱਧਾ ਪਾਣੀ ਉਂਝ ਹੀ ਕਿਰ ਜਾਂਦਾ ਹੈ। ਐਵੇਂ ਅੱਡੀਆਂ ਰਗੜੀ ਜਾਣਗੀਆਂ।

ਸੁਣੋ, ਘੰਟਾ ਕੁ ਪਹਿਲਾਂ ਇੰਡੀਆ ਤੋਂ ਫੋਨ ਆਇਆ ਸੀ, ਮੇਰੀ ਭੂਆ ਦਾ। ਕਹਿੰਦੇ ਅੱਜ ਦਿਵਾਲੀ ਹੈ, ਅਸੀਂ ਸੋਚਿਆ ਵਧਾਈ ਹੀ ਦੇ ਦਈਏ। ਨਾਲੇ ਪੁੱਛਦੇ ਸੀ ਦਵਾਈ ਦਾ ਕੋਈ ਅਸਰ ਹੋਇਆ? ਬੜਾ ਪਹੁੰਚਿਆ ਹੋਇਆ ਹੈ ਗੁੱਗਾ। ਪਰ ਤੁਸੀਂ ਤਾਂ ਖਾਂਦੇ ਹੀ ਲੰਙੇ ਡੰਗ ਹੋ।"

ਅੱਛਾ, ਅੱਜ ਦਿਵਾਲੀ ਹੈ? ਮੈਂ ਵੀ ਕਹਾਂ, ਮੇਰੇ ਬਗੈਰ ਹੋਰ ਕੋਈ ਠਹਿਰਿਆ ਕਾਹਤੇ ਨਹੀਂ। ਤਾਂਹੀ ਮੈਨੂੰ ਪੁੱਛਿਆ ਓਵਰ ਟਾਈਮ ਲਈ।ਮੈਂ ਹੈਰਾਨੀ ਨਾਲ ਕਿਹਾ।

ਹੋਰ ਕੀ! ਤੇ ਤੁਸੀਂ ਵੀ ਬਸ ...

ਚੱਲ ਇੱਦਾਂ ਤਾਂ ਚੰਗਾ ਹੀ ਹੈ। ਦਿਵਾਲੀ ਚੰਗਾ ਸ਼ਗਨ ਹੁੰਦੀ ਹੈ। ਵੈਸੇ ਆਪਾਂ ਦਿਵਾਲੀ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਮਨਾਵਾਂਗੇ। ਇੱਕ ਦਿਨ ਦਿਵਾਲੀ, ਇੱਕ ਦਿਨ ਵਿਸਾਖੀ, ਇੱਕ ਦਿਨ ਹੋਲੀ ਤੇ ਹੌਲੀ ਹੌਲੀ ਛੁੱਟੀਆਂ ਬਿਤਾਵਾਂਗੇ। ਐਂਤਕੀ ਕਾਹਲੀ ਨਹੀਂ ਕਰਨੀ। ਐਵੇਂ ਦੋ ਦਿਨਾਂ ਬਾਦ ਬਿਮਾਰ ਹੋ ਜਾਈਦਾ।

ਬੀਵੀ ਨੇ ਹੱਸਕੇ ਫੋਨ ਰੱਖ ਦਿੱਤਾ।

ਮੈਂ ਫੋਨ ਰੱਖਕੇ ਦਿਵਾਲੀ ਬਾਰੇ ਸੋਚਣ ਲੱਗਾ। ਦਿਵਾਲੀ ਦਾ ਸਬੰਧ ਲੱਛਮੀ ਨਾਲ ਵੀ ਹੈ ਤੇ ਉਹ ਮੈਂ ਘੋਟੀ ਜਾਂਦਾ ਹਾਂ ਦਿਨੋਂ ਦਿਨ, ਇਸ ਸਾਲ ਦੇ ਅਖੀਰ ਤੱਕ ਪੰਜ ਲੱਖ ਦੀ ਐਫ. ਡੀ. ਜਰੂਰ ਕਰਾਉਣੀ ਹੈ ਸੱਤ ਸਾਲਾਂ ਦੀ। ਸੱਤਾਂ ਸਾਲਾਂ ਵਿੱਚ ਦੁਗਣੇ ਯਾਨਿ ਦਸ ਲੱਖ। ਦਸ ਲੱਖ ਦਾ ਵਿਆਜ ਈ ਨੀ ਮਾਣ। ਢਿੱਬਰੀ ਕੋਨੇ ਵਾਲੇ ਪਲਾਟ ਵਿੱਚ ਥੱਲੇ ਦੁਕਾਨਾਂ ਪਾਊਂਗਾ ਤੇ ਉੱਤੇ ਕਮਰੇ। ਬੱਲੇ ਬੱਲੇ ਹੋ ਜਾਊ ਬੱਸ। ਹੁਸ਼ਿਆਰ ਨੂੰ ਤਾਂ ਮੈਂ ਉੱਥੇ ਪੈਰ ਵੀ ਨਹੀਂ ਪਾਉਣ ਦੇਣਾ। ਉਹਦੇ ਨਾਲ ਤਾਂ ਮਰਨੇ ਪਰਨੇ ਦੀ ਸਾਂਝ ਵੀ ਮੁੱਕ ਗਈ ਸਮਝੋ। ਹੁਸ਼ਿਆਰ ਨੂੰ ਤਾਂ ਕੀੜੇ ਪੈਣਗੇ, ਕੀੜੇ। ਕਰ ਲਏ ਜੋ ਕਰਨਾ। ਬੱਚੂ, ਗੱਲ ਤਾਂ ਨਿੱਬੜੂ ਭਾਈਚਾਰੇ ਵਿੱਚ ਹੀ। ਇੱਥੇ ਸਾਲੇ ਪ੍ਰਦੇਸਾਂ ਵਿੱਚ ਕੌਣ ਪੁੱਛਦਾ। ਪਿੰਡ ਜਾਕੇ ਕਰਾਊਂ ਖੰਡਪਾਠ। ਜਦੋਂ ਖੋਲ੍ਹੀ ਨਾ ਪੰਡ, ਫੇਰ ਪਤਾ ਲੱਗੂ ਅਰੂੜ ਸਿੰਘ ਸ਼ੈਅ ਕੀ ਹੈ ...

ਚੱਲ ਉਏ ਅਰੂੜਿਆ, ਬਰੇਕ ਖਤਮ ਹੋ ਗਈ। ਕੋਕ ਜਿਹਾ ਆਪਣੇ ਟੇਬਲ ਤੇ ਆਕੇ ਹੀ ਪੀਵੀਂ।ਹੈਨਰੀ ਨੇ ਜਿਵੇਂ ਮੇਰੇ ਦਿਵਾਲੀ ਦੇ ਪਟਾਕੇ ਖੋਹ ਲਏ ਹੋਣ।

ਹਾਂ ਬਈ ਮਿਲੀਅਨ ਡਾਲਰ ਮੈਨ, ਚੱਲਣਾ ਨਹੀਂ ਘਰ ਨੂੰ ... ਅੱਜ ਦਿਵਾਲੀ ਆ।ਕੋਲੋਂ ਲੰਘਦਿਆਂ ਮੋਢੇ ਤੇ ਲਟਕਾਏ ਬੈਗ ਨੂੰ ਦੂਜੇ ਮੋਢੇ ’ਤੇ ਕਰਦਿਆਂ ਪੀਟਰ ਬੋਲਿਆ।

ਨਹੀਂ ਪੀਟਰ ਵੀਰ, ਤੈਨੂੰ ਤੇ ਪਤਾ ਮੇਰੇ ਪੰਗਿਆਂ ਦਾ। ਮੇਰਾ ਸਰਦਾ ਨਹੀਂ।ਪ੍ਰਦੁੱਮਨ ਤੋਂ ਬਣੇ ਪੀਟਰ ਨੇ ਮੁਸਕਰਾ ਕੇ ਮੇਰੇ ਵੱਲ ਦੇਖਿਆ। ਮੈਨੂੰ ਲੱਗਾ ਜਿਵੇਂ ਮੈਂ ਨੰਗਾ ਖਲੋਤਾ ਹੋਵਾਂ। ਮੈਨੂੰ ਇੰਝ ਲੱਗਾ, ਜਿਵੇਂ ਮੈਨੂੰ ਠੰਢ ਵੀ ਲੱਗਣ ਲੱਗ ਪਈ ਹੋਵੇ। ਪੀਟਰ ਨੇ ਮੇਰੇ ਵਲੋਂ ਮੂੰਹ ਫੇਰਕੇ ਦੂਜੇ ਪਾਸੇ ਕਰ ਲਿਆ। ਫੇਰ ਉਹ ਤਿੰਨੋਂ ਜਣੇ ਗੱਲਾਂ ਕਰਦੇ ਕਰਦੇ ਹੱਸ ਪਏ। ਉਨ੍ਹਾਂ ਕੀ ਗੱਲ ਕੀਤੀ? ਉਹ ਕਿਉਂ ਹੱਸੇ? ਇਸ ਗੱਲ ਨੇ ਮੇਰੇ ਦਿਮਾਗ ਦੀਆਂ ਨਾੜਾਂ ਨੂੰ ਜਕੜ ਲਿਆ। ਮੈਂ ਮੋਟੀ ਜਿਹੀ ਗਾਲ੍ਹ ਕੱਢੀ। ਪਰ ਮੈਨੂੰ ਆਪ ਹੀ ਉਹ ਗਾਲ੍ਹ ਨਹੀਂ ਸੁਣੀ। ਕੱਢੀ ਕਿਹਨੂੰ ਮੈਨੂੰ ਇਹ ਵੀ ਨਹੀਂ ਪਤਾ ਸੀ।

ਮੈਂ ਸਕਰਿਊ ਕੱਸਣੇ ਸ਼ੁਰੂ ਕਰ ਦਿੱਤੇ। ਅਚਾਨਕ ਮੈਨੂੰ ਲੱਗਾ ਜਿਵੇਂ ਮੈਂ ਬਹੁਤ ਥੱਕ ਗਿਆ ਹਾਂ। ਘੜੀ ਦੇਖੀ, ਅਜੇ ਤਾਂ ਵੀਹ ਮਿੰਟ ਵੀ ਨਹੀਂ ਗੁਜ਼ਰੇ ਸਨ। ਸਾਰੇ ਪਲਾਂਟ ਵਿੱਚ ਗਿਣਤੀ ਦੇ ਦਸ ਕੁ ਹੀ ਵਰਕਰ ਸਨ। ਪੰਜਾਬੀ ਤਾਂ ਮੈਂ ਇੱਕਲਾ ਹੀ ਸੀ। ਮੇਰਾ ਧਿਆਨ ਕੰਮ ਵਲੋਂ ਉੱਖੜ ਗਿਆ। ਸਿੰਮੀ ਇਸ ਵਕਤ ਕੀ ਕਰਦੀ ਹੋਵੇਗੀ। ਮੇਰੇ ਸਾਮ੍ਹਣੇ ਤਾਂ ਕੰਨਾਂ ਨੂੰ ਹੱਥ ਲਾਉਂਦੀ ਹੈ ਕਿ ਹੁਣ ਨਹੀਂ ਕਦੇ ਹੁਸ਼ਿਆਰ ਨੂੰ ਫੋਨ ਕਰੇਗੀ। ਪਰ ਔਰਤ ਜਾਤ ਦਾ ਕੀ ਭਰੋਸਾ। ਭਰੋਸਾ ਤਾਂ ਅੱਜਕਲ ਕਿਸੇ ਦਾ ਵੀ ਨਹੀਂ ਰਹਿ ਗਿਆ। ਨਾ ਔਰਤ, ਨਾ ਮਰਦ, ਨਾ ਕੋਈ ਬੇਲੀ ਤੇ ਨਾ ਦੁਸ਼ਮਣ। ਬੱਸ ਸਾਰੀ ਦੁਨੀਆਂ ਮਤਲਬ ਨਾਲ ਬੱਝੀ ਹੋਈ ਆ। ਟੈਲੀਫੋਨ ਦੀ ਘੰਟੀ ਨੇ ਮੇਰੀ ਬਿਰਤੀ ਭੰਗ ਕਰ ਦਿੱਤੀ। ਹੈਨਰੀ ਦੂਰ ਸੀ, ਮੈਂ ਫੋਨ ਚੁੱਕਿਆ।

ਹੈਲੋ, ਡੀਲਕਸ ਵਿੰਡੋ।

ਲੱਗਦਿਆ ਵਿੰਡੋ ਦਿਆ, ਮੈਂ ਛਿੰਦਾ ਬੋਲਦਾਂ, ਤੂੰ ਇੱਥੇ ਕੀ ਕਰਦਾਂ, ਬਾਹਰ ਤਾਂ ਐਨਾ ਡੀਲਕਸ ਮੌਸਮ ਆ, ਉੱਤੋਂ ਦਿਵਾਲੀ। ਮੈਂ ਘਰੇ ਫੋਨ ਕੀਤਾ ਸੀ। ਸਿੰਮੀ ਕਹਿੰਦੀ ਸੀ, ਜੀ ਉਹ ਤੇ ਕੰਮ ਤੇ ਹਨ।ਛਿੰਦੇ ਨੇ ਜਿਵੇਂ ਸਿੰਮੀਕਹਿਣ ਤੇ ਜੋਰ ਦਿੱਤਾ ਹੋਵੇ ਤੇ ਜੀਤੇ ਵੀ। ਉਹਨੇ ਪਤਾ ਨਹੀਂ ਕਿਸ ਲਹਿਜੇ ਵਿੱਚ ਕਿਹਾ ਪਰ ਮੈਨੂੰ ਅੱਗ ਲੱਗ ਗਈ।

ਨਾ ਤੈਨੂੰ ਕਿੰਨੀ ਵਾਰ ਕਿਹਾ, ਮੇਰੇ ਘਰੇ ਫੋਨ ਨਾ ਕਰਿਆ ਕਰ।

ਨਾ ਮੈਨੂੰ ਤਾਂ ਤੂੰ ਕਦੇ ਨਹੀਂ ਕਿਹਾ, ਕਿਸੇ ਹੋਰ ਨੂੰ ਕਿਹਾ ਹੋਣਾ।ਛਿੰਦਾ ਉੱਚੀ ਉੱਚੀ ਹੱਸਣ ਲੱਗ ਪਿਆ। ਉਸਦੇ ਹਾਸੇ ਨੇ ਮੇਰਾ ਮੂਡ ਹੋਰ ਖਰਾਬ ਕਰ ਦਿੱਤਾ।

ਐਵੇਂ ਨਾ ਗੁੱਸਾ ਕਰਿਆ ਕਰ ਬਹੁਤਾ। ਤੈਨੂੰ ਬੰਦਾ ਕੁਬੰਦਾ ਪਰਖਣਾ ਨਹੀਂ ਆਉਂਦਾ। ਮੈਨੂੰ ਪਤਾ ਤੇਰੇ ਨਾਲ ਬਹੁਤ ਜਿਆਦਤੀ ਹੋਈ ਹੈ। ਪਰ ਉਹਦੇ ਵਿੱਚ ਤੇਰਾ ਆਪਣਾ ਵੀ ਤੇ ਕਸੂਰ ਹੈ? ਗੁੱਸਾ ਤੂੰ ਹਰ ਇੱਕ ਤੇ ਕੱਢੀ ਜਾਨਾ। ਸਿੰਮੀ ਤਾਂ ਮੇਰੀਆਂ ਭੈਣਾਂ ਵਾਂਗ ਹੈ। ਉਹ ਤਾਂ ਹਮੇਸ਼ਾ ਕਹਿੰਦੀ ਹੈ ਕਿ ਤੇਰਾ ਖਿਆਲ ਰੱਖਿਆ ਕਰਾਂ।ਛਿੰਦੇ ਨੇ ਗੱਲ ਲਮਕਾਉਂਦਿਆਂ ਕਿਹਾ।

ਹੈਨਰੀ ਅਜੇ ਵੀ ਦੂਰ ਹੀ ਸੀ। ਮੈਂ ਫੋਨ ਨਾਲ ਚਿੰਬੜਿਆ ਰਿਹਾ, “ਨਾ ਸਿੰਮੀ ਮੇਰਾ ਖਿਆਲ ਰੱਖਣ ਲਈ ਤੈਨੂੰ ਕਿਉਂ ਕਹੇਗੀ?” ਮੈਂ ਜਿਵੇਂ ਕਿਸੇ ਗੱਲ ਦੀ ਤਹਿ ਵਿੱਚ ਜਾਣਾ ਚਾਹੁੰਦਾ ਹੋਵਾਂ।

ਮੈਂ ਉਹਦਾ ਦਿਉਰ ਹਾਂ। ਮੈਨੂੰ ਨਹੀਂ ਕਹੇਗੀ ਉਹ? ਨਾਲੇ ਸਾਰੇ ਦਿਉਰ ਇੱਕੋ ਜਿਹੇ ਨਹੀਂ ਹੁੰਦੇ। ਉਹ ਛੱਡ ਅਰੂੜਿਆ, ਯੱਭਲਾ, ਤੇਰੇ ਤੇ ਤਾਂ ਤਰਸ ਆਉਂਦਾ ਹੈ। ਪੀਰੀ ਫਕੀਰੀ ਦੀ ਵੀ ਕੋਈ ਹੱਦ ਹੁੰਦੀ ਹੈ। ਸ਼ੁਦਾਈਆਂ ਵਾਂਗ ਨਹੀਂ ਰਹੀਦਾ। ਮਰਦ, ਬਣ ਮਰਦ। ਚੰਗਾ ਫੇਰ ਜੀਂਦਾ ਵਸਦਾ ਰਹਿ, ... ਫੇਰ ਸਈ ਕਦੇ।ਤੇ ਛਿੰਦੇ ਨੇ ਫੋਨ ਰੱਖ ਦਿੱਤਾ। ਮੇਰੇ ਹੱਥ ਵਿੱਚ ਫੜਿਆ ਫੋਨ ਲੰਬੀ ਹੂੰਗ ਦੇਣ ਲੱਗ ਪਿਆ। ਮੈਂ ਫੋਨ ਰੱਖਕੇ ਫੇਰ ਵਰਕ ਸਟੇਸ਼ਨ ਵੱਲ ਆ ਗਿਆ।

ਕੀ ਸਿੰਮੀ ਸੱਚਮੁੱਚ ਹੀ ਬਦਲ ਗਈ ਹੈ? ਇਹਦੀਆਂ ਕੀ ਲੋੜਾਂ ਸਨ? ਕੀ ਮੇਰੇ ਆਖੇ ਲੱਗਕੇ ਉਹਨੇ ਜੋ ਗਲਤੀ ਕੀਤੀ ਸੀ, ਉਹ ਗਲਤੀ ਉਸਦੀ ਜਰੂਰਤ ਬਣ ਗਈ? ਢੱਠੇ ਖੂਹ ਵਿੱਚ ਪਵੇ ਸਭ ਕੁਝ, ਜਦ ਇੱਥੇ ਰਹਿਣਾ ਹੀ ਨਹੀਂ। ਬੱਸ ਇੱਕ ਵਾਰੀ ਘਰਾਂ ਦੀਆਂ ਕੀਮਤਾਂ ਕੁੱਝ ਚੱਕ ਹੋ ਜਾਣ, ਬੱਸ ਕੈਨੇਡਾ ਵਾਲਾ ਮੇਲਾ ਖਤਮ। ਜਿੰਨੀ ਨਾਹਤੀ, ਉੰਨਾ ਪੁੰਨ। ਮੇਰਾ ਸਭ ਤੋਂ ਵੱਡਾ ਨੁੱਕਸ ਹੀ ਇਹੋ ਹੈ ਕਿ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਹਾਂ। ਪਹਿਲਾਂ ਬਾਪੂ ਦੇ ਆਖੇ ਲੱਗਕੇ ਘਰ ਪੱਟਿਆ ਤੇ ਹੁਣ ਇਹ ... ਕੀ ਲੋੜ ਸੀ ਮੈਨੂੰ ਸਿਰ ਫਸਾਉਣ ਦੀ?”

ਦੇਖ, ਫੈਕਟਰੀਆਂ ਫੂਕਟਰੀਆਂ ਵਿੱਚ ਕੁੱਝ ਨਹੀਂ ਪਿਆ। ਜੇ ਤੇ ਬਣਾਉਣੇ ਆਂ ਚਾਰ ਪੈਸੇ, ਤਾਂ ਘਰ ਖਰੀਦ ਲੈ। ਦਿਨੋਂ ਦਿਨ ਕੀਮਤਾਂ ਉੱਤੇ ਜਾ ਰਹੀਆਂ ਹਨ। ਸਾਲ ਬਾਦ ਦੇਖੀਂ, ਜੇ ਕੀਮਤਾਂ ਦੂਣੀਆਂ ਨਾ ਹੋ ਗਈਆਂ ਤਾਂ।

ਹੂੰ ... ਹੋ ਗਈਆਂ ਦੂਣੀਆਂ। ਆਪਣੀ ਕਮਿਸ਼ਨ ਵੱਟਕੇ ਅਗਲਾ ਰਾਹੇ ਪਿਆ। ਹੁਣ ਤਾਰਦਾ ਰਹੁ ਪੁੱਤ ਕਿਸ਼ਤਾਂ। ਕੀਮਤਾਂ ਤਾਂ ਪੌਣੀਆਂ ਵੀ ਨਹੀਂ ਰਹੀਆਂ। ਨਾ ਕੀਮਤਾਂ ਚੜ੍ਹਨ ਤੇ ਨਾ ਮੇਰੀ ਜਾਨ ਛੁੱਟੇ। ਇੱਕ ਤਾਂ ਇਹ ਸੈਕੰਡ ਮਾਰਗੇਜ ਨੇ ਲਹੂ ਪੀਤਾ ਹੋਇਆ। ਜਿੰਨਾ ਮਰਜ਼ੀ ਕੰਮ ਕਰੀ ਜਾਉ। ਸਭ ਕੁਝ ਡਕਾਰ ਹੋਈ ਜਾਂਦਾ। ਐਤਕੀਂ ਤਾਂ ਮਾਰਗੇਜ ਹੋਲਡ ਕਰਕੇ ਹੀ ਐਫ. ਡੀ. ਬਣੂ। ਵੈਸੇ ਕੰਮ ਕਾਰ ਤੋਂ ਮੈਂ ਨਹੀਂ ਡਰਦਾ ਪਰ ਜਿਹੜੀ ਕੜ੍ਹੀ ਹੁਸ਼ਿਆਰ ਨੇ ਘੋਲੀ ਆ, ਇਹਨੇ ਮੈਨੂੰ ਕੱਖੋਂ ਹੌਲੇ ਕਰ ਦਿੱਤਾ। ਇੱਜ਼ਤ ਵੀ ਸਾਲੀ ਕੋਈ ਚੀਜ਼ ਹੁੰਦੀ ਆ।

ਹੱਥ ਧੋਂਦਿਆਂ ਮੈਂ ਸੋਚਿਆ, ਅੱਛਾ ਤੇ ਅੱਜ ਦਿਵਾਲੀ ਆ ਕਾਹਦੀ ਦਿਵਾਲੀ ... ਦਿਵਾਲੀ ਤਾਂ ਰਹਿਗੀ ਇੰਡੀਆ। ਦਿਵਾਲੀ ਤਾਂ ਆਪ ਜਗਾਉਣੀ ਪੈਂਦੀ ਆ। ਇਹਨੇ ਆਪੇ ਤੇ ਨਹੀਂ ਜਗਮਗਾਉਣ ਲੱਗ ਪੈਣਾ। ਕਿੰਨਾ ਖੁਸ਼ ਸੀ ਮੈਂ, ਜਦੋਂ ਰਫਿਊਜੀ ਸਟੇਟਸ ਮਿਲਿਆ ਸੀ। ਸੋਚਿਆ ਸੀ, ਪੱਕਾ ਹੋਵਾਂਗਾ। ਜੇ ਨਾ ਵੀ ਹੋਇਆ ਤਾਂ ਚਾਰ ਪੈਸੇ ਤਾਂ ਪੱਲੇ ਹੋਣਗੇ। ਹੁਣ ਸੋਚਦਾ ਹਾਂ, ਜੇ ਮੇਰਾ ਕੇਸ ਰੀਜੈਕਟ ਹੋ ਗਿਆ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ। ਤਿੰਨਾਂ ਸਾਲਾਂ ਵਿੱਚ ਹੀ ਮੈਂ ਕਾਫੀ ਕੁੱਝ ਬਚਾ ਲਿਆ ਸੀ।

ਕੈਨੇਡਾ ਆਉਣ ਤੋਂ ਬਾਦ, ਕੈਨੇਡਾ ਆਉਣ ਤੋਂ ਪਹਿਲਾਂ ਤੇ ਇੱਥੇ ਰਹਿੰਦਿਆਂ ਮੈਂ ਕਈ ਬੁੱਤਾਂ ਨੂੰ ਮਿਲਿਆ ਹਾਂ। ਕਈ ਅਪਹੁੰਚ ਬੁੱਤਾਂ ਦੀ ਪੂਜਾ ਕਰਨ ਲਈ ਮੈਂ ਅੱਗੇ ਵਧਿਆ ਹਾਂ। ਬੜੇ ਹੀ ਹੁਸੀਨ ਬੁੱਤ ਸਨ। ਬਿਲਕੁਲ ਰੱਬ ਵਰਗੇ, ਕਿਸੇ ਬੇਹੱਦ ਖੂਬਸੂਰਤ ਕੁੜੀ ਵਰਗੇ। ਮਾਵਾਂ ਵਰਗੇ, ਬਾਪ ਵਰਗੇ। ਕਈਆਂ ਬੁੱਤਾਂ ਨੂੰ ਰੱਬ ਨੇ ਆਪ ਬਣਾਇਆ ਸੀ। ਕਈਆਂ ਨੂੰ ਦਿਮਾਗ ਦਿੱਤਾ ਸੀ ਰੁੜ੍ਹ ਜਾਣੇ ਰੱਬ ਨੇ। ਕਈਆਂ ਨੂੰ ਕਈ ਕੁਝ ਦੇਕੇ ਵੀ ਮੰਗਤੇ ਰਹਿਣ ਦੀ ਅਸੀਸ ਦਿੱਤੀ ਸੀ। ਸਰਾਪ ਨਹੀਂ, ਬਲਕਿ ਅਸੀਸ। ਸਰਾਪ ਤਾਂ ਉਹ ਹੁੰਦਾ ਹੈ ਜਿਸ ਤੋਂ ਆਦਮੀ ਦੁੱਖੀ ਹੋਵੇ। ਰੱਬ ਨੇ ਇਹ ਤਾਂ ਜ਼ਰੂਰ ਕਿਹਾ ਹੋਵੇਗਾ, ‘ਹੇ ਭਲੇਮਾਣਸ ਬੁੱਤੋ ...  ਮੈਂ ਤੁਹਾਨੂੰ ਸੋਹਣਾ ਤਾਂ ਬਣਾ ਦਿੱਤਾ ਹੈ, ਪਰ ਤੁਸੀਂ ਆਪਣੀ ਸਫਾਈ ਆਪ ਕਰਨੀ ਹੈ। ਮੇਰੇ ਕੋਲ ਇੰਨਾ ਟਾਈਮ ਨਹੀਂ ਹੈ। ਇਨ੍ਹਾਂ ਬੁੱਤਾਂ ਨੇ ਰੱਬ ਦੀ ਗੱਲ ਨਹੀਂ ਸੁਣੀ, ਮੇਰੀ ਕੀ ਸੁਣਨਗੇ? ਇਨ੍ਹਾਂ ਚੰਗੇ ਲਗਦੇ ਬੁੱਤਾਂ ਦੇ ਮੈਂ ਜਿਉਂ ਜਿਉਂ ਨੇੜੇ ਗਿਆ, ਅਫਸੋਸ ਨਾਲ ਪਾਣੀ ਪਾਣੀ ਹੋ ਗਿਆ। ਵਾਪਸ ਮੁੜਨਾ ਚਾਹਿਆ ... ਪਰ ਵਾਪਸ ਮੁੜਕੇ ਕਿੱਥੇ ਜਾਵੋਗੇ? ਕਿਸੇ ਹੋਰ ਬੁੱਤ ਦੀ ਤਲਾਸ਼ ਵਿੱਚ ...

ਪੱਕੇ ਹੋਕੇ ਮੈਂ ਪਿੰਡ ਗਿਆ ਸੀ। ਆਪਣੇ ਮੱਕੇ ਦੇ ਲੋਕਾਂ ਵਿੱਚ ... ਹੁਸ਼ਿਆਰ ਸਿੰਘ ਦਿੱਲੀ ਆਇਆ। ਮੇਰੇ ਗਲ਼ ਵਿਚ ਸਿਹਰੇ ਪਾਕੇ ਸੁਆਗਤ ਕੀਤਾ ਗਿਆ ਜਿਵੇਂ ਮੈਂ ਮਾਊਂਟ ਐਵਰੈਸਟ ਤੋਂ ਉੱਤਰਿਆ ਹੋਵਾਂ। ਮੈਨੂੰ ਉਦੋਂ ਕੀ ਪਤਾ ਸੀ, ਇੱਕ ਦਿਨ ਇਹਦੇ ਕਰਕੇ ਮੇਰੇ ਹੱਥਕੜੀ ਵੀ ਲੱਗੇਗੀ। ਸਿੰਮੀ ਨਾਲ ਵਿਆਹ ਹੋ ਗਿਆ। ਮੈਂ ਖੁਸ਼ ਸਾਂ। ਮੇਰੇ ਮਾਂ-ਬਾਪ ਖੁਸ਼ ਸਨ। ਪੰਦਰਾਂ ਸਾਲ ਛੋਟੀ ਸਿੰਮੀ ਵੀ ਖੁਸ਼ ਸੀ। ਲੱਗਦੀ ਤਾਂ ਸੀ ਪਰ ਪਤਾ ਨਹੀਂ, ਸ਼ਾਇਦ ਆਪਣੇ ਮਾਂ-ਬਾਪ ਦੀ ਖੁਸ਼ੀ ਵਿੱਚ ਹੀ ਖੁਸ਼ ਹੋਵੇ। ਸਿੰਮੀ ਦੇ ਮਾਪੇ ਸਾਡੇ ਸਾਰਿਆਂ ਤੋਂ ਵਾਰੇ ਵਾਰੇ ਜਾਂਦੇ ਸਨ।

ਤੁਰਨ ਤੋਂ ਪਹਿਲਾਂ ਮੇਰੇ ਹਿੱਸੇ ਦੀਆਂ ਚਾਬੀਆਂ ਮੇਰੇ ਬਾਪ ਨੇ ਮੇਰੀ ਝੋਲੀ ਪਾ ਦਿੱਤੀਆਂ। ਚਾਬੀਆਂ ਦਾ ਭਾਰ ਨਹੀਂ ਸੀ, ਇਹ ਤਾਂ ਫੁੱਲ ਸਨ। ਇਨ੍ਹਾਂ ਵਿੱਚੋਂ ਸੁਗੰਧ ਆ ਰਹੀ ਸੀ। ਇਹ ਸੁਗੰਧ ਸਿਰਫ ਮੇਰੇ ਵਤਨ ਦੀ ਸੀ, ਮੇਰੀ ਮਿੱਟੀ ਦੀ। ਪਰ ਉਦੋਂ ਮੈਨੂੰ ਕੀ ਪਤਾ ਸੀ ਇਹ ਫੁੱਲ ਸੱਜਰੇ ਨਹੀਂ ਸਨ। ਇਹ ਤਾਂ ਲੋਹੇ ਦੀਆਂ ਚਾਬੀਆਂ ਸਨ, ਜਿਨ੍ਹਾਂ ਨਾਲ ਇਨ੍ਹਾਂ ਚਾਬੀ ਦੇਣ ਵਾਲੇ ਦਿਮਾਗਾਂ ਨੇ ਕਈ ਜੰਦਰੇ ਖੋਲ੍ਹਣੇ ਸਨ। ਮੈਂ ਉਹ ਚਾਬੀਆਂ ਦਾ ਗੁੱਛਾ ਹੁਸ਼ਿਆਰ ਨੂੰ ਫੜਾ ਦਿੱਤਾ। ਅੱਜ ਮੈਂ ਹੁਣ ਸੋਚਦਾ ਹਾਂ, ਹੁਸ਼ਿਆਰ ਨੂੰ ਮੇਰਾ ਜਿੰਦਰਾ ਆਪ ਨਹੀਂ ਖੋਲ੍ਹਣਾ ਚਾਹੀਦਾ ਸੀ। ਹੁਣ ਜਦ ਵੀ ਹੁਸ਼ਿਆਰ ਦੀਆਂ ਅੱਖਾਂ ਬਾਰੇ ਸੋਚਦਾ ਹਾਂ ਤਾਂ ਲਗਦਾ ਹੈ ਕਿ ਜੇ ਮੈਂ ਚਾਬੀਆਂ ਨਾ ਵੀ ਦੇਂਦਾ ਤਾਂ ਵੀ ਇਹਨੇ ਖਿੜਕੀ ਦਰਵਾਜ਼ੇ ਤੋੜ ਹੀ ਦੇਣੇ ਸਨ। ਉਹ ਤਾਂ ਸ਼ੁਰੂ ਤੋਂ ਹੀ ਅੱਥਰਾ ਹੈ। ਮਾਂ ਦਾ ਛਿੰਦਾ। ... ਚਲੋ, ਚੰਗਾ ਹੀ ਹੋਇਆ ਇਹਨੇ ਮੇਰੀਆਂ ਚਾਬੀਆਂ ਨਾਲ ਹੀ ਦਰਵਾਜ਼ਾ ਖੋਲ੍ਹਿਆ। ਘੜੀ ਪਲ ਆਰਾਮ ਕੀਤਾ। ਜਦ ਆਪਣਾ ਘਰ ਬਣ ਗਿਆ ਤਾਂ ਮੇਰੀ ਚਾਬੀ ਮੈਨੂੰ ਵਾਪਸ ਕਰ ਦਿੱਤੀ।

ਦੱਸ ਵੱਜ ਚੁੱਕੇ ਸਨ। ਕਾਰਡ ਪੰਚ ਕਰਕੇ ਮੈਂ ਕਾਰ ਸਟਾਰਟ ਕੀਤੀ। ਇੰਜਣ ਵਿੱਚੋਂ ਕੋਈ ਅਜੀਬ ਜਿਹੀ ਅਵਾਜ਼ ਆ ਰਹੀ ਸੀ। ਇਸ ਕਾਰ ਨੇ ਵੀ ਕਿਸੇ ਦਿਨ ਖੜ੍ਹ ਜਾਣਾ ਹੈ। ਮੈਨੂੰ ਚਿੰਤਾ ਹੋਈ। ਬਸ ਪਰਸਿੰਨੀਏ ਦੋ ਚਾਰ ਮਹੀਨੇ ਕੱਢ ਦੇ। ਐਵੇਂ ਨਾ ਬੇਵਫਾਈ ਕਰੀਂ ਤੂੰ ਵੀ। ਪਰਸਿੰਨੀ ਤੁਰਦੀ ਤੁਰਦੀ ਪਹਿਲਾਂ ਘੁੱਟੀ ਵੱਟੀ ਜਿਹੀ ਰਹਿੰਦੀ ਹੈ, ਫੇਰ ਦੋ ਕੁ ਕਿਲੋਮੀਟਰ ਤੁਰਕੇ ਇਹਦਾ ਸਰੀਰ ਖੁੱਲ੍ਹਦਾ। ਫੇਰ ਨਹੀਂ ਇਹ ਕਿਸੇ ਨੂੰ ਲਾਗੇ ਲੱਗਣ ਦੇਂਦੀ। ਕਦੇ ਕਦੇ ਤਾਂ ਬਰੇਕ ਦੇ ਆਖੇ ਵੀ ਨਹੀਂ ਲਗਦੀ। ਇਸਦਾ ਇੱਕ ਫਾਇਦਾ ਇਹ ਵੀ ਹੈ ਇਹਦੇ ਹੁੰਦਿਆਂ ਗੈਸ ਸਟੇਸ਼ਨ ਨਹੀਂ ਢੂੰਡਣਾ ਪੈਂਦਾ। ਗੈਸ ਸਟੇਸ਼ਨ ਵੇਖਕੇ ਤਾਂ ਇਹ ਆਪ ਹੀ ਉੱਧਰ ਨੂੰ ਤੁਰ ਪੈਂਦੀ ਹੈ, ਜਿਵੇਂ ਵਰ੍ਹਿਆਂ ਦੀ ਪਿਆਸੀ ਹੋਵੇ। ਪਿਆਸ ਤਾਂ ਕੋਈ ਵੀ ਹੋਵੇ, ਮੇਰੀ ਪ੍ਰਸਿੰਨੀ ਵਰਗੀ ਹੀ ਹੋਣੀ ਚਾਹੀਦੀ ਹੈ। ਜਿਵੇਂ ਮੇਰੀ ਪਿਆਸ ਮੇਰੀ ਮਿੱਟੀ ਹੈ। ਪੰਜਾਬ ਦੀ ਮਿੱਟੀ ... ਪ੍ਰਣਾਮ ...।

ਘਰ ਪਹੁੰਚਿਆ ਤਾਂ ਸਿੰਮੀ ਮੇਰਾ ਇੰਤਜ਼ਾਰ ਕਰ ਰਹੀ ਸੀ। ਉਸਨੇ ਅੱਗੇ ਵਧਕੇ ਮੇਰਾ ਬੈਗ ਫੜਿਆ। ਟੈਲੀਵੀਯਨ ਚੱਲ ਰਿਹਾ ਸੀ। ਨਿਆਣੇਂ ਦੋਵੇਂ ਸੁੱਤੇ ਪਏ ਸਨ। ਸ਼ਾਂਤ ਵਾਤਾਵਰਣ ਵਿਚ ਮੇਰੇ ਦਿਲ ਵਿਚ ਕਾਹਲੀ ਜਿਹੀ ਪਈ, ਇਕ ਖੋਹ ਜਿਹੀ ਰੂਹ ਖੋਰਨ ਵਾਲੀ, ਜਿਵੇਂ ਮੇਰੇ ਵਯੂਦ ਦੀ ਲੋੜ ਉਸ ਤੰਦ ਨਾਲ ਜੁੜੀ ਹੋਈ ਹੋਵੇ। ਜਿਵੇਂ ਤਿੜਕੇ ਰਿਸ਼ਤਿਆਂ ਦੀ ਗਰਾਮਰ ਨੇ ਕੋਈ ਮੇਰੇ ਲਈ ਉਦਾਸ ਗੀਤ ਲਿਖਣਾ ਹੋਵੇ। ਜੋ ਸਿਰਫ ਮੇਰਾ ਹੋਵੇ। ਮੈਂ ਉਸ ਗੀਤ ਵਿੱਚੋਂ ਬਲਦੀ ਅੱਗ ਦਾ ਸੇਕ ਅਪਣਾ ਕੇ ਆਪਣੀ ਹੋਂਦ ਨੂੰ ਕੋਈ ਆਕਾਰ ਦੇਣਾ ਚਾਹੁੰਦਾ ਹਾਂ। ਮੈਂ ਵੀ ਹਾਂ। ਮੇਰੀ ਤਾਂ ਸਿਰਫ ਇਹੋ ਤਲਾਸ਼ ਹੈ। ਅੱਜ ਸਿੰਮੀ ਨੂੰ ਪੁੱਛਦਾ ਹਾਂ। ਸੱਚ ਸੱਚ ਦੱਸ। ਤੈਨੂੰ ਮੇਰੀ ਸੋਂਹ ਲੱਗੇ ...

ਕੀ ਦੱਸਾਂ? ...

ਤੈਨੂੰ ਪਤਾ ਹੀ ਹੈ ...ਮੇਰਾ ਰੋਣਾ ਨਿੱਕਲ ਗਿਆ।

ਤੁਸੀਂ ਤਾਂ ਐਵੇਂ ਕਮਲੇ ਹੋ ਗਏ ਹੋ। ਜੋ ਹੋ ਗਿਆ, ਸੋ ਹੋ ਗਿਆ ... ਮਿੱਟੀ ਪਾਉ। ... ਰੋਜ਼ ਦਿਹਾੜੀ ਇੱਕੋ ਗੱਲ ... ਨਾਲੇ ਆਪ ਦੁਖੀ ਹੁੰਦੇ ਹੋ ਤੇ ਨਾਲ ਮੈਨੂੰ ਦੁਖੀ ਕਰਦੇ ਹੋ।

ਤੁਸੀਂ ਨਹਾ ਲੈਣਾ ਸੀ।ਸਿੰਮੀ ਤੌਲੀਆ ਲੈਕੇ ਦਰਵਾਜ਼ੇ ਵਿਚ ਖੜ੍ਹੀ ਸੀ। ਮੈਂ ਭੁੱਚਕਾ ਜਿਹਾ ਰਹਿ ਗਿਆ। ਮੈਨੂੰ ਖੁਸ਼ੀ ਵੀ ਹੋਈ। ਅੱਜ ਅਜੇ ਤੱਕ ਮੈਂ ਕੁਝ ਵੀ ਨਹੀਂ ਸੀ ਪੁੱਛਿਆ।

ਚੱਲ ਇਕ ਵਾਰ ਦੱਸਦੇ, ਮੁੜਕੇ ਨਹੀਂ ਪੁੱਛਦਾ। ਦੱਸੀਂ ਰੀਣ ਰੀਣ ਗੱਲ ... ਮੈਂ ਤੈਨੂੰ ਕੁਝ ਨਹੀਂ ਕਹਿੰਦਾ।ਮੈਂ ਫੇਰ ਉਹੋ ਰਾਗ ਅਲਾਪ ਲਿਆ।

ਸਿੰਮੀ ਨੇ ਮੇਰੀਆਂ ਅੱਖਾਂ ਵਿਚ ਅੱਖਾਂ ਪਾਕੇ ਮੇਰੇ ਮੱਥੇ ਨੂੰ ਚੁੰਮਿਆ ਤੇ ਉਹਦੇ ਮੂੰਹ ਤੇ ਅੱਥਰੂਆਂ ਨੇ ਝੜੀ ਲਾ ਦਿੱਤੀ।

ਜਾ, ਮੂੰਹ ਧੋ ਕੇ ਆ।ਮੈਂ ਉਸਨੂੰ ਕਿਹਾ। ਜਦੋਂ ਉਹ ਚਲੇ ਗਈ ਤਾਂ ਮੈਂ ਸੋਚਣ ਲੱਗਾ, ਮੇਰੀ ਸਮੱਸਿਆ ਕੀ ਹੈ? ਮੈਂ ਕਿਉਂ ਇਹਨੂੰ ਤੰਗ ਕਰਦਾ ਹਾਂ, ਜਦ ਕਿ ਸਾਰਾ ਕੁਝ ਕੀਤਾ ਕਰਾਇਆ ਮੇਰਾ ਹੀ ਹੈ। ਨਹੀਂ ਜੋ ਹੋ ਗਿਆ ਸੋ ਹੋ ਗਿਆ, ਲੋਕੀਂ ਗੱਲਾਂ ਕਰਦੇ ਹਨ ਤਾਂ ਕਰੀ ਜਾਣ। ਲੋਕਾਂ ਨੇ ਤਾਂ ਸੀਤਾ ’ਤੇ ਵੀ ਦੋਸ਼ ਲਾਏ ਸੀ ... ਪਰ ਸਿੰਮੀ ਤੇ ਸੀਤਾ ਨਹੀਂ।ਮੇਰਾ ਖੂਨ ਫੇਰ ਉਬਾਲੇ ਖਾਣ ਲੱਗਾ। ਸਾਡੇ ਲਈ ਤਾਂ ਇਹੋ ਚੰਗਾ, ਕੈਨੇਡਾ ਛੱਡਕੇ ਇੰਡੀਆ ਚਲੇ ਜਾਈਏ। ਚੰਗੀ ਭਲੀ ਸਰਦਾਰੀ ਦਿਸਦੀ ਸੀ ਸਾਮ੍ਹਣੇ। ਆਹ ਸਾਲਾ ਘਰ ਵਾਲੇ ਪੰਗੇ ਨੇ ਸਾਰਾ ਖੇਲ ਹੀ ਵਿਗਾੜ ਦਿੱਤਾ। ਇਹੋ ਜੇ ਇੰਡੀਆ ਕੁਝ ਖਰੀਦਿਆ ਹੁੰਦਾ, ਹੁਣ ਨੂੰ ਦੂਣਾ ਤੀਣਾ ਹੋ ਜਾਣਾ ਸੀ। ਘਰ ਦਾ ਖਿਆਲ ਆਉਂਦਿਆਂ ਹੀ ਮੇਰਾ ਦਿਲ ਬਕਬਕਾ ਹੋ ਗਿਆ। ਲਿਵਿੰਗ ਰੂਮ, ਫੈਮਿਲੀ ਰੂਮ ਨੂੰ ਜਾਂਦੀਆਂ ਘੁੰਮਵੀਆਂ ਪੌੜੀਆਂ ਮੈਨੂੰ ਜ਼ਹਿਰ ਦਿਸਣ ਲੱਗੀਆਂ। ਮੈਂ ਇਨ੍ਹਾਂ ਪੌੜੀਆਂ ਤੇ ਬਹੁਤ ਘੱਟ ਚੜ੍ਹਦਾ ਸੀ। ਜਿੰਨਾ ਲਹੂ ਇਸ ਡਬਲ ਗੈਰਾਜ ਘਰ ਨੇ ਮੇਰਾ ਪੀਤਾ ਸੀ, ਉੰਨਾ ਲਹੂ ਤਾਂ ਹੁਸ਼ਿਆਰ ਨੇ ਵੀ ...

ਹੁਸ਼ਿਆਰ ਦਾ ਚੇਤਾ ਆਉਂਦਿਆਂ ਹੀ ਮੈਨੂੰ ਫੇਰ ਕਾਹਲੀ ਪੈਣ ਲੱਗੀਸਿੰਮੀ ਵਾਸ਼ ਰੂਮ ਵਿੱਚੋਂ ਵਾਪਸ ਆ ਗਈ ਸੀ।

ਬੋਲੀ, “ਜੀ, ਮੈਂ ਅੱਜ ਨਿੰਦੀ ਦੇ ਸਕੂਲ ਗਈ ਸੀ। ਇਸਦੇ ਟੀਚਰ ਨੇ ਸੱਦਿਆ ਸੀ। ਕਹਿੰਦਾ ਤੁਹਾਡਾ ਨਿੰਦੀ ਬਹੁਤ ਤੇਜ਼ ਹੈ। ਮੈਥ ’ਚੋਂ ਤਾਂ ਇਸਦਾ ਗਰੇਡ ਏ-ਪਲੱਸ ਹੈ। ਬਾਕੀ ਸਬਜੈਕਟਾਂ ਵਿੱਚੋਂ ਵੀ ਸਾਰੀ ਕਲਾਸ ਨਾਲੋਂ ਅੱਗੇ ਹੈ। ਸਕੂਲ ਨੂੰ ਐਸੇ ਬੱਚਿਆਂ ’ਤੇ ਮਾਣ ਹੈ। ਐਤਕੀਂ ਦਿਵਾਲੀ ਅਸੈਂਬਲੀ ਤੇ ਇਹਨੂੰ ਰਾਮ ਬਣਾਇਆ ਸੀ।

ਤੂੰ ਐਵੇਂ ਨਾ ਉਨ੍ਹਾਂ ਦੀਆਂ ਗੱਲਾਂ ਸੁਣਿਆ ਕਰ। ਮੈਂ ਜਾਣਦਾ ਇਨ੍ਹਾਂ ਗੋਰਿਆਂ ਨੂੰ। ਇਹ ਦਿਲੋਂ ਸਾਨੂੰ ਨਫਰਤ ਕਰਦੇ ਹਨ। ਬਸ ਮੂੰਹ ਦੇ ਹੀ ਮਿੱਠੇ ਹਨ। ਨਾਲੇ ਆਪਾਂ ਕਿਹੜਾ ਇੱਥੇ ਰਹਿਣਾ। ਪੜ੍ਹਾਈ ਪੜ੍ਹੂਈ ਤੇ ਤਾਂ ਦੇਖੀਏ ਜੇ ਆਪਾਂ ਇਨ੍ਹਾਂ ਤੋਂ ਨੌਕਰੀ ਕਰਾਉਣੀ ਹੋਵੇ। ਇੰਡੀਆ ਲੈ ਜਾਣਾ, ਉੱਥੇ ਬੁੱਲੇ ਲੁੱਟਣਗੇ। ਵੈਸੇ ਨਿੰਦੀ ਹੈ ਕਿੰਨਵੇਂ ਗਰੇਡ ’ ?” ਮੈਂ ਸਿੰਮੀ ਨੂੰ ਪੁੱਛਿਆ।

"ਨਾਲੇ ਤੂੰ ਐਮ.ਏ. ਕਰਕੇ ਕਿਹੜਾ ਪਹਾੜ ਢਾਅ ਲਿਆ।ਮੈਂ ਸਿੰਮੀ ਦੇ ਬੋਲਣ ਤੋਂ ਪਹਿਲਾਂ ਹੀ ਫੇਰ ਬੋਲ ਪਿਆ।

ਸਿੰਮੀ ਮੁਸਕਰਾ ਪਈ। ਉਸਦੀ ਮੁਸਕਰਾਹਟ ਨੇ ਮੇਰਾ ਦਿਲ ਫੇਰ ਕਾਹਲਾ ਕਰ ਦਿੱਤਾ। ਇਹਨੂੰ ਪੁੱਛਾਂ ... ਫੇਰ ਸੋਚਿਆ ਕਾਹਨੂੰ ਦਿਵਾਲੀ ਵਾਲੀ ਰਾਤ ਦੀ ਜੜ੍ਹ ਪੁੱਟਣੀ ਹੈ। ਇਹਨੇ ਦੱਸਣਾ ਤਾਂ ਹੈ ਨਹੀਂ। ਐਵੇਂ ਗੋਲਮੋਲ ਗੱਲ ਕਰਕੇ ਪੋਚਾ ਪਾਉਣਾ ਹੈ।

ਅੱਛਾ, ਤੂੰ ਤੇ ਪੜ੍ਹੀ ਲਿਖੀ ਹੈਂ। ਪੰਜਾਬ ਚ ਚੰਗਾ ਸਕੂਲ ਕਿਹੜਾ ਐ, ਜਿੱਥੇ ਆਪਾਂ ਨਿਆਣਿਆਂ ਨੂੰ ਦਾਖਲ ਕਰਾਉਣਾ? ਪੈਸੇ ਧੇਲੇ ਦਾ ਫਿਕਰ ਨਾ ਕਰ। ਬਸ ਆਹ ਮਕਾਨ ਦਾ ਫਸਤਾ ਜਿਹਾ ਵੱਢ ਲੈਣ ਦੇ। ਜਿੰਨੇ ਮਰਜ਼ੀ ਪੈਸੇ ਲੱਗ ਜਾਣ। ਕੀ ਕਹਿੰਦੀ ਹੁੰਦੀ ਏਂ ਤੂੰ ... ਡੁਨੇਸ਼ਨ।

ਸਿੰਮੀ ਨੇ ਮੇਰੇ ਚਿਹਰੇ ਵੱਲ ਨੀਝ ਨਾਲ ਦੇਖਿਆ ਤੇ ਬੋਲੀ, “ਇੱਥੇ ਪੜਾਈ ਫਰੀ, ਕੰਮ ਕਰਾਉਣ ਲਈ ਕੋਈ ਵੱਢੀ ਨਹੀਂ। ਸਾਫ ਸੁਥਰੀਆਂ ਸੜਕਾਂ, ਕੋਈ ਊਚ ਨੀਚ ਨਹੀਂ। ਤੁਹਾਡੇ ਘਰਦੇ ਇੱਥੇ, ਮੇਰਾ ਪਰਿਵਾਰ ਇੱਥੇ, ਮੇਰੀਆਂ ਭੈਣਾਂ ਇੱਥੇ, ਫੇਰ

ਤੈਨੂੰ ਕਿੰਨੀ ਵਾਰ ਕਿਹਾ, ਇਸ ਗੱਲ ਦੀ ਬਹਿਸ ਨਹੀਂ। ਤੈਨੂੰ ਇਕ ਵਾਰ ਕਹਿ ਦਿੱਤਾ, ਬਸ ਕਹਿ ਦਿੱਤਾ। ਸਾਫ ਸੁਥਰੀਆਂ ਸੜਕਾਂ ਨੂੰ ਸਿਰ ਚ ਮਾਰਨਾ, ਜਦ ਬੰਦੇ ਹੀ ਚੱਜ ਦੇ ਨਹੀਂ। ਇੰਡੀਆ ਆਪਣੀ ਸਰਦਾਰੀ। ਇੱਥੇ ਸਾਲੇ ਟਕੇ ਟਕੇ ਦੇ ਗੋਰੇ, ਮੈਨੂੰ ਸੀਰੀ ਸਮਝਦੇ ਆ। ਨਾ ਤੈਨੂੰ ਚੇਤਾ ਭੁੱਲ ਗਿਆ ਜਦੋਂ ਆਪਣੇ ਨਿੰਦੀ ਹੋਇਆ ਸੀ?

ਤੁਸੀਂ ਤਾਂ ਹਰ ਗੱਲ ਨੂੰ ਆਪਣੀ ਤੱਕੜੀ ਚ ਤੋਲਦੇ ਹੋ। ਉਸ ਗੱਲ ਨੂੰ ਅਜੇ ਤੱਕ ਪੱਲੇ ਬੰਨ੍ਹੀ ਫਿਰਦੇ ਹੋ। ਕੀ ਪਤਾ ਉਹ, ਕੀ ਨਾਂ ਸੀ ਉਹਦਾ?”

ਮਾਈਕ।ਮੈਂ ਯਾਦ ਕਰਾਇਆ।

ਹਾਂ ਮਾਈਕ, ਕੀ ਪਤਾ ਉਹ ਢਾਢਾ ਹੀ ਚੰਗਾ ਹੋਵੇ। ਹਰ ਇੱਕ ਦੀ ਖੁਸ਼ੀ ’ਚੋਂ ਲੁਤਫ ਲੈਂਦਾ ਹੋਵੇ।ਸਿੰਮੀ ਨੇ ਫੇਰ ਪੰਗਾ ਲੈ ਲਿਆ।

ਨਾ ਲੋਕੀਂ ਤੇ ਮੈਨੂੰ ਪਾਗਲ ਕਹਿੰਦੇ ਹੀ ਹਨ, ਸਮਝਦੇ ਹੀ ਹਨ, ਹੁਣ ਤੂੰ ਵੀ!

ਇਹ ਗੱਲ 1992 ਦੀ ਦਿਵਾਲੀ ਤੋਂ ਵੀ ਸੱਤ ਸਾਲ ਪਹਿਲਾਂ ਦੀ ਹੈ ਜਦੋਂ ਮੇਰੇ ਕਾਕਾ ਹੋਇਆ ਸੀ। ਸਵੇਰ ਦੇ ਸਾਢੇ ਅੱਠ ਵੱਜੇ ਸਨ। ਜਦੋਂ ਨਰਸ ਨੇ ਵਧਾਈ ਦੇਂਦਿਆਂ ਕਿਹਾ ਸੀ, "ਮਿਸਟਰ ਅਰੂੜ ਸਿੰਘ, ਯੂ ਹੈਵ ਏ ਬੇਬੀ ਬੁਆਏ।

ਨਾ ਹੁਣ ਤੁਸੀਂ ਆਪ ਦੱਸੋ, ਜਿਹੜਾ ਬੰਦਾ ਦਸ ਸਾਲ ਪਹਿਲਾਂ ਦੀ ਗੱਲ ਚਿੱਟੇ ਦਿਨ ਵਾਂਗ ਰੀਣ ਰੀਣ ਦੱਸ ਸਕਦਾ ਹੈ ਤੇ ਫੇਰ ਦੱਸਦਾ ਦੱਸਦਾ ਉਸਤੋਂ ਵੀ ਸੱਤ ਸਾਲ ਪਹਿਲਾਂ ਦੀ ਗੱਲ ਯਾਦ ਰੱਖ ਸਕਦਾ ਹੈ, ਉਹ ਕਮਲਾ ਕਿਵੇਂ ਹੋ ਗਿਆ? ਅਸਲ ਵਿਚ ਕਸੂਰ ਤੁਹਾਡਾ ਵੀ ਨਹੀਂ ਤੇ ਮੇਰਾ ਵੀ ਨਹੀਂ। ਕਸੂਰ ਕੀਹਦਾ ਹੈ? ਇਸਦਾ ਫੈਸਲਾ ਆਪਾਂ ਵਕਤ ਤੇ ਨਹੀਂ ਛੱਡਣਾ, ਅੱਜ ਹੀ ਮੁਕਾ ਦੇਣਾ ਹੈ। ਮੈਨੂੰ ਵੀ ਚਾਨਣ ਹੋ ਜੂ ਕਿ ਤੁਸੀਂ ਮੇਰੇ ਵੱਲ ਦੇ ਹੋ ਜਾਂ ਕੀਹਦੇ ਵੱਲ ਦੇ। ਤੁਹਾਡੇ ਵਿਚ ਮੈਂ ਬੈਠਾ ਹਾਂ ਜਾਂ ਮੇਰੇ ’ਚ ਤੁਸੀਂ ਬੈਠਕੇ ਮੇਰੇ ਤੋਂ ਐਵੇਂ ਗਲਤ ਕੰਮ ਕਰਾਈ ਜਾਂਦੇ ਹੋ। ਭਾਜੀ, ਕਿਸੇ ਤੇ ਭਰੋਸਾ ਕਰ ਲੈਣਾ ਬੇਵਕੂਫੀ ਤੇ ਨਹੀਂ। ਭਰੋਸੇ ਤੇ ਦੁਨੀਆਂ ਕੈਮ ਹੈ। ਵਿਸ਼ਵਾਸ਼ ’ਚ ਲੈਕੇ ਕਿਸੇ ਦੇ ਪੈਸੇ ਖਾ ਜਾਣੇ। ਕਿਸੇ ਦੀ ਬਣੀ ਬਣਾਈ ਚੀਜ਼ ਨੱਪ ਲੈਣੀ। ਕਿਸੇ ਦੀ ਜਨਾਨੀ ਖੋਹ ਲੈਣੀ। ਇਹਨੂੰ ਤੁਸੀਂ ਸਿਆਣਪ ਕਹੋਗੇ? ਕਹੀ ਜਾਓ, ਮੈਂ ਤੋ ਨਾ ਮਾਨੂੰ। ਇਹ ਸਮਾਰਟੀ ਕਿੱਦਾਂ ਹੋ ਗਈ? ਮੈਨੂੰ ਤੁਸੀਂ ਉਦੋਂ ਨਾ ਡੱਕਿਆ। ਨਾ ਜੇ ਤੁਸੀਂ ਮੇਰੇ ਯਾਰ ਸੀ ... ਡੱਕਦੇ ਉਦੋਂ। ਕਹਿੰਦੇ, ਭਾਈ ਬਾਕੀ ਸਭ ਠੀਕ ਹੈ ਪਰ ਵੀਰ ਮੇਰੇ ਆਹ ਕੰਮ ਨਾ ਕਰ, ਸਿੰਮੀ ਵਾਲਾ। ਹੁਣ ਐਵੇਂ ਸੱਪ ਦੀ ਲਕੀਰ ਪਿੱਟੀ ਜਾਂਦੇ ਹੋ। ਮੈਨੂੰ ਬੀਤਿਆ ਭੁੱਲਣ ਵੀ ਨਹੀਂ ਦੇਂਦੇ।

ਸੱਪ ਤੋਂ ਮੈਨੂੰ ਯਾਦ ਆਇਆ, "ਸਿੰਮੀ, ਤੂੰ ਕੀ ਕਹਿੰਦੀ ਹੁੰਦੀ ਸੀ, ਮੈਂ ਸਵੇਰੇ ਸਵੇਰੇ ਪਜਾਮਾ ਇੰਝ ਲਾਉਂਦਾ ਹਾਂ ਜਿਵੇਂ ਸੱਪ ਕੁੰਜ ਲਾਉਂਦਾ ਹੈ।ਸਿੰਮੀ ਹੱਸ ਪਈ। ਉਹਨੇ ਆਪਣੀਆਂ ਬਾਹਵਾਂ ਮੇਰੇ ਗਲੇ ਦੁਆਲੇ ਲਪੇਟ ਦਿੱਤੀਆਂ। ਇੱਕ ਹੱਥ ਨਾਲ ਆਪਣੀ ਗੁੱਤ ਫੜਕੇ ਮੇਰੇ ਸਿਰ ਤੇ ਰੱਖ ਦਿੱਤੀ ਤੇ ਕਹਿੰਦੀ, “ਕਹਿੰਦੀ ਹੁੰਦੀ ਸੀ ਪਰ ਹੁਣ ਤੇ ਨਹੀਂ ਕਹਿੰਦੀ।ਮੇਰਾ ਦਿਲ ਭਰ ਆਇਆ।

ਸਿੰਮੀ ਮੈਂ ਆਪਣੀ ਕੁੰਜ ਚ ਦੁਬਾਰਾ ਨਹੀਂ ਵੜ ਸਕਦਾ?” ਦਿਲ ਕਰੇ ਸਿੰਮੀ ਨੂੰ ਆਪਣੇ ਦਿਲ ਦੀ ਕਿਸੇ ਹਨੇਰੀ ਨੁੱਕਰੇ ਲੁਕਾ ਲਵਾਂ।

ਜੀ, ਇੱਕ ਗੱਲ ਕਹਾਂ?”

ਬੋਲ।ਮੈਂ ਕਿਹਾ।

ਜੀ, ਤੁਸੀਂ ਬਹੁਤ ਹੀ ਚੰਗੇ ਹੋ, ਸਿਆਣੇ ਹੋ, ਰੱਬ ਦੇ ਬੰਦੇ ਹੋ।

ਆਹੋ, ਚੰਗਾ ਤਾਂ ਆਪੇ ਲੱਗਣਾ। ਜਦ ਵਾਹ ਹੀ ਜੱਟ ਨਾਲ ਪੈ ਗਿਆ। ਮੇਰੇ ਵਾਂਗ ਪੀਲੂ ਵੀ ਸਿਆਣਾ ਸੀ। ਅਖੇ ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ, ਹੱਸ ਹੱਸ ਲਾਉਂਦੀਆਂ ਯਾਰੀਆਂ ਰੋ ਰੋ ਦੇਵਣ ਦੱਸ। ਸਿੰਮੀ ਇਹ ਗੱਲ ਮੇਰੀ ਸਮਝ ’ਚ ਹੁਣ ਆਈ ਹੈ। ਜਿਹੜਾ ਜਿੰਨੀ ਛੇਤੀ ਰੋ ਪਵੇ, ਉੰਨਾ ਹੀ ਸਿਆਣਾ ਤੇ ਜਿਹਨੇ ਮੇਰੇ ਵਰਗੇ ਨੇ ਕੁੱਟ ਖਾ ਕੇ ਰੋਣਾ ਹੈ, ਪੱਗ ਲੁਹਾ ਕੇ ਰੋਣਾ ਹੈ, ਉਹਨੂੰ ਲੋਕੀਂ ਸਿਆਣਾ ਨਹੀਂ ਕਹਿੰਦੇ। ਹੁਣ ਤੇਰੇ ਸਾਹਮਣੇ ਹੀ ਹੈ, ਜਣਾ ਖਣਾ ਮੈਨੂੰ ਟਿੱਚਰਾਂ ਕਰਦਾ।

ਪਰ ਲੋਕ ਤਾਂ ਐਵੇਂ ਧੂੰ ’ਚੋਂ ਅੱਗ ਕੱਢਦੇ ਹਨ। ਨਾ ਬੰਦਾ ਪੁੱਛੇ ਇਨ੍ਹਾਂ ਸਿਆਣਿਆਂ ਨੂੰ, ਇੱਦਾਂ ਕੋਈ ਦੁਨੀਆਂ ਸੜ ਜੂ? ਤੁਸੀਂ ਕੋਈ ਮਾੜਾ ਨਹੀਂ ਕੀਤਾ। ਬੱਸ ਸਾਡੀ ਕਿਸਮਤ ਮਾੜੀ ਸੀ। ਰੁੜ੍ਹ ਜਾਣੀ ਮੇਰੀ ਮੱਤ ’ਤੇ ਪਰਦਾ ਪੈ ਗਿਆ। ਔਰਤ ਜੋ ਹੋਈ। ਮੈਂ ਤੁਹਾਨੂੰ ਕਿਹਾ ਵੀ ਸੀ ਇਹ ਖਤਰਨਾਕ ਖੇਡ ਨਾ ਖੇਡੋ। ਪਰ ਤੁਸੀਂ ਤੇ ਬਾਪੂ ਜੀ ਆਪਣੀਆਂ ਹੀ ਸ਼ਰਤਾਂ ਤੇ ਉੱਤਰ ਆਏ। ਮੈਂ ਵੀ ਕੀ ਕਰਦੀ। ਲੋਕਾਂ ਨੇ ਐਵੇਂ ਭਰਮ ਜਾਲ ਬੁਣ ਬੁਣ ਜਗਾਹ ਜਗਾਹ ਸੁੱਟੇ ਹੋਏ ਹਨ। ਚਲੋ ਛੱਡੋ, ਫਿਰ ਕੀ ਹੋਇਆ।ਸਿੰਮੀ ਨੇ ਮੇਰੀ ਸੁਰਤ ਪਿੱਛੇ ਵੱਲ ਮੋੜੀ।

ਜਦੋਂ ਨਰਸ ਨੇ ਕਿਹਾ, ਬਈ ਆਪਣੇ ਕਾਕਾ ਹੋਇਆ, ਤਾਂ ਸੱਚ ਜਾਣੀ, ਇੱਕ ਵਾਰੀ ਤਾਂ ਮੇਰਾ ਸਾਲਾ ਰੋਣਾ ਜਿਹਾ ਹੀ ਨਿੱਕਲ ਗਿਆ। ਬਈ ਕੱਲ੍ਹ ਨੂੰ ਮੈਂ ਐਡਾ ਵੱਡਾ ਸਰਦਾਰ ਬਣਨਾ। ਲੋਕਾਂ ਨੇ ਝੁਕ ਝੁਕ ਸਲਾਮਾਂ ਮਾਰਨੀਆਂ ਤੇ ਅੱਜ ਉਹੋ ਸਰਦਾਰ ਇਕੱਲਾ ਖੜ੍ਹਾ। ਕੋਈ ਵਧਾਈ ਦੇਣ ਵਾਲਾ ਹੀ ਨਹੀਂ।ਮੈਂ ਇਕ ਸੋਫੇ ਤੋਂ ਉੱਠ ਦੂਸਰੇ ਤੇ ਬੈਠ ਗਿਆ।

“ਸਿੰਮੀ ਫਰਿੱਜ ’ਚੋਂ ਸੋਡਾ ਤਾਂ ਕੱਢੀਂ।ਸਿੰਮੀ ਸੋਡਾ ਲੈਣ ਚਲੇ ਗਈ।

ਮੈਂ ਬਹੁਤਾ ਜਜ਼ਬਾਤੀ ਜਿਹਾ ਬੰਦਾ ਨਹੀਂ, ਬਈ ਐਵੇਂ ਰੋ ਲਿਆ, ਐਵੇਂ ਹੱਸ ਲਿਆ। ਮੈਂ ਤਾਂ ਬੜਾ ਘੈਂਟ ਬੰਦਾ ਹਾਂ। ਤੁਹਾਨੂੰ ਪਤਾ ਹੀ ਹੈ। ਸਾਰਾ ਪਿੰਡ ਜਾਣਦਾ। ਤੁਸੀਂ ਮੇਰੀ ਪੈਂਠ ਵੇਖੀ ਹੀ ਨਹੀਂ। ਮੇਰਾ ਸਿਰਫ ਤੁਸੀਂ ਨੰਗ ਵੇਖਿਆ ਹੈ। ਇਸੇ ਕਰਕੇ ਮੈਨੂੰ ਤੁਸੀਂ ਘੈਂਟ ਨਹੀਂ ਸਮਝਦੇ। ਇਸਦੇ ਕਾਰਣ ਵੀ ਮੈਂ ਜਾਣਦਾ। ਪਰ ਇਹਦੇ ’ਚ ਮੇਰਾ ਕਸੂਰ ਕੀ ਹੈ? ਉਦੋਂ ਅਜੇ ਹੁਸ਼ਿਆਰ ਹੁਰੀਂ ਇੰਡੀਆ ਹੀ ਸਨ। ਚਲੋ ਛੱਡੋ, ਸਬਕ ਮੈਂ ਵੀ ਸਿੱਖ ਲਿਆ। ਆਪਣੇ ਪੁੱਤ ਨੂੰ ਸਮਝਾ ਕੇ ਮਰੂੰਗਾ। ਕੰਜਰਾ, ਕਿਸੇ ਦਾ ਕਦੇ ਇਤਬਾਰ ਨਾ ਕਰੀਂ। ਮੇਰਾ ਵੀ ਨਹੀਂ।

ਸਿੰਮੀ ਫਰਿੱਜ ਵਿੱਚੋਂ ਸੋਡਾ ਲੈ ਆਈ। ਬੋਲੀ, “ਕੀ ਸੋਚਦੇ ਹੋ?”

ਐਵੇਂ ਨਿੰਦੀ ਦੇ ਜੰਮਣ ਵੇਲੇ ਦੀ ਗੱਲ ਦਿਮਾਗ ਚ ਘੁੰਮੀ ਜਾਂਦੀ ਹੈ।

ਉਹ ਮਾਈਕ ਵਾਲੀ?”

ਹਾਂ।ਮੈਂ ਕਿਹਾ।

ਚਲੋ ਅੱਜ ਫੇਰ ਮੈਨੂੰ ਸੁਣਾਓ। ਬੜਾ ਮਜ਼ਾ ਆਉਂਦਾ। ਜਦੋਂ ਤੁਸੀਂ ਕਦੇ ਕਦੇ ਡਾਂਗ ਸੋਟੇ ਦੀ ਗੱਲ ਕਰਦੇ ਹੋ।

ਚੱਲ ਤੈਨੂੰ ਮੈਂ ਸੁਣਾਉਂਦਾ ਪਹਿਲਾਂ, ਫੇਰ ਤੂੰ ਮੈਨੂੰ ਆਪਣੀ ਸੁਣਾਈਂ।ਮੈਂ ਸਿੰਮੀ ਦੀ ਦੁਖਦੀ ਰਗ ਤੇ ਫੇਰ ਹੱਥ ਰੱਖ ਦਿੱਤਾ।

ਮੈਂ ਚੱਲੀ ਆਂ ਸੌਣ।ਸਿੰਮੀ ਸੱਚੀ ਉੱਠਕੇ ਖੜ੍ਹੀ ਹੋ ਗਈ। ਕਿੰਨੀ ਅਜੀਬ ਦੁਬਿਧਾ ਸੀ ਮੇਰੀ। ਹੱਥੀਂ ਲਾਈ ਅੱਗ ਨੂੰ ਬਾਰ ਬਾਰ ਕਿਉਂ ਯਾਦ ਕਰਨਾ ਚਾਹੁੰਦਾ ਸੀ।

"ਨਹੀਂ, ਨਹੀਂ, ਬਹਿ ਜਾ, ਚੱਲ ਸੁਣਾਉਨਾ ਤੈਨੂੰ ਬਾਤ।ਮੈਂ ਸਿੰਮੀ ਦਾ ਹੱਥ ਫੜਕੇ ਉਸਨੂੰ ਬਿਠਾਉਂਦਿਆਂ ਕਿਹਾ।

ਤੂੰ ਤੇ ਅਜੇ ਬੇਹੋਸ਼ ਹੀ ਸੀ। ਸਿਜੇਰੀਅਨ ਦੇ ਟੀਕੇ ਦਾ ਅਸਰ ਸੀ। ਮੁੰਡਾ ਹੋਏ ਨੂੰ ਅਜੇ ਘੰਟਾ ਕੁ ਹੀ ਬੀਤਿਆ ਸੀ, ਮੈਂ ਗੁੱਸੇ ਵਿਚ ਆ ਗਿਆ ਸੀ। ਮਾਈਕ ਦੀ ਜ਼ੁਰਅਤ ਕਿਵੇਂ ਪਈ? ਮੈਨੂੰ ਨਹੀਂ ਪਤਾ ਪਰ ਐਹੋ ਜਿਹੇ ਟਿੰਡ ਘਸਿਆਂ ਕੋਲੋਂ ਮੈਂ ਬੀਅਰ ਕਿਵੇਂ ਪੀ ਲਈ। ਮੇਰੀ ਸਮਝ ਵਿਚ ਅਜੇ ਤੱਕ ਨਹੀਂ ਆਉਂਦਾ। ਵਕਤ ਮੁੜ ਆਵੇ ਤਾਂ ਸਾਲੇ ਦੇ ਕੁਰਸੀ ਚੁੱਕਕੇ ਸਿਰ ਚ ਮਾਰਾਂ।

ਫੇਰ ਮਾਰੀ ਕਿਉਂ ਨਹੀਂ?” ਸਿੰਮੀ ਨੇ ਜਿਵੇਂ ਮੇਰੀ ਸਰਦਾਰੀ ਨੂੰ ਸਵੀਕਾਰ ਕੀਤਾ ਹੋਵੇ।

ਉਦੋਂ ਵਕਤ ਹੀ ਕੁੱਝ ਐਸਾ ਸੀ। ਤੂੰ ਹਸਪਤਾਲ, ਹੁਸ਼ਿਆਰ ਹੁਰੀਂ ਇੰਡੀਆ। ਬਸ ਐਵੇਂ ਸਿਆਣਪ ਦੀ ਸਿੜੀ ਜਿਹੀ ਸਿਰ ਨੂੰ ਚੜ੍ਹੀ ਹੋਈ ਸੀ। ਨਿਰੀ ਬਕਵਾਸ … ਆਦਮੀ ਨੂੰ ਸਮਝੌਤਾ ਤਾਂ ਜ਼ਿਦਗੀ ਚ ਕਰਨਾ ਹੀ ਨਹੀਂ ਚਾਹੀਦਾ। ਤੂੰ ਦੇਖ ਹੀ ਲਿਆ ਹੈ।” … ਮੈਂ ਫਿਰ ਜਿਵੇਂ ਕੁਝ ਚਿਤਾਰ ਰਿਹਾ ਹੋਵਾਂ। ਸਿੰਮੀ ਨੇ ਫੇਰ ਅੱਖਾਂ ਨੀਵੀਂਆਂ ਪਾ ਲਈਆਂਮੈਂ ਵਕਤ ਦੀ ਨਜ਼ਾਕਤ ਨੂੰ ਸਮਝਿਆ। ਦਿਵਾਲੀ ਵਾਲੀ ਰਾਤ ਖਰਾਬ ਨਹੀਂ ਹੋਣੀ ਚਾਹੀਦੀ। ਮੈਂ ਗੱਲ ਜਾਰੀ ਰੱਖਦਿਆਂ ਕਿਹਾ, "ਉੱਦਣ ਤਾਂ ਮੈਂ ਆਪਣੀ ਜਾਨ ਹੀ ਬਚਾਉਣੀ ਠੀਕ ਸਮਝੀ। ਲੈ ਕੱਲੀ ਜਾਨ ਹੀ ਕੀ, ਮੈਂ ਤੇ ਇਕ ਧੱਫਾ ਤਕ ਨਹੀਂ ਖਾਂਦਾ। ਨਾ ਹੋਰ ਪ੍ਰਦੇਸਾਂ ਚ ਧੱਕੇ ਖਾਣ ਦਾ ਫਾਇਦਾ ਕੀ, ਜੇ ਬੰਦਾ ਆਪਣੇ ਕੱਪੜੇ ਪੜਵਾਉਣੋਂ ਵੀ ਨਹੀਂ ਬਚਾ ਸਕਦਾ? ਆਪਾਂ ਤਾਂ ਵੱਡੇ ਵੱਡੇ ਨਾਢੂ ਖਾਂ ਗੋਰਿਆਂ ਨੂੰ ਬੇਵਕੂਫ ਬਣਾ ਲਈਦਾ। ਪਰ ਉਹ ਸਮਾਰਟੀ ਵੀ ਕਾਹਦੀ ਹੋਈ, ਜਿਹੜੀ ਜਜ਼ਬਾਤਾਂ ਦੇ ਬੁਰਕੇ ਥੱਲੇ ਹੋਵੇ। ਮੇਰਾ ਤਾਂ ਸਿੰਮੀ ਮੁੰਡਾ ਦੇਖਣ ਤੋਂ ਬਾਦ ਜੀ ਕਰੇ ਕਿ ਦਾਰੂ ਪੀਤੀ ਜਾਵੇ। ਠੇਕੇ ਅਜੇ ਖੁੱਲ੍ਹੇ ਨਹੀਂ ਸਨ ਤੇ ਘਰ ਜਾਣਾ, ਉਹ ਵੀ ਬਸ ਵਿਚ ਬਹਿਕੇ … ਉੰਨੇ ਚਿਰ ਨੂੰ ਤਾਂ ਮੁੰਡਾ ਜੁਆਨ ਹੋ ਜਾਣਾ ਸੀ।

ਸਿੰਮੀ ਹੱਸਣ ਲੱਗ ਪਈ, "ਨਾ ਤੁਸੀਂ ਰਾਤ ਹੀ ਕਿਉਂ ਨਾ ਮਿੱਕੀ ਲੈਕੇ ਮੇਰੇ ਬੈਗ ਚ ਪਾ ਲਈ। ਜਿਵੇਂ ਅਕਸਰ ਕਰਦੇ ਹੋ।

ਨਾ ਰਾਤ ਮੇਰੇ ਸੁਪਨਾ ਆਉਣਾ ਸੀ ਕਿ ਸਵੇਰੇ ਮੁੰਡਾ ਹੋਣਾ? ਜੇ ਕੁੜੀ ਹੋ ਜਾਂਦੀ ਫੇਰ।

ਮੇਰੀ ਗੱਲ ਸੁਣਕੇ ਸਿੰਮੀ ਦਾ ਹਾਸਾ ਬੰਦ ਹੋ ਗਿਆ, ਬੋਲੀ, "ਹਾਂ ਗੱਲ ਤਾਂ ਠੀਕ ਹੈ। ਕੁੜੀ ਦੀ ਕਾਹਦੀ ਖੁਸ਼ੀ। ਕੁੜੀਆਂ ਤਾਂ ਐਵੇਂ ਗੋਲ ਲੱਕੜ ਹੁੰਦੀਆਂ ਹਨ ਜਿੱਧਰ ਕੋਈ ਰੇੜ੍ਹ ਦੇਵੇ।

ਮੈਂ ਉਹਦੀ ਗੱਲ ਗੌਲਣ ਦੀ ਬਜਾਏ ਅੱਗੇ ਦੱਸਣ ਲਈ ਕਾਹਲਾ ਸੀ, "ਮੈਂ ਸਿੰਮੀ ਹੌਸਲਾ ਜਿਹਾ ਕੀਤਾ, ਚਲੋ ਅੱਜ ਰੈਸਟੋਰੈਂਟ ਚ ਬਹਿ ਕੇ ਪੀਨੇ ਆ। ਪੈਸਿਆਂ ਸਾਲਿਆਂ ਨੇ ਨਾਲ ਜਾਣਾ। ਰੈਸਟੋਰੈਂਟ ਵਿਚ ਬੈਠੇ ਸਨ, ਇਹ ਮਾਈਕ ਹੋਣੀ ਚਾਰ ਗੋਰੇ। ਲੰਡਰ ਜਿਹੇ ਦੇਖਣ ਨੂੰ ਹੀ ਫੁਕਰੇ ਲੱਗਣ। ਬੈਠੇ ਬੀਅਰ ਪੀਂਦੇ ਸੀ। ਮੈਂ ਆਲਾ ਦੁਆਲਾ ਦੇਖਿਆ, ਕਿਤੇ ਹਨੇਰੀ ਜਿਹੀ ਨੁੱਕਰ ਲੱਭੀ ਜਾਵੇ। ਜਿੱਥੇ ਬੈਠਕੇ ਮੁੰਡੇ ਦਾ ਜਸ਼ਨ ਮਨਾਇਆ ਜਾਵੇ। ਮੈਂ ਸੋਚ ਰਿਹਾ ਸੀ, ਦੋ ਬੀਅਰਾਂ ਮੰਗਾਵਾਂ, ਇੱਕ ਆਪਣੇ ਲਈ ਤੇ ਇੱਕ ਹੁਸ਼ਿਆਰ ਲਈ। ਉਹਦਾ ਨਾਮ ਲੈਕੇ ਪੀਆਂਗਾ। ਉਹ ਚਾਰੇ ਮੇਰੇ ਵੱਲ ਵੇਖਣ ਲੱਗੇ। ਇਕ ਵਾਰ ਤਾਂ ਸੋਚਿਆ, ਚੱਲ ਛੱਡ ਮਨਾਂ, ਜਸ਼ਨ ਜੁਸ਼ਨ ਨੂੰ ਰਹਿਣ ਦੇ ਐਵੇਂ। ਇਕ ਵਾਰ ਐਡਮਿੰਟਨ ਵੀ ਬਿਨਾਂ ਗੱਲ ਤੋਂ ਕੁੱਟ ਖਾ ਚੁੱਕਾ ਸੀ, ਐਵੇਂ ਨਿਆਣੇ ਦੇ ਚਾਅ ਚ ਗਿੱਚੀ ਵਿਚ ਘਸੁੰਨ ਖਾਊਂਗਾ।

ਐਡਮਿੰਟਨ ਕੀ ਹੋਇਆ ਸੀ। ਪਹਿਲਾਂ ਤਾਂ ਤੁਸੀਂ ਕਦੇ ਗੱਲ ਨਹੀਂ ਕੀਤੀ।ਸਿੰਮੀ ਨੇ ਹੈਰਾਨੀ ਨਾਲ ਪੁੱਛਿਆ।

ਸਾਰੀਆਂ ਗੱਲਾਂ ਦੱਸਣ ਵਾਲੀਆਂ ਥੋੜ੍ਹੋ ਹੁੰਦੀਆਂ? ਤੂੰ ਕਿਹੜਾ ਦੱਸਦੀਂ ਹੈਂ? ਬਸ ਕੋਈ ਹੈਂਕੀ ਪੈਂਕੀ ਬਿਜ਼ਨਿਸ ਸੀ ਤੇਰੇ ਵਰਗਾ।ਸਿੰਮੀ ਫੇਰ ਝੇਂਪ ਗਈ। "ਅੱਛਾ ਅੱਗੇ ਦੱਸੋ।

ਮੈਂ ਵਾਪਸ ਜਾਣ ਲਈ ਅਜੇ ਉੱਠਿਆ ਹੀ ਸੀ ਤਾਂ ਮਾਈਕ ਨੇ ਮੈਨੂੰ ਅਵਾਜ਼ ਮਾਰ ਲਈ, "ਉਹ ਪਾਕੀ, ਕੰਮ ਹੀਅਰ।ਮੈਂ ਸੋਚਿਆ ਲੈ ਬਈ ਮਨਾਂ ਮਨਾ ਲੈ ਜਸ਼ਨ। ਅਰੂੜ ਸਿੰਹਾਂ ਇੱਥੋਂ ਪੈਸੇ ਇਕੱਠੇ ਕਰ, ਤੇ ਦੌੜ ਜਾ ਪਿੰਡ ਨੂੰ।ਹੁਣ ਸਮੱਸਿਆ ਸੀ, ਜੇ ਤਾਂ ਮੈਂ ਉਹਦੀ ਗੱਲ ਸੁਣਦਾ ਤਾਂ ਮਰਦਾ, ਜੇ ਨਹੀਂ ਸੁਣਦਾ ਤਾਂ ਮਰਦਾ। ਮੈਂ ਜੱਕੋਤੱਕੀ ਉਨ੍ਹਾਂ ਕੋਲ ਚਲਾ ਗਿਆ। ਜਿੱਦਾਂ ਮੇਰਾ ਨਾਮ ਹੀ ਪਾਕੀ ਹੋਵੇ। ਉਹਨੇ ਮੈਨੂੰ ਖੜ੍ਹੇ ਖੜ੍ਹੇ ਨੂੰ ਹੀ ਪੁੱਛਿਆ, "ਵਾਇ ਯੂ ਲੁੱਕ ਸੋ ਹੈਪੀ।

ਮੈਂ ਖੜ੍ਹੇ ਖੜ੍ਹੇ ਹੀ ਕਿਹਾ, “ਬੇਬੀ ਬੁਆਏ ਬੌਰਨ।

ਉਹ ਯਾਹ ਐਨਦਰ ਪਾਕੀ ਬੌਰਨ। ਵੈਰੀ ਗੁੱਡ, ਸਿੱਟ ਡਾਊਨ ਔਨ ਦੀ ਚੇਅਰ।ਮੈਨੂੰ ਲੱਗਾ ਜਿਵੇਂ ਮੈਂ ਕੋਈ ਨੀਵੀਂ ਸ਼ੈ ਹੋਵਾਂ। ਜੋ ਉਹ ਪੁੱਛੇ, ਮੈਂ ਦੱਸਾਂ। ਜਦੋਂ ਉਹ ਕਹੇ ਬਹਿ ਜਾ, ਮੈਂ ਬਹਿ ਜਾਵਾਂ।

ਮਾਈ ਨੇਮ ਇਜ਼ ਮਾਈਕਲ।ਗੋਰੇ ਨੇ ਹੱਥ ਅੱਗੇ ਕਰਦਿਆਂ ਕਿਹਾ। ਮੈਂ ਝਕਦਿਆਂ ਉਹਦੇ ਨਾਲ ਹੱਥ ਮਿਲਾਇਆ। ਸਿੰਮੀ ਮੈਂ ਹੁਣ ਸੋਚਦਾਂ ਮੈਂ ਹੱਥ ਮਿਲਾਉਣ ਲਈ ਝੁਕਿਆ ਕਿਉਂ ਸੀ। ਖੜ੍ਹੇ ਖੜ੍ਹੇ ਗੱਲਾਂ ਕਰਦੇ ਦੇ ਹੱਥ ਮੇਰੇ ਕਾਬੂ ਵਿਚ ਕਿਉਂ ਨਹੀਂ ਸਨ। ਉਹ ਕਿਉਂ ਬਾਰ ਬਾਰ ਪਿੱਛੇ ਚਲੇ ਜਾਂਦੇ ਸਨ, ਜਿਵੇਂ ਇੰਡੀਆ ਵਿਚ ਚਪੜਾਸੀ ਕਰਦੇ ਹਨ, ਆਪਣੇ ਅਫਸਰ ਅੱਗੇ।

ਇਹ ਤੁਹਾਡਾ ਕੰਪਲੈਕਸ ਹੈ। ਤੁਸੀਂ ਕਦੇ ਵੀ ਆਪਣੇ ਆਪਨੂੰ ਕੈਨੇਡੀਅਨ ਕਲਚਰ ਨਾਲ ਜੋੜਕੇ ਨਹੀਂ ਵੇਖਦੇ। ਆਦਮੀਆਂ ਦੀਆਂ ਜਾਤਾਂ, ਕਿਸਮਾਂ ਤੁਹਾਡੇ ਦਿਮਾਗ ਵਿਚ ਵੜੀਆਂ ਹੋਈਆਂ ਹਨ। ਇਹ ਜੱਟ ਹੈ, ਇਹ ਸੀਰੀ ਹੈ। ਇਹ ਬੀਜ ਬਹੁਤ ਡੂੰਘੇ ਖੁੱਭੇ ਹੋਏ ਹਨ, ਤੁਹਾਡੇ ਵਿਚ। ਇਸ ਬੀਜ ਨੂੰ ਪਾਲਣ ਲਈ ਤੁਸੀਂ ਕੋਈ ਵੀ ਕੀਮਤ ਤਾਰਨ ਲਈ ਤਿਆਰ ਰਹਿੰਦੇ ਹੋ। ਕੀ ਨਹੀਂ ਇਸ ਮੁਲਕ ਵਿਚ, ਸਾਦ ਮੁਰਾਦੇ ਲੋਕ, ਸਾਫ ਸੁਥਰਾ ਕੰਮ ਕਾਜ, ਕੋਈ ਰਿਸ਼ਵਤ ਨਹੀਂ, ਕੋਈ ਠੱਗੀ ਨਹੀਂ। ਉੱਧਰ ਇੰਡੀਆ ਵਿਚ ਹੋ ਰਹੀ ਚੋਰ ਬਜ਼ਾਰੀ ਨੂੰ ਤੁਸੀਂ ਆਪਣੇ ਜੱਟਪੁਣੇ ਦੀ ਬੁੱਕਲ ਵਿਚ ਇਸ ਤਰ੍ਹਾਂ ਲਪੇਟਿਆ ਹੋਇਆ ਹੈ ਕਿ ਤੁਸੀਂ ਖੁਦ ਹੀ ਦੇਖ ਨਹੀਂ ਸਕਦੇ। ਤੁਸੀਂ ਸਮਝਦੇ ਹੋ, ਤੁਸੀਂ ਉੱਚੇ ਹੋ ਤੇ ਤੁਹਾਡੀ ਲੋੜ ਹੈ ਕਿ ਕੋਈ ਨੀਵਾਂ ਹੋਵੇ। ਜਦੋਂ ਕੋਈ ਨੀਵਾਂ ਨਹੀਂ ਲੱਭਦਾ ਫਿਰ ਆਪਣੇ ਆਪ ਨੂੰ ਅਗਲੇ ਸਾਹਮਣੇ ਨੀਵਾਂ ਕਿਆਸ ਲੈਂਦੇ ਹੋ। ਇਸ ਨੀਵੇਂਪਨ ਦੀ ਅਣਹੋਂਦ ਹੀ ਤੁਹਾਨੂੰ ਕੈਨੇਡਾ ਟਿਕਣ ਨਹੀਂ ਦੇਂਦੀ।

ਨਾ ਤੂੰ ਆਪਣੀਆਂ ਭੋਰਨੋ ਹਟੇਂਗੀ ਕਿ ਨਹੀਂ, ਅਗਾਂਹ ਸੁਣਨੀ ਹੈ ਗੱਲ ਕਿ ਨਹੀਂ?” ਮੈਂ ਉਹਦੇ ਲੈਕਚਰ ਨੂੰ ਨਿਕਾਰਦਿਆਂ ਕਿਹਾ।

ਚਲੋ ਸੁਣਾਉ, ਅੱਗੇ ਵੀ ਤੁਹਾਡੀਆਂ ਸੁਣ ਸੁਣ ਮੈਂ ਆਪਣੀ ਕਿਆਰੀ ’ਚ ਕੰਢੇ ਬੀਜੇ ਹਨ। ਤੁਹਾਨੂੰ ਤੇ ਲਾਂਵਾਂ ਦੀ ਵੀ ਸ਼ਰਮ ਨਹੀਂ ਆਈ।

ਨਾ ਮੈਂ ਬੇਸ਼ਰਮ ਹੀ ਸਹੀ, ਪਰ ਤੂੰ ਜਿਹੜੀ ਕੜ੍ਹੀ ਘੋਲੀ ਹੈ, ਉਹਦਾ ਕੀ ਜੁਆਬ ਹੈ ਤੇਰੇ ਕੋਲ।ਮੈਂ ਜਿਵੇਂ ਦੱਬੇ ਮੁਰਦੇ ਨੂੰ ਸਹਿਲਾਇਆ ਹੋਵੇ।

ਚਲੋ ਰਹਿਣ ਦਿਉ।ਸਿੰਮੀ ਨੇ ਹਥਿਆਰ ਸੁੱਟਦਿਆਂ ਕਿਹਾ।

ਮੈਂ ਅਣਮੰਨੇ ਜਿਹੇ ਨੇ ਫੇਰ ਗੱਲ ਸ਼ੁਰੂ ਕੀਤੀ।

ਯੂਅਰ ਨੇਮ।ਮਾਈਕਲ ਬੋਲਿਆ।

ਅਰੂੜ ਸਿੰਘਮੈਂ ਕਿਹਾ।

ਅਰੂਰ, ਮੈਂ ਤੈਨੂੰ ਪਾਕੀ ਨਹੀਂ ਕਹਾਂਗਾ। ਆਈ ਐਮ ਸੌਰੀ। ਤੇਰੇ ਲੜਕਾ ਹੋਇਆ ਹੈ। ਵੰਡਰਫੁੱਲ! ਚਲ ਸਾਨੂੰ ਬੀਅਰ ਪਿਲਾ।ਮੈਨੂੰ ਇੰਝ ਲਗਾ ਜਿਵੇਂ ਮੇਰੇ ਬਾਪੂ ਨੇ ਇਕ ਵਾਰ ਸੀਰੀ ਨੂੰ ਕਿਹਾ ਸੀ, ਤੇਰੇ ਮੁੰਡਾ ਹੋਇਆ, ਜਾ ਉਏ ਲੈਕੇ ਆ ਪਹਿਲੇ ਤੋੜ ਦੀ ਬੋਤਲ।ਸੀਰੀ ਬੋਤਲ ਲੈ ਆਇਆ ਤੇ ਬਾਟੀ ਵੀ। ਉਹਨੇ ਬੋਤਲ ਬਾਪੂ ਨੂੰ ਫੜਾ ਦਿੱਤੀ ਤੇ ਆਪਣੀ ਬਾਟੀ ਵੀ ਅੱਗੇ ਕਰ ਦਿੱਤੀ। ਬਾਟੀ ਵਿਚ ਪਵਾ ਕੇ ਉਹ ਭੁੰਜੇ ਹੀ ਬਹਿ ਗਿਆ ਤੇ ਲੱਗਾ ਕਹਿਣ, ‘ਸਰਦਾਰਾ ਅੱਜ ਤੇਰੀ ਇੱਕ ਬਾਂਹ ਹੋਰ ਜੰਮ ਪਈ। ਮੇਰੇ ਤੋਂ ਬਾਦ ਇਹ ਤੇਰੀ ਤੇ ਤੇਰੇ ਨਿਆਣਿਆਂ ਦੀ ਸੇਵਾ ਕਰੂ।

ਮਾਈਕਲ ਨੇ ਆਈਆਂ ਬੀਅਰ ਦੀਆਂ ਬੋਤਲਾਂ ਵਿੱਚੋਂ ਇੱਕ ਚੁੱਕਕੇ ਮੇਰੇ ਮੋਹਰੇ ਕਰ ਦਿੱਤੀ। ਬਾਕੀ ਇੱਕ ਉਹਨੇ ਆਪ ਫੜ ਲਈ। ਲਗਦਾ ਸੀ ਜਿਵੇਂ ਮਾਈਕਲ ਸਾਰਿਆਂ ਦਾ ਸਰਦਾਰ ਹੋਵੇ। ਕੁਰਸੀ ਤੇ ਉੱਲਰ ਕੇ ਬੈਠਾ ਸੀ, ਲੱਤਾਂ ਅੱਗੇ ਨੂੰ ਕੀਤੀਆਂ ਹੋਈਆਂ ਸਨ। ਪਿੱਠ ਮਸਾਂ ਹੀ ਕੁਰਸੀ ਦੀ ਢੋਹ ਨੂੰ ਲਗਦੀ ਸੀ। ਮਾਈਕਲ ਨੇ ਵੇਟਰ ਨੂੰ ਅਵਾਜ਼ ਮਾਰੀ ਤੇ ਕਿਹਾ ਰੈਸਟੋਰੈਂਟ ਵਿਚ ਜਿੰਨੇ ਵੀ ਲੋਕ ਬੈਠੇ ਹਨ ਸਾਰਿਆਂ ਨੂੰ ਬੀਅਰ ਸਰਵ ਕਰ। ਅਰੂਰ ਦੇ ਘਰ ਬੇਟਾ ਹੋਇਆ ਹੈ।

ਮੈਂ ਅੱਖਾਂ ਹੀ ਅੱਖਾਂ ਨਾਲ ਰੈਸਟੋਰੈਂਟ ਵਿਚ ਬੈਠੇ ਲੋਕਾਂ ਦੀ ਗਿਣਤੀ ਕਰਨ ਲੱਗਾ। ਓਪਰੀ ਗਿਣਤੀ ਨਾਲ ਸੰਖਿਆ ਬੱਤੀ ਸੀ। ਮੈਂ ਮੰਨ ਹੀ ਮੰਨ ਹਿਸਾਬ ਲਗਾਉਣ ਲੱਗਾ, ਜੇ ਇੱਕ ਬੀਅਰ ਦੀ ਕੀਮਤ ਤਿੰਨ ਡਾਲਰ ਵੀ ਹੋਵੇ ਤਾਂ ਬੱਤੀ ਬੀਅਰਾਂ ਦੀ ਕੀਮਤ ਬਣਦੀ ਹੈ ਛਿਆਨਵੇਂ ਡਾਲਰ ਤੇ ਜੇ ਇਸ ਹਰਾਮੀ ਨੇ ਇੱਕ ਆਰਡਰ ਹੋਰ ਕਰ ਦਿੱਤਾ ਤਾਂ ਬਣ ਜਾਣੇ ਹਨ ਦੋ ਸੌ ਡਾਲਰ ਤੇ ਜੇ ਇਸ ਇਡੀਅਟ ਸ਼ਰਾਬੀ ਨੇ ਖਾਣ ਲਈ ਆਰਡਰ ਕਰ ਦਿੱਤਾ ਤਾਂ ਫਿਰ ਕੀ ਬਣੂ? ਖਾਣੇ ਖੂਣੇ ਦੀ ਮੈਂ ਹਾਮੀ ਨਹੀਂ ਭਰਨੀ। ਹਾਂ, ਬੀਅਰਾਂ ਦਾ ਇੱਕ ਵਾਧੂ ਗੇੜਾ ਭਾਵੇਂ ਲਗਾ ਲਵੇ ਨਾਲੇ ਸਾਰੇ ਤਾਂ ਨਹੀਂ ਸਵੇਰੇ ਸਵੇਰੇ ਬੀਅਰ ਪੀਣ ਲੱਗੇ?

ਬੱਸ ਸਿੰਮੀ ਉਦੋਂ ਤੱਕ ਮੈਂ ਆਪਣੀ ਬੀਅਰ ਖਤਮ ਕਰ ਲਈ ਸੀ। ਨਿਰਣੇ ਕਾਲਜੇ ਪੀਤੀ ਬੀਅਰ, ਉੱਤੋਂ ਪੁੱਤ ਹੋਣ ਦੀ ਖੁਸ਼ੀ। ਢਿੱਡ ਦੇ ਵਾਰੇ ਨਿਆਰੇ ਹੋ ਗਏ। ਅੱਖਾਂ ਵਿਚ ਮਸਤੀ ਆ ਗਈ। ਮਾਈਕਲ ਦਾ ਪਾਕੀ ਕਹਿਣਾ ਭੁੱਲ ਗਿਆ। ਉਹ ਹੁਣ ਗੋਰਾ ਨਹੀਂ, ਮਿੱਤਰ ਲਗਦਾ ਸੀ। ਪਰ ਗੋਰੇ ਕਦੇ ਮਿੱਤਰ ਨਹੀਂ ਹੁੰਦੇ। ਇਹ ਤਾਂ ਸਾਨੂੰ ਨੀਵਾਂ ਸਮਝਦੇ ਹਨ। ਛੋਟੀ ਜਾਤ! ਕੋਈ ਨਹੀਂ ਕਰ ਲਉ ਜੋ ਮਰਜ਼ੀ ਮੇਰੇ ਨਾਲ ਪਰ ਮੈਂ ਆਪਣੇ ਪੁੱਤਾਂ ਨੂੰ ਤੁਹਾਡਾ ਸੀਰੀ ਨਹੀਂ ਬਣਨ ਦੇਣਾ। ਮੈਨੂੰ ਉਦੋਂ ਸਾਰਾ ਪਿੰਡ ਹੀ ਮਿੱਤਰਾਂ ਦਾ ਲਗਦਾ ਸੀ, ਮਾਨਸ ਕੀ ਜਾਤ … ਪਰ ਤੈਨੂੰ ਪਤਾ ਹੀ ਹੈ, ਮੈਂ ਹਾਂ ਤਾਂ ਜਮਾਂਦਰੂ ਸਿਆਣਾ। ਲੱਗ ਪਿਆ ਹਿਸਾਬ ਕਿਤਾਬ ਲਾਉਣ।

ਹਾਂ, ਸਿਆਣਾ ਤਾਂ ਤੁਹਾਡਾ ਸਾਰਾ ਟੱਬਰ ਹੀ ਬਹੁਤ ਹੈ। ਪਿਉ ਤੁਹਾਡਾ ਸਿਆਣਿਆਂ ਦਾ ਸਰਦਾਰ ...ਸਿੰਮੀ ਨੇ ਫੇਰ ਮੇਰੀ ਗੱਲ ਟੋਕ ਦਿੱਤੀ। ਮੈਂ ਫੇਰ ਸਬਰ ਦਾ ਘੁੱਟ ਭਰਿਆ, ਕੋਈ ਜੁਆਬ ਨਾ ਦਿੱਤਾ। ਗੱਲ ਦੀ ਲੜੀ ਵਿਚ ਗੰਢ ਨਾ ਪੈਣ ਦਿੱਤੀ।

ਸਿੰਮੀ ਮੇਰੀ ਜੇਬ ਵਿਚ ਵੀਜ਼ਾ ਸੀ, ਲਿਮਟ ਸੀ ਉਹਦੀ ਦੋ ਹਜ਼ਾਰ ਡਾਲਰ। ਕਿਸ਼ਤ ਆਉਣੀ ਸੀ ਸੌ ਤੋਂ ਵੀ ਘੱਟ ਤੇ ਉੱਤੋਂ ਮੈਂ ਸਿਆਣਾ ਜੱਟ ਤੇ ਜੱਟ ਦੇ ਘਰ ਜੰਮਿਆ ਸੀ ਮੁੰਡਾ। ਬਸ ਜੀ, ਸਾਰਾ ਕੰਮ ਟਿਚਨ ਸੀ। ਬਸ ਇੱਕੋ ਚਿੰਤਾ ਸੀ ਕਿ ਜੇ ਤਾਂ ਪੈਸੇ ਧੇਲੇ ਨਾਲ ਹੀ ਮਸਲਾ ਰਫਾ ਦਫਾ ਹੋ ਜਾਏ ਤਾਂ ਕੋਈ ਪਰਵਾਹ ਨਹੀਂ, ਸਮਝੂੰਗਾ ਕੈਨੇਡਾ ਦੋ ਮਹੀਨੇ ਲੇਟ ਆਇਆ ਸੀ।

ਨਾ ਇਹ ਸਮਝ ਲੈਂਦੇ ਹੁਸ਼ਿਆਰ ਨੂੰ ਸਗਨ ਵਿਚ ਦੋ ਸੌ ਡਾਲਰ ਦੇ ਦਿੱਤਾ ਸੀ।ਸਿੰਮੀ ਨੇ ਫੇਰ ਪੰਗਾ ਲੈ ਲਿਆ।

ਘੱਟ ਤੂੰ ਵੀ ਨਹੀਂ ਕੀਤੀ। ਨਾ ਤੂੰ ਪਾ ਦੇਣਾ ਸੀ ਕੈਂਠਾ ਉਹਦੇ ਗਲ। ਹਰਾਮਜ਼ਾਦੀ ਗੱਲ ਗੱਲ ਤੇ ਤਾਹਨੇ ਦੇਂਦੀ ਫਿਰਦੀ ਹੈ ਹੁਣ।ਮੇਰੀ ਗੱਲ ਸੁਣਕੇ ਸਿੰਮੀ ਠਠੰਬਰ ਗਈ। ਕੋਈ ਹੋਰ ਮੌਕਾ ਹੁੰਦਾ ਤਾਂ ਉਹ ਘੱਟ ਨਾ ਗੁਜ਼ਾਰਦੀ। ਪਰ ਮੈਂ ਵੀ ਉਸਦੀ ਦੁਖਦੀ ਰਗ ਜਾਣਦਾ ਸੀ।

ਚਲੋ ਛੱਡੋ, ਅੱਗੇ ਸੁਣਾਉ। ਫੇਰ ਵੀਜ਼ਾ ਦਿੱਤਾ?” ਸਿੰਮੀ ਨੇ ਬਾਈਪਾਸ ਦਾ ਰਾਹ ਚੁਣਿਆ।

ਗੱਲ ਗੁੱਲ ਨੂੰ ਰਹਿਣ ਦੇ। ਤੇਰਾ ਨਹੀਂ ਗੁਜ਼ਾਰਾ ਹੋਣਾ ਮੇਰੇ ਨਾਲ ਸਾਰੀ ਉਮਰ।ਮੈਂ ਬੁਝ ਰਹੇ ਕੋਲਿਆਂ ਦੀ ਰਾਖ ਵਾਂਗ ਬੋਲਿਆ।

ਆਈ ਐਮ ਸੌਰੀ।ਸਿੰਮੀ ਨੇ ਹਾਰ ਮੰਨਦਿਆਂ ਕਿਹਾ।

ਨਾ ਗੱਲ ਤਾਂ ਚੱਲ ਰਹੀ ਹੈ, ਕੈਨੇਡਾ ਤੇ ਇੰਡੀਆ ਦੇ ਸਮਾਜ ਦੀ। ਮੈਂ ਕਿੰਨੀ ਵਾਰ ਕਿਹਾ, ਮੈਂ ਸੜ ਰਿਹਾ ਹਾਂ, ਨਿਆਣੇ ਨਹੀਂ ਝੁਲਸਣੇ। ਇਸੇ ਲਈ ਮੈਂ ਬਾਰ ਬਾਰ ਦਲੀਲਾਂ ਦੁਹਰਾਈ ਜਾ ਰਿਹਾਂ, ਪਰ ਤੂੰ … ਖੈਰ ਅੱਗੇ ਸੁਣ।ਮੈਂ ਜਿਵੇਂ ਹਰ ਹਾਲਤ ਗੱਲ ਸੁਣਾਉਣੀ ਹੀ ਸੁਨਾਉਣੀ ਸੀ। ਅੱਧ-ਪਚੱਧੀ ਸਿੰਮੀ ਨੂੰ ਲੈਕੇ ਇੰਡੀਆ ਪਹੁੰਚਣਾ ਸੀ। ਆਪਣੀ ਸਰਦਾਰੀ ਨੂੰ ਮੁੱਢੋਂ ਸੁੱਢੋਂ ਉਜਾਗਰ ਕਰਨਾ ਸੀ।

ਤੇ ਜੇ ਸਿੰਮੀ ਗੱਲ ਮਾਰਾ ਮਾਰੀ ਤੇ ਆ ਗਈ ਤਾਂ ਤੈਨੂੰ ਪਤਾ ਡਾਂਗ ਮੇਰੀ ਇੰਡੀਆ ਰਹਿ ਗਈ ਹੈ, ਚਿੰਤਾ ਇਸੇ ਗੱਲ ਦੀ ਹੈ। ਮੈਂ ਡਾਂਗ ਕੋਲ ਪਹੁੰਚਣਾ ਹੈ। ਹਰ ਹਾਲਤ ਵਿਚ...

ਬਾਪੂ ਸਾਡਾ ਵੀ ਸਾਹਣ ਜੱਟ ਸੀ। ਸੀਰੀ ਦੀ ਸ਼ਰਾਬ ਉਹਨੇ ਵੀ ਪੀਤੀ ਸੀ ਤੇ ਸਰੂਰ ਵਿਚ ਆਕੇ ਕਹਿਣ ਲੱਗਾ, “ਲੈ ਬਈ ਅੱਜ ਰਾਤ ਬੱਕਰਾ ਸਾਡੇ ਬਣੂ। ਨਿਹਾਲ ਕਰ ਦੇਈਂ ਆਪਣੇ ਟੱਬਰ ਨੂੰ। ਰਾਤ ਨੂੰ ਲੈ ਜਾਈਂ ਰਿੱਝਿਆ ਬੱਕਰਾ। ਵਾਹ ਉਏ ਸਰਦਾਰਾ, ਨਹੀਂ ਰੀਸਾਂ ਤੇਰੀਆਂ।ਮੇਰੀਆਂ ਪੁੜਪੁੜੀਆਂ ਵਿੱਚੋਂ ਜੱਟਪੁਣੇ ਦਾ ਧੁਆਂਖਿਆ ਸੇਕ ਨਿਕਲਣ ਲੱਗਾ।

ਮਾਈਕਲ ਬੀਅਰ ਹੋ ਜਾਏ ਹੋਰ? ਤੇ ਨਾਲੇ ਖਾਣ ਨੂੰ ਵੀ ਮੰਗਵਾ ਲਵੋ ਗੋਟ ਮੀਟ … ਅੱਜ ਮੇਰਾ ਪਰਿਵਾਰ ਤੁਸੀਂ ਹੀ ਹੋ।

ਨਹੀਂ ਅਰੂਰ ਮੈਂ ਤੇ ਐਵੇਂ ਘੰਟਾ ਕੁ ਸ਼ੁਗਲਾ ਹੀ ਕਰਨਾ ਸੀ। ਯੂ ਮੀਨ ਫਨ … ਤੇਰੀ ਵਾਈਫ ਨੂੰ ਹੋਸ਼ ਆ ਗਿਆ ਹੋਊ। ਜਾ ਉਹਦੇ ਨਾਲ਼ ਗੱਲਾਂ ਕਰੋ। ਰੱਬ ਕਰੇ ਅਗਲੇ ਸਾਲ ਇੱਕ ਹੋਰ ਪਾਕੀ ਜੰਮੇ। ਕੈਨੇਡਾ ਦੀ ਅਬਾਦੀ ਬਹੁਤ ਘੱਟ ਹੈ ਯੂ ਨੋ ...ਮਾਈਕਲ ਜ਼ੋਰ ਦੀ ਹੱਸਿਆ। ਮਾਈਕਲ ਨੇ ਹੱਸਕੇ ਜਿਵੇਂ ਸਾਨੂੰ ਦੋਹਾਂ ਜੀਆਂ ਨੂੰ ਨੰਗਾ ਕਰਕੇ ਤਮਾਸ਼ਾ ਦੇਖਿਆ ਹੋਵੇ। ਜਿਵੇਂ ਅਸੀਂ ਕੈਨੇਡਾ ਦੀ ਮਜ਼ਦੂਰ ਮੰਡੀ ਦੇ ਖਰਾਦ ਹੋਈਏ।

ਮੈਂ ਲਹੂ ਵਿਚ ਆਏ ਉਬਾਲ ਨੂੰ ਧੀਰਜ ਦਿੱਤਾ। ਮੇਰੀ ਕਮੀਜ਼ ਦਾ ਉੱਪਰਲਾ ਬਟਨ ਖੁੱਲ੍ਹਾ ਸੀ। ਮੈਂ ਬਟਨ ਨੂੰ ਖੱਬੇ ਹੱਥ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਸੀਰੀ ਦੇ ਮੂੰਹ ਦੀਆਂ ਬਦਲ ਰਹੀਆਂ ਸ਼ਕਲਾਂ ਮੇਰੇ ਸਾਹਮਣੇ ਫੇਰ ਆ ਗਈਆਂ। ਹਕੀਕਤ ਵਿਚ ਬਦਲੀਆਂ ਸਨ ਜਾਂ ਖਿਆਲਾਂ ਵਿਚ, ਮੈਨੂੰ ਨਹੀਂ ਪਤਾ। ਅਖੇ ਕੈਨੇਡਾ ਵਿਚ ਭਿੰਨਭੇਦ ਨਹੀਂ।

ਚੰਗਾ ਮਾਈਕਲ, ਹੁਣ ਮੈਂ ਜਾਣਾ। ਵੇਟਰ ਨੂੰ ਕਹਿ ਬਿਲ ਲਿਆਵੇ। ਮੈਂ ਪੇ ਕਰਾਂ ਤੇ ਜਾਵਾਂ।

ਡੌਂਟ ਵਰੀ, ਤੂੰ ਜਾ, ਦਿਸ ਬਿਲ ਔਨ ਮੀ।ਮਾਈਕਲ ਨੇ ਐਨਾ ਕਹਿਕੇ ਜਿਵੇਂ ਮੇਰੇ ਸਿਰ ਸੌ ਘੜਾ ਪਾਣੀ ਪਾ ਦਿੱਤਾ ਹੋਵੇ। ਮੈਨੂੰ ਸੀਰੀ ਬੱਕਰੇ ਦੇ ਮੀਟ ਦਾ ਪਤੀਲਾ ਚੁੱਕੀ ਦਿਸਿਆ।

ਹੂ ਆਰ ਯੂ ਟੂ ਪੇ ਮਾਈ ਬਿੱਲ ਰਾਸਕਲ?” ਮੈਂ ਮੂੰਹ ਵਿਚ ਬੁੜਬੁੜ ਕੀਤੀ।

ਤੂੰ ਕੁਝ ਕਿਹਾ ਅਰੂਰ?” ਮਾਈਕਲ ਨੇ ਪੁੱਛਿਆ।

ਨਹੀਂ, ਮੈਂ ਕੁਝ ਨਹੀਂ ਕਿਹਾ। ਪਰ ਮੈਂ ਸੋਚਦਾਂ, ਬਿਲ ਮੈਨੂੰ ਪੇ ਕਰਨਾ ਚਾਹੀਦਾ। ਇਹ ਮੇਰਾ ਦਿਨ ਹੈ। ਜਸਟ ਮਾਈਨ।

ਉਹ ਕੰਮ ਔਨ ਯੂ ਹੈਡ ਓਨਲੀ ਟੂ ਬੀਅਰਜ਼। ਦੈਟਸ ਓਕੇ … ਬੀ ਹੈਪੀ। ਇਸ ਮਨੀ ਨਾਲ ਆਪਣੀ ਬੀਵੀ ਨੂੰ ਕੋਈ ਗਿਫਟ ਲੈ ਦੇਵੀਂ। ਕੋਈ ਡਰੈੱਸ ਜਾਂ ਕੋਈ ਅੰਡਰ ਡਰੈੱਸ।ਤੇ ਮਾਈਕਲ ਕੁਰਸੀ ਤੇ ਬੈਠਾ ਬੁੜ੍ਹਕ ਬੁੜ੍ਹਕ ਹੱਸਣ ਲੱਗਾ। ਮੈਂ ਉਲਝਣਾ ਠੀਕ ਨਾ ਸਮਝਿਆ। ਮਾਈਕਲ ਦੇ ਸ਼ਬਦਾਂ ਵਿਚ ਇੱਕ ਘੁਮੰਡ ਸੀ। ਉਸਦੇ ਹੱਥ ਵਿਚ ਕੁਝ ਸੀ ਜਿਸ ਨਾਲ ਉਹ ਕੋਈ ਲਕੀਰ ਖਿੱਚ ਰਿਹਾ ਸੀ। ਜਿਸਦੇ ਇਕ ਪਾਰ ਮੈਂ ਖਲੋਤਾ ਸੀ ਆਪਣੇ ਸੀਰੀ ਨਾਲ ਮੋਢਾ ਜੋੜੀ। ਜਿਵੇਂ ਮੇਰਾ ਬਾਪ ਕਹਿ ਰਿਹਾ ਸੀ ਬਿੱਲ ਪੇ ਕਰ ਭਾਵੇਂ ਡਾਂਗ ਨਾਲ ਹੀ ਕਰ। ਹੁਸ਼ਿਆਰ ਵੀ ਮੁੱਠੀਆਂ ਘੁੱਟਦਾ ਲੱਗਾ। ਮੈਂ ਸਿਆਣਪ ਵਰਤੀ। ਚੁੱਪ ਰਿਹਾ, ਮਾਈਕਲ ਨਾਲ ਹੱਥ ਮਿਲਾਇਆ। ਉਹਨੇ ਮੈਨੂੰ ਮੁਸਕਰਾ ਕੇ ਅੱਖ ਮਾਰੀ, ਜਿਵੇਂ ਮੈਂ ਕੋਈ ਜਨਾਨੀ ਹੋਵਾਂ। ਮੈਂ ਮੁੜ ਪਿਆ। ਰੈਸਟੋਰੈਂਟ ਦੇ ਦਰਵਾਜ਼ੇ ਵੱਲ। ਮੇਰੇ ਪੈਰ ਮੁਸ਼ਕਲ ਵਿਚ ਆ ਗਏ। ਜਿਵੇਂ ਮੇਰੇ ਬੂਟ ਕੈਂਚੀ ਚਪਲਾਂ ਬਣ ਗਏ ਹੋਣ। ਚਪਲਾਂ ਦੀ ਵੱਧਰ ਬਾਹਰ ਨਿਕਲਣ ਵਾਲੀ ਹੋਵੇ। ਮੈਨੂੰ ਮੇਰੀ ਪੈਂਟ ਢਿੱਲੀ ਹੋਕੇ ਹੇਠਾਂ ਖਿਸਕਦੀ ਲੱਗੀ। ਮੈਂ ਪੈਰਾਂ ਵਲ ਦੇਖਿਆ। ਉਹ ਠੀਕ ਸਨ, ਐਵੇਂ ਮੇਰੇ ਮੰਨ ਦਾ ਵਹਿਮ ਸੀ। ਬਾਹਰ ਜਾਂਦੇ ਨੂੰ ਮੈਨੂੰ ਆਪਣਾ ਨਵ ਜਨਮਿਆਂ ਮੁੰਡਾ ਯਾਦ ਨਹੀਂ ਸੀ ਆ ਰਿਹਾ। ਇਸ ਤਰ੍ਹਾਂ ਲਗਦਾ ਸੀ, ਜਿਵੇਂ ਕੁਝ ਹੋਇਆ ਹੋਵੇ। ਕੀ ਹੋਇਆ? ਪਤਾ ਨਹੀਂ, ਪਰ ਮੰਨ ਬਹੁਤ ਉਦਾਸ ਸੀ। ਚਲ ਉਹ ਦਿਨ ਵੀ ਆਵੇਗਾ ਜਦ ਮੈਂ ਕੈਨੇਡਾ ਨੂੰ ਆਖਰੀ ਸਲਾਮ ਕਹਾਂਗਾ। ਮੇਰੇ ਦਿਲ ਦੀ ਠਾਰ ਨੇ ਇੱਕ ਨਿੱਘੀ ਚਾਦਰ ਲਪੇਟ ਲਈ।

ਨਾ ਤੁਸੀਂ ਅਜੇ ਵੀ ਸੋਚਦੇ ਹੋ,ਆਪਾਂ ਇੰਡੀਆ ਵਾਪਸ ਜਾਕੇ ਵਸਣਾ?” ਸਿੰਮੀ ਨੇ ਕਿਹਾ।

ਨਾ ਤੈਨੂੰ ਲਿਖਕੇ ਦੇਵਾਂ, ਕਿੰਨੀ ਵਾਰ ਕਿਹਾ, ਇਸ ਗੱਲ ਵਿੱਚ ਦਖਲ ਨਾ ਦਿਆ ਕਰ।

ਐਨਾ ਕੁਝ ਹੋਣ ਦੇ ਬਾਵਯੂਦ ਪਿੰਡ ਕਿਸ ਮੂੰਹ ਨਾਲ ਜਾਵਾਂਗੇ?” ਸਿੰਮੀ ਨੇ ਆਪਣੀ ਚੁੰਨੀ ਦੇ ਲੜ ਦੀ ਕੰਨੀ ਨੂੰ ਪਹਿਲਾਂ ਮੂੰਹ ਵਿਚ ਪਾਇਆ ਤੇ ਫਿਰ ਪਤਾ ਨਹੀਂ ਕੀ ਸੋਚਕੇ ਗਿੱਲੀ ਕੰਨੀ ਨੂੰ ਉਂਗਲ ਦੁਆਲੇ ਲਪੇਟਣ ਲੱਗ ਪਈ।

ਨਾ ਪਿੰਡ ਆਪਣਾ ਘਰ, ਬਾਰ, ਜ਼ਮੀਨ ਜਾਇਦਾਦ। ਪੈਸਾ ਆਪਣੀ ਜੇਬ ਵਿਚ। ਜਿਹੜੀ ਗੱਲ ਤੂੰ ਸੋਚਦੀ ਹੈਂ ... ਉਹਦੀ ਚਿੰਤਾ ਨਾ ਕਰ। ਸਾਰੀ ਦੁਨੀਆਂ ਕਰਦੀ ਹੈ। ਲੋਕ ਤੀਵੀਆਂ ਮੁੱਲ ਲਿਆ ਕੇ ਜਠਾਣੀਆਂ ਬਣਾ ਦਿੰਦੇ ਹਨ। ਆਪਾਂ ਤਾਂ ਫਿਰ … ਬੱਸ ਹੋਰ ਫ਼ਜ਼ੂਲ ਬਹਿਸ ਨਹੀਂ।ਮੈਂ ਜਿਵੇਂ ਗੱਲ ਖਤਮ ਕੀਤੀ ਹੋਵੇ।

ਦੇਖੋ ਸਿਆਣੇ ਬਣੋ।

ਤੇਰੇ ਜਿੰਨਾ?” ਮੈਂ ਟਕੋਰ ਕੀਤੀ।

ਮੇਰੇ ਕਾਇਦੇ ਨੂੰ ਬੰਦ ਹੀ ਰਹਿਣ ਦਿਉ। ਅੱਜ ਦਿਨ ਦਿਹਾਰ ਹੈ, ਦਿਵਾਲੀ ਹੈ। ਹੋਈ ਬੀਤੀ ਤੇ ਮਿੱਟੀ ਪਾਉ। ਸਾਡਾ ਨਿਆਣਾ ਸਕੂਲ ਵਿਚ ਟੌਪ ਕਰ ਰਿਹਾ ਹੈ।

ਪਿੰਡ ਵਿਚ ਵੀ ਸਾਰਾ ਟੌਪ ਟੌਪ ਹੀ ਹੈ। ਸਾਡੇ ਬਾਪ ਨੇ ਪਿੰਡ ਵਿਚ ਜਿਹੜੀ ਇੱਜ਼ਤ ...

ਰਹਿਣ ਦਿਉ ਢਕੀਆਂ ਵੱਡੀਆਂ ਇੱਜ਼ਤਾਂ ਵਾਲੇ … ਤੇ ਉਹ ਵੀ ਬਾਪ ਨੇ … ਮੈਂ ਜਾਣਦੀ ਹਾਂ ਸਾਰਾ ਕੁਝ। ਮੇਰਾ ਬੇੜਾ ਗਰਕ ਕਰਕੇ … ਜਿਹੜਾ ਘਰ ਦੀ ਇਜ਼ਤ ਨਹੀਂ ਸਾਂਭ ਸਕਿਆ।ਸਿੰਮੀ ਭਖ਼ ਪਈ।

ਮੈਨੂੂੰ ਤਾਂ ਉਸ ਦਿਨ ਦਾ ਅੱਜ ਵੀ ਚੇਤਾ, ਨਾ ਖਸਮਾਂ ਖਾਣੀ ਤੁਹਾਡੀ ਗੱਲ ਮੰਨਦੀ ਨਾ ਲੋਕਾਂ ਦੀਆਂ ਗੱਲਾਂ ਸੁਣਦੀ ਤੇ ਨਾ ਤੁਹਾਡੀਆਂ … ਢੱਠੇ ਖੂਹ ਵਿਚ ਪੈਂਦੇ ਮੇਰੇ ਮਾਪੇ ਜਿਨ੍ਹਾਂ ਕਰਕੇ ਮੈਂ ਮੌਹਰਾ ਫੱਕਿਆ। ਉਨ੍ਹਾਂ ਮੈਨੂੰ ਕੀ ਦੇ ਦਿੱਤਾ? ਭੈਣਾਂ ਦੋਵੇਂ ਐਸ਼ ਕਰਦੀਆਂ ਹਨ ਤੇ ਮੈਂ ਫੈਕਟਰੀਆਂ ਵਿਚ ਧੱਕੇ ਖਾਂਦੀ ਹਾਂ। ਨਾਲੇ ਸਾਰਿਆਂ ਦੀ ਬਕਵਾਸ ਸੁਣਦੀ ਹਾਂ। ਸਾਂਢੂ ਤੁਹਾਡੇ ਤੋਂ ਪਿੱਛੋਂ ਆਕੇ ਸਾਡੇ ਤੋਂ ਜਿਆਦਾ ਸੈੱਟ ਹਨ ਤੇ ਤੁਸੀਂ ਕੁੜ੍ਹੀ ਜਾਂਦੇ ਹੋ ਆਪਣੀ ਕਿਸਮਤ ਨੂੰ। ਨਾ ਕੀ ਲੋੜ ਸੀ ਮੈਨੂੰ ਜਾਂ ਤੁਹਾਨੂੰ! ਬੜੇ ਸੋਹਣੇ ਵਸਦੇ ਰਸਦੇ ਉੱਜੜ ਕੇ ਬਹਿ ਗਏ।ਸਿੰਮੀ ਉੱਧੜ ਚੁੱਕੀ ਸੀ। ਇਕ ਵਾਰ ਸ਼ੁਰੂ ਹੋ ਜਾਏ ਫੇਰ ਨਹੀਂ ਇਹ ਟਲ਼ਦੀ। ਗਲਤੀ ਤਾਂ ਭਾਵੇਂ ਮੇਰੀ ਹੈ ਜਾਂ ਸਾਡੇ ਪਰਿਵਾਰ ਦੀ ਪਰ ਇਹ ਵੀ ਤਾਂ ਛਨਾਲ ਬਣ ਕੇ ਟੋਟੇ ਟੋਟੇ ਹੋਕੇ ਹੀ ਮੇਰੇ ਕੋਲ ਵਾਪਸ ਆਈ।

ਜਦੋਂ ਮੈਂ ਪੱਕਾ ਹੋਕੇ ਵਿਆਹ ਕਰਾਉਣ ਗਿਆ ਸੀ, ਮੇਰੀ ਉਮਰ ਸੈਂਤੀ ਸਾਲ ਸੀ। ਕਈ ਰਿਸ਼ਤੇ ਆਉਣ ਤੋਂ ਬਾਦ ਸਿੰਮੀ ਦੇ ਪਰਿਵਾਰ ਨਾਲ ਸਾਡੀ ਮੀਜ਼ਾ ਮਿਲ ਗਈ। ਇਹ ਉਦੋਂ ਐਮ.ਏ. ਕਰਕੇ ਹਟੀ ਸੀ। ਉਮਰ ਇਹਦੀ ਕੋਈ ਬਾਈ ਸਾਲ ਸੀ। ਵਿਆਹ ਤੋਂ ਬਾਦ ਸਿੰਮੀ ਵੀ ਕੈਨੇਡਾ ਆ ਗਈ ਤੇ ਮੇਰੇ ਮਾਂ ਬਾਪ ਵੀ ਕੈਨੇਡਾ ਆ ਗਏ। ਇਹਦੇ ਮਾਪੇ ਤੇ ਦੋ ਭੈਣਾਂ ਇੰਡੀਆ ਹੀ ਸਨ। ਮੇਰੇ ਤੋਂ ਛੋਟਾ ਹੁਸ਼ਿਆਰ ਸਿੰਘ ਵੀ ਇੰਡੀਆ ਹੀ ਰਹਿ ਗਿਆ ਸੀ। ਦਸਵੀਂ ਤੋਂ ਬਾਦ ਉਹ ਪੜ੍ਹਿਆ ਨਹੀਂ। ਅਵਾਰਾਗਰਦੀ ਕਰਦੇ ਦੀ ਉਮਰ ਪੱਚੀ ਸਾਲ ਹੋ ਗਈ। ਜੇ ਤਾਂ ਪੜ੍ਹਦਾ ਰਹਿੰਦਾ ਤਾਂ ਡੀਪੈਂਡੈਂਟ ਸ਼ੋਅ ਹੋ ਜਾਂਦਾ ਪਰ ਐਸਾ ਹੋ ਨਹੀਂ ਸਕਿਆ। ਸਾਡਾ ਧਿਆਨ ਹੁਸ਼ਿਆਰ ਵਿਚ ਹੀ ਸੀ। ਕਿਸੇ ਨਾ ਕਿਸੇ ਤਰ੍ਹਾਂ ਉਸਨੂੰ ਕੈਨੇਡਾ ਕੱਢਣ ਦੀਆਂ ਸਕੀਮਾਂ ਬਣਨ ਲੱਗੀਆਂ। ਸਿੰਮੀ ਨੂੰ ਆਈ ਨੂੰ ਵੀ ਤਿੰਨ ਸਾਲ ਹੋਣ ਲੱਗੇ ਸੀ। ਉਹ ਨਿੱਤ ਮੇਰਾ ਸਿਰ ਖਾਂਦੀ ਕਿ ਆਪਾਂ ਉਹਦੇ ਪਰਿਵਾਰ ਨੂੰ ਸਪਾਂਸਰ ਕਰੀਏ। ਪਰ ਮੈਂ ਟਾਲ ਮਟੋਲੇ ਕਰਦਾ ਰਿਹਾ। ਸਾਡੇ ਦਿਮਾਗ ਵਿਚ ਇੱਕ ਗੱਲ ਰਿੱਝ ਰਹੀ ਸੀ, ਪਰ ਸਿੰਮੀ ਪੈਰ ਨਾ ਧਰਦੀ। ਮੈਂ ਕਈ ਵਾਰ ਬਹਾਨਿਆਂ ਨਾਲ ਉਹਦਾ ਧਿਆਨ ਦਿਵਾਇਆ ਕਿ ਆਪਾਂ ਹੁਸ਼ਿਆਰ ਦਾ ਰਿਸ਼ਤਾ ਸਿੰਮੀ ਦੀ ਛੋਟੀ ਭੈਣ ਰਿੰਕੀ ਨੂੰ ਕਰ ਦਈਏ, ਪਰ ਸਿੰਮੀ ਹਮੇਸ਼ਾ ਇਹੋ ਕਹਿੰਦੀ, ਮੇਰੇ ਘਰ ਦੇ ਨਹੀਂ ਮੰਨਦੇ। ਰਿੰਕੀ ਨਹੀਂ ਮੰਨਦੀ। ਉਹ ਐਮ.ਏ. ਕਰਕੇ ਐਮ.ਫਿਲ ਕਰ ਰਹੀ ਸੀ। ਪੜ੍ਹਾਈ ਦਾ ਜ਼ਿਆਦਾ ਫਰਕ ਹੋਣ ਕਰਕੇ ਮੈਂ ਵੀ ਜ਼ੋਰ ਨਾ ਪਾਉਂਦਾ ਤੇ ਉੱਪਰੋਂ ਮੇਰਾ ਬਾਪ ਮੇਰੇ ਤੂੰਬੇ ਤੋੜਦਾ। ਮੈਂ ਆਪਣੇ ਬਾਪ ਦੀ ਸੰਗਤ ਤੋਂ ਵੀ ਡਰਨ ਲੱਗ ਪਿਆ। ਸਾਡਾ ਜਦੋਂ ਵੀ ਆਮ੍ਹਣਾ ਸਾਮ੍ਹਣਾ ਹੁੰਦਾ, ਉਹ ਹੁਸ਼ਿਆਰ ਦੇ ਰਿਸ਼ਤੇ ਦੀ ਗੱਲ ਲੈਕੇ ਬੈਠ ਜਾਂਦਾ।

ਜਿਸ ਦਿਨ ਇਸ ਹਨੇਰਗਰਦੀ ਦੀ ਬੁਨਿਆਦ ਰੱਖੀ ਗਈ, ਉਸ ਦਿਨ ਮੇਰੇ ਨਿੰਦੀ ਦਾ ਜਨਮ ਦਿਨ ਸੀ। ਆਏ ਪ੍ਰਾਹੁਣਿਆਂ ਨੇ ਜੋ ਚੱਕ ਥੱਲ ਕੀਤੀ ਉਹ ਮੈਨੂੰ ਅੱਜ ਤੱਕ ਯਾਦ ਹੈ। ਪ੍ਰਾਹੁਣੇ ਚਲੇ ਗਏ ਪਰ ਸਾਡੀ ਨੀਂਦ ਉੱਡ ਗਈ ਸੀ। ਬਾਪੂ ਜੀ ਮੈਨੂੰ ਕਹਿਣ ਲੱਗੇ, ਅੱਜ ਗੱਲ ਮੁਕਾ ਕੇ ਛੱਡਣੀ ਹੈ। ਜੇ ਤੂੰ ਨਹੀਂ ਗੱਲ ਕਰਨੀ ਤਾਂ ਮੈਂ ਕਰਦਾ ਹਾਂ। ਮੈਂ ਵੀ ਕਹਿ ਦਿੱਤਾ ਕਿ ਮੈਂ ਤੇ ਗੱਲ ਅੱਗੇ ਵੀ ਕੀਤੀ ਹੈ ਮੈਨੂੰ ਨਹੀਂ ਲਗਦਾ ਇਹ ਮੰਨੇ।

ਬਾਪੂ ਜੀ ਨੇ ਸਿੰਮੀ ਨੂੰ ਅਵਾਜ਼ ਮਾਰੀ, "ਦੇਖ ਪੁੱਤ, ਅਰੂੜ ਨੇ ਬੜੇ ਜ਼ਫਰ ਜਾਲੇ ਹਨ। ਪੱਕਾ ਹੋਇਆ, ਅਸੀਂ ਆਏ, ਤੂੰ ਆਈ। ਅਸੀਂ ਤੁਹਾਡੇ ਨਿਆਣੇ ਸਾਂਭਦੇ ਹਾਂ। ਤੁਹਾਡੇ ਘਰ ਦੀ ਰਾਖੀ ਕਰਦੇ ਹਾਂ। ਦੇਖ, ਹੁਸ਼ਿਆਰ ਸਾਡਾ ਪੁੱਤ ਹੈ ਤੇਰਾ ਵੀ ਦਿਉਰ ਹੈ। ਬੀਬਾ ਤੇਰੀ ਭੈਣ ਰਿੰਕੀ ਅਜੇ ਵਿਆਹੁਣ ਵਾਲੀ ਹੈ ...

ਬਾਪੂ ਜੀ, ਰਿੰਕੀ ਦਾ ਨਾਮ ਤੁਸੀਂ ਹੁਸ਼ਿਆਰ ਨਾਲ ਨਾ ਜੋੜੋ। ਉਹ ਨਹੀਂ ਮੰਨਦੀ। ਮੇਰੇ ਮੰਮੀ ਡੈਡੀ ਨਹੀਂ ਮੰਨਦੇ। ਮੈਨੂੰ ਵੀ ਇਹ ਜੋੜ ਠੀਕ ਨਹੀਂ ਲਗਦਾ। ਹੁਸ਼ਿਆਰ ਲਈ ਕੋਈ ਹੋਰ ਰਿਸ਼ਤਾ ...

ਨਾ ਅਰੂੜ ਵੀ ਤੇ ਦਸ ਪੜ੍ਹਿਆ ਸੀ ਤੇ ਤੂੰ ਐਮ.ਏ., ਉਦੋਂ ਤਾਂ ਤੇਰੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਸੀ।ਬਾਪੂ ਜੀ ਕੁਝ ਖਰ੍ਹਵਾ ਬੋਲੇ।

ਬਾਪੂ ਜੀ, ਜੋ ਵੀ ਹੈ, ਬਸ ਮੇਰੇ ਵਲੋਂ ਨਾਂਹ ਹੀ ਸਮਝੋ।ਸਿੰਮੀ ਨੇ ਤੋੜ ਕੇ ਜੁਆਬ ਦੇ ਦਿੱਤਾ।

ਚੰਗਾ ਫਿਰ ਸੰਭਾਲੋ ਆਪਣਾ ਘਰ। ਜਿੱਥੇ ਸਾਡੀ ਇੰਨੀ ਵੀ ਇੱਜ਼ਤ ਨਹੀਂ, ਉੱਥੇ ਨਹੀਂ ਅਸੀਂ ਰਹਿਣਾ।” ਬਾਪੂ ਜੀ ਉੱਠਕੇ ਅੰਦਰ ਚਲੇ ਗਏ।

ਲਿਵਿੰਗ ਰੂਮ ਵਿਚ ਬੈਠਿਆਂ ਮੈਂ ਸਿੰਮੀ ਨਾਲ ਅੱਖ ਨਹੀਂ ਮਿਲਾ ਰਿਹਾ ਸੀ। ਮੈਂ ਦੁਵੱਲੇ ਫਸ ਗਿਆ। ਮੇਰਾ ਘਰ ਆਉਣ ਨੂੰ ਮੰਨ ਨਾ ਕਰਿਆ ਕਰੇ। ਬੇਤਹਾਸ਼ਾ ਸ਼ਰਾਬ ਨੇ ਮੇਰੀ ਸਿਹਤ ਖਰਾਬ ਕਰ ਦਿੱਤੀ। ਡੀਪਰੈਸ਼ਨ ਦੇ ਦੌਰੇ ਵੀ ਉਦੋਂ ਦੇ ਹੀ ਸ਼ੁਰੂ ਹਨ। ਸਾਰੀ ਸਾਰੀ ਰਾਤ ਨੀਂਦ ਨਾ ਆਵੇ। ਸਿੰਮੀ ਨਾਲ ਲੇਟਿਆਂ ਮੈਨੂੰ ਗੁਨਾਹ ਦਾ ਅਹਿਸਾਸ ਹੋਣ ਲੱਗ ਪਿਆ। ਉਸਨੇ ਆਪਣੀਆਂ ਚੰਗਿਆਈਆਂ ਜਿਤਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਅੰਦਰ ਹੀ ਅੰਦਰ ਦੱਬਦਾ ਗਿਆ। ਸਿੰਮੀ ਮੈਨੂੰ ਹੋਰ ਵੀ ਸੋਹਣੀ ਹੋਰ ਵੀ ਚੰਗੀ ਲੱਗਣ ਲੱਗ ਪਈ। ਮੈਨੂੰ ਲਗਦਾ ਜਿਵੇਂ ਮੈਂ ਕਿਸੇ ਵੱਸੋਂ ਬਾਹਰੀ ਨਾਰ ਨਾਲ ਰਹਿ ਰਿਹਾ ਹੋਵਾਂ, ਤੇ ਉਹਦਾ ਸ਼ੁਕਰਗੁਜ਼ਾਰ ਹੋਵਾਂ।

ਇੱਕ ਨਵਾਂ ਸੁਆਲ ਸ਼ੁਰੂ ਹੋਇਆ, ਸਿੰਮੀ ਦੇ ਪਰਿਵਾਰ ਨੂੰ ਸਪਾਂਸਰ ਕਰਨ ਦਾ। ਇਸ ਸੁਆਲ ਨੇ ਜਿਵੇਂ ਇੱਕ ਜੰਗ ਦਾ ਐਲਾਨ ਕਰ ਦਿੱਤਾ ਹੋਵੇ।

ਬਾਪੂ ਜੀ ਤੇ ਸਿੰਮੀ ਦੀ ਜੰਗ। ਮੇਰੇ ਮੱਥੇ ਤੇ ਨਿੱਤ ਨਵੇਂ ਤਵੀਤ ਬੱਝਣ ਲੱਗੇ। ਮੈ ਤੇਰਾ ਪਿਓ’ ... ‘ਮੈਂ ਤੇਰੀ ਮਾਂ’ ... ‘ਮੈਂ ਤੇਰਾ ਛੋਟਾ ਭਰਾ’... ਮੈਂ ਤੇਰੀ ਪਤਨੀ...

ਇਹ ਤਵੀਤ ਮੈਂ ਆਪ ਨਹੀਂ ਬੰਨ੍ਹ ਰਿਹਾ ਸੀ। ਪਰ ਮੈਂ ਕਿਸੇ ਨੂੰ ਮਨ੍ਹਾਂ ਵੀ ਨਹੀਂ ਸੀ ਕਰ ਰਿਹਾ। ਪਰ ਜਦ ਵੀ ਸਿੰਮੀ ਮੇਰੇ ਸੱਸ ਸਹੁਰੇ ਜਾਂ ਸਾਲੀਆਂ ਦਾ ਤਵੀਤ ਲੈਕੇ ਆਉਂਦੀ, ਮੈਂ ਸਿਰ ਮਾਰ ਦਿੰਦਾ। ਉਹ ਹੱਥ ਵਿਚ ਫੜੇ ਤਵੀਤ ਨੂੰ ਜ਼ੋਰ ਨਾਲ ਘੁੱਟਦੀ। ਲੋਹੇ ਦੇ ਤਵੀਤ ਵਿੰਗੇ ਨਾ ਹੁੰਦੇ ਪਰ ਸਿੰਮੀ ਦੇ ਹੱਥਾਂ ਵਿੱਚੋਂ ਲਹੂ ਸਿੰਮ ਆਉਂਦਾ। ਹੱਥਾਂ ਦੀਆਂ ਤਲੀਆਂ ਰਾਹੀਂ ਚੜ੍ਹਿਆ ਜ਼ਹਿਰ ਉਸਦੇ ਸਰੀਰ ਵਿਚ ਫੈਲਣ ਲੱਗਾ। ਇਸ ਜ਼ਹਿਰ ਨੇ ਉੱਬਲ ਉੱਬਲ ਧੂੰਏ ਨਾਲ ਮੇਰਾ ਸਾਰਾ ਘਰ ਭਰ ਦਿੱਤਾ। ਇਸ ਧੂੰਏ ਦੇ ਦੂਸਰੇ ਸਿਰੇ ਮੈਨੂੰ ਦਿਸਣੇ ਬੰਦ ਹੋ ਗਏ। ਮੇਰੀ ਘੁਟਣ ਜੀਣ ਲਈ ਤਰਸਣ ਲਗੀ। ਸਿੰਮੀ ਦੀ ਜ਼ਿੱਦ … ਮੇਰੇ ਘਰ ਦੇ ਸੱਦੋ … ਚਾਰ ਸਾਲ ਹੋ ਗਏ ਹਨ … ਬਾਪੂ ਜੀ ਦੀ ਜ਼ਿੱਦ ਹੁਸ਼ਿਆਰ ਨੂੰ ਸੱਦੋ, ਉਹ ਅਠਾਈ ਸਾਲ ਦਾ ਹੋ ਗਿਆ ਹੈ।

ਫੇਰ ਇੱਕ ਦਿਨ ਮੇਰੇ ਬਾਪੂ ਨੇ ਸਿਆਣਪ ਕੀਤੀ। ਉਹ ਇਕ ਫਾਰਮੂਲਾ ਲੈਕੇ ਆਇਆ। ਉਸ ਦਿਨ ਜਦ ਬਾਪੂ ਜੀ ਸੈਰ ਕਰਨ ਗਏ ਤਾਂ ਬਹੁਤ ਹੀ ਤੇਜ਼ ਹਵਾ ਵਗਦੀ ਪਈ ਸੀ। ਇੰਨੀ ਤੇਜ਼ ਹਵਾ ਵਿਚ ਤਾਂ ਸਾਹ ਲੈਣਾ ਵੀ ਔਖਾ ਹੁੰਦਾ ਹੈ, ਮੈਂ ਮਨ੍ਹਾਂ ਵੀ ਕੀਤਾ ਕਿ ਬਾਪੂ ਜੀ ਅੱਜ ਨਾ ਜਾਓ, ਜੇ ਜਾਣਾ ਹੀ ਹੈ ਤਾਂ ਇਸ ਪਾਸੇ ਨਾਂਹ ਜਾਓ, ਇੱਧਰੋਂ ਸਿੱਧੀ ਹਨੇਰੀ ਵੱਗ ਰਹੀ ਹੈ, ਦੂਸਰੇ ਪਾਸੇ ਚਲੇ ਜਾਓ, ਤੁਸੀਂ ਸੈਰ ਹੀ ਕਰਨੀ ਹੈ ਤੁਹਾਨੂੰ ਕੀ ਫਰਕ ਪੈਂਦਾ ਹੈ? ਪਰ ਸਾਡਾ ਬਾਪੂ ਅੱਗੇ ਹੀ ਅੱਗੇ ਵਧਦਾ ਗਿਆ। ਜਿਵੇਂ ਤੇਜ਼ ਹਵਾ ਨੂੰ ਹੱਥ ਲਾਉਣ ਦੀ ਕੋਸ਼ਿਸ਼ ਵਿਚ ਹੋਵੇ। ਹਵਾ ਨਾਲ ਕੁੱਝ ਕੱਖ ਕਾਣ ਵੀ ਉੱਡ ਰਿਹਾ ਸੀ, ਕੁਝ ਜੂਠੇ ਕੈਨ ਵੀ ਰਿੜ੍ਹ ਰਹੇ ਸਨ, ਕੁਝ ਪਾਟੇ ਪੁਰਾਣੇ ਕਾਗਜ਼, ਕੁਝ ਰੱਦੀ ਅਖਬਾਰ ਵੀ ਉੱਡ ਰਹੇ ਸਨ। ਪਤਾ ਨਹੀਂ ਇੰਨੇ ਝੱਖੜ ਵਿਚ ਬਾਪੂ ਜੀ ਨੇ ਅਖਬਾਰਾਂ ਦੇ ਇਹ ਰਦੀ ਸਫੇ ਕਿਵੇਂ ਪੜ੍ਹ ਲਏ। ਇਹਨਾਂ ਜੂਠੇ ਕੈਨਾਂ ਨੂੰ ਛੋਹ ਦੇਣ ਵਾਲੇ ਕਿਵੇਂ ਪਛਾਣ ਲਏ। ਇਨ੍ਹਾਂ ਕੱਖਾਂ ਕਾਣਾਂ ਨੂੰ ਕਿਵੇਂ ਬਾਲਣ ਸਮਝ ਲਿਆ। ਇਸ ਬਾਲਣ ਵਿਚ ਰਿੱਝਿਆ ਕੁਝ ਨਹੀਂ, ਬਲਕਿ ਅਰੂੜ ਸਿੰਘ ਜਰੂਰ ਸੜ ਗਿਆ।

ਘਰ ਆਕੇ ਬਾਪੂ ਜੀ ਨੇ ਸਾਰਿਆਂ ਨੂੰ ਸੱਦ ਲਿਆ। ਬੀਬੀ ਨਹੀਂ ਆਈ। ਜਿਵੇਂ ਉਹਨੂੰ ਫਾਰਮੂਲੇ ਦਾ ਪਹਿਲਾਂ ਹੀ ਪਤਾ ਸੀ।

ਅਰੂੜ ਸਿੰਘ ਤੇ ਸਿੰਮੀ ਬੇਟੇ।ਬਾਪੂ ਜੀ ਨੇ ਇੰਨਾ ਕਹਿ ਕੇ ਖੰਗੂਰਾ ਮਾਰਿਆ।

ਸਿੰਮੀ ਬੇਟੇ, ਦੇਖ ਤੇਰਾ ਪਰਿਵਾਰ ਇੰਡੀਆ ਬੈਠਾ ਹੈ ਤੇ ਮੇਰਾ ਹੁਸ਼ਿਆਰ ਇਕੱਲਾ ਇੰਡੀਆ ਫਸਿਆ ਪਿਆ ਹੈ। ਤੂੰ ਵੀ ਕਾਹਲੀ ਹੈਂ, ਤੇਰੀਆਂ ਭੈਣਾਂ ਦੀ ਵੀ ਉਮਰ ਵਧ ਰਹੀ ਹੈ ਤੇ ਹੁਸ਼ਿਆਰ ਦੀ ਵੀ, ਜਾਂ ਤਾਂ ਹੁਸ਼ਿਆਰ ਤੇ ਰਿੰਕੀ ਦਾ ਰਿਸ਼ਤਾ ਪੱਕਾ ਕਰ ਦਿਓ ਤੇ ਅਰੂੜ ਤੇਰੇ ਘਰਦਿਆਂ ਨੂੰ ਸਪਾਂਸਰ ਕਰ ਦਿੰਦਾ ਹੈ, ਵਰਨਾ ਅਰੂੜ ਤੇਰੇ ਘਰਦਿਆਂ ਨੂੰ ਸਪਾਂਸਰ ਨਹੀਂ ਕਰੇਗਾ, ਤੂੰ ਜਿੰਨਾ ਮਰਜ਼ੀ ਜੋਰ ਲਾਈ ਜਾ। ਤੇ ਜੇ ਤੂੰ ਸਮਝਦੀ ਹੈਂ ਕਿ ਹੁਸ਼ਿਆਰ ਰਿੰਕੀ ਦੇ ਲਾਇਕ ਨਹੀਂ ਤਾਂ ਹੁਸ਼ਿਆਰ ਨੂੰ ਇੱਧਰ ਕੱਢਣ ਦੀ ਤੇਰੀ ਜਿੰਮੇਵਾਰੀ। ਤੂੰ ਆਪ ਪੇਪਰ ਭਰਦੇ।ਬਾਪੂ ਜੀ ਆਪਣੀ ਗੱਲ ਕਹਿਕੇ ਚੁੱਪ ਕਰ ਗਏ। ਮੈਂ ਬਿੱਟ ਬਿੱਟ ਸਿੰਮੀ ਵਲ ਵੇਖਣ ਲੱਗਾ ਤੇ ਸਿੰਮੀ ਦਾ ਵੀ ਰੰਗ ਫੱਕ ਹੋਇਆ ਪਿਆ ਸੀ। ਪਰ ਇਸ ਵਾਰ ਨਾ ਤਾਂ ਉਹ ਭੁੜਕੀ, ਨਾ ਅੰਦਰ ਗਈ। ਨਾ ਉਹਨੇ ਸ਼ਰਮ ਮੰਨੀ। ਜਿਵੇਂ ਅਦਾਲਤ ਦੇ ਕਟਹਿਰੇ ਵਿਚ ਖੜ੍ਹੇ ਗਵਾਹ ਕੋਲ ਕੋਈ ਗੁੰਜਾਇਸ਼ ਨਹੀਂ ਹੁੰਦੀ।

ਤੱਟ ਫੱਟ ਬੋਲੀ, "ਠੀਕ ਹੈ ਬਾਪੂ ਜੀ, ਤੁਸੀਂ ਕਹਿ ਦਿੱਤਾ, ਮੇਰੇ ਬਜ਼ੁਰਗ ਹੋ। ਤੁਹਾਡਾ ਕਿਹਾ ਸਿਰ ਮੱਥੇ। ਜੇ ਇੱਕ ਵਾਰ ਅਰੂੜ ਵੀ ਸਾਰਿਆਂ ਦੇ ਸਾਹਮਣੇ ਕਹਿ ਦੇਵੇ ਜਾਂ ਜਿਸ ਤਰ੍ਹਾਂ ਤੁਸੀਂ ਠੀਕ ਸਮਝੋ।

ਮੈਂ ਸੋਫੇ ਦੀ ਲਵ ਸੀਟ ਤੇ ਬੈਠਾ ਸੀ ਜਦੋਂ ਸਾਰੇ ਮੇਰੇ ਵੱਲ ਵੇਖਣ ਲੱਗ ਪਏ। "ਠੀਕ ਹੈ! ਜਿਸ ਤਰ੍ਹਾਂ ਤੁਸੀਂ ਕਰਨਾ ਹੈ ਕਰੀ ਜਾਓ, ਮੈਨੂੰ ਕੀ ਪੁੱਛਦੇ ਹੋ?

ਮੈਂ ਇਨ੍ਹਾਂ ਨੂੰ ਡਾਇਵੋਰਸ ਦੇਕੇ ਹੁਸ਼ਿਆਰ ਨੂੰ ਇੱਧਰ ਸੱਦ ਦੇਂਦੀ ਹਾਂ ਤੇ ਤੁਸੀਂ ਪਹਿਲਾਂ ਮੇਰੇ ਪਰਿਵਾਰ ਨੂੰ ਸਪਾਂਸਰ ਕਰ ਦਿਓ।ਸਿੰਮੀ ਨੇ ਮੇਰੇ ਵੱਲ ਵੇਖਿਆ। ਉਸਦੀ ਨਜ਼ਰ ਮੇਰੇ ਚਿਹਰੇ ਨੂੰ ਪੜ੍ਹ ਰਹੀ ਸੀ ਜਾਂ ਹੋ ਸਕਦਾ ਹੈ ਮੇਰਾ ਵਹਿਮ ਹੀ ਹੋਵੇ।

ਬਸ ਇੱਕ ਅਰਜ਼ ਹੈ ਬਾਪੂ ਜੀ, ਜੇ ਅੱਜ ਪੂਰੀ ਹੋ ਜਾਵੇ ਤਾਂ ਮੈਂ ਸਮਝਾਂਗੀ ਮੈਂ ਵੀ ਇਸ ਪਰਿਵਾਰ ਦੀ ਕੁਝ ਲਗਦੀ ਹਾਂ।ਸਿੰਮੀ ਦੀਆਂ ਅੱਖਾਂ ਵਿਚ ਅੱਥਰੂ ਨਹੀਂ ਸਨ ਪਰ ਇੰਝ ਲਗਦਾ ਸੀ ਜਿਵੇਂ ਹੁਣੇ ਆ ਜਾਣਗੇ, ਜਿਵੇਂ ਅੱਥਰੂ ਅਜੇ ਵੀ ਕੁਝ ਉਡੀਕਦੇ ਦੇ ਹੋਣ।

ਬੋਲ ਪੁੱਤ, ਤੂੰ ਇੰਝ ਕਿਉਂ ਸੋਚਦੀ ਹੈਂ, ਤੂੰ ਤੇ ਮੇਰਾ ਬੀਬਾ ਪੁੱਤ ਹੈਂ, ਅਰੂੜ ਨਾਲੋਂ ਜ਼ਿਆਦਾ ਪਿਆਰ ਕਰਦਾ ਹਾਂ ਮੈਂ ਤੈਨੂੰ।ਬਾਪੂ ਜੀ ਨੇ ਗੱਲ ਨੂੰ ਬਹੁਤ ਹੀ ਧਿਆਨ ਨਾਲ ਬੋਚਿਆ।

ਬੱਸ ਮੈਂ ਸਿਰਫ ਇਕ ਵਾਰ, ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਸਿਰ ਦੇ ਸਾਈਂ ਨਾਲ ਗੱਲ ਕਰਨਾ ਚਾਹੁੰਦੀ ਹਾਂ।

ਸਿੰਮੀ ਨੇ ਮੇਰੇ ਵੱਲ ਇੰਨੀ ਨੀਝ ਨਾਲ ਦੇਖਿਆ, ਮੇਰਾ ਦਿਲ ਬੈਠਣ ਲੱਗ ਪਿਆ।

ਕੋਈ ਨੀ ਪੁੱਤ ਤੁਸੀਂ ਕਰ ਲਵੋ, ਪਰਾਈਵੇਟ ਗੱਲ, ਕਮਰੇ ਵਿਚ ਚਲੇ ਜਾਉ।

ਨਹੀਂ ਬਾਪੂ ਜੀ, ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਚਾਹੁੰਦੀ ਹਾਂ, ਤੁਸੀਂ ਸਾਨੂੰ ਇਕੱਲਿਆਂ ਨੂੰ ਛੱਡ ਦਿਉ, ਘੰਟਾ ਕੁ। ਤੁਸੀਂ ਜ਼ਰਾ ਥੱਲੇ ਆਂਟੀ ਵੱਲ ਜਾ ਆਵੋ।ਸਿੰਮੀ ਨੇ ਅੱਜ ਪਹਿਲੀ ਵਾਰ ਐਸੀ ਵੈਸੀ ਗੱਲ ਕੀਤੀ ਸੀ।

ਚੱਲ ਨੀ ਉੱਠ।ਬਾਪੂ ਜੀ ਨੇ ਬੀਬੀ ਨੂੰ ਉਠਾਇਆ ਤੇ ਬੀਬੀ ਰਮੋਟ ਵਾਂਗ ਉੱਠਕੇ ਚੱਪਲਾਂ ਪਾਉਣ ਲੱਗ ਪਈ।

ਮੇਰਾ ਦਿਲ ਬੈਠਣ ਲੱਗ ਪਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਸਿੰਮੀ ਨੇ ਚਿਟਕਣੀ ਚੈੱਕ ਕੀਤੀ ਤੇ ਫਿਰ ਆਕੇ ਸੋਫੇ `ਤੇ ਬੈਠ ਗਈ ਤੇ ਬੋਲੀ, "ਇਹ ਸ਼ਰਤ ਹੈ ਮੇਰੇ ਘਰਦਿਆਂ ਨੂੰ ਸੱਦਣ ਦੀ।ਮੈਂ ਕੁੱਝ ਬੋਲਣ ਲੱਗਾ ਤਾਂ ਉਹ ਫਿਰ ਬੋਲੀ, "ਇੱਕ ਸੰਤ ਨੇ ਕਥਾ ਸੁਣਾਈ ਸੀ ਕਿਤੇ। ਇੱਕ ਵਾਰ ਇੱਕ ਕਸਾਈ ਕੋਲ ਰਾਤ ਵੇਲੇ ਕੋਈ ਗਾਹਕ ਆ ਗਿਆ, ਉਸਨੂੰ ਬੱਕਰੇ ਦਾ ਮੀਟ ਚਾਹੀਦਾ ਸੀ ਤੇ ਉਸ ਵਕਤ ਮੀਟ ਖਤਮ ਹੋ ਚੁੱਕਾ ਸੀ। ਗਾਹਕ ਦੂਣੇ ਤੀਣੇ ਪੈਸੇ ਦੇਣ ਨੂੰ ਤਿਆਰ ਸੀ। ਕਸਾਈ ਦੇ ਮਨ ਵਿਚ ਲਾਲਚ ਆ ਗਿਆ। ਉਹ ਉੱਠਕੇ ਬੁੱਚੜਖਾਨੇ ਗਿਆ ਜਿੱਥੇ ਜੀਂਦਾ ਬੱਕਰਾ ਬੱਝਾ ਪਿਆ ਸੀ।

ਨਾ ਤੂੰ ਮੈਂਨੂੰ ਕਹਾਣੀਆਂ ਸੁਣਾਉਣ ਲਈ ਬਿਠਾਲਿਆ ਹੈ ਇੱਥੇ। ਮਤਲਬ ਦੀ ਗੱਲ ਕਰ, ਜੇ ਕੋਈ ਕਰਨੀ ਹੈ ਤਾਂ। ਤੈਨੂੰ ਬਾਪੂ ਜੀ ਦੀ ਸ਼ਰਤ ਮਨਜ਼ੂਰ ਹੈ ਜਾਂ ਨਹੀਂ।ਮੈਂ ਤੜ੍ਹੀ ਲਾਈ।

ਮੇਰੀ ਪੂਰੀ ਗੱਲ ਸੁਣ ਲਉ, ਫਿਰ ਹੋਣਾ ਤਾਂ ਉਹੀ ਹੈ ਜੋ ਤੁਸੀਂ ਚਾਹੁੰਦੇ ਹੋ। ... ਕਸਾਈ ਨੇ ਸੋਚਿਆ ਜੇ ਮੈਂ ਪੂਰਾ ਬੱਕਰਾ ਝਟਕਾ ਦਿੱਤਾ ਤਾਂ ਸਵੇਰ ਤੱਕ ਉਂਝ ਹੀ ਕਿਸੇ ਕੰਮ ਦਾ ਨਹੀਂ ਰਹਿਣਾ। ਕਿਉਂ ਨਾ ਬੱਕਰੇ ਦੀ ਇੱਕ ਲੱਤ ਵੱਢ ਲਵਾਂ, ਇਸ ਤਰ੍ਹਾਂ ਹੁਣ ਵੀ ਸਰ ਜਾਊ ਤੇ ਸਵੇਰ ਤਕ ਬੱਕਰੇ ਨੇ ਕਿਹੜਾ ਮਰ ਜਾਣਾ ਹੈ। ਬੱਕਰਾ ਉਸਦੀ ਨੀਅਤ ਤਾੜ ਗਿਆ ਤੇ ਬੋਲਿਆ, "ਵੇਖ, ਆਹ ਕੰਮ ਨਾ ਕਰੀਂ, ਕਈ ਜਨਮਾਂ ਵਿਚ ਮੈਂ ਤੈਨੂੰ ਵੱਢਿਆ ਤੇ ਕਈ ਜਨਮ ਤੂੰ ਮੈਨੂੰ ਵੱਢਿਆ, ਆਹ ਨਵੀਂ ਭਾਜੀ ਨਾ ਚਾੜ੍ਹ।ਇੰਨਾ ਆਖਕੇ ਸਿੰਮੀ ਮੇਰੇ ਵੱਲ ਵੇਖਣ ਲੱਗ ਪਈ

ਮੈਂ ਕਿਹਾ,"ਬੱਸ ਇੰਨੀ ਹੀ ਗੱਲ ਸੀ ਜਾਂ ਤੂੰ ਹੋਰ ਵੀ ਕੁਝ ਕਹਿਣਾ ਹੈ।

ਬੱਸ ਮੈਂ ਇਹੀ ਕਹਿਣਾ ਸੀ। ਮੱਕਿਉਂ ਪਰ੍ਹੇ ਉਜਾੜ, ਹੁਣ ਜੋ ਤੁਹਾਡੀ ਮਰਜ਼ੀ।

ਮੈਂ ਸੋਚਿਆ ਹੁਣ ਸਹੀ ਵਕਤ ਹੈ, ਇਸ ਸਮੇਂ ਇਹ ਜਜ਼ਬਾਤੀ ਹੈ। ਦਸਖਤ ਹੁਣੇ ਹੀ ਕਰਾ ਲੈਣੇ ਚਾਹੀਦੇ ਹਨ, ਐਵੇਂ ਕਿਸੇ ਹੋਰ ਦੀ ਚੁੱਕ ਵਿਚ ਆਕੇ ਕੱਲ੍ਹ ਨੂੰ ਮੁੱਕਰ ਹੀ ਨਾ ਜਾਵੇ। ਮੈਂ ਅੰਦਰ ਗਿਆ ਤੇ ਵਕੀਲ ਦੇ ਬਣਾਏ ਪੇਪਰ ਲਿਆ ਕੇ ਸਿੰਮੀ ਅੱਗੇ ਕਰ ਦਿੱਤੇ ਤੇ ਕਿਹਾ, "ਲੈ ਇਨ੍ਹਾਂ ਤੇ ਸਾਇਨ ਕਰ ਦੇ ਤੇ ਸਵੇਰੇ ਹੀ ਛੁੱਟੀ ਕਰ ਲੈ, ਆਪਾਂ ਚੱਲਾਂਗੇ ਇੰਮੀਗਰੇਸ਼ਨ ਦੇ ਆਫਿਸ।

ਸਿੰਮੀ ਪੇਪਰ ਦੇਖਕੇ ਹੈਰਾਨ ਜਿਹੀ ਹੋ ਗਈ ਤੇ ਬੋਲੀ, "ਤੁਸੀਂ ਤੇ ਸੱਚੀਂ ਹੀ ਲੋਹੇ ਦੀ ਛੁਰੀ ਤਿੱਖੀ ਕਰੀ ਫਿਰਦੇ ਹੋ। ਇਹ ਪੇਪਰ ਕਦੋਂ ਬਣਵਾਏ? ਕੀ ਬਾਪੂ ਜੀ ਨੂੰ ਪਤਾ ਹੈ ਇਨ੍ਹਾਂ ਪੇਪਰਾਂ ਦਾ? ਤੇ ਬੀਬੀ ਨੂੰ?” ਸਿੰਮੀ ਕਿੰਨੇ ਹੀ ਸੁਆਲ ਕਰ ਗਈ। ਲਗਦਾ ਸੀ ਉਸਨੂੰ ਕਿਸੇ ਸੁਆਲ ਦੇ ਜੁਆਬ ਦੀ ਉਡੀਕ ਨਹੀਂ ਸੀ। ਉਹ ਉੱਠੀ ਤੇ ਪੈੱਨ ਲਿਆ ਕੇ ਪੇਪਰਾਂ ਤੇ ਸਾਇਨ ਕਰਨ ਲੱਗ ਪਈ ਤੇ ਫਿਰ ਉੱਚੀ ਉੱਚੀ ਰੋਣ ਲੱਗ ਪਈ। ਉਸਦਾ ਰੋਣਾ ਧੋਣਾ ਜਿਹਾ ਦੇਖਕੇ ਦਿਲ ਜਿਹਾ ਤਾਂ ਮੇਰਾ ਵੀ ਭਰ ਆਇਆ ਪਰ ਫਿਰ ਸੋਚਿਆ ਇਹ ਤਾਂ ਨਿਆਣੀ ਹੈ, ਇੰਝ ਸੋਚਦੀ ਹੈ ਜਿਵੇਂ ਸਾਡਾ ਸੱਚੀਂ ਹੀ ਤਲਾਕ ਹੋ ਰਿਹਾ ਹੈ। ਇਹ ਤਾਂ ਇੱਕ ਸਕੀਮ ਹੈ। ਐਵੇਂ ਕਮਲੀ ਹੈ ਇਹ ਤੇ।

ਕਿਸੇ ਕੋਲ ਕਹਿਣ ਲਈ ਕੁਝ ਨਹੀਂ ਬਚਿਆ ਸੀ। ਅਗਲੇ ਦਿਨ ਹੀ ਸਿੰਮੀ ਦੇ ਘਰਦਿਆਂ ਨੂੰ ਸਪਾਂਸਰ ਕਰ ਦਿੱਤਾ ਗਿਆ।

ਹੁਸ਼ਿਆਰ ਦੀ ਉਮਰ ਉਨੱਤੀ ਸਾਲ ਸੀ ਜਦੋਂ ਉਹਦਾ ਆਪਣੀ ਭਾਬੀ ਨਾਲ ਵਿਆਹ ਹੋਇਆ। ਦੋਵੇਂ ਹਮ ਉਮਰ ਸਨ। ਮੇਰਾ ਤਲਾਕ ਕਾਗਜ਼ੀ ਸੀ, ਪਰ ਇਸ ਕਾਗਜ਼ੀ ਤਲਾਕ ਨਾਲ ਜਿਵੇਂ ਮੇਰਾ ਵਿਆਹ ਕਾਗਜ਼ੀ ਹੋਕੇ ਰਹਿ ਗਿਆ। ਸਿੰਮੀ ਮੇਰੀ ਇਜ਼ਤ ਨਹੀਂ ਕਰਦੀ ਸੀ ਹੁਣ। ਉਹ ਸਿਮਟਕੇ ਫੇਰ ਆਪਣੇ ਪਰਿਵਾਰ ਦੀ ਬੁੱਕਲ ਨਾਲ ਜੁੜ ਗਈ ਸੀ। ਇੰਮੀਗਰੇਸ਼ਨ ਕਾਊਂਸਲਰ ਦੀ ਸਲਾਹ ਨਾਲ ਸਿੰਮੀ ਤੇ ਹੁਸ਼ਿਆਰ ਦੀਆਂ ਬੜੀਆਂ ਰੋਮਾਂਟਿਕ ਫੋਟੋਆਂ ਖਿੱਚੀਆਂ ਗਈਆਂ। ਆਪਣੀ ਬੀਵੀ ਦੇ ਵਿਆਹ ਦੀ ਮੂਵੀ ਮੈਂ ਆਪਣੇ ਹੱਥੀਂ ਬਣਾਈ। ਅੰਬੈਸੀ ਵਿਚ ਦਿਖਾਉਣ ਲਈ ਫੋਟੋਆਂ ਮੈਂ ਆਪ ਖਿੱਚੀਆਂ। ਹੁਸ਼ਿਆਰ ਖੁਸ਼ ਸੀ। ਮੈਂ ਨਹੀਂ। ਮੇਰਾ ਬਾਪ ਖੁਸ਼ ਸੀ, ਮੇਰੀ ਮਾਂ ਬੇਵੱਸ ਸੀ। ਉਸਦੀ ਮਮਤਾ ਪਤਨੀ ਧਰਮ ਥੱਲੇ ਦੱਬ ਕੇ ਕਦੋਂ ਦੀ ਮਰ ਖਪ ਗਈ ਸੀ।

ਹੁਸ਼ਿਆਰ ਕੈਨੇਡਾ ਆ ਗਿਆ। ਸਿੰਮੀ ਨਾਲ ਉਹਦੇ ਹਾਸੇ ਠੱਠੇ ਮੈਨੂੰ ਚੁੱਭਣ ਲੱਗੇ। ਮੈਂ ਉਹ ਚੋਭ ਸਿੰਮੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਤਿੱਤਰ ਬਿੱਤਰ ਹੋਈ ਜ਼ਿੰਦਗੀ ਵਿਚ ਨਿੰਦੀ ਸਹਿਮਿਆ ਰਹਿਣ ਲੱਗਾ। ਮੇਰੀ ਸ਼ਰਾਬ ਵਧ ਗਈ ਤੇ ਨਿੰਦੀ ਦਾ ਸਹਿਮ। ਲਿਵਿੰਗ ਰੂਮ ਵਿਚ ਲੱਗੀ ਹੁਸ਼ਿਆਰ ਦੀ ਫੋਟੋ ਵਲ ਸਿੰਮੀ ਭਾਵੇਂ ਵੇਖਦੀ ਜਾਂ ਨਾ ਵੇਖਦੀ ਪਰ ਮੇਰੀਆਂ ਨਜ਼ਰਾਂ ਉਹਦਾ ਪਿੱਛਾ ਜਰੂਰ ਕਰਦੀਆਂ।

ਸਾਡੇ ਘਰ ਜਦੋਂ ਪਹਿਲੀ ਵਾਰ ਪੁਲੀਸ ਆਈ ਤਾਂ ਸਿੰਮੀ ਨੇ ਕਮਰੇ ਅੰਦਰ ਵੜ ਕੇ ਕੁੰਢੀ ਲਾਈ ਹੋਈ ਸੀ। ਪੁਲੀਸ ਨੇ ਮੇਰੇ ਦੋਵੇਂ ਹੱਥ ਪਿੱਛੇ ਕਰਕੇ ਹੱਥਕੜੀ ਜੜ ਦਿੱਤੀ। ਦੂਜੀ ਵਾਰ ਸਿੰਮੀ ਨੇ ਹੈਲਪ ਹੈਲਪ ਕਰਦੀ ਨੇ ਰਾਹਗੀਰ ਖੜ੍ਹੇ ਕਰ ਲਏ। ਮੇਰੇ ਤੇ ਪਾਬੰਦੀ ਲਗਾ ਦਿੱਤੀ ਗਈ। ਮੈਂ ਆਪਣੇ ਹੀ ਘਰ ਨਹੀਂ ਜਾ ਸਕਦਾ ਸੀ। ਮੈਂ ਪੰਚਾਇਤ ਸੱਦ ਲਈ। ਫਿਰ ਪਤਾ ਨਹੀਂ ਸਾਰੇ ਪਰਿਵਾਰ ਨੂੰ ਮੇਰੇ ਤੇ ਕੀ ਤਰਸ ਆਇਆ, ਉਹ ਸਾਰੇ ਹੁਸ਼ਿਆਰ ਨਾਲ ਮੂਵ ਹੋ ਗਏ। ਸਿੰਮੀ ਵੀ … ਨਿੰਦੀ ਵੀ। ਮੇਰੀ ਹਾਲਤ ਖਸਤਾ ਸੀ, ਬਹੁਤ ਹੀ ਖਸਤਾ। ਕਾਰ ਵਿਚ ਸੌਂ ਕੇ ਵੀ ਰਾਤਾਂ ਕੱਟੀਆਂ।

ਅਜੇ ਸਾਲ ਵੀ ਨਹੀਂ ਹੋਇਆ ਹੋਣਾ ਜਦੋਂ ਸਿੰਮੀ, ਮੈਨੂੰ ਫੈਕਟਰੀ ਵਿਚ ਆਕੇ ਮਿਲੀ। ਕੱਲ੍ਹ ਦੀ ਗੱਲ ... ਤੇ ਅੱਜ ਦੀ ਗੱਲ … ਬੱਸ … ਵਿਚ ਦੀ ਗੱਲ ਨੂੰ ਭੁੱਲਣ ਵਾਸਤੇ ਜੋਰ ਪਾਉਣ ਲੱਗੀ। ਪਹਿਲੀ ਵਾਰ ਐੱਮ.ਏ. ਪਾਸ ਕੁੜੀ ਨੇ ਕਾਰ ਵਿਚ ਬੈਠਿਆਂ ਦਸਵੀਂ ਪਾਸ ਅਰੂੜ ਦੇ ਪੈਰੀਂ ਹੱਥ ਲਾਇਆ।

ਮੈਂ, ਸਿੰਮੀ ਤੇ ਨਿੰਦੀ ਫਿਰ ਇੱਕ ਪਰਿਵਾਰ ਵਾਂਗ ਰਹਿਣ ਲੱਗ ਪਏ। ਮੇਰੇ ਕਈ ਸੁਆਲਾਂ ਦਾ ਜੁਆਬ ਸਿੰਮੀ ਸਿਰਫ ਅਥਰੂਆਂ ਨਾਲ ਦਿੰਦੀ ਹੈ। ਮੈਂ ਜੁਆਬਾਂ ਲਈ ਤਰਲੋਮੱਛੀ ਹਾਂ। ਮੈਂ ਜਾਣਨਾ ਚਾਹੁੰਦਾ ਹਾਂ ਕਿ ਹੁਸ਼ਿਆਰ … ਮੈਂ ਜਾਨਣਾ ਚਾਹੁੰਦਾ ਹਾਂ ਬੰਦ ਬੂਹਾ ਵੇਖਕੇ ਮੇਰਾ ਬਾਪ ਕੀ ਮਹਿਸੂਸ ਕਰਦਾ ਸੀ। ਮੈਂ ਜਾਣਨਾ ਚਾਹੁੰਦਾ ਹਾਂ ਕਿ ਬੰਦ ਬੂਹਾ ਵੇਖਕੇ ਮੇਰੀ ਮਾਂ ਖਾਣਾ ਖਾਂਦੀ ਸੀ ਕਿ ਨਹੀਂ। ਮੈਂ ਜੁਆਬਾਂ ਲਈ ਰੋਂਦਾ ਹਾਂ, ਸਿੰਮੀ ਸ਼ਾਇਦ ਮੇਰੇ ’ਤੇ ਤਰਸ ਕਰਕੇ ਇਨ੍ਹਾਂ ਦਾ ਜੁਆਬ ਦੇਵੇ।

ਪਰ ਸਿੰਮੀ ਨੂੰ ਸਿਰਫ ਅਫਸੋਸ ਹੈ, ਦੁੱਖ ਹੈ, ਦਰਦ ਹੈ। ਉਹ ਕਿਸੇ ਨਿੱਘ ਨਾਲ ਮੇਰੇ ਆਪ ਮੁਹਾਰੇ ਵਗੇ ਅੱਥਰੂ ਵੀ ਪੂੰਝਦੀ ਹੈ।

ਬਾਪੂ ਜੀ ਮੇਰੇ ਨਾਲ ਨਿਗਾਹ ਨਹੀਂ ਮਿਲਾਉਂਦੇ। ਉਨ੍ਹਾਂ ਇੱਕ ਵਾਰ ਕਿਹਾ ਸੀ, "ਅਰੂੜ ਪਹਾੜ ਜਿੱਡੀ ਜ਼ਿੰਦਗੀ ਕਿਸ ਤਰ੍ਹਾਂ ਕੱਟੇਂਗਾ, ਹੋਰ ਵਿਆਹ ਕਰਾ ਲੈ। ਸਿੰਮੀ ਤੇ ਹੁਸ਼ਿਆਰ ਬਹੁਤ ਚਲਾਕ ਨਿਕਲੇ।

ਮੈਂ ਕਿਹਾ, "ਬਾਪੂ ਜੀ ਵਿਆਹ ਤਾਂ ਨਹੀਂ ਕਰਾਉਣਾ, ਪਰ ਵਿਹਲਾ ਹਾਂ, ਜੇ ਕੋਈ ਪਰਿਵਾਰ ਲੰਘਾਉਣਾ ਹੈ ਤਾਂ ਲੰਘਾ ਲਵੋ।

ਬਾਪੂ ਜੀ ਭੁੱਬੀਂ ਰੋ ਪਏ, “ਬੇਟਾ! ਮੈਂ ਤੇਰਾ ਗੁਨਾਹਗਾਰ ਹਾਂ।”

ਮੈਂ ਤਾਂ ਵਿਆਹ ਨਹੀਂ ਕਰਵਾਇਆ ਪਰ ਹੁਸ਼ਿਆਰ ਜਰੂਰ ਵਿਆਹ ਕਰਾਉਣ ਇੰਡੀਆ ਚਲੇ ਗਿਆ।

ਖਰਾ ਹਮੇਸ਼ਾ ਖਰਾ ਹੁੰਦਾ ਏ ਪੁੱਤ! ਖੋਟੇ ਦਾ ਤਾਂ ਲੋਕੀਂ ਮੂੰਹ ਕਾਲਾ ਕਰਦੇ ਹਨ। ਅੱਜ ਨਹੀਂ ਤਾਂ ਭਲਕੇ।

ਇੱਥੇ ਬਾਪੂ ਜੀ ਸਭ ਮਸਤ ਹਨ। ਆਪਣੀ ਆਪਣੀ ਭਗਤੀ ਕਰ ਰਹੇ ਹਨ ਸਭ। ਘੋਰ ਉਦਾਸ, ਘੋਰ ਬੇਵਸ, ਲਾਚਾਰ। ਖੁੱਲ੍ਹਕੇ ਹੱਸਣ ਵਾਲੇ ਨੂੰ, ਤੇ ਖੁੱਲ੍ਹਕੇ ਰੋਣ ਵਾਲੇ ਨੂੰ ਲੋਕ ਪਾਗਲ ਸਮਝਦੇ ਹਨ।ਸੌਦਾ ਰੋਜ਼ ਤੋਲਿਆ ਜਾਂਦਾ ਹੈ ਬਾਣੀਏ ਦੀ ਹੱਟੀ ’ਤੇ। ਰਿਸ਼ਤਿਆਂ ਦੇ ਤਰਾਜ਼ੂ ਨਹੀਂ ਹੁੰਦੇ। ਮੈਂ ਕਿਨਾਰਾ ਕਰ ਲਿਆ। ਬਾਪੂ ਜੀ ਆਉਂਦੇ ਹਨ, ਕਦੇ ਕਦੇ, ਵਰ੍ਹੇ ਛਿਮਾਹੀ।

ਉੱਦਣ ਵੀ ਦਿਵਾਲੀ ਸੀ। ਐਂਤਕੀ ਮੈਨੂੰ ਪਤਾ ਸੀ ਬਈ ਦਿਵਾਲੀ ਹੈ। ਰੱਬੋਂ ਹੀ ਸ਼ਨੀਵਾਰ ਸੀ। ਜੇ ਸ਼ਨੀਵਾਰ ਨਾ ਵੀ ਹੁੰਦਾ ਤਾਂ ਵੀ ਦਿਵਾਲੀ ਮਨਾਉਣੀ ਹੀ ਮਨਾਉਣੀ ਸੀ। ਮੇਰਾ ਪੂਰਾ ਪਰੋਗਰਾਮ ਸੀ। ਬੱਸ ਜੇ ਸ਼ਨੀਵਾਰ ਨਾ ਵੀ ਹੁੰਦਾ ਤਾਂ ਮੇਰਾ ਦਿਵਾਲੀ ਮਨਾਉਣ ਦਾ ਢੰਗ ਬਦਲ ਜਾਣਾ ਸੀ। ਭਰਦਵਾਜ ਨੇ ਛੁੱਟੀ ਨਹੀਂ ਕਰਨੀ ਸੀ ਤੇ ਨਾ ਹੀ ਮੈਨੂੰ ਸੱਦਣਾ ਸੀ। ਸਾਨੂੰ ਕਿਤੇ ਹੋਰ ਜਾਣਾ ਪੈਣਾ ਸੀ। ਮੈਂ ਤੇ ਛੁੱਟੀ ਕਰਨੀ ਹੀ ਕਰਨੀ ਸੀ ਦਿਵਾਲੀ ਦੀ। ਇਸ ਤੋਂ ਚੰਗਾ ਮੌਕਾ ਤਾਂ ਹੋਰ ਕੋਈ ਮਿਲਣਾ ਨਹੀਂ ਸੀ। ਪਰ ਤੁਹਾਨੂੰ ਤਾਂ ਪਤਾ ਹੀ ਹੈ ਮੇਰੀ ਕਿਸਮਤ ਦਾ। ਜੇ ਨਹੀਂ ਪਤਾ ਤਾਂ ਸਬਰ ਕਰੋ।

ਨਾ ਤੇਰਾ ਪਾਸਪੋਰਟ ਨਹੀਂ ਦਿਸਿਆ ਮੈਨੂੰ, ਬਾਕੀ ਸਾਰੇ ਕਾਗਜ਼ ਤਾਂ ਮੈਂ ਸਾਂਭ ਲਏ ਹਨ।ਮੈਂ ਸਿੰਮੀ ਨੂੰ ਪੁੱਛਿਆ।

"ਮੇਰਾ ਪਾਸਪੋਰਟ ਤਾਂ ਤੁਸੀਂ ਆਪ ਲੈ ਗਏ ਸੀ। ਤੁਸੀਂ ਆਪ ਤਾਂ ਮੇਰਾ ਪਾਸਪੋਰਟ ਇੰਡੀਆ ਭੇਜਿਆ, ਭੁੱਲ ਗਏ?”

ਉਹ ਹਾਂ, ਯਾਦ ਆਇਆ। ਬਸ ਹੋਰ ਕੋਈ ਫਿਕਰ ਨਹੀਂ। ਬਾਕੀ ਕਾਗਜ਼-ਪੱਤਰ ਸਾਰੇ ਪੂਰੇ ਹਨ।ਮੈਂ ਸੰਤੁਸ਼ਟ ਸਾਂ। ਮੈਂ ਬਰੀਫ ਕੇਸ ਨੂੰ ਦੁਬਾਰਾ ਦੇਖਿਆ। ਅਸੀਂ ਕਾਰ ਵਿਚ ਬੈਠ ਕੇ ਭਾਰਦਵਾਜ ਦੇ ਘਰ ਪਹੁੰਚ ਗਏ। ਦੀਵੇ ਬਲੇ ਪਏ ਸਨ। ਸਾਰੇ ਘਰ ਦੇ ਦਵਾਲੇ ਲਾਈਟਾਂ ਜਗਾਮਗਾ ਰਹੀਆਂ ਸਨ। ਭਾਰਦਵਾਜ ਆਪ ਤਾਂ ਸਕਾਚ ਪੀਂਦਾ ਸੀ ਪਰ ਮੇਰਾ ਖਿਆਲ ਰੱਖਦਿਆਂ ਉਹਨੇ ਰੰਮ ਵੀ ਲਿਆਂਦੀ ਸੀ।

"ਯਾਰ ਐਵੇਂ ਵਾਧੂ ਖਰਚ ਕਾਹਨੂੰ ਕੀਤਾ?

ਨਹੀਂ, ਖਰਚ ਕਾਹਦਾ? ਸਕਾਚ ਤੈਨੂੰ ਪਚਦੀ ਨਹੀਂ ਤੇ ਜਦੋਂ ਤੇਰੇ ਸਿਰ ਨੂੰ ਚੜ੍ਹਦੀ ਹੈ, ਤੂੰ ਘਟ ਖਰਾਬ ਹੁੰਨੈ, ਅਸੀਂ ਜਿਆਦਾ। ਮੈਂ ਇਹ ਰੰਮ ਤੇਰੇ ਲਈ ਨਹੀਂ, ਆਪਣੇ ਸੁਖ ਲਈ ਲਿਆਇਆ ਹਾਂ।

ਮੇਰਾ ਧਿਆਨ ਨਾ ਸਕਾਚ ਵਿਚ ਸੀ, ਨਾ ਰੰਮ ਵਿਚ। ਮੇਰਾ ਸਾਰਾ ਧਿਆਨ ਤਾਂ ਟੈਲੀਫੋਨ ਦੀ ਘੰਟੀ ਵਲ ਸੀ। ਇਹ ਹੁਣ ਵੀ ਵੱਜੀ, ਹੁਣ ਵੀ ਵੱਜੀ। ਅਸੀਂ ਘਰੋਂ ਤੁਰੇ ਸੀ ਪੰਜ ਵੱਜਕੇ ਚਾਲੀ ਮਿੰਟ ਤੇ, ਫੋਨ ਦੀ ਘੰਟੀ ਸਾਡੇ ਛੇ ਵਜੇ ਵੱਜਣੀ ਚਾਹੀਦੀ ਸੀ। ਪਰ ਹੁਣ ਤਾਂ ਛੇ ਵੱਜਕੇ ਪੰਜਾਹ ਮਿੰਟ ਹੋ ਗਏ ਸਨ। ਮੇਰਾ ਸਾਹ ਤੇਜ਼ ਚੱਲ ਰਿਹਾ ਸੀ। ਫੋਨ ਨੇ ਟਰੈਂ ਟਰੈਂ ਕੀਤੀ, ਪੰਜ ਮਿੰਟ ਘੱਟ ਸੱਤ ’ਤੇ। ਮੈਂ ਸਿੰਮੀ ਵੱਲ ਵੇਖਿਆ, ੳਹਨੇ ਮੇਰੇ ਵੱਲ। ਮੇਰਾ ਸਾਹ ਤੇਜ ਹੋ ਗਿਆ। ਸਿੰਮੀ ਨੇ ਕਲੀਨੈਕਸ ਲੈਕੇ ਆਪਣਾ ਮੱਥਾ ਪੂੰਝਿਆ। ਮੇਰਾ ਗਲਾਸ ਖਾਲੀ ਸੀ। ਮੈਂ ਕਾਹਲੀ ਕਾਹਲੀ ਭਾਰਦਵਾਜ ਦਾ ਪੈਗ ਚੁੱਕਕੇ ਅੰਦਰ ਸੁੱਟ ਲਿਆ। ਸਾਡੀ ਬੇਚੈਨੀ ਤੋਂ ਬੇਖਬਰ ਭਾਰਦਵਾਜ ਟੈਲੀਫੋਨ ਸੁਣਨ ਵਿਚ ਮਸਤ ਸੀ। ਹੂੰ ਹਾਂ ਕਰਦਾ ਰਿਹਾ ਤੇ ਮੈਂ ਭਾਰਦਵਾਜ ਦੇ ਮੂੰਹ ਦੇ ਹਾਵ ਭਾਵ ਦੇਖਦਾ ਰਿਹਾ।

ਕੀ ਬਕਵਾਸ ਆਦਮੀ ਹੈ ਇਹ ਭਾਰਦਵਾਜ? ਇੰਨੀ ਵੱਡੀ ਘਟਨਾ ਸੁਣਕੇ ਵੀ ਮਜ਼ੇ ਨਾਲ ਫੋਨ ਸੁਣ ਰਿਹਾ। ਪੰਜ ਮਿੰਟ ਬੀਤ ਗਏ। ਮੈਂ ਸਮਝ ਗਿਆ, ਇਹ ਉਹ ਫੋਨ ਨਹੀਂ ਸੀ। ਮੈਨੂੰ ਆਪਣੀ ਪਤਨੀ ਤੇ ਗੁੱਸਾ ਆਉਣ ਲੱਗਾ। ਸਾਰਾ ਕਸੂਰ ਇਹਦਾ ਹੀ ਹੈ। ਮੈਂ ਉਹਦੇ ਵੱਲ ਅੱਖਾਂ ਕੱਢੀਆਂ। ਉਹ ਸਹਿਮ ਗਈ। ਭਾਰਦਵਾਜ ਨੇ ਫੋਨ ਕਰੈਡਿਲ ਤੇ ਰੱਖ ਦਿੱਤਾ। ਬਿਨਾਂ ਕੁਝ ਕਹੇ ਸੁਣੇ ਉਹ ਰਸੋਈ ਵਿਚ ਚਲਾ ਗਿਆ, ਚਿੱਕਨ ਡਰੰਮ ਦੀ ਪਲੇਟ ਚੁੱਕਣ।

ਨਾ ਤੂੰ ਰਹੀ ਨਾ ਬੇਵਕੂਫ ਦੀ ਬੇਵਕੂਫ।

ਨਾ ਮੈਂ ਕੀ ਕੀਤਾ?”

ਮੈਂ ਤੈਨੂੰ ਕਿਹਾ ਨਹੀਂ ਸੀ ਤੁਰਨ ਲੱਗਿਆਂ, ਗੁਆਂਢੀ ਸ਼ਰਮੇ ਦੀ ਪਤਨੀ ਨੂੰ ਦੱਸ ਦੇਵੀਂ, ਅਸੀਂ ਭਾਰਦਵਾਜ ਵੱਲ ਚੱਲੇ ਹਾਂ?”

ਜੀ, ਉਹ ਤਾਂ ਮੈਂ ਦੱਸਕੇ ਆਈ ਹਾਂ।

ਤਾਂ ਫੇਰ ਉਹਨੇ ਫੋਨ ਕਿਉਂ ਨਹੀਂ ਕੀਤਾ?”

ਜੀ ਮੈਨੂੰ ਕੀ ਪਤਾ।

ਲਗਦੀ ਪਤੇ ਦੀ। ਤੂੰ ਕਰਾਇੰਗੀ ਮੈਨੂੰ ਅੰਦਰ।ਮੈਂ ਗੁੱਸੇ ਵਿਚ ਉੱਬਲ ਰਿਹਾ ਸੀ।

ਉਇ ਕਿਉਂ ਗੁੱਸੇ ਹੁੰਨੈ ਵਰ੍ਹੇ ਵਾਲੇ ਦਿਨ। ਕੌਣ ਕਰਾਊ ਤੈਨੂੰ ਅੰਦਰ।ਭਾਰਦਵਾਜ ਨੇ ਮੇਰੀ ਅਖੀਰਲੀ ਗੱਲ ਸੁਣ ਲਈ ਸੀ।

ਕੁਝ ਨਹੀਂ ਯਾਰ, ਜਦੋਂ ਦੇਖਦੀ ਆ, ਮੁੰਡੇ ਦੇ ਧੱਫਾ ਕੱਢ ਮਾਰਦੀ ਹੈ। ਨਾ ਬੰਦਾ ਪੁੱਛੇ ਪਈ ਇਹ ਇੰਡੀਆ? ਪਈ ਨਿਆਣਿਆਂ ਦੀਆਂ ਭਾਵੇਂ ਜਟੂਰੀਆਂ ਪੱਟੀ ਜਾਓ, ਕੋਈ ਪੁੱਛਣ ਵਾਲਾ ਨਹੀਂ। ਇਹ ਬਾਈ ਕੈਨੇਡਾ ਐ, ਇੱਕ ਵਾਰੀ ਨਿਆਣਾ ਬੇਧਿਆਨੇ ਵੀ ਟੀਚਰ ਨਾਲ ਗੱਲ ਕਰ ਬੈਠਾ, ਸਾਰਾ ਟੱਬਰ ਟੰਗਿਆ ਜਾਊ ਸੂਲੀ ’ਤੇ। ਪਰ ਐਹਨੂੰ ਕੌਣ ਸਮਝਾਵੇ ਪੜ੍ਹੀ ਲਿਖੀ ਖਤੂਨ ਨੂੰ।ਮੈਂ ਸਾਰੀ ਗੱਲ ਦਾ ਰੁਖ ਹੀ ਬਦਲ ਦਿੱਤਾ। ਸਿੰਮੀ ਵੀ ਹੱਸ ਪਈ। ਉਹਨੂੰ ਮਾਣ ਹੈ ਮੇਰੇ ਤੇ। ਮੈਂ ਤਾਂ ਮਿੰਟਾਂ ਵਿਚ ਸਕੀਮਾਂ ਘੜ ਘੜ ਲਾ ਦੇਵਾਂ ਅਸਮਾਨ ਨੂੰ ਟਾਕੀਆਂ। ਇਹ ਭਾਰਦਵਾਜ ਕੀ ਸ਼ੈਅ ਹੈ।

ਭਾਰਦਵਾਜ, ਤੇਰਾ ਮਿੱਤਰ ਨਹੀਂ ਦੀਹਦਾ ਅਜੇ?ਮੈਂ ਟਿੱਚਰ ਕੀਤੀ।

ਉਹ ਆਊਗਾ ਜਰੂਰ, ਜ਼ਰਾ ਲੇਟ ਆਊ। ਪਰ ਵੈਲੀਆ, ਹਰ ਵੇਲੇ ਪੰਗਾ ਨਾ ਪਾਇਆ ਕਰ। ਤੈਨੂੰ ਕੀ, ਕੋਈ ਕੁਝ ਵੀ ਕਰੇ। ਆਪਣੀ ਆਪਣੀ ਸਮਝ ਆ। ਮੈਂ ਤਾਂ ਆਪ ਉਹਦੇ ਨਾਲ ਸਹਿਮਤ ਹਾਂ।ਭਾਰਦਵਾਜ ਨੇ ਮੇਰੇ ਵੱਲ ਟੀਰ ਨਾਲ ਵੇਖਿਆ।

ਨਾ ਮੈਂ ਕਦੋਂ ਕਹਿਨੈਂ ਤੁਸੀਂ ਗਲਤ ਹੋ? ਮੈਂ ਤਾਂ ਇਹ ਕਹਿਨਾ, ਤੁਸੀਂ ਬੇਵਕੂਫ ਹੋ। ਨਾ ਬੰਦਾ ਪੁੱਛੇ ਨਿਆਣਿਆਂ ਤੋਂ ਵੱਡਾ ਵੀ ਕੋਈ ਹੁੰਦਾ? ਜਦ ਤੁਹਾਡੇ ਨਿਆਣੇ ਹੀ ਤੁਹਾਡੇ ਨਹੀਂ ਰਹਿਣੇ, ਫੇਰ ਛਿੱਕੂ ਵਿੱਚੋਂ ਬੇਰ ਭਾਲੋਗੇ? ਆ ਦੇਖ ਲਵੋ, ਚਵਲ਼ਾਂ ਜਿਹੀਆਂ ਤੁਰੀਆਂ ਫਿਰਦੀਆਂ, ਬੇਮੁਹਾਰੀਆਂ। ਕਹਿ ਖਾਂ ਇੰਡੀਆ ਵਿਚ ਐਦਾਂ ਕਰਨ। ਨਾ ਇਹ ਡਾਲਰ ਤੁਸੀਂ ਸਿਰ ਚ ਮਾਰਨੇ ਆ?ਮੈਂ ਗੱਲ ਤਾਂ ਕਰ ਦਿੱਤੀ ਪਰ ਮੈਨੂੰ ਲੱਗਾ ਮੇਰੀ ਦਲੀਲ ਵਿਚ ਬਾਹਲਾ ਵਜਨ ਨਹੀਂ ਸੀ। ਇਹ ਮੈਨੂੰ ਹੋ ਕੀ ਗਿਆ ਹੈ। ਪਹਿਲਾਂ ਤਾਂ ਮੈਂ ਇਸ ਤਰ੍ਹਾਂ ਨਹੀਂ ਸੋਚਦਾ ਸੀ। ਇਹੋ ਗੱਲ ਮੈਨੂੰ ਪਹਿਲਾਂ ਦਲੀਲ ਵਾਲੀ ਲਗਦੀ ਸੀ, ਹੁਣ ਨਹੀਂ ਲਗਦੀ। ਗੱਲ ਤਾਂ ਮੇਰੀ ਠੀਕ ਸੀ ਪਰ ਮੇਰੇ ਤੋਂ ਠੀਕ ਕਹਿ ਨਾ ਹੋਈ। ਬੱਸ ਐਨਾ ਹੀ ਫਰਕ ਹੈ ਮੇਰੇ ਤੇ ਮਹਿੰਦਰ ਵਿਚ। ਉਸਦੀ ਹਰ ਗੱਲ ਵਿਚ ਜ਼ਹਿਰ ਹੁੰਦਾ ਹੈਪਰ ਲਗਦਾ ਨਹੀਂ। ਗੱਲ ਕਰਨ ਦਾ ਤਰੀਕਾ ਪਤਾ ਨਹੀਂ ਉਹਨੇ ਕਿੱਥੋਂ ਸਿੱਖਿਆ। ਸਾਲਾ ਠਹਿਰਾ ਠਹਿਰਾ ਕੇ ਗੱਲ ਕਰੂ, ਜਿਵੇਂ ਓਵਰ ਸਪੀਡ ਨੂੰ ਬਰੇਕਾਂ ਲਾਈਦੀਆਂ। ਮੇਰਾ ਤੇ ਉਹਦੇ ਮੱਥੇ ਲੱਗਣ ਨੂੰ ਜੀਅ ਨਹੀਂ ਕਰਦਾ। ਨਾ ਜਿਹੜਾ ਆਪਣੀ ਮਾਂ ਦਾ ਨਹੀਂ, ਜਿਹਦਾ ਆਪਣੀ ਮਿੱਟੀ ਨਾਲ ਹੀ ਮੋਹ ਨਹੀਂ, ਉਹ ਕੋਈ ਬੰਦਾ! ਅੱਬ ਯਹੀ ਅਪਨਾ ਮੁਲਕ ਹੈ।ਨਾ ਕੱਲ੍ਹ ਨੂੰ ਇੱਥੋਂ ਅਫਰੀਕਾ ਚਲੇ ਜਾਈਂ, ਫੇਰ ਇਹੋ ਕਹੀਂ ਅੱਬ ਯਹੀ ਹਮਾਰਾ ਮੁਲਕ ਹੈ। ਪਰ ਇੱਕ ਗੱਲ ਪੱਕੀ ਆ ਜੇ ਘੁੰਮਦਾ ਘੁੰਮਦਾ ਇੰਡੀਆ ਵੱਲ ਨਿੱਕਲ ਗਿਆ ਫੇਰ ਮੱਤ ਬੋਲੇ ਅੱਬ ਯਹੀ ਹਮਾਰਾ ਮੁਲਕ ਹੈ।ਭਾਰਦਵਾਜ਼ ਦਾ ਹਾਸਾ ਨਿਕਲ ਗਿਆ।

ਨਾ ਤੂੰ ਕਿਉਂ ਦੰਦ ਕੱਢੀ ਜਾਨਾਂ। ਤੂੰ ਵੀ ਤੇ ਉਹਦੀ ਕਾਰਬਨ ਕਾਪੀ ਹੈਂ।ਮੈਂ ਭਾਰਦਵਾਜ ਵੱਲ ਦੇਖਿਆ। ਇਹ ਭਾਰਦਵਾਜ ਵੀ ਅਜੀਬ ਸ਼ੈਅ ਹੈ, ਦੋਵੇਂ ਪਾਸੇ ਪੈਰ ਰੱਖੂ। ਪਰ ਬੰਦਾ ਖਰਾ। ਖਰੇ ਬੰਦੇ ਦਾ ਗੁੱਸਾ ਨਹੀਂ ਕਰਨਾ ਚਾਹੀਦਾ।

ਵੇਖ, ਮੇਰੀ ਸੁਣ ਗੱਲ,ਤੁਸੀਂ ਦੋਵੇਂ ਮੇਰੇ ਯਾਰ ਹੋ। ਉਹ ਕੈਨੇਡਾ ਨੂੰ ਚੰਗਾ ਕਹਿੰਦਾ ਤੇ ਤੂੰ ਇੰਡੀਆ ਦੀ ਰਟ ਲਾਈ ਜਾਨੈ। ਨਾ ਤੂੰ ਕੈਨੇਡਾ ਛੱਡਣਾ ਤੇ ਨਾ ਉਹਨੇ ਇੰਡੀਆ। ਬਿੱਲੀਆਂ ਦੀਆਂ ਪੂਛਾਂ ਸਿੱਧੀਆਂ ਖੜ੍ਹ ਗਈਆਂ ਤੇ ਮੈਨੂੰ ਦੋਵੇਂ ਬਿੱਲੀਆਂ ਪਿਆਰੀਆਂ, ਬੱਸ ਉਹਨਾਂ ਦੀਆਂ ਪੂਛਾਂ ਤੇ ਮੈਨੂੰ ਗੁੱਸਾ ਨਹੀਂ, ਹਾਸਾ ਆਉਂਦਾ। ਮੇਰੇ ਹਾਸੇ ਦਾ ਗੁੱਸਾ ਤੁਸੀਂ ਕਰਦੇ ਨਹੀਂ ਤੇ ਮੈਂ ਖੁਸ਼।ਭਾਰਦਵਾਜ਼ ਨੇ ਆਪਣਾ ਸਿੱਧੜਪੁਣਾ ਨੰਗਾ ਕੀਤਾ।

ਚੱਲ ਛੱਡ, ਅਜੇ ਤੱਕ ਆਇਆ ਕਿਉਂ ਨਹੀਂ ਤੇਰਾ ਮਿੱਤਰ?

ਨਾ ਮੇਰਾ ਉਹ `ਕੱਲੇ ਦਾ ਮਿੱਤਰ ਆ? ਤੇਰਾ ਨਹੀਂ?”

ਨਾ ਐਹੋ ਜਿਹੀ ਤਾਂ ਕੋਈ ਗੱਲ ਨਹੀਂ, ਮਿੱਤਰ ਆ ਸਾਡਾ ਵੀ ਪਰ ਉਹਦੀ ਪਾਲਸੀ ਜ਼ਰਾ ਗਲਤ ਹੈ। ਐਵੇਂ ਗੋਰਿਆਂ ਤੋਂ ਕੰਨ ਭੰਨਦਾ, ਈਨ ਜਹੀ ਮੰਨੀ ਬੈਠਾ।ਟੈਲੀਫੋਨ ਦੀ ਘੰਟੀ ਨੇ ਮੇਰੀ ਗੱਲ ਕੱਟ ਦਿੱਤੀ। ਮੈਨੂੰ ਐਂਤਕੀ ਟੈਲੀਫੋਨ ਦੀ ਘੰਟੀ ਦੀ ਅਵਾਜ਼ ਕੁਝ ਉੱਚੀ ਲੱਗੀ। ਭਾਰਦਵਾਜ ਨੇ ਅਵਾਜ਼ ਮਾਰੀ, "ਜ਼ਰਾ ਫੋਨ ਚੁਕਿਓ।

ਉਸਦੀ ਅਵਾਜ਼ ਦਾ ਕਿਸੇ ਵੀ ਹੁੰਗਾਰਾ ਨਾ ਦਿੱਤਾ। ਸ਼ਾਇਦ ਸਰਲਾ ਵਾਸ਼ਰੂਮ ਵਿਚ ਸੀ। ਘੰਟੀ ਲਗਾਤਾਰ ਵੱਜ ਰਹੀ ਸੀ। ਮੈਨੂੰ ਭਾਰਦਵਾਜ ਬੈਠਾ ਜ਼ਹਿਰ ਲੱਗ ਰਿਹਾ ਸੀ। ਘੰਟੀ ਦੀ ਅਵਾਜ਼ ਨਾਲ ਬੱਝੇ ਸੁਪਨੇ ਮੈਨੂੰ ਖੇਰੂੰ ਖੇਰੂੰ ਹੁੰਦੇ ਲੱਗੇ। ਮੈਂ ਆਪਣੀ ਖਿਝ ਨੂੰ ਲੁਕੋਦਿਆਂ ਭਾਰਦਵਾਜ ਨੂੰ ਕਿਹਾ, "ਫੋਨ ਕਿਉਂ ਨਹੀਂ ਚੁੱਕਦਾ?”

ਭਾਰਦਵਾਜ ਫੋਨ ਚੁੱਕਣ ਲਈ ਉੱਠਿਆ ਪਰ ਜਦ ਤੱਕ ਉਹ ਫੋਨ ਤੱਕ ਪਹੁੰਚਿਆ, ਫੋਨ ਦੀ ਘੰਟੀ ਬੰਦ ਹੋ ਚੁੱਕੀ ਸੀ। ਮੇਰੀ ਸਾਰੀ ਪੀਤੀ ਲਹਿ ਗਈ। ਮੈਂ ਸਿੰਮੀ ਵੱਲ ਦੇਖਿਆ। ਉਹ ਸਹਿਮੀ ਹੋਈ ਮੇਰੇ ਵੱਲ ਹੀ ਦੇਖ ਰਹੀ ਸੀ। ਪਤਾ ਨਹੀਂ ਕਿਉਂ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਮੈਨੂੰ ਲੱਗਾ ਮੇਰਾ ਮੱਥਾ ਠੰਢਾ ਹੋ ਰਿਹਾ ਸੀ। ਮੇਰਾ ਸਾਹ ਵੀ ਤੇਜ਼ ਹੋ ਰਿਹਾ ਸੀ। ਝੂਠ ਦੇ ਪੈਰ ਨਹੀਂ ਹੁੰਦੇ। ਮੈਨੂੰ ਇੱਕਦਮ ਯਾਦ ਆਇਆ … ਲਾਈ ਡੀਟੈਕਟਰ ਮਸ਼ੀਨ ...! ਇੱਕਦਮ ਮੇਰੇ ਅੱਗੇ ਹਨੇਰਾ ਛਾ ਗਿਆ।

ਟੈਲੀਫੋਨ ਯਕੀਨਨ ਸ਼ਰਮੇ ਦਾ ਸੀ। ਸ਼ਾਇਦ ਨਾ ਹੀ ਹੋਵੇ। ਮੈਂ ਘੜੀ ਵੱਲ ਦੇਖਿਆ। ਸੱਤ ਵੱਜ ਕੇ ਅਠਤਾਲੀ ਮਿੰਟ ਹੋ ਚੁੱਕੇ ਸਨ। ਭਾਰਦਵਾਜ ਚਿਕਨ ਦੀ ਟਰੇਅ ਲਈ ਆਉਂਦਾ ਸੀ। ਉਸਨੇ ਟਰੇਅ ਮੇਰੇ ਸਾਹਮਣੇ ਕੀਤੀ। ਚਿੱਕਨ ਦੇਖਕੇ ਮੇਰਾ ਕਾਲਜਾ ਬਾਹਰ ਨੂੰ ਆਉਂਣ ਲੱਗਾ। ਮੈਂ ਬੱਤ ਜਿਹਾ ਲਿਆ। "ਨਹੀਂ ਭਾਰਦਵਾਜ, ਮੰਨ ਨਹੀਂ ਮੰਨਦਾ।

ਕਿਉਂ ਖਾਲੀ ਪੇਟ … ਕੁਝ ਤਾਂ ਲੈ, ਚਲ ਲੈ, ਐਵੇਂ ਨਾ ਮਾਰ।ਉਹਨੇ ਮੇਰੀ ਪਲੇਟ ਵਿਚ ਦੋ ਪੀਸ ਚਿਕਨ ਦੇ ਰੱਖ ਦਿੱਤੇ। ਮੇਰਾ ਦਿਲ ਕਰੇ ਇੱਥੋਂ ਭੱਜ ਜਾਵਾਂਬਾਹਰ ਠੰਢੀ ਹਵਾ ਵਿਚ ਜਾਕੇ ਸਾਹ ਲਵਾਂ। ਖੁੱਲ੍ਹੇ ਅਸਮਾਨ ਥੱਲੇ ਖਲੋ ਕੇ ਆਪਣੇ ਕੀਤੇ ਬਾਰੇ ਸੋਚਾਂ। ਇਹ ਚਿਕਨ, ਇਹ ਲਿਵਿੰਗ ਰੂਮ, ਇਹ ਬੰਧਨ, ਇਹ ਭਾਰਦਵਾਜ, ਉਹਦਾ ਘਰ ਮੇਰੇ ਦੁਆਲੇ ਜਿਵੇਂ ਕੋਈ ਜਾਲ ਜਿਹਾ ਹੀ ਬੁਣਿਆ ਜਾ ਰਿਹਾ ਹੋਵੇ। ਮੈਂ ਫੇਰ ਫੋਨ ਨੂੰ ਘੂਰਨ ਲੱਗਾ।

ਡੋਰ ਬੈੱਲ ਵੱਜੀ। ਭਾਰਦਵਾਜ ਇੱਕ ਦਮ ਉੱਠਿਆ। ਮੈਨੂੰ ਇੱਕ ਵਾਰ ਫੇਰ ਕਾਂਬਾ ਛਿੜ ਗਿਆ। ਸਿੰਮੀ ਵੀ ਸਹਿਮ ਗਈ। ਮੈਨੂੰ ਲੱਗਾ ਜਿਵੇਂ ਡੋਰ ਬੈਲ ਤੋਂ ਫੌਰਨ ਬਾਦ ਕੋਈ ਬੈਂਤ ਨਾਲ ਡੋਰ ਨੂੰ ਠਕੋਰ ਰਿਹਾ ਹੋਵੇ।

ਹਾਓ ਡੇਅਰ ਯੂ?” ਮੈਂ ਦਿਲ ਵਿਚ ਸੋਚਿਆ, ਮੈਂ ਇਹੋ ਕਹਾਂਗਾ।

ਬਾਹਰ ਹੱਸਣ ਦੀ ਅਵਾਜ਼ ਆਈ। ਮਹਿੰਦਰ ਸੀ। ਉਹਦੇ ਦੋ ਬੱਚੇ ਤੇ ਉਹਦੀ ਵਾਈਫ ਸੀਤਲ ਸੀ। ਮੇਰੇ ਸਾਹ ਵਿਚ ਸਾਹ ਆਇਆ, ਪਰ ਕਿੰਨਾ ਕੁ ਚਿਰ। ਆਖਰ ਤਾਂ ਮੁਸੀਬਤ ਨੇ ਆਉਣਾ ਹੀ ਆਉਂਣਾ ਹੈ। ਮੈਂ ਇੰਨਾ ਨੈਗੇਟਿਵ ਕਿਉਂ ਸੋਚਦਾ ਹਾਂ। ਜੇ ਪਾਸਾ ਸਿੱਧਾ ਪੈ ਗਿਆ ਤਾਂ ਪੌਂ ਬਾਰਾਂ ਵੀ ਤਾਂ ਹੋਣੀਆਂ ਹਨ।

ਮਹਿੰਦਰ ਸ਼ੂਅ ਲਾਹਕੇ ਜੈਕਟ ਟੰਗ ਕੇ ਲਿੰਗ ਰੂਮ ਦੇ ਅੰਦਰ ਆ ਗਿਆ। ਮੈਂ ਉੱਠਕੇ ਹੱਥ ਮਿਲਾਇਆ।

ਦਿਵਾਲੀ ਮੁਬਾਰਕ!ਉਹ ਬੋਲਿਆ।

ਤੈਨੂੰ ਵੀ।ਮੈਂ ਜੁਆਬ ਦਿੱਤਾ।

ਕੀ ਗੱਲ, ਅੱਜ ਐਨੀ ਦੇਰ ਕਿਉਂ ਕਰ ਦਿੱਤੀ।ਭਾਰਦਵਾਜ ਨੇ ਘੜੀ ਵੱਲ ਦੇਖਿਆ। ਨੌਂ ਵੱਜ ਰਹੇ ਸਨ।

ਯਾਰ ਅੱਜ ਛੋਟੂ ਦਾ ਲੈਸਨ ਸੀ, ਵਾਇਲੈਨ ਦਾ। ਉਹ ਮਿਸ ਨਹੀਂ ਸੀ ਕਰ ਸਕਦਾ। ਉਹ ਮਿਊਜ਼ਿਕ ਵਿਚ ਬਹੁਤ ਰੁਚਿਤ ਹੈ। ਮੈਨੂੰ ਤਾਂ ਐਨਾ ਪਤਾ ਨਹੀਂ ਸੀ ਪਰ ਇਹਦੀ ਟੀਚਰ ਬਾਰ ਬਾਰ ਜ਼ੋਰ ਦੇਂਦੀ ਰਹੀ। ਉਹਦੇ ਜ਼ੋਰ ਦੇਣ ਤੇ ਮੈਂ ਇਹਨੂੰ ਇਸ ਪਾਸੇ ਪਾਇਆ ਹੈ। ਪੜ੍ਹਨ ਵਿਚ ਤਾਂ ਇਹ ਹੁਸ਼ਿਆਰ ਹੈ ਹੀ, ਆਪਣੀ ਹੌਬੀ ਵਲ ਵੀ ਇਹ ਪੂਰੀ ਚੇਤੰਨ ਹੈ। ਸਕੂਲ ਵਾਲੇ ਵੀ ਪੂਰੇ ਯਤਨ ਵਿਚ ਹਨ ਕਿ ਇਹ ਇਸ ਵਿਚ ਪੂਰੀ ਪ੍ਰਵੀਨ ਹੋਵੇ। ਮੈਂ ਤਾਂ ਯਾਰ ਕਾਇਲ ਹਾਂ ਇੱਥੋਂ ਦੇ ਸਕੂਲ ਸਿਸਟਮ ਦਾ। ਮੇਰੇ ਨਾਲੋਂ ਜਿਆਦਾ ਫਿਕਰ ਕਰਦੇ ਹਨ ਬੱਚਿਆਂ ਦਾ।ਮਹਿੰਦਰ ਨੇ ਆਉਂਦਿਆਂ ਹੀ ਆਪਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ।

ਸਾਡੀ ਬਹਿਸ ਹੀ ਇੱਥੋਂ ਸ਼ੁਰੂ ਹੁੰਦੀ ਸੀ। ਮੈਨੂੰ ਲੱਗਾ ਜਿਵੇਂ ਉਹ ਮੈਨੂੰ ਹੀ ਸੁਣਾ ਰਿਹਾ ਹੋਵੇ। ਮੈਂ ਅੱਜ ਮੂਡ ਵਿਚ ਨਹੀਂ ਸੀ। ਫੇਰ ਵੀ ਮੈਥੋਂ ਕਹਿ ਹੋ ਗਿਆ," ਸ੍ਰੀ ਮਾਨ ਜੀ, ਪਤਾ ਤਾਂ ਉਦੋਂ ਲੱਗੂ ਜਦੋਂ ਨਿਆਣੇ ਉਡਾਰ ਹੋਕੇ ਕੈਨੇਡੀਅਨ ਬਣੇ। ਜਦੋਂ ਲਾਏ ਨਾ ਇਨ੍ਹਾਂ ਮੈਰੂਆਨਾ ਦੇ ਸੂਟੇ, ਫੇਰ ਅੱਖਾਂ ਵਿਚ ਘਸੁੰਨ ਦੇਕੇ ਰੋਵੇਂਗਾ।

ਭਾਰਦਵਾਜ ਨੇ ਮੂੰਹ ਤੇ ਉਂਗਲ ਰੱਖਕੇ ਮੈਨੂੰ ਚੁੱਪ ਰਹਿਣ ਦੀ ਪੁਰਜ਼ੋਰ ਅਪੀਲ ਕੀਤੀ।

ਹਾਂ ਬਈ, ਦੱਸ ਕੀ ਪੀਏਂਗਾ?”

ਮੈਂ ਤਾਂ ਬੀਅਰ ਲਵਾਂਗਾ।

ਹਾਂ ਦੇ ਇਹਨੂੰ ਵੱਡੇ ਅੰਗਰੇਜ਼ ਨੂੰ ਕੱਚੀ ਲੱਸੀ। ਇਹਨੂੰ ਪੱਕੀ ਪੀਕੇ ਕਿਤੇ ਯਾਦ ਨਾ ਆ ਜਾਏ ਆਪਣੀ ਮਿੱਟੀ।ਮੈਂ ਗੱਲ ਖਤਮ ਕੀਤੀ ਤੇ ਰੰਮ ਦਾ ਭਰਿਆ ਗਲਾਸ ਚੁੱਕਕੇ ਮੂੰਹ ਨੂੰ ਲਾਇਆ।

ਸਿੰਮੀ, ਸੀਤਲ, ਬੇਟੇ ਤੁਸੀਂ ਉੱਪਰ ਆ ਜਾਉ ਨਾਲੇ ਨਿਆਣਿਆਂ ਨੂੰ ਵੀ ਲੈ ਆਉ। ਇਹ ਗੇਮ ਖੇਡ ਲੈਣ।ਭਾਰਦਵਾਜ ਦੀ ਮਾਤਾ ਨੇ ਉੱਪਰੋਂ ਅਵਾਜ਼ ਦਿੱਤੀ। ਸਿੰਮੀ ਤੇ ਸੀਤਲ ਨਿਆਣੇਂ ਲੈਕੇ ਉੱਪਰ ਚਲੇ ਗਈਆਂ। ਭਾਰਦਵਾਜ ਨੇ ਮਹਿੰਦਰ ਨੂੰ ਠੰਢੀ ਬੀਅਰ ਤੇ ਗਲਾਸ ਫੜਾਇਆ।

ਮੇਰਾ ਦਿਲ ਕੀਤਾ ਮੈਂ ਸ਼ਰਮੇ ਨੂੰ ਫੋਨ ਕਰਾਂ। ਪਰ ਫਿਰ ਸੋਚਿਆ, ਮੇਰਾ ਫੋਨ ਕੀਤਾ ਠੀਕ ਨਹੀਂ ਰਹਿਣਾ। ਉਹਦਾ ਹੀ ਆਵੇ ਤਾਂ ਚੰਗਾ। ਪਰ ਉਹਦਾ ਫੋਨ ਹੁਣ ਤੱਕ ਆ ਜਾਣਾ ਚਾਹੀਦਾ ਸੀ। ਹੋ ਸਕਦਾ ਹੈ ਉਹ ਵੀ ਦਿਵਾਲੀ ਦੇ ਜਸ਼ਨ ਤੇ ਕਿਤੇ ਗਏ ਹੋਣ ਤੇ ਘਰੇ ਹੀ ਕੋਈ ਨਾ ਹੋਵੇ। ਹੋ ਸਕਦਾ ਹੈ ਹਫੜਾ ਦਫੜੀ ਵਿਚ ਉਹ ਵੀ ਲਪੇਟੇ ਗਏ ਹੋਣ।

ਹਾਂ ਬਈ ਕਿੱਦਾਂ ਚਲਦੀ ਹੈ ਜ਼ਿੰਦਗੀ ਅੱਜਕਲ। ਹੁਣ ਤਾਂ ਨਹੀਂ ਜਾ ਹੋਣਾ ਤੇਰੇ ਕੋਲੋਂ ਇੰਡੀਆ।ਮਹਿੰਦਰ ਨੇ ਬੀਅਰ ਸਿੱਪ ਕਰਦਿਆਂ ਮੈਨੂੰ ਪੁੱਛਿਆ।

ਨਾ ਜਾ ਕਿਉਂ ਨਹੀਂ ਹੋਣਾ ਇੰਡੀਆ ਮੇਰੇ ਕੋਲੋਂ?”

ਇੰਡੀਆ ਖਾਲੀ ਹੱਥ ਜਾਇੰਗਾ? ਘਰਾਂ ਦੀਆਂ ਕੀਮਤਾਂ ਤਾਂ ਅੱਧੀਆਂ ਵੀ ਨਹੀਂ ਰਹੀਆਂ। ਅਜੇ ਕੀਮਤਾਂ ਚੜ੍ਹਨ ਦੀ ਦੋ ਚਾਰ ਸਾਲ ਕੋਈ ਉਮੀਦ ਨਹੀਂ। ਉਦੋਂ ਤੱਕ ਤੇਰੇ ਨਿਆਣਿਆਂ ਨੇ ਹਾਈ ਸਕੂਲ ਪਾਸ ਕਰ ਲੈਣਾ। ਫੇਰ ਨਾ ਉਹ ਗਏ ਇੰਡੀਆ ਮਿੱਤਰਾ। ਮੇਰੀ ਮੰਨ ਤੇ ਇੰਡੀਆ ਵਾਪਸ ਜਾਣ ਦਾ ਸੋਚਣਾ ਛੱਡਕੇ ਇੱਥੋਂ ਦੀ ਸੋਚ। ਬੜਾ ਵਧੀਆ ਸਿਸਟਮ ਹੈ।ਮਹਿੰਦਰ ਨੇ ਗੱਲ ਖਤਮ ਕਰਕੇ ਦੰਦਾਂ ਵਿਚ ਡੱਕਾ ਲੈ ਲਿਆ।

ਨਾ ਸਿਸਟਮ ਹੋਊ ਤੇਰੇ ਲਈ। ਜਿਹਨੂੰ ਨਾ ਕੋਈ ਸੰਗ, ਨਾ ਸ਼ਰਮ। ਰਬੋਟ ਵਾਂਗ ਉੱਠੋ ਤੇ ਰਬੋਟ ਵਾਂਗ ਸੌਂਵੋਂ। ਜੀਂਦੇ ਜਾਗਦੇ ਬੰਦਿਆਂ ਦੀਆਂ ਜਰੂਰਤਾਂ ਦਾ ਤੈਨੂੰ ਕਿੱਥੇ ਅਹਿਸਾਸ?” ਮੈਂ ਗੱਲ ਖਤਮ ਕਰਕੇ ਫੇਰ ਟੈਲੀਫੋਨ ਵੱਲ ਦੇਖਿਆ।

ਉਏ ਤੁਸੀਂ ਫੇਰ ਨਾ ਲੜ ਪਿਓ।ਭਾਰਦਵਾਜ ਨੇ ਤੌਖਲਾ ਪ੍ਰਗਟ ਕੀਤਾ।

ਉਏ ਨਹੀਂ ਮੈਂ ਨਹੀਂ ਲੜਦਾ। ਮੈਂ ਲੜੂੰ ਤਾਂ ਕਿਸੇ ਮਰਦ ਨਾਲ ਲੜੂੰ। ਯਾਰ ਸਿੱਧੀ ਜਿਹੀ ਗੱਲ ਤੁਹਾਡੇ ਦਿਮਾਗ ਵਿਚ ਕਿਉਂ ਨਹੀਂ ਆਉਂਦੀ। ਇਹ ਸਾਡਾ ਮੁਲਕ ਨਹੀਂ। ਸਾਡਾ ਇੱਥੇ ਗੁਜ਼ਾਰਾ ਨਹੀਂ। ਮੈਂ ਜਾਣਦਾ ਸਾਲੇ ਚਿੱਟਿਆਂ ਨੂੰ, ਹੱਥ ਧੋਂਦੇ ਨਹੀਂ ਕਦੇ। ਜਦੋਂ ਵੇਖੋ, ਬੀਅਰ ਪੀ ਲਓ, ਜਾਂ ਸਿਗਰਟ ਖਿੱਚ ਲਓ।

ਮਹਿੰਦਰ ਹੱਸਣ ਲੱਗ ਪਿਆ ਤੇ ਬੋਲਿਆ, "ਫੇਰ ਉਦੋਂ ਬੀਅਰ ਕਿਉਂ ਪੀਤੀ ਸੀ ਮਾਈਕਲ ਕੋਲੋਂ? ਜਦੋਂ ਤੇਰੇ ਮੁੰਡਾ ਹੋਇਆ ਸੀ?

ਉਹ ਤਾਂ ਮੈਂ ਡਰਦਾ ਪੀ ਗਿਆ ਸੀ। ਸਾਲੇ ਲੰਡਰ ਜਿਹੇ ਚਾਰ ਜਣੇ ਸਨ। ਨਾਂਹ ਕਰਕੇ ਮੈਂ ਕੁਟ ਖਾਣੀ ਸੀ? ਕੋਈ ਨਾ ਪੁੱਤ ਤੁਹਾਨੂੰ ਰੱਬ ਵੇਖੂ।

ਆਹੋ ,ਜਿੱਦਾਂ ਤੈਨੂੰ ਰੱਬ ਦੇਖ ਰਿਹਾ।ਮਹਿੰਦਰ ਨੇ ਫੇਰ ਸ਼ੁਰਲੀ ਛੱਡ ਦਿੱਤੀ।

ਕੀ ਮਤਲਬਮੈਂ ਅੱਖਾਂ ਸੰਗੋੜੀਆਂ।

ਮਤਲਬ ਤੂੰ ਕਿਹੜਾ ਸੁਖੀ ਹੈ।

ਚਲ ਮੈਂ ਸੁਖੀ ਨਾ ਸਹੀ, ਇਨ੍ਹਾਂ ਵਰਗਾ ਕਮੀਨਾ ਤਾਂ ਨਹੀਂ।ਮੈਂ ਆਪਣੀ ਕਮੀਜ਼ ਦਾ ਕਾਲਰ ਥੋੜ੍ਹਾ ਉੱਪਰ ਚੁੱਕਿਆ।

ਵੇਖ ਯਾਰ ਮੇਰੇ, ਤੈਨੂੰ ਇੱਥੇ ਆਏ ਨੂੰ ਚੌਦਾਂ ਪੰਦਰਾਂ ਸਾਲ ਹੋ ਗਏ ਹਨ। ਐਵੇਂ ਪੈਸੇ ਖਰਾਬ ਨਾ ਕਰ। ਜੋ ਹੋ ਗਿਆ, ਸੋ ਹੋ ਗਿਆ। ਬੰਦਾ ਬਣਕੇ ਪਿਛਲਾ ਕਿੱਸਾ ਖਤਮ ਕਰ ਤੇ ਇਕਾਗਰ ਹੋਕੇ ਇੱਥੋਂ ਦਾ ਸੋਚ। ਆਪਣਾ ਤੇ ਬੱਚਿਆਂ ਦਾ ਬੱਸ। ਮਹਿੰਗਾ ਘਰ ਖਰੀਦਿਆ ਸੀ ਬਈ ਹੋਰ ਮਹਿੰਗਾ ਹੋਊ, ਵੇਚ ਵੱਟ ਕੇ ਰਾਹ ਪਵਾਂਗੇ। ਐਵੇਂ ਕੁਰਾਹੇ ਨਾ ਪੈ। ਤਕੜਾ ਹੋਕੇ ਕੰਮ ਕਰ। ਅਸੀਂ ਤੈਨੂੰ ਉਦੋਂ ਡੱਕਦੇ ਰਹੇ। ਪਰ ਤੇਰੇ ਸਿਰ ਤੇ ਤਾਂ ਭੂਤ ਸੁਆਰ ਸੀ। ਅਜੇ ਵੀ ਕੁਝ ਨਹੀਂ ਵਿਗੜਿਆ। ਹੌਲੀ ਹੌਲੀ ਘਰ ਵੀ ਤੇਰੀ ਪਕੜ ਵਿਚ ਆ ਜਾਵੇਗਾ। ਡਿੰਗੂ ਡਿੰਗੂ ਕੀਤਿਆਂ ਕੁਝ ਨਹੀਂ ਬਣਨਾ।

ਮੈਂ ਮਹਿੰਦਰ ਦੀਆਂ ਗੱਲਾਂ ਸੁਣ ਰਿਹਾ ਸੀ। ਪਰ ਅੱਜ ਮੇਰਾ ਕੋਈ ਵੀ ਦਲੀਲ ਘੜਨ ਨੂੰ ਦਿਲ ਨਹੀਂ ਕਰਦਾ ਸੀ। ਇਹਨੂੰ ਤਾਂ ਪਤਾ ਲੱਗੂ ਹੋਰ ਹਫਤੇ ਦਸ ਦਿਨ ਤੱਕ। ਜਦੋਂ ਯਾਰ ਹੁਰਾਂ ਸਮਾਨ ਬੰਨ੍ਹਿਆਂ ਇੰਡੀਆ ਨੂੰ। ਮੈਂ ਤੇ ਨਿਆਣਿਆਂ ਦੀ ਐਡਮਿਸ਼ਨ ਦਾ ਪ੍ਰਬੰਧ ਵੀ ਕਰ ਲਿਆ ਹੈ। ਪਰ ਇਹ ਸਾਲਾ ਫੋਨ ਕਿਉਂ ਨਹੀਂ ਆਇਆ ਸ਼ਰਮੇ ਦਾ?

ਅਗਲੇ ਸਾਲ ਨਿੰਦੀ ਹਾਈ ਸਕੂਲ ਜਾ ਰਿਹੈ?” ਭਾਰਦਵਾਜ ਨੇ ਪੁੱਛਿਆ।

ਹਾਂ।ਮੈਂ ਕਿਹਾ।

ਦੇਖ ਉਹਦੇ ਸਬਜੈਕਟਾਂ ਦਾ ਖਿਆਲ ਰੱਖੀਂ। ਕਿਤੇ ਅਪਲਾਈਡ ਸਬਜੈਕਟ ਨਾ ਲਵੇ। ਗਰੇਡ ਤਾਂ ਠੀਕ ਚੱਲ ਰਿਹੈ ਨਾ ਉਹਦਾ?”ਮਹਿੰਦਰ ਨੇ ਮੇਰੇ ਮੁੰਡੇ ਲਈ ਫਿਕਰ ਜ਼ਾਹਰ ਕੀਤਾ।

ਗਰੇਡ? ਕੀ ਮਤਲਬ?” ਮੈਂ ਪੁੱਛਿਆ।

ਪੇਰੇੈਂਟਸ ਡੇ ਤੇ ਜਾਇਆ ਕਰ, ਟੀਚਰ ਨੂੰ ਮਿਲਣ।ਭਾਰਦਵਾਜ ਨੇ ਕਿਹਾ।

ਮੇਰੇ ਕੋਲ ਐਨਾ ਟਾਈਮ ਕਿੱਥੇ? ਸਿੰਮੀ ਜਾਂਦੀ ਆ ਕਦੇ ਕਦੇ। ਵੈਸੇ ਪਾਸ ਹੋਈ ਜਾਂਦਾ ਹਰ ਸਾਲ। ਨਾਲੇ ਮੈਂ ਕਿਹੜਾ ਇਹਦੇ ਕੋਲੋਂ ਨੌਕਰੀ ਕਰਵਾਉਣੀਆਂ। ਇੰਡੀਆ ਲੈ ਜਾਣਾ, ਮੌਜਾਂ ਲੁੱਟੂ ਉੱਥੇ।

ਗੁੱਡੀ ਦੀ ਪੜ੍ਹਾਈ ਕਿੱਦਾਂ?” ਭਾਰਦਵਾਜ ਨੇ ਫਿਰ ਪੁੱਛਿਆ।

ਉਹ ਤਾਂ ਅਜੇ ਤੀਸਰੀ ਚ ਪੜ੍ਹਦੀ ਆ। ਮੈਂ ਉਹਨੂੰ ਇੱਥੇ ਪ੍ਹਾਕੇ ਰਾਜ਼ੀ ਹੀ ਨਹੀਂ।ਮੈਂ ਦ੍ਰਿੜਤਾ ਨਾਲ ਕਿਹਾ। ਮੈਂ ਘੜੀ ਵੱਲ ਦੇਖਿਆ ਸਵਾ ਦਸ ਵੱਜ ਚੁੱਕੇ ਸਨ। "ਚੰਗਾ ਭਾਰਦਵਾਜ ਬਸ ਕਰੀਏ ਹੁਣ ਸਵੇਰੇ ਕੰਮ ’ਤੇ ਵੀ ਜਾਣਾ।ਮੈਂ ਐਤਵਾਰ ਵਾਲੇ ਪਾਰਟ ਟਾਈਮ ਕੰਮ ਬਾਰੇ ਯਾਦ ਕਰਾਉਂਦਿਆਂ ਫਿਕਰਮੰਦ ਹੁੰਦਿਆਂ ਕਿਹਾ।

ਕੰਮ ਤੇ ਤਾਂ ਜਰੂਰ ਜਾਈਂ, ਰੋਕਦੇ ਨਹੀਂ ਤੈਨੂੰਵੱਡੇ ਪੰਗੇ ਹਨ ਤੇਰੇ ਪਰ ਥੋੜ੍ਹਾ ਚਿਰ ਹੋਰ ਬੈਠਦੇ ਹਾਂ, ਫਿਰ ਚਲਾ ਜਾਈਂ।ਭਾਰਦਵਾਜ ਨੇ ਜਿਵੇਂ ਮੇਰੇ ਅੱਗੇ ਸ਼ੀਸ਼ਾ ਰੱਖ ਦਿੱਤਾ ਹੋਵੇ।

ਮੈਂ ਲੋਕਾਂ ਦੀ ਵੇਖੋ ਵੇਖੀ ਚੜ੍ਹਦੀਆਂ ਕੀਮਤਾਂ ਵੇਲੇ ਘਰ ਲਿਆ ਸੀ। ਤੇ ਹੁਣ ਫਸਿਆ ਬੈਠਾ ਸੀ। ਸਾਰੇ ਚੈੱਕ ਹੀ ਮੌਰਟਗੇਜ ਵਿਚ ਜਾ ਰਹੇ ਸਨ। ਜਿੰਨਾ ਵੀ ਕੰਮ ਕਰਾਂ, ਥੱਲੇ ਹੀ ਥੱਲੇ ਜਾ ਰਿਹਾ ਸੀ ਮੇਰਾ ਕਰੈਡਿਟ। ਕਰੈਡਿਟ ਲਾਈਨ ਵੀ ਫੁੱਲ ਹੋ ਗਈ ਸੀ।। ਲੋਕਾਂ ਤੋਂ ਫੜੇ ਪੈਸੇ ਵੱਖ ਤੰਗ ਕਰ ਰਹੇ ਸਨ ਤੇ ਘਰਾਂ ਦੀਆਂ ਕੀਮਤਾਂ ਜਿਵੇਂ ਖੜ੍ਹ ਹੀ ਗਈਆਂ ਸਨ। ਕਈ ਫਸੇ ਸਸਤੇ ਵੇਚ ਰਹੇ ਸਨ। ਪਰ ਮੇਰਾ ਹਠ ਅਜੇ ਕਾਇਮ ਸੀ। ਮੌਰਟਗੇਜ ਦੇ ਰੇਟ ਵੀ ਅਜੇ ਅਸਮਾਨੇ ਹੀ ਸਨ। ਰਾਤੋ ਰਾਤ ਚਾਰ ਪੈਸੇ ਬਣਾਉਣ ਦੇ ਚੱਕਰ ਨੇ ਮੈਨੂੰ ਚੱਕਰ ਵਿਚ ਪਾ ਦਿੱਤਾ ਸੀ। ਹੱਡੀ ਸੰਘ ਵਿਚ ਫਸੀ ਹੋਈ ਸੀ। ਅੰਦਰ ਲੰਘਾਉਣ ਦਾ ਮੇਰਾ ਸ਼ੁਰੂ ਤੋਂ ਹੀ ਇਰਾਦਾ ਨਹੀਂ ਸੀ ਪਰ ਹੁਣ ਬਾਹਰ ਵੀ ਨਹੀਂ ਨਿੱਕਲ ਰਹੀ ਸੀ।

ਚਲ ਭਾਰਦਵਾਜ, ਪਾਓ ਯਾਰ ਰੋਟੀ। ਮੈਂ ਤਾਂ ਖਾਣੀ ਖੂਣੀ ਨਹੀਂ, ਨਿਆਣਿਆਂ ਨੂੰ ਸੱਦ ਲੈ।ਮੈਂ ਇੱਕਦਮ ਕਾਹਲਾ ਪੈ ਗਿਆ।

ਚੱਲ ਆ ਲਵਲੀ ਪੈੱਗ ਲਵੋ, ਫੇਰ ਕਹਿੰਨਾ ਮੈਂ ਰੋਟੀ ਨੂੰ। ਪੂਰੇ ਯਾਰਾਂ ਵਜੇ ਰੋਟੀ ਖਾਵਾਂਗੇ।ਭਾਰਦਵਾਜ ਨੇ ਘੜੀ ਵੱਲ ਦੇਖ ਕੇ ਕਿਹਾ।

ਨਾ ਸ਼ਰਮੇ ਦਾ ਫੋਨ ਕਿਉਂ ਨਹੀਂ ਆਇਆ?” ਮੈਂ ਕਾਰ ਚਲਾਉਂਦੀ ਸਿੰਮੀ ਨੂੰ ਪੁੱਛਿਆ।

ਜੀ, ਪਤਾ ਨਹੀਂ।ਸਿੰਮੀ ਨੇ ਮਸੂਮੀਅਤ ਨਾਲ ਕਿਹਾ।

ਤੈਨੂੰ ਪੱਕਾ ਯਾਦ ਹੈ, ਤੂੰ ਕਿਹਾ ਵੀ ਸੀ। ਨਾ ਕਿਹਾ ਕਿਹਨੂੰ ਸੀ?”

ਜੀ ਦੋਵੇਂ ਜੀਅ ਲਿਵਿੰਗ ਰੂਮ ਵਿਚ ਸਨ।ਸਿੰਮੀ ਨੇ ਯਾਦ ਕਰਦਿਆਂ ਕਿਹਾ।

ਨਾ ਤੂੰ ਕੀ ਕਿਹਾ ਸੀ, ਮੈਨੂੰ ਪੂਰਾ ਪੂਰਾ ਦੱਸ।ਮੈਂ ਸ਼ੱਕ ਕਰਦਿਆਂ ਕਿਹਾ।

ਜੀ ਮੈਂ ਕਿਹਾ ਸੀ, ਭਾਜੀ ਅਸੀਂ ਭਾਰਦਵਾਜ ਵਲ ਚੱਲੇ ਹਾਂ। ਜ਼ਰਾ ਸਾਹਮਣੇ ਖਿਆਲ ਰੱਖਿਓ।"

“ਫੇਰ ਉਹਨਾਂ ਕੀ ਕਿਹਾ?” ਮੈਂ ਖਾਹ ਮੁਖਾਹ ਹੀ ਪਾਣੀ ਵਿਚ ਮਧਾਣੀ ਫੇਰ ਰਿਹਾ ਸੀ। ਇਹ ਮੈਨੂੰ ਵੀ ਪਤਾ ਸੀ।

ਜੀ ਉਨ੍ਹਾਂ ਕੀ ਕਹਿਣਾ ਸੀ, ਕਹਿੰਦੇ ਜਾਓ।

ਮੇਰੀ ਸਿੰਮੀ ਦੀਆਂ ਗੱਲਾਂ ਨਾਲ ਤਸੱਲੀ ਨਾ ਹੋਈ। ਉਹ ਚੁੱਪ ਕਰ ਗਈ। ਬਿਲਕੁਲ ਚੁੱਪ, ਜਿਵੇਂ ਪੁੱਛਣਾ ਚਾਹ ਰਹੀ ਹੋਵੇ ਕਿ ਮੈਨੂੰ ਕਹਿਣਾ ਕੀ ਚਾਹੀਦਾ ਸੀ। ਕੀ ਉਹ ਇਹ ਕਹਿੰਦੀ ਕਿ ਜੇ ਕੋਈ ਐਮਰਜੰਸੀ ਹੋ ਜਾਵੇ ਤਾਂ ਸਾਨੂੰ ਭਾਰਦਵਾਜ ਦੇ ਘਰ ਫੋਨ ਕਰਿਓ। ਜੇ ਕਿਤੇ ਘਰ ਨੂੰ ਅੱਗ ਉੱਗ ਲੱਗ ਜਾਵੇ ਤਾਂ ਸਾਨੂੰ ਫੋਨ ਕਰਿਓ, ਨਾਲੇ ਗੁਵਾਹੀ ਦੇਣਾ। ਮੈਂ ਫਜੂਲ ਗੱਲਾਂ ਦੀ ਜੜ੍ਹ ਵਿਚ ਪੂਰੀ ਤਰ੍ਹਾਂ ਵੜ ਨਾ ਸਕਿਆ। ਮੈਨੂੰ ਲਗਾ ਜਿਵੇਂ ਮੇਰੀ ਸਿਆਣਪ ਕੰਮ ਨਾ ਕਰ ਰਹੀ ਹੋਵੇ। ਇੰਨਸ਼ੋਰੈਂਸ ਤੋਂ ਪੈਸੇ ਲੈਣੇ ਕਿਹੜੇ ਸੌਖੇ ਹਨ?

ਸਾਡਾ ਬਲਾਕ ਆ ਰਿਹਾ ਸੀ। ਮੇਰਾ ਸਾਹ ਤੇਜ਼ ਹੋ ਗਿਆ। ਜਿਉਂ ਜਿਉਂ ਬਲਾਕ ਨੇੜੇ ਆ ਰਿਹਾ ਸੀ ਮੇਰੀ ਬੇਚੈਨੀ ਵਧੀ ਜਾ ਰਹੀ ਸੀ। ਇਸ ਤਰ੍ਹਾਂ ਤਾਂ ਮੈਂ ਫਸ ਜਾਵਾਂਗਾ। ... ਇਹ ਹਾਈਪਰਟੈਨਸ਼ਨ ...

ਉਹ ਤੌਬਾ! ਪੁੱਠੇ ਕੰਮ ਕਰਨੇ ਕਿੰਨੇ ਔਖੇ ਹਨ। ਲੋਕੀਂ ਪਤਾ ਨਹੀਂ ਕਿੱਦਾਂ ਕਰਦੇ ਨੇ।

ਸਿੰਮੀ, ਮੈਨੂੰ ਬਹੁਤ ਜ਼ੋਰ ਦੀ ਪਸ਼ਾਬ ਆਇਆ ਹੈ।

ਪਲੀਜ਼ ਜੀ ਬਸ ਘਰ ਆਉਣ ਵਾਲਾ ਹੈ।

ਤੇਰੀ ਕਾਲੀ ਜ਼ਬਾਨ ਚੋਂ ਕੋਈ ਚੰਗੀ ਗੱਲ ਨਾ ਨਿੱਕਲੂ ਕਦੇ … ਕਿਹੜਾ ਘਰ ... ਘਰ ਤਾਂ ਆਪਾਂ ...ਤੇ ਨਾਲ ਲਗਦੇ ਹੀ ਮੋੜ ਕੱਟਦਿਆਂ ਅਸੀਂ ਆਪਣੀ ਸਟਰੀਟ ਤੇ ਆ ਗਏ ਸੀ। ਸ਼ਾਂਤ ਵਾਤਾਵਰਣ ਦੇਖਕੇ ਮੈਨੂੰ ਜਿਵੇਂ ਅੱਗ ਲੱਗ ਗਈ ਹੋਵੇ।

ਸਾਡਾ ਘਰ ਨੰਬਰ ਦੋ ਸੌ ਚੌਵੀ ਅਡੋਲ ਖੜ੍ਹਾ ਸੀ … ਚਿੱਟੇ ਹਾਥੀ ਵਾਂਗ। ਦੋ ਸੌ ਚੌਵੀ ਨੰਬਰ ਹਾਊਸ, ਜੋ ਮੇਰਾ ਘਰ ਸੀ, ਵੱਲ ਦੇਖਕੇ ਮੈਨੂੰ ਆਪਣੇ ਸੁਪਨੇ ਟੁੱਟਦੇ ਨਜ਼ਰ ਆਏ। ਇਸ ਮਕਾਨ ਨੇ ਜਿਵੇਂ ਮੇਰਾ ਇੰਡੀਆ ਵਾਲਾ ਮਹਿਲ ਨੁਮਾ ਘਰ ਢੈਅ-ਢੇਰੀ ਕਰ ਦਿੱਤਾ ਸੀ। ਇਸ ਘਰ ਦੀਆਂ ਕੰਧਾਂ ਜਿਵੇਂ ਜਿਆਦਾ ਮਜ਼ਬੂਤ ਸਨ। ਜ਼ਮੀਨ ਵਿਚ ਧਸੀਆਂ ਹੋਈਆਂ। ਜਿਨ੍ਹਾਂ ਦੀਆਂ ਜੜ੍ਹਾਂ ਨੂੰ ਮੇਰਾ ਖੂਨ ਸਿੰਜਦਾ ਸੀ।

ਇਹ ਕੀ ਗੱਲ? ਇਹ ਤਾਂ ਬਿਲਕੁਲ ਠੀਕ ਠਾਕ ਹੈ।ਮੈਂ ਸਿੰਮੀ ਨੂੰ ਪੁੱਛਿਆ।

ਸਿੰਮੀ ਡਰਾਈਵੇ ਵਿਚ ਕਾਰ ਪਾਰਕ ਕਰ ਰਹੀ ਸੀ। ਮਿਸਟਰ ਸ਼ਰਮਾ ਦੇ ਘਰ ਦੀਆਂ ਅੰਦਰਲੀਆਂ ਬੱਤੀਆਂ ਬੁੱਝੀਆਂ ਹੋਈਆਂ ਸਨ ਪਰ ਘਰ ਦੇ ਚਾਰੇ ਪਾਸੇ ਲਾਈਟਾਂ ਜਗ-ਮਗ ਜਗ-ਮਗ ਕਰ ਰਹੀਆਂ ਸਨ। ਜਿਵੇਂ ਇਹ ਲਾਈਟਾਂ ਮੈਨੂੰ ਦਿਵਾਲੀ ਮੁਬਾਰਕਕਹਿ ਰਹੀਆਂ ਹੋਣ। ਮੈਂ ਇਨ੍ਹਾਂ ਲਾਈਟਾਂ ਨੂੰ ਕੋਈ ਹੁੰਗਾਰਾ ਨਾ ਦਿੱਤਾ। ਜਿਵੇਂ ਦਿਵਾਲੀ ਮੁਬਾਰਕ ਦੀ ਮੇਰੀ ਖੁਸ਼ੀ ਅਧੂਰੀ ਰਹਿ ਗਈ ਹੋਵੇ। ਮੇਰੇ ਪਟਾਕੇ ਅੱਜ ਨਹੀਂ ਚੱਲੇ। ਦਿਲ ਦੇ ਕਿਸੇ ਕੋਨੇ ਬੈਠੇ ਡਰ ਨੇ ਸੁਖ ਦਾ ਸਾਹ ਵੀ ਲਿਆ।

ਤੂੰ ਇੱਦਾਂ ਕਰ, ਬੱਚਿਆਂ ਨੂੰ ਸਿੱਧਾ ਪੌੜੀਆਂ ਵੱਲ ਲੈ ਜਾ। ਉੱਪਰ ਜਾਕੇ ਪਾ ਦੇ। ਮੈਂ ਦੇਖਦਾਂ ਹੋਇਆ ਕੀ ਹੈ ਅਸਲ ਵਿਚ।ਮੈਂ ਸਿੰਮੀ ਨੂੰ ਕਿਹਾ।

ਸਿੰਮੀ ਨੇ ਸ਼ੂਅ ਲਾਹੇ ਤੇ ਬੱਚਿਆਂ ਨੂੰ ਬਾਹਵਾਂ ਨਾਲ ਘੇਰ ਕੇ ਉੱਪਰ ਲੈ ਗਈ। ਮੈਂ ਕਿਚਨ ਦੀ ਬੱਤੀ ਜਗਾਈ। ਕਿਚਨ ਵਿੱਚੋਂ ਬੂ ਆ ਰਹੀ ਸੀ। ਸਕੀਮ ਫੇਲ ਹੋ ਗਈ ਸੀ। ਤਵਿਆਂ ਨਾਲ ਲਗਦੇ ਕਾਊਂਟਰ ਦਾ ਕਾਫੀ ਹਿੱਸਾ ਝੁਲਸਿਆ ਪਿਆ ਸੀ। ਮੈਂ ਇਹਨੂੰ ਕਿਹਾ ਵੀ ਸੀ, ਬਾਂਦਰੀ ਜਿਹੀ ਨੂੰ, ਬਟਰ ਤੇ ਕਰਿਸਕੋ ਤੇਲ ਬਾਹਰ ਕਾਊਂਟਰ ਤੇ ਹੀ ਰੱਖ ਦੇ। ਕਾਊਂਟਰ ਤੇ ਪਾਈ ਗੈਸ ਨੂੰ ਅੱਗ ਤਾਂ ਲੱਗ ਗਈ ਸੀ ਪਰ ਉਹ ਫੈਲੀ ਨਹੀਂ ਸੀ। ਮੈਂ ਤਜ਼ਰਬਾ ਵੀ ਕੀਤਾ ਸੀ। ਮੋਮਬੱਤੀ ਨੂੰ ਛੋਟਾ ਕਰਕੇ ਫਰੀਜ਼ਡ ਆਈਸ ਕਰੀਮ ਵਿਚ ਟੇਢਾ ਗੱਡਿਆ ਸੀ ਕਿ ਜਿਉਂ ਹੀ ਆਈਸ ਕਰੀਮ ਪਿਘਲੇਗੀ ਮੋਮਬੱਤੀ ਦੀ ਲਾਟ ਕਾਊਂਟਰ ਤੇ ਪਾਏ ਗੈਸ ਨੂੰ ਭੰਬੂਕਾ ਬਣਾ ਦੇਵੇਗੀ। ਫੈਲੀ ਅੱਗ ਵਿਚ ਨਾ ਆਈਸ ਕਰੀਮ ਦਾ ਪਤਾ ਲੱਗਣਾ ਸੀ ਤੇ ਨਾ ਮੋਮਬੱਤੀ ਦਾ। ਇਸ ਪਰੋਸੈੱਸ ਲਈ ਅੱਧਾ ਘੰਟਾ ਲੱਗਣਾ ਸੀ ਤੇ ਉਦੋਂ ਤਕ ਅਸੀਂ ਭਾਰਦਵਾਜ ਦੇ ਘਰ ਪਹੁੰਚ ਜਾਣਾ ਸੀ। ਅੱਗ ਦੀਆਂ ਲਪਟਾਂ ਨੇ ਮੇਰੀ ਮੌਰਟਗੇਜ ਨੂੰ ਸਾੜ ਕੇ ਸੁਆਹ ਕਰ ਦੇਣਾ ਸੀ। ਘਰ ਦੀ ਕੀਮਤ ਪੇਪਰਾਂ ਦੇ ਹਿਸਾਬ ਨਾਲ ਗਿਣ ਮਿਣ ਕੇ ਇਨਸ਼ੋਰੈਂਸ ਨੇ ਮੇਰਾ ਸਾਰਾ ਭਾਰ ਲਾਹ ਦੇਣਾ ਸੀ। ਸਮਾਨ ਦੀ ਇਨਸ਼ੋਰੈਂਸ ਮੈਂ ਛੇ ਮਹੀਨੇ ਪਹਿਲਾਂ ਵੱਖਰੀ ਕਰਵਾਈ ਸੀ। ਗਫਾ ਲੈਕੇ ਮੈਂ ਇੰਡੀਆ ਨੂੰ ਤਿੱਤਰ ਹੋ ਜਾਣਾ ਸੀ ਪਰ ਮੇਰਾ ਸਾਰਾ ਕੀਤਾ ਕਰਾਇਆ ਖੂਹ ਵਿਚ ਪੈ ਗਿਆ ਸੀ।

ਪਤਾ ਨਹੀਂ ਕਿਉਂ ਮੇਰੇ ਦਿਲ ਦੇ ਕੋਨੇ ਵਿਚ ਕੋਈ ਸਰ ਸਰ ਹੋਈਮੈਨੂੰ ਲੱਗਾ ਜੋ ਹੋਇਆ ਠੀਕ ਹੀ ਹੋਇਆ ਹੈ। ਮਹਿੰਦਰ ਦੀਆਂ ਗੱਲਾਂ ਮੈਨੂੰ ਕੁਝ ਠੀਕ ਵੀ ਲੱਗੀਆਂ।

ਉੱਪਰ ਵਾਸ਼ਰੂਮ ਵਿਚ ਉਲਟੀ ਦੀ ਬੜੈਂ ਬੜੈਂ ਹੋਈ। ਮੈਂ ਭੱਜਕੇ ਉੱਪਰ ਗਿਆ। ਸਿੰਮੀ ਫਰਸ਼ ਤੇ ਨਿਢਾਲ ਹੋਈ ਬੈਠੀ ਸੀ। ਕੋਲ ਹੀ ਗੁੱਡੀ ਪਾਣੀ ਦਾ ਗਲਾਸ ਲੈਕੇ ਖੜ੍ਹੀ ਸੀਗੁੱਡੀ ਨੇ ਮੇਰੇ ਵੱਲ ਸਹਿਮ ਕੇ ਵੇਖਿਆ। ਗਲਾਸ ਮੈਨੂੰ ਫੜਾ ਦਿੱਤਾ। ਮੈਨੂੰ ਲੱਗਾ ਜਿਵੇਂ ਗੁੱਡੀ ਦੀਆਂ ਅੱਖਾਂ ਮੇਰੇ ਕੋਲੋਂ ਕੁਝ ਮੰਗ ਰਹੀਆਂ ਹੋਣ। ਸਿੰਮੀ ਨੇ ਇੱਕ ਵਾਰ ਫੇਰ ਆਪਣਾ ਆਪ ਹੰਗਾਲਨਾ ਚਾਹਿਆ। ਉਹਦਾ ਸਿਰ ਟਾਇਲਟ ਦੀ ਸੀਟ ਨਾਲ ਲੱਗਾ ਹੋਇਆ ਸੀ। ਉਹਨੇ ਸਹਿਮੀ ਨੇ ਮੇਰੇ ਵੱਲ ਦੇਖਿਆ। ਮੱਥੇ ਤੇ ਪਸੀਨਾ ਸੀ ਜਾਂ ਤਰੇਲੀ ਪਰ ਮੱਥਾ ਠੰਢਾ ਠਾਰ ਯੱਖ ਸੀ। ਮੈਂ ਉਸਨੂੰ ਪਾਣੀ ਦਾ ਗਲਾਸ ਦਿੱਤਾ ਜੋ ਮੈਨੂੰ ਗੁੱਡੀ ਨੇ ਫੜਾਇਆ ਸੀ। ਉਸਨੇ ਅੱਧ ਪਚੱਧੀ ਚੂਲੀ ਕੀਤੀ ਤੇ ਆਪਣੀ ਚੁੰਨੀ ਨਾਲ ਮੂੰਹ ਪੂੰਝਿਆ। ਬੈਠੇ ਬੈਠੇ ਹੀ ਉਹ ਮੇਰੇ ਪੈਰਾਂ ਨੂੰ ਚੁੰਬੜ ਗਈ। ਉਹਦੀ ਹਿਚਕੀ ਨੇ ਮੇਰੇ ਨਾਲ ਜਬਰਦਸਤੀ ਕੀਤੀ। ਗੁੱਡੀ ਡਰ ਕੇ ਬਾਹਰ ਚਲੇ ਗਈ। ਮੇਰਾ ਡਰ ਵੀ ਮੇਰੇ ਸਰੀਰ ਵਿੱਚੋਂ ਨਿੱਕਲਕੇ ਬਾਹਰ ਆਣ ਖਲੋਤਾ ਸੀ।

ਮੈਨੂੰ ਇੰਝ ਲੱਗਾ ਜਿਵੇਂ ਇਹ ਡਰ ਹੀ ਮੇਰੀ ਪੂਛ ਹੋਵੇ। ਉਸ ਦਿਨ ਕਿਤਨੀ ਹੱਸੀ ਸੀ ਸਿੰਮੀ। ਜਦ ਮੈਂ ਕਿਹਾ ਸੀ ਤੈਨੂੰ ਇੱਕ ਗੱਲ ਦੱਸਾਂ ਸਿੰਮੀ … ਬੰਦੇ ਦੀ ਪੂਛ ਫੇਰ ਉੱਗ ਪੈਣੀ ਹੈ ਤੇ ਐਤਕੀਂ ਹੋਏਗੀ ਵੀ ਦੋ ਤਰ੍ਹਾਂ ਦੀ। ਇੱਕ ਨੀਲੀ ਤੇ ਇੱਕ ਚਿੱਟੀ।

ਸਿੰਮੀ ਨੇ ਹੱਸਕੇ ਸੋਫੇ ਤੇ ਧੱਫਾ ਮਾਰਿਆ ਸੀ ਤੇ ਕਿਹਾ ਸੀ, “ਨਹੀਂ ਨੀਲੀ ਚਿੱਟੀ ਨਹੀਂ, ਲਾਲ ਤੇ ਹਰੀ।” ਫੇਰ ਉਹ ਖੂਬ ਹੱਸੀ ਸੀ, ਇੰਨਾ ਹੱਸੀ ਸੀ ਕਿ ਮੈਨੂੰ ਪਾਗਲ ਦਿਸਣ ਲੱਗ ਪਈ।

ਪੂਛ ਤੋਂ ਪਤਾ ਲੱਗ ਜਾਇਆ ਕਰਨਾ … ਬੰਦਾ ਖਰਾ ਕਿ ਖੋਟਾ? ਇਹ ਸਮਾਰਟੀਆਂ ਸਮੂਰਟੀਆਂ ਨਹੀਂ ਚੱਲਣ ਦੇਣੀਆਂ ਉੱਪਰ ਵਾਲੇ ਨੇ, ਬੱਸ ਦੇਖਦੀ ਚੱਲ।

ਮੈਂ ਸਿੰਮੀ ਨੂੰ ਮੋਢੇ ਤੋਂ ਫੜਕੇ ਉਠਾਇਆ ਤੇ ਉਹਨੂੰ ਥੱਲੇ ਲਿਜਾ ਕੇ ਸੋਫੇ ਤੇ ਬਿਠਾ ਦਿੱਤਾ।

ਜੀ! ਪਲੀਜ਼ ਇੱਕ ਗੱਲ ਮੰਨੋਗੇ?”

ਹਾਂ ਦੱਸ

ਆਪਾਂ ਠੀਕ ਹੋ ਜਾਣਾ ਦੋ ਤਿੰਨ ਸਾਲਾਂ ਤੱਕ। ਤੁਸੀਂ ਫਿਕਰ ਕਿਉਂ ਕਰਦੇ ਹੋ? ਐਤਕੀਂ ਵੀ ਟੀਚਰ ਨੇ ਕਿਹਾ ਸੀ, ਤੁਹਾਡਾ ਸੰਨ ਬਹੁਤ ਕਿਊਟ ਹੈ। ਇਹਨੂੰ ਦਿਵਾਲੀ ਦੇ ਮੌਕੇ ਸਕੂਲ ਦੇ ਪਰੋਗਰਾਮ ਵਿਚ ਰਾਮ ਬਣਾਉਣਾ। ਮੈਂ ਡਰਦੀ ਨੇ ਤੁਹਾਡੇ ਨਾਲ ਗੱਲ ਹੀ ਨਹੀਂ ਕੀਤੀ।

ਨਾ ਹੋਰ ਕੀ ਕਹਿੰਦੀ ਸੀ ਟੀਚਰ?”

ਕਹਿੰਦੀ ਸੀ, ਤੁਹਾਡਾ ਸੰਨ ਮੈਥ ਵਿੱਚ ਬਹੁਤ ਹੁਸ਼ਿਆਰ ਹੈ। ਸਕੂਲ ਨੂੰ ਬਹੁਤ ਆਸਾਂ ਹਨ ਇਹਦੇ ’ਤੇ।

ਉਹ ਤੇ ਠੀਕ ਹੈ ਪਰ … ਇਹ ਸਕੂਲ ਵਾਲੇ ਦਿਵਾਲੀ ਕਿਉਂ ਮਨਾਉਣ ਲੱਗ ਪਏ? ਮੇਰੇ ਤਾਂ ਸਮਝ ਵਿਚ ਨਹੀਂ ਆਉਂਦਾ।

ਜੀ, ਤੁਸੀਂ ਬਹੁਤੀ ਟੈਨਸ਼ਨ ਨਾ ਲਿਆ ਕਰੋ। ਜੇ ਸਕੂਲ ਵਾਲੇ ਦਿਵਾਲੀ ਮਨਾ ਸਕਦੇ ਹਨ ਤਾਂ ਆਪਾਂ ਕਿਉਂ ਨਹੀਂ?” ਸਿੰਮੀ ਨੇ ਗੱਲ ਖਤਮ ਕਰਕੇ ਮੇਰੇ ਵੱਲ ਦੇਖਿਆ।

ਮੈਂ ਸੜੇ ਹੋਏ ਕਾਊਂਟਰ ਵੱਲ ਦੇਖਿਆ। ਮੈਂ ਜਿਵੇਂ ਸੁਖ ਦਾ ਸਾਹ ਲਿਆ ਹੋਵੇ। ਮੈਂ ਪਰਦੇ ਖਿੱਚ ਕੇ ਸ਼ਰਮੇ ਦੇ ਘਰ ਦੀਆਂ ਗਮਗਾਉਂਦੀਆਂ ਲਾਈਟਾਂ ਵੱਲ ਦੇਖਿਆ। ਜਗਮਗ ਕਰਦੀਆਂ ਲਾਈਟਾਂ ਨੇ ਮੈਨੂੰ ਦੁਬਾਰਾ ਦਿਵਾਲੀ ਮੁਬਾਰਕ ਕਹੀ।

ਮੇਰਾ ਦਿਲ ਕੀਤਾ, ਮੈਂ ਵੀ ਦਿਵਾਲੀ ਦਾ ਪਟਾਕਾ ਚਲਾਵਾਂ, ਜੋ ਸਾਰੇ ਟਰਾਂਟੋ ਸ਼ਹਿਰ ਨੂੰ ਰੌਸ਼ਨ ਕਰਦਾ ਲੇਕ ਵਿਚ ਜਾਕੇ ਸ਼ਾਂਤ ਹੋ ਜਾਵੇ।

*****

(71)

ਇਸ ਕਹਾਣੀ ਬਾਰੇ ਵਿਚਾਰ ਭੇਜਣ ਲਈ: (This email address is being protected from spambots. You need JavaScript enabled to view it.)