AvtarSSangha6ਸ਼ੋਅ ਵਾਲਾ ਦਿਨ ਮਾਨ ਲਈ ਉਸਦੇ ਜੀਵਨ ਦਾ ਸਭ ਤੋਂ ਖੁਸ਼ੀ ਵਾਲ਼ਾ ਤੇ ਨਾਲ ਦੀ ਨਾਲ ਸਭ ਤੋਂ ਵੱਧ ਉਦਾਸੀ ਵਾਲਾ ...
(3 ਅਕਤੂਬਰ 2023)

 

ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅਸਫਲ ਕਰਨ ਲਈ ਕਈ ਪ੍ਰਕਾਰ ਦੇ ਸਰਕਾਰੀ ਵਿਅਕਤੀਆਂ ਨੇ ਵਿਚੋਲਗਿਰੀ ਕਰਨ ਦੀ ਕੋਸ਼ਿਸ਼ ਕੀਤੀ। ਸਿਆਸੀ ਪਾਰਟੀਆਂ ਨੇ ਵੀ ਆਪਣੇ ਨੰਬਰ ਬਣਾਉਣ ਲਈ ਸਾਰਾ ਜ਼ੋਰ ਲਗਾਇਆ। ਕੁਝ ਹੋਰ ਸਰਕਾਰੀ ਵਿਅਕਤੀ ਵੀ ਸਨ ,ਜਿਨ੍ਹਾਂ ਨੇ ਕਿਸਾਨਾ ਨੂੰ ਮੂਰਖ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਸਾਨ ਇੰਨੇ ਜ਼ਿਆਦਾ ਨਿਰਪੱਖ ਰਹੇ ਕਿ ਉਨ੍ਹਾਂ ਨੇ ਇਨ੍ਹਾਂ ਸਿਆਸੀ ਬੰਦਿਆਂ ਨੂੰ ਘਾਹ ਨਹੀਂ ਪਾਇਆ ਤੇ ਇਨ੍ਹਾਂ ਨੂੰ ਸਰਕਾਰ ਦੇ ਕੌਲੀ ਚੱਟ ਕਹਿ ਕੇ ਦੁਰਕਾਰ ਦਿੱਤਾ।

ਇਨ੍ਹਾਂ ਕੌਲੀ ਚੱਟਾਂ ਤੋਂ ਮੈਨੂੰ ਪੰਜਾਬ ਵਿੱਚ ਆਪਣੇ ਇਲਾਕੇ ਦੇ ਇੱਕ ਕਾਲਜ ਦਾ ਕੌਲੀ ਚੱਟ ਯਾਦ ਆ ਗਿਆ। ਨਾਮ ਸੀ ਉਸਦਾ ਕਸ਼ਮੀਰਾ ਸਿੰਘ ਮਾਨ ਪਰ ਬਹੁਤੇ ਬੰਦੇ ਉਸ ਨੂੰ ਉਸਦੀ ਪਿੱਠ ਪਿੱਛੇ “ਬੇਈਮਾਨ ਸਾਹਿਬ’ ਹੀ ਕਹਿ ਕੇ ਬੁਲਾਇਆ ਕਰਦੇ ਸਨ। ਮਾਨ ਸਾਹਿਬ ਸਰਦਾਰ ਸਨ ਪਰ ਉਹ ਸਿੱਖੀ ਵਿੱਚ ਵੀ ਪੱਕੇ ਨਹੀਂ ਸਨ। ਉਹ ਘੁੰਮਚੱਕਰ ਸਨ। ਜਿੱਥੋਂ ਕੋਈ ਕੰਮ ਹੋ ਜਾਵੇ, ਉੱਥੋਂ ਦੇ ਹੀ ਬਣ ਜਾਂਦੇ ਸਨ। ਇੱਕ ਵਾਰ ਉਹਨਾਂ ਨੇ ਇੱਕ ਡੇਰੇ ਦੇ ਸਾਧ ਨੂੰ ਕਾਲਜ ਵਿੱਚ ਲਿਆਉਣ ਦੀ ਸਿਫਾਰਿਸ਼ ਕਰ ਦਿੱਤੀ। ਕਹਿਣ ਲੱਗੇ, “ਬੱਚਿਆਂ ਨੂੰ ਇਨਾਮ ਸਾਧ ਤੋਂ ਦੁਆ ਲਓ, ਕਾਲਜ ਨੂੰ ਚੰਗੇ ਪੈਸੇ ਦੇ ਜਾਊ। ਗੱਲ ਮੈਂ ਕਰ ਲੈਂਦਾ ਹਾਂ, ਮੇਰੀ ਉਹਦੇ ਤੱਕ ਚੰਗੀ ਪਹੁੰਚ ਹੈ।”

ਪ੍ਰਿੰਸੀਪਲ ਨਾ ਮੰਨਿਆ। ਉਹ ਨਹੀਂ ਸੀ ਚਾਹੁੰਦਾ ਕਿ ਖਾਲਸਾ ਕਾਲਜ ਵਿੱਚ ਇੱਕ ਡੇਰੇ ਦਾ ਸਾਧ ਸੱਦਿਆ ਜਾਵੇ।

ਪੇਸ਼ੇ ਵਜੋਂ ਮਾਨ ਸਾਹਿਬ ਕਾਲਜ ਵਿੱਚ ਅਕਾਊਂਟਸ ਕਲਰਕ ਸਨ। ਉਹਨਾਂ ਨੇ ਦੋ ਪ੍ਰਿੰਸੀਪਲਾਂ ਨਾਲ਼ ਕੰਮ ਕੀਤਾ। ਪਹਿਲੇ ਪ੍ਰਿੰਸੀਪਲ ਨਾਲ਼ ਉਹਨਾਂ ਦੀ ਬਹੁਤ ਬਣਦੀ ਹੁੰਦੀ ਸੀ। ਜਦੋਂ ਦੂਜਾ ਪ੍ਰਿੰਸੀਪਲ ਆਇਆ ਤਾਂ ਉਹ ਛੇ ਕੁ ਮਹੀਨਿਆਂ ਬਾਅਦ ਕਹਿਣ ਲੱਗਾ, “ਮਾਨ ਚੋਰ ਪ੍ਰਿੰਸੀਪਲ ਨਾਲ਼ ਚੋਰ ਚੋਰ ਬਣ ਜਾਂਦਾ ਏ ਤੇ ਸਾਧ ਪ੍ਰਿੰਸੀਪਲ ਨਾਲ਼ ਸਾਧ!”

ਦੂਜਾ ਪ੍ਰਿੰਸੀਪਲ ਚਿੱਟੀ ਚਾਦਰ ਲੈ ਕੇ ਇਸ ਕਾਲਜ ਵਿੱਚ ਆਇਆ ਸੀ ਤੇ ਉਹ ਚਿੱਟੀ ਲੈ ਕੇ ਹੀ ਇੱਥੋਂ ਜਾਣਾ ਚਾਹੁੰਦਾ ਸੀ। ਪਹਿਲੇ ਪ੍ਰਿੰਸੀਪਲ ਵੇਲੇ ਕਾਲਜ ਦੀਆਂ ਕਈ ਚੀਜ਼ਾਂ ਪ੍ਰਿੰਸੀਪਲ ਦੇ ਘਰੋਂ ਮਿਲੀਆਂ ਸਨ। ਕਾਲਜ ਲਈ ਖਰੀਦਿਆ ਗਿਆ ਟੀ.ਵੀ ਸੈੱਟ ਪ੍ਰਿੰਸੀਪਲ ਦੇ ਘਰੋਂ ਮਿਲਿਆ। ਕਾਲਜ ਲਈ ਖਰੀਦੇ ਗਏ ਦਸ ਕੰਪਿਊਟਰ ਸੈੱਟਾਂ ਵਿੱਚੋਂ ਇੱਕ ਪ੍ਰਿੰਸੀਪਲ ਦੇ ਘਰੋਂ ਮਿਲਿਆ ਸੀ ਤੇ ਦੂਜਾ ਮਾਨ ਸਾਹਿਬ ਦੇ ਘਰੋਂ।

ਮਾਨ ਸਾਹਿਬ ਅਕਾਊਂਟੈਂਟ ਪਤਾ ਨਹੀਂ ਕਿਵੇਂ ਅਖਵਾਉਂਦੇ ਸਨ, ਵੈਸੇ ਉਹ ਅਕਾਊਂਟਸ ਕਲਰਕ ਸਨ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਉਹਨਾਂ ਦੀ ਯੋਗਤਾ ਕੀ ਸੀ। ਪਿਛਲੇ ਕਾਫੀ ਸਮੇਂ ਤੋਂ ਉਹ ਚੱਲਦੇ ਆ ਰਹੇ ਸਨ। ਪੱਕੇ ਉਹ ਹੋ ਹੀ ਚੁੱਕੇ ਸਨ। ਉਹਨਾਂ ਦੀ ਇੱਕ ਖਾਸੀਅਤ ਇਹ ਸੀ ਕਿ ਉਹ ਸਟਾਫ ਨੂੰ ਤਨਖਾਹ ਦੇਣ ਵੇਲੇ ਬੜਾ ਤੰਗ ਕਰਦੇ ਸਨ। ਜਾਣ ਬੁੱਝ ਕੇ ਚੈੱਕ ਤਿਆਰ ਕਰਨ ਵਿੱਚ ਦੇਰੀ ਕਰੀ ਜਾਂਦੇ। ਜਾਣ ਬੁੱਝ ਕੇ ਯੂਟੀਲਾਈਜੇਸ਼ਨ ਸਰਟੀਫਿਕੇਟ ਬਣਾਉਣ ਵਿੱਚ ਦੇਰੀ ਕਰੀ ਜਾਂਦੇ। ਇਸਦੇ ਅਧਾਰ ਤੇ ਯੂ.ਜੀ.ਸੀ. ਤੋਂ ਗ੍ਰਾਂਟ ਮਿਲਣੀ ਹੁੰਦੀ ਸੀ। ਜਦੋਂ ਚੈੱਕ ਬਣ ਗਏ ਜਾਂਦੇ, ਫਿਰ ਮਾਨ ਸਾਹਿਬ ਪ੍ਰਧਾਨ ਦੇ ਦਸਤਖਤ ਕਰਵਾਉਣ ਵਿੱਚ ਦੇਰੀ ਕਰੀ ਜਾਂਦੇ। ਕਹਿ ਦਿੰਦੇ, ‘ਅੱਜ ਪ੍ਰਧਾਨ ਸਾਹਿਬ ਚੰਡੀਗੜ੍ਹ ਗਏ ਹਨ ਅੱਜ ਉਹ ਐਮ.ਐਲ.ਏ. ਸਾਹਿਬ ਦੇ ਚੋਣ ਪ੍ਰਚਾਰ ਵਿੱਚ ਮਸ਼ਰੂਫ ਹਨਅੱਜ ਉਹ ਬਿਮਾਰ ਹਨ, ਵਗੈਰਾ ਵਗੈਰਾ।’ ਜਦੋਂ ਚੈੱਕ ਤਿਆਰ ਹੋ ਵੀ ਜਾਂਦੇ ਤਾਂ ਉਹ ਆਪ ਇੱਕ ਦੋ ਦਿਨ ਲਈ ਕਾਲਜ ਤੋਂ ਛੁੱਟੀ ਕਰ ਲੈਂਦੇ ਜਾਂ ਡਿਊਟੀ ਪਾ ਕੇ ਕਾਲਜ ਦੇ ਕਿਸੇ ਕੰਮ ਚਲੇ ਜਾਂਦੇ। ਮਕਸਦ ਹੁੰਦਾ ਸੀ ਸਟਾਫ ਨੂੰ ਤੰਗ ਕੀਤਾ ਜਾਵੇ। ਜੇ ਕੋਈ ਪੁੱਛ ਲੈਂਦਾ ਕਿ ਤਨਖਾਹ ਕਦੋਂ ਮਿਲ ਰਹੀ ਏ ਤਾਂ ਕਹਿੰਦੇ, “ਅਜੇ ਕਿੱਥੇ ਜੀ ... ਅਜੇ ਤਾਂ ਕਾਗਜ਼ ਪੱਤਰ ਤਿਆਰ ਹੋ ਰਹੇ ਨੇ। ਅਜੇ ਇੰਤਜਾਰ ਕਰੋ।” ਉਹਨਾਂ ਦੀ ਆਦਤ ਸੀ ਦੂਜੇ ਨੂੰ ਤੰਗ ਕਰਕੇ ਮਜ਼ਾ ਲੈਣਾ। ਬੱਕਰੀ ਨੇ ਦੁੱਧ ਦੇਣਾ ਪਰ ਦੇਣਾ ਮੇਗਣਾਂ ਪਾ ਕੇ।

ਮਾਨ ਸਾਹਿਬ ਦਾ ਲੜਕਾ ਵੀ ਕਾਲਜ ਵਿੱਚ ਹੀ ਪੜ੍ਹਦਾ ਸੀ। ਬੀ.ਏ. ਭਾਗ ਪਹਿਲਾ ਉਹ ਬੜੀ ਜਲਦੀ ਪਾਸ ਕਰ ਗਿਆ। ਉਸ ਸਮੇਂ ਪਹਿਲਾ ਪ੍ਰਿੰਸੀਪਲ ਸੀ। ਲੜਕੇ ਨੂੰ ਪਰਚੇ ਦਿੰਦੇ ਨੂੰ ਮੌਜਾਂ ਲੱਗੀਆਂ ਰਹੀਆਂ। ਕਈ ਸਵਾਲ ਬਾਹਰੋਂ ਨਹੀਂ ਬਲਕਿ ਪ੍ਰਿੰਸੀਪਲ ਦੇ ਦਫਤਰ ਵਿੱਚੋਂ ਹੀ ਹੱਲ ਹੋ ਕੇ ਅੰਦਰ ਚਲੇ ਗਏ। ਜਦੋਂ ਲੜਕਾ ਬੀ.ਏ. ਭਾਗ ਦੂਜਾ ਵਿੱਚ ਹੋਇਆ, ਉਦੋਂ ਪਹਿਲਾ ਪ੍ਰਿੰਸੀਪਲ ਸੇਵਾਮੁਕਤ ਹੋ ਚੁੱਕਾ ਸੀ ਤੇ ਦੂਜਾ ਆ ਚੁੱਕਾ ਸੀ। ਦੂਜੇ ਨੇ ਆ ਕੇ ਪੂਰੀ ਸਖਤੀ ਕਰ ਦਿੱਤੀ ਸੀ। ਮਾਨ ਸਾਹਿਬ ਨੇ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਲੜਕੇ ਦੀ ਇਮਤਿਹਾਨ ਵਿੱਚ ਮਦਦ ਕਰਵਾ ਲਈ ਜਾਵੇ ਪਰ ਗੱਲ ਨਾ ਬਣੀਪਰਚੇ ਲੈਣ ਲਈ ਸੁਪਰਡੈਂਟ ਵੀ ਸਖਤ ਆ ਗਿਆ। ਪ੍ਰੀਖਿਆ ਕੇਂਦਰ ’ਤੇ ਠੀਕਰੀ ਪਹਿਰਾ ਲੱਗ ਗਿਆਮਾਨ ਸਾਹਿਬ ਦਾ ਲੜਕਾ ਫੇਲ੍ਹ ਹੋ ਗਿਆ

ਲੜਕੇ ਨੂੰ ਕੈਨੇਡਾ ਭੇਜਣ ਲਈ ਕੋਈ ਲੜਕੀ ਲੱਭੀ ਜਾਣ ਲੱਗੀ। ਪ੍ਰੀਖਿਆ ਦਾ ਨਤੀਜਾ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਲੜਕੀ ਲੱਭ ਗਈਝੱਟ ਮੰਗਣੀ ਕਰਕੇ ਮੁੰਡੇ ਨੂੰ ਵਿਆਹ ਦੇ ਅਧਾਰ ’ਤੇ ਬਾਹਰ ਭੇਜ ਦਿੱਤਾ ਗਿਆ।

ਜੇ ਲੜਕਾ ਬਾਹਰ ਨਾ ਜਾਂਦਾ ਤਾਂ ਉਸਨੇ ਮਾਨ ਸਾਹਿਬ ਲਈ ਸਿਰਦਰਦੀ ਬਣ ਜਾਣਾ ਸੀ। ਲੋਕਾਂ ਨੇ ਕਹਿਣਾ ਸੀ ਕਿ ਮਾਨ ਆਪ ਕਾਲਜ ਵਿੱਚ ਕਰਮਚਾਰੀ ਹੁੰਦਾ ਹੋਇਆ ਵੀ ਮੁੰਡੇ ਨੂੰ ਪਾਸ ਨਹੀਂ ਕਰਵਾ ਸਕਿਆ। ਫੇਲ੍ਹ ਹੋਣ ਬਾਰੇ ਚਰਚੇ ਹੋਣੋ ਬਚ ਗਏ। ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਾ। ਬਸ ਇਹੀ ਚਰਚਾ ਸੀ ਕਿ ਲੜਕਾ ਕੈਨੇਡਾ ਚਲਾ ਗਿਆ ਹੈਕੈਨੇਡਾ ਮੂਹਰੇ ਵੈਸੇ ਵੀ ਪਾਸ ਫੇਲ੍ਹ ਦਾ ਕੋਈ ਮਾਇਨਾ ਹੀ ਨਹੀਂ ਹੈਪੰਜਾਬ ਵਿੱਚੋਂ ਕੈਨੇਡਾ ਚਲੇ ਜਾਣਾ ਤਾਂ ਪੀ. ਐੱਚ. ਡੀ. ਕਰ ਲੈਣ ਨਾਲ਼ੋਂ ਵੀ ਉੱਪਰ ਸਮਝਿਆ ਜਾਂਦਾ ਹੈ

ਕਾਲਜ ਦੇ ਮੁੰਡਿਆਂ ਵਿਚਕਾਰ ਇੱਕ ਲੜਾਈ ਵੀ ਹੋਈ ਸੀ। ਮਾਨ ਸਾਹਿਬ ਨੇ ਵਿੱਚ ਪੈ ਕੇ ਇਸ ਲੜਾਈ ਦਾ ਫੈਸਲਾ ਕਰਵਾ ਦਿੱਤਾਉਸ ਸਮੇਂ ਤੋਂ ਐੱਸ. ਐੱਚ. ਓ. ਸਾਹਿਬ ਮਾਨ ਦੇ ਕੁਝ ਕੁ ਵਾਕਿਫ ਹੋ ਗਏ ਸਨ। ਇਮਤਿਹਾਨਾਂ ਵਿੱਚ ਥੋੜ੍ਹੀ ਬਹੁਤੀ ਪੁਲਿਸ ਵੀ ਡਿਊਟੀ ਦੇਣ ਆਉਂਦੀ ਹੀ ਹੁੰਦੀ ਸੀ। ਇਸ ਪ੍ਰਕਾਰ ਮਾਨ ਸਾਹਿਬ ਦਾ ਥਾਣੇ ਨਾਲ਼ ਮਾੜਾ ਮੋਟਾ ਤਾਲਮੇਲ ਵੀ ਬਣਿਆ ਹੀ ਰਹਿੰਦਾ। ਦਫਤਰ ਸੁਪਰਡੈਂਟ ਇਸ ਪ੍ਰਕਾਰ ਦੇ ਕੰਮਾਂ ਵਿੱਚ ਘੱਟ ਹੀ ਦਿਲਚਸਪੀ ਲੈਂਦਾਮਾਨ ਸਾਹਿਬ ਪਹਿਲੇ ਪ੍ਰਿੰਸੀਪਲ ਨਾਲ ਮਿਲ ਕੇ ਇਸ ਪ੍ਰਕਾਰ ਦੇ ਕੰਮਾਂ ਵਿੱਚ ਦਿਲਚਸਪੀ ਲੈਂਦਾ ਹੀ ਰਹਿੰਦਾ ਸੀ। ਪਰਚਿਆਂ ਦੌਰਾਨ ਇੱਕ ਵਾਰ ਮਾਨ ਨੇ ਇੱਕ ਪ੍ਰੋਫੈਸਰ ਲਈ ਵੀ ਪਰੇਸ਼ਾਨੀ ਖੜ੍ਹੀ ਕਰ ਦਿੱਤੀਉਹ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦਾ ਸੀ। ਉਸਦੀ ਘਰਵਾਲ਼ੀ ਦਾ ਸ਼ਹਿਰ ਵਿੱਚ ਨਿੱਜੀ ਸਕੂਲ ਸੀ। ਉਨ੍ਹਾਂ ਦਾ ਘਰ ਵੀ ਸਕੂਲ ਦੇ ਵਿੱਚ ਹੀ ਸੀ। ਉਸ ਦਿਨ ਪਹਿਲੀ ਅਪ੍ਰੈਲ ਸੀ। ਉਹ ਪ੍ਰੋਫੈਸਰ ਕਾਲਜ ਤੋਂ ਛੁੱਟੀ ’ਤੇ ਸੀ। ਜਦੋਂ ਸਵੇਰ ਦੇ ਸਾਢੇ ਕੁ ਨੌ ਵੱਜੇ ਤਾਂ ਉਨ੍ਹਾਂ ਦੇ ਸਕੂਲ ਮੂਹਰੇ ਪੁਲਿਸ ਦੀ ਇੱਕ ਜੀਪ ਆ ਖੜ੍ਹੀ ਹੋਈ। ਪ੍ਰੋਫੈਸਰ ਆਪ ਉਦੋਂ ਘਰ ਸੀ ਤੇ ਉਸਦੀ ਘਰਵਾਲੀ ਸਕੂਲ ਦੇ ਦਫਤਰ ਵਿੱਚ ਬੈਠੀ ਸੀ। ਐੱਸ. ਐੱਚ. ਓ. ਸਾਹਿਬ ਗੇਟ ’ਤੇ ਆ ਕੇ ਚਾਰ ਕੁ ਸਿਪਾਹੀਆਂ ਨਾਲ਼ ਅੰਦਰ ਦਾਖਲ ਹੋਏ। ਕਲਾਸ ਰੂਮਾਂ ਮੂਹਰੇ ਖੜ੍ਹੀਆਂ ਅਧਿਆਪਕਾਵਾਂ ਹੈਰਾਨ ਸਨ ਕਿ ਪੁਲਿਸ ਸਕੂਲ ਕਿਉਂ ਆਈ? ਉਹ ਸੋਚ ਰਹੀਆਂ ਸਨ ਕਿ ਸ਼ਾਇਦ ਮੈਡਮ ਪ੍ਰਿੰਸੀਪਲ ਦੇ ਘਰਵਾਲੇ ਨੇ ਕੋਈ ਕੁਤਾਹੀ ਕਰ ਦਿੱਤੀ ਹੋਵੇ। ਬੁਲਾਉਣ ’ਤੇ ਮੈਡਮ ਦਾ ਘਰਵਾਲ਼ਾ ਦਫਤਰ ਵਿੱਚ ਆ ਗਿਆ। ਜਦੋਂ ਉਸਨੇ ਦੇਖਿਆ ਕਿ ਮਾਨ ਸਾਹਿਬ ਪੁਲਿਸ ਨਾਲ਼ ਆਏ ਸਨ, ਉਸਨੇ ਐੱਸ. ਐੱਚ. ਓ. ਸਾਹਿਬ ਨੂੰ ਫਤਿਹ ਬੁਲਾਈ ਤੇ ਮਾਨ ਸਾਹਿਬ ਨੂੰ ਕਿਹਾ, “ਕਿਵੇਂ ਆਉਣਾ ਹੋਇਆ, ਮਾਨ ਸਾਹਿਬ?”

“ਮੈਂ ਸੋਚਿਆ, ਸਾਹਿਬ ਨੂੰ ਮਿਲ਼ ਆਈਏ।” ਮਾਨ ਸਾਹਿਬ ਕਹਿਣ ਲੱਗੇ।

“ਪਹਿਲੀ ਅਪ੍ਰੈਲ ਏ, ਮੈਨੂੰ ਲਗਦਾ ਏ ਅਪ੍ਰੈਲ ਫੂਲ ਬਣਾਉਣ ਆਏ ਹੋ। ਫਿਰ ਵੀ ਆਦਰ ਨਾਲ਼ ਪੁੱਛਦਾ ਹਾਂ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?”

“ਸਾਹਿਬ ਜੀ, ਪਹਿਲੀ ਅਪ੍ਰੈਲ ਵਾਲੀ ਕੋਈ ਗੱਲ ਨਹੀਂ। ਯੂਨੀਵਰਸਿਟੀ ਨੇ ਤਾਂ ਪਹਿਲੀ ਅਪ੍ਰੈਲ ਨੂੰ ਪਰਚੇ ਸ਼ੁਰੂ ਕਰ ਦਿੱਤੇ ਨੇਤੁਸੀਂ ਇਸ ਦਿਨ ਨੂੰ ਬਦਸ਼ਗਨਾ ਸਮਝਦੇ ਹੋ।”

ਸੇਵਾਦਾਰਨੀ ਚਾਹ ਲੈਣ ਚਲੀ ਗਈ।

“ਫਿਰ ਵੀ ਦੱਸੋ ਤਾਂ ਸਹੀ, ਮੈਂ ਕੀ ਖਿਦਮਤ ਕਰ ਸਕਦਾ ਹਾਂ?”

“ਸੇਵਾ ਵੀ ਦੱਸ ਦਿਆਂਗੇ ... ਬਹੁਤਾ ਸੋਚਾਂ ਵਿੱਚ ਨਾ ਪਵੋ।”

“ਅੱਜ ਤਾਂ ਐੱਸ. ਐੱਚ. ਓ. ਸਾਹਿਬ ਦੇ ਦਰਸ਼ਨ ਕਰਾ ’ਤੇ ... ਸੁੱਖ ਤਾਂ ਹੈ?”

"ਸਭ ਸੁੱਖ ਏ। ਬਸ ਤੁਸੀਂ ਸਾਡਾ ਇੱਕ ਛੋਟਾ ਜਿਹਾ ਕੰਮ ਕਰਨਾ ਏ।"

"ਫਰਮਾਓ।"

“ਸਾਹਿਬ ਦੀ ਲੜਕੀ ਡੀ.ਏ.ਵੀ. ਕਾਲਜ ਵਿੱਚ ਬੀ. ਏ. ਆਖਰੀ ਸਾਲ ਵਿੱਚ ਅੰਗਰੇਜ਼ੀ ਦੀ ਕੰਪਾਰਟਮੈਂਟ ਦਾ ਪਰਚਾ ਦੇ ਰਹੀ ਏ। ਅਸੀਂ ਪ੍ਰਸ਼ਨ ਪੱਤਰ ਆਊਟ ਕਰਵਾ ਕੇ ਲੈ ਕੇ ਆਏ ਹਾਂ। ਤੁਸੀਂ ਸਾਨੂੰ ਤਿੰਨ ਪ੍ਰਸ਼ਨਾਂ ਦੇ ਉੱਤਰ ਅੱਧੇ ਕੁ ਘੰਟੇ ਵਿੱਚ ਤਿਆਰ ਕਰ ਦਿਓ ... ਬੱਸ ਤੁਸੀਂ ਡਟ ਜਾਓ। ਅਸੀਂ ਇੱਥੇ ਬੈਠਦੇ ਹਾਂ ਤੇ ਨਾਲੇ ਚਾਹ ਪੀ ਲੈਂਦੇ ਹਾਂ ...”

ਪ੍ਰੋਫੈਸਰ ਅਜਿਹੇ ਸਥਿਤੀ ਵਿੱਚ ਫਸ ਗਿਆ ਕਿ ਉਹ ਜਵਾਬ ਨਹੀਂ ਦੇ ਸਕਦਾ ਸੀ। ਭਾਵੇਂ ਇਹ ਗੈਰ ਕਾਨੂੰਨੀ ਕੰਮ ਸੀ ਪਰ ਮਾਨ ਨੇ ਹਾਲਾਤ ਅਜਿਹੇ ਬਣਾ ਦਿੱਤੇ ਕਿ ਇਹ ਕੰਮ ਉਹਨੂੰ ਕਰਨਾ ਹੀ ਪਿਆ। ਪ੍ਰੋਫੈਸਰ ਨੇ ਅੱਧੇ ਘੰਟੇ ਵਿੱਚ ਅੰਗਰੇਜੀ ਵਿਆਕਰਣ ਦੇ ਸਾਰੇ ਸਵਾਲ ਹੱਲ ਕਰ ਦਿੱਤੇ। ਇੰਨੇ ਚਿਰ ਵਿੱਚ ਮਾਨ ਸਾਹਿਬ ਨਹੀਂ, ਬੇਈਮਾਨ ਸਾਹਿਬ, ਤੇ ਪੁਲਿਸ ਚਾਹ ਪੀ ਚੁੱਕੇ ਸਨ। ਮਾਨ ਸਾਹਿਬ ਪੁਲਿਸ ਪਾਰਟੀ ਨੂੰ ਲੈ ਕੇ ਸ਼ਹਿਰ ਦੇ ਡੀ. ਏ. ਵੀ. ਕਾਲਜ ਵਲ ਚੱਲ ਪਿਆ

ਕਾਲਜ ਤੋਂ ਸੇਵਾ ਮੁਕਤ ਹੋ ਕੇ ਮਾਨ ਸਾਹਿਬ ਕੈਨੇਡਾ ਆਪਣੇ ਲੜਕੇ ਪਾਸ ਚਲਾ ਗਿਆਕੈਨੇਡਾ ਵਿੱਚ ਉਦੋਂ ਕੁ ਗੁਰਦਾਸ ਮਾਨ ਦਾ ਸ਼ੋਅ ਸੀ। ਸ਼ੋਅ ਵਾਲਾ ਦਿਨ ਮਾਨ ਲਈ ਉਸਦੇ ਜੀਵਨ ਦਾ ਸਭ ਤੋਂ ਖੁਸ਼ੀ ਵਾਲ਼ਾ ਤੇ ਨਾਲ ਦੀ ਨਾਲ ਸਭ ਤੋਂ ਵੱਧ ਉਦਾਸੀ ਵਾਲਾ ਦਿਨ ਹੋ ਨਿੱਬੜਿਆ। ਖੁਸ਼ੀ ਇਸ ਗੱਲ ਦੀ ਸੀ ਕਿ ਉਸਦਾ ਗੋਤੀ ਇੱਕ ਬਹੁਤ ਵੱਡਾ ਕਲਾਕਾਰ ਸੀ। ਲੋਕ ਵਹੀਰਾਂ ਘੱਤ ਕੇ ਗੁਰਦਾਸ ਮਾਨ ਦੇ ਸ਼ੋਅ ਨੂੰ ਦੇਖਣ ਲਈ ਰਹੇ ਸਨ। ਉਦਾਸੀ ਇਸ ਗੱਲ ਦੀ ਹੋ ਗਈ ਕਿ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਉਦੋਂ ਸ਼ੋਰ ਮਚ ਗਿਆ ਜਦੋਂ ਉਹਨੇ ਭਾਰਤ ਵਾਸਤੇ '‘ਇੱਕ ਦੇਸ਼ - ਇੱਕ ਭਾਸ਼ਾ’ ਦਾ ਮੁੱਦਾ ਉਲਾਰ ਦਿੱਤਾ। ਦਰਸ਼ਕਾਂ ਨੇ ਉਹਨੂੰ ਪੰਜਾਬੀ ਦਾ ਗਦਾਰ ਕਹਿ ਕੇ ਭੰਡ ਦਿੱਤਾ। ਗੁਰਦਾਸ ਮਾਨ ਨੇ ਗੁੱਸੇ ਵਿੱਚ ਆ ਕੇ ਕਿਸੇ ਵਾਸਤੇ ਚੰਦ ਅਜਿਹੇ ਸ਼ਬਦ ਵਰਤ ਦਿੱਤੇ ਜਿਹੜੇ ਇੱਕ ਗੰਦਾ ਪ੍ਰਗਟਾਵਾ ਸਨ। ਸ਼ਾਇਦ ਉਸ ਦਿਨ ਤੋਂ ਲੈ ਕੇ ਅੱਜ ਤੱਕ ਗੁਰਦਾਸ ਮਾਨ ਪੰਜਾਬੀਆਂ ਵਿੱਚ ਮੁੜ ਉਹ ਸ਼ਾਖ ਕਾਇਮ ਨਹੀਂ ਕਰ ਸਕੇ ਜਿਹੜੀ ਉਸਦੀ ਪਿਛਲੇ ਤਿੰਨ ਦਹਾਕਿਆਂ ਤੋਂ ਕਾਇਮ ਸੀ। ਸਾਡਾ ਮਾਨ ਵੀ ਸ਼ੋਅ ਵਿੱਚ ਮਚੇ ਹੱਲੇ ਤੋਂ ਬਹੁਤ ਉਦਾਸ ਹੋਇਆ ਸੀ।

ਕੈਨੇਡਾ ਵਿੱਚ ਰਹਿੰਦੇ ਹੋਏ ਮਾਨ ਦੇ ਤਿੰਨ ਕੁ ਸਾਲ ਠੀਕ ਬੀਤ ਗਏ ਕਿਉਂਕਿ ਉਸਦੀ ਘਰਵਾਲ਼ੀ ਉਸਦੇ ਨਾਲ ਸੀ। ਕੁਝ ਪੈਸੇ ਵੀ ਉਸ ਪਾਸ ਸਨ ਜਿਹੜੇ ਕਿ ਉਸਨੂੰ ਨੌਕਰੀ ਤੋਂ ਫੰਡ ਦੇ ਰੂਪ ਵਿੱਚ ਮਿਲੇ ਸਨ। ਪ੍ਰਾਈਵੇਟ ਕਾਲਜਾਂ ਵਿੱਚ ਪੈਨਸ਼ਨ ਦਾ ਪ੍ਰਾਵਧਾਨ ਨਹੀਂ ਸੀ। ਫੰਡ ਦੇ ਪੈਸੇ ਜਦੋਂ ਡਾਲਰਾਂ ਵਿੱਚ ਤਬਦੀਲ ਹੋਏ ਤਾਂ ਇਹ ਬਹੁਤ ਘਟ ਗਏ। ਲੜਕਾ ਮਾਨ ਸਾਹਿਬ ਨੂੰ ਖਰਚ ਨਹੀਂ ਦਿੰਦਾ ਸੀ ਕਿਉਂਕਿ ਉਹ ਸਹੁਰਿਆਂ ਦੇ ਪ੍ਰਭਾਵ ਥੱਲੇ ਜ਼ਿਆਦਾ ਸੀ ਤੇ ਆਪਣੀ ਘਰਵਾਲ਼ੀ ਦੀ ਵੱਧ ਸੁਣਦਾ ਸੀ। ਸਰਕਾਰ ਦੀਆਂ ਸਹੂਲਤਾਂ ਮਾਨ ਸਾਹਿਬ ਨੂੰ ਅਜੇ ਕਈ ਸਾਲਾਂ ਬਾਅਦ ਮਿਲਣੀਆਂ ਸ਼ੁਰੂ ਹੋਣੀਆਂ ਸਨ। ਲੜਕਾ ਮਾਂ ਪਿਓ ਨੂੰ ਆਪਣੇ ਨਾਲ਼ ਰੱਖਣ ਤੋਂ ਇਨਕਾਰੀ ਸੀ, ਇਸ ਲਈ ਮਾਨ ਸਾਹਿਬ ਤੇ ਉਸਦੀ ਘਰਵਾਲ਼ੀ ਇੱਕ ਬੇਸਮੈਂਟ ਵਿੱਚ ਅੱਡ ਰਹਿੰਦੇ ਸਨ। ਮਾਨ ਸਾਹਿਬ ਨੂੰ ਸਿਆਣੀ ਉਮਰ ਵਿੱਚ ਵੀ ਕੰਮ ਕਰਨਾ ਪੈਂਦਾ ਕਿਉਂਕਿ ਉਹ ਸਰਕਾਰੀ ਭੱਤੇ ਤੋਂ ਵਾਂਝਾ ਸੀ।

ਥੋੜ੍ਹੀ ਦੇਰ ਬਾਅਦ ਮਾਨ ਸਾਹਿਬ ਦੀ ਘਰਵਾਲ਼ੀ ਪੂਰੀ ਹੋ ਗਈ। ਮਾਨ ਸਾਹਿਬ ਇਕੱਲਾ ਰਹਿ ਗਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4265)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰੋ. ਅਵਤਾਰ ਸਿੰਘ ਸੰਘਾ

ਪ੍ਰੋ. ਅਵਤਾਰ ਸਿੰਘ ਸੰਘਾ

Sydney, Australia.
Phone: (61 - 437 641 033)
Email: (sangha_avtar@hotmail.com)