“ਜਦੋਂ ਗੱਡੀ ਕੈਂਬਲਟਾਊਨ ਪਹੁੰਚੀ ਤਾਂ ਪੁਲਿਸ ਉਸ ਜੋੜੇ ਦਾ ਸਵਾਗਤ ਕਰਨ ਲਈ ਉਸੇ ਡੱਬੇ ਮੂਹਰੇ ਖੜ੍ਹੀ ਸੀ ...”
(26 ਅਪ੍ਰੈਲ 2023)
ਇਸ ਸਮੇਂ ਪਾਠਕ: 122.
ਪੰਜਾਬ ਤੋਂ ਸਿਡਨੀ ਆ ਕੇ ਮੇਰੀ ਪਹਿਲੀ ਨੌਕਰੀ ਸਿਡਨੀ ਦੀਆਂ ਰੇਲ ਗੱਡੀਆਂ ਵਿੱਚ ਸਕਿਉਰਿਟੀ ਅਫਸਰ ਦੀ ਸੀ। ਹਰ ਗੱਡੀ ਵਿੱਚ ਦੋ ਦੋ ਸਕਿਉਰਿਟੀ ਅਫਸਰ ਹੋਇਆ ਕਰਦੇ ਸਨ ਤੇ ਉਹ ਤਕਰੀਬਨ ਛੇ ਸੱਤ ਘੰਟੇ ਇਕੱਠੇ ਕੰਮ ਕਰਿਆ ਕਰਦੇ ਸਨ। ਕਈ ਵਾਰ ਦੋ ਅਫਸਰਾਂ ਨੂੰ ਦੋ ਤਿੰਨ ਹਫ਼ਤੇ ਦਾ ਲੰਬਾ ਰੋਸਟਰ ਵੀ ਮਿਲਿਆ ਹੁੰਦਾ ਸੀ। ਇਸ ਪ੍ਰਕਾਰ ਦੋਨੋਂ ਅਫਸਰ ਇੱਕ ਦੂਜੇ ਦੇ ਕਾਫੀ ਨੇੜੇ ਆ ਜਾਇਆ ਕਰਦੇ ਸਨ। ਕਈ ਆਪਣੇ ਦੁੱਖ ਸੁਖ ਵੀ ਆਪਸ ਵਿੱਚ ਸਾਂਝੇ ਕਰ ਲਿਆ ਕਰਦੇ ਸਨ।
ਇੱਕ ਵਾਰ ਇੰਝ ਹੋਇਆ ਕਿ ਮੈਨੂੰ ਇੱਕ ਅਬਦੁਲ ਨਾਂ ਦਾ ਬੰਗਲਾਦੇਸ਼ੀ ਇਸ ਡਿਊਟੀ ’ਤੇ ਸਾਥੀ ਮਿਲ ਗਿਆ। ਪਹਿਲੇ ਦੋ ਕੁ ਦਿਨ ਕੁਝ ਬੇਗਾਨਾਪਨ ਰਿਹਾ। ਫਿਰ ਅਸੀਂ ਆਪਸ ਵਿੱਚ ਘੁਲਣ ਮਿਲਣ ਲੱਗ ਪਏ। ਉਹ ਹਿੰਦੀ ਵੀ ਬੋਲ ਤੇ ਸਮਝ ਸਕਦਾ ਸੀ। ਇਸ ਨਾਲ ਗੱਲਬਾਤ ਕਰਨੀ ਤੇ ਸਮਝਣੀ ਹੋਰ ਵੀ ਆਸਾਨ ਹੋ ਗਈ। ਇੱਕ ਦਿਨ ਜਦੋਂ ਉਹ ਡਿਊਟੀ ’ਤੇ ਆਇਆ ਤਾਂ ਬੜਾ ਉਦਾਸ ਲੱਗ ਰਿਹਾ ਸੀ।
“ਅਬਦੁਲ, ਅੱਜ ਉਦਾਸ ਹੋ। ਕੀ ਗੱਲ ਹੋਈ ਹੈ।” ਮੈਂ ਹਿੰਦੀ ਵਿੱਚ ਪੁੱਛਿਆ।
“ਮੇਰੀ ਇੱਕ ਮਾਨਸਿਕ ਗੁੰਝਲ ਏ। ਇਹ ਮੈਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਏ।”
“ਯਾਰ, ਦੱਸ ਤਾਂ ਸਹੀ। ਸ਼ਾਇਦ ਮੈਂ ਤੈਨੂੰ ਕੋਈ ਐਸੀ ਸਲਾਹ ਦੇ ਸਕਾਂ, ਜਿਸ ਨਾਲ ਤੇਰਾ ਮਨ ਹੌਲਾ ਹੋ ਜਾਏ।”
“ਇਸ ਗੁੰਝਲ ਦਾ ਹੱਲ ਲੱਭਣਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਏ। ਮੈਨੂੰ ਮੇਰੇ ਹਾਲ ’ਤੇ ਹੀ ਰਹਿਣ ਦੇ ਦੋਸਤ।”
“ਨਹੀਂ ਅਬਦੁਲ! ਇਵੇਂ ਨਹੀਂ ਹੋ ਸਕਦਾ। ਆਪਾਂ ਹੁਣ ਹਰ ਰੋਜ਼ ਇਕੱਠੇ ਡਿਊਟੀ ਕਰਦੇ ਹਾਂ। ਸਾਨੂੰ ਹੁਣ ਦੋ ਹਫ਼ਤਿਆਂ ਦਾ ਇਕੱਠਾ ਰੋਸਟਰ ਮਿਲਿਆ ਹੋਇਆ ਹੈ। ਹੋ ਸਕਦਾ ਏ, ਇਹ ਰੋਸਟਰ ਹੋਰ ਵਧ ਜਾਵੇ। ਕਈ ਅਫਸਰ ਛੇ ਛੇ ਮਹੀਨਿਆਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਨ। ਤੁਹਾਡਾ ਹਰ ਰੋਜ਼ ਇਸ ਪ੍ਰਕਾਰ ਵੱਟਿਆ-ਵੱਟਿਆ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ। ਪਲੀਜ਼ ਆਪਣੀ ਪ੍ਰੇਸ਼ਾਨੀ ਮੇਰੇ ਨਾਲ ਸਾਂਝੀ ਜ਼ਰੂਰ ਕਰੋ। ਮੈਂ ਤੁਹਾਡੀ ਮਾਨਸਿਕ ਗੁੰਝਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭਾਂਗਾ।”
“ਦੇਖ ਦੋਸਤ, ਮਸਲਾ ਮੇਰਾ ਵਿਅਕਤੀਗਤ ਹੈ, ਮੈਂ ਪਹਿਲਾਂ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ। ਜੇ ਤੂੰ ਕਿਸੇ ਨੂੰ ਨਾ ਦੱਸੇਂ, ਤਾਂ ਮੈਂ ਤੇਰੇ ਨਾਲ ਸਾਂਝਾ ਕਰ ਸਕਦਾ ਹਾਂ। ਜੇ ਬਾਕੀ ਸਾਥੀਆਂ, ਖ਼ਾਸ ਕਰਕੇ ਮੇਰੇ ਦੇਸ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਤਾਂ ਉਹ ਮੇਰਾ ਮਜ਼ਾਕ ਉਡਾਉਣਗੇ।”
“ਅਬਦੁਲ, ਤੂੰ ਮਾਸਾ ਵੀ ਫ਼ਿਕਰ ਨਾ ਕਰ। ਬੱਸ ਦੱਸ ਦੇ ਕਿ ਤੇਰੀ ਸਮੱਸਿਆ ਕੀ ਏ।”
“ਲੈ ਸੁਣ ਫਿਰ। ਮੈਂ ਇੱਕ ਗੋਰੀ ਨਾਲ ਵਿਆਹ ਕਰਵਾ ਬੈਠਾਂ। ਉਸ ਦਾ ਨਾਮ ਕੈਥਰੀਨ ਏ। ਮੈਂ ਚਿੱਟੀ ਚਮੜੀ ’ਤੇ ਮਰ ਗਿਆ। ਹੁਣ ਉਸ ਨੇ ਮੇਰਾ ਨੱਕ ਵਿੱਚ ਦਮ ਕੀਤਾ ਹੋਇਆ ਹੈ। ਮੈਂ ਉਸ ਤੋਂ ਚੋਰੀ ਇੱਕ ਛੋਟਾ ਘਰ (One bedroom unit) ਵੀ ਖਰੀਦ ਰੱਖਿਆ ਏ। ਉਸ ਦੀ ਕਿਸ਼ਤ ਵੀ ਦਿੰਦਾ ਹਾਂ। ਕਾਰਨ ਇਹ ਹੈ ਕਿ ਜੇ ਝਗੜਾ ਵਧ ਗਿਆ ਅਤੇ ਉਹ ਅਦਾਲਤ ਵਿੱਚ ਚਲੀ ਗਈ, ਤਾਂ ਅਦਾਲਤ ਨੇ ਮੈਨੂੰ ਉਸ ਘਰ ਵਿੱਚੋਂ ਕੱਢ ਦੇਣਾ ਏ। ਅਦਾਲਤ ਨੇ ਉਹ ਘਰ ਉਹਨੂੰ ਅਤੇ ਸਾਡੇ ਬੱਚੇ ਨੂੰ ਦੇ ਦੇਣਾ ਏ ਤੇ ਮੈਨੂੰ ਸੜਕ ’ਤੇ ਜਾਣਾ ਪੈਣਾ ਹੈ।
“ਦੂਜਾ ਮਸਲਾ ਇਹ ਹੈ ਕਿ ਕੈਥਰੀਨ ਕੰਮ ਕਰਦੀ ਹੀ ਨਹੀਂ। ਘਰ ਖਾਣਾ ਵੀ ਨਹੀਂ ਬਣਾਉਂਦੀ। ਹਰ ਰੋਜ਼ ਬਾਹਰ ਰੈਸਟੋਰੈਂਟ ’ਤੇ ਖਾਣਾ ਖਾਣ ਜਾਂਦੀ ਏ। ਮੈਂ ਇਸ ਵਕਤ ਦੋ ਜਾਬਾਂ ਕਰਦਾ ਹਾਂ। ਇੱਧਰ ਇਹ ਗੱਡੀ ’ਤੇ ਸਕਿਉਰਿਟੀ ਜਾਬ ਤੇ ਉੱਧਰ ਇੱਕ ਕਲੀਨੀਕਲ ਲੈਬੋਰਟਰੀ ਦੀ ਜਾਬ ਏ। ਕੈਥਰੀਨ ਐਨੀ ਖਰਚੀਲੀ ਹੈ ਕਿ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਏ। ਦੋ ਬੈੱਡਰੂਮ ਯੂਨਿਟ ਵਿੱਚ ਰਹਿੰਦੇ ਹਾਂ ਤੇ ਉਸ ਦੀ ਕਿਸ਼ਤ ਅਕਸਰ ਥੁੜੀ ਰਹਿੰਦੀ ਏ। ਹਾਊਸਿੰਗ ਕਮਿਸ਼ਨ ਦੇ ਸਸਤੇ ਘਰ ਲਈ ਅਰਜ਼ੀ ਨਹੀਂ ਦੇ ਸਕਦਾ ਕਿਉਂਕਿ ਉੱਧਰ ਮੇਰੇ ਨਾਮ ’ਤੇ ਇੱਕ ਯੂਨਿਟ ਹੈ। ਜੇ ਮੈਂ ਖਾਣਾ ਘਰ ਤਿਆਰ ਕਰਨ ਨੂੰ ਕਹਿੰਦਾ ਹਾਂ ਤਾਂ ਉਹ ਲੜਾਈ ਕਰਦੀ ਏ। ਘਰੇਲੂ ਲੜਾਈ ਥੋੜ੍ਹੀ-ਥੋੜ੍ਹੀ ਚਲਦੀ ਹੀ ਰਹਿੰਦੀ ਏ। ਮੈਂ ਚੁੱਪ ਰਹਿ ਕੇ ਮਸਲਾ ਪੁਲਿਸ ਪਾਸ ਜਾਣ ਤੋਂ ਬਚਾਈ ਜਾਂਦਾ ਹਾਂ। ਥੱਕ ਟੁੱਟ ਕੇ ਚੂਰ ਹੋ ਜਾਂਦਾ ਹਾਂ। ਇੱਕ ਤਾਂ ਮੇਰਾ ਮਸਲਾ ਇਹ ਹੈ, ਜਿਸਦਾ ਮੈਂ ਆਦੀ ਹੋ ਚੁੱਕਾ ਹਾਂ।”
“ਕੋਈ ਹੋਰ ਮਸਲਾ ਵੀ ਏ?” ਮੈਂ ਉਤਸੁਕਤਾ ਜ਼ਾਹਿਰ ਕੀਤੀ।
“ਹਾਂ, ਦੂਸਰੇ ਨੇ ਹੀ ਤਾਂ ਮੈਨੂੰ ਅੱਜ ਅੱਧਾ ਪਾਗਲ ਕਰ ਦਿੱਤਾ ਏ।”
“ਅੱਧਾ ਪਾਗਲ?”
“ਹਾਂ। ਜਦੋਂ ਮੈਂ ਲੈਬੋਰਟਰੀ ਦੀ ਜਾਬ ਤੋਂ ਘਰ ਪਹੁੰਚਿਆ ਤਾਂ ਦੋ ਤਿੰਨ ਵਾਰ ਇੰਝ ਹੋਇਆ ਕਿ ਘਰ ਵਿੱਚ ਇੱਕ ਗੋਰਾ ਮੁੰਡਾ ਬੈਠਾ ਹੁੰਦਾ ਸੀ। ਜਦੋਂ ਮੈਂ ਕੈਥਰੀਨ ਨੂੰ ਪੁੱਛਿਆ ਕਿ ਉਹ ਕੌਣ ਸੀ ਤਾਂ ਉਹ ਚੁੱਪ ਹੋ ਜਾਂਦੀ। ਕੱਲ੍ਹ ਮੈਂ ਜ਼ੋਰ ਦੇ ਕੇ ਪੁੱਛਿਆ ਤਾਂ ਕਹਿੰਦੀ, “ਇਹ ਸਾਈਮਨ ਏ, ਮੇਰਾ ਪਹਿਲਾ ਬੁਆਏ ਫਰੈਂਡ। ਜਦੋਂ ਮੈਂ ਰੋਸ ਪ੍ਰਗਟ ਕੀਤਾ ਕਿ ਉਸ ਨੂੰ ਘਰ ਕਿਉਂ ਬੁਲਾਇਆ, ਤਾਂ ਕਹਿਣ ਲੱਗੀ - ਮੈਂ ਆਪਣੇ ਬੁਆਏਫਰੈਂਡ ਨੂੰ ਘਰ ਕਿਉਂ ਨਹੀਂ ਬੁਲਾ ਸਕਦੀ? ਅਸੀਂ ਤਾਂ ਮਿਲਦੇ ਹੀ ਰਹਿੰਦੇ ਹਾਂ। - ਜਦੋਂ ਮੈਂ ਇਹ ਸੁਣਿਆ ਤਾਂ ਮੈਂ ਸੋਚਿਆ ਕਿ ਮੈਂ ਉਸ ਕਮਜਾਤ ਨਾਲ ਵਿਆਹ ਕਰਵਾ ਕੇ ਬੱਜਰ ਗਲਤੀ ਕਰ ਬੈਠਾ ਹਾਂ। ਕਿਤੇ ਗੁਪਤ ਦੋਸਤੀ ਹੋਵੇ ਤਾਂ ਅਲੱਗ ਗੱਲ ਏ, ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ। ਮੈਂ ਪੈਸੇ ਪੱਖੋਂ ਵੀ ਮਾਰ ਖਾਧੀ ਤੇ ਪਿਆਰ ਪੱਖੋਂ ਵੀ। ਦੋਸਤ, ਮੈਂ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਸਾਡੇ ਜਿਹੇ ਸੱਭਿਆਚਾਰ ਅਤੇ ਸੰਸਕਾਰਾਂ ਵਾਲੇ ਕਦੇ ਵੀ ਗੋਰਿਆਂ ਨਾਲ ਵਿਆਹ ਨਾ ਕਰਵਾਉਣ। ਗੋਰੇ ਟੁੱਟ-ਭੱਜ ਸਹਿਣ ਦੇ ਆਦੀ ਹਨ। ਇਹਨਾਂ ਦੇ ਕਈ ਕਈ ਬੁਆਏ ਫਰੈਂਡ ਅਤੇ ਗਰਲ ਫਰੈਂਡਾਂ ਹੁੰਦੀਆਂ ਹਨ। ਇਹਨਾਂ ਵਿੱਚੋਂ ਬੱਚੇ ਕੋਈ ਅੱਧਾ ਭਰਾ ਏ ਤੇ ਕੋਈ ਅੱਧੀ ਭੈਣ। ਸਾਡੇ ਸੱਭਿਆਚਾਰ ਵਿੱਚ ਇੰਝ ਬਿਲਕੁਲ ਵੀ ਨਹੀਂ ਪੁੱਗਦਾ। ਦੋਸਤ, ਮੈਂ ਇੰਨੀ ਨਮੋਸ਼ੀ ਸਹਿ ਰਿਹਾ ਹਾਂ ਕਿ ਮੈਂ ਕੈਥਰੀਨ ਨੂੰ ਕਦੀ ਆਪਣੇ ਦੇਸ਼ ਲੈ ਕੇ ਨਹੀਂ ਜਾ ਸਕਦਾ। ਬੰਦਾ ਬਾਕੀ ਜਰ ਸਕਦਾ ਏ ਪ੍ਰੰਤੂ ਆਪਣੀ ਬੀਵੀ ਪਾਸ ਬੈਠੇ ਉਸ ਦੇ ਬੁਆਏ ਫਰੈਂਡ ਨੂੰ ਨਹੀਂ ਜਰ ਸਕਦਾ। ਮੈਂ ਕੀ ਕਰਾਂ? ਕਿੱਥੇ ਮਰਾਂ?”
”ਅਬਦੁਲ, ਤੇਰੀ ਮਾਨਸਿਕ ਗੁੰਝਲ ਸੱਚਮੁੱਚ ਹੀ ਸੁਲਝਣ ਯੋਗ ਨਹੀਂ। ਇਹ ਇੰਜ ਏ ਜਿਵੇਂ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ! ਐ ਔਰਤ ਕਮਜਾਤਪੁਣਾ, ਤੇਰਾ ਦੂਜਾ ਨਾਂ ਏ। (Frailty, thy name is woman) ਸ਼ੈਕਸਪੀਅਰ ਨੇ ਸੱਚ ਕਿਹਾ ਏ। ਅਬਦੁਲ, ਵਿਆਹ ਤਾਂ ਦੂਜੇ ਫਿਰਕਿਆਂ ਵਿੱਚ ਹੋ ਸਕਦਾ ਏ, ਪ੍ਰੰਤੂ ਵਿਆਹ ਤੋਂ ਬਾਹਰ ਸਰੀਰਕ ਸਬੰਧ ਸਹਿਣ ਨਹੀਂ ਕੀਤੇ ਜਾ ਸਕਦੇ। ਇਸਦਾ ਹੱਲ ਤਾਂ ਇਹੀ ਹੈ ਕਿ ਤੂੰ ਇਸ ਸ਼ਾਦੀ ਵਿੱਚੋਂ ਨਿਕਲ ਜਾਵੇਂ। ਉਸ ਨੇ ਇੰਝ ਕਰਨ ਤੋਂ ਹਟਣਾ ਨਹੀਂ। ਡੰਗਰ ਦੀ ਰੱਸੇ ਚੱਟਣ ਦੀ ਆਦਤ ਕਦੀ ਨਹੀਂ ਜਾਂਦੀ ਹੁੰਦੀ। ਹੁਣ ਮੌਕਾ ਏ, ਜਿਵੇਂ ਜਿਵੇਂ ਤੇਰੀ ਉਮਰ ਜ਼ਿਆਦਾ ਹੁੰਦੀ ਜਾਊ, ਤਿਵੇਂ ਤਿਵੇਂ ਹੋਰ ਮੁਸ਼ਕਿਲ ਹੁੰਦਾ ਜਾਊ। ਇਸ ਦੇਸ਼ ਦੇ ਕਾਨੂੰਨ ਮੁਤਾਬਕ ਤੈਨੂੰ ਜਾਇਦਾਦ ਤੋਂ ਤਾਂ ਹੱਥ ਧੋਣੇ ਹੀ ਪੈਣਗੇ। ਤੈਨੂੰ ਪਤਾ ਏ ਕਿ ਇੱਥੇ ਇਸਤਰੀ ਦੀ ਪੁੱਛ ਪ੍ਰਤੀਤ ਜ਼ਿਆਦਾ ਏ। ਜੇ ਤੂੰ ਇੱਕ ਵਾਰ ਦਲੇਰ ਹੋ ਕੇ ਇਸ ਕਲੇਸ਼ ਵਿੱਚੋਂ ਨਿਕਲ ਜਾਵੇਂ, ਫਿਰ ਤੂੰ ਹੋਰ ਸ਼ਾਦੀ ਵੀ ਆਰਾਮ ਨਾਲ ਕਰ ਸਕਦਾ ਏਂ। ਨਾਲੇ ਤੁਹਾਡੇ ਮਜ਼ਹਬ ਵਿੱਚ ਤਾਂ ਚਾਰ ਸ਼ਾਦੀਆਂ ਕਰਨ ਦੀ ਇਜਾਜ਼ਤ ਏ। ਅਬਦੁਲ, ਵੈਸੇ ਮੈਂ ਹੈਰਾਨ ਹਾਂ ਕਿ ਮਨੁੱਖ ਚਾਰ ਸ਼ਾਦੀਆਂ ਦਾ ਭਾਰ ਕਿਵੇਂ ਸਹਿੰਦਾ ਹੋਊ?”
“ਦੋਸਤ, ਇਸਲਾਮ ਵਿੱਚ ਚਾਰ ਸ਼ਾਦੀਆਂ ਦੀ ਇਜਾਜ਼ਤ ਜ਼ਰੂਰ ਏ, ਪਰ ਲੋਕ ਕਰਦੇ ਬਹੁਤ ਘੱਟ ਹਨ। ਕੁਝ ਰਸਮਾਂ ਪੁਰਾਤਨ ਵੀ ਹੁੰਦੀਆਂ ਹਨ। ਅੱਜ ਕੱਲ੍ਹ ਤਾਂ ਇੱਕ ਸ਼ਾਦੀ ਦਾ ਖਰਚਾ ਵੀ ਮੁਸ਼ਕਲ ਨਾਲ ਸਹਾਰਿਆ ਜਾਂਦਾ ਏ।”
“ਚੱਜ ਨਾਲ ਇੱਕ ਹੀ ਕਰ ਲਵੀਂ। ਪਹਿਲਾਂ ਮੌਜੂਦਾ ਕੰਜਰਖਾਨੇ ਤੋਂ ਨਿਜਾਤ ਤਾਂ ਪ੍ਰਾਪਤ ਕਰ। ਮੈਂ ਅੰਤਰਜਾਤੀ, ਅੰਤਰ-ਧਰਮ, ਅੰਤਰ-ਦੇਸੀ, ਅੰਤਰ-ਸੱਭਿਆਚਾਰ - ਸਭ ਪ੍ਰਕਾਰ ਦੀਆਂ ਸ਼ਾਦੀਆਂ ਦੇ ਖਿਲਾਫ ਨਹੀਂ ਹਾਂ, ਪਰ ਮੈਂ ਸ਼ਾਦੀ ਤੋਂ ਬਾਅਦ ਲਿੰਗੀ ਧੋਖੇ ਦੇ ਸਖਤ ਖਿਲਾਫ਼ ਹਾਂ। ਕੋਸ਼ਿਸ਼ ਕਰਕੇ ਜਲਦੀ ਜਲਦੀ ਇਸ ਕੰਜਰਖਾਨੇ ਵਿੱਚੋਂ ਨਿਕਲੋ। ਮੈਂ ਤੇਰੀ ਪੂਰੀ ਮਦਦ ਕਰਾਂਗਾ। ਹਿੰਮਤੇ ਮਰਦਾਂ, ਮਦਦੇ ਖ਼ੁਦਾ।”
“ਤੇਰਾ ਬਹੁਤ ਬਹੁਤ ਧੰਨਵਾਦ।”
ਇੰਨੀ ਦੇਰ ਨੂੰ ਸਾਡੀ ਗੱਡੀ ਮਿੰਟੋ ਸਟੇਸ਼ਨ ’ਤੇ ਜਾ ਰੁਕੀ। ਬਾਹਰੋਂ ਬੜੀ ਤੇਜ਼ੀ ਨਾਲ ਇੱਕ ਗੋਰਾ ਆਦਮੀ ਅਤੇ ਗੋਰੀ ਤੀਵੀਂ ਉਸੇ ਡੱਬੇ ਵਿੱਚ ਆ ਚੜ੍ਹੇ, ਜਿਸ ਵਿੱਚ ਮੈਂ ਅਤੇ ਅਬਦੁਲ ਖੜ੍ਹੇ ਸਾਂ। ਅਸੀਂ ਸੁਰੱਖਿਆ ਕਰਮਚਾਰੀ ਹੁੰਦੇ ਹੋਏ ਥੋੜ੍ਹੇ ਵੱਧ ਚੌਕਸ ਹੋ ਗਏ। ਗੱਡੀ ਤਾਂ ਫਿਰ ਚੱਲ ਪਈ, ਪ੍ਰੰਤੂ ਉਸ ਜੋੜੇ ਦਾ ਕਾਟੋ-ਕਲੇਸ਼ ਮੁੱਕਣ ਵਿੱਚ ਹੀ ਨਾ ਆਵੇ। ਜੋੜਾ ਮੁਸਾਫ਼ਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ। ਮੁਸਾਫ਼ਿਰ ਸਕਿਉਰਿਟੀ ਵਾਲਿਆਂ ਤੋਂ ਆਸ ਰੱਖ ਰਹੇ ਸਨ ਕਿ ਜੋੜੇ ਦੀ ਤੂੰ-ਤੂੰ, ਮੈਂ-ਮੈਂ ਬੰਦ ਕਰਵਾਈ ਜਾਵੇ। ਅਸੀਂ ਉਸ ਜੋੜੇ ਨੂੰ ਚੁੱਪ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਉੱਤੇ ਕੁਝ ਕੁ ਅਸਰ ਤਾਂ ਪਿਆ, ਪਰ ਉਹ ਪੂਰੀ ਤਰ੍ਹਾਂ ਸ਼ਾਂਤ ਨਾ ਹੋਏ। ਅਸੀਂ ਉਨ੍ਹਾਂ ਨੂੰ ਡੱਬੇ ਦੇ ਪਿੱਛੇ ਨੂੰ ਲੈ ਗਏ।
”ਆਪਣੇ ਨਾਂ ਦੱਸੋ?” ਮੈਂ ਉਹਨਾਂ ਨੂੰ ਅੰਗਰੇਜ਼ੀ ਵਿੱਚ ਕਿਹਾ।
”ਮੇਰਾ ਨਾਂ ਅਮੈਂਡਾ ਏ ਤੇ ਇਹ ਮੇਰਾ ਪਾਰਟਨਰ ਰੌਡਨੀ ਏ।”
”ਤੁਸੀਂ ਕਿੱਧਰ ਜਾ ਰਹੇ ਹੋ?” ਮੈਂ ਪੁੱਛਿਆ।
”ਕੈਂਬਲਟਾਊਨ।” ਅਮੈਂਡਾ ਬੋਲੀ।
”ਮਸਲਾ ਕੀ ਏ? ਵਾਈ ਡੂ ਯੂ ਫਾਈਟ?”
”ਹੀ ਚੀਟਸ ਮੀ।”
”ਵੱਟ ਡੂ ਯੂ ਮੀਨ?” ਅਬਦੁਲ ਨੇ ਪੁੱਛਿਆ।
ਅਮੈਂਡਾ ਬੋਲੀ, “ਇਸ ਨੇ ਸ਼ਾਦੀ ਮੇਰੇ ਨਾਲ ਕੀਤੀ ਸੀ, ਪ੍ਰੰਤੂ ਆਪਣੀ ਪੁਰਾਣੀ ਗਰਲ ਫਰੈਂਡ ਨੂੰ ਅਜੇ ਤਕ ਵੀ ਮਿਲਦਾ ਆ ਰਿਹਾ ਏ। ਅੱਜ ਉਦੋਂ ਹੱਦ ਹੀ ਹੋ ਗਈ, ਜਦੋਂ ਮੇਰੇ ਕੰਮ ਤੋਂ ਘਰ ਪਹੁੰਚਣ ’ਤੇ ਮੈਂ ਅੱਖੀਂ ਵੇਖਿਆ ਕਿ ਇਸਦੀ ਪੁਰਾਣੀ ਗਰਲ ਫਰੈਂਡ ਬਣਠਣ ਕੇ ਸਾਡੇ ਘਰ ਸ਼ੱਕੀ ਹਾਲਾਤ ਵਿੱਚ ਬੈਠੀ ਸੀ। ਪਹਿਲਾਂ ਤਾਂ ਮੈਂ ਉਸ ਨੂੰ ਕੁਟਾਪਾ ਚਾੜ੍ਹਿਆ, ਜਦੋਂ ਇਹ ਛੁਡਾਉਣ ਲਈ ਅੱਗੇ ਵਧਿਆ ਤਾਂ ਮੈਂ ਇਹਦੇ ਵੀ ਵੈਕਿਊਮ ਕਲੀਨਰ ਦਾ ਦਸਤਾ ਘੁਮਾ ਕੇ, ਮਾਰ ਕੇ ਬਾਹਰ ਨੂੰ ਦੌੜ ਆਈ। ਉਹ ਘਰੋਂ ਭੱਜ ਗਈ ਤੇ ਇਹ ਮੇਰੇ ਮਗਰ ਮੈਨੂੰ ਫੜਨ ਲਈ ਦੌੜਿਆ। ਸਾਡਾ ਘਰ ਸਟੇਸ਼ਨ ਦੇ ਨੇੜੇ ਹੀ ਹੈ। ਮੈਂ ਭੱਜ ਕੇ ਗੱਡੀ ਵਿੱਚ ਵੜਨਾ ਠੀਕ ਸਮਝਿਆ, ਕਿਉਂਕਿ ਗੱਡੀ ਬਿਲਕੁਲ ਨੇੜੇ ਆ ਰਹੀ ਸੀ। ਮੈਂ ਸੋਚਿਆ ਮੇਰੇ ਗੱਡੀ ਵਿੱਚ ਵੜਦੇ ਸਾਰ ਦਰਵਾਜ਼ੇ ਬੰਦ ਹੋ ਜਾਣਗੇ, ਪਰ ਗਾਰਡ ਨੇ ਇਹਨੂੰ ਦੌੜਦੇ ਆਉਂਦੇ ਨੂੰ ਦੇਖ ਕੇ, ਦਸ ਕੁ ਸਕਿੰਟ ਦਰਵਾਜ਼ੇ ਖੁੱਲ੍ਹੇ ਰੱਖੇ। ਇਹ ਗਾਰਡ ਦੇ ‘ਸਟੈਂਡ ਕਲੀਅਰ, ਡੋਰਜ਼ ਕਲੋਜਿੰਗ’ (Stand Clear, Doors Closing) ਕਹਿਣ ਤੋਂ ਕੁਝ ਸਕਿੰਟ ਪਹਿਲਾਂ ਡੱਬੇ ਅੰਦਰ ਆ ਵੜਿਆ। ਮੈਂ ਗੱਡੀ ਦਾ ਆਸਰਾ ਲੈ ਕੇ ਇਸ ਤੋਂ ਬਚਣਾ ਚਾਹੁੰਦੀ ਸੀ। ਮੈਨੂੰ ਇਸ ਤੋਂ ਬਚਾਉ।”
“ਤੁਸੀਂ ਟਿਕਟਾਂ ਲਏ ਬਗੈਰ ਬੈਰੀਅਰ ਕਿਵੇਂ ਟੱਪਿਆ?” ਮੈਂ ਪੁੱਛਿਆ।
“ਤੁਸੀਂ ਸਕਿਉਰਿਟੀ ਗਾਰਡ ਹੋ, ਅਤੇ ਇੰਨਾ ਵੀ ਨਹੀਂ ਪਤਾ ਕਿ ਮਿੰਟੋ ਜਿਹੇ ਨਿੱਕੇ ਨਿੱਕੇ ਸਟੇਸ਼ਨਾਂ ’ਤੇ ਤਾਂ ਬੈਰੀਅਰ ਹੈ ਹੀ ਨਹੀਂ।”
“ਮਸ਼ੀਨ ਤਾਂ ਹਰ ਥਾਂ ਪਈ ਏ। ਤੁਸੀਂ ਮਸ਼ੀਨ ਵਿੱਚੋਂ ਟਿਕਟ ਕੱਢਦੇ।”
“ਕਾਹਲੀ ਵਿੱਚ ਇਹ ਨਹੀਂ ਹੋ ਸਕਦਾ ਸੀ।”
“ਫਿਰ ਵੀ ਟਿਕਟਾਂ ਤਾਂ ਤੁਹਾਨੂੰ ਲੈਣੀਆਂ ਹੀ ਪੈਣਗੀਆਂ। ਤੁਸੀਂ ਕੈਂਬਲਟਾਊਨ ਸਾਡੇ ਨਾਲ ਉਤਰੋਗੇ। ਪਹਿਲਾਂ ਤੁਸੀਂ ਉੱਥੇ ਟਿਕਟਾਂ ਲਉਗੇ। ਸ਼ਾਇਦ ਸਟੇਸ਼ਨ ਸਟਾਫ ਤੁਹਾਨੂੰ ਜੁਰਮਾਨਾ ਵੀ ਕਰੇ। ਹੁਣ ਤੁਹਾਨੂੰ ਦਸ ਮਿੰਟ ਸ਼ਾਂਤੀ ਨਾਲ ਸਫਰ ਕਰਨਾ ਪਊ।” ਮੈਂ ਉਹਨਾਂ ਨੂੰ ਚਿਤਾਵਣੀ ਦਿੱਤੀ ਅਤੇ ਨਾਲੇ ਥੋੜ੍ਹਾ ਜਿਹਾ ਪਰੇ ਹੋ ਕੇ ਵਾਇਰਲੈੱਸ ’ਤੇ ਰੇਲਵੇ ਪੁਲਿਸ ਨੂੰ ਫੂਕ ਮਾਰ ਦਿੱਤੀ ਕਿ ਕੈਂਬਲਟਾਊਨ ਸਟੇਸ਼ਨ ’ਤੇ ਪਹੁੰਚ ਕੇ ਇੱਕ ਝਗੜਾਲੂ ਗੋਰੇ ਦੰਪਤੀ ਦੀ ਸਾਰ ਲਉ।
ਜਦੋਂ ਗੱਡੀ ਕੈਂਬਲਟਾਊਨ ਪਹੁੰਚੀ ਤਾਂ ਪੁਲਿਸ ਉਸ ਜੋੜੇ ਦਾ ਸਵਾਗਤ ਕਰਨ ਲਈ ਉਸੇ ਡੱਬੇ ਮੂਹਰੇ ਖੜ੍ਹੀ ਸੀ, ਜਿਸ ਵਿੱਚੋਂ ਉਨ੍ਹਾਂ ਨੇ ਅਤੇ ਅਸੀਂ ਬਾਹਰ ਨਿਕਲਣਾ ਸੀ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਮੈਂ ਅਤੇ ਅਬਦੁਲ ਨੇ ਆਪਸ ਵਿੱਚ ਅੱਖਾਂ ਮਿਲਾਈਆਂ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਖਾਮੋਸ਼ੀ ਦੀ ਆਵਾਜ਼ ਵਿੱਚ ਅਬਦੁਲ ਮੈਨੂੰ ਕਹਿ ਰਿਹਾ ਹੋਵੇ, “ਹੁਣ ਮੈਂ ਸਮਝ ਗਿਆ, ਇਹ ਕਹਾਣੀ ਮੇਰੇ ਇਕੱਲੇ ਦੀ ਨਹੀਂ, ਇਸ ਸੱਭਿਆਚਾਰ ਵਿੱਚ ਇਹ ਘਰ ਘਰ ਦੀ ਕਹਾਣੀ ਏ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3935)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)