HardevChauhan7ਜਿਉਂ ਹੀ ਉਹ ਡੱਬੇ ਨੂੰ ਖੋਲ੍ਹਣ ਲੱਗੀ, ਝਬਦੇ ਹੀ ਸੱਸੂ ਮਾਤਾ ਨੇ ...
(28 ਮਾਰਚ 2022)
ਮਹਿਮਾਨ: 523.

 

ਸਿਟੀ ਬਿਊਟੀਫੁੱਲ ਵਿੱਚ ਪੰਜ ਕਨਾਲਾਂ ਦੀ ਜਹਾਜ਼ ਵਰਗੀ ਕੋਠੀ … … ਪਿਛਲੇ ਪਾਸੇ ਤਰ੍ਹਾਂ ਤਰ੍ਹਾਂ ਦੇ ਹਰੇ ਭਰੇ ਫਲਦਾਰ ਤੇ ਸਦਾ ਬਹਾਰ ਕਈ ਰੁੱਖ, ਪੌਦੇ … … ਵਿਹੜੇ ਵਿੱਚ ਮੌਸਮੀਂ ਸਬਜ਼ੀਆਂ ਤੇ ਸਲਾਦ ਬੂਟਿਆਂ ਦੀ ਲਹਿਰ, ਬਹਿਰ … … ਨੌਕਰ ਚਾਕਰ ਵੱਖਰੇ … … ਗੋਰੀ, ਗੁਲਾਬੀ ਫੁੱਲਾਂ ਲੱਦੀ ਲਗਰ ਵਰਗੀ ਜੱਸੀ ਵਿਆਹ ਕਰਵਾ ਕੇ ਦੁਰੇਡੇ ਪਿੰਡੋਂ ਆਈ ਤੇ ਸ਼ਹਿਰ ਦੀ ਹੀ ਹੋ ਗਈਜਦੋਂ ਤੁਰਦੀ, ਨਾਲੋ ਨਾਲ ਆਲਾ ਦੁਆਲਾ ਵੀ ਖਿੜਦਾ, ਮੌਲਦਾ ਮਹਿਸੂਸ ਹੁੰਦਾ

ਜ਼ਮੀਨਾਂ ਜਾਇਦਾਦਾਂ ਵਾਲਾ ਪਤੀ ਦੇਵ ਸ਼ਹਿਰ ਘੱਟ ਵੱਧ ਆਉਂਦਾ … ਦੂਰ ਕੁਰੁਖੇਤਰ ਬੰਨੇ ਰਹਿੰਦਾ ਜੱਸੀ ਨੂੰ ਘੱਟ ਤੇ ਆਪਣੇ ਮਾਪਿਆਂ ਸਮੇਤ ਵਾਹੀ, ਖੇਤੀ ਨੂੰ ਜ਼ਿਆਦਾ ਤਰਜੀਹ ਦਿੰਦਾਕਦੀ ਕਦਾਈਂ ਇਕੱਲਾ ਜਦੋਂ ਸ਼ਹਿਰ ਆਉਂਦਾ ਤਾਂ ਉਹ ਜੱਸੀ ਦਾ ਪਤੀ ਘੱਟ ਤੇ ਘਰ, ਕੋਠੀ ਦਾ ‘ਕੇਅਰ ਟੇਕਰ’ ਜ਼ਿਆਦਾ ਹੁੰਦਾ

ਬੜੀ ਸੋਹਣੀ ਫੱਬਤ ਵਾਲੇ ਦੇਵ ਦੇ ਸੇਵਾ ਮੁਕਤ ਕਰਨਲ ਪਿਤਾ ਸ਼੍ਰੀ ਵੀ ਬਣ ਠਣ ਕੇ ਰਹਿੰਦੇ ਜਿਵੇਂ ਅੱਜ ਵੀ ਦੇਸ਼ ਦੀਆਂ ਹੱਦਾਂ, ਸਰਹੱਦਾਂ ਉਨ੍ਹਾਂ ਦੇ ਮੋਢਿਆਂ ’ਤੇ ਟੀਕੀਆਂ ਹੋਣ … ਜਦੋਂ ਕਦੀ ਆਉਂਦੀ, ਦੇਵ ਦੀ ਮਾਤਾ ਮਿਸਿਜ ਕਰਨਲ ਵੀ ਸਮਝਦੀ ਕਿ ਅੱਜ ਵੀ ਦੁਨੀਆ ’ਤੇ ਉਸਦਾ ਕੋਈ ਸਾਨੀ ਨਹੀਂਦੋਵੇਂ, ਪਤੀ ਸ਼੍ਰੀ ਤੇ ਪੁੱਤਰ ਦੇਵ ਉਸ ਦੇ ਪੈਰ ਭੁੰਜੇ ਨਾ ਪੈਣ ਦਿੰਦੇ

ਜੱਸੀ ਦੀ ਸਾਲਗਿਰਾਹ ਸਿਰ ’ਤੇ ਸੀਬਸੰਤ ਰੁੱਤੇ ਖੇੜੇ ਵਿਹੂਣੀ ਸਾਲਗਿਰਾਹ, ਜੱਸੀ ਲਈ ਪਹਿਲੀ, ਪੰਜਵੀਂ ਜਾਂ ਦਸਵੀਂ … ਕੋਈ ਵੀ ਹੋ ਸਕਦੀ … ਰੁੱਤਾਂ ਤਾਂ ਉਹ ਯਾਦ ਰਹਿੰਦੀਆਂ ਜਿਹੜੀਆਂ ਫੁੱਲ ਖਿੜਾਉਂਦੀਆਂ … ਮਹਿਕਾਂ ਵਰਤਾਉਂਦੀਆਂ … ਕਿਸੇ ਵੀ ਰੁੱਤੇ ਉਸ ਦੀ ਗੋਦ ਹਰੀ ਨਾ ਹੋਈ … ਵਿੱਚ ਵਿਚਾਲੇ ਜੋ ਕੁਝ ਵਾਪਰਿਆ, ਯਾਦਗਾਰੀ ਕੁਝ ਵੀ ਨਹੀਂ …

ਗੱਲ ਸਾਲਗਿਰਾਹ ਦੀ ਸੀਜੱਸੀ ਸੰਗੀ, ਸਹੇਲੀਆਂ ਨੂੰ ਫ਼ੋਨ ਕਰ ਚੁੱਕੀ ਸੀਮੂੰਹ ਹਨੇਰੇ ਉੱਠੀ ਨੂੰ ਤਿਆਰੀ ਕਰਦਿਆਂ ਦਿਨ ਢਲਣ ਲੱਗ ਪਿਆਆਪਣੀ ਮੌਜੇ ਸੱਸ, ਸਹੁਰਾ ਤੇ ਪਤੀ ਦੇਵ ਹੁਮਹੁਮਾ ਕੇ ਪਹੁੰਚ ਗਏਆਉਂਦਿਆਂ ਸਾਰ ਸੋਫੇ ਤੇ ਬਿਰਾਜਮਾਨ ਹੋ ਗਏ … ਇੰਜ ਜਿਵੇਂ ਮਾਪੇ ਨਹੀਂ, ਮਹਿਮਾਨ ਆਏ ਹੁੰਦੇ …

ਅੰਦਰ ਬਾਹਰ ਦੇ ਕੰਮਾਂ ਵਿੱਚ ਰੁੱਝੀ ਜੱਸੀ ਨੂੰ ਕਦੀ ਸੱਸ ਆਵਾਜ਼ ਮਾਰ ਬੁਲਾ ਲੈਂਦੀ ਤੇ ਕਦੀ ਸਹੁਰਾ ਸਾਹਿਬਉਸਦੇ ਕੰਮ ਛੁਡਵਾ ਸੱਸੂ ਮਾਤਾ ਨੇ ਆਪਣੇ ਕੋਲ ਬਿਠਾ ਲਿਆਸਹੁਰਾ ਸਾਹਿਬ ਦੱਸਣ ਲੱਗੇ, ’ਬੇਟੇ! ਤੇਰੀ ਇਹੋ ਅੰਮੀ ਆਪਣੀ ਸੱਸ ਅੰਮੀ ਦੀ ਬੜੀ ਸੇਵਾ ਕਰਦੀ ਹੁੰਦੀ ਸੀ … ਉਸ ਦੇ ਅੰਤਰ ਮਨ ਦੀ ਵੀ ਕੋਈ ਖਾਹਿਸ਼ ਅਜਿਹੀ ਨਹੀਂ ਸੀ ਹੁੰਦੀ ਜਿਸ ਨੂੰ ਬੁੱਝ ਕੇ ਪੂਰਾ ਨਾ ਕਰਦੀ ਹੋਏ …’

ਸਹੁਰਾ ਸਾਹਿਬ ਦੇ ਮੂੰਹੋਂ ਸੱਸੂ ਮਾਤਾ ਦੀਆਂ ਵਡਿਆਈਆਂ ਸੁਣਦੀ ਜੱਸੀ ਕਿਤੇ ਦੂਰ ਸੋਚਾਂ ਦੇ ਸਮੁੰਦਰ ਵਿੱਚ ਗੁੰਮ, ਗੁਆਚ ਗਈ … ਮਾਂਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ … ਧੀਆਂ ਨੂੰ ਉਨ੍ਹਾਂ ਢਿੱਡੋਂ ਜਾਇਆ ਹੁੰਦਾ … ਦੁੱਖ ਸੁਖ ਦੀਆਂ ਭਾਈਵਾਲ ਹੁੰਦੀਆਂ … ਮਾਂ, ਜਿਸਨੇ ਨਾਂ ਰੱਖਣ ਵੇਲੇ ਇਹ ਵੀ ਸੋਚਿਆ, ਵਿਚਾਰਿਆ ਹੋਏਗਾ ਕਿ ਧੀ ਰਾਣੀ ਵੱਡੀ ਹੋ ਕੇ ਬੜਾ ਜੱਸ ਖੱਟੇਗੀ … ਚੁੰਨੀ ਦੇ ਲੜ ਨਾਲ ਬੰਨ੍ਹ ਬੰਨ੍ਹ ਰੱਖੀਆਂ ਮਾਂ ਦੀਆਂ ਯਾਦਾਂ ਆਪ ਮੁਹਾਰੀਆਂ ਖੁੱਲ੍ਹਣ ਲੱਗ ਪਈਆਂ … ਸੱਚੀ! ਮਾਵਾਂ, ਧੀਆਂ ਵਿੱਚ ਬੜਾ ਪਿਆਰ ਹੁੰਦਾ ਸੀ … ਜਦੋਂ ਮਾਂ ਮਰੀ, ਵਿਛੜਨ ਦੇ ਡਰੋਂ ਭੋਗ ਪੈਣ ਤੀਕ ਮਰੀ ਦੇ ਫੁੱਲ ਆਪਣੇ ਪਲੰਗ ਹੇਠਾਂ ਸਾਂਭੀ ਰੱਖੇ … ਕੋਈ ਮਾਂ ਬਣ ਕੇ ਤਾਂ ਵਿਖਾਏ …

ਬੈਠੀ ਬੈਠੀ ਜੱਸੀ ਅੰਦਰਖ਼ਾਤੇ ਆਪਣੀ ਰੱਬੀ ਮਾਂ ਨੂੰ ਵਿਸਾਰ, ਸਾਹਮਣੇ ਬੈਠੀ ਸੱਸੂ ਮਾਤਾ ਨਾਲ ਰੂਬਰੂ ਹੋਣ ਲੱਗ ਪਈ … ਇਸ ਲੱਖਣੀ ਮਾਤਾ ਦੇ ਢਿੱਡੋਂ ਜਾਏ ਲਾਡਲੇ ਪੁਤੱਰ ਸ਼੍ਰੀ ਨੂੰ ਵੇਖ ਲਉ … ਇਸ ਨੂੰ ਬਾਹਰੀ ਤਨ ਦੀਆਂ ਲੋੜਾਂ-ਥੋੜਾਂ ਵੀ ਨਹੀਂ ਦਿਸਦੀਆਂ … ਬੇਚਾਰਾ ਜੇ ਕਦੀ ਭੁੱਲਿਆ ਭਟਕਿਆ ਕੁਝ ਵੇਖਣਾ ਵੀ ਲੋਚਦਾ ਤਾਂ ਉਸਦੀਆਂ ਅੱਖਾਂ ਅੱਗੇ ਸੱਤ ਪਰਦੇ ਤਾਣ ਦਿੱਤੇ ਜਾਂਦੇ … ਇੱਕ, ਸਾਡੀ ਜਿਗਰੇ ਵਾਲੀ ਮਾਂ ਨੇ ਹੱਥੀਂ ਧੀ ਤੋਰ ਦਿੱਤੀ ਤੇ ਦੂਜੀ ਮਾਂ … ਵੇਖੋ! ਆਪਣੇ ਪੁੱਤ ਨੂੰ ਹਾਲੇ ਵੀ ਲੜ ਨਾਲ ਗੰਢੀ ਫਿਰਦੀ …ਜੱਸੀ ਦੇ ਮਨ ਵਿੱਚ ਆਇਆ ਕਿ ਉੱਚੀ ਦੇਣੀ ਸਾਰਾ ਕੁਝ ਕਹਿ ਦਏ … ਪਰ ਇੱਕ ਵੀ ਸ਼ਬਦ ਨਾ ਕਹਿ ਸਕੀ … ਦੁਨੀਆਦਾਰੀ ਵੀ ਕੋਈ ਚੀਜ਼ ਹੁੰਦੀ ਏ …

ਸ਼ਾਮ ਢਲਦੀ ਜਾ ਰਹੀ ਸੀਹਨੇਰਾ ਖੰਭ ਖਲਾਰ ਕੇ ਫੈਲਣ ਦੀ ਤਿਆਰੀ ਵਿੱਚ ਰੁੱਝ ਗਿਆਰਸੋਈ ਵਿੱਚ ਕਰਨ ਕਰਵਾਉਣ ਵਾਲੇ ਕਈ ਕੰਮ ਬਾਕੀ ਸਨਪ੍ਰਾਹੁਣੇ ਆਉਣ ਲੱਗ ਪਏਵਿੱਚ ਵਿਚਾਲੇ ਉਹ ਸੱਸ ਅਤੇ ਸਹੁਰਾ ਸਾਹਿਬ ਦੀਆਂ ਰਮਜ਼ ਭਰੀਆਂ ਗੱਲਾਂ ਸੁਣਦੀ ਸੋਫ਼ੇ ਤੋਂ ਉੱਠ ਪੈਂਦੀ ਤੇ ਰਸੋਈ ਵਿੱਚ ਬਣਦੀਆਂ ਸਬਜ਼ੀਆਂ ਵਾਲੇ ਮਸਾਲਿਆਂ ਦੀ ਮਿਕਦਾਰ ਦੱਸਣ ਲਈ ਖਾਨਸਾਮਿਆਂ ਨੂੰ ਸਮਝਾ ਆਉਂਦੀਬੈਠਿਆਂ, ਬੈਠਿਆਂ ਉਸਨੇ ਚੁਭਵੀਆਂ ਗੱਲਾਂ ਦੀ ਤਾਸੀਰ ਘਟਾਉਣ ਲਈ ਗਿਲਾਸ ਵਿੱਚਲੀ ਕਾਫੀ ਵੀ ਬੀਟ ਕਰ ਲਈ ਸੀ …

ਸੱਸੂ ਮਾਤਾ ਨੂੰ ਅਚਾਨਕ ਜਿਵੇਂ ਕੁਝ ਯਾਦ ਆਇਆ ਹੋਏ … ਗੱਲਾਂ ਛੱਡ ਫਟਾ ਫੱਟ ਉੱਠ ਪਈ ਤੇ ਆਪਣੇ ਦੇਵ ਨਾਲ ਗਿਫ਼ਟ ਲੈਣ ਬਾਜ਼ਾਰ ਨੂੰ ਤੁਰ ਪਈ

ਥੋੜ੍ਹੀ ਕੁ ਵਿਹਲ ਜਾਣ ਜੱਸੀ ਆਪਣੇ ਬੈੱਡ ਰੂਮ ਵਿੱਚ ਚਲੀ ਗਈਪਤੀ ਦੇਵ ਦੇ ਚਾਅ ਵਿੱਚ ਨਵੀਂ ਚਾਦਰ ਬੈੱਡ ’ਤੇ ਵਿਛਾ ਦਿੱਤੀਫਿਰ ਕਿਆਰੀ ਵਿੱਚੋਂ ਤਾਜ਼ੇ ਫੁੱਲ ਤੋੜੇ ਤੇ ਬੈੱਡ ਲਾਗਲੇ ਗੁਲਦਸਤਿਆਂ ਵਿੱਚ ਸਜ਼ਾ ਦਿੱਤੇ

ਮਹਿਮਾਨਾਂ ਦੇ ਬੱਚੇ ਤੰਬੋਲਾ ਤੇ ਲੁੱਡੋ ਖੇਡਣ ਲਈ ਚੀਕ ਚਿਹਾੜਾ ਪਾਉਣ ਲੱਗ ਪਏਖਾਣ ਨੂੰ ਕੋਈ ਪਾਪਕਾਰਨ ਮੰਗੇ … ਕੋਈ ਪੀਣ ਲਈ ਕੌਫ਼ੀ ਤੇ ਕੋਲਡ ਡਰਿੰਕ … ਹਸੂੰ ਹਸੂੰ ਕਰਦੀ ਜੱਸੀ ਸਾਰਿਆਂ ਦੀਆਂ ਖਾਹਸ਼ਾਂ ਪੂਰੀਆਂ ਕਰਵਾਉਂਦੀ ਰਹੀ ਤੇ ਆਪਣੀ ਸੱਸੂ ਮਾਤਾ ਦੇ ਨਾਲ ਗਿਫ਼ਟ ਲੈਣ ਗਏ ਪਤੀ ਦੇਵ ਨੂੰ ਉਡੀਕਦੀ ਰਹੀਸਾਲ, ਛਿਮਾਹੀ ਪਿੰਡੋਂ ਸ਼ਹਿਰ ਆਉਣ ਵਾਲਾ ਦੇਵ, ਜਿਹੜਾ ਚਿਰਾਂ ਲਈ, ਚਿਰਾਂ ਤੋਂ ਜਿਵੇਂ ਸ਼ਹਿਰ ਵਿੱਚ ਹੀ ਰਹਿੰਦਾ ਰਿਹਾ ਹੋਵੇ ਤੇ ਸ਼ਹਿਰ ਦੀ ਰਗ ਰਗ ਤੋਂ ਚੰਗੀ ਤਰ੍ਹਾਂ ਜਾਣੂ ਹੋਏ …

ਪਹਿਲਾਂ ਵੀ ਆਉਂਦੀ ਜਾਂਦੀ ਸੱਸੂ ਮਾਤਾ ਅਕਸਰ ਦੱਸਦੀ ਕਿ ਇੱਕ ਪਾਸੇ ਮੇਰੇ ਲਾਖੇ ਤੇ ਬੱਗੇ ਬੌਲਦਾਂ ਦੀ ਜੋੜੀ ਹੁੰਦੀ ਤੇ ਦੂਜੇ ਪਾਸੇ ਮੇਰਾ ਇਕੱਲਾ ਸ਼ੇਰ ਪੁੱਤ ਦੇਵ ਹੁੰਦਾ … ਸਾਡੀਆਂ ਜ਼ਮੀਨਾਂ ਵੀ ਜਿਵੇਂ ਇਸਦੀ ਵਾਹੀ ’ਤੇ ਲੱਗੀਆਂ ਹੋਣ … ਇਸਦੀ ਛੁਹ ਬਗੈਰ ਹਰੀਆਂ ਵੀ ਨਹੀਂ ਹੁੰਦੀਆਂ …

ਉਡੀਕਦਿਆਂ, ਉਡੀਕਦਿਆਂ ਉਡੀਕ ਵਾਲੀਆਂ ਘੜੀਆਂ ਖਤਮ ਹੋ ਗਈਆਂਸੱਸੂ ਮਾਤਾ ਤੇ ਪਤੀ ਦੇਵ ਆ ਗਏਗਿਫ਼ਟ ਵਾਲਾ ਡੱਬਾ ਫੜੀ ਅੱਗੇ ਅੱਗੇ ਸੱਸੂ ਮਾਤਾ ਅੰਦਰ ਆਈ ਤੇ ਪਿੱਛੇ, ਪਿੱਛੇ ਪਤੀ ਦੇਵ

ਦੇਵ ਨੇ ਟੇਬਲ ਉੱਤੇ ਸਜਾਏ ਪਏ ਸਾਲਗਿਰਾਹ ਦੇ ਕੇਕ ਵਾਲੀਆਂ ਮੋਮਬੱਤੀਆਂ ਜਗਾ ਦਿੱਤੀਆਂਦੋਹਾਂ ਜੀਆਂ ਨੇ ਜਿਉਂ ਹੀ ਫੂਕ ਮਾਰ ਮੋਮਬੱਤੀਆਂ ਬੁਝਾਈਆਂ, ਸਾਰੇ ਪਾਸੇ ਹਨੇਰਾ ਹੋ ਗਿਆਹਨੇਰੇ ਵਿੱਚ ਹੈਪੀ ਸਾਲਗਿਰਾਹ … ਹੈਪੀ ਸਾਲਗਿਰਾਹ … ਦੇ ਬੋਲ ਸਾਰੇ ਹਾਲ ਵਿੱਚ ਗੂੰਜ ਪਏ … ਕੁਝ ਪਲਾਂ ਬਾਅਦ ਹਾਲ ਕਮਰੇ ਵਿੱਚ ਰੌਸ਼ਨੀ ਮੁੜ ਪਰਤ ਆਈ

ਮਨਪ੍ਰਚਾਵੇ ਲਈ ਤੰਬੋਲਾ ਖੇਡਿਆ ਗਿਆ … ਖਾਣਾ ਪਰੋਸਿਆ ਗਿਆ … ਖਾਣ, ਪੀਣ ਤੋਂ ਵਿਹਲੇ ਹੋ ਮੁਬਾਰਕਾਂ ਤੇ ਅਸੀਸਾਂ ਦਿੰਦੇ ਮਹਿਮਾਨ ਆਪੋ ਆਪਣੇ ਘਰੀਂ ਚਲੇ ਗਏ

ਘਰ ਵਾਲੇ ਆਪੋ ਆਪਣੇ ਕਮਰੇ ਮੱਲਣ ਤੋਂ ਪਹਿਲਾਂ ਗਿਫ਼ਟ ਵੇਖਣ ਲੱਗ ਪਏਮੁਸਕਰਾਉਂਦੀ ਹੋਈ ਜੱਸੀ ਆਪਣੀ ਸੱਸੂ ਮਾਤਾ ਵਾਲਾ ਗਿਫ਼ਟ ਫੜ ਕੇ ਬੈਠ ਗਈਜਿਉਂ ਹੀ ਉਹ ਡੱਬੇ ਨੂੰ ਖੋਲ੍ਹਣ ਲੱਗੀ, ਝਬਦੇ ਹੀ ਸੱਸੂ ਮਾਤਾ ਨੇ ਆਪਣੇ ਪਤੀ ਪਰਮੇਸ਼ਰ ਨੂੰ ਅੱਖ ਮਾਰ ਕੇ ਜੱਸੀ ਹੱਥੋਂ ਗਿਫ਼ਟ ਵਾਲਾ ਡੱਬਾ ਲੈ ਲਿਆਡੱਬੇ ਨੂੰ ਮੁੜ ਸ਼ੋਅ ਕੇਸ ਵਿੱਚ ਟਿਕਾਉਂਦਿਆਂ ਉਹ ਖਚਰੀ ਜਿਹੀ ਹਾਸੀ ਹੱਸਦੀ ਬੋਲੀ, ’ਰਾਣੀ! ਇਹ ਕੀਮਤੀ ਗਿਫ਼ਟ ਸਵੇਰੇ ਖੋਲ੍ਹਾਂਗੇ ...’

ਨਿਮੋਝੂਣੀ ਜੱਸੀ ਰਸੋਈ ਵੱਲ ਉੱਠ ਤੁਰੀਫੁਰਤੀ ਨਾਲ ਭਾਂਡੇ ਟੀਂਡੇ ਸਾਂਭੇ ਤੇ ਜਾਸਮੀਨ ਦੀ ਖੁਸ਼ਬੂ ਵਾਲੀ ਅਗਰਬੱਤੀ ਧੁਖਾ ਆਪਣੇ ਬੈੱਡ ਰੂਮ ਵਿੱਚ ਚਲੇ ਗਈਬੈੱਡ ਰੂਮ, ਜਿਸ ਵਿੱਚ ਲੇਟਿਆ ਦੇਵ ਪਹਿਲਾਂ ਹੀ ਉਸ ਦੀ ਇੰਤਜ਼ਾਰ ਕਰ ਰਿਹਾ ਸੀ

ਲਾਗਲੇ ਵਾਰਡਰੋਬ ਵਿੱਚੋਂ ਕੁਝ ਦਿਨ ਪਹਿਲਾਂ ਲਿਆਂਦੀ ਬੈੱਡ ਦੀ ਮਖ਼ਮਲੀ ਚਾਦਰ ਵਰਗੀ ਨਾਇਟੀ ਲੈ ਜੱਸੀ ਵਾਸ਼ਰੂਮ ਵਿੱਚ ਚਲੀ ਗਈਭੌਂਦੇ ਪੈਰੀਂ ਪਤੀ ਦੇਵ ਦੀ ਪਸੰਦ ਵਾਲੀ ਘੀਏ ਰੰਗੀ ਨਾਇਟੀ ਪਾ ਮੁਸਕਰਾਉਂਦੀ ਹੋਈ ਬੈੱਡ ’ਤੇ ਲੇਟ ਗਈਇੱਧਰ ਉਸ ਨੇ ਸਿਰਹਾਣਾ ਬਣਾਉਣ ਲਈ ਦੇਵ ਦੀ ਬਾਂਹ ਆਪਣੇ ਸਿਰ ਹੇਠ ਸਰਕਾਈ ਉੱਧਰੋਂ ਸੱਸੂ ਮਾਤਾ ਨੂੰ ਖੰਘ ਛਿੜ ਪਈਖੰਘ, ਜਿਹੜੀ ਸਾਰਾ ਦਿਨ ਇੱਕ ਵਾਰੀ ਵੀ ਵੇਖੀ, ਸੁਣੀ ਨਹੀਂ ਸੀ …

ਕੋਈ ਚੋਰੀ ਕਰਦਾ ਚੋਰ ਜਿਵੇਂ ਰੰਗੇ ਹੱਥੀਂ ਫੜਿਆ ਜਾਏ … ਮਾਂ ਦੀ ਆਵਾਜ਼ ਸੁਣ ਆਰਾਮ ਨਾਲ ਲੇਟਿਆ ਪਤੀ ਦੇਵ ਤ੍ਰਭਕ ਗਿਆ … ਉਸੇ ਪਲ ਜੱਸੀ ਦੇ ਸਿਰ ਹੇਠੋਂ ਆਪਣੀ ਬਾਂਹ ਖਿੱਚ ਲਈ … ਅਗਲੇ ਪਲ ਉਹ ਬੜੀ ਫੁਰਤੀ ਨਾਲ ਉੱਠਿਆ ਤੇ ਆਪਣੇ ਆਪ ਨੂੰ ਸੁਆਰਦਾ ਲੱਤਾਂ ਲਮਕਾ ਬੈੱਡ ’ਤੇ ਬੈਠ ਗਿਆ

ਨਾਲ ਵਾਲੇ ਬੈੱਡ ਰੂਮ ਵਿੱਚੋਂ ਖੰਘਦੀ ਹੋਈ ਮਾਤਾ ਸ਼੍ਰੀ ਕਹਿ ਰਹੀ ਸੀ, ’ਰਾਜੇ ਬੇਟੇ! ਵੇਲੇ, ਕੁਵੇਲੇ ਕੁਲੱਖਣੀ ਖੰਘ ਛਿੜ ਪੈਂਦੀ ਏ … ਰਾਤ ਵੇਲੇ ਤੇਰੇ ਪਿਤਾ ਜੀ ਨੂੰ ਵੀ ਪੇਨ ਕਿੱਲਰ ਦੀ ਲੋੜ ਪੈਂਦੀ ਏ ਤੇ ਤੂੰ ਬੀਬਾ ਪੁੱਤ ਬਣ ਕੇ ਸਾਡੇ ਕਮਰੇ ਵਿੱਚ ਹੀ ਆਣ ਸੌਂ’ …

ਦੇਵ ਸਰਵਣ ਪੁੱਤਰ ਸੀ … ਅੰਨ੍ਹੇ ਮਾਪਿਆਂ ਨੂੰ ਵਹਿੰਗੀ ਵਿੱਚ ਬਿਠਾ ਕੇ ਤੀਰਥ ਯਾਤਰਾ ਕਰਵਾਉਣ ਵਾਲਾ ਸਰਵਣ ਪੁੱਤਰ … ਉਸ ਨੇ ਹੁਕਮ ਮੰਨਣਾ ਹੀ ਸੀ … ਹੁਕਮ ਮੰਨ ਉਹ ਵੇਖਦਿਆਂ, ਵੇਖਦਿਆਂ ਆਪਣੇ ਬੈੱਡ ਰੂਮ ਵਿੱਚੋਂ ਉੱਠ ਮਾਪਿਆਂ ਦੇ ਕਮਰੇ ਵੱਲ ਤੁਰ ਗਿਆ

ਪਿੱਛੇ ਭਾਂ ਭਾਂ ਕਰਦਾ ਬੈੱਡ ਰੂਮ ਸੀਬੈੱਡ ਰੂਮ, ਜਿਸ ਵਿੱਚ ਜਾਸਮੀਨ ਵਾਲੀ ਅਗਰਬੱਤੀ ਤੇ ਜੱਸੀ ਦੀਆਂ ਮਹਿਕਾਂ ਬਾਕੀ ਸਨ …ਬੈੱਡ ’ਤੇ ਇਕੱਲੀ ਪਈ ਜੱਸੀ ਦੇਰ ਰਾਤ ਤੀਕ ਮਖਮਲੀ ਚਾਦਰ ਨੂੰ ਆਪਣੇ ਹੱਥਾਂ ਦੇ ਨਾਲ ਮਰੁੰਡਦੀ ਰਹੀ … ਡੁਸਕਦੀ ਰਹੀ … ਪਤਾ ਨਹੀਂ ਆਪਣੀ ਕਿਸਮਤ ਨੂੰ ਕੋਸਦੀ ਦੀ ਕਿਹੜੇ ਵੇਲੇ ਅੱਖ ਲੱਗ ਗਈ

ਪੰਜ ਵੱਜਣ ਵਾਲੇ ਅਲਾਰਮ ਨੇ ਇੱਕ ਹੋਰ ਸਵੇਰ ਚੜ੍ਹਾ ਦਿੱਤੀਹੋਰਨਾਂ ਦੇ ਉੱਠਣ ਤੋਂ ਪਹਿਲਾਂ ਜੱਸੀ ਉੱਠ ਪਈ ਤੇ ਮੂੰਹ ਹੱਥ ਧੋ ਰਸੋਈ ਵਿੱਚ ਚਾਹ, ਪਾਣੀ ਦੇ ਆਹਰੀਂ ਰੁੱਝ ਗਈ

ਸਵਖਤੇ, ਸਵਖਤੇ ਨਾਸ਼ਤਾ ਕਰ ਸੱਸੂ ਮਾਤਾ, ਸਹੁਰਾ ਸਾਹਿਬ ਤੇ ਪਤੀ ਦੇਵ ਪਿੰਡ ਜਾਣ ਲਈ ਤਿਆਰ ਹੋ ਗਏ

ਸੜਕਾਂ ਉੱਤੇ ਭੀੜ ਹੋ ਜਾਣ ਤੋਂ ਪਹਿਲਾਂ ਪਹਿਲਾਂ ਪਿੰਡ ਪਹੁੰਚਣਾ ਜ਼ਰੂਰੀ ਸੀ ਨਾ … ਪਿੰਡ, ਜਿੱਥੋਂ ਦੇ ਹਰੇ ਹੋਣ ਵਾਲੇ ਖੇਤ ਬੰਨੇ ਦੇਵ ਦੀ ਛੂਹ ਨੂੰ ਉਡੀਕਦੇ ਤਰਲੋਮੱਛੀ ਹੁੰਦੇ ਹੋਣਗੇ …

ਘਰ ਵਾਲਿਆਂ ਨੂੰ ਤੋਰ ਜੱਸੀ ਨੂੰ ਆਪਣੇ ਗਿਫ਼ਟ ਦੀ ਯਾਦ ਆ ਗਈਰਾਤ ਵਾਲੀ ਗਿਫ਼ਟ ਜਿਸਨੂੰ ਸੱਸੂ ਮਾਤਾ ਨੇ ਸਵੇਰੇ ਵੇਖਣ ਦੀ ਤਾਕੀਦ ਕੀਤੀ ਸੀਪਤੀ ਦੇਵ ਨਾ ਸਹੀ ਉਨ੍ਹਾਂ ਦੀ ਲਿਆਂਦੀ ਗਿਫ਼ਟ ਹੀ ਸਹੀ … ਉਤਸੁਕਤਾ ਵੱਸ ਉਹ ਡੱਬਾ ਫੜ ਮੁੜ ਸੋਫੇ ’ਤੇ ਆ ਬੈਠੀਆਪਣੀ ਤਸੱਲੀ ਲਈ ਉਸਨੇ ਇੱਧਰ ਉੱਧਰ ਨਜ਼ਰ ਦੌੜਾਈ ਕਿ ਬੀਤੀ ਰਾਤ ਵਾਂਗ ਕੋਈ ਫਿਰ ਉਸ ਨੂੰ ਡੱਬਾ ਖੋਲ੍ਹਣ ਤੋਂ ਨਾ ਵਰਜ ਦਏ … ਆਲੇ ਦੁਆਲੇ ਕੋਈ ਨਹੀਂ ਸੀ …

ਬੜੇ ਇਤਮੀਨਾਨ ਨਾਲ ਜੱਸੀ ਨੇ ਹੌਲੀ ਹੌਲੀ ਗਿਫ਼ਟ ਰੈਪਰ ਉਤਾਰਿਆਫਿਰ ਉਹ ਬੜੇ ਧਿਆਨ ਨਾਲ ਡੱਬੇ ਨੂੰ ਖੋਲ੍ਹਣ ਲੱਗ ਪਈ, ਜਿਵੇਂ ਕੋਈ ਪਿੰਜਰਾ ਖੋਲ੍ਹ ਰਹੀ ਹੋਵੇ … ਮਤੇ ਬੇਧਿਆਨੀ ਵਿੱਚ ਪਿੰਜਰੇ ਵਿਚਲਾ ਪੰਖੇਰੂ ਖੁੱਲ੍ਹੀ ਹੋਈ ਕਿਸੇ ਤਾਕੀ ਰਾਹੀਂ ਉੱਡ ਪੁੱਡ ਨਾ ਜਾਏ …

ਡੱਬੇ ਵਿੱਚੋਂ ਮਰਮਰੀ ਬੌਲਦ ਨਿਕਲਿਆ … ਸਖ਼ਤ ਜਾਨ ਤੇ ਸ਼ਕਤੀਸ਼ਾਲੀ ਬੌਲਦ … ਖੂੰਖਾਰ ਜਿਹਾ ਜਿਵੇਂ ਬੰਦੇ ਨੂੰ ਪਲਾਂ ਵਿੱਚ ਧਰਤੀ ’ਤੇ ਮਧੋਲ ਸੁੱਟੇ … ਵੇਖਣ ਨੂੰ ਤਿੱਖੇ, ਭਾਰੇ ਤੇ ਸੁਨਹਿਰੀ ਸਿੰਗ ਸਾਹਮਣੇ ਖੜ੍ਹੇ ਕਿਸੇ ਜੀਅ ਨੂੰ ਆਪਣੇ ਸਿੰਗਾਂ ’ਤੇ ਚੁੱਕ ਹਵਾ ਵਿੱਚ ਉਛਾਲ ਦੇਣ …

ਹੱਥਾਂ ਵਿੱਚ ਫੜੇ ਆਪਣੇ ਬੌਲਦ ਨੂੰ ਸੱਜੇ, ਖੱਬੇ ਤੇ ਉੱਪਰ, ਹੇਠੋਂ ਬੜੇ ਨੀਝ ਨਾਲ ਨਿਹਾਰਦੀ ਜੱਸੀ ਦਾ ਪਤਾ ਨਹੀਂ ਕਿਹੜਾ ਅੰਗ ਦੁਖ ਗਿਆ, ਉਹ ਆਪਣੇ ਆਪ ਡੁਸਕਣ ਲੱਗ ਪਈਫਿਰ ਉਸ ਦੀਆਂ ਅੱਖਾਂ ਵਿੱਚੋਂ ਪਰਲ, ਪਰਲ ਅੱਥਰੂ ਵਹਿ ਤੁਰੇਸੋਚਾਂ ਵਿੱਚ ਕਿਧਰੇ ਦੂਰ ਗੁਆਚੀ ਰੋਂਦੀ, ਕੁਰਲਾਉਂਦੀ ਕੁਝ ਸੰਭਲੀ ਤਾਂ ਅਚਾਨਕ ਹੱਸਣ ਲੱਗ ਪਈ … ਹੱਸਦੀ ਹੱਸਦੀ ਆਪਣੇ ਬੇਜਾਨ ਜਿਹੇ ਬੌਲਦ ਨੂੰ ਕਿਸੇ ਖਿਡਾਉਣੇ ਵਾਂਗ ਹਵਾ ਵਿੱਚ ਉਛਾਲ, ਉਛਾਲ ਖੇਡਣ ਲੱਗ ਪਈ

ਸਿਰ ’ਤੇ ਖੜ੍ਹਾ ਪਹਾੜ ਜਿੱਡਾ ਦਿਨ ਵੇਖ ਜੱਸੀ ਆਪਣੇ ਆਪ ਵਿੱਚ ਪਰਤ ਆਈਘਰ ਦੇ ਸਾਰੇ ਖਲਾਰੇ, ਬੌਲਦ ਨੇ ਨਹੀਂ ਉਸਨੇ ਖੁਦ ਸਾਂਭਣੇ ਸਨਨਿੱਕਾ ਜਿਹਾ ਨਿਆਣਾ ਜਾਣ ਗੋਦੀ ਪਏ ਬੌਲਦ ਨੂੰ ਸੁਆਉਣ ਲਈ ਸਹਿਲਾਉਂਦੀ ਹੋਈ ਗੁਣਗੁਣਾਉਣ ਲੱਗ ਪਈ, ’ਕੀੜੀ ਦਾ ਕਾਢਾ … ਬੋਲਾ ਢੱਗਾ ਸਾਡਾ’ …

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3464)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਹਰਦੇਵ ਚੌਹਾਨ

ਹਰਦੇਵ ਚੌਹਾਨ

Amritsar, Punjab, India.
Phone: (91 - 70098 - 57708)
Email: (hardev.chauhan@yahoo.co.in)