NarinderSRL7ਇੰਨੀ ਘੱਟ ਕਮਾਈ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ, ਜਿਸ ਕਾਰਨ ...
(3 ਦਸੰਬਰ 2017)

 

ਮਨੁੱਖੀ ਜੀਵਨ ਵਰਗੀ ਅਮੁੱਲੀ ਦਾਤ ਨੂੰ ਖ਼ੁਦਕੁਸ਼ੀ ਕਰਕੇ ਅਜਾਈਂ ਨਹੀਂ ਗਵਾਉਣਾ ਚਾਹੀਦਾ ਹੈ। ਬੁਜ਼ਦਿਲ ਇਨਸਾਨ ਖ਼ੁਦਕੁਸ਼ੀ ਕਰਦੇ ਹਨ। ਖ਼ੁਦਕੁਸ਼ੀ ਕਰਨਾ ਤਾਂ ਜੀਵਨ ਰੂਪੀ ਸੰਘਰਸ਼ ਤੋਂ ਕਿਨਾਰਾ ਕਰਨ ਵਾਲੀ ਗੱਲ ਹੈ। ਮੁਸ਼ਕਿਲਾਂ ਦਾ ਸਾਹਮਣਾ ਕਰਨਾ ਤੇ ਉਹਨਾਂ ਦੇ ਅਸਲ ਕਾਰਨਾਂ ਨੂੰ ਸਮਝ ਕੇ ਜੂਝਣਾ ਹੀ ਮਨੁੱਖ ਦੀ ਵਿਰਾਸਤ ਰਹੀ ਹੈ। । ਮਨੁੱਖ ਨੂੰ ਹਰ ਹਾਲਤ ਵਿੱਚ ਹਾਲਾਤ ਦਾ ਸਾਹਮਣਾ ਕਰਨਾ ਚਾਹੀਦਾ ਹੈ।

ਜਦੋਂ ਕੋਈ ਮਨੁੱਖ ਮਰ ਜਾਂਦਾ ਹੈ ਤਾਂ ਸਾਰਾ ਘਰ ਹਿੱਲ ਜਾਂਦਾ ਹੈ। ਮਨੁੱਖ ਆਪ ਤਾਂ ਬੁਜ਼ਦਿਲ ਬਣਕੇ ਪਿੱਛਾ ਛੁਡਾ ਜਾਂਦਾ ਹੈ ਪਰ ਬਾਕੀ ਸਾਰੇ ਪਰਿਵਾਰ ਨੂੰ ਉਮਰ ਭਰ ਦੀ ਉਦਾਸੀ ’ਤੇ ਕਲੰਕ ਲਾ ਜਾਂਦਾ ਹੈ। ਘਰ ਦੀ ਸਾਰੀ ਜ਼ੁੰਮੇਵਾਰੀ ਉਸ ਦੀ ਘਰਵਾਲੀ, ਬਜ਼ੁਰਗ ਮਾਂ-ਬਾਪ ਅਤੇ ਬੱਚਿਆਂ ਤੇ ਆ ਜਾਂਦੀ ਹੈ। ਖ਼ੁਦਕੁਸ਼ੀ ਕਰਨ ਦਾ ਇੱਕ ਪਲ ਦਾ ਗਲਤ ਫੈਸਲਾ ਕਿੰਨੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਸਕਦਾ ਹੈ, ਖ਼ੁਦਕੁਸ਼ੀ ਕਰਨ ਵਾਲਾ ਇਸ ਪਾਸੇ ਧਿਆਨ ਨਹੀਂ ਦਿੰਦਾ।

ਮਹਿੰਗਾਈ, ਗੁੱਸਾ, ਨਿਰਾਸ਼ਾ ਆਦਿ ਖ਼ੁਦਕੁਸ਼ੀ ਦੇ ਮੁੱਖ ਕਾਰਨ ਹਨ। ਘਰੇਲੂ ਕਲੇਸ਼ ਤੇ ਗ੍ਰਹਿਸਤ ਜੀਵਨ ਵਿੱਚ ਤਰੇੜਾਂ ਆਦਿ ਵੀ ਇਸ ਵਿੱਚ ਸ਼ਾਮਿਲ ਹਨ। ਕਿਸਾਨ, ਮਜ਼ਦੂਰ, ਵਿਦਿਆਰਥੀ ਤੇ ਵਪਾਰੀ ਹਰ ਰੋਜ਼ ਖ਼ੁਦਕੁਸ਼ੀਆਂ ਕਰ ਰਹੇ ਹਨ।

ਕਿਸਾਨ ਖ਼ੁਦਕੁਸ਼ੀਆਂ ਦੀ ਗੱਲ ਕਰੀਏ ਤਾਂ ਪਿਛਲੇ 20 ਸਾਲਾਂ ਦੌਰਾਨ ਤਿੰਨ ਲੱਖ ਤੋਂ ਵੱਧ ਕਿਸਾਨ ਇਸ ਦੇਸ਼ ਵਿੱਚ ਖ਼ੁਦਕੁਸ਼ੀ ਕਰ ਚੁੱਕੇ ਹਨ। ਤਿੰਨ ਦਰਜਨ ਤੋਂ ਵੱਧ ਕਿਸਾਨ ਰੋਜ਼ਾਨਾ ਖ਼ੁਦਕੁਸ਼ੀ ਕਰ ਰਹੇ ਹਨ। ਪੰਜਾਬ ਵਿੱਚ ਇਸ ਸਾਲ ਕਰੀਬ 350 ਤੋਂ ਵੱਧ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਕਿਸਾਨ ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਬੇ-ਮੌਸਮੀ ਬਰਸਾਤ, ਕਦੇ ਸੋਕਾ ਕਦੇ ਹੜ੍ਹ ਅਤੇ ਫਸਲਾਂ ਨੂੰ ਬਿਮਾਰੀ ਲੱਗ ਜਾਣਾ ਆਦਿ ਦਾ ਖਤਰਾ ਬਣਿਆ ਰਹਿੰਦਾ ਹੈ। ਬੱਚੇ ਵੀ ਖੇਤਾਂ ਵਿੱਚ ਕੰਮ ਕਰਨਾ ਛੱਡ ਗਏ ਹਨ। ਖੇਤੀਬਾੜੀ ਦਾ ਸਾਰਾ ਕੰਮ ਦਿਹਾੜੀਦਾਰਾਂ ਕੋਲੋਂ ਕਰਵਾਇਆ ਜਾਂਦਾ ਹੈ। ਵਪਾਰ ਵਿੱਚ ਵੀ ਕੰਮ ਕਾਜ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਕਿਸੇ ਸਾਲ ਕੰਮ ਘੱਟ ਤੇ ਕਿਸੇ ਸਾਲ ਵੱਧ ਪਰ ਜੀਵਨ ਦੀਆਂ ਬੁਨਿਆਦੀ ਲੋੜਾਂ ਨਾਲ ਸਬੰਧਤ ਖਰਚੇ ਘਟਦੇ ਨਹੀਂ, ਸਗੋਂ ਹਰ ਸਾਲ ਵਧਦੇ ਰਹਿੰਦੇ ਹਨ। ਜ਼ਿਆਦਾਤਰ ਵਪਾਰੀ ਲੋਕ ਘਰਾਂ ਵਿੱਚ ਆਪ ਹੱਥੀਂ ਕੰਮ ਨਹੀ ਕਰਦੇ ਸਗੋਂ ਨੌਕਰਾਂ ਤੋਂ ਕਰਵਾਉਂਦੇ ਹਨ। ਕਈ ਘਰਾਂ ਤਾਂ ਔਰਤਾਂ ਆਪਣੀ ਰੋਟੀ ਵੀ ਆਪ ਨਹੀਂ ਬਣਾਉਂਦੀਆਂ। ਘਰਾਂ ਵਿੱਚ ਆਪ ਕੰਮ ਨਾ ਕਰਨ ਨਾਲ ਮੋਟਾਪੇ ਦਾ ਰੋਗ ਲੱਗ ਜਾਂਦਾ ਹੈ। ਫਿਰ ਮੋਟਾਪਾ ਘਟਾਉਣ ਲਈ ਇਹ ਔਰਤਾਂ ਜਿੰਮ ਜਾਂਦੀਆਂ ਹਨ। ਇਹ ਸਾਰੇ ਖ਼ਰਚੇ ਫ਼ਜੂਲ ਹੀ ਹਨ।

ਆਰਥਿਕ ਤੰਗੀ ਕਾਰਨ ਵਪਾਰੀ ਖ਼ੁਦਕੁਸ਼ੀ ਕਰ ਲੈਂਦੇ ਹਨ। ਆਰਥਿਕ ਤੰਗੀ ਫ਼ਜੂਲ ਖ਼ਰਚਿਆਂ ਕਾਰਨ ਹੀ ਆਉਂਦੀ ਹੈ। ਵਪਾਰੀ ਵਰਗ ਵਿੱਚ ਹੁੰਦੀਆਂ ਖ਼ੁਦਕੁਸ਼ੀਆਂ ਜ਼ਿਆਦਾਤਰ ਉਜਾਗਰ ਵੀ ਨਹੀਂ ਹੁੰਦੀਆਂ। ਅੰਦਰੋ ਅੰਦਰੀ ਵਪਾਰੀ ਉਦਾਸ ਰਹਿਣ ਲੱਗ ਪੈਂਦਾ ਹੈ ਤੇ ਕਿਸੇ ਨੂੰ ਦੱਸਦਾ ਨਹੀਂ ਅਤੇ ਖ਼ੁਦਕੁਸ਼ੀ ਕਰ ਲੈਂਦਾ ਹੈ।

ਘਰੇਲੂ ਕਲੇਸ਼ ਵੀ ਖ਼ੁਦਕੁਸ਼ੀਆਂ ਦੀ ਗਿਣਤੀ ਵਿੱਚ ਵਾਧਾ ਕਰਦੇ ਹਨ। ਘਰਾਂ ਦੇ ਖਰਚੇ ਬਹੁਤ ਵਧ ਗਏ ਹਨ। ਮਹਿੰਗਾਈ ਲਗਾਤਾਰ ਵਧ ਰਹੀ ਹੈ ਤੇ ਕਮਾਈ ਨਾਲ ਪੂਰੀ ਨਹੀਂ ਪੈਂਦੀ। ਸਗੋਂ ਇਸ ਦੇ ਉਲਟ ਨਸ਼ੇ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਵਿਖਾਵਾ ਵਧ ਗਿਆ ਹੈ। ਅੱਜ ਹੱਥੀਂ ਕੰਮ ਕੋਈ ਨਹੀਂ ਕਰਦਾ। ਬੱਚੇ ਮਾਪਿਆਂ ਦੇ ਆਖੇ ਨਹੀਂ ਲੱਗਦੇ। ਬੱਚਿਆਂ ਦੀ ਖ਼ਾਹਿਸਾਂ ਵੀ ਬਹੁਤ ਵਧ ਗਈਆਂ ਹਨ। ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਇਹਨਾਂ ਗੱਲਾਂ ਕਰਕੇ ਘਰਾਂ ਵਿੱਚ ਕਲੇਸ਼ ਪਿਆ ਰਹਿੰਦਾ ਹੈ। ਕਈ ਵਾਰ ਸਾਰਾ ਪਰਿਵਾਰ ਹੀ ਖ਼ੁਦਕੁਸ਼ੀ ਕਰ ਲੈਂਦਾ ਹੈ।

ਨਸ਼ਈ ਆਮ ਤੌਰ ’ਤੇ ਖ਼ੁਦਕੁਸ਼ੀ ਨਹੀਂ ਕਰਦੇ ਪਰ ਇਹਨਾਂ ਦਾ ਹਾਲ ਖ਼ੁਦਕੁਸ਼ੀ ਵਰਗਾ ਹੀ ਹੁੰਦਾ ਹੈ। ਨਸ਼ਈ ਨੂੰ ਨਾ ਖਾਣ ਦੀ ਸੁਧਬੁਧ ਅਤੇ ਨਾ ਹੀ ਆਏ ਗਏ ਦੀ ਹੁੰਦੀ ਹੈ, ਸਗੋਂ ਉਹ ਮੁਰਦੇ ਦੀ ਤਰ੍ਹਾਂ ਪਏ ਰਹਿੰਦੇ ਹਨ। ਸਾਰੇ ਘਰ ਵਾਲੇ ਪਰੇਸ਼ਾਨ ਰਹਿੰਦੇ ਹਨ। ਘਰ ਵਿੱਚੋਂ ਪੈਸੇ ਨਾ ਮਿਲਣ ਤੇ’ ਨਸ਼ੇ ਦੀ ਪੁਰਤੀ ਵਾਸਤ ਨਸ਼ਈ ਲੁੱਟਾਂ ਖੋਹਾਂ ਤੇ ਚੋਰੀਆਂ ਕਰਦੇ ਹਨ। ਇੱਥੋਂ ਤੱਕ ਕੇ ਨਸ਼ਈ ਲੋਕ ਆਪਣੇ ਮਾਂ-ਬਾਪ ਨੂੰ ਪੈਸਿਆਂ ਖਾਤਰ ਕੁੱਟਦੇ ਮਾਰਦੇ ਵੀ ਹਨ। ਨਤੀਜੇ ਵਜੋਂ ਸਾਰਾ ਘਰ ਨਰਕ ਬਣ ਜਾਂਦਾ ਹੈ ਤੇ ਪਰਿਵਾਰ ਦੇ ਕਿਸੇ ਮੈਂਬਰ ਦੀ ਖ਼ੁਦਕੁਸ਼ੀ ਦਾ ਕਾਰਨ ਬਣਦਾ ਹੈ।

ਕਈ ਵਾਰ ਬੱਚੇ ਫੇਲ ਹੋਣ ਜਾਂ ਘੱਟ ਨੰਬਰ ਆਉਣ ਕਾਰਨ ਵੀ ਖ਼ੁਦਕੁਸ਼ੀ ਕਰ ਲੈਂਦੇ ਹਨ। ਬੱਚੇ ਮਹਿਸੂਸ ਕਰਦੇ ਹਨ ਕਿ ਲੋਕ ਕਹਿਣਗੇ ਕਿ ਫਲਾਣਾ ਬੱਚਾ ਫੇਲ ਹੋ ਗਿਆ। ਬੱਚਿਆਂ ਨੂੰ ਫੇਲ ਹੋਣ ਜਾਂ ਘੱਟ ਨੰਬਰ ਆਉਣ ’ਤੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਭਵਿੱਖ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਅਸਫਲਤਾ ਵਿੱਚ ਹੀ ਸਫਲਤਾ ਛੁਪੀ ਹੋਈ ਹੁੰਦੀ ਹੈ। ਬੱਚਿਆਂ ਨੂੰ ਹੌਸਲਾ ਅਤੇ ਇੱਛਾ ਸ਼ਕਤੀ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਹਰ ਸਮੇਂ ਬੱਚਿਆਂ ’ਤੇ ਪੜ੍ਹਾਈ ਦਾ ਦਬਦਬਾ ਨਾ ਬਣਾ ਕੇ ਰੱਖਣ। ਇਸ ਨਾਲ ਬੱਚੇ ਗਲਤ ਪਾਸੇ ਜਾ ਸਕਦੇ ਹਨ। ਕੁੱਝ ਲੋਕਾਂ ਦਾ ਕਿਸੇ ਨੂੰ ਪਰੇਸ਼ਾਨ, ਤੰਗ ਅਤੇ ਨਜ਼ਾਇਜ ਸਬੰਧ ਬਣਾ ਕੇ ਬਲੈਕਮੇਲ ਕਰਨ ਦਾ ਕਿੱਤਾ ਬਣ ਗਿਆ ਹੈ। ਕਈ ਲੋਕ ਬਲੈਕਮੇਲ ਹੋਣ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਉਹ ਖ਼ੁਦਕੁਸ਼ੀ ਕਰ ਲੈਂਦੇ ਹਨ। ਬਲਾਤਕਾਰੀ ਵੀ ਸਮਾਜ ਦੇ ਵੱਡੇ ਦੁਸ਼ਮਣ ਹਨ। ਭੋ-ਮਾਫੀਆ ਵੀ ਆਰਥਿਕ ਤੌਰ ’ਤੇ ਟੁੱਟੇ ਆਦਮੀ ਦੀ ਜ਼ਾਇਦਾਦ ਸਸਤੇ ਮੁੱਲ ’ਤੇ ਹੜੱਪ ਕਰਨ ਦੀ ਤਾਕ ਵਿੱਚ ਰਹਿੰਦਾ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸਮਾਜ ਵਿੱਚ ਨਸ਼ਈਆਂ ਦੀ ਗਿਣਤੀ ਲਗਾਤਾਰ ਵਧਾ ਰਹੇ ਹਨ।

ਨੌਜਵਾਨ ਪੀੜ੍ਹੀ ਨੂੰ 10-15 ਲੱਖ ਰੁਪਏ ਖਰਚ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਮੁਸ਼ਕਿਲ ਨਾਲ 8-10 ਹਜ਼ਾਰ ਰੁਪਏ ਦੀ ਨੌਕਰੀ ਮਿਲਦੀ ਹੈ। ਕੰਮ ਵੀ ਹਫ਼ਤਾ ਭਰ ਹਰ ਰੋਜ 10-12 ਘੰਟੇ ਕਰਨਾ ਪੈਂਦਾ ਹੈ। ਇੰਨੀ ਘੱਟ ਕਮਾਈ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ, ਜਿਸ ਕਾਰਨ ਨੌਜਵਾਨ ਵਰਗ ਵਿੱਚ ਬਹੁਤ ਨਿਰਾਸ਼ਾ ਪਾਈ ਜਾਂਦੀ ਹੈ। ਸਿੱਖਿਆ ਸੰਸਥਾਵਾਂ ਸਿਰਫ ਦੁਕਾਨਾਂ ਬਣ ਕੇ ਰਹਿ ਗਈਆਂ ਹਨ। ਇਹਨਾਂ ਦਾ ਪੂਰਨ ਤੌਰ ’ਤੇ ਵਪਾਰੀਕਰਨ ਹੋ ਚੁੱਕਿਆ ਹੈ। ਨੌਜਵਾਨ ਮੁੰਡੇ-ਕੁੜੀਆਂ ਉੱਚ ਸਿੱਖਿਆ ਹਾਸਲ ਕਰਕੇ ਵੀ ਬੇਕਾਰ ਰਹਿਣ ਨੂੰ ਮਜਬੂਰ ਹਨ। ਮਾਪਿਆਂ ਨੂੰ ਬੱਚਿਆਂ ਤੋਂ ਬਹੁਤ ਆਸਾਂ ਹੁੰਦੀਆਂ ਹਨ। ਜਦੋਂ ਇਹ ਨੌਜਵਾਨ ਆਪਣੇ ਮਾਪਿਆਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉੱਤਰਦੇ ਤਾਂ ਉਹ ਇਕੱਲੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਬੇਕਾਰੀ ਹੀ ਉਹਨਾਂ ਨੂੰ ਨਸ਼ਿਆਂ ਵੱਲ ਧੱਕਦੀ ਹੈ। ਪੰਜਾਬ ਵਿੱਚ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਹਨ। ਇਹ ਨਸ਼ਾ ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਬਣਦਾ ਹੈ। ਨੌਜਵਾਨ ਪੀੜ੍ਹੀ ਵਿੱਚ ਖ਼ੁਦਕੁਸ਼ੀਆਂ ਦੀ ਪ੍ਰਵਿਰਤੀ ਬਹੁਤ ਜ਼ਿਆਦਾ ਪ੍ਰਬਲ ਹੁੰਦੀ ਜਾ ਰਹੀ ਹੈ। ਨਵੇਂ ਵਿਆਹੇ ਜੋੜੇ ਅਤੇ ਮਾਵਾਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਮੌਤ ਨੂੰ ਗਲੇ ਲਗਾ ਰਹੇ ਹਨ। ਅੱਜਕਲ ਰੋਜ਼ਾਨਾ ਅਖਬਾਰਾਂ ਖ਼ੁਦਕੁਸ਼ੀਆਂ ਦੇ ਸਮਾਚਾਰਾਂ ਨਾਲ ਭਰੀਆਂ ਹੁੰਦੀਆਂ ਹਨ। ਇਹ ਸਮਾਚਾਰ ਮੰਨ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਸਮਾਂ ਚੰਗਾ ਮਾੜਾ ਹੋ ਸਕਦਾ ਹੈ। ਪੈਸੇ ਦੀ ਵਾਧ ਘਾਟ ਹੋ ਸਕਦੀ ਹੈ। ਸਮੱਸਿਆ ਨੂੰ ਧਿਆਨ ਵਿੱਚ ਰੱਖ ਕੇ ਸਾਰਥਿਕ ਸੋਚ ਅਪਣਾਉਣ ਦੀ ਲੋੜ ਹੈ। ਹਰੇਕ ਸਮੱਸਿਆ ਦਾ ਹੱਲ ਹੈ। ਜੇ ਕਿਸੇ ਸਮੱਸਿਆ ਦਾ ਹੱਲ ਕਿਸੇ ਨੂੰ ਨਾ ਲੱਭ ਰਿਹਾ ਹੋਵੇ ਤਾਂ ਸੂਝਵਾਨ ਲੋਕਾਂ ਨਾਲ ਉਸ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਹੈ। ਸਮੱਸਿਆ ਦਾ ਹੱਲ ਜ਼ਰੂਰ ਨਿਕਲ ਆਵੇਗਾ। ਜੀਵਨ ਵਿੱਚ ਕਦੇ ਵੀ ਢਾਹੂ ਸੋਚ ਵਾਲੇ ਲੋਕਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਫਜ਼ੂਲ ਖਰਚੀ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਅੱਜਕਲ ਜ਼ਿਆਦਾਤਰ ਲੋਕ ਸਮਾਜ ਵਿੱਚ ਆਪਣਾ ਨੱਕ ਰੱਖਣ ਲਈ ਫਜ਼ੂਲ ਖਰਚੀ ਕਰਦੇ ਹਨ। ਲੋਕ ਕਰਜ਼ਾ ਚੁੱਕ ਕੇ ਆਪਣਾ ਆਪ ਦਿਖਾਉਣ ਲਈ ਵਿਆਹ-ਸ਼ਾਦੀਆਂ ’ਤੇ ਫਜ਼ੂਲ ਖਰਚੇ ਕਰਦੇ ਹਨ। ਮਰਨ ਉਪਰੰਤ ਭੋਗ ਸਮੇਂ ਕਈ ਤਰਾਂ ਦੇ ਪਕਵਾਨ ਬਣਾ ਕੇ ਫਜ਼ੂਲ ਖਰਚੀ ਕੀਤੀ ਜਾਂਦੀ ਹੈ। ਇਹ ਖਰਚੇ ਜਾਇਜ ਨਹੀਂ ਹਨ। ਵਿੱਤੀ ਸੰਕਟ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਵਿੱਤੀ ਸੰਕਟ ਹੀ ਖ਼ੁਦਕੁਸ਼ੀਆਂ ਦਾ ਇਕ ਵੱਡਾ ਕਾਰਨ ਹੈ। ਫਜ਼ੂਲ ਖਰਚੀਆਂ ’ਤੇ ਹਰ ਹਾਲਤ ਵਿੱਚ ਰੋਕ ਲਗਾਈ ਜਾਣੀ ਚਾਹੀਦੀ ਹੈ।

ਕਿਸਾਨਾਂ ਨੂੰ ਕਰਜ਼ਾ ਚੁੱਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਲੋੜ ਪੈਣ ’ਤੇ ਹੀ ਖੇਤੀਬਾੜੀ ਲਈ ਬੈਂਕਾਂ ਤੇ ਆੜ੍ਹਤੀਆਂ ਤੋਂ ਕਰਜ਼ਾ ਲੈਣਾ ਚਾਹੀਦਾ ਹੈ। ਇਸ ਕਰਜ਼ੇ ਨੂੰ ਮਕਾਨ ਬਣਾਉਣ, ਵਿਆਹ-ਸ਼ਾਦੀਆਂ ਤੇ ਹੋਰ ਸਮਾਜਿਕ ਰਸਮਾਂ ਨੂੰ ਪੂਰਾ ਕਰਨ ਲਈ ਨਹੀਂ ਖਰਚਣਾ ਚਾਹੀਦਾ। ਖੇਤੀ ’ਤੇ ਹੀ ਖਰਚਾ ਕਰਨ ਨਾਲ ਆਮਦਨ ਵਧ ਸਕਦੀ ਹੈ ਤੇ ਕਿਸਾਨ ਬੈਂਕਾਂ ਤੇ ਆੜਤੀਆਂ ਦਾ ਕਰਜ਼ਾ ਉਤਾਰ ਸਕਦਾ ਹੈ। ਵਪਾਰੀ ਵਰਗ ਨੂੰ ਵੀ ਨੌਕਰਾਂ ’ਤੇ ਨਿਰਭਰਤਾ ਘੱਟ ਰੱਖਣੀ ਚਾਹੀਦੀ ਹੈ। ਆਪਣੇ ਹੱਥੀਂ ਆਪਣਾ ਕਾਜ ਆਪ ਹੀ ਸਵਾਰਨਾ ਚਾਹੀਦਾ ਹੈ। ਪੜ੍ਹਨ ਵਾਲੇ ਬੱਚਿਆਂ ਨੂੰ ਵੀ ਖ਼ੁਦਕੁਸ਼ੀਆਂ ਦਾ ਰਾਹ ਛੱਡ ਕੇ ਸਖਤ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ। ਕਿਸਾਨ ਵੀਰਾਂ ਨੂੰ ਵੀ ਨੌਕਰਾਂ ’ਤੇ ਨਿਰਭਰਤਾ ਛੱਡ ਕੇ ਬੱਚਿਆਂ ਨੂੰ ਨਾਲ ਲੈਕੇ ਖੇਤੀਬਾੜੀ ਦੇ ਕਿੱਤੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਨਾਲ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ ਨਾਲ ਜੀਵਨ ਪੱਧਰ ਵਿੱਚ ਸੁਧਾਰ ਆਵੇਗਾ। ਹਰੇਕ ਮਨੁੱਖ ਨੂੰ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ।

ਸੁਝਵਾਨ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਆਰਥਿਕ ਮਦਦ ਕਰਕੇ ਉਹਨਾਂ ਨੂੰ ਨਿਰਾਸ਼ਾ ਦੇ ਆਲਮ ਵਿੱਚੋਂ ਕੱਢਣਾ ਚਾਹੀਦਾ ਹੈ। ਗੈਰ ਸਰਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਇਸ ਕਾਰਜ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੀਆਂ ਹਨ। ਮਦਦ ਲੈਣ ਵਾਲਾ ਮਨੁੱਖ ਤੇ ਉਸਦਾ ਪਰਿਵਾਰ ਸਦਾ ਇਨ੍ਹਾਂ ਸੰਸਥਾਵਾਂ ਰਿਣੀ ਰਹੇਗਾ। ਨਸ਼ੇ ਦੇ ਕਾਰੋਬਾਰੀਆਂ ਨੂੰ ਵੀ ਇਹ ਕੰਮ ਛੱਡ ਦੇਣਾ ਚਾਹੀਦਾ ਹੈ। ਕਿਉ ਕਿ ਨਸ਼ੇ ਨਾਲ ਪਰਿਵਾਰ ਬਰਬਾਦ ਹੋ ਰਹੇ ਹਨ ਤੇ ਸਮਾਜ ਪਰੇਸ਼ਾਨ ਹੋ ਰਿਹਾ ਹੈ। ਸਰਕਾਰ ਦਾ ਵੀ ਫਰਜ਼ ਹੈ ਕਿ ਉਹ ਖ਼ੁਦਕੁਸ਼ੀਆਂ ਕਰਨ ਵਾਲੇ ਪਰਿਵਾਰਾਂ ਦੀ ਵਿੱਤੀ ਸਹਾਇਤਾ ਕਰੇ ਪਰ ਇਹ ਵਿੱਤੀ ਸਹਾਇਤਾ ਕਾਫੀ ਹੱਦ ਤੱਕ ਖ਼ੁਦਕੁਸ਼ੀਆਂ ਨੂੰ ਉਤਸ਼ਾਹਤ ਵੀ ਕਰਦੀ ਹੈ। ਮਰਨ ਤੋਂ ਪਹਿਲਾਂ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਦੀ ਸਰਕਾਰ ਨੂੰ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਸਰਕਾਰ ਨੂੰ ਖ਼ੁਦਕੁਸ਼ੀਆਂ ਸਬੰਧੀ ਨੀਤੀ ਬਦਲਣ ਦੀ ਲੋੜ ਹੈ। ਦੇਸ਼ ਦੇ ਵਾਸੀ ਕੌਮ ਦਾ ਸਰਮਾਇਆ ਹਨ। ਲੋਕਾਂ ਵਿੱਚ ਨੈਤਿਕਤਾ ਦੀ ਬਹੁਤ ਘਾਟ ਹੈ। ਲੋਕਾਂ ਨੂੰ ਕਦਰਾਂ ਕੀਮਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਆਗੂਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਸਾਂਝੇ ਤੌਰ ’ਤੇ ਕੰਮ ਕਰਨਾ ਚਾਹੀਦਾ ਹੈ। ਆਉ ਸਾਰੇ ਰਲ ਮਿਲ ਕੇ ਖ਼ੁਦਕੁਸ਼ੀ ਵਰਗੀ ਬੁਰਾਈ ਨੂੰ ਖ਼ਤਮ ਕਰਨ ਲਈ ਹੰਭਲਾ ਮਾਰਏ।

*****

(918)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਥਿੰਦ

ਨਰਿੰਦਰ ਸਿੰਘ ਥਿੰਦ

Retired Lecturer.
Zira, Ferozpur, Punjab, India.

Phone: (91 - 98146 - 62260)