NarinderSThind7ਕਿਉਂਕਿ ਸਾਡੀਆਂ ਲੋੜਾਂ ਅਸੀਮਤ ਹਨ ਅਤੇ ਸਾਧਨ ਸੀਮਤ ਹਨ, ਲੋੜਾਂ ਦੀ ਪੂਰਤੀ ਲਈ ...
(27 ਮਾਰਚ 2018)

 

ਜ਼ਿੰਦਗੀ ਇਕ ਸੰਘਰਸ਼ ਹੈ। ਜ਼ਿੰਦਗੀ ਫੁੱਲਾਂ ਦੀ ਸੇਜ ਹੀ ਨਹੀਂ, ਸਗੋਂ ਕੰਢਿਆਂ ਦੀ ਤਰ੍ਹਾਂ ਵੀ ਹੈ। ਜ਼ਿੰਦਗੀ ਵਿੱਚ ਕਿਤੇ ਪ੍ਰਾਪਤੀ ਹੋ ਜਾਂਦੀ ਹੈ ਅਤੇ ਕਿਤੇ ਪ੍ਰਾਪਤੀ ਨਹੀਂ ਵੀ ਹੁੰਦੀ। ਜ਼ਿੰਦਗੀ ਇਕ ਸਫਰ ਹੈ। ਕਈ ਲੋਕ ਜ਼ਿੰਦਗੀ ਦੇ ਬਾਰੇ ਜ਼ਿਆਦਾ ਸੋਚਦੇ ਹਨ। ਜ਼ਿੰਦਗੀ ਕੁਝ ਕਰਕੇ ਅਤੇ ਬਣਕੇ ਵਿਖਾਉਣ ਦਾ ਮੌਕਾ ਹੈ। ਜ਼ਿੰਦਗੀ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਇਰਾਦਾ ਹੈ। ਹਰ ਪ੍ਰਾਣੀ ਦੀ ਜ਼ਿੰਦਗੀ ਵਿੱਚ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ। ਜਨਮ ਤੋਂ ਲੈਕੇ ਮੌਤ ਤੱਕ ਹਰ ਇਨਸਾਨ ਲੰਮਾ ਸਫਰ ਤੈਅ ਕਰਦਾ ਹੈ। ਮੁਸ਼ਕਿਲਾਂ ਅਤੇ ਮਸੀਬਤਾਂ ਦਾ ਸਾਹਮਣਾ ਕਰਨ ਵਾਲੇ ਇਨਸਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਦੂਸਰੇ ਪਾਸੇ ਮੁਸੀਬਤਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨ ਵਾਲੇ ਇਨਸਾਨ ਆਪਣੀ ਜ਼ਿੰਦਗੀ ਨੂੰ ਔਖਾ ਬਣਾ ਲੈਂਦੇ ਹਨ। ਇਨਸਾਨ ਦੇ ਚਿੰਤਾ ਕਰਨ ਨਾਲ ਕੁਝ ਨਹੀਂ ਹੋਣਾ ਹੈ। ਇਨਸਾਨ ਨੂੰ ਨੇਕ ਨੀਤੀ ਤੇ ਸਖਤ ਮਿਹਨਤ ਨਾਲ ਕੰਮ ਕਰਕੇ ਰਹਿਣਾ ਚਾਹੀਦਾ ਹੈ। ਕੰਮ ਕਰਨਾ ਸਾਡਾ ਕਰਮ ਹੈ। ਫਲ ਦੇਣਾ ਪ੍ਰਮਾਤਮਾ ਦੇ ਹੱਥ ਹੈ।

ਜ਼ਿੰਦਗੀ ਕੁਦਰਤ ਦੀ ਦਿੱਤੀ ਵੱਡਮੁੱਲੀ ਦਾਤ ਹੈ। ਜ਼ਿੰਦਗੀ ਇਕ ਸਫਰ ਹੈ। ਜ਼ਿੰਦਗੀ ਨੂੰ ਸੁਪਨਿਆਂ ਤੇ ਉਮੀਦਾਂ ਨਾਲ ਜੀਵਿਆ ਜਾਵੇ ਤਾਂ ਜੀਵਨ ਹੋਰ ਵੀ ਖੂਬਸੂਰਤ ਬਣ ਜਾਂਦਾ ਹੈ। ਜ਼ਿੰਦਗੀ ਜੀਵਨ ਵਿੱਚ ਬਹੁਤ ਕੁਝ ਸਿਖਾਉਂਦੀ ਹੈ, ਪਰ ਇਹ ਇਨਸਾਨ ’ਤੇ ਨਿਰਭਰ ਹੈ ਕਿ ਉਹ ਸਿੱਖਣਾ ਚਾਹੁੰਦਾ ਹੈ ਜਾਂ ਨਹੀਂ। ਜ਼ਿੰਦਗੀ ਜਿਊਣ ਲਈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਆਪਣੇ ਆਪ ਵਿੱਚ ਇਕ ਜੰਗ ਹੈ। ਜ਼ਿੰਦਗੀ ਨੂੰ ਇਵੇਂ ਗਵਾਉਣਾ ਸਹੀ ਨਹੀਂ ਹੈ। ਜ਼ਿੰਦਗੀ ਤਾਂ ਵਗਦੇ ਦਰਿਆ ਵਾਂਗ ਹੈ ਜੋ ਚਲਦੀ ਹੀ ਵਧੀਆ ਲਗਦੀ ਹੈ। ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਆਪਣੇ ਆਲੇ ਦੁਆਲੇ, ਆਂਢ ਗੁਆਂਢ ਨਾਲ ਬਣਾਕੇ ਰੱਖਣੀ ਚਾਹੀਦੀ ਹੈ। ਹਰੇਕ ਦੇ ਦੁੱਖ ਸੁਖ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਕੁਝ ਲੋਕ ਵੱਡੇ ਲੋਕਾਂ ਦੇ ਦੁੱਖ ਸੁਖ ਵਿੱਚ ਸ਼ਾਮਿਲ ਹੁੰਦੇ ਹਨ। ਪਰ ਗਰੀਬ ਲੋਕਾਂ ਦੇ ਦੁੱਖ ਸੁਖ ਵਿੱਚ ਸ਼ਾਮਿਲ ਨਹੀਂ ਹੁੰਦੇ। ਇਨਸਾਨ ਨੂੰ ਕਿਸੇ ਨੂੰ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ। ਸਾਰਿਆਂ ਦਾ ਹੀ ਸਤਿਕਾਰ ਕਰਨਾ ਚਾਹੀਦਾ ਹੈ।

ਜ਼ਿਆਦਾਤਰ ਲੋਕ ਆਪਣੀਆਂ ਇੱਛਾਵਾਂ ਪੂਰੀਆ ਨਾ ਹੋਣ ਕਾਰਨ ਹਰ ਵਕਤ ਚਿੰਤਾ ਵਿੱਚ ਰਹਿੰਦੇ ਹਨ। ਸੁਖ ਦੁੱਖ ਜੀਵਨ ਦੇ ਪਹਿਲੂ ਹਨ। ਪਰ ਸੁਖ ਤੇ ਦੁੱਖ ਸਾਡੀ ਸੋਚ ’ਤੇ ਹੀ ਨਿਰਭਰ ਹਨ। ਸੋਚ ਦੇ ਸਿਧਾਂਤ ਨੂੰ ਸਮਝਣਾ ਜਾਂ ਅਣਗੌਲੇ ਕਰਨਾ ਸਾਡੀ ਮਰਜ਼ੀ ਹੁੰਦੀ ਹੈ। ਸੋਚ ਅਤੇ ਵਿਚਾਰਾਂ ਦੇ ਪ੍ਰਵਾਹ ਰਾਹੀਂ ਹੀ ਹਰ ਇਨਸਾਨ ਆਪਣੀ ਸ਼ਖਸੀਅਤ ਅਤੇ ਜੀਵਨ ਖੁਦ ਲਿਖਦਾ ਹੈ। ਅਸੀਂ ਜ਼ਿੰਦਗੀ ਵਿੱਚ ਜੋ ਚਾਹੀਏ ਬਣ ਸਕਦੇ ਹਾਂ। ਜੀਵਨ ਸੋਚ ’ਤੇ ਹੀ ਨਿਰਭਰ ਹੈ। ਧਾਰਮਿਕ ਵਿਚਾਰਾਂ ਅਨੁਸਾਰ ਇਨਸਾਨ ਦੇ ਵਜੂਦ ਵਿੱਚ ਇਕ ਸ਼ਕਤੀ ਕੰਮ ਕਰ ਰਹੀ ਹੈ। ਇਸ ਸ਼ਕਤੀ ਨੂੰ ਸਭ ਨੇ ਅਲੱਗ ਅਲੱਗ ਨਾਮ ਪ੍ਰਮਾਤਮਾ, ਆਤਮਾ, ਰੱਬ, ਊਰਜਾ ਆਦਿ ਦਿੱਤੇ ਹੋਏ ਹਨ। ਸਾਕਾਰਾਤਮਕ ਵਿਚਾਰਾ ਰਾਹੀਂ ਹੀ ਵਿਅਕਤੀ ਦੀ ਸ਼ਖਸੀਅਤ ਅਤੇ ਜ਼ਿੰਦਗੀ ਬਣਦੀ ਹੈ। ਨਾਕਾਰਾਤਮਕ ਸੋਚ ਵਿਅਕਤੀ ਦੀ ਕੰਮ ਕਰਨ ਦੀ ਸ਼ਕਤੀ ਅਤੇ ਮਿਹਨਤ ਵਿੱਚ ਰੁਕਾਵਟ ਬਣਕੇ ਦ੍ਰਿੜ੍ਹ ਇਰਾਦੇ ਅਤੇ ਵਿਸ਼ਵਾਸ ਦਾ ਪੱਧਰ ਖਤਮ ਕਰ ਦਿੰਦੇ ਹਨ।

ਖੁਸ਼ ਰਹਿਣ ਨਾਲ ਇਨਸਾਨ ਦੇ ਦਿਮਾਗ ਵਿੱਚ ਖੁਸ਼ਹਾਲ ਸੋਚ ਪੈਦਾ ਹੁੰਦੀ ਹੈ। ਦੂਸਰੇ ਪਾਸੇ ਉਦਾਸ ਰਹਿਣ ਵਾਲੇ ਵਿਅਕਤੀ ਦੇ ਦਿਮਾਗ ਵਿੱਚ ਢਾਹੂ ਸੋਚ ਪੈਦਾ ਹੁੰਦੀ ਹੈ। ਖੁਸ਼ਹਾਲ ਜ਼ਿੰਦਗੀ ਦਾ ਇਹੀ ਰਾਜ ਹੈ ਕਿ ਹਰੇਕ ਇਨਸਾਨ ਨੂੰ ਜ਼ਿੰਦਗੀ ਵਿੱਚ ਆਪਣੀ ਸੋਚ ਦਾ ਦਾਇਰਾ ਸਾਕਾਰਾਤਮਕ ਪਾਸੇ ਵੱਲ ਵਿਸ਼ਾਲ ਕਰ ਲੈਣਾ ਚਾਹੀਦਾ ਹੈ। ਹਰ ਸਮੇਂ ਖੁਸ਼ੀ ਅਤੇ ਵਧੀਆ ਜ਼ਿੰਦਗੀ ਦਾ ਅਹਿਸਾਸ ਕਰਨਾ ਚਾਹੀਦਾ ਹੈ। ਇਨਸਾਨ ਨੂੰ ਆਪਣੇ ਭਵਿੱਖ ਨੂੰ ਵਰਤਮਾਨ ਬਣਾਉਣ ਦੀ ਜ਼ਰੂਰਤ ਹੈ। ਜ਼ਿਆਦਾਤਰ ਲੋਕ ਭੂਤਕਾਲ ਵਿੱਚ ਬਿਤਾਏ ਪਲਾਂ ਬਾਰੇ ਸੋਚਕੇ ਦੁਖੀ ਹੁੰਦੇ ਰਹਿੰਦੇ ਹਨ ਅਤੇ ਭਵਿੱਖ ਬਾਰੇ ਸੋਚਦੇ ਰਹਿੰਦੇ ਹਨ। ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਆਪਣੀਆਂ ਲੋੜਾਂ ਨੂੰ ਸੀਮਤ ਕਰ ਲੈਣਾ ਚਾਹੀਦਾ ਹੈ। ਇਨਸਾਨ ਇਕ ਲੋੜ ਪੂਰੀ ਹੋਣ ਤੋਂ ਬਾਅਦ ਨਵੀਂ ਲੋੜ ਬਾਰੇ ਸੋਚਣ ਲੱਗ ਪੈਂਦਾ ਹੈ। ਕਿਉਂਕਿ ਸਾਡੀਆਂ ਲੋੜਾਂ ਅਸੀਮਤ ਹਨ ਅਤੇ ਸਾਧਨ ਸੀਮਤ ਹਨ, ਲੋੜਾਂ ਦੀ ਪੂਰਤੀ ਲਈ ਸਾਡੇ ਦਿਮਾਗ ਵਿੱਚ ਹਰ ਸਮੇਂ ਇੱਕ ਜੰਗ ਛਿੜੀ ਰਹਿੰਦੀ ਹੈਇਸ ਜੱਦੋਜਹਿਦ ਵਿੱਚ ਅਸੀਂ ਆਪਣੇ ਮਨ ਦਾ ਸਕੂਨ ਗਵਾ ਬੈਠਦੇ ਹਾਂ। ਕਿਸੇ ਵੀ ਇਨਸਾਨ ਦੀ ਤਮੰਨਾ ਪੂਰੀ ਨਹੀਂ ਹੁੰਦੀ। ਇਨਸਾਨ ਨੂੰ ਪ੍ਰਮਾਤਮਾ ਨੇ ਜੋ ਕੁਝ ਦਿੱਤਾ ਉਸ ਵਿੱਚ ਖੁਸ਼ ਰਹਿਕੇ ਚੰਗੀ ਜ਼ਿੰਦਗੀ ਬਤੀਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਉਸਨੇ ਸਾਨੂੰ ਵਧੀਆ ਜੀਵਨ ਬਖਸ਼ਿਆ ਹੈ। ਜੀਵਨ ਬੜਾ ਅਨਮੋਲ ਹੈ। ਮਨੁੱਖੀ ਜੀਵਨ ਪ੍ਰਮਾਤਮਾ ਦੀ ਦਿੱਤੀ ਹੋਈ ਅਮੁੱਲ ਦਾਤ ਹੈ। ਇਹ ਦਾਤ ਵਾਰ-ਵਾਰ ਨਹੀਂ ਮਿਲਦੀ।

ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਵਿੱਚ ਬਹੁਤ ਚੰਗੇ ਰਿਸ਼ਤੇ ਦਿੱਤੇ ਹਨ। ਇਹਨਾਂ ਰਿਸ਼ਤਿਆਂ ਦਾ ਸਾਨੂੰ ਜੀਵਨ ਵਿੱਚ ਨਿੱਘ ਮਾਨਣਾ ਚਾਹੀਦਾ ਹੈ। ਪ੍ਰਮਾਤਮਾ ਨੇ ਸਾਨੂੰ ਭੈਣ-ਭਰਾ, ਮਾਤਾ-ਪਿਤਾ ਅਤੇ ਕਰੀਬੀ ਦੋਸਤ ਅਣਮੁੱਲੇ ਤੋਹਫੇ ਦੇ ਰੂਪ ਵਿੱਚ ਦਿੱਤੇ ਹਨ। ਛੋਟੀਆਂ ਮੋਟੀਆਂ ਗੱਲਾਂ ਨੂੰ ਛੱਡ ਦੇਣਾ ਚਾਹੀਦਾ ਹੈ। ਧੰਨ-ਦੌਲਤ ਕਿਸੇ ਵੀ ਇਨਸਾਨ ਨੂੰ ਅੰਦਰੂਨੀ ਖੁਸ਼ੀ ਨਹੀਂ ਦੇ ਸਕਦੇ। ਇਨਸਾਨ ਨੂੰ ਰੋਜ਼ਾਨਾ ਜੀਵਨ ਵਿੱਚ ਕੁਝ ਸਮਾਂ ਸਮਾਜ ਸੇਵਾ ਦੇ ਕੰਮਾਂ ਲਈ ਕੱਢਣਾ ਚਾਹੀਦਾ ਹੈ। ਚੰਗੇ ਵਿਚਾਰਾਂ ਵਾਲੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਕਿਸੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਜ਼ਿੰਦਗੀ ਵਿੱਚ ਆਪਣੇ ਰੋਜ਼ਾਨਾ ਜੀਵਨ ਵਿੱਚ ਕੁਝ ਅਜਿਹਾ ਕਰਨਾ ਚਾਹੀਦਾ ਹੈ ਜੋ ਆਪ ਨੂੰ ਚੰਗਾ ਲੱਗੇ ਤੇ ਦੂਸਰੇ ਨੂੰ ਖੁਸ਼ੀ ਮਹਿਸੂਸ ਹੋਏ। ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਸੁਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਤੇ ਹਰ ਸਮੇਂ ਸਿਮਰਨ ਕਰਨ ਦੀ ਇਨਸਾਨ ਨੂੰ ਆਦਤ ਪਾਉਣੀ ਚਾਹੀਦੀ ਹੈ। ਪ੍ਰਮਾਤਮਾ ਦੇ ਭਾਣੇ ਵਿੱਚ ਰਹਿਕੇ ਜ਼ਿੰਦਗੀ ਦੇ ਹਰ ਪਲ ਨੂੰ ਚੰਗੀ ਤਰ੍ਹਾਂ ਨਾਲ ਜਿਉਣਾ ਚਾਹੀਦਾ ਹੈ। ਚੰਗੀ ਜ਼ਿੰਦਗੀ ਲਈ ਵਰਤਮਾਨ ਵਿੱਚ ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਜ਼ਿੰਦਗੀ ਇਕ ਇਮਤਿਹਾਨ ਹੈ। ਇਮਤਿਹਾਨ ਦਾ ਨਤੀਜਾ ਤੁਹਾਡੇ ਕੀਤੇ ਕੰਮ ਹਨ। ਜ਼ਿੰਦਗੀ ਵਿੱਚ ਤੁਹਾਡੇ ਕੀਤੇ ਕੰਮ ਬੋਲਦੇ ਹਨ। ਤੁਹਾਨੂੰ ਕਿਤੇ ਵੀ ਕੁਝ ਬੋਲਣ ਦੀ ਲੋੜ ਨਹੀਂ ਪੈਂਦੀ। ਜਿੱਥੇ ਤੁਹਾਡੀ ਅਵਾਜ਼ ਨਹੀਂ ਪਹੁੰਚ ਸਕਦੀ ਉੱਥੇ ਤੁਹਾਡੇ ਕੀਤੇ ਚੰਗੇ ਕੰਮਾਂ ਦੀ ਅਵਾਜ਼ ਜਰੂਰ ਪਹੁੰਚਦੀ ਹੈ। ਜ਼ਿੰਦਗੀ ਜਿਉਣ ਦੇ ਸਾਰੇ ਅੰਕ ਜੋੜ ਕੇ ਚਰਿੱਤਰ ਬਣਦਾ ਹੈ। ਜ਼ਿੰਦਗੀ ਦਾ ਅਸਲ ਸਰਟੀਫਿਕੇਟ ਚਰਿੱਤਰ ਹੈ। ਚੰਗੀ ਜ਼ਿੰਦਗੀ ਬਤੀਤ ਕਰਨ ਲਈ ਇਨਸਾਨ ਨੂੰ ਆਪਣੇ ਆਪੇ ਨੂੰ ਸਮਝ ਲੈਣਾ ਚਾਹੀਦਾ ਹੈ। ਸਮਝਦਾਰਾਂ ਕੋਲੋਂ ਕੋਈ ਗੁਣ ਲੈ ਲੈਣਾ ਅਤੇ ਮੂਰਖਾਂ ਕੋਲੋਂ ਚੁੱਪ ਕਰਕੇ ਪਾਸਾ ਵੱਟ ਲੈਣਾ ਚਾਹੀਦਾ ਹੈ। ਆਪਣੇ ਮਨ ਦੀ ਸ਼ਾਂਤੀ ਨੂੰ ਨਹੀਂ ਗਵਾਉਣਾ ਚਾਹੀਦਾ। ਚੰਗੀ ਜ਼ਿੰਦਗੀ ਲਈ ਮਨ ਨੂੰ ਸ਼ਾਂਤ ਰੱਖਣ ਦਾ ਇਹ ਵੀ ਇੱਕ ਤਰੀਕਾ ਹੈ। ਇਨਸਾਨ ਨੂੰ ਲੋੜ ਤੋ ਵੱਧ ਨਹੀਂ ਬੋਲਣਾ ਚਾਹੀਦਾ। ਸਮਾਂ, ਸਥਿਤੀ ਅਤੇ ਸਾਥੀ ਨੂੰ ਧਿਆਨ ਵਿੱਚ ਰੱਖਕੇ ਗੱਲ ਕਰਨੀ ਚਾਹੀਦੀ ਹੈ। ਇਨਸਾਨ ਨੂੰ ਕਿਸੇ ਨਾਲ ਈਰਖਾ ਬਿਲਕੁਲ ਨਹੀਂ ਕਰਨੀ ਚਾਹੀਦੀ। ਈਰਖਾ ਇਨਸਾਨ ਦੇ ਮਨ ਵਿੱਚ ਫੈਲਿਆ ਹੋਇਆ ਪ੍ਰਦੂਸ਼ਣ ਹੈ। ਇਨਸਾਨ ਦੇ ਚਿਹਰੇ ਦੀ ਸੱਚੀ ਮੁਸਕਰਾਹਟ ਜ਼ਿੰਦਗੀ ਦਾ ਨੂਰ ਹੈ।

ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਲਈ ਇਨਸਾਨ ਨੂੰ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਨਿੰਦਾ ਚੁਗਲੀ ਤੇ ਬੁਰਾਈ ਤੋਂ ਹਰ ਹੀਲੇ ਪਾਸਾ ਵੱਟਣਾ ਚਾਹੀਦਾ ਹੈ। ਪਿੱਠ ਪਿੱਛੇ ਜਿਸਦੀ ਆਪਣੇ ਜਾਣ ਪਛਾਣ ਪਾਸ ਨਿੰਦਾ ਚੁਗਲੀ ਕਰਦੇ ਹਾਂ, ਹੋ ਸਕਦਾ ਅੱਗੋਂ ਉਹ ਸਾਡੀ ਨਿੰਦਾ ਚੁਗਲੀ ਦਾ ਪੋਲ ਖੋਲ੍ਹ ਦੇਵੇ ਤੇ ਜਿਸਦੀ ਅਸੀਂ ਬੁਰਾਈ ਕੀਤੀ ਸੀ, ਉਹ ਸਾਡੇ ਗਲ ਨੂੰ ਹੱਥ ਪਾ ਲਵੇ ਜਾਂ ਅੰਦਰੋ ਅੰਦਰੀ ਖਾਰ ਕੱਢ ਲਵੇਕਿਸੇ ਦਾ ਬੁਰਾ ਨਾ ਕਰਨ ਵਾਲਾ, ਭਲੇ ਦੇ ਰਸਤੇ ’ਤੇ ਚੱਲਣ ਵਾਲਾ, ਠੱਗੀ ਝੂਠ ਤੋਂ ਕਿਨਾਰਾ ਕਰਨ ਵਾਲਾ ਇਨਸਾਨ ਹਰਮਨ ਪਿਆਰਾ ਬਣਦਾ ਹੈ। ਰਿਸ਼ਤੇ-ਨਾਤਿਆਂ ਵਿੱਚ ਸਮਾਜ ਵਿੱਚ ਨਿਰਸੁਆਰਥ ਭਲਾਈ ਦਾ ਲੜ ਫੜਨ ਵਾਲਾ ਲੋਕਾਂ ਦੀਆਂ ਨਜ਼ਰਾਂ ਵਿੱਚ ਉੱਚਾ ਹੋ ਜਾਂਦਾ ਹੈ। ਪੈਸੇ ਨਾਲੋਂ ਰਿਸ਼ਤੇਦਾਰਾਂ, ਮਿੱਤਰਾਂ, ਭੈਣ-ਭਰਾਵਾਂ ਆਦਿ ਇਨਸਾਨੀ ਰਿਸ਼ਤਿਆਂ ਨੂੰ ਪਹਿਲ ਦੇਣ ਵਾਲਾ ਇਨਸਾਨ ਆਦਰਯੋਗ ਸਥਾਨ ਲੈਣ ਦਾ ਭਾਗੀ ਬਣ ਜਾਂਦਾ ਹੈ। ਚੰਗੀ ਜ਼ਿੰਦਗੀ ਲਈ ਇਨਸਾਨ ਨੂੰ ਨਿੱਜੀ ਹਿਤ ਤਿਆਗ ਦੇਣੇ ਚਾਹੀਦੇ ਹਨ। ਇਨਸਾਨ ਨੂੰ ਨੈਤਿਕ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਦਿਲ ਦਾ ਸਾਫ, ਬੀਬਾ, ਇਮਾਨਦਾਰ ਇਨਸਾਨ ਹਰਮਨ ਪਿਆਰਾ ਬਣਦਾ ਹੈ ਅਤੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਦਾ ਹੈ।

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਵੇਰੇ ਸਵਖਤੇ ਉੱਠਣਾ ਚਾਹੀਦਾ ਹੈ। ਸਰੀਰ ਨੂੰ ਰੋਗਾਂ ਤੋਂ ਬਚਾਉਣ ਲਈ ਰੋਜ਼ਾਨਾ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ। ਇਨਸਾਨ ਨੂੰ ਆਪਣੀ ਤਰੱਕੀ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਸਮੇਂ ਦਾ ਸਦਉਪਯੋਗ ਕਰਦਿਆਂ ਕੰਮ ਕਰਦੇ ਰਹਿਣਾ ਚਾਹੀਦਾ ਹੈ। ਚੰਗੇ ਕੰਮਾਂ ਦੀ ਮਿਆਦ ਉਮਰ ਤੋਂ ਵੱਡੀ ਹੁੰਦੀ ਹੈ। ਕਿਸੇ ਦੀ ਬੁਰਾਈ ਵਿੱਚ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ। ਮਿਹਨਤ ਨਾਲ ਪ੍ਰਾਪਤ ਕੀਤੀ ਚੀਜ਼ ਕਦੇ ਖਰਾਬ ਨਹੀਂ ਹੁੰਦੀ। ਜ਼ਿੰਦਗੀ ਵਿੱਚ ਖੁਸ਼ੀ ਪ੍ਰਾਪਤ ਕਰਨ ਲਈ ਖੁਸ਼ੀ ਨੂੰ ਵੰਡਣਾ ਚਾਹੀਦਾ ਹੈ। ਖੁਸ਼ੀ ਮਿਲਦੀ ਨਹੀਂ, ਸਗੋਂ ਕਮਾਈ ਜਾਂਦੀ ਹੈ। ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਇਨਸਾਨ ਸਮਝਦਾਰ ਨਹੀਂ ਬਣਦਾ ਸਗੋਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਕੇ ਅਤੇ ਮਹਿਸੂਸ ਕਰਕੇ ਇਨਸਾਨ ਸਮਝਦਾਰ ਬਣਦਾ ਹੈ। ਬਦਲੇ ਦੀ ਭਾਵਨਾ ਵਰਤਮਾਨ ਅਨੰਦ ਨੂੰ ਤਬਾਹ ਕਰ ਦਿੰਦੀ ਹੈ। ਵਰਤਮਾਨ ਵਿੱਚ ਬੀਜੇ ਬੀਜ ਹੀ ਭਵਿੱਖ ਦੀ ਫਸਲ ਬਣਦੇ ਹਨ। ਭਵਿੱਖ ਦੀ ਚੰਗੀ ਤਸਵੀਰ ਲਈ ਵਰਤਮਾਨ ਵਿੱਚ ਚੰਗੇ ਰੰਗ ਭਰਨੇ ਚਾਹੀਦੇ ਹਨ। ਨਵੇਂ ਰਿਸ਼ਤੇ ਉਸਾਰਨੇ ਅਤੇ ਚੰਗਾ ਕਰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਇਨਸਾਨ ਨੂੰ ਆਪਣੀ ਜ਼ਿੰਦਗੀ ਦੀਆਂ ਅਸਲ ਬੁਨਿਆਦਾਂ ਅਤੇ ਅਸੂਲਾਂ ਨੂੰ ਕਦੇ ਵੀ ਤਿਆਗਣਾ ਨਹੀਂ ਚਾਹੀਦਾ।

*****

(1080)

About the Author

ਨਰਿੰਦਰ ਸਿੰਘ ਥਿੰਦ

ਨਰਿੰਦਰ ਸਿੰਘ ਥਿੰਦ

Retired Lecturer.
Zira, Ferozpur, Punjab, India.

Phone: (91 - 98146 - 62260)