“ਬਾਬਾ ਲੱਗ ਪਿਆ ਚਾਚੇ ਦੇ ਆਲੇ-ਦੁਆਲੇ ਘੁੰਮਣ। ਉਸ ਦੇ ਸਾਹਮਣੇ ਧੂਫ-ਬੱਤੀ ਕਰਕੇ, ਡੰਡਾ ਫੜ ਕੇ ...”
(31 ਅਕਤੂਬਰ 2017)
ਅੱਜ ਤੋਂ ਕੋਈ ਸੱਠ ਕੁ ਸਾਲ ਪਹਿਲਾਂ ਦੀ ਗੱਲ ਮੇਰੇ ਸਾਹਮਣੇ ਬਾਰ ਬਾਰ ਆ ਰਹੀ ਹੈ। ਮੇਰਾ ਚਾਚਾ ਕਰਨੈਲ ਸਿੰਘ ਕੋਰਾ ਅਣਪੜ੍ਹ ਤੇ ਸਧਾਰਣ ਖੇਤੀ ਕਰਨ ਵਾਲਾ ਬਹੁਤ ਹੀ ਮਿਹਨਤੀ ਇਨਸਾਨ ਸੀ। ਅਸੀਂ ਇਕ ਪਿੰਡ ਤੋਂ ਕਿਸੇ ਹੋਰ ਪਿੰਡ ਜ਼ਮੀਨ ਲੈ ਕੇ ਰਹਿਣ ਲੱਗ ਪਏ। ਸਾਡੇ ਬਾਬਿਆਂ ਦੇ ਟੱਬਰ ਵਿੱਚੋਂ ਇਕ ਜਣੇ ਨੇ ਸਾਡੇ ਨਾਲ ਸਾਂਝੀ ਜ਼ਮੀਨ ਲੈ ਲਈ ਸੀ। ਸਾਰਿਆਂ ਨੇ ਸਰਦਾਰਾਂ ਦੇ ਪਿੰਡ ਦੀ ਜ਼ਮੀਨ ਦੀ ਹਾਲਤ ਵੇਖੀ ਤਾਂ ਵਾਹੀਯੋਗ ਬਣਾਉਣ ਲਈ ਦਿਨ ਰਾਤ ਇਕ ਕਰਕੇ ਬਹੁਤ ਮਿਹਨਤ ਕੀਤੀ। ਜਦੋਂ ਅਸੀਂ ਉਹਨਾਂ ਨਾਲੋਂ ਜ਼ਮੀਨ ਦੀ ਵੰਡ ਕੀਤੀ ਤਾਂ ਉਹਨਾਂ ਨਾਲ ਜ਼ਮੀਨ ਦਾ ਘੱਟ ਵੱਧ ਹੋਣ ਕਰਕੇ ਮਨੋਮਨੀ ਵਖਰੇਵਾਂ ਹੋ ਗਿਆ। ਦੋਵੇਂ ਘਰ ਬੋਲਣ ਤੋਂ ਵੀ ਹਟ ਗਏ। ਚਾਚੇ ਕਰਨੈਲ ਸਿੰਘ ’ਤੇ ਐਸਾ ਅਸਰ ਹੋਇਆ, ਉਸ ਦਾ ਮਨ ਉਚਾਟ ਹੁੰਦਾ ਚਲਾ ਗਿਆ। ਉਸ ਦੇ ਮਨ ਵਿਚ ਬੇਵਫਾਈ ਦੀ ਘੁੰਡੀ ਫਸ ਗਈ। ਉਹ ਉੱਘ ਦੀਆਂ ਪਤਾਲ ਗੱਲਾਂ ਕਰਨ ਲੱਗ ਪਿਆ। ਖੂਹ ਵਿਚ ਛਾਲ ਮਾਰਨ ਲਈ ਜਾਵੇ। ਉਸ ਦੀ ਰਾਖੀ ਕਰਨੀ ਪੈ ਗਈ। ਇਲਾਜ ਵੀ ਕਰਾਇਆ। ਕੋਈ ਫਰਕ ਨਹੀਂ ਪਿਆ। ਆਖਰ ਨੂੰ ਪਿਛਲੇ ਪਿੰਡ, ਉੱਥੇ ਰਹਿੰਦੇ ਸਾਡੇ ਅੱਧੇ ਟੱਬਰ ਕੋਲ ਛੱਡਣਾ ਪਿਆ। ਉਹਨਾਂ ਵੀ ਕਈ ਡਾਕਟਰਾਂ ਕੋਲ ਇਲਾਜ ਕਰਾਇਆ ਪਰ ਕੁਝ ਦਿਨ ਠੀਕ ਹੋ ਕੇ ਫਿਰ ਓਹੀ ਹਾਲ ...।
ਜਿਵੇਂ ਉਸ ਸਮੇਂ ਆਮ ਲੋਕਾਂ ਦੀ ਧਾਰਨਾ ਹੀ ਬਣੀ ਹੋਈ ਸੀ, ਜਿਹੜਾ ਵੀ ਸਾਡੇ ਟੱਬਰ ਨੂੰ ਮਿਲਣ ਆਉਂਦਾ ਉਹ ਕਿਸੇ ਸਿਆਣੇ ਕੋਲ ਲਿਜਾਣ ਲਈ ਕਹਿੰਦਾ। ਕੋਈ ਓਪਰੀ ਹਵਾ ਕੱਢਣ ਵਾਲੇ ਕੋਲ ਲਿਜਾਣ ਲਈ ਕਹੇ ਤੇ ਕੋਈ ਕਿਸੇ ਸਾਧ ਕੋਲ। ਕਈ ਕਹਿਣ ਇਸ ਨੂੰ ਪਾਗਲਖਾਨੇ ਛੱਡੋ। ਗੱਲ ਕੀ, ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਪਰ ਸਾਡਾ ਟੱਬਰ ਇਕ ਸਾਧਾਰਣ ਟੱਬਰ ਹੁੰਦੇ ਹੋਏ ਵੀ ਅਜਿਹੀਆਂ ਪਾਖੰਡ ਵਾਲੀਆਂ ਗੱਲਾਂ ਨੂੰ ਨਹੀਂ ਸੀ ਮੰਨਦਾ। ਫਿਰ ਵੀ ਕੁਝ ਰਿਸ਼ਤੇਦਾਰਾਂ ਦੇ ਕਹਿਣ ਕਹਾਉਣ ਤੋਂ ਦੋ ਕੁ ਮਹੀਨੇ ਚਾਚੇ ਦੀ ਰਾਖੀ ਕਰਦਿਆਂ ਲੰਘ ਗਏ। ਉਸ ਨੂੰ ਬਹੁਤ ਸਮਝਾਉਂਦੇ ਰਹੇ ਅਤੇ ਦਵਾਈ ਬੂਟੀ ਦਿੰਦੇ ਰਹੇ ਪਰ ਜਦੋਂ ਕੋਈ ਫਰਕ ਨਾ ਪਿਆ ਤਾਂ ਹਾਰ ਕੇ ਇਕ ਓਪਰੀ ਹਵਾ ਕੱਢਣ ਵਾਲੇ ਕੋਲ ਲਿਜਾਣ ਦਾ ਫੈਸਲਾ ਕਰ ਲਿਆ ਕਿ ਇਹ ਵੀ ਕਰਕੇ ਵੇਖ ਲਓ। ਸਿਰਫ ਇਕ ਪਰਖ ਲਈ ਕਿ ਸੱਚ-ਮੁੱਚ ਹੀ ਬੰਦੇ ਦੇ ਅੰਦਰ ਕੋਈ ਓਪਰੀ ਹਵਾ, ਸ਼ੈ, ਭੂਤ ਪਰੇਤ ਆਦਿ ਹੁੰਦੇ ਹਨ ਕਿ ਇਹ ਇਕ ਵਹਿਮ ਹੀ ਹੈ। ਦੂਜੇ ਚਾਚੇ ਨੇ ਉਸ ਚਾਚੇ ਨੂੰ ਪਹਿਲਾਂ ਪੱਕਾ ਕਰ ਦਿੱਤਾ ਕਿ ਤੂੰ ਚੁੱਪ ਰਹਿਣਾ ਹੈ। ਜੇ ਤੂੰ ਆਪ ਬੋਲਿਆ ਤਾਂ ਘਰ ਆ ਕੇ ਤੇਰੀ ਚੰਗੀ ਕੁਟਾਈ ਕੀਤੀ ਜਾਵੇਗੀ। ਜੇ ਤੇਰੇ ਅੰਦਰ ਕੁਝ ਹੋਇਆ ਜਾਂ ਜਿਹੜੀ ਚੀਜ਼ ਤੈਨੂੰ ਤੰਗ ਕਰਦੀ ਹੈ, ਬਾਬੇ ਦੇ ਬੁਲਾਏ ਤੋਂ ਆਪੇ ਬੋਲੇਗੀ। ਚਾਚਾ ਪੱਕਾ ਹੋ ਗਿਆ। ਉਸ ਨੂੰ ਲੈ ਕੇ ਸਿਹਾਲੇ ਪਿੰਡ ਓਪਰੀ ਹਵਾ ਕੱਢਣ ਵਾਲੇ ਬਾਬੇ ਕੋਲ ਚਲੇ ਗਏ। ਉੱਧਰ ਬਾਬੇ ਨੂੰ ਤਾੜ ਕੇ ਕਹਿ ਦਿੱਤਾ ਕਿ ਤੂੰ ਇਸ ਨੂੰ ਕੁੱਟਣਾ ਮਾਰਨਾ ਤਾਂ ਕੀ, ਹੱਥ ਵੀ ਨਹੀਂ ਲਾਉਣਾ। ਜੇ ਇਸ ਵਿਚ ਕੁਝ ਹੋਇਆ ਤਾਂ ਆਪੇ ਬੋਲੇਗਾ ਅਤੇ ਇਕ ਜਣਾ ਚਾਚੇ ਦੇ ਸਾਹਮਣੇ ਬੈਠੇਗਾ। ਬਾਬਾ ਮੰਨ ਗਿਆ ਕਿ ਲਓ ਜੀ, ਹੁਣੇ ਓਪਰੀ ਹਵਾ ਬੋਲਣ ਲਾ ਦਿੰਦਾ ਹਾਂ।
ਬਾਬਾ ਲੱਗ ਪਿਆ ਚਾਚੇ ਦੇ ਆਲੇ-ਦੁਆਲੇ ਘੁੰਮਣ। ਉਸ ਦੇ ਸਾਹਮਣੇ ਧੂਫ-ਬੱਤੀ ਕਰਕੇ, ਡੰਡਾ ਫੜ ਕੇ ਸਾਰੀਆਂ ਓਪਰੀਆਂ ਸ਼ੈਆਂ, ਹਵਾਵਾਂ ਦਾ ਨਾਂ ਲੈ ਲੈ ਕੇ ਆਵਾਜ਼ਾਂ ਮਾਰਨ ਲੱਗ ਪਿਆ। ਪਹਿਲਾਂ ਪਿਆਰ ਨਾਲ, ਫਿਰ ਗੁੱਸੇ ਨਾਲ ਲਾਲ-ਪੀਲਾ ਹੋਇਆ ਉਹ ਬਾਬਾ ਚਾਚੇ ਦੇ ਆਲੇ ਦੁਆਲੇ, ਅਵਾ-ਤਵਾ ਬੋਲਦਾ ਗਿਆ। ਉਸ ਨੂੰ ਹੱਥ ਲਾ ਨਹੀਂ ਸੀ ਸਕਦਾ, ਨਾ ਕੁੱਟ-ਮਾਰ ਸਕਦਾ ਸੀ ਅਤੇ ਨਾ ਹੀ ਵਾਲ ਫੜਕੇ ਘੜੀਸ ਸਕਦਾ ਸੀ। ਚਾਚਾ ਚੁੱਪ ਬੈਠਾ ਰਿਹਾ। ਉਹ ਆਪਣੇ ਭਾਈ ਵੱਲ ਵੀ ਵੇਖ ਲੈਂਦਾ। ਉਸ ਨੂੰ ਯਾਦ ਆ ਜਾਂਦਾ ਕਿ ਬੋਲਣਾ ਨਹੀਂ। ਆਖਰ ਜਦੋਂ ਬਾਬਾ ਬੋਲ ਕੇ ਥੱਕ ਗਿਆ ਤਾਂ ਉਸ ਨੂੰ ਕਹਿਣਾ ਪਿਆ ਕਿ ਓਪਰੀ ਹਵਾ ਅਜੇ ਨਰਾਜ਼ ਹੈ। ਕਿਸੇ ਦਿਨ ਫੇਰ ਲੈ ਕੇ ਆਇਓ।
ਉੱਥੋਂ ਆ ਕੇ ਚਾਚੇ ਨੂੰ ਸਮਝਾਇਆ ਕਿ ਤੇਰੇ ਅੰਦਰ ਕੁਝ ਵੀ ਨਹੀਂ ਹੈ। ਕਿਸੇ ਹਕੀਮ ਤੋਂ ਦੇਸੀ ਦਵਾਈ ਲੈਣੀ ਠੀਕ ਰਹੇਗੀ। ਹਕੀਮ ਦੀ ਦਵਾਈ ਨੇ ਹੌਲੀ ਹੌਲੀ ਉਸ ਨੂੰ ਠੀਕ ਕਰ ਦਿੱਤਾ। ਜੋ ਗੱਲ ਉਸ ਦੇ ਮਨ ਵਿਚ ਗੱਲ ਫਸੀ ਹੋਈ ਸੀ, ਉਹ ਮਨੋਵਿਗਆਨਕ ਢੰਗ ਨਾਲ ਗੱਲਾਂ ਬਾਤਾਂ ਕਰਕੇ ਤੇ ਕੁਝ ਦਵਾਈ ਦਾ ਅਸਰ, ਮਾਨਸਿਕ ਉਲਝਣਾਂ ਸਮਾਂ ਬੀਤਣ ਨਾਲ ਸੁਲਝ ਗਈਆਂ। ਉਹ ਪਹਿਲਾਂ ਦੀ ਤਰ੍ਹਾਂ ਖੇਤੀ ਦੇ ਕੰਮਾਂ ਵਿਚ ਜੁਟ ਗਿਆ।
ਦੋ ਕੁ ਸਾਲ ਬਾਅਦ ਚਾਚਾ ਪਿਛਲੇ ਪਿੰਡ ਗਿਆ ਹੋਇਆ ਸਮਰਾਲੇ ਸ਼ਹਿਰ ਚਲਾ ਗਿਆ। ਉਸ ਨੂੰ ਓਹੀ ਬਾਬਾ ਸਾਹਮਣੇ ਤੋਂ ਆਉਂਦਾ ਹੋਇਆ ਮਿਲ ਪਿਆ। ਉਹ ਬਾਬੇ ਨੂੰ ਘੇਰ ਕੇ ਖੜ੍ਹ ਗਿਆ। ਉਸ ਨੂੰ ਗੁੱਸੇ ਵਿਚ ਕਹਿੰਦਾ, “ਦੱਸ ਓਏ ਮੇਰੇ ਵਿਚ ਓਪਰੀ ਸ਼ੈਅ ਤੇ ਹਵਾ ਕਿਹੜੀ ਸੀ?”
ਬਾਬੇ ਨੇ ਜਦੋਂ ਉਸ ਦੇ ਤੇਵਰ ਵੇਖੇ ਤਾਂ ਉਹ ਝੱਟ ਹੱਥ ਬੰਨ੍ਹ ਕੇ ਪੈਰਾਂ ਵੱਲ ਝੁਕ ਗਿਆ। ਚਾਚੇ ਦਾ ਗੁੱਸਾ ਜਾਂਦਾ ਰਿਹਾ। ਉਸ ਨੇ ਪੈਰਾਂ ਨੂੰ ਹੱਥ ਲੱਗਣ ਹੀ ਨਹੀਂ ਦਿੱਤੇ। ਮੋਢਿਆਂ ਤੋਂ ਫੜ ਕੇ ਖੜ੍ਹਾ ਕਰਕੇ ਕਿਹਾ, “ਚੱਲ ਦੌੜ ਜਾ, ਨਹੀਂ ਤਾਂ ਭੀੜ ਇਕੱਠੀ ਹੋਜੂ …।”
ਬਾਬਾ ਜਾਨ ਛੁਡਾ ਕੇ ਨੱਸ ਗਿਆ। ਚਾਚਾ ਯਾਦ ਕਰਕੇ ਹੱਸਦਿਆਂ ਦੱਸਿਆ ਕਰੇ, “ਪਾਖੰਡੀ ਸਾਧ … ਮੇਰੇ ਅੰਦਰੋਂ ਓਪਰੀ ਸ਼ੈਅ ਕੱਢਦਾ ਤੀ …।”
*****
(880)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)