“ਜਦੋਂ ਮੈਨੂੰ ਕਿਤੇ ਵੀ ਆਰਥਿਕ ਯਥਾਰਥ ਨਾਲ ਲਬਰੇਜ਼ ਮਨੁੱਖਤਾ ਦਿਸਦੀ, ਉਹ ਆਪਣੇ ਨਾਲ ...”
(20 ਅਗਸਤ 2023)
ਮੈਨੂੰ ਕਾਲਜ ਜਾਣ ਤਕ ਸਾਹਿਤ ਦਾ ਕੋਈ ਗਿਆਨ ਨਹੀਂ ਸੀ। ਵੱਡਾ ਟੱਬਰ, ਸਾਰੇ ਅਣਪੜ੍ਹ, ਖੇਤੀ ਵਿੱਚ ਖੁੱਭੇ ਹੋਏ। ਇੱਕੋ ਇੱਕ ਤਾਇਆ, ਦਸਵੀਂ ਕਰਕੇ ਨੌਕਰੀ ’ਤੇ ਲੱਗ ਗਿਆ। ਉਸ ਦੇ ਟੱਬਰ ਦਾ ਕਾਫ਼ੀ ਸਾਲ ਸਾਡੇ ਨਾਲ ਕੋਈ ਤਾਲਮੇਲ ਨਾ ਰਿਹਾ। ਮੈਂ ਉਦੋਂ ਕਾਫ਼ੀ ਛੋਟਾ ਸੀ। ਦੂਜੀ ਜਮਾਤ ਵਿੱਚ ਮੇਰੇ ਢਿੱਡ ਵਿੱਚ ਦਰਦ ਅਸਹਿ ਸੀ। ਮੈਂ ਦਇਆਨੰਦ ਹਸਪਤਾਲ ਲੁਧਿਆਣੇ ਮਹੀਨਾ ਪਿਆ ਰਿਹਾ। ਅਪਰੇਸ਼ਨ ਕਰਨ ਤੋਂ ਇੱਕ ਦਿਨ ਪਹਿਲਾਂ ਗੋਲੀ ਮੈਨੂੰ ਦਿੱਤੀ ਗਈ। ਉਸ ਨਾਲ ਉਲਟੀ ਆ ਗਈ। ਉਸੇ ਵੇਲੇ ਦਰਦ ਤੋਂ ਆਰਾਮ ਆ ਗਿਆ। ਅਪਰੇਸ਼ਨ ਤੋਂ ਟਲ ਗਏ। ਕਮਜ਼ੋਰੀ ਬਹੁਤ ਆ ਗਈ ਸੀ। ਡਾਕਟਰ ਨੇ ਮਾਪਿਆਂ ਨੂੰ ਛੁੱਟੀ ਦੇ ਕੇ ਕਿਹਾ, “ਇਹ ਬੱਚਾ ਨਾ ਪੜ੍ਹ ਸਕੇਗਾ, ਨਾ ਕੋਈ ਸਰੀਰਕ ਕੰਮ ਕਰ ਸਕੇਗਾ।” ਮੈਨੂੰ ਇਸ ਗੱਲ ਦਾ ਵੱਡੇ ਹੋ ਕੇ ਬੇਬੇ ਤੋਂ ਪਤਾ ਲੱਗਾ। ਇੱਕ ਸਾਲ ਘਰ ਬੈਠਾ ਰਿਹਾ। ਮਾਪਿਆਂ ਨੇ ਫਿਰ ਸਕੂਲ ਭੇਜ ਦਿੱਤਾ। ਪਤਾ ਨਹੀਂ ਕਿਵੇਂ ਪਾਸ ਹੋਈ ਗਿਆ। ਇੱਕ ਦੋ ਵਾਰ ਫੇਲ ਵੀ ਹੋਇਆ। ਮਾਪਿਆਂ ਦਾ ਖਿਆਲ ਹੋਵੇਗਾ, ਖੇਤੀ ਕਰਾਉਣ ਨਾਲੋਂ ਸਕੂਲ ਭੇਜੀ ਜਾਓ। ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਨੌਕਰੀ ਦੀ ਸੇਵਾਮੁਕਤੀ ਤੋਂ ਬਾਅਦ ਤੇਜ਼ ਚਾਲ ਤੁਰਨ ਬਦਲੇ ਇੰਡੀਆ ਜਿੱਤਾਂਗਾ, ਢੇਰ ਸਾਰੇ ਤਗਮੇ ਤੇ ਸਰਟੀਫਿਕੇਟ ਮਿਲ ਜਾਣਗੇ ਅਤੇ ਪੰਜਾਬੀ ਸਾਹਿਤ ਵਿੱਚ ਕਹਾਣੀਆਂ, ਨਾਵਲ, ਲੇਖਾਂ ਦੀਆਂ ਤੇਰਾਂ ਪੁਸਤਕਾਂ ਲਿਖ ਲਵਾਂਗਾ। ਡਾਕਟਰ ਦਾ ਕਿਹਾ ਮੈਂ ਝੂਠਾ ਸਾਬਤ ਕਰ ਵਿਖਾਇਆ ਹੈ। ਅਜੇ ਸਫ਼ਰ ਜਾਰੀ ਹੈ।
ਇਹ ਪਿਛਲਝਾਤ ਜ਼ਰੂਰੀ ਸੀ। ਕਾਲਜ ਦੇ ਸਿਲੇਬਸ ਵਿੱਚ ਸੰਤੋਖ ਸਿੰਘ ਧੀਰ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੁਜਾਨ ਸਿੰਘ, ਨੌਰੰਗ ਸਿੰਘ ਵਰਗੇ ਪੇਂਡੂ ਧਰਾਤਲ ਦੇ ਕਹਾਣੀਕਾਰਾਂ ਨੂੰ ਪੜ੍ਹਿਆ। ਮੈਨੂੰ ਲੱਗਾ ਇਹ ਗੱਲਾਂ ਮੈਂ ਹਰ ਰੋਜ਼ ਮਾਪਿਆਂ ਨਾਲ ਅਤੇ ਪਿੰਡ ਵਿੱਚ ਵਾਪਰਦੀਆਂ ਵੇਖਦਾ ਮਹਿਸੂਸ ਕਰਦਾ ਹਾਂ, ਕਿਉਂ ਨਾ ਲਿਖ ਕੇ ਵੇਖਾਂ?
ਮੇਰੇ ਕਾਲਜ ਦੇ ਦਿਨਾਂ ਵਿੱਚ ਹੀ ਪਿੰਡ ਦੇ ਸਕੂਲ ਵਿੱਚ ਮਾਸਟਰ ਮਹਿੰਦਰ ਸਿੰਘ ਰੂੰਮੀ ਪੜ੍ਹਾਉਂਦੇ ਸਨ। ਉਹ ਦੂਰ ਦੇ ਹੋਣ ਕਰਕੇ ਪਿੰਡ ਹੀ ਰਹਿੰਦੇ। ਉਨ੍ਹਾਂ ਕੋਲ ਕੇਸਰ ਸਿੰਘ ਨੀਰ ਗ਼ਜ਼ਲਗੋ ਆਉਂਦਾ ਰਹਿੰਦਾ। ਮੈਂ ਵੀ ਉਨ੍ਹਾਂ ਕੋਲ ਕਦੇ ਕਦੇ ਜਾਣ ਲੱਗ ਪਿਆ। ਮੈਨੂੰ ਉਨ੍ਹਾਂ ਦੀਆਂ ਸਾਹਿਤਕ ਗੱਲਾਂ ਚੰਗੀਆਂ ਲੱਗਦੀਆਂ ਪਰ ਪੱਲੇ ਕੁਝ ਨਹੀਂ ਸੀ ਪੈਂਦਾ। ਮੈਂ ਆਪਣੇ ਬਾਪੂ ਅਤੇ ਚਾਚੇ ਹੋਰਾਂ ਨੂੰ ਕਣਕ, ਫਲਿਆਂ ਨਾਲ ਗਾਉਂਦੇ ਤੇ ਧੜ ਲਾ ਕੇ ਤੰਗਲੀਆਂ ਨਾਲ ਉਡਾਉਂਦੇ ਵੇਖਦਾ। ਇੱਕ ਦਿਨ ਮੈਂ ਧੜ ਉਡਾਉਂਦਿਆਂ ਦੀ ਨਕਲ ਲਿਖਣ ਲੱਗ ਪਿਆ। ਜਦੋਂ ਹਵਾ ਆਉਂਦੀ, ਉਹ ਉਡਾਉਣ ਲੱਗ ਜਾਂਦੇ, ਹਵਾ ਮਰ ਜਾਂਦੀ ਤਾਂ ਖੜ੍ਹ ਜਾਂਦੇ। ਭੈਣ ਦੁਪਹਿਰ ਦੀ ਰੋਟੀ ਲੈ ਕੇ ਗਈ ਉਡੀਕਦੀ ਰਹਿੰਦੀ। ਉਹ ਥੋੜ੍ਹਾ ਚਿਰ ਹਵਾ ਨੂੰ ਉਡੀਕ ਕੇ ਰੋਟੀ ਖਾਣ ਆ ਬੈਠਦੇ। ਜਦੋਂ ਹਵਾ ਦਾ ਬੱਲਾ ਆਉਂਦਾ, ਉਹ ਰੋਟੀ ਛੱਡ ਧੜ ਉਡਾਉਣ ਜਾ ਲੱਗਦੇ। ਉਨ੍ਹਾਂ ਨੂੰ ਰੋਟੀ ਖਾਂਦਿਆਂ ਤੀਜਾ ਪਹਿਰ ਹੋ ਜਾਂਦਾ। ਓਧਰ ਭੈਣ ਦੇ ਵਿਆਹ ਦਾ ਵੀ ਤੀਜਾ ਪਹਿਰ ਢਲ ਰਿਹਾ ਸੀ। ਵਾਵਰੋਲਾ ਆਉਂਦਾ, ਸਾਰੀ ਧੜ ਉਡਾ ਕੇ ਲੈ ਜਾਂਦਾ। ਉਨ੍ਹਾਂ ਦੀ ਸਾਹਮਣੇ ਨਿਗਾਹ ਜਾਂਦੀ। ਦੂਰ ਕਿਸੇ ਦੀ ਡਰੰਮੀ ਚੱਲ ਰਹੀ ਸੀ। ਡਰੰਮੀ ਕਣਕ ਅੱਡ ਤੇ ਤੂੜੀ ਅੱਡ ਕਰੀ ਜਾ ਰਹੀ ਸੀ। ਮੈਂ ਇਹ ਸਾਰਾ ਕੁਝ ਕਹਾਣੀ ਵਿੱਚ ਬਣਾ ਲਿਆ। ਆਪਣੇ ਪ੍ਰੋਫੈਸਰ ਐੱਚ. ਕੇ. ਰਤਨ ਨੂੰ ਕਹਾਣੀ ਜਾ ਵਿਖਾਈ। ਉਨ੍ਹਾਂ ਨੇ ਕਹਾਣੀ ਕੁਝ ਠੀਕ ਕਰਕੇ ਕਾਲਜ ਮੈਗਜ਼ੀਨ ਵਿੱਚ ਛਾਪ ਦਿੱਤੀ। ਮੈਂ ਥੋੜ੍ਹਾ ਬਹੁਤਾ ਲਿਖਣ ਤੇ ਪੜ੍ਹਨ ਲੱਗ ਪਿਆ। ਉਦੋਂ ਪ੍ਰੀਤਲੜੀ, ਕਵਿਤਾ, ਆਰਸੀ ਖਰੀਦ ਕੇ ਪੜ੍ਹਦਾ। ਕਾਲਜ ਲਾਇਬਰੇਰੀ ਤੋਂ ਕਿਤਾਬ ਲਿਆ ਕੇ ਪੜ੍ਹ ਲੈਂਦਾ।
ਬੀ. ਏ. ਕਰਕੇ ਨੌਕਰੀ ਦੀ ਭਾਲ ਵਿੱਚ 1970 ਤੋਂ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਕਲਰਕ ਭਰਤੀ ਹੋ ਗਿਆ। ਪੰਜ ਛੇ ਸਾਲਾਂ ਬਾਅਦ ਸ਼ਹਰਯਾਰ, ਸਬਿੰਦਰਜੀਤ ਸਾਗਰ, ਹਰਚੰਦ ਸਿੰਘ ਬੇਦੀ, ਜੋਗਿੰਦਰ ਕੈਰੋਂ, ਸੁਰਜੀਤ ਹਾਂਸ, ਰਾਬਿੰਦਰ ਬਾਠ ਵਰਗਿਆਂ ਦੀ ਸੰਗਤ ਨਾਲ ਫਿਰ ਕਹਾਣੀਆਂ ਲਿਖਣ ਅਤੇ ਪੜ੍ਹਨ ਵੱਲ ਰੁਚਿਤ ਹੋ ਗਿਆ। ਦੋਸਤਾਂ ਦੀ ਸਲਾਹ ਨਾਲ ਕਾਲਜ ਮੈਗਜ਼ੀਨ ਵਿੱਚ ਛਪੀ ਕਹਾਣੀ ‘ਤੀਜਾ ਪਹਿਰ’ ਦੁਬਾਰਾ ਸੋਧ ਲਈ। ਉਹ ਰਘਬੀਰ ਸਿੰਘ ਸਿਰਜਣਾ ਨੂੰ ਭੇਜ ਦਿੱਤੀ। ਸਿਰਜਣਾ ਦੇ ਅਕਤੂਬਰ-ਦਸੰਬਰ 1977 ਵਿੱਚ ਛਪ ਗਈ। ਬੱਸ ਫਿਰ ਕਹਾਣੀਕਾਰ ਹੋਣ ਦੀ ਮੋਹਰ ਲੱਗ ਗਈ। ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਡੇ ਦੂਸਰੇ ਪਿੰਡ ਇੱਕੋ ਸਰਦਾਰ ਦੀ ਸਾਰੀ ਜ਼ਮੀਨ ਸੀ। ਉਹ ਥੋੜ੍ਹੀ ਥੋੜ੍ਹੀ ਕਰਕੇ ਵੇਚ ਗਿਆ। ਉਸ ਜ਼ਮੀਨ ਵਿੱਚ ਵੱਡੇ ਵੱਡੇ ਖਾਲ਼ ਸਨ। ਸਾਡੇ ਨਾਲ ਚਾਨਣ ਸੀਰੀ ਸੀ। ਖੰਦਕਾਂ ਵਰਗੀਆਂ ਵੱਟਾਂ ਵਿੱਚ ਝਾੜੀਆਂ, ਕੰਡਿਆਈ, ਸੱਪਾਂ ਦੀਆਂ ਖੱਡਾਂ, ਕੀੜੀਆਂ ਦੇ ਭੌਣ, ਅੱਕ ਢੱਕ ਖੜ੍ਹੇ ਸਨ। ਮੀਂਹ ਪੈਂਦੇ ਵਿੱਚ ਚਾਨਣ ਨੇ ਕਹੀ ਨਾਲ ਖਾਲ਼ ਵੱਢਣਾ ਸ਼ੁਰੂ ਕਰ ਦਿੱਤਾ। ਸੱਪ, ਕੀੜੇ, ਅੱਕ-ਝਾੜੀਆਂ ਨੂੰ ਵੱਢਦਾ, ਉਹ ਪੂਰਾ ਜ਼ੋਰ ਲਾ ਰਿਹਾ। ਚਾਚਾ ਉਸ ਨੂੰ ਰੋਟੀ ਪਾਣੀ ਖੁਆ ਕੇ ਸਾਬਾਸ਼ ਦੇ ਕੇ ਮੋਟਰ ਦੀ ਕੋਠੜੀ ਵਿੱਚ ਬੈਠ ਜਾਂਦਾ। ਚਾਨਣ ਜੂਝਦਾ ਰਿਹਾ। ਆਥਣ ਨੂੰ ਉਸ ਨੂੰ ਦੋ ਪੈਗ ਪਿਆ ਦਿੱਤੇ। ਚਾਨਣ ਖੁਸ਼। ਚਾਨਣ ਦੇ ਪੈਰ ’ਤੇ ਕਹੀ ਨਾਲ ਜ਼ਖਮ ਹੋ ਗਿਆ। ਉਸ ਦੀ ਚੀਸ ਦਾਰੂ ਨਾਲ ਹਟ ਗਈ। ਮੈਂ ਵੇਖ ਰਿਹਾ ਸੀ। ਕੁਝ ਸਾਲ ਬਾਅਦ ਚਾਨਣ ਦੇ ਸੰਘਰਸ਼ ਦੀ ਕਹਾਣੀ ‘ਚੀਸ ਦਬ ਗਈ’ ਲਿਖੀ। ਨਾਗਮਣੀ ਵਿੱਚ ਛਪ ਗਈ।
ਦੋਸਤਾਂ ਮਿੱਤਰਾਂ ਦੀ ਸਲਾਹ ਨਾਲ ਪੜ੍ਹਨ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਿੱਥੇ ਮਾਪਿਆਂ ਨੇ ਜ਼ਮੀਨ ਲਈ, ਉਹ ਬਾਪੂ ਦੇ ਹਿੱਸੇ ਆ ਗਈ। ਉਹ ਗੱਡੇ ਹੇਠਾਂ ਖੇਤ ਵਿੱਚ ਰਾਤਾਂ ਕੱਟਦੇ ਰਹੇ। ਫਿਰ ਪਿੰਡ ਵਿੱਚ ਕਿਸੇ ਦੀ ਕੱਚੀ ਕੋਠੜੀ ਲੈ ਲਈ। ਉੱਥੇ ਵੀ ਨਾ ਸਰਿਆ। ਅਸੀਂ ਵੱਡੇ ਹੋ ਰਹੇ ਸੀ। ਬਾਪੂ ਤੇ ਛੜਾ ਚਾਚਾ ਖੇਤੀ ਕਰਦੇ ਪਰ ਗੁਜ਼ਾਰੇ ਜੋਗਾ ਮਕਾਨ ਬਣਾਉਣ ਦਾ ਹੌਸਲਾ ਨਾ ਪੈਂਦਾ। ਅਸੀਂ ਪੜ੍ਹਦੇ ਸੀ। ਇਸ ਧੂਹ-ਘੜੀਸ ਨੂੰ ਮੈਂ ਚੰਗੀ ਤਰ੍ਹਾਂ ਅਨੁਭਵ ਕੀਤਾ। ਕਹਾਣੀ ਲਿਖੀ, ‘ਦੋ ਖਣ ਦੋ ਸਿਆੜ।’ ਬਾਪੂ ਤੇ ਚਾਚਾ ਖੇਤੀ ਵਿੱਚ ਖੁੱਭੇ ਹੋਏ। ਫ਼ਸਲ ਹਲਾਂ ਨਾਲ ਬੀਜਣੀ, ਪਾਣੀ ਦੇਣਾ, ਵੱਢਣੀ, ਗਾਹੁਣੀ, ਉਡਾਉਣੀ, ਤੂੜੀ ਅਤੇ ਦਾਣੇ ਢੋਣੇ, ਨਾਲ ਨਾਲ ਬੌਲਦਾਂ, ਮ੍ਹੈਸਾਂ ਨੂੰ ਕੱਖ-ਕੰਡਾ, ਸਵੇਰ ਤੋਂ ਰਾਤ ਤਕ ਵਿਹਲ ਹੀ ਨਹੀਂ ਸੀ ਹੁੰਦੀ, ਮਕਾਨ ਛੱਤਣ ਦਾ ਵਿਹਲ ਕਿੱਥੇ?
‘ਖੂਹ ਦੀ ਮੌਣ’ ਵਿੱਚ ਪਿੰਡ ਦੇ ਗੋਰੇ ਸੱਥ ਜੁੜਦੀ। ਕਦੇ ਖੁੰਢਾਂ ’ਤੇ ਕਦੇ ਦਰਵਾਜੇ ਵਿੱਚ ਤੇ ਕਦੇ ਖੂਹ ਦੀ ਮੌਣ ’ਤੇ। ਖੂਹ ਅੱਧਾ ਮਿੱਟੀ ਨਾਲ ਭਰ ਗਿਆ ਸੀ। ਇੱਕ ਪਾਸੇ ਮੌਣ ਟੁੱਟੀ ਹੋਈ। ਉਸ ਉੱਤੇ ਬੈਠੇ ਬੁੱਢੇ ਬਾਬੇ। ਲਾਗੇ ਹੀ ਅੱਧਖੜ ਉਮਰ ਦੇ ਬੰਦੇ। ਇੱਕ ਬਜ਼ੁਰਗ ਦੇ ਮੁੰਡਿਆਂ ਦਾ ਨਵਾਂ ਟਰੈਕਟਰ-ਟਰਾਲੀ ਕੋਲੋਂ ਗੂੰਜ ਪਾਉਂਦਾ ਲੰਘਿਆ। ਟਰਾਲੀ ਬੰਦਿਆਂ ਤੇ ਜਨਾਨੀਆਂ ਦੀ ਭਰੀ ਹੋਈ। ਉਸ ਬਜ਼ੁਰਗ ਨੂੰ ਇੱਕ ਜਣੇ ਨੇ ਕਿਹਾ, “ਬਜ਼ੁਰਗੋ ਥੋਨੂੰ ਨੀਂ ਲੈ ਕੇ ਗਏ ਮੱਥਾ ਟੇਕਣ?” ਬਜ਼ੁਰਗ ਚੁੱਪ ਰਿਹਾ। ਇੱਕ ਹੋਰ ਜਣੇ ਨੇ ਕਹਿ ਦਿੱਤਾ, “ਬਜ਼ੁਰਗਾਂ ਨੂੰ ਕੌਣ ਪੁੱਛਦਾ ਹੈ।” ਬਜ਼ੁਰਗ ਇਸ ਵਾਰ ਬੋਲ ਪਿਆ, “ਮੈਂ ਨੀਂ ਮੰਨਦਾ ... ਘਰੇ ਸ਼ਾਂਤੀ ਨਾਲ ਰਹੀਦੈ।” ਤੀਜਾ ਜਣਾ ਬੋਲ ਪਿਆ, “ਨਵਾਂ ਟਰੈਕਟਰ ਲਿਆ। ਮੱਥਾ ਟੇਕਣ ਚੱਲੇ ਨੇ।”
“ਪਏ ਜਾਣ, ਮੈਂ ਨੀਂ ਜਾਣਾ।” ਉਹ ਖਿਝ ਕੇ ਪਿਆ। ਬਜ਼ੁਰਗ ਤਾਂ ਖੂਹ ਦੀ ਮੌਣ ਹੋ ਗਿਆ। ਖੂਹ ਵੀ ਹੁਣ ਕਿਸੇ ਕੰਮ ਨਹੀਂ। ਬਜ਼ੁਰਗਾਂ ਦੀ ਵੀ ਕਦਰ ਨਹੀਂ। ਇਹ ਹਰੇ ਇਨਕਲਾਬ ਦੀ ਕਹਾਣੀ ਹੈ।
ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮਾਸਟਰਾਂ ਨੂੰ ਮਿਲਣ ਚਲਾ ਗਿਆ। ਉੱਥੇ ਬੱਚੇ ਖੇਡ ਰਹੇ ਸਨ। ਮਾਸਟਰ ਖਾਸ ਤਵੱਜੋ ਨਹੀਂ ਸੀ ਦੇ ਰਹੇ। ਮੇਰੀ ਨਿਗਾਹ ਪਈ, ਡੱਡੂ ਦੀ ਖੋਪਰੀ ਨੂੰ ਕੀੜੀਆਂ ਖਿਚੀਂ ਲਿਜਾ ਰਹੀਆਂ ਸਨ। ਇੱਕ ਟੀਚਰ ਦਾ ਬੱਚਾ ਡੱਡੂ ਦੀ ਸਿਰੀ ਨੂੰ ਵੇਖ ਕੇ ਰੌਲਾ ਪਾਉਣ ਲੱਗ“। ਟੀਚਰ ਆਪਸ ਵਿੱਚ ਗੱਲਾਂ ਕਰਦੇ, ਇਸ ਨੂੰ ਨਾਲ ਲੈ ਆਇਆ, ਬੈਠਣ ਸਿੱਖ ਜਾਵੇਗਾ। ਬਾਅਦ ਵਿੱਚ ਤਾਂ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਵਾਂਗੇ।” ਦੂਜੇ ਟੀਚਰ ਦੱਸਦੇ ਕਿ ਉਨ੍ਹਾਂ ਦੇ ਬੱਚੇ ਵੀ ਅੰਗਰੇਜ਼ੀ ਸਕੂਲਾਂ ਵਿੱਚ ਦਾਖਲ ਕਰਾਏ ਹੋਏ। ਸਰਕਾਰੀ ਵਿੱਚ ਨੀਂਹ ਪੱਕੀ ਕਿਵੇਂ ਹੋ ਜਾਊ?
ਮੇਰੇ ਦਫਤਰੀ ਕੰਮ ਵਿੱਚ ਪੰਜ ਸੱਤ ਸਾਲ ਲੰਘ ਗਏ। ਮਹਿਸੂਸ ਹੋਇਆ ਕਿ ਇਸ ਨੌਕਰੀ ਨਾਲੋਂ ਤਾਂ ਪਿੰਡ ਹੀ ਚੰਗੇ ਸੀ। ਮੌਜ ਨਾਲ ਔਲੂ ਵਿੱਚ ਗੋਤੇ ਲਾਉਂਦੇ, ਮੂਲੀਆਂ ਗਾਜਰਾਂ ਖਾਂਦੇ, ਗੰਨੇ ਚੂਪਦੇ। ਇਮਾਨਦਾਰ ਮੁਲਾਜ਼ਮ ਦਾ ਖਰਚਾ ਪੂਰਾ ਨਹੀਂ ਹੁੰਦਾ। ਤਨਖ਼ਾਹ ਦਾ ਪਤਾ ਹੀ ਨਹੀਂ ਚਲਦਾ ਕਦੋਂ ਖਤਮ। ਤੰਗੀ ਹੀ ਤੰਗੀ। ਸ਼ਹਿਰੀ ਮੁਲਾਜ਼ਮ ਗੱਲਾਂ ਕਰਦੇ, ਇਸ ਨਾਲੋਂ ਤਾਂ ਸਬਜ਼ੀ, ਫਰੂਟਾਂ ਦੀ ਰੇਹੜੀ ਲਾ ਲੈਂਦੇ। ਸਾਰੇ ਮੁਲਾਜ਼ਮ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਪਰ ਨੌਕਰੀ ਛੱਡ ਕੇ ਜਾਣ ਲਈ ਵੀ ਤਿਆਰ ਨਹੀਂ ਸਨ। ਇੱਕ ਦਿਨ ਦਫਤਰ ਦੇ ਗੇਟ ’ਤੇ ਲੁਕ ਨਾਲ ਲਿਬੜੇ ਪੈਰਾਂ ਵਾਲਾ ਕਤੂਰਾ ਪਿਆ ਸੀ। ਉਸ ਤੋਂ ਤੁਰਿਆ ਨਾ ਜਾਵੇ। ਕਦੇ ਚੀਕਾਂ ਮਾਰਦਾ, ਕਦੇ ਟਿਕ ਜਾਂਦਾ। ਉਸ ਨੂੰ ਚੁੱਕਦਾ ਕੋਈ ਨਹੀਂ ਸੀ। ਚੌਕੀਦਾਰ ਬਦਲਦਾ ਰਿਹਾ। ਇੱਕ ਦੂਜੇ ਉੱਤੇ ਚੁੱਕਣ ਦੀ ਜ਼ਿੰਮੇਵਾਰੀ ਸੁੱਟੀ ਜਾਂਦੇ। ਮੈਨੂੰ ਕਹਾਣੀ ਸੁੱਝ ਗਈ - ਜਿਵੇਂ ਕਤੂਰਾ ਬੇਵਸ ਚੀਕਦਾ ਹੈ, ਦਫਤਰ ਵਿੱਚ ਅਸੀਂ ਚੀਕਦੇ ਹਾਂ, ਗੱਲਾਂ ਕਰੀ ਜਾਂਦੇ ਹਾਂ, ਛੱਡ ਕੇ ਕੋਈ ਨਹੀਂ ਜਾਂਦਾ। ਮੈਂ ਮਹਿਸੂਸ ਕੀਤਾ ਅਸੀਂ ਸਾਰੇ ਚਾਹੇ ਕਿਤੇ ਵੀ ਕੰਮ ਕਰਦੇ ਹਾਂ, ਚੀਕਦੇ ਹੀ ਹਾਂ, ਨੌਕਰੀ ਛੱਡ ਨਹੀਂ ਸਕਦੇ। ਇਹ ਕਹਾਣੀ ‘ਲੁੱਕ ਵਿੱਚ ਫਸੇ ਪੈਰ’ ਨਾਗਮਣੀ ਨੂੰ ਭੇਜ ਦਿੱਤੀ। ਉਸੇ ਮਹੀਨੇ ਛਪ ਗਈ। ਇਸ ਕਹਾਣੀ ਨੇ ਸਾਹਿਤਕ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ। ਹੁਣ ਤਕ ਇਸ ਕਹਾਣੀ ਵਾਲਾ ਕਹਾਣੀਕਾਰ ਵਝੋਂ ਜਾਣਿਆ ਜਾਂਦਾ ਹੈ। ਪਹਿਲੀ ਕਿਤਾਬ ਇਸੇ ਕਹਾਣੀ ਦੇ ਨਾਂ ਹੇਠ 1982 ਵਿੱਚ ਛਪੀ। ਭਾਅ ਜੀ ਗੁਰਸ਼ਰਨ ਸਿੰਘ ਨੇ ਛਾਪੀ। ਦੋ ਰੁਪਏ ਕੀਮਤ ਵਿੱਚ ਗਿਆਰਾਂ ਸੌ ਕਾਪੀ ਵਿਕ ਗਈ।
ਸ਼ਹਿਰ ਵਿੱਚ ਰਹਿੰਦਿਆਂ ਮੁਲਾਜ਼ਮ ਗੁਜ਼ਾਰਾ ਔਖਾ ਹੁੰਦਾ ਮਹਿਸੂਸ ਕਰਦੇ। ਉਹ ਪਿੰਡ ਭਰਾਵਾਂ ਕੋਲ ਮਿਲਣ ਜਾਂਦੇ। ਆਉਂਦੇ ਹੋਏ ਉਨ੍ਹਾਂ ਦੀ ਜੇਬ ਵੱਲ ਵੇਖੀ ਜਾਂਦੇ, ਸ਼ਾਇਦ ਕੁਝ ਨਾ ਕੁਝ ਮਦਦ ਹੋਵੇਗੀ। ਸਾਰੀ ਜਾਇਦਾਦ ਦੀ ਕਮਾਈ ਪਿੰਡ ਵਾਲਿਆਂ ਕੋਲ ਹੀ ਰਹਿੰਦੀ। ਉਹ ਕਦੇ ਪੈਸਾ ਦਿੰਦੇ ਨਹੀਂ। ਜਦੋਂ ਭਰਾ ਰੇਲਵੇ ਸਟੇਸ਼ਨ ’ਤੇ ਛੱਡਣ ਆਉਂਦਾ ਤਾਂ ਉਹ ਇਸੇ ਝਾਕ ਵਿੱਚ ਰਹਿੰਦੇ। ਮੁਲਾਜ਼ਮ ਗੱਡੀ ਚੜ੍ਹ ਕੇ ਉਸ ਨੂੰ ਖ਼ਾਲੀ ਝੋਲਾ ਲਹਿਰਾ ਕੇ ਬਾਇ ਬਾਇ ਕਹਿੰਦਾ ਹੈ। ਓਧਰ ਭਰਾ ਵੀ ਖੜ੍ਹਾ ਖਾਲੀ ਹੱਥ ਹਿਲਾਉਂਦਾ। ਇਹ ਕਹਾਣੀ ਸੀ ‘ਖਾਲੀ ਝੋਲਾ।’ ਦੋਵਾਂ ਦੀ ਆਰਥਿਕ ਹਾਲਤ ਮਾੜੀ। ਉਹ ਇੱਕ ਦੂਜੇ ਦੀ ਮਦਦ ਵੀ ਨਹੀਂ ਕਰ ਸਕਦੇ। ਇੱਥੋਂ ਤਣਾਅ ਪੈਦਾ ਹੁੰਦਾ ਹੈ। ਇਮਾਨਦਾਰੀ ਨਾਲ ਨੌਕਰੀ ਕਰਨ ਵਾਲਾ ਮੁਲਾਜ਼ਮ ਪਿੰਡ ਅਤੇ ਸ਼ਹਿਰੀ ਜੀਵਨ ਵਿੱਚ ਲਟਕਿਆ ਹੋਇਆ ਹੈ। ਆਰਥਿਕ ਸੰਕਟ ਕਾਰਨ ਮੁਲਾਜ਼ਮ ਨੌਕਰੀ ਛੱਡ ਕੇ ਪਿੰਡ ਆਉਣਾ ਚਾਹੁੰਦਾ ਹੈ। ਪਰ ਪਿੰਡ ਆ ਕੇ ਭਰਾਵਾਂ ਦਾ ਬਦਲਿਆ ਰੁਖ਼ ਵੇਖਦਾ ਹੈ। ਉਸ ਦੇ ਭਰਾ ਪਿੰਡ ਵਾਪਸ ਆਉਣ ਲਈ ਹੁੰਗਾਰਾ ਹੀ ਨਹੀਂ ਭਰਦੇ। ਬੋਲਣਾ ਹੀ ਬੰਦ ਕਰ ਦਿੰਦੇ ਹਨ ਕਿ ਨਾ ਆਵੇ। ਜਵਾਬ ਦੇ ਦਿੰਦੇ ਹਨ। ਮੁਲਾਜ਼ਮ ਦੁਖੀ ਹੋ ਕੇ ਵਾਪਸ ਚਲਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਦੁਬਿਧਾ ਵਾਲੀਆਂ ਕਹਾਣੀਆਂ ਲਿਖੀਆਂ ਜੋ ਹੰਢਾਈਆਂ ਹਨ। ‘ਹਿਜਰਤ’, ‘ਅਜੇ ਵੀ’, ‘ਇਕ ਮੁੱਠੀ ਚੁੱਕ ਲੈ’, ‘ਚਿਹਰੇ’ ਆਦਿ।
ਫਿਰ ਲੰਮਾ ਸਮਾਂ ਖਾੜਕੂਵਾਦ ਤੇ ਸਰਕਾਰੀ ਜਬਰ ਦਾ ਸਮਾਂ ਆਇਆ, ਜਿਸਦਾ ਅੰਮ੍ਰਿਤਸਰ ਰਹਿੰਦਿਆਂ ਦਹਿਸ਼ਤ ਵਾਲਾ ਮਾਹੌਲ ਰਿਹਾ। ਇਸ ਤੋਂ ਪਹਿਲਾਂ ਨਕਸਲੀ ਲਹਿਰ ਉੱਠੀ। ਉਦੋਂ ਇੱਕ ਬੇਰੁਜ਼ਗਾਰ ਮੁੰਡਾ ਸ਼ਹਿਰ, ਟਾਈਪ ਸਿੱਖਣ ਜਾਂਦਾ ਸੀ। ਰਸਤੇ ਵਿੱਚ ਪੁਲਿਸ, ਨਕਸਲਵਾਦੀ ਸਮਝ ਕੇ ਲੈ ਗਈ। ਤਸ਼ੱਦਦ ਹੁੰਦਾ। ਮੁੰਡੇ ਕੋਲੋਂ ਨਿਕਲਿਆ ਕੁਝ ਨਹੀਂ, ਰਾਤ ਨੂੰ ਛੱਡ ਦਿੱਤਾ। ਉਹ ਬੁਰੇ ਹਾਲੀਂ ਪਿੰਡ ਪਹੁੰਚਿਆ। ਮੁੰਡੇ ਵੱਡੇ ਦਰਵਾਜ਼ੇ ਅੱਗੇ ਲੋਹੜੀ ਨੂੰ ਧੂਣੀ ਸੇਕਦੇ ਹਨ। ਉਹ ਵੇਖ ਕੇ ਹੈਰਾਨ ਰਹਿ ਜਾਂਦੇ ਹਨ। ਘਰ ਪਹੁੰਚਦਾ ਹੈ, ਆਪਣੇ ਛੋਟੇ ਭਰਾ ਬਾਰੇ ਕਹਿੰਦਾ, “ਇਸ ਨੂੰ ਲੁਕੋ ਲਵੋ। ਉਹ ਕਹਿੰਦੇ ਸੀ, ਜੰਮਦੀਆਂ ਸੂਲਾਂ ਨੂੰ ਨੱਪਣਾ ਹੈ ਤਾਂ ਕਿ ਨਕਸਲਵਾਦ ਨੱਪਿਆ ਜਾ ਸਕੇ।” ਇਸ ਕਹਾਣੀ ਦਾ ਨਾਂ ਸੀ ‘ਸੂਲਾਂ।’
ਖਾੜਕੂਵਾਦ ਦੇ ਸਮੇਂ ਵੇਖਿਆ, ਹੰਢਾਇਆ, ਯਥਾਰਥ ਚਿਤਰਣ ਕਰਦੀਆਂ ਕਹਾਣੀਆਂ, ‘ਤੂੜੀ ਦਾ ਕੁੱਪ’, ‘ਬੁੱਲੇ’, ‘ਕੱਚੀ ਖੂਹੀ’, ‘ਲੈਚੀਆਂ’, ‘ਚੜ੍ਹਦੇ ਸੂਰਜ ਦੀ ਲਾਲੀ’ ਵਰਗੀਆਂ ਲਿਖੀਆਂ। ਉਸ ਵੇਲੇ ਫੌਜ ਦੀ ਹਰ ਇੱਕ ’ਤੇ ਸ਼ੱਕੀ ਨਿਗ੍ਹਾ ਹੁੰਦੀ ਸੀ। ਘਰ ਘਰ ਤਲਾਸ਼ੀਆਂ ਹੋਈਆਂ। ਜਿਹੜੇ ਮੁੰਡੇ ਦਾੜ੍ਹੀ ਵਾਲੇ ਪੱਗਾਂ ਬੰਨ੍ਹਦੇ ਹੁੰਦੇ ਸਨ, ਉਨ੍ਹਾਂ ’ਤੇ ਸਖ਼ਤਾਈ ਹੁੰਦੀ ਸੀ। ਜਿਹੜੇ ਡਰਦੇ ਰੂ-ਪੋਸ਼ ਹੋ ਜਾਂਦੇ, ਉਨ੍ਹਾਂ ਦੇ ਖੇਤਾਂ ਵਿੱਚ ਹਥਿਆਰ ਲੱਭਦੇ ਫਿਰਦੇ। ‘ਤੂੜੀ ਦੇ ਕੁੱਪ’ ਦਾ ਤੀਲਾ ਤੀਲਾ ਕਰਨਾ, ਹਥਿਆਰ ਫਿਰ ਵੀ ਨਾ ਲੱਭਣਾ। ਕੁਦਰਤੀ ਉਸ ਘਰ ਦਾ ਮੁੰਡਾ ਡਰਦਾ ਰਾਤ ਨੂੰ ਮੋਟਰ ’ਤੇ ਆ ਕੇ ਲੁਕਦਾ ਹੈ। ਉਹ ਆਪਣੇ ਨਾਲ ਨਿੱਕੇ ਭਤੀਜੇ ਨੂੰ ਲੈ ਆਉਂਦਾ ਹੈ। ਜਦੋਂ ਉਸ ਨੂੰ ਫੌਜ ਦੇ ਆਉਣ ਦਾ ਪਤਾ ਲੱਗਦਾ ਹੈ, ਦੂਰ ਜਾ ਕੇ ਖਾਲ਼ ਵਿੱਚ ਲੰਮਾ ਪੈ ਜਾਂਦਾ ਹੈ। ਛਾਤੀ ਉੱਤੇ ਬੱਚੇ ਨੂੰ ਪਾ ਲੈਂਦਾ ਹੈ। ਬੱਚਾ ਸੌਂ ਗਿਆ। ਉਸ ਨੇ ਰਾਤ ਨੂੰ ਜੋ ਮਾਨਸਿਕ ਤਸ਼ੱਦਦ ਝੱਲਿਆ, ਉਸ ਨੂੰ ਹੀ ਪਤਾ ਹੈ। ਬੱਚੇ ਦੇ ਜਾਗ ਕੇ ਰੋਣ ਦਾ ਡਰ। ‘ਬੁੱਲ੍ਹੇ’ ਕਹਾਣੀ ਵਿੱਚ ਤਖ਼ਤੇ ਹਵਾ ਨਾਲ ਜ਼ਰਾ ਕੁ ਵੀ ਖੜਕਦੇ ਤਾਂ ਪੁਲਿਸ, ਫੌਜ ਦਾ ਡਰ, ਖਾੜਕੂਆਂ ਦੇ ਆ ਜਾਣ ਦਾ ਡਰ ਹੁੰਦਾ। ਅਸੀਂ ਸਾਰੇ ਅੰਦਰ ਪਏ ਦਹਿਲ ਜਾਂਦੇ।
ਉਨ੍ਹੀਂ ਦਿਨੀਂ ਘਰਾਂ ਵਿੱਚੋਂ ਅੰਨ੍ਹਾ ਚਾਚਾ ਮੋਟਰ ਦੇ ਬੋਰ ਲਈ ਪੱਟੀ ਖੂਹੀ ਵਿੱਚ ਡਿਗ ਪਿਆ ਸੀ। ਉਹ ਆਪ ਹੀ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ। ਪੌੜੀ ਕੋਈ ਨਹੀਂ, ਨਾ ਉੱਥੇ ਬੰਦਾ। ਉਹ ਮਿੱਟੀ ਨੂੰ ਉਗਲਾਂ ਨਾਲ ਖੁਰਚ ਖੁਰਚ ਕੇ ਚੜ੍ਹਨ ਲਈ ਪੌੜ ਬਣਾਉਣਾ ਚਾਹੁੰਦਾ ਸੀ ਜੋ ਉਸ ਤੋਂ ਬਣ ਨਹੀਂ ਸਨ ਰਹੇ। ਮਿੱਟੀ ਭੁਰ ਕੇ ਡਿਗਦੀ ਰਹੀ। ਉਸ ਦੇ ਸਿਰ ਉੱਪਰੋਂ ਫ਼ੌਜ ਦਾ ਹੈਲੀਕਾਪਟਰ ਗਸ਼ਤ ਕਰਦਾ ਵਾਰ ਵਾਰ ਲੰਘਦਾ ਰਿਹਾ। ਫ਼ੌਜ ਮੁੰਡਿਆਂ ਨੂੰ ਲੁਕਿਆ ਵੇਖਦੀ ਫਿਰ ਰਹੀ ਸੀ। ਚਾਚੇ ਨੂੰ ਸਾਰੇ ਮਾਹੌਲ ਦਾ ਪਤਾ ਸੀ। ਜਦੋਂ ਉਸ ਤੋਂ ਨਿਕਲਿਆ ਨਾ ਗਿਆ ਤਾਂ ਹੈਲੀਕਾਪਟਰ ਆਏ ਤੋਂ ਉੱਪਰ ਬਾਹਾਂ ਕਰਕੇ ਚੀਕਿਆ, ‘ਮਾਰੋ ਇੱਧਰ ਖੜ੍ਹੈ ਥੋਡਾ ਪਿਓ … ਰੜ੍ਹੇ ਮੈਦਾਨ ਵਿੱਚ। ‘ਇਹ ਕਹਾਣੀ ਸੀ ‘ਕੱਚੀ ਖੂਹੀ।’
‘ਲੈਚੀਆਂ’ ਕਹਾਣੀ ਇੱਕ ਬਹੁਤ ਹੀ ਸ਼ਰੀਫ ਗਿਆਨੀ ਦੀ ਸੀ। ਉਹ ਆਪਣੀ ਬਰਾਂਚ ਦੀ ਤਨਖ਼ਾਹ, ਕੈਸ਼ੀਅਰ ਤੋਂ ਲੈ ਕੇ ਆ ਰਿਹਾ ਸੀ। ਵੱਡੇ ਵਿੱਦਿਅਕ ਅਦਾਰੇ ਦਾ ਕੈਂਪਸ ਭਰਿਆ ਹੋਇਆ। ਦੋ ਮੁੰਡੇ ਆਏ। ਉਸ ਤੋਂ ਪੈਸਿਆਂ ਵਾਲਾ ਬੈਗ ਖੋਹਣ ਲੱਗੇ। ਉਸ ਨੇ ਬੈਗ ਛੱਡਿਆ ਨਹੀਂ। ਛਾਤੀ ਨਾਲ ਘੁੱਟ ਲਿਆ। ਮੁੰਡਿਆਂ ਨੇ ਹੱਥੋ-ਪਾਈ ਕੀਤੀ। ਬੈਗ ਲੈ ਨਹੀਂ ਸਕੇ। ਮੁੰਡਿਆਂ ਨੇ ਗੋਲੀਆਂ ਮਾਰ ਦਿੱਤੀਆਂ। ਪੈਸੇ ਲੈ ਗਏ। ਸ਼ਰੇਆਮ ਕੈਂਪਸ ਦਾ ਮੇਨ ਗੇਟ ਲੰਘ ਗਏ। ਡਰਦਾ ਕੋਈ ਰੋਕ ਨਹੀਂ ਸਕਿਆ। ਕੈਂਪਸ ਵਿੱਚ ਦਹਿਸ਼ਤ ਫੈਲ ਗਈ। ਹਵਾ ਤੋਂ ਵੀ ਡਰਦੇ। ਉਹ ਪਾਤਰ ਬੇਹੱਦ ਸ਼ਰੀਫ। ਹਰ ਰੋਜ਼ ਸਵੇਰੇ ਹਰਿਮੰਦਿਰ ਸਾਹਿਬ ਜਾ ਕੇ ਮੱਥਾ ਟੇਕਦਾ। ਉਹ ਬਾਜ਼ਾਰੋਂ ਲੈਚੀਆਂ ਲੈ ਕੇ ਆਉਂਦਾ। ਉਸ ਦਾ ਮਤ ਸੀ ਕਿ ਇਹ ਦਰਬਾਰ ਸਾਹਿਬ ਤੋਂ ਹੋ ਕੇ ਆਇਆਂ ਦਾ ਪ੍ਰਸ਼ਾਦ ਹੈ। ਸਾਰੇ ਮੁਲਾਜ਼ਮ ਉਸ ਨੂੰ ਬਾਬਾ ਜੀ ਕਹਿੰਦੇ, ਉਹ ਝੱਟ ਜੇਬ ਵਿੱਚੋਂ ਥੈਲੀ ਕੱਢ ਕੇ ਹੱਸਦਾ ਹੋਇਆ ਲੈਚੀ ਅਗਲੇ ਦੇ ਹੱਥ ’ਤੇ ਰੱਖ ਦਿੰਦਾ। ਜਦੋਂ ਮੰਡਿਆਂ ਅੱਗੇ ਉਸ ਦੀ ਪੇਸ਼ ਨਾ ਗਈ, ਉਸ ਨੇ ਥੈਲੀ ਕੱਢ ਕੇ ਕਿਹਾ, ‘ਲੈਚੀਆਂ ਤਾਂ ਲੈ ਜੋ …। ‘ਲੈਚੀਆਂ’ ਉਸ ਦੇ ਖੂਨ ਵਿੱਚ ਰੰਗੀਆਂ ਗਈਆਂ।
‘ਚੜ੍ਹਦੇ ਸੂਰਜ ਦੀ ਲਾਲੀ’ ਕਹਾਣੀ ਦਾ ਪਾਤਰ ਅਪਰੇਸ਼ਨ ਬਲੂ ਸਟਾਰ ਵੇਲੇ ਅੰਦਰ ਲੜਿਆ ਤੇ ਬਾਅਦ ਵਿੱਚ ਫੜਿਆ ਗਿਆ। ਬਹੁਤ ਤਸ਼ੱਦਦ ਹੋਇਆ। ਕਾਫੀ ਸਾਲਾਂ ਬਾਅਦ ਛੁੱਟ ਕੇ ਆਇਆ ਤਾਂ ਉਸ ਨੇ ਹਮਲੇ ਦੌਰਾਨ ਅੰਦਰ ਦੀ ਸਾਰੀ ਜਾਣਕਾਰੀ ਦਿੱਤੀ। ਆਪ ਨਕਾਰਾ ਹੋਇਆ ਪਿਆ ਸੀ। ਉਸ ਦੇ ਬੱਚੇ ਉਸ ਪਾਸੇ ਨਹੀਂ ਗਏ। ਉਹ ਵਿਦੇਸ਼ ਵੀ ਨਹੀਂ ਜਾਣਾ ਚਾਹੁੰਦੇ, ਇੱਥੇ ਰਹਿ ਕੇ ਪੰਜਾਬ ਵਿੱਚ ਹੀ ਰਹਿਣ ਦਾ ਫੈਸਲਾ ਕਰਦੇ ਹਨ। ਉਹ ਧਾਰਮਿਕ ਵੀ ਨਹੀਂ। ਪੰਜਾਬੀ ਸੱਭਿਆਚਾਰ ਦੇ ਹਾਮੀ ਬਣੇ। ਕਹਾਣੀ ਉਨ੍ਹਾਂ ਨੂੰ ਪੰਜਾਬ ਵਿੱਚ ਰਹਿ ਕੇ ਹੀ ਕੰਮ ਕਰਨ ਵੱਲ ਮੋੜਦੀ ਹੈ।
ਜਦੋਂ ਮੈਨੂੰ ਕਿਤੇ ਵੀ ਆਰਥਿਕ ਯਥਾਰਥ ਨਾਲ ਲਬਰੇਜ਼ ਮਨੁੱਖਤਾ ਦਿਸਦੀ, ਉਹ ਆਪਣੇ ਨਾਲ ਸਬੰਧਤ ਮਹਿਸੂਸ ਹੁੰਦੀ। ਕਹਾਣੀ ਸ਼ੁਰੂ ਹੋ ਜਾਂਦੀ। ਮੈਂ ਕੋਈ ਜ਼ਾਤ ਨਹੀਂ ਵੇਖੀ। ‘ਚੀਸ’ ਕਹਾਣੀ ਮੈਂ ਪਾਤਰ ਨੂੰ ਦਲਿਤ ਸਮਝ ਕੇ ਨਹੀਂ ਲਿਖੀ। ਦਰਅਸਲ, ਉਸ ਦਾ ਸੰਘਰਸ਼ ਵੇਖ ਨਹੀਂ ਸਕਿਆ। ਇਸੇ ਤਰ੍ਹਾਂ ‘ਅਜੇ ਪੰਡ ਨਹੀਂ ਹੋਈ’, ‘ਜੁੜਦੀ ਤੇ ਖਿੰਡਦੀ ਭੀੜ’, ‘ਬੂ’, ‘ਖਾਲੀ ਸਲੰਡਰ’, ‘ਗੋਂਗਲੂ’, ‘ਛੋਕਰੇ’, ‘ਭੁਕਾਨੇ’ ਵਰਗੀਆਂ ਕਹਾਣੀਆਂ ਹਨ। ਮੈਂ ਉਨ੍ਹਾਂ ਪਾਤਰਾਂ ਦੀ ਆਰਥਿਕ ਪੀੜ ਮਹਿਸੂਸ ਕੀਤੀ। ‘ਅਜੇ ਪੰਡ ਨਹੀਂ ਹੋਈ’ ਵਿੱਚ ਦਲਿਤ ਭੈਣ ਭਰਾ ਪਹੇ-ਪਹੀਆਂ ਵਿੱਚ ਘਾਹ ਖੋਤਣ ਜਾਂਦੇ ਹਨ। ਸਕੂਲ ਵੀ ਜਾਂਦੇ ਹਨ। ਉਹ ਥਾਂ ਥਾਂ ਤੋਂ ਲੈਰਾ ਲੈਰਾ ਘਾਹ ਖੋਤਦੇ। ਅੱਧੀ ਕੁ ਪੰਡ ਹੋ ਜਾਂਦੀ। ਜੱਟਾਂ ਦਾ ਮੁੰਡਾ ਉਨ੍ਹਾਂ ਨੂੰ ਮਾੜੀ ਨਿਗਾਹ ਨਾਲ ਵੇਖਦਾ। ਉਹ ਬੌਲਦਾਂ ਨੂੰ ਬੰਨ੍ਹ ਦਿੰਦਾ ਹੈ। ਇੱਕ ਬੌਲਦ ਖੁੱਲ੍ਹ ਕੇ ਪੰਡ ਵਿੱਚੋਂ ਘਾਹ ਖਾਣ ਲੱਗ ਪਿਆ। ਉਨ੍ਹਾਂ ਨੇ ਮਸਾਂ ਪੰਡ ਪਰੇ ਕੀਤੀ। ਉਨ੍ਹਾਂ ਭੈਣ ਭਰਾ ਨੇ ਪੌਣੀ ਕੁ ਪੰਡ ਕਰ ਲਈ। ਅੱਕ ਕੇ ਮੁੰਡਾ ਕਹਿੰਦਾ, “ਹੁਣ ਘਾਹ ਖੋਤਣ ਨਹੀਂ ਆਉਣਾ।” ਉਹ ਗੁੱਸੇ ਵਿੱਚ ਜ਼ੋਰ ਨਾਲ ਖੁਰਪਾ ਚਲਾ ਕੇ ਮੱਕੀ ਵਿੱਚ ਮਾਰਦਾ ਹੈ। ਮੱਕੀ ਦੇ ਟਾਂਡੇ ਖੁਰਪੇ ਨਾਲ ਕੱਟੇ ਜਾਂਦੇ ਹਨ। ਉਸ ਦੇ ਵਿਦਰੋਹ ਦੀ ਝਲਕ ਆਉਂਦੀ ਹੈ।
‘ਜੁੜਦੀ ਤੇ ਖਿੰਡਦੀ ਭੀੜ’ ਦਾ ਬਾਬਾ ਚਮੜੇ ਦੀਆਂ ਜੁੱਤੀਆਂ ਸ਼ਹਿਰੀ ਚੌਂਕ ਵਿੱਚ ਜਾ ਕੇ ਵੇਚਦਾ ਹੈ। ਉੱਥੇ ਮਿੰਨੀ ਬੱਸਾਂ ਅਤੇ ਟੈਂਪੂ ਵੀ ਪਿੰਡਾਂ ਨੂੰ ਚੱਲਦੇ ਹਨ। ਉਸ ਤੋਂ ਕੋਈ ਵੀ ਜੁੱਤੀ ਨਹੀਂ ਖਰੀਦਦਾ। ਭੀੜ ਆਉਂਦੀ ਜਾਂਦੀ ਰਹੀ। ਸਾਰੇ ਟਿੱਚਰਾਂ ਕਰਦੇ ਹਨ ਕਿ ਅੱਜ ਪੁਰਾਣੇ ਜ਼ਮਾਨੇ ਦੀਆਂ ਕੌਣ ਪਾਉਂਦਾ ਹੈ। ਉਹ ਹਾਰ ਕੇ ਸ਼ਾਮ ਨੂੰ ਪਿੰਡ ਜਾਣ ਲੱਗਦਾ ਹੈ। ਇੱਕ ਕਾਰ ਜੁੱਤੀਆਂ ਦੀ ਗਠੜੀ ਨੂੰ ਫੇਟ ਮਾਰ ਕੇ ਮਿੱਧ ਜਾਂਦੀ ਹੈ। ਬਾਬੇ ਦੀ ਕਮਾਈ ਹੋਈ ਨਹੀਂ, ਸਗੋਂ ਨੁਕਸਾਨ ਹੋ ਗਿਆ। ‘ਖਾਲੀ ਸਲੰਡਰ’ ਵਿੱਚ ਸਿਲੰਡਰ ਲੈ ਕੇ ਆਉਣ ਵਾਲਾ ਮੁੰਡਾ ਆਪਣੇ ਦੁੱਖੜੇ ਦੱਸਦਾ ਹੈ। ਉਹ ਸਿਲੰਡਰ ਦੀ ਤਰ੍ਹਾਂ ਕਦੇ ਦੁੱਖਾਂ ਨਾਲ ਭਰਿਆ, ਅਤੇ ਕਦੇ ਖੁਸ਼ ਵੀ ਹੋ ਜਾਂਦਾ। ਉਹ ਅੰਦਰੋਂ ਖਾਲੀ ਹੈ।
ਜਦੋਂ ਰਾਵੀ ਵਿੱਚ 1988 ਵਿੱਚ ਹੜ੍ਹ ਆਏ ਤਾਂ ਅਸੀਂ ਯੂਨੀਵਰਸਿਟੀ ਵਾਲੇ ਬਾਰਡਰ ਦੇ ਪਿੰਡਾਂ ਲਈ ਰਾਹਤ ਵੰਡਣ ਗਏ। ਪਾਣੀ ਹੀ ਪਾਣੀ ਫਿਰਦਾ ਸੀ। ਫ਼ਸਲ ਨਾ ਬਚੀ। ਮਕਾਨ ਤਬਾਹ ਹੋ ਗਏ। ਬੰਨ੍ਹ ਵਿੱਚ ਪਾੜ ਪੈ ਕੇ ਸਰਹੱਦ ਪਾਰੋਂ ਵੀ ਇੱਧਰ ਵਰਗੇ ਹਾਲਾਤ ਦਿਸ ਰਹੇ ਸਨ। ਦੋਵੇਂ ਪਾਸੇ ਆਮ ਜਨਤਾ ਪੀੜਾ ਸਹਿ ਰਹੀ ਸੀ। ਫਿਰ ਸਰਹੱਦ ਕਿਸ ਲਈ? ਇੱਕੋ ਜਿਹੀਆਂ ਫ਼ਸਲਾਂ ਲਹਿ-ਲਹਾਉਂਦੀਆਂ। ਇਉਂ ਕਹਾਣੀ ‘ਰਾਵੀ ਦੇ ਆਰ ਪਾਰ’ ਬਣ ਗਈ।
ਮੇਰੇ ਵਾਂਗ ਯੂਨੀਵਰਸਿਟੀ ਦੇ ਮੁਲਾਜ਼ਮ ਦਫਤਰੀ ਕੰਮ ਦੇ ਬੋਝ ਕਰਕੇ ਅਫਸਰਾਂ ਦੀਆਂ ਝਿੜਕਾਂ ਸੁਣਦੇ, ਆਰਥਿਕ ਤੰਗੀ ਸਤਾਉਂਦੀ। ਅਜਿਹੀਆਂ ਕਹਾਣੀਆਂ ਵਿੱਚ ਸੱਚ ਉੱਭਰਦਾ ਤਾਂ ਮੁਲਾਜ਼ਮ ਤੇ ਅਫਸਰ ਨਰਾਜ਼ ਵੀ ਹੁੰਦੇ। ਉਹ ਕਹਿਣ ਲੱਗ ਪਏ ਸੀ, “ਬਚ ਕੇ ਰਹੋ। ਇਸ ਨੇ ਕਹਾਣੀ ਲਿਖ ਦੇਣੀ ਹੈ।”
ਅਧਿਆਪਕਾਂ ਦੀ ਆਪਸੀ ਖਹਿਬਾਜ਼ੀ ਵਿੱਚ ਈਰਖਾ ਤੇ ਹਉਮੈਂ ਆਮ ਨਜ਼ਰ ਆਉਂਦੀ ਹੈ। ਉਸ ਨੂੰ ਆਪਣੇ ਢੰਗ ਨਾਲ ਮੈਂ ਕਹਾਣੀ ਰਾਹੀਂ ਉਘਾੜਦਾ। ਇਹ ਕਹਾਣੀ ਸੀ, “ਓਏ ਮੈਂ ਵਿਦ … ਵਾਨ …।” ਕਹਾਣੀ ਵਿੱਚ ਇੱਕ ਅਧਿਆਪਕ ਨੂੰ ਮੀਟਿੰਗ ਵਿੱਚ ਆਉਂਦੇ ਨੂੰ ਹੀ ਦੂਜਾ ਅਧਿਆਪਕ ਬੋਲੀ ਮਾਰਦਾ ਹੈ, ‘ਲੈ ਇਹ ਆ ਗਿਆ ਵੱਡਾ ਵਿਦਵਾਨ …।’ ਆਉਣ ਵਾਲਾ ਉਸੇ ਵੇਲੇ ਜਵਾਬ ਦਿੰਦਾ ਹੈ, “ਤੁਸੀਂ ਇੱਕ ਕਿਤਾਬ ਲਿਖ ਕੇ ਕਿੱਧਰਲੇ ਵੱਡੇ ਵਿਦਵਾਨ ਬਣ ਗਏ ਜੀ? ਜੇ ਉਸ ਵਿੱਚੋਂ ਫਲਾਣੇ ਵਿਦਵਾਨ ਦੀਆਂ ਕੁਟੇਸ਼ਨਜ਼ ਕੱਢ ਦਿੱਤੀਆਂ ਜਾਣ. ਤੁਹਾਡਾ ਉਸ ਵਿੱਚ ਕੀ ਰਹਿ ਗਿਆ? ਗਲਤੀਆਂ ਕਿੰਨੀਆਂ ਨੇ? ਵੇਖੀਆਂ?’ ਪਹਿਲਾਂ ਕਹਿਣ ਵਾਲਾ ਅਧਿਆਪਕ ਸ਼ਰਮਿੰਦਾ ਹੋ ਕੇ ਚੁੱਪ। ਜਵਾਬ ਦੇਣ ਵਾਲੇ ਨੇ ਠੀਕ ਕਿਹਾ ਸੀ। ਇਸੇ ਗੱਲ ਦਾ ਝੋਰਾ ਖਾਣ ਲੱਗ ਪਿਆ ਕਿ ਉਸ ਨੇ ਹੱਤਕ ਕੀਤੀ। ਦਿਨ-ਬ-ਦਿਨ ਉਹ ਝੋਰੇ ਨਾਲ ਬੀਮਾਰ ਹੋ ਮਰ ਜਾਂਦਾ ਹੈ। ਇਸ ਹਉਮੈਂ ਦੇ ਸ਼ਿਕਾਰ ਬਹੁਤ ਸਾਰੇ ਅਧਿਆਪਕ ਹਨ ਕਿ ਉਨ੍ਹਾਂ ਨਾਲੋਂ ਵੱਡਾ ਵਿਦਵਾਨ ਕੋਈ ਨਹੀਂ। ਇਹ ਹੈ ਮੇਰੀਆਂ ਬੇਬਾਕ ਕਹਾਣੀਆਂ ਦਾ ਯਥਾਰਥ।
ਮੈਂ ਇੱਕ ਕਹਾਣੀ ਲਿਖੀ ‘ਤਾਇਆ ਰੱਬ।’ ਉਹ ਪਾਤਰ ਬਹੁਤ ਸ਼ਰੀਫ, ਕਾਮਾ, ਹਰ ਇੱਕ ਨਾਲ ਹੱਸ ਕੇ ਗੱਲ ਕਰਦਾ। ਛੜਾ ਹੋਣ ਕਰਕੇ ਉਸ ਤੋਂ ਖੇਤੀ ਦਾ ਸਾਰਾ ਕੰਮ ਲੈਂਦੇ। ਉਹ ਹੱਸ ਕੇ ਕਰਦਾ। ਬੀਹੀ ਵਿੱਚ ਲੰਘਦਾ ਨਿਆਣੇ ਸਿਆਣੇ ਨੂੰ ਬੁਲਾਉਂਦਾ। ਨਿਆਣੇ ਉਸ ਨੂੰ ਛੇੜਦੇ ਤੇ ਉਹ ਕਦੇ ਖਿਝਦਾ ਨਹੀਂ ਸੀ। ਬੀਹੀ ਵਿੱਚ ਤਾਈ, ਚਾਚੀ ਕਹਿ ਕੇ ਬੁਲਾ ਕੇ ਲੰਘਦਾ। ਸੰਤਾਲੀ ਵੇਲੇ ਉਹ ਬਹੁਤ ਦੁਖੀ ਹੋਇਆ। ਪਿੰਡ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆ। ਉਸ ਨੇ ਪਾਕਿਸਤਾਨ ਨੂੰ ਜਾਣ ਵਾਲੇ ਮੁਸਲਮਾਨ ਭਰਾਵਾਂ ਨੂੰ ਬਹੁਤ ਰੋਕਿਆ। ਮਿਲਟਰੀ ਲਿਜਾ ਰਹੀ ਸੀ। ਤਾਇਆ ਟਰੱਕ ਦੇ ਅੱਗੇ ਪੈ ਗਿਆ। ਫੌਜੀਆਂ ਨੇ ਚੁੱਕ ਕੇ ਪਾਸੇ ਕੀਤਾ ਤੇ ਟਰੱਕ ਭਜਾ ਕੇ ਲੈ ਗਏ। ਨਿਆਣੇ ਖਿੱਦੋ ਖੁੰਢੀ ਖੇਡ ਕੇ ਖਿੱਦੋ ਨੂੰ ਲੀਰੋ ਲੀਰ ਕਰ ਦਿੰਦੇ। ਖਿੱਦੋ ਦੀ ਤਰ੍ਹਾਂ ਹੱਸਦਾ ਵਸਦਾ ਭਾਈਚਾਰਾ ਖਿੰਡ ਗਿਆ। ਫਿਰ ਇਸ ਕਹਾਣੀ ਤੋਂ ਪੂਰਾ ਨਾਵਲ ਬਣ ਗਿਆ, ‘ਤਾਇਆ ਰੱਬ।’
ਦੂਸਰੇ ਨਾਵਲ ਦੇ ਪਾਤਰ ਹੈਪੀ ਨੂੰ ਕੰਮ ਕਰਦਾ ਦੇਖਦਾ ਰਹਿੰਦਾ। ਉਸ ਨੇ ਕਈ ਕੰਮ ਕੀਤੇ। ਉਸ ਦੀ ਮਾਂ ਗਰੀਬੀ ਕਰਕੇ ਘਰ ਛੱਡ ਕੇ ਕਿਸੇ ਜੱਟ ਦੇ ਘਰ ਵਸ ਗਈ। ਪਿਓ ਟਰੈਕਟਰ ਚਲਾਉਂਦਾ ਪਰ ਸ਼ਰਾਬੀ। ਘਰ ਕੁਝ ਨਹੀਂ ਦਿੰਦਾ ਸੀ। ਉਹ ਵੀ ਇੱਕ ਡੇਰੇ ਵਿੱਚ ਜਾ ਕੇ ਸਾਧ ਬਣ ਗਿਆ। ਹੈਪੀ ਤੇ ਉਸ ਦੀ ਛੋਟੀ ਭੈਣ ਇਕੱਲੇ ਰਹਿ ਗਏ। ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਸਾਂ ਗੁਜ਼ਾਰਾ ਕਰਦੇ। ਉਨ੍ਹਾਂ ਦਾ ਘਰ ਬੇਹੱਦ ਗ਼ਰੀਬ ਦਲਿਤ ਮੁਹੱਲੇ ਵਿੱਚ। ਕੋਈ ਸਹੂਲਤ ਨਹੀਂ। ਹੈਪੀ ਆਪ ਸਕੂਲ ਤੋਂ ਹਟ ਗਿਆ। ਭੈਣ ਨੂੰ ਸਕੂਲ ਪੜ੍ਹਾਉਣ ਲੱਗ ਪਿਆ। ਉਸ ਨੇ ਗੁਜ਼ਾਰਾ ਕਰਨ ਲਈ ਰਿਕਸ਼ਾ ਰੇਹੜੀ ਚਲਾਉਣ ਤੋਂ ਲੈ ਕੇ ਮਜ਼ਦੂਰੀ ਦਾ ਹਰ ਕੰਮ ਕੀਤਾ, ਪਰ ਨਿਆਣਾ ਹੋਣ ਕਰਕੇ ਉਸ ਦਾ ਜ਼ੋਰ ਲੱਗਣ ਤੋਂ ਬੀਮਾਰ ਹੋ ਗਿਆ। ਉਸ ਨੇ ਬਹੁਤ ਸੰਘਰਸ਼ ਕੀਤਾ। ਹਾਰ ਜਾਂਦਾ। ਉਸ ਦੀ ਦੋਸਤੀ ਲਾਚੀ ਝੂੰਗੀ ਵਾਲਿਆਂ ਦੀ ਕੁੜੀ ਨਾਲ ਸੀ। ਉਹ ਚਾਚੀ ਨਾਲ ਉਸ ਨੂੰ ਹਸਪਤਾਲ ਲੈ ਕੇ ਜਾਂਦੀਆਂ ਹਨ। ਉਹ ਛੋਟੀ ਭੈਣ ਅਤੇ ਉਨ੍ਹਾਂ ਨੂੰ ਤਸੱਲੀ ਦਿੰਦਾ ਕਿ ਨਿੱਕੀ ਤੂੰ ਪੜ੍ਹੀਂ, ਮੈਂ ਠੀਕ ਹੋ ਜਾਣਾ ਏ। ਮੇਰੇ ਤੋਂ ਹੈਪੀ ਦੀ ਹਾਲਤ ਵੇਖੀ ਨਹੀਂ ਗਈ। ਮੈਂ ਲਿਖੇ ਬਿਨਾ ਰਹਿ ਨਾ ਸਕਿਆ। ਇਹ ਨਾਵਲ, ‘ਤੈਂ ਕੀ ਦਰਦ ਨਾ ਆਇਆ’ ਕਾਫੀ ਚਰਚਾ ਵਿੱਚ ਰਿਹਾ।
ਇੱਕ ਹੋਰ ਨਾਵਲ, ‘ਰੁਲਦੂ ਦੀ ਆਕਾਸ਼ ਗੰਗਾ’ ਲਿਖਿਆ। ਇਸ ਵਿੱਚ ਪਾਤਰ ਸੰਘਰਸ਼ ਕਰਕੇ ਹੇਠਾਂ ਤੋਂ ਉੱਠ ਕੇ ਮਜ਼ਦੂਰਾਂ ਦਾ ਵੱਡਾ ਲੀਡਰ ਬਣ ਜਾਂਦਾ ਹੈ। ਪਰ ਸਰਕਾਰ ਉਨ੍ਹਾਂ ਦੇ ਇਕੱਠ, ਹੱਕੀ ਮੰਗਾਂ ਤੋਂ ਦੁਖੀ ਹੋ ਕੇ ਉਸ ਨੂੰ ਮਰਵਾ ਦਿੰਦੀ ਹੈ। ਉਨ੍ਹਾਂ ਨੂੰ ਰਾਜ ਪਲਟੇ ਦਾ ਡਰ ਹੋ ਗਿਆ। ਯਾਦਾਂ ਦੇ ਰੂਪ ਵਿੱਚ ਲੇਖ ਲਿਖੇ। ਉਹ ਪੁਸਤਕ, ‘ਕੜ੍ਹਦਾ ਦੁੱਧ’ ਵਿੱਚ ਹਨ।
ਮੈਂ ਸ਼ੁਰੂ ਤੋਂ ਹੀ ਸਰੀਰਕ ਫਿਟਨਸ ਲਈ ਸੈਰ ਤੇ ਵਰਜ਼ਿਸ਼ ਕਰਦਾ ਆ ਰਿਹਾ ਹਾਂ। ਸੇਵਾਮੁਕਤੀ ਤੋਂ ਮੈਦਾਨ ਵਿੱਚ ਜਾਣ ਲੱਗ ਪਿਆ। ਮੇਰੇ ਦੋਸਤ ਤੇ ਰਿਸ਼ਤੇਦਾਰ ਵੀ ਜਾਂਦੇ ਸਨ। ਉਹ ‘ਵੈਟਰਨ ਅਥਲੈਟਿਕਸ’ ਵਿੱਚ ਹਿੱਸਾ ਲੈਣ ਜਾਂਦੇ। ਮੈਨੂੰ ਵੀ ਜਾਗ ਲੱਗ ਗਈ। ਕੌਮੀ ਅਤੇ ਕੌਮਾਂਤਰੀ ਪੱਧਰ ਦੀ ਐਸੋਸੀਏਸ਼ਨ ਬਣੀ ਹੋਈ ਹੈ। ਅੱਡ ਅੱਡ ਸੂਬਿਆਂ ਦੀਆਂ ਆਪੋ-ਆਪਣੀਆਂ ਐਸੋਸੀਏਸ਼ਨਾਂ ਹਨ। ਇਨ੍ਹਾਂ ਦੇ ਵੱਖਰੇ ਵੱਖਰੇ ਮੁਕਾਬਲੇ ਹੋ ਕੇ ਇਨ੍ਹਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਹਨ। ਤੀਹ ਸਾਲ ਦੀ ਉਮਰ ਤੋਂ ਉੱਪਰ ਆਪਣੀ ਉਮਰ ਦੇ ਗਰੁੱਪ ਵਿੱਚ ਹਿੱਸਾ ਲੈ ਸਕਦੇ ਹਨ। ਅਥਲੈਟਿਕਸ ਦੀਆਂ ਹਰ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨ। ਮੈਂ 60 ਤੋਂ 65 ਸਾਲ ਦੀ ਉਮਰ ਵਾਲੇ ਗਰੁੱਪ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਪੰਜ ਕਿਲੋਮੀਟਰ ਤੇਜ਼ ਤੁਰਨ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਅਸੀਂ ਤਕਰੀਬਨ ਸਾਰੇ ਦੱਖਣ ਦੇ ਸ਼ਹਿਰਾਂ ਵਿੱਚ ਜਾ ਆਏ। ਆਪਣੇ ਗਰੁੱਪ ਵਿੱਚੋਂ ਇੰਡੀਆ ਜਿੱਤਿਆ। ਸਟੇਟ ਵੀ ਜਿੱਤੀ। ਸਿਲਸਿਲਾ ਜਾਰੀ ਹੈ। ਇਨ੍ਹਾਂ ਸਾਰੇ ਸਾਲਾਂ ਦਾ ਅਨੁਭਵ ਪੁਸਤਕ ‘ਵੈਟਰਨ ਅਥਲੈਟਿਕਸ ਰਾਹੀਂ ਦੱਖਣ ਯਾਤਰਾ’ ਵਿੱਚ ਹੈ ਜੋ ਪੰਜਾਬੀ ਸਾਹਿਤ ਵਿੱਚ ਵੈਟਰਨ ਅਥਲੈਟਿਕਸ ਬਾਰੇ ਪਹਿਲੀ ਪੁਸਤਕ ਲਿਖੀ ਗਈ ਹੈ। ਇਸਦਾ ਉਦੇਸ਼ ਆਖਰੀ ਉਮਰ ਤਕ ਸਰੀਰ ਦੀ ਤੰਦਰੁਸਤ ਰੱਖਣਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4165)
(ਸਰੋਕਾਰ ਨਾਲ ਸੰਪਰਕ ਲਈ: (