JasveerSDadahoor7ਅੰਤਾਂ ਦੀ ਮਹਿੰਗਾਈ ਨੇ ਸਾਨੂੰ ਸਭ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ ਹੈ ਤੇ ਪੂਰਾ ਪੰਜਾਬ ...
(24 ਅਪਰੈਲ 2017)

 

ਪੰਜਾਂ ਦਰਿਆਵਾਂ ਦੀ ਧਰਤੀ, ਪੰਜਾਬ ਕਿਸੇ ਸਮੇਂ ਖੁਸ਼ਹਾਲੀ ਦਾ ਪ੍ਰਤੀਕ ਰਿਹਾ ਹੈ, ਬੇਸ਼ਕ ਅੱਜ ਇਸ ਨੂੰ ਮਾੜੀਆਂ ਨਜ਼ਰਾਂ ਨੇ ਖਾ ਲਿਆ ਹੈ ਭਾਵ ਛੇਵਾਂ ਦਰਿਆ ਨਸ਼ਿਆਂ ਦਾ ਪੂਰੇ ਜੋਬਨ ’ਤੇ ਵਗ ਰਿਹਾ ਹੈ ਜਦੋਂ ਕਿ ਪਹਿਲੇ ਪੰਜ ਦਰਿਆ ਪੂਰੀ ਤਰ੍ਹਾਂ ਪਾਣੀ ਖੁਣੋ ਸੁੱਕ ਚੁੱਕੇ ਹਨ ਜਾਂ ਸੁੱਕਣ ਕੰਢੇ ਹਨ। ਜੇਕਰ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀ ਨੁਹਾਰ ਪੂਰੇ ਜੋਬਨ ’ਤੇ ਸੀਚਾਰੇ ਪਾਸੇ ਹਰਿਆਲੀ, ਵਧੀਆ ਫਸਲਾਂ, ਹੱਥੀਂ ਕਿਰਤ ਕਰਨ ਦੀ ਰੀਤੀ ਭਾਰੂ ਸੀ। ਹੱਥੀਂ ਕੰਮ ਕਰਨ ਨੂੰ ਤਰਜੀਹ ਦੇਣੀ ਮਾਨਸਿਕਤਾ ਦੀ ਸਹੀ ਨਿਸ਼ਾਨੀ ਸੀ ਕੋਈ ਵੀ, (ਭਾਵੇਂ ਉਸ ਸਮੇਂ ਦੇ ਸਾਡੇ ਵੱਡੇ ਵਡੇਰੇ) ਆਪਣੇ ਆਪ ਹੀ ਆਪਣਾ ਕੰਮ ਕਰਨ ਨੂੰ ਪਹਿਲ ਦਿੰਦੇ ਸਨ। ਫਸਲਾਂ ਭਰਪੂਰ ਹੁੰਦੀਆਂ ਸਨਆਰਗੈਨਿਕ ਖੇਤੀ (ਭਾਵ ਅੰਗਰੇਜ਼ੀ ਖਾਦਾਂ ਤੇ ਅੰਗਰੇਜ਼ੀ ਦਵਾਈਆਂ ਦਾ) ਕੋਈ ਜ਼ਿਆਦਾ ਬੋਲ ਬਾਲਾ ਨਹੀਂ ਸੀ। ਬੇਸ਼ਕ ਫਸਲਾਂ ਦੇ ਝਾੜ ਅਜੋਕੇ ਦੌਰ ਨਾਲੋਂ ਕਾਫੀ ਘੱਟ ਸਨ, ਪਰ ਉਹ ਸਾਰੀਆਂ ਹੀ ਫਸਲਾਂ ਸਿਹਤ ਲਈ ਵਧੀਆ ਤੇ ਮਿਲਾਵਟ ਤੋਂ ਰਹਿਤ ਸਨ। ਮਹਿੰਗਾਈ ਦੀ ਜ਼ਿਆਦਾ ਮਾਰ ਨਹੀਂ ਸੀ ਪਰ ਫਿਰ ਵੀ ਲੋਕ ਖੁਸ਼ਹਾਲ ਸਨ ਤੇ ਪਿੰਡਾਂ ਦਾ ਨਜ਼ਾਰਾ ਵੇਖਿਆ ਹੀ ਬਣਦਾ ਸੀ। ਉਨ੍ਹਾਂ ਸਮਿਆਂ ਵਿਚ ਜੇਕਰ ਕਹਿ ਲਿਆ ਜਾਵੇ ਕਿ ਸ਼ਹਿਰਾਂ ਵੱਲ ਲੋਕਾਂ ਦਾ ਬਹੁਤ ਘੱਟ ਰੁਝਾਨ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਸਮੇਂ ਨੇ ਕਰਵਟ ਬਦਲੀ ਮਸ਼ੀਨੀ ਯੁਗ ਤੇ ਅਤਿ ਆਧੁਨਿਕ ਖੇਤੀ ਦੇ ਸੰਦਾਂ, ਰੇਹਾਂ, ਸਪਰੇਆਂ ਨੇ ਸਾਡਾ ਅਤੀਤ ਸਾਥੋਂ ਖੋਹ ਲਿਆ ਤੇ ਅਸੀਂ ਅਗਾਂਹ ਵਧੂ ਸੋਚ ਦੇ ਧਾਰਨੀ ਬਣਕੇ ਅਮੀਰੀ ਦੀ ਲਾਲਸਾ ਵਿਚ ਅਜਿਹੇ ਜਕੜੇ ਗਏ ਕਿ ਹੱਥੀਂ ਕੰਮ ਕਰਨਾ ਬਿਲਕੁਲ ਹੀ ਵਿਸਾਰ ਦਿੱਤਾ। ਬੇਸ਼ਕ ਅਸੀਂ ਅੱਜ ਅਮੀਰੀ ਦੀ ਝਲਕ ਵਿਚ ਜੀਅ ਰਹੇ ਹਾਂ, ਪਰ ਕਿਰਤ ਨਾ ਕਰਨ ਕਰਕੇ ਅਸੀਂ ਅੱਤ ਦਰਜੇ ਦੇ ਗਰੀਬ ਹੋ ਕੇ ਰਹਿ ਗਏ ਹਾਂ। ਨਸ਼ਿਆ ਨੇ ਕੀ ਜਵਾਨ ਤੇ ਕੀ ਬੁੱਢੇ, ਨੂੰ ਆਪਣੇ ਕਲਾਵੇ ਵਿਚ ਅਜਿਹਾ ਜਕੜਿਆ ਹੈ ਕਿ ਸਾਡੀ ਇੱਜ਼ਤ ਮਾਣ ਤੇ ਸਨਮਾਨ ਸਾਡੀਆਂ ਧੀਆਂ ਭੈਣਾਂ ਵੀ ਇਸਦੀ ਲਪੇਟ ਵਿਚ ਆ ਚੁੱਕੀਆਂ ਹਨ। ਬੜੀ ਸ਼ਰਮ ਤੇ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਅਸੀਂ ਹੋਰ ਕੰਮ ਹੱਥੀਂ ਕਰਨਾ ਤਾਂ ਬਹੁਤ ਦੂਰ ਦੀ ਗੱਲ, ਇਕ ਗਲਾਸ ਪਾਣੀ ਵੀ ਖੁਦ ਉੱਠ ਕੇ ਨਹੀਂ ਪੀ ਸਕਦੇ ਤੇ ਕਿਸੇ ਤੇ ਹੁਕਮ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਾਂ ਤੇ ਆਪ ਹੱਥੀਂ ਕੋਈ ਵੀ ਕੰਮ ਕਰਨ ਨੂੰ ਆਪਣੀ ਹੱਤਕ ਸਮਝਦੇ ਹਾਂ।

ਗੁਰਬਾਨੀ ਦੇ ਅਨੁਸਾਰ ਵੀ ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੱਤੀ ਗਈ ਹੈ ਲਿਖਿਆ ਹੈ, “ਹੱਥੀ ਵਣਜ ਸੁਨੇਹੀ ਖੇਤੀ, ਕਦੇ ਨਾ ਹੁੰਦੇ ਬਤਿਤੀਆਂ ਤੋਂ ਤੇਤੀ’ ਭਾਵ ਅਰਥ ਸਪਸ਼ਟ ਹਨ ਕਿ ਹੱਥੀਂ ਕੰਮ ਕਰਨ ਨਾਲ ਹੀ ਸਹੀ ਇਨਸਾਨੀਅਤ ਦਾ ਫਰਜ਼ ਨਿਭਾਇਆ ਜਾ ਸਕਦਾ ਹੈ। ਵਿਹਲੇ ਬੈਠ ਕੇ ਅਸੀਂ ਨਕਾਰੇ ਭਾਵ ਅਨੇਕਾਂ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਾਂ। ਅਜੋਕੀ ਜਵਾਨੀ ਨੂੰ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਹੈ। ਸਾਡੇ ਪੁਰਾਤਨ ਕਿਰਤ ਸੱਭਿਆਚਾਰ ਦੇ ਜਿਉਂਦੇ ਜਾਗਦੇ ਸਬੂਤ ਸਾਡੇ ਪਿੰਡ ਸਨ ਜਿਨ੍ਹਾਂ ਵਲੋਂ ਮੁੱਖ ਮੋੜ ਕੇ ਸ਼ਹਿਰਾਂ ਵੱਲ ਸਭ ਦੀਆਂ ਮੁਹਾਰਾ ਮੁੜ ਚੁੱਕੀਆਂ ਹਨ। ਅੰਤਾਂ ਦੀ ਮਹਿੰਗਾਈ ਨੇ ਸਾਨੂੰ ਸਭ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ ਹੈ ਤੇ ਪੂਰਾ ਪੰਜਾਬ ਇਸ ਵੇਲੇ ਕਰਜ਼ੇ ਵਿਚ ਜਕੜਿਆ ਗਿਆ ਹੈ। ਇਸ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ, ਹੋਰ ਕੋਈ ਨਹੀਂ। ਬਾਹਰਲੇ ਸੂਬਿਆਂ (ਯੂ.ਪੀ ਤੇ ਬਿਹਾਰ ਤੋਂ ਭਈਆਂ ਨੇ) ਪੂਰੇ ਪੰਜਾਬ ਦਾ ਕਾਰੋਬਾਰ ਆਪਣੇ ਹੱਥਾਂ ਵਿਚ ਕਰ ਲਿਆ ਹੈ ਤੇ ਰਹਿੰਦਾ ਖੂੰਹਦਾ ਨਿਪਾਲੀਆਂ ਨੇ। ਅਸੀਂ ਬੜੇ ਫਖਰ ਨਾਲ ਉਨ੍ਹਾਂ ਨੂੰ ਆਪਣੇ ਘਰਾਂ-ਬਾਰਾਂ ਦਾ ਕਾਰੋਬਾਰ ਸੰਭਾਲਣ ਵਿਚ ਫਖ਼ਰ ਮਹਿਸੂਸ ਕਰਦੇ ਹਾਂ ਤੇ ਬੈਠੇ ਬੈਠੇ ਹੁਕਮ ਚਲਾ ਕੇ ਉਨ੍ਹਾਂ ਤੋਂ ਹੀ ਸਭ ਕੁਝ ਕਰਵਾ ਰਹੇ ਹਾਂ ਅਤੇ ਆਪ ਹੱਦ ਦਰਜੇ ਦੇ ਆਲਸੀ ਹੋ ਰਹੇ ਹਾਂ। ਇਹ ਵਰਤਾਰਾ ਅਤਿਅੰਤ ਨਿੰਦਣਯੋਗ ਹੈ।

ਅਜੋਕੇ ਦੌਰ ਵਿਚ ਬਾਹਰਲੇ ਦੇਸਾਂ ਵਿਚ ਜਾਣ ਦਾ ਰੁਝਾਨ ਵੀ ਸਿਖਰਾਂ ’ਤੇ ਹੈ, ਜਿੱਥੇ ਜਾਕੇ ਹਰ ਇਕ ਨੂੰ ਪਤਾ ਹੈ ਕਿ ਹੱਥੀਂ ਕੰਮ ਕਰਨਾ ਪੈਣਾ ਹੈ, ਪਰ ਆਪਣੇ ਘਰ, ਭਾਵ ਆਪਣੇ ਦੇਸ਼ ਵਿਚ ਹੱਥੀਂ ਕਿਰਤ (ਕੰਮ ਕਰਨ) ਨੂੰ ਅਸੀਂ ਵਿਸਾਰ ਦਿੱਤਾ ਹੈ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਹੱਥੀਂ ਕੰਮ ਕਰਨਾ ਸਾਨੂੰ ਖਿੜੇ ਮੱਥੇ ਮਨਜ਼ੂਰ ਹੈ, ਪਰ ਇੱਥੇ ਅਸੀਂ ਆਪਣੇ ਹੱਥੀਂ ਪਾਣੀ ਦਾ ਗਲਾਸ ਭਰਕੇ ਪੀਣਾ ਵੀ ਆਪਣੀ ਹੇਠੀ ਸਮਝਦੇ ਹਾਂ।

ਸਾਡੇ 80/90 ਸਾਲਾ ਬਜ਼ੁਰਗ ਜੋ ਅੱਜ ਸਾਡੇ ਵਿਚ ਜਿਉਂਦੇ ਜਾਗਦੇ ਬੈਠੇ ਹਨ ਉਹ ਪੇਂਡੂ ਹੱਥੀਂ ਕਿਰਤ ਕਰਨ ਦੀ ਜਿਉਂਦੀ ਜਾਗਦੀ ਮਿਸਾਲ ਹਨ ਜੇਕਰ ਉਹ ਕਿਸੇ ਬੀਮਾਰੀ ਨਾਲ ਗ੍ਰਸਤ ਹਨ ਤਾਂ ਗੱਲ ਵੱਖਰੀ ਹੈ ਤੇ ਜੇਕਰ ਉਹ ਤੰਦਰੁਸਤ ਹਨ ਤਾਂ ਅੱਜ ਵੀ ਉਹ ਆਪਣਾ ਕੰਮ ਹੱਥੀਂ ਕੰਮ ਕਰਨਾ ਲੋਚਦੇ ਹਨ। ਕਈਆਂ ਪਿੰਡਾਂ ਵਿਚ ਅਜਿਹੀਆਂ ਹਸਤੀਆਂ ਅੱਜ ਵੀ ਮੌਜੂਦ ਹਨ ਜਿਨ੍ਹਾਂ ’ਤੇ ਸਾਨੂੰ ਫ਼ਖ਼ਰ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈਆਪਣੇ ਕੰਮ ਨੂੰ ਆਪਣੇ ਹੱਥੀਂ ਕਰਨ ਨੂੰ ਤਰਜੀਹ ਦੇਈਏ , ਨਹੀਂ ਤਾਂ ਪਛਤਾਵੇ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਣਾ ਸਮਾਂ ਆਪਣੀ ਚਾਲ ਚੱਲਦਾ ਰਹਿਣਾ ਹੈ

ਦੋਸਤੋ, ਜੇਕਰ ਪੰਜਾਬ ਨੂੰ ਦੁਬਾਰਾ ਬੁਲੰਦੀਆਂ ’ਤੇ ਵੇਖਣਾ ਚਾਹੁੰਦੇ ਹੋ ਤਾਂ ਆਪਣਾ ਕੰਮ ਆਪਣੇ ਹੱਥੀਂ ਕਰਨ ਦੀ ਪਿਰਤ ਪਾਈਏ ਤੇ ਇਹੀ ਸਿੱਖਿਆ ਦੂਜਿਆਂ ਨੂੰ ਦੇਈਏ।

*****

(678)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

   

About the Author

ਜਸਵੀਰ ਸ਼ਰਮਾ ਦਦਾਹੂਰ

ਜਸਵੀਰ ਸ਼ਰਮਾ ਦਦਾਹੂਰ

Dadahoor, Sri Mukatsar Sahib, Punjab, India.
Phone: (91 - 94176 - 22046)
Email: (jasveer.sharma123@gmail.com)