JasveerSDadahoor7ਪਾਣੀ ਦੀ ਕੀਮਤ ਉਨ੍ਹਾਂ ਰਾਜਾਂ ਨੂੰ ਪੁੱਛ ਵੇਖੋਜਿਹੜੇ ਸੋਕਾ ਗ੍ਰਸਤ ਐਲਾਨੇ ਜਾ ਚੁੱਕੇ ਹਨ ...
(1 ਅਕਤੂਬਰ 2016)


ਪਾਣੀ ਵਾਹਿਗੁਰੂ ਵੱਲੋਂ ਬਖ਼ਸ਼ੀ ਅਨਮੋਲ ਦਾਤ ਹੈ
ਇਸ ਦਾ ਵਰਣਨ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿਚ ਵੀ ਖੋਲ੍ਹ ਕੇ ਕੀਤਾ ਹੋਇਆ ਹੈ। ਪਰ ਜੋ ਅੱਜ ਦੇ ਹਾਲਾਤ ਹਨ, ਇਹ ਵੀ ਕਿਸੇ ਤੋਂ ਗੁੱਝੇ ਨਹੀਂ ਹਨ। ਦੇਸ਼ ਦੇ ਕਈ ਰਾਜਾਂ ਵਿੱਚ ਸੋਕੇ ਜਿਹੇ ਹਾਲਾਤਾਂ ਨੇ ਮਨੁੱਖਤਾ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈ। ਪਰ ਕੀ ਅਸੀਂ ਇਸ ਦੀ ਸੰਭਾਲ ਲਈ ਦਿਲੋਂ ਸੰਜੀਦਾ ਵੀ ਹਾਂ? ਇਸਦਾ ਜਵਾਬ ਸਹਿਜੇ ਹੀ ਮਿਲ ਜਾਂਦਾ ਹੈ, .... ਨਹੀਂ।

ਕੋਈ ਸਮਾਂ ਸੀ ਜਦੋਂ ਰਫਾ ਹਾਜਤ ਲਈ ਇਕ ਲੋਟਾ (ਬੋਤਲ) ਪਾਣੀ ਲੈ ਕੇ ਖੇਤਾਂ ਦੇ ਵਿੱਚ ਜਾਂਦੇ ਸਾਂ, ਇਕ ਗੜਵੀ ਪਾਣੀ ਦੀ ਲੈ ਕੇ ਦਾਤਣ ਜਾਂ ਸਮੇਂ ਦੇ ਨਾਲ ਬੁਰਸ਼ ਕਰ ਲੈਂਦੇ ਸਾਂ। ਉਨ੍ਹਾਂ ਸਮਿਆਂ ਦੇ ਵਿੱਚ ਪਾਣੀ ਦੀ ਕਿੱਲਤ ਵਾਲੀ ਕੋਈ ਗੱਲ ਵੀ ਨਹੀਂ ਸੀ। ਪਰ ਅੱਜ ਇਨ੍ਹਾਂ ਗੱਲਾਂ ਵੱਲ ਅਤਿਅੰਤ ਧਿਆਨ ਦੇਣ ਦੀ ਲੋੜ ਹੈ, ਪਰ ਕੋਈ ਧਿਆਨ ਦਿੰਦਾ ਨਹੀਂ। ਕਦੇ ਨਲਕੇ ਲਗਾਉਣ ਲਈ ਸਿਰਫ਼ 50 ਜਾਂ 60 ਫੁੱਟ ਬੋਰ ਕਰਕੇ ਵਧੀਆ ਪੀਣ ਵਾਲਾ ਪਾਣੀ ਨਿਕਲ ਆਉਂਦਾ ਸੀ। ਪਰ ਅੱਜ 300/400 ਫੁੱਟ ਥੱਲੇ ਜਾ ਕੇ ਵੀ ਪਾਣੀ ਨਹੀਂ ਲੱਭ ਰਿਹਾ। ਜਿਹੋ ਜਿਹਾ ਮਨੁੱਖ ਦਿਨੋਂ ਦਿਨ ਹੋ ਰਿਹਾ ਹੈ, ਵਾਹਿਗੁਰੂ ਵੀ ਓਸਾ ਹੀ ਹੋ ਰਿਹਾ ਹੈ। ਅੱਜ ਅਸੀਂ ਫਾਲਤੂ ਪਾਣੀ ਡੋਲ੍ਹਣ ਨੂੰ ਆਪਣੀ ਬਹਾਦਰੀ ਸਮਝਦੇ ਹਾਂ। ਵੇਖਿਆ ਜਾਂਦਾ ਹੈ ਕਿ ਇਕ ਇੰਚ ਦੀ ਪਾਈਪ ਲਾ ਕੇ ਕਾਰਾਂ ਧੋਣੀਆਂ, ਐਵੇਂ ਮਤਲਬ ਤੋਂ ਬਿਨਾ ਹੀ ਘਰਾਂ ਦੇ ਮੂਹਰੇ ਪਾਣੀ ਦਾ ਛਿੜਕਾਅ ਕਰਨਾ, ਬਗੀਚੀਆਂ ਨੂੰ ਫਾਲਤੂ ਪਾਣੀ ਦੇਈ ਜਾਣਾ, ਹੋਰ ਤਾਂ ਹੋਰ ਬੁਰਛ ਕਰਨ ਲੱਗਿਆਂ ਘੱਟੋ ਘੱਟ 10 ਲੀਟਰ ਪਾਣੀ ਡੋਲਣਾ, ਅੱਜ ਹਰ ਇਕ ਦੀ ਆਦਤ ਬਣ ਚੁੱਕੀ ਹੈਫਲੱਸ਼ ਦੇ ਬਾਥਰੂਮ ਕਰਨ ਵੇਲੇ ਵੀ ਘੜੀ ਘੜੀ ਪਾਣੀ ਛੱਡ ਦੇਣਾ ਜੋ ਕਿ ਇਕ ਵਾਰ ਟੈਂਕ ਵਿੱਚੋਂ ਪਾਣੀ ਛੱਡਣ ਤੇ ਘੱਟੋ ਘੱਟ ਅੱਠ ਲੀਟਰ ਪਾਣੀ ਡੋਲਿਆ ਜਾਂਦਾ ਹੈਇਸ ਨੂੰ ਅਸੀਂ ਆਪਣੀ ਸ਼ਾਨ ਸਮਝਦੇ ਹਾਂ।

ਪਾਣੀ ਦੀ ਕੀਮਤ ਉਨ੍ਹਾਂ ਰਾਜਾਂ ਨੂੰ ਪੁੱਛ ਵੇਖੋ, ਜਿਹੜੇ ਸੋਕਾ ਗ੍ਰਸਤ ਐਲਾਨੇ ਜਾ ਚੁੱਕੇ ਹਨ। 4-4 ਘੰਟੇ ਲਾਈਨ ਵਿੱਚ ਖੜ੍ਹਕੇ 10 ਲੀਟਰ ਪਾਣੀ ਦੀ ਵਾਰੀ ਆਉਂਦੀ ਹੈਜੇ ਚਾਰ ਘੰਟੇ ਖੜ੍ਹਨ ਤੋਂ ਬਾਅਦ ਜਦੋਂ ਤੁਹਾਡੀ ਵਾਰੀ ਆਵੇ ਤਾਂ ਟੈਂਕ ਵਿੱਚੋਂ ਪਾਣੀ ਖਤਮ ਹੋ ਜਾਵੇ, ਫਿਰ ਤੁਹਾਡੇ ’ਤੇ ਕੀ ਬੀਤੇਗੀ? ਇਸਦਾ ਅੰਦਾਜ਼ਾ ਹਰ ਇਨਸਾਨ ਲਾ ਸਕਦਾ ਹੈ।

ਆਮ ਹੀ ਲੋਕ ਗਰਮੀਆਂ ਦੇ ਸੀਜ਼ਨ ਵਿਚ ਪਹਾੜੀ ਇਲਾਕਿਆਂ ਲਈ ਨਿਕਲ ਜਾਂਦੇ ਹਨ। ਇਸ ਵਾਰ ਮੈਨੂੰ ਵੀ 13 ਤੋਂ 16 ਮਈ ਤਕ ਚਾਰ ਦਿਨ ਪਹਾੜੀ ਇਲਾਕੇ, (ਚਿੰਤਪੁਰਨੀ, ਜਵਾਲਾ ਜੀ, ਕਾਂਗੜਾ ਤੇ ਚਮੁੰਡਾ ਜੀ) ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਪਰ ਉੱਥੇ ਮੈਦਾਨੀ ਇਲਾਕੇ ਨਾਲੋਂ ਜ਼ਿਆਦਾ ਗਰਮੀ ਸੀ। ਸਾਰੇ ਹੀ ਚੋਅ ਜਾਂ ਨਦੀਆਂ ਸੁੱਕੀਆਂ ਹੋਈਆਂ ਸਨ। ਅੰਤਾਂ ਦੀ ਗਰਮੀ ਨਾਲ ਹਾਲੋ ਬੇਹਾਲ ਹੋਏ ਲੋਕ ਲੰਮੀਆਂ-ਲੰਮੀਆਂ ਲਾਈਨਾਂ ਲਾ ਕੇ ਆਪਣੀ ਆਸਥਾ ਲਈ ਮਾਤਾ ਜੀ ਦੇ ਦਰਸ਼ਨ ਕਰਨ ਲਈ ਘੰਟਿਆਂ ਬੱਧੀ ਖੜ੍ਹੇ ਰਹੇ। ਸੰਗਰਾਂਦ, ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀਹੋਣ ਕਰਕੇ ਬਹੁਤ ਹੀ ਜ਼ਿਆਦਾ ਭੀੜ ਨੇ ਸਾਵਣ ਮਹੀਨੇ ਵਿੱਚ ਮੇਲੇ ਦਾ ਰੂਪ ਧਾਰਨ ਕੀਤਾ ਹੋਇਆ ਸੀ। ਬੱਚਿਆਂ ਅਤੇ ਵੱਡਿਆਂ ਦਾ ਪਾਣੀ ਖੁਣੋ ਅੰਤਾਂ ਦਾ ਬੁਰਾ ਹਾਲ ਹੋ ਰਿਹਾ ਸੀ। ਕੀ ਹਾਲ ਹੋਵੇਗਾ ਆਉਣ ਵਾਲੇ ਸਮਿਆਂ ਵਿੱਚ ਜੇਕਰ ਅੱਜ ਵੀ ਅਸੀਂ ਆਪਣੇ ਕਰਤਵ ਤੋਂ ਮੂੰਹ ਮੋੜ ਲਿਆ।

ਗੱਲਾਂ ਕਰਨ ਵਾਲੇ ਤਾਂ ਇਹ ਵੀ ਕਹਿ ਰਹੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਮਾਪਿਆਂ ਸਾਹਮਣੇ ਬੱਚਿਆਂ ਨੂੰ ਪਾਣੀ ਦੀ ਬੂੰਦ ਤੱਕ ਨਹੀਂ ਮਿਲਣੀ। ਬੱਚੇ ਮਾਪਿਆਂ ਦੇ ਸਾਹਮਣੇ ਤੜਪ-ਤੜਪ ਕੇ ਮਰਨਗੇ। ਅਜਿਹੇ ਭਿਆਨਕ ਸਮੇਂ ਵਾਹਿਗੁਰੂ ਕਿਸੇ ’ਤੇ ਕਦੇ ਵੀ ਨਾ ਲਿਆਵੇ, ਪਰ ਆਪਾਂ ਨੂੰ ਵੀ ਆਪਣੇ ਫ਼ਰਜ਼ਾਂ ਤੋਂ ਮੁਨਕਰ ਨਹੀ ਹੋਣਾ ਚਾਹੀਦਾ। ਪਾਣੀ ਦੀ ਬੂੰਦ-ਬੂੰਦ ਬਚਾਈ ਕਿਸੇ ਲਾਚਾਰ ਨੂੰ ਜਿੰਦਗੀ ਬਖਸ਼ਣ ਵਿੱਚ ਸਹਾਈ ਹੋ ਸਕਦੀ ਹੈ ਪਰ ਅੱਜ ਹਰ ਘਰ ਦੇ ਵਿੱਚ ਇਨ੍ਹਾਂ ਗੱਲਾਂ ਤੋਂ ਲੜਾਈਆਂ ਪੈਂਦੀਆਂ ਹਨ। ਜੇਕਰ ਕੋਈ ਸਿਆਣਾ ਬੰਦਾ ਬੱਚਿਆਂ ਨੂੰ ਫਾਲਤੂ ਪਾਣੀ ਡੋਲ੍ਹਣ ਤੋਂ ਵਰਜਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਛੱਡੋ ਜੀ, ਸਾਰੀ ਦੁਨੀਆਂ ਦੇ ਨਾਲ ਹੀ ਹਾਂ। ਜਿਵੇਂ ਲੋਕਾਂ ਨਾਲ ਬੀਤੇਗੀ ਉਹੀ ਸਾਡੇ ਨਾਲ ਹੋਵੇਗਾ। ਪਰ ਦੋਸਤੋ ਇੱਥੇ ਹੀ ਅਸੀਂ ਗਲਤ ਹੋ ਜਾਂਦੇ ਹਾਂ। ਹੋ ਸਕਦਾ ਹੈ ਕਿ ਸਾਰੇ ਲੋਕ ਪਹਿਲਾਂ ਹੀ ਆਪਣਾ ਫ਼ਰਜ਼ ਸਮਝ ਕੇ ਪਾਣੀ ਦੀ ਬੱਚਤ ਕਰਦੇ ਹੋਣ ਤੇ ਆਪਾਂ ਹੀ ਲੇਟ ਹੋਈਏ। ਕਹਿਣ ਤੋਂ ਭਾਵ ਕਿ ਕਿਉਂ ਨਾ ਆਪਾਂ ਆਪਣੇ ਘਰ ਤੋਂ ਹੀ ਪਾਣੀ ਦੀ ਬੱਚਤ ਦੀ ਸ਼ੁਰੂਆਤ ਕਰੀਏ ਤਾਂ ਕਿ ਸੋਕਾ ਗ੍ਰਸਤ ਇਲਾਕਿਆਂ ਨੂੰ ਵੀ ਜ਼ਿੰਦਗੀ ਜੀਣ ਲਈ ਪਾਣੀ ਮਿਲ ਸਕੇ। ਅਜਿਹੇ ਨੇਕ ਕੰਮਾਂ ਵਿੱਚ ਬਿਲਕੁਲ ਦੇਰ ਨਾ ਕਰੀਏ, ਆਉਣ ਵਾਲੇ ਭਿਆਨਕ ਸਮੇਂ ਤੋਂ ਬਚਣ ਲਈ ਇਸ ਪਾਣੀ ਦੀ ਬੂੰਦ-ਬੂੰਦ ਨੂੰ ਸੰਭਾਲਣ ਦਾ ਅੱਜ ਤੋਂ ਹੀ ਤਹਈਆ ਕਰੀਏ।

ਗੁਰੂ ਸਾਹਿਬਾਨਾਂ ਦੀ ਬਾਣੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ, “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ” ਦੇਰ ਆਏ ਦਰੁਸਤ ਆਏ ਦੇ ਮਹਾਂ ਵਾਕਾਂ ਅਨੁਸਾਰ ਅੱਜ ਤੋਂ ਹੀ ਨਹੀਂ, ਹੁਣੇ ਤੋਂ ਹੀ ਆਪਾਂ ਇਸ ’ਤੇ ਅਮਲ ਕਰਕੇ ਬਹੁਤ ਅਨਮੋਲ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਸਕਦੇ ਹਾਂ।

*****

(448)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

 

About the Author

ਜਸਵੀਰ ਸ਼ਰਮਾ ਦਦਾਹੂਰ

ਜਸਵੀਰ ਸ਼ਰਮਾ ਦਦਾਹੂਰ

Dadahoor, Sri Mukatsar Sahib, Punjab, India.
Phone: (91 - 94176 - 22046)
Email: (jasveer.sharma123@gmail.com)