“ਕਈ ਬਜ਼ੁਰਗ, ਵਿਕਲਾਂਗ, ਬਿਮਾਰ ਲੋਕ ਵੀ ਵੋਟ ਪਾਉਣ ਤੋਂ ਵਾਂਝੇ ਨਾ ਰਹੇ। ਪੁਲਿਸ ...”
(17 ਦਸੰਬਰ 2025)

ਜਿਉਂ ਹੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬਿਗਲ ਵੱਜਿਆ, ਬਹੁਤ ਸਾਰੇ ਅਧਿਆਪਕਾਂ ਦੇ ਨਾਲ ਮੇਰੀ ਡਿਊਟੀ ਵੀ ਆ ਗਈ। ਕਈ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਪਹਿਲਾਂ ਤਾਂ ਘਬਰਾਹਟ ਜਿਹੀ ਹੋਈ, ਫਿਰ ਇੱਕ ਸਹੇਲੀ ਨਾਲ ਗੱਲ ਕੀਤੀ। ਉਸਨੇ ਵੀ ਹੱਸਦਿਆਂ ਇਹੀ ਕਿਹਾ, “ਜੇ ਨੌਕਰੀ ਏ ਤਾਂ ਨਖਰਾ ਕੀ?” ਇਹ ਸੋਚਕੇ ਮਨ ਨੂੰ ਸਕੂਨ ਜਿਹਾ ਮਿਲਿਆ ਕਿ ਸ਼ੁਕਰ ਏ ਮੇਰੇ ਪਤੀ ਦੀ ਡਿਊਟੀ ਨਹੀਂ ਸੀ ਆਈ। ਇੱਕ ਮੇਰੇ ਨਾਲ ਡਿਊਟੀ ਦੇਣ ਵਾਲਾ ਮੇਰੇ ਭਰਾ ਦਾ ਸਹਿਕਰਮੀ ਅਤੇ ਦੋਸਤ ਗੁਰਵਿੰਦਰ ਵੀ ਸ਼ਾਮਲ ਸੀ।
ਰਿਹਰਸਲ ਮੇਰੇ ਘਰ ਤੋਂ ਕਾਫ਼ੀ ਦੂਰ ਸੀ। ਅਜੇ ਪਹਿਲੀ ਰਿਹਰਸਲ ’ਤੇ ਹੀ ਗਈ ਸੀ ਜਦੋਂ ਪਤੀ ਦੀ ਡਿਊਟੀ ਵੀ ਆ ਗਈ। ਫਿਰ ਸ਼ੁਰੂ ਹੋ ਗਿਆ ਆਉਣ-ਜਾਣ ਦਾ ਫਿਕਰ ਕਿ ਕੀ ਪਤਾ ਡਿਊਟੀ ਕਿੱਥੇ ਲੱਗੇਗੀ? ਕਿਵੇਂ ਅਤੇ ਕਿਸ ਨਾਲ ਜਾਵਾਂਗੀ? ਫਿਰ ਵੀ ਮੇਰੇ ਭਰਾ ਨੇ ਹੌਸਲਾ ਦਿੱਤਾ, “ਮੈਂ ਹੈਗਾ ਆਂ। ਜਿੱਥੇ ਵੀ ਕਹੇਂਗੀ, ਤੈਨੂੰ ਲੈ ਜਾਵਾਂਗਾ ਤੇ ਲੈ ਵੀ ਆਵਾਂਗਾ।”
ਆਉਣ-ਜਾਣ ਦੀ ਔਖਿਆਈ, ਕਪਲ ਕੇਸ, ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਮੈਂ ਡਿਊਟੀ ਕਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕੈਨੇਡਾ ਵਿੱਚ ਰਹਿ ਰਹੇ ਬੇਟੇ ਨੇ ਵੀ ਫੋਨ ਕਰਕੇ ਇਹੀ ਕਿਹਾ, “ਮੰਮਾ, ਆਉਣ-ਜਾਣ ਦਾ ਸਟਰੈਸ ਨਾ ਲਵੋ। ਜੇ ਕੋਈ ਵੀ ਹੀਲਾ ਨਾ ਬਣਿਆ ਤਾਂ ਟੈਕਸੀ ਕਰਵਾ ਲੈਣਾ।” ਪਰ ਸੁਰੱਖਿਆ ਪੱਖੋਂ ਮੈਂ ਅਜਿਹਾ ਵੀ ਨਾ ਕਰ ਸਕੀ। ਚੋਣਾਂ ਵਿੱਚ ਡਿਊਟੀ ਦੇਣੀ ਔਖੀ ਨਹੀਂ ਹੁੰਦੀ, ਜੇ ਪੁਖਤਾ ਪ੍ਰਬੰਧ ਕੀਤੇ ਜਾਣ, ਡਿਊਟੀਆਂ ਘਰ ਦੇ ਨੇੜੇ ਲਾਈਆਂ ਜਾਣ। ਇਹ ਨਹੀਂ ਕਿ ਸਾਰਿਆਂ ਨੂੰ ਉਲਟ ਦਿਸ਼ਾ ਵਿੱਚ ਦੂਰ ਹੀ ਭੇਜਣਾ ਹੈ। ਔਰਤਾਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਜਾਣ। ਫਿਰ ਡਿਊਟੀ ਦੇਣੀ ਕੀ ਔਖੀ ਹੈ?”
ਜਿਸ ਦਿਨ ਸਮਾਨ ਮਿਲਣਾ ਸੀ, ਉਸ ਦਿਨ ਇੱਕ ਮੈਡਮ ਅਤੇ ਉਨ੍ਹਾਂ ਦੇ ਪਤੀ ਨਾਲ ਕਾਰ ਵਿੱਚ ਚਲੀ ਗਈ। ਦਸ ਵਜੇ ਪਹੁੰਚਕੇ ਕੋਈ ਤਿੰਨ ਕੁ ਵਜੇ ਪਤਾ ਲੱਗਾ ਕਿ ਮੇਰੇ ਘਰ ਤੋਂ 50-60 ਕਿਲੋਮੀਟਰ ਦੂਰ ਡਿਊਟੀ ਲੱਗੀ ਹੈ। ਸੁਣਕੇ ਇੱਕ ਵਾਰੀ ਤਾਂ ਮਨ ਘਬਰਾ ਜਿਹਾ ਗਿਆ ਕਿ ਕੀ ਪਤਾ ਕਿਹੋ ਜਿਹਾ ਪਿੰਡ ਅਤੇ ਲੋਕ ਹੋਣਗੇ। ਪਰ ਮੇਰੇ ਨਾਲ ਵਾਲੀ ਮੈਡਮ ਅਨੀਤਾ ਬਹੁਤ ਹਸਮੁੱਖ, ਮਿਲਣਸਾਰ ਜਿਹੀ ਲੱਗੀ। ਉਸਨੂੰ ਦੇਖ ਕੇ ਹੌਸਲਾ ਮਿਲਿਆ ਕਿਉਂਕਿ ਉਹ ਵੀ ਮੇਰੇ ਸ਼ਹਿਰ ਦੀ ਹੀ ਸੀ। ਜਦੋਂ ਸਮਾਨ ਮਿਲ ਗਿਆ ਤਾਂ ਮੇਰੇ ਭਰਾ ਦੇ ਦੋਸਤ ਨੇ ਸਾਨੂੰ ਕਹਿ ਦਿੱਤਾ, “ਭੈਣਜੀ, ਸਮਸਪੁਰ ਤੋਂ ਵਾਪਸ ਜਾਂਦੇ ਤੁਸੀਂ ਬਹੁਤ ਲੇਟ ਹੋ ਜਾਵੋਂਗੇ। ਤੁਸੀਂ ਇਉਂ ਕਰੋ, ਵਾਪਸ ਘਰ ਚਲੇ ਜਾਓ, ਬੱਸ ਸਵੇਰੇ ਸਮੇਂ ਸਿਰ ਪਹੁੰਚ ਜਾਣਾ।”
ਚਲੋ ਜੀ, ਉਸ ਦਿਨ ਤਾਂ ਅਸੀਂ ਬੱਸ ਲੈ ਕੇ ਸ਼ਾਮ ਛੇ-ਸੱਤ ਵਜੇ ਘਰ ਆ ਕੇ ਸੁਖ ਦਾ ਸਾਹ ਲਿਆ, ਪਰ ਬਾਕੀਆਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਪਹੁੰਚਦਿਆਂ ਹੀ 9-10 ਵੱਜ ਗਏ।
ਹੁਣ ਦੂਜੇ ਦਿਨ ਸਵੇਰੇ ਸਹੀ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਸਮੱਸਿਆ ਸੀ ਕਿਉਂਕਿ ਮੇਰੇ ਪਤੀ ਦੀ ਵੀ ਡਿਊਟੀ ਸੀ। ਮੈਡਮ ਦੇ ਪਤੀ ਦਾ ਕੰਮ ਵੀ ਕਾਫ਼ੀ ਦੂਰ ਸੀ। ਸਾਨੂੰ ਇਹ ਹੌਸਲਾ ਜ਼ਰੂਰ ਸੀ ਕਿ ਅਸੀਂ ਦੋ ਜਣੀਆਂ ਹਾਂ, ਜੇ ਟੈਕਸੀ ਕਰਕੇ ਵੀ ਜਾਣਾ ਪਿਆ ਤਾਂ ਚਲੀਆਂ ਜਾਵਾਂਗੀਆਂ।
ਸਵੇਰੇ ਤਿੰਨ ਵਜੇ ਉੱਠਕੇ ਮੈਂ 10-15 ਆਲੂ ਵਾਲੇ ਪਰੌਂਠੇ ਬਣਾ ਲਏ ਤਾਂ ਕਿ ਸਾਡੀ ਟੀਮ ਦੇ ਜਿਹੜੇ ਬੰਦੇ ਡਿਊਟੀ ’ਤੇ ਸੀ, ਜਾ ਕੇ ਉਹਨਾਂ ਨੂੰ ਨਾਸ਼ਤਾ ਕਰਵਾ ਦੇਈਦੇ। ਨਾਲ ਵਾਲੇ ਮੈਡਮ ਚਾਹ ਦੀ ਥਰਮਸ ਭਰ ਲਿਆਏ। ਮੈਡਮ ਦੇ ਪਤੀ ਸਾਨੂੰ ਕਾਰ ਵਿੱਚ ਛੱਡਕੇ ਆਏ। ਟੁੱਟੀਆਂ ਸੜਕਾਂ, ਉੱਪਰੋਂ ਧੁੰਦ ਅਤੇ ਹਨੇਰਾ, ਸੁੰਨਾ ਜਿਹਾ ਰਸਤਾ ਲੱਗਿਆ, ਜਿੱਥੇ ਇਕੱਲੀ-ਇਕਹਿਰੀ ਔਰਤ ਲਈ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ।
ਪੋਲਿੰਗ ਬੂਥ ਬਿਲਕੁਲ ਘੱਗਰ ਦੇ ਕਿਨਾਰੇ, ਇੱਕ ਬਹੁਤ ਪੁਰਾਣੀ 1959 ਈ. ਦੀ ਬਣੀ ਹੋਈ ਧਰਮਸ਼ਾਲਾ ਵਿੱਚ ਬਣਾਇਆ ਹੋਇਆ ਸੀ। ਉੱਥੇ ਤਕ ਕਾਰ ਨਹੀਂ ਸੀ ਪਹੁੰਚਦੀ। ਗਲੀਆਂ ਪੱਟੀਆਂ ਪਈਆਂ ਸੀ। ਪਿਛਲੇ ਦਿਨੀਂ ਘੱਗਰ ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨ ਦੇ ਚਿੰਨ੍ਹ ਸਾਫ ਦਿਖਾਈ ਦੇ ਰਹੇ ਸਨ। ਅਸੀਂ ਕਾਰ ਦੂਰ ਖੜ੍ਹੀ ਕਰਕੇ ਪੁੱਛਦੇ-ਪੁਛਾਉਂਦੇ ਧਰਮਸ਼ਾਲਾ ਪਹੁੰਚੇ। ਧਰਮਸ਼ਾਲਾ ਵਿੱਚ ਕੋਈ ਬਾਥਰੂਮ ਜਾਂ ਪਾਣੀ ਦਾ ਸਾਧਨ ਤਾਂ ਨਹੀਂ ਸੀ, ਹਾਂ! ਉੱਥੋਂ ਦੇ ਸਰਪੰਚ ਨੇ ਨੇੜੇ ਵਾਲੇ ਘਰ ਵਿੱਚ ਕਿਹਾ ਹੋਇਆ ਸੀ।
ਵੋਟਾਂ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਚਾਹ ਅਤੇ ਪਰੌਂਠੇ ਖਵਾ ਦਿੱਤੇ। ਇੰਨੇ ਚਿਰ ਵਿੱਚ ਸਫਾਈ ਸੇਵਕਾਂ ਨੇ ਆ ਕੇ ਝਾੜੂ ਲੱਗਾ ਦਿੱਤਾ। ਵੋਟਾਂ ਸ਼ੁਰੂ ਕਰਨ ਤੋਂ ਥੋੜ੍ਹਾ ਚਿਰ ਪਹਿਲਾਂ ਅਸੀਂ ਬਾਥਰੂਮ ਜਾਣ ਲਈ ਨੇੜੇ ਵਾਲੇ ਘਰ ਵਿੱਚ ਚਲੀਆਂ ਗਈਆਂ। ਉਹ ਸਾਨੂੰ ਬਹੁਤ ਪਿਆਰ ਨਾਲ ਮਿਲੇ। ਉਹ ਵਧੀਆ ਸਰਦਾਰਾਂ ਦਾ ਘਰ ਸੀ।
ਅਸੀਂ ਵੋਟਾਂ ਦਾ ਸਿਲਸਿਲਾ ਸਮੇਂ ਸਿਰ ਸ਼ੁਰੂ ਕਰ ਲਿਆ। ਸਾਰਿਆਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲ ਲਈਆਂ। ਵੋਟ ਪਾਉਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਦੇਖਦੇ ਹੀ ਦੇਖਦੇ ਪੁਰਾਣੀ ਜਿਹੀ ਲਗਦੀ ਧਰਮਸ਼ਾਲਾ ਰੌਣਕਾਂ ਨਾਲ ਭਰ ਗਈ। ਸਾਨੂੰ ਸਾਰੇ ਕਰਮਚਾਰੀਆਂ ਨੂੰ ਸਿਰ ਖੁਰਕਣ ਦੀ ਵਿਹਲ ਨਾ ਮਿਲੀ। ਥੋੜ੍ਹੇ ਚਿਰ ਵਿੱਚ ਅਸੀਂ ਸਵਾ ਸੌ ਵੋਟ ਭੁਗਤਾ ਕੇ ਪਹਿਲੀ ਰਿਪੋਰਟ ਭੇਜ ਦਿੱਤੀ। ਫਿਰ ਥੋੜ੍ਹਾ ਜਿਹਾ ਸਾਹ ਮਿਲਿਆ। ਦਸ ਕੁ ਵਜੇ ਮੈਂ ਨਾਲ ਵਾਲੇ ਘਰ ਫਿਰ ਗਈ ਤਾਂ ਉਨ੍ਹਾਂ ਨੇ ਘਰ ਲੱਗੇ ਸੰਤਰਿਆਂ ਦਾ ਤਾਜ਼ਾ ਜੂਸ ਪਿਲਾਇਆ। ਪੁੱਛਣ ’ਤੇ ਪਤਾ ਲੱਗਿਆ ਉਹ ਭੈਣ ਮੇਰੇ ਪੇਕਿਆਂ ਦੇ ਨੇੜੇ ਪਿੰਡ ਦੀ ਸੀ। ਇੰਨਾ ਹੀ ਨਹੀਂ, ਉਹ ਸਾਡੇ ਗੋਤੀ ‘ਕਾਲੇਕਾ ਸਰਾਓ’ ਦੀ ਧੀ ਸੀ। ਉਨ੍ਹਾਂ ਦੀ ਨੂੰਹ ਵੀ ਬੜੀ ਸੋਹਣੀ ਅਤੇ ਸਿਆਣੀ ਸੀ। ਦੇਖਣ ਤੋਂ ਉਹ ਮਾਂਵਾਂ-ਧੀਆਂ ਹੀ ਲਗਦੀਆਂ ਸਨ। ਉਨ੍ਹਾਂ ਦਾ ਪੋਤਾ ਤੇ ਪੋਤੀ ਵੀ ਬੜੇ ਪਿਆਰੇ ਸਨ। ਉਨ੍ਹਾਂ ਨੇ ਸਾਨੂੰ ਰੋਟੀ ਖਾਣ ਲਈ ਬੜਾ ਜ਼ੋਰ ਲਾਇਆ। ਫਿਰ ਜਦੋਂ ਦੂਜੇ ਮੈਡਮ ਗਏ, ਉਨ੍ਹਾਂ ਨੂੰ ਵੀ ਤਾਜ਼ਾ ਜੂਸ ਪਿਲਾਇਆ।
ਪਿੰਡ ਦੇ ਸਰਪੰਚ, ਪੰਚ ਤੇ ਹੋਰ ਲੋਕਾਂ ਦਾ ਵਤੀਰਾ ਬਹੁਤ ਵਧੀਆ ਸੀ। ਪਾਣੀ ਦੀਆਂ ਬੋਤਲਾਂ, ਚਾਹ, ਬਿਸਕੁਟ ਲਿਆਏ। ਬਹੁਤ ਪਿਆਰ ਨਾਲ ਦੁਪਹਿਰ ਦਾ ਖਾਣਾ ਖਵਾਇਆ। ਸਾਰੇ ਪੋਲਿੰਗ ਸਟਾਫ ਦਾ ਬੜਾ ਖਿਆਲ ਰੱਖਿਆ। ਹੁਣ ਉਹ ਲੋਕ ਸਾਨੂੰ ਆਪਣੇ ਜਾਪਣ ਲੱਗੇ।
ਉਨ੍ਹਾਂ ਲੋਕਾਂ ਦਾ ਵੋਟਾਂ ਪਾਉਣ ਦਾ ਉਤਸ਼ਾਹ ਦੇਖਕੇ ਅਸੀਂ ਹੈਰਾਨ ਰਹਿ ਗਏ। 74% ਵੋਟਾਂ ਪਈਆਂ। ਕਈ ਬਜ਼ੁਰਗ, ਵਿਕਲਾਂਗ, ਬਿਮਾਰ ਲੋਕ ਵੀ ਵੋਟ ਪਾਉਣ ਤੋਂ ਵਾਂਝੇ ਨਾ ਰਹੇ। ਪੁਲਿਸ ਕਰਮਚਾਰੀਆਂ ਅਤੇ ਸਾਡੇ ਸਾਰੇ ਪੋਲਿੰਗ ਸਟਾਫ ਦਾ ਸਹਿਯੋਗ ਕਾਬਲੇ ਤਾਰੀਫ ਸੀ।
ਵੋਟਾਂ ਦਾ ਕੰਮ ਆਪਣੀ ਸਮਾਪਤੀ ਵੱਲ ਵਧ ਰਿਹਾ ਸੀ ਕਿ ਕਿਸੇ ਗਲਤ-ਫਹਿਮੀ ਕਾਰਨ ਬਾਹਰ ਕੁਛ ਲੋਕਾਂ ਦੀ ਬਹਿਸ-ਬਾਜ਼ੀ ਹੋ ਗਈ, ਜੋ ਉਨ੍ਹਾਂ ਨੇ ਫੌਰਨ ਹੱਲ ਕਰ ਲਈ।
ਵੋਟਾਂ ਦੀ ਸਮਾਪਤੀ ਤੋਂ ਬਾਅਦ ਅਸੀਂ ਆਪਣਾ ਰਹਿੰਦਾ ਕੰਮ ਪੂਰਾ ਕੀਤਾ ਤਾਂ ਕਿ ਸਮਾਨ ਜਮ੍ਹਾਂ ਕਰਵਾਉਣ ਵੇਲੇ ਕੋਈ ਰੁਕਾਵਟ ਨਾ ਪਵੇ।
ਵਾਪਸੀ ’ਤੇ ਬੱਸ ਵਿੱਚ ਬੈਠਦਿਆਂ ਸਾਨੂੰ ਛੇ ਵੱਜ ਗਏ ਸਨ। ਆਉਣ ਤੋਂ ਪਹਿਲਾਂ ਮੈਂ ਆਪਣੀ ਨਵੀਂ ਬਣੀ ਭੈਣ ਨੂੰ ਮਿਲ ਕੇ ਆਈ। ਉਨ੍ਹਾਂ ਨਾਲ ਬਹੁਤ ਗੱਲਾਂ ਕੀਤੀਆਂ। ਮੈਨੂੰ ਇਹ ਸੁਣਕੇ ਬਹੁਤ ਦੁੱਖ ਲੱਗਾ ਕਿ ਹੜ੍ਹਾਂ ਸਮੇਂ ਘੱਗਰ ਦੇ ਚੜ੍ਹਨ ਕਰਕੇ ਇਨ੍ਹਾਂ ਦੀ ਸਾਰੀ ਦੀ ਸਾਰੀ ਫਸਲ ਤਬਾਹ ਹੋ ਗਈ ਸੀ। ਪਰ ਫਿਰ ਵੀ ਇਹ ਲੋਕ ਚੜ੍ਹਦੀ ਕਲਾ ਵਿੱਚ ਸਨ। ਸਰਕਾਰ ਨੂੰ ਇਸਦੇ ਵੀ ਪੱਕੇ ਅਤੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਲੋਕਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।
ਜਿਉਂ ਹੀ ਉਹ ਭੈਣ ਮੈਨੂੰ ਬੂਹੇ ਤਕ ਵਿਦਾ ਕਰਨ ਆਈ ਤਾਂ ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਵੱਡਾ ਲਿਫ਼ਾਫ਼ਾ ਸੰਤਰਿਆਂ ਦਾ ਭਰ ਲਿਆਈ। ਸਵੇਰੇ ਬਿਗਾਨੇ ਅਤੇ ਓਪਰੇ ਲਗਦੇ ਲੋਕ ਵਾਪਸ ਮੁੜਨ ਤਕ ਕਦੋਂ ਆਪਣੇ ਬਣ ਗਏ, ਪਤਾ ਹੀ ਨਹੀਂ ਲੱਗਾ। ਸੱਚੀ! ਉਨ੍ਹਾਂ ਤੋਂ ਵਿਛੜਨ ਵੇਲੇ ਮੇਰਾ ਦਿਲ ਘਟ ਰਿਹਾ ਸੀ। ਆਉਣ ਵੇਲੇ ਧਰਮਸ਼ਾਲਾ ਦੇ ਗੇਟ ਦੇ ਬਾਹਰ ਖੜ੍ਹੇ ਪੰਚ, ਸਰਪੰਚ ਤੇ ਹੋਰ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਕੇ ਅਸੀਂ ਬੱਸ ਵਿੱਚ ਬੈਠ ਗਏ। ਵਾਪਸੀ ਵੇਲੇ ਮੇਰੇ ਮਨ ਵਿੱਚ ਡਿਊਟੀ ਸਬੰਧੀ ਕੋਈ ਭੈਅ ਨਹੀਂ ਸੀ, ਸਗੋਂ ਮੈਂ ਆਪਣੇ ਨਾਲ ਘੱਗਰ ਕਿਨਾਰੇ ਵਸਦੇ ਇਨ੍ਹਾਂ ਦੇਵਤਿਆਂ ਵਰਗੇ ਲੋਕਾਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਮੋਹ-ਮੁਹੱਬਤ ਦੀਆਂ ਪੰਡਾਂ ਭਰਕੇ ਲਿਆ ਰਹੀ ਸੀ। ਤੇ ਮਨ ਹੀ ਮਨ ਇਨ੍ਹਾਂ ਦੀ ਖੁਸ਼ਹਾਲੀ ਲਈ ਅਰਦਾਸ ਵੀ ਕਰ ਰਹੀ ਸੀ।
ਛੋਟੇ ਵੀਰ ਗੁਰਵਿੰਦਰ ਦੀ ਵੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਸਨੇ ਇਹ ਕਹਿ ਕੇ, “ਭੈਣ! ਮੈਂ ਹੈਗਾਂ, ਤੈਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ।” ਮੇਰੇ ਫਿਕਰਾਂ ਨੂੰ ਕਾਫੂਰ ਵਾਂਗ ਉਡਾ ਦਿੱਤਾ। ਇਹ ਸ਼ਬਦ ਉਸਨੇ ਸਿਰਫ ਕਹੇ ਹੀ ਨਹੀਂ, ਬਲਕਿ ਕਮਾਏ ਵੀ। ਜੇ ਕੋਈ ਇੰਨਾ ਕਹਿ ਦੇਵੇ, “ਮੈਂ ਹੈਗਾਂ ਜਾਂ ਹੈਗੀ ਆਂ।” ਬੱਸ ਇਹ ਸ਼ਬਦ ਸਮਝੋ ਤੁਹਾਨੂੰ ਉਡਣ ਲਾ ਦਿੰਦੇ ਹਨ। ਬਾਕੀ ਆਪੋ-ਆਪਣੀ ਡਿਊਟੀ ਤਾਂ ਆਪਾਂ ਨਿਭਾਉਣੀ ਹੀ ਹੁੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (