“ਤੂੰ ਹੁਣ ਲੋਕਾਂ ਦੀਆਂ ਉਮੀਦਾਂ ਦੀ ਕਦਰ ਕੀਤੀ ਹੈ, ਹੌਸਲਾ ਇਕੱਠਾ ਕੀਤਾ ਹੈ ਅਤੇ ...”
(15 ਦਸੰਬਰ 2025)
ਸਵਾਗਤ ਹੈ ਵਿਨੇਸ਼ ਫੋਗਾਟ! ਤੂੰ ਭਾਰਤ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉੱਤਰਨ ਲਈ ਮੁੜ ਹੌਸਲਾ ਕੀਤਾ ਹੈ, ਦਲੇਰੀ ਵਿਖਾਈ ਹੈ। ਤੂੰ ਕਿਹਾ ਹੈ ਕਿ “ਅੱਗ ਕਦੇ ਖਤਮ ਨਹੀਂ ਹੁੰਦੀ?” ਭਾਰਤ ਦੇ ਲੋਕ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੋਣਗੇ ਅਤੇ ਇਸ ਭਖਦੀ ਅੱਗ ਨੂੰ ਜਵਾਲਾਮੁਖੀ ਬਣਾਉਣ ਲਈ ਫੂਕਾਂ ਮਾਰ ਮਾਰ ਕੇ ਆਕਸੀਜਨ ਦਿੰਦੇ ਰਹਿਣਗੇ। ਤੇਰੀ ਮਿਹਨਤ ਅਤੇ ਭਾਰਤੀ ਲੋਕਾਂ ਦਾ ਸਾਥ ਰੂਪੀ ਹੌਸਲਾ ਜ਼ਰੂਰ ਰੰਗ ਲਿਆਵੇਗਾ। ਮੁੜ ਮੈਟ ’ਤੇ ਆਉਣ ਲਈ ਜੀ ਆਇਆਂ।
ਬੀਬਾ ਵਿਨੇਸ਼ ਜਦੋਂ ਤੈਨੂੰ ਪਿਛਲੇ ਸਾਲ ਉਲੰਪਿਕ ਖੇਡਾਂ ਤੋਂ ਬਾਹਰ ਕਰ ਦਿੱਤਾ ਸੀ, ਭਾਰਤ ਦੇ ਕਰੋੜਾਂ ਲੋਕਾਂ ਦੇ ਦਿਲਾਂ ’ਤੇ ਸੱਟ ਵੱਜੀ ਸੀ, ਕਿਉਂਕਿ ਤੇਰੇ ਨਾਲ ਇੱਕ ਸਾਜ਼ਿਸ ਤਹਿਤ ਕਥਿਤ ਧੋਖਾ ਹੋਇਆ ਸੀ। ਆਮ ਲੋਕ ਉਸ ਸਮੇਂ ਤੇਰੇ ਨਾਲ ਡਟ ਕੇ ਖੜ੍ਹ ਗਏ ਸਨ ਅਤੇ ਉਹਨਾਂ ਕਿਹਾ ਸੀ, “ਵਿਨੇਸ਼ ਫੋਗਾਟ ਤੂੰ ਹਾਰੀ ਨਹੀਂ, ਤੂੰ ਜੇਤੂ ਹੈਂ! ਤੂੰ ਕਰੋੜਾਂ ਭਾਰਤੀਆਂ ਦਾ ਦਿਲ ਜਿੱਤਿਆ ਹੈ, ਤੂੰ ਉਹਨਾਂ ਦੇ ਹਿਰਦਿਆਂ ਵਿੱਚ ਵਸ ਗਈ ਐਂ, ਤੇਰੇ ’ਤੇ ਭਾਰਤੀਆਂ ਨੂੰ ਮਾਣ ਹੈ। ਤੇਰੇ ਨਾਲ ਹੋਏ ਧੋਖੇ ਤੋਂ ਸਭ ਭਲੀ ਭਾਂਤ ਜਾਣੂ ਹਨ। ਉਲੰਪਿਕ ਦੇ ਇੱਕ ਤਗ਼ਮੇਂ ਨਾਲੋਂ ਸਮੁੱਚੇ ਭਾਰਤੀਆਂ ਦੇ ਦਿਲਾਂ ਦੇ ਤਗ਼ਮੇ ਕਿਤੇ ਭਾਰੀ ਹਨ, ਜੋ ਤੂੰ ਜਿੱਤ ਲਏ ਹਨ।” ਇਹ ਸਮੁੱਚੇ ਭਾਰਤੀਆਂ ਦੇ ਦਿਲਾਂ ਵਿੱਚੋਂ ਉੱਠੀ ਆਵਾਜ਼ ਸੀ। ਤੂੰ ਕਾਫ਼ੀ ਸਾਲਾਂ ਤੋਂ ਹੌਸਲੇ ਨਾਲ ਖੇਡ ਰਹੀ ਸੀ, ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗ਼ਮੇ ਜਿੱਤ ਚੁੱਕੀ ਸੀ, ਵਿਸ਼ਵ ਚੈਂਪੀਅਨਾਂ ਵਿੱਚ ਦੋ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪੈਰਿਸ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਤੈਥੋਂ ਸੋਨ ਤਗ਼ਮਾ ਜਿੱਤਣ ਦੀ ਵੱਡੀ ਆਸ ਸੀ, ਤੂੰ ਇਸ ਨਿਸ਼ਾਨੇ ਦੇ ਬਿਲਕੁਲ ਨਜ਼ਦੀਕ ਪਹੁੰਚ ਗਈ ਸੀ ਅਤੇ ਫਾਈਨਲ ਵਿੱਚ ਪਹੁੰਚਣ ਸਦਕਾ ਦੇਸ਼ ਲਈ ਇੱਕ ਤਗ਼ਮਾ ਪੱਕਾ ਕਰ ਲਿਆ ਸੀ।
ਤੂੰ ਸਾਜ਼ਿਸ ਦਾ ਸ਼ਿਕਾਰ ਹੋ ਗਈ ਸੀ। ਜਿੱਤਣ ਤੋਂ ਬਾਅਦ ਤੇਰੇ ’ਤੇ ਦੋਸ਼ ਲਾਇਆ ਗਿਆਾ ਸੀ ਕਿ ਤੇਰਾ ਭਾਰ ਸੌ ਗਰਾਮ ਵੱਧ ਹੈ। ਇਸ ਦੋਸ਼ ਨਾਲ ਤੈਨੂੰ ਕੇਵਲ ਹਾਰੀ ਹੋਈ ਕਰਾਰ ਨਹੀਂ ਦਿੱਤਾ ਬਲਕਿ ਕੁਸ਼ਤੀ ਮੁਕਾਬਲੇ ਵਿੱਚੋਂ ਹੀ ਬਾਹਰ ਕਰਦਿਆਂ ਤੇਰੀ ਮਿਹਨਤ ਮਿੱਟੀ ਵਿੱਚ ਰੋਲ ਦਿੱਤੀ ਗਈ। ਇਸਦਾ ਤੈਨੂੰ ਦੁੱਖ ਹੋਣਾ ਸੁਭਾਵਿਕ ਹੀ ਸੀ ਅਤੇ ਹੋਇਆ ਵੀ। ਪਰ ਇਹ ਦੁੱਖ ਕੇਵਲ ਤੈਨੂੰ ਨਹੀਂ, ਸਮੁੱਚੇ ਭਾਰਤ ਵਾਸੀਆਂ ਨੂੰ ਹੋਇਆ ਸੀ। ਸਵਾਲ ਉੱਠਿਆ ਸੀ ਕਿ ਜੇਕਰ ਤੇਰਾ ਭਾਰ ਸੌ ਗਰਾਮ ਵੱਧ ਸੀ ਤਾਂ ਉਲੰਪਿਕ ਐਸੋਸੀਏਸਨ ਨੇ ਪੰਜਾਹ ਕਿਲੋ ਵਜ਼ਨ ਵਿੱਚ ਖੇਡਣ ਦੀ ਇਜਾਜ਼ਤ ਹੀ ਕਿਉਂ ਦਿੱਤੀ? ਖੇਡ ਮੈਦਾਨ ਵਿੱਚ ਉੱਤਰਨ ਹੀ ਕਿਉਂ ਦਿੱਤਾ ਗਿਆ? ਜੇਕਰ ਤੇਰਾ ਭਾਰ ਸਹੀ ਸੀ ਤਾਂ ਫਿਰ ਜਿੱਤਣ ਤੋਂ ਬਾਅਦ ਇਹ ਦੋਸ਼ ਕਿਉਂ ਮੜ੍ਹਿਆ ਗਿਆ? ਇਸਤੋਂ ਇਹ ਸਪਸ਼ਟ ਹੈ ਕਿ ਤੇਰੇ ਨਾਲ ਧੋਖਾ ਹੋਇਆ ਸੀ, ਜੋ ਕਥਿਤ ਤੌਰ ’ਤੇ ਜਾਣਬੁੱਝ ਕੇ ਕੀਤਾ ਗਿਆ ਸੀ। ਸੈਮੀ ਫਾਈਨਲ ਵਿੱਚ ਕਿਊਬਾ ਦੀ ਜਿਸ ਪਹਿਲਵਾਨ ਵਾਈ ਗੂਜ਼ਮੈਨ ਲੋਪੇਜ਼ ਨੂੰ ਤੂੰ ਹਰਾ ਦਿੱਤਾ ਸੀ, ਉਸਨੂੰ ਫਾਈਨਲ ਮੈਚ ਖੇਡਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਤੇ ਉਹ ਅਮਰੀਕਾ ਦੀ ਸਾਰਾ ਐਨ ਹਿਲਡਰਬ੍ਰਾਂਟ ਤੋਂ ਹਾਰ ਗਈ ਹੈ। ਭਾਰਤ ਵਾਸੀਆਂ ਨੂੰ ਉਮੀਦ ਹੀ ਨਹੀਂ ਯਕੀਨ ਹੈ ਕਿ ਜੇਕਰ ਅਜਿਹੀ ਧੋਖੇਬਾਜ਼ੀ ਨਾ ਹੁੰਦੀ ਤਾਂ ਤੂੰ ਸੋਨ ਤਗ਼ਮਾ ਹਾਸਲ ਕਰ ਲੈਂਦੀ ਤੇ ਭਾਰਤ ਦਾ ਨਾਂ ਹੋਰ ਉੱਚਾ ਹੋ ਜਾਂਦਾ।
ਸਮੁੱਚੇ ਭਾਰਤੀਆਂ ਨੇ ਤੇਰੀ ਸਾਜ਼ਿਸੀ ਹਾਰ ਨੂੰ ਹਾਰ ਨਾ ਮੰਨਦਿਆਂ ਤੈਨੂੰ ਜੇਤੂ ਕਰਾਰ ਦਿੱਤਾ ਸੀ, ਤੈਨੂੰ ਹੱਥਾਂ ’ਤੇ ਚੁੱਕਦਿਆਂ ਮਾਣ ਸਨਮਾਨ ਦਿੱਤੇ ਗਏ ਸਨ। ਪਰ ਵੰਲੂਧਰੇ ਹਿਰਦੇ ਸਦਕਾ ਤੂੰ ਖੇਡਾਂ ਤੋਂ ਸਨਿਆਸ ਲੈ ਕੇ ਸਿਆਸਤ ਵਿੱਚ ਸ਼ਾਮਲ ਹੋ ਗਈ ਸੀ ਅਤੇ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਨ ਸਭਾ ਹਲਕਾ ਜੁਲਾਨਾ ਤੋਂ ਵਿਧਾਇਕ ਬਣ ਗਈ ਸੀ। ਸਿਆਸਤ ਇੱਕ ਵੱਖਰਾ ਖੇਤਰ ਹੈ, ਤੂੰ ਭਾਵੇਂ ਸਿਆਸਤ ਵਿੱਚ ਸਫਲ ਹੋ ਗਈ ਪਰ ਲੋਕ ਤੈਨੂੰ ਖਿਡਾਰਨ ਦੇ ਤੌਰ ’ਤੇ ਹੀ ਵੇਖਣਾ ਚਾਹੁੰਦੇ ਸਨ। ਤੂੰ ਹੁਣ ਲੋਕਾਂ ਦੀਆਂ ਉਮੀਦਾਂ ਦੀ ਕਦਰ ਕੀਤੀ ਹੈ, ਹੌਸਲਾ ਇਕੱਠਾ ਕੀਤਾ ਹੈ ਅਤੇ ਖੇਡਾਂ ਤੋਂ ਲਿਆ ਸਨਿਆਸ ਵਾਪਸ ਲੈ ਕੇ ਮੁੜ ਖੇਡਾਂ ਦੇ ਖੇਤਰ ਵਿੱਚ ਪਰਤਦਿਆਂ ਕੁਸ਼ਤੀ ਦੇ ਮੈਟ ’ਤੇ ਕਦਮ ਰੱਖਣ ਦਾ ਫੈਸਲਾ ਕੀਤਾ ਹੈ। ਭਾਰਤੀ ਲੋਕ ਤੇਰੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਤੂੰ ਕਿਹਾ ਹੈ ਕਿ ਅੱਗ ਕਦੇ ਖਤਮ ਨਹੀਂ ਹੁੰਦੀ, ਖੇਡ ਪ੍ਰੇਮੀ ਅਤੇ ਭਾਰਤ ਦੇ ਲੋਕ ਇਸ ਅੱਗ ਨੂੰ ਹੌਸਲੇ ਦੀਆਂ ਫੂਕਾਂ ਮਾਰ ਮਾਰ ਕੇ ਤੇਰਾ ਸਹਿਯੋਗ ਕਰਦੇ ਰਹਿਣਗੇ। ਤੈਥੋਂ ਆਸ ਹੈ ਕਿ ਤੂੰ ਸਾਲ 2028 ਵਿੱਚ ਲਾਸ ਏਂਗਲਸ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਹੋਰ ਉੱਚਾ ਕਰੇਂਗੀ। ਵੱਡੀ ਆਸ ਨਾਲ ਤੇਰਾ ਮੁੜ ਮੈਟ ’ਤੇ ਆਉਣ ਦਾ ਸਵਾਗਤ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (