“ਮੇਰੀ ਸਮਝ ਮੁਤਾਬਿਕ ‘ਵੇਲ ਰੁਪਏ ਦੀ ਵੇਲ’ ਇੱਕ ਪੜ੍ਹਨਯੋਗ ਪੁਸਤਕ ਹੈ। ਪੁਸਤਕ ਦੀ ਰੂਹ ...”![]()
(10 ਦਸੰਬਰ 2025)
ਕੈਲੇਫੋਰਨੀਆ ਵਸਦੇ ਸਮਰੱਥ ਕਵੀ, ਗ਼ਜ਼ਲਗੋ ਅਤੇ ਗੀਤਕਾਰ ਹਰਜਿੰਦਰ ਕੰਗ ਦੇ ਸਹਿਜਤਾ ਅਤੇ ਸੁਹਿਰਦਤਾ ਨਾਲ ਲਿਖੇ ਕਾਵਿ ਸੰਗ੍ਰਹਿ “ਵੇਲ ਰੁਪਏ ਦੀ ਵੇਲ” ਨੂੰ ਸਹਿਜ ਨਾਲ ਅਤੇ ਨਿੱਠ ਕੇ ਪੜ੍ਹਨ ਦਾ ਮੌਕਾ ਮਿਲਿਆ। ਇੱਕ ਪਾਠਕ ਵਜੋਂ ਇਹ ਮੇਰਾ ਖ਼ੁਦ ਦਾ ਮੰਨਣਾ ਹੈ ਕਿ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਰਚੀ ਹੋਈ ਮਿਆਰੀ ਰਚਨਾ ਜੇਕਰ ਪੜ੍ਹਨ ਵਾਲੇ ਨਾਲ ਸੰਵਾਦ ਰਚਾਉਂਦੀ ਹੈ, ਗੱਲਬਾਤ ਕਰਦੀ ਹੈ, ਉਂਗਲ ਫੜ ਕੇ ਆਪਣੇ ਨਾਲ ਤੋਰਦੀ ਹੈ, ਮਨ ਨੂੰ ਸਕੂਨ ਦਿੰਦੀ ਹੈ ਜਾਂ ਫਿਰ ਉਹਦੀ ‘ਰੂਹ ਨੂੰ ਧੂਹ’ ਪਾਉਂਦੀ ਹੈ ਤਾਂ ਉਹ ਇੱਕ ਖ਼ੂਬਸੂਰਤ ਅਤੇ ਸ਼ਾਹਕਾਰ ਸਾਹਿਤਕ ਰਚਨਾ ਹੁੰਦੀ ਹੈ।
ਕਵਿਤਾ ਨੂੰ ਸਾਹਿਤ ਦਾ ਪ੍ਰਥਮ ਰੂਪ ਮੰਨਿਆ ਗਿਆ ਹੈ। ਸੱਚ ਇਹ ਵੀ ਹੈ ਕਿ ਕਵਿਤਾ ਸੁਹਿਰਦ ਮਨੁੱਖੀ ਜਜ਼ਬਿਆਂ ਅਤੇ ਭਾਵਨਾਵਾਂ ਦਾ ਆਪ-ਮੁਹਾਰਾ ਪ੍ਰਵਾਹ ਹੁੰਦਾ ਹੈ। ਕਵਿਤਾ ਦੀ ਅਹਿਮੀਅਤ ਇਸਦੀ ਰੂਹ ਅੰਦਰ ਸਮਾਏ ਭਾਵ ਅਤੇ ਨਜ਼ਰੀਏ ’ਤੇ ਨਿਰਭਰ ਕਰਦੀ ਹੈ।
ਹਰਜਿੰਦਰ ਕੰਗ ਦੀ ਕਵਿਤਾ ਉਸਦੇ ਮਨ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀ ਹੈ। ਉਸਦੇ ‘ਕਾਵਿ-ਮਨ’ ਵਿਚਲੇ ਨਜ਼ਰੀਏ ਅਤੇ ਬਾਕਮਾਲ ਸ਼ਾਇਰੀ ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਵਿਸ਼ਾਲ ਕਾਫਲਾ ਮੋਹ ਮੁਹੱਬਤਾਂ ਦੀਆਂ ਪੈੜਾਂ ਪਾਉਂਦਾ ਅਤੇ ਵੰਨ-ਸੁਵੰਨੀਆਂ ਮਹਿਕਾਂ ਵੰਡਦਾ ਆਪਣੀ ਮੰਜ਼ਿਲ ਵੱਲ ਨਿਰੰਤਰਤਾ ਨਾਲ ਵਧ ਰਿਹਾ ਹੋਵੇ!
ਹਰਜਿੰਦਰ ਕੰਗ ਦਾ ਸਾਹਿਤ ਸੰਸਾਰ…
ਉੱਤਰੀ ਅਮਰੀਕਾ ਦੀ ਸਿਰਮੌਰ ਸੰਸਥਾ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ’ ਦੇ ਮੋਢੀਆਂ ਵਿੱਚੋਂ ਡਾ. ਗੁਰੂਮੇਲ ਸਿੱਧੂ ਦੇ ਸੰਸਥਾ ਦੇ ਦੂਸਰੇ ਮੋਢੀ ਹਰਜਿੰਦਰ ਕੰਗ ਬਾਰੇ ਵਿਚਾਰਾਂ ਨੂੰ ਪਾਠਕਾਂ ਨਾਲ ਸਾਂਝੇ ਕਰਨਾ ਬਣਦਾ ਹੈ। ਆਪਣੀ ਸਵੈ ਅਤੇ ਸਾਹਿਤਕ ਜੀਵਨੀ “ਸਿਮ੍ਰਤੀ ਦੇ ਹਾਸ਼ੀਏ” ਵਿੱਚ ਉਨ੍ਹਾਂ ਕਿਹਾ ਕਿ ਹਰਜਿੰਦਰ ਕੰਗ ਮਹਿਜ਼ ਕੁਸ਼ਲ ਗ਼ਜ਼ਲਗੋ ਹੀ ਨਹੀਂ, ਇੱਕ ਸੰਵੇਦਨਸ਼ੀਲ ਗੀਤਕਾਰ ਵੀ ਹੈ, ਜਿਸ ਨੂੰ ਗੀਤ ਦੀ ਬਣਤਰ ਅਤੇ ਬੁਣਤ ਦੀ ਬਰੀਕਬੀਨੀ ਸਮਝ ਹੈ। ਇਸਦਾ ਪ੍ਰਤੱਖ ਉਸਦੇ ਗੀਤਾਂ ਦੇ ਸੰਗ੍ਰਹਿ “ਆਪਾਂ ਦੋਵੇਂ ਰੁੱਸ ਬੈਠੇ” ਦੀ ਮਕਬੂਲੀਅਤ ਤੋਂ ਮਿਲ ਜਾਂਦਾ ਹੈ। ਉਸਦੇ ਗੀਤ ਜੀਵਨ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਅਤੇ ਸਥਾਈ ਸਚਾਈਆਂ ਨਾਲ ਵਾਬਸਤਾ ਹੋਣ ਦੇ ਨਾਤੇ ਸਮੇਂ ਵਿੱਚ ਸੁੰਨ ਨਹੀਂ ਹੁੰਦੇ, ਸੋਚ ਦੀ ਤਪਸ਼ ਨਾਲ ਹੋਰ ਵੀ ਪਘਰਦੇ ਹਨ। ਹਰਜਿੰਦਰ ਕੰਗ ਲਈ ਗ਼ਜ਼ਲ ਦੇ ਸ਼ਿਅਰ ਦਾ ਮੁਕੰਮਲ, ਸਪਸ਼ਟ ਅਤੇ ਭਾਵਪੂਰਤ ਹੋਣਾ ਬਹੁਤ ਲਾਜ਼ਮੀ ਹੈ।
ਵੇਲ ਰੁਪਏ ਦੀ ਵੇਲ…
ਹਰਜਿੰਦਰ ਕੰਗ ਦਾ ਸਾਹਿਤਕ ਸਫਰ ਤਾਂ ਉਸਦੇ ਤਿੰਨ ਕੁ ਦਹਾਕੇ ਪਹਿਲਾਂ ਆਏ ਪਲੇਠੇ ਗ਼ਜ਼ਲ ਸੰਗ੍ਰਹਿ ‘ਸਵਾਂਤੀ ਬੂੰਦ’ ਤੋਂ ਵੀ ਪਹਿਲਾਂ ਸ਼ੁਰੂ ਹੋ ਗਿਆ ਸੀ। ਦਹਾਕਿਆਂ ਦੇ ਸਾਹਿਤਕ ਪੈਂਡਿਆਂ ’ਤੇ ਮੜਕ ਨਾਲ ਤੁਰਦਿਆਂ ਉਸਨੇ ਪੰਜਵੀਂ ਪੁਸਤਕ ‘ਵੇਲ ਰੁਪਏ ਦੀ ਵੇਲ’ ਨੂੰ ਪਾਠਕਾਂ ਤਕ ਪੁੱਜਦਿਆਂ ਕੀਤਾ ਹੈ।
ਇਹ ਪੁਸਤਕ ਉਸਦੇ ਬਹੁਤ ਹੀ ਚਰਚਿਤ ਗੀਤ-ਸੰਗ੍ਰਹਿ ‘ਆਪਾਂ ਦੋਵੇਂ ਰੁੱਸ ਬੈਠੇ’ ਤੋਂ ਪੂਰੇ 14 ਸਾਲ ਦੀ ਸਹਿਜ, ਸਿਰਜਣਾਤਮਿਕ ਤਪੱਸਿਆ, ਚਿਣਗ ਅਤੇ ਚਿਰਾਗ਼ ਤੋਂ ਬਾਅਦ ਪਾਠਕਾਂ ਦੇ ਹੱਥਾਂ ਵਿੱਚ ਪਹੁੰਚੀ ਹੈ। ਇਸ ਲੰਮੀ ਔੜ ਦੌਰਾਨ ਹਰਜਿੰਦਰ ਕੰਗ ਅਤੇ ਉਸਦੀ ਕਵਿਤਾ ਆਪਸ ਵਿੱਚ ਬਿਲਕੁਲ ਵੀ ਨਹੀਂ ਰੁੱਸੇ। ਬਲਕਿ, ਹਰਜਿੰਦਰ ਕੰਗ ਹਰ ਪਲ ਕਵਿਤਾ ਨੂੰ ਮਾਣਦਾ ਅਤੇ ਜਿਊਂਦਾ ਰਿਹਾ ਅਤੇ ਕਵਿਤਾ ਵੀ ਉਸ ਨੂੰ ਜਿਊਂਦੀ ਰਹੀ!
ਅਕਸਰ ਕਿਹਾ ਜਾਂਦਾ ਹੈ ਕਿ ਵਿਛੜਨ ਵਾਲੇ ਪੂਰੀ ਤਰ੍ਹਾਂ ਕਦੇ ਵੀ ਨਹੀਂ ਵਿਛੜਦੇ ਹੁੰਦੇ। ਉਨ੍ਹਾਂ ਦਾ ਕੁਝ ਹਿੱਸਾ ਸਾਡੇ ਦਿਲ ਦੇ ਧੁਰ ਅੰਦਰ ਰਹਿ ਜਾਂਦਾ ਹੈ ਅਤੇ ਸਾਡਾ ਕੁਝ ਨਾ ਕੁਝ ਉਹ ਜ਼ਰੂਰ ਆਪਣੇ ਨਾਲ ਲੈ ਜਾਂਦੇ ਨੇ। ਜਵਾਨ ਬੱਚਿਆਂ ਦਾ ਇਸ ਸੰਸਾਰ ਵਿੱਚੋਂ ਬੇਵਕਤ ਰੁਖ਼ਸਤ ਹੋ ਜਾਣਾ ਜਾਨ ਹੀ ਕੱਢ ਲੈਂਦਾ ਹੈ। ਇਸ ਪੁਸਤਕ ਨੂੰ ਛੋਟੀ ਉਮਰ ਵਿੱਚ ਵਿਛੜ ਗਈ ਭਾਣਜੀ ‘ਸਵੀਨਾ’ ਨੂੰ ਸਮਰਪਿਤ ਕਰਦਿਆਂ… ਹਰਜਿੰਦਰ ਕੰਗ ਦੀ ਰੂਹ ਖ਼ੁਦ ਬ ਖ਼ੁਦ ਬਹੁਤ ਕੁਝ ਕਹਿ ਰਹੀ ਹੈ…
ਪਤਾ ਨਹੀਂ ਉਹ ਕਿਸ ਫੁੱਲ ਦੀ ਖੁਸ਼ਬੋ ਹੋ ਗਈ
ਰੱਬ ਜਾਣੇ ਉਹ ਕਿਸ ਤਾਰੇ ਦੀ ਲੋਅ ਹੋ ਗਈ…
‘ਸਵੀਨਾ ਪਬਲੀਕੇਸ਼ਨ ਕੈਲੇਫੋਰਨੀਆ’ ਦੁਆਰਾ ਪ੍ਰਕਾਸ਼ਿਤ 124 ਸਫਿਆਂ ਦੇ ਇਸ ਕਾਵਿ ਸੰਗ੍ਰਹਿ ਵਿੱਚ 91 ਵਿਭਿੰਨ ਰੰਗਾਂ-ਰਸਾਂ ਦੀਆਂ ਕਵਿਤਾਵਾਂ ਦਰਜ ਕੀਤੀਆਂ ਹਨ। ਪੁਸਤਕ ਦੇ ਨਾਮ ‘ਵੇਲ ਰੁਪਏ ਦੀ ਵੇਲ’ ਤੋਂ ਪਾਠਕਾਂ ਨੂੰ ਅਜੋਕੇ ਸਮੇਂ ਵਿੱਚ ਨਿੱਘਰ ਰਹੀਆਂ ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਅਤੇ ਪਦਾਰਥਵਾਦ ਦੇ ਬੋਲਬਾਲੇ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ।
ਸੰਵੇਦਨਸ਼ੀਲ ਅਤੇ ਕੋਮਲ ਰੂਹ ਵਾਲਾ ਹਰਜਿੰਦਰ ਕੰਗ ਇੱਕ ਲੋਕ ਕਵੀ ਹੈ, ਜੋ ਦੇਸ ਪਰਦੇਸ ਦੇ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਸਿਆਸੀ ਤਾਣਿਆਂ-ਬਾਣਿਆਂ ਅਤੇ ਵਰਤਾਰਿਆਂ ਦੇ ਨਾਲ-ਨਾਲ ਲੋਕਾਂ ਦੀ ਰੂਹ ਦੀ ਗੱਲ ਕਰਦਾ ਹੈ। ਸਿਰਫ ਗੱਲ ਹੀ ਨਹੀਂ ਕਰਦਾ, ਬਲਕਿ ਚਾਰ ਚੁਫੇਰੇ ਹੋ ਰਹੀ ਬੇਇਨਸਾਫ਼ੀ ਖਿਲਾਫ ਆਵਾਜ਼ ਵੀ ਬੁਲੰਦ ਕਰਦਾ ਹੈ।
ਇਸ ਕਾਵਿ ਸੰਗ੍ਰਹਿ ਨੂੰ ‘ਵੇਲ ਰੁਪਏ ਦੀ ਵੇਲ’ ਕਵਿਤਾ ਨਾਲ ਸ਼ੁਰੂ ਕਰਦਿਆਂ ਅਤੇ ਕੁਝ ਕੁ ਅਗਲੀਆਂ ਕਵਿਤਾਵਾਂ ਵਿੱਚ ਹਰਜਿੰਦਰ ਕੰਗ ਪਾਠਕ ਨੂੰ ਰੁਪਈਏ (ਪੈਸੇ) ਦੇ ਧੁਰੇ ਦੁਆਲੇ ਘੁੰਮਦੀ ਦੁਨੀਆਂ ਦੀ ਝਾਤੀ ਕੁਝ ਖ਼ੂਬਸੂਰਤ ਸ਼ਬਦ ਚਿੱਤਰਾਂ ਨਾਲ ਮਰਵਾਉਂਦਾ ਹੈ…
ਮੁੜ ਮੁੜ ਓਹੀ ਰੰਗ ਤਮਾਸ਼ੇ ਮੁੜ ਮੁੜ ਓਹੀ ਖੇਲ।
ਵੇਲ ਰੁਪਏ ਦੀ ਵੇਲ, ਵੇਲ ਰੁਪਏ ਦੀ ਵੇਲ।
ਵੱਡਾ ਬਹੁਤ ਅਡੰਬਰ ਹੋਇਆ
ਪੈਸਾ ਪੀਰ ਪੈਗ਼ੰਬਰ ਹੋਇਆ
ਇਸਦਾ ਪਹਿਲਾ ਨੰਬਰ ਹੋਇਆ
ਇਸਦੇ ਦਰ ’ਤੇ ਵਿਕਣੇ ਆਏ
ਜਲ, ਵਾਯੂ, ਮਿੱਟੀ, ਤੇਲ…
ਤੂੰ ਜ਼ਰਬਾਂ ਦਿੰਨੈ ਲੱਖਾਂ ਨੂੰ
ਕਿਉਂ ਇਕੱਠੇ ਕਰਦੈਂ ਕੱਖਾਂ ਨੂੰ
ਜ਼ਰਾ ਦੇਖ ਖੋਲ੍ਹ ਕੇ ਅੱਖਾਂ ਨੂੰ
ਅਰਬਾਂ ਖਰਬਾਂ ਵਾਲੇ ਬੰਦੇ
ਤੁਰ ਗਏ ਇੱਥੇ ਛੱਡ ਰੁਪਈਆ…
‘ਘਰ ਦੇ ਬੂਹੇ, ਪਿੰਡੋਂ ਹੋ ਕੇ ਆਇਆ ਹਾਂ, ਚੰਗਾ ਹੈ ਨਾ ਘਰ ਜਾਈਏ, ਅੱਧੇ ਅਧੂਰੇ, ਸੀਨੇ ਵਿੱਚ ਮਰ ਚੱਲੇ’ ਅਤੇ ਕੁਝ ਹੋਰ ਕਵਿਤਾਵਾਂ ਵਿੱਚ ਹਰਜਿੰਦਰ ਕੰਗ ਨੇ ਬਹੁਤੇ ਪਰਦੇਸੀਆਂ ਦੇ ਮਨ ਦੀ ਗੱਲ ਨੂੰ ਪਾਠਕਾਂ ਦੀ ਰੂਹ ਨਾਲ ਮਿਲਾਇਆ ਹੈ। ਇਹ ਬਿਲਕੁਲ ਸੱਚ ਹੈ ਕਿ ਆਪਣੀ ਜੰਮਣ ਭੋਏਂ ਨੂੰ ਛੱਡ ਕੇ ਪਰਦੇਸ ਵਿੱਚ ਰਹਿੰਦਿਆਂ ਹੋਇਆਂ ਪਰਦੇਸੀ, ਅਤੇ ਖ਼ਾਸ ਕਰਕੇ ਪਹਿਲੀ ਪੀੜ੍ਹੀ ਦੇ ਪਰਦੇਸੀ ਦੋਹਰੀ ਜ਼ਿੰਦਗੀ ਜਿਊਣ ਦਾ ਸੰਤਾਪ ਭੋਗਦੇ ਹਨ। ਉਨ੍ਹਾਂ ਦਾ ਸਰੀਰ ਪਰਦੇਸ ਵਿੱਚ ਅਤੇ ਮਨ ਜੰਮਣ ਭੋਏਂ ਦੇ ਖਿਆਲਾਂ ਵਿੱਚ ਉਡਾਰੀਆਂ ਮਾਰਦਾ ਰਹਿੰਦਾ ਹੈ। ਇਨ੍ਹਾਂ ਜਜ਼ਬਾਤਾਂ, ਅਨੁਭਵਾਂ ਅਤੇ ਅਹਿਸਾਸਾਂ ਨੂੰ ਉਸਨੇ ਬਹੁਤ ਖ਼ੂਬਸੂਰਤ ਅਤੇ ਭਾਵਪੂਰਤ ਲਫਜ਼ਾਂ ਵਿੱਚ ਪ੍ਰੋਇਆ ਹੈ।
ਘਰ ਦੇ ਬੂਹੇ ਢੋ ਆਇਆ ਹਾਂ
ਮੈਂ ਵੀ ਪਿੰਡੋਂ ਹੋ ਆਇਆ ਹਾਂ…
ਆ ਕੇ ਸਭਨਾਂ ਨੂੰ ਮਿਲਿਆ ਹਾਂ ਹੱਸ ਹੱਸ ਕੇ
ਦੱਸਿਆ ਨਹੀਂ ਮੈਂ ਕਿੰਨਾ ਰੋ ਕੇ ਆਇਆ ਹਾਂ…
ਪੰਜ ਦਰਿਆਵਾਂ ਦੀ ਧਰਤੀ ਦਾ ਵਾਸੀ ਹਾਂ, ਪਰ
ਪਾਣੀ ਮੰਗਦੇ ਮਰ ਗਏ ਚਾਰ ਕਿਆਰੇ ਮੇਰੇ…
ਨਾ ਹੁਣ ਸਾਡਾ ਜ਼ਿਕਰ ਅਸਾਡੇ ਯਾਰਾਂ ਵਿੱਚ
ਨਾ ਹੀ ਪੈੜ ਅਸਾਡੀ ਪਿੰਡ ਦੀਆਂ ਜੂਹਾਂ ’ਤੇ…
ਦੋਸਤੋ, ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਲੋਕ ਸ਼ਾਇਦ ਜ਼ਮਾਨੇ ਤੋਂ ਵੀ ਕਈ ਕਦਮ ਛੋਹਲੇ ਚੱਲ ਰਹੇ ਨੇ। ਕੰਗ ਦੇ ‘ਚਿੱਤ ਦੀ ਚਿਣਗ’ ਦਾ ‘ਚਿਰਾਗ਼’ ਵੀ ਕੁਝ ਇੰਜ ਹੀ ਰੁਸ਼ਨਾ ਰਿਹਾ ਹੈ!
ਇਹ ਕਿੱਦਾਂ ਦੇ ਅੱਜ ਦੇ ਲੋਕ
ਕਿੱਥੇ ਤੁਰ ਗਏ ਚੱਜ ਦੇ ਲੋਕ…
ਬੰਦੇ ਵਿੱਚੋਂ ਬੰਦਾ ਲੱਭਦੇ
ਲੋਕਾਂ ਦੇ ਵਿੱਚ ਵੱਜਦੇ ਲੋਕ…
ਤਕੜੇ ਨਿਕਲੇ ਕਿੰਨੇ ਮਾੜੇ
ਮਾੜੇ ਦੇ ਨਾਲ ਖੜਨੋਂ ਹਟ ਗਏ…
ਆ ਗਏ ਲੋਕੀਂ ਦੀਵੇ ਤਾਂ ਦੋ ਦੋ ਲੈ ਕੇ
ਕੋਈ ਇੱਕ ਵੀ ਆਇਆ ਨਾ ਪਰ ਲੋਅ ਲੈ ਕੇ…
‘ਜਿੰਦ ਉਡੀਕਾਂ ਦੇ ਵਿੱਚ’ ਹਰਜਿੰਦਰ ਕੰਗ ਨੇ ਆਪਣੀ ਕਵਿਤਾ ਨੂੰ ਇੱਕ ਵਿਲੱਖਣ ਹੀ ਰੰਗ ਵਿੱਚ ਰੰਗਿਆ ਹੈ। ਇੱਕ ਨਵੇਕਲੀ ਪਰਵਾਜ਼ ਭਰੀ ਹੈ।
ਜਿੰਦ ਉਡੀਕਾਂ ਦੇ ਵਿੱਚ ਬੈਠੀ ਇਕੱਲੀ ਰਹਿ ਗਈ
ਆਇਆ ਨਾ ਉਹ ਉਸ ਖ਼ਾਤਰ ਥਾਂ ਮੱਲੀ ਰਹਿ ਗਈ।
ਲੱਖ ਯਤਨ ਕੀਤੇ ਮੈਂ ਰੁਖ਼ਸਤ ਹੋਵੇ ਨਾ ਇਹ
ਯਾਦ ਕਿਸੇ ਦੀ ਦਿਲ ਵਿੱਚ ਮੱਲੋਮੱਲੀ ਰਹਿ ਗਈ।
ਜ਼ਿੰਦਗੀ ਇੱਕ ਜਸ਼ਨ ਹੈ ਅਤੇ ਇਸ ਨੂੰ ਜੀਵਣਾ ਵੀ ਜਸ਼ਨ ਵਾਂਗ ਹੀ ਚਾਹੀਦਾ ਹੈ। ਪਰ ਇਨਸਾਨ ਸਾਰੀ ਉਮਰ ਜੀਵਨ ਦੇ ਹੰਢਣ-ਹੰਢਾਉਣ ਦੇ ਸੰਘਰਸ਼ ਅਤੇ ਚੱਕਰ ਵਿੱਚ ਹੀ ਉਲਝਦਾ ਅਤੇ ਜੂਝਦਾ ਰਹਿੰਦਾ ਹੈ। ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਜਿਊਣਾ ਤਾਂ ਦੂਰ ਦੀ ਗੱਲ, ਬਹੁਤੇ ਅਧੂਰੇ ਇਨਸਾਨ ਤਾਂ ਪਦਾਰਥ ਇਕੱਠੇ ਕਰਦੇ-ਕਰਦੇ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੇ ਹਨ… ਪੂਰੇ ਹੋ ਜਾਂਦੇ ਹਨ।
‘ਲੰਮੇ ਲੰਮੇ ਰਾਹ ਜਿੰਦੜੀਏ’ ਇੱਕ ਜਾਗਰੂਕ ਕਵਿਤਾ ਹੈ ਜਿਸ ਵਿੱਚ ਹਰਜਿੰਦਰ ਕੰਗ ਦੀ ਸ਼ਬਦਾਂ ਦੀ ਜਾਦੂਗਰੀ ਵੀ ਬਾਕਮਾਲ ਹੈ।
ਲੰਮੇ ਲੰਮੇ ਸਾਹ ਜਿੰਦੜੀਏ ਨਿੱਕੇ ਨਿੱਕੇ ਸਾਹ ਜਿੰਦੜੀਏ
ਸਾਹ ਦਾ ਨਹੀਂ ਵਸਾਹ ਜਿੰਦੜੀਏ
ਜਿੱਥੋਂ ਤਕ ਵੀ ਤੁਰ ਸਕਦੀ ਏਂ ਬੱਸ ਤੂੰ ਤੁਰਦੀ ਜਾ ਜਿੰਦੜੀਏ…
‘ਕੰਗ’ ਤਨ ਦਾ ਜਦੋਂ ਕੋਠਾ ਢੱਠਾ ਫਿਰ ਲੋਕਾਂ ਕਰ ਬਾਲਣ ਕੱਠਾ
ਵਿੱਚ ਸਿਵਿਆਂ ਦੇ ਧਰ ਕੇ ਤੈਨੂੰ ਕਰਨਾ ਫਿਰ ਸਵਾਹ ਜਿੰਦੜੀਏ…
ਲੋਕ ਕਵੀ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਦੇ ਹਨ। ਉਹ ਹੋ ਰਹੀਆਂ ਬੇਇਨਸਾਫ਼ੀਆਂ ਵਿਰੁੱਧ ਵਕਤ ਸਿਰ ਆਵਾਜ਼ ਵੀ ਉਠਾਉਂਦੇ ਹਨ। ਹਰਜਿੰਦਰ ਕੰਗ ਨੇ ਵੀ ਆਪਣੇ ਮਨ ਦੇ ਵਲਵਲਿਆਂ ਨੂੰ ‘ਦਿੱਲੀ ਨੂੰ ਘੇਰਾ’ ਕਵਿਤਾ ਵਿੱਚ ਸ਼ਬਦੀ ਜਾਮਾ ਪਹਿਨਾਇਆ ਹੈ।
ਰੋਕਣ ਨੂੰ ਸਰਕਾਰਾਂ ਲਾਇਆ ਜ਼ੋਰ ਬਥੇਰਾ।
ਦੇਖ ਕਿਸਾਨਾਂ ਪਾ ਲਿਆ ਦਿੱਲੀ ਨੂੰ ਘੇਰਾ।
ਚਿਰ ਪਿੱਛੋਂ ਪੰਜਾਬ ਵਿੱਚੋਂ ਇਤਿਹਾਸ ਬੋਲਿਆ
ਫਿਰ ਨਗਾਰਾ ਵੱਜਿਆ ਤੇ ਤਖ਼ਤ ਡੋਲਿਆ
‘ਕੰਗ’ ਸ਼ਹੀਦਾਂ ਫਿਰ ਜਿਵੇਂ ਪਾਇਆ ਏ ਫੇਰਾ…
ਮਨੁੱਖੀ ਹੱਕਾਂ ਦੇ ਮੋਢੀ ਗੁਰੂ ਤੇਗ਼ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਕੌਣ ਭੁਲਾ ਸਕਦਾ ਹੈ? ਹਰਜਿੰਦਰ ਕੰਗ ਨੇ ਇਸ ਸ਼ਹਾਦਤ ਨੂੰ ਅਤਿ ਭਾਵੁਕ ਲਫਜ਼ਾਂ ਵਿੱਚ ਪ੍ਰੋਇਆ ਹੈ।
ਦੁਖੀਆਂ ਦੀ ਬਾਂਹ ਫੜ ਲਈ ਤੇਗ਼ ਬਹਾਦਰ ਜੀ
ਦੀਨ ਦੁਖੀ ਲਈ ਬਣ ਗਏ ਹਿੰਦ ਦੀ ਚਾਦਰ ਜੀ…
‘ਦੇਖੀਂ ਆ ਕੇ ਬੁੱਲ੍ਹਿਆ’ ਰਚਨਾ ਵਿੱਚ ਹਰਜਿੰਦਰ ਜੀ ਇੱਕ ਨਵੇਕਲੇ ਢੰਗ ਨਾਲ ਬਾਬਾ ਬੁੱਲੇ ਸ਼ਾਹ ਨਾਲ ਸੰਵਾਦ ਰਚਾਉਂਦੇ ਹਨ।
ਦੇਖੀਂ ਆ ਕੇ ਬੁੱਲ੍ਹਿਆ ਹਨੇਰ ਕਾਹਦਾ ਝੁੱਲਿਆ।
ਮੰਦਰਾਂ ਮਸੀਤਾਂ ਵਿੱਚ ਲਹੂ ਕੀਹਦਾ ਡੁੱਲ੍ਹਿਆ।
ਪ੍ਰਸਿੱਧ ਸਾਹਿਤਕਾਰ ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਵਾਰਤਕ “ਮੇਰਾ ਦਾਗ਼ਿਸਤਾਨ” ਨੂੰ ਬਹੁਤ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਪੜ੍ਹਿਆ ਹੋਵੇਗਾ। ਮਾਂ-ਬੋਲੀ ਪ੍ਰਤੀ ਰਸੂਲ ਦਾ ਇਹ ਮੰਨਣਾ ਹੈ ਕਿ ਆਪਣੀ ਮਾਂ-ਬੋਲੀ ਨੂੰ ਭੁੱਲ ਜਾਣਾ ਇੱਕ ‘ਬਦਅਸੀਸ’ ਦੇ ਸਮਾਨ ਹੁੰਦਾ ਹੈ। ਹਰਜਿੰਦਰ ਕੰਗ ਦੇ ‘ਗੀਤ’ ਵਿੱਚ ਵੀ ਮਾਂ-ਬੋਲੀ ਦੇ ਸਨੇਹ ਪ੍ਰਤੀ ਵੀ ਇਹੋ ਜਿਹਾ ਖ਼ੂਬਸੂਰਤ ਪੈਗ਼ਾਮ ਹੈ।
ਇਸ ਵਿੱਚ ਜਪੁਜੀ ਜਪਿਆ ਬੁੱਲਾ ਪੜ੍ਹਿਆ ਤੂੰ
ਹਾਸ਼ਮ, ਕਾਦਰ, ਵਾਰਿਸ, ਦੁੱਲਾ ਪੜ੍ਹਿਆ ਤੂੰ
ਇਸਦੇ ਢੋਲੇ, ਮਾਹੀਏ, ਗੀਤ ਸੁਣਾ ਸੱਜਣਾ…
ਮਾਂ ਬੋਲੀ ਤੋਂ ਮੁੱਖ ਮੋੜਨਾ ਚੰਗਾ ਨਹੀਂ
ਆਪਣੀ ਮਾਂ ਦਾ ਹੱਥ ਛੋੜਨਾ ਚੰਗਾ ਨਹੀਂ
ਆਪਣੇ ਚੰਗੇ ਹੋਣ ਦਾ ਫਰਜ਼ ਨਿਭਾ ਸੱਜਣਾ…
ਮਨੁੱਖ ਰਿਸ਼ਤਿਆਂ ਦੇ ਤਾਣਿਆਂ-ਬਾਣਿਆਂ ਵਿੱਚ ਵਿਚਰਦਾ ਹੈ। ਕੁਝ ਰਿਸ਼ਤੇ ਜ਼ਿਆਦਾ ਨਜ਼ਦੀਕੀ ਅਤੇ ਨਾਜ਼ਕ ਤੰਦਾਂ ਵਾਲੇ ਹੰਦੇ ਹਨ। ‘ਬੁੱਢੀ ਮਾਂ ਬੈਠੀ ਹੈ, ਹੁਣ ਕੁੜੀਆਂ ਦੀ ਮਾਂ ਨਾ ਕੋਈ, ਅਤੇ ਪਿਤਾ’ ਕਵਿਤਾਵਾਂ ਵਿੱਚ ਮਹੱਤਵਪੂਰਨ ਰਿਸ਼ਤਿਆਂ ਅਤੇ ਰਿਸ਼ਤਿਆਂ ਦੀਆਂ ਤਿੜਕ ਰਹੀਆਂ ਤੰਦਾਂ ਦੇ ਦਰਦ ਨੂੰ ਹਰਜਿੰਦਰ ਕੰਗ ਨੇ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਪੱਤਾ ਪੱਤਾ ਕਿਰਦੀ ਠੰਢੀ ਛਾਂ ਬੈਠੀ ਹੈ
ਘਰ ਦੇ ਇੱਕ ਖੂੰਜੇ ਵਿੱਚ ਬੁੱਢੀ ਮਾਂ ਬੈਠੀ ਹੈ…
ਬਾਂਹ ਛੱਡ ਦਿੱਤੀ ਇਸਦੀ ਘਰ ਦੇ ਜੀਆਂ ‘ਕੰਗ’
ਮੌਤ ਕੁਲਹਿਣੀ ਦੀ ਇਹ ਫੜ ਕੇ ਬਾਂਹ ਬੈਠੀ ਹੈ।
ਕੁੜੀਆਂ ਤਾਂ ਹੁਣ ਕੁੜੀਆਂ ਨੇ ਬੱਸ
ਕੁੜੀਆਂ ਕਦੋਂ ਹੁਣ ਚਿੜੀਆਂ ਰਹੀਆਂ
ਉਡ ਜਾਵਣ ਜੋ ਮਾਰ ਉਡਾਰੀ
ਲੈਕੇ ਸ਼ਗਨਾਂ ਦੀ ਫੁਲਕਾਰੀ।
ਪਰ ਲੋਕ ਇਹ ਭੁੱਲ ਜਾਂਦੇ ਨੇ
ਜਦੋਂ ਬੇਵੱਸ ਕੋਈ ਧੀ ਮਰਦੀ ਹੈ
ਕੁੱਖ ਦੇ ਅੰਦਰ ਕਿਸੇ ਕੌਮ ਦੀ
ਇੱਕ ਮਾਂ ਜਿਊਂਦੇ ਜੀ ਮਰਦੀ ਹੈ
ਜਿਸ ਨੇ ਤੁਹਾਨੂੰ ਜੰਮਿਆ ਜਾਇਆ
ਸਮਝੋ ਤਾਂ ਉਹ ਮਾਂ ਮਰਦੀ ਹੈ।
ਪਿਤਾ ਪਰਿਵਾਰ ਦਾ ਪਰਮ ਪੁਰਖ਼
ਪਿਤਾ ਬੋਹੜ ਦੀ ਛਾਂ ਵਰਗਾ
ਛੱਤ, ਦੀਵਾਰਾਂ, ਬੂਹਾ, ਸਰਦਲ
ਪਿਤਾ ਸੁਰੱਖਿਅਤ ਥਾਂ ਵਰਗਾ।
ਹਰਜਿੰਦਰ ਕੰਗ ਨੇ ਇਸ ਪੁਸਤਕ ਨੂੰ ਸੁੰਦਰ ਲਾਈਨਾਂ ‘ਉਹ ਗੀਤ ਅਜੇ ਨਹੀਂ ਲਿਖ ਹੋਇਆ’ ਦੇ ‘ਹਉਕੇ’ ਨਾਲ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ…
ਗ਼ਮ ਰਗ ਰਗ ਦੇ ਵਿੱਚ ਧੁੰਮ ਗਿਆ
ਮੇਰਾ ਹਉਕਾ ਅੰਬਰ ਚੁੰਮ ਗਿਆ
ਉਹ ਗੀਤ ਕਿਤੇ ‘ਕੰਗ’ ਗੁੰਮ ਗਿਆ
ਜੋ ਦਿਲ-ਮੁੰਦਰੀ ਵਿੱਚ ਮੜ੍ਹਿਆ ਸੀ…
‘ਵੇਲ ਰੁਪਏ ਦੀ ਵੇਲ’ ਪੁਸਤਕ ਦੇ ਨਵੇਕਲੇ ਲਫਜ਼ ਇਸ ਨੂੰ ਸ਼ਿੰਗਾਰਦੇ ਹਨ। ਹਰਜਿੰਦਰ ਕੰਗ ਨੂੰ ਪੰਜਾਬੀ ਭਾਸ਼ਾ ਦਾ ਗੂੜ੍ਹਾ ਗਿਆਨ ਹੈ। ਉਸ ਕੋਲ ਸ਼ਬਦਾਂ ਦਾ ਭੰਡਾਰ ਹੈ। ਸ਼ਬਦਾਂ ਦੀ ਜਾਦੂਗਰੀ, ਅਤੇ ਕੁਝ ਕੁ ਹੀ ਚੋਣਵੇਂ ਸ਼ਬਦਾਂ ਵਿੱਚ ਵੱਡੀ ਅਤੇ ਅਰਥਪੂਰਨ ਗੱਲ ਕਹਿਣ ਦੀ ਮੁਹਾਰਤ ਵੀ ਹੈ।
ਮੈਨੂੰ ਇੰਜ ਵੀ ਲਗਦਾ ਰਹਿੰਦਾ ਹੈ ਕਿ ਹਿਸਾਬ ਦੇ ਵਿਸ਼ੇ ਵਿੱਚ ਉੱਚਕੋਟੀ ਦੀ ਤਾਲੀਮ ਵਾਲੇ ਅਤੇ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਦੀ ਵਿਲੱਖਣਤਾ ਵਾਲੇ ਹਰਜਿੰਦਰ ਕੰਗ ਨੂੰ ਹਰਫ਼ਾਂ ਅਤੇ ਸ਼ਬਦਾਂ ਦੀ ‘ਵਾਧ-ਘਾਟ’ ਅਤੇ ‘ਨਾਪ-ਤੋਲ’ ਦੀ ਸੰਪੂਰਨ ਨਿਪੁੰਨਤਾ ਹੈ, ਜਿਸ ਕਾਰਨ ਸ਼ਬਦਾਂ ਦੀਆਂ ਰੂਹਾਂ ਦੇ ਸਮੀਕਰਨ ਬਿਲਕੁਲ ਸਹੀ ਅਤੇ ਸੰਤੁਲਿਤ ਬਹਿੰਦੇ ਹਨ।
ਹਰਜਿੰਦਰ ਕੰਗ ਦੀ ਸ਼ਾਇਰੀ ਵਿੱਚੋਂ ਅਕਸਰ ਹੀ ਪਿੰਡ, ਪਿੰਡਾਂ ਦੇ ਸਧਾਰਨ ਲੋਕ ਅਤੇ ਪੰਜਾਬੀ ਸੱਭਿਆਚਾਰ ਦੀ ਮਹਿਕ ਆਉਂਦੀ ਹੈ। ਉਸਦੀਆਂ ਰਚਨਾਵਾਂ ਦੇ ਸ਼ਬਦ ਰੂਹ ਨੂੰ ਧੂਹ ਪਾਉਂਦੇ ਹਨ, ਪਾਠਕ ਨੂੰ ਕੀਲ ਲੈਂਦੇ ਹਨ। ਹਰਜਿੰਦਰ ਕੰਗ ਨੂੰ ਇਹ ਭੇਤ ਵੀ ਹੈ ਕਿ ਕਿਹੜੇ ਢੁਕਵੇਂ ਸ਼ਬਦ ਪਾਠਕਾਂ ਦੀ ਰੂਹ ਨਾਲ ਲਾਡ-ਲਡਾਉਂਦਿਆਂ ਅਤੇ ਕਿੱਕਲੀ ਪਾਉਂਦਿਆਂ ਉਨ੍ਹਾਂ ਨੂੰ ਆਪਣੇ ਨਾਲ ਤੋਰ ਲੈਣਗੇ, ਨਾਲ ਜੋੜ ਲੈਣਗੇ ਅਤੇ ਕਿਵੇਂ ਪਾਠਕ ਉਸਦੀਆਂ ਰਚਨਾਵਾਂ ਨਾਲ ਇਕਮਿਕ ਹੋਣ ਨੂੰ ਖ਼ੁਦ-ਬ-ਖ਼ੁਦ ਕਾਹਲੇ ਪੈ ਜਾਣਗੇ।
ਮੇਰੀ ਸਮਝ ਮੁਤਾਬਿਕ ‘ਵੇਲ ਰੁਪਏ ਦੀ ਵੇਲ’ ਇੱਕ ਪੜ੍ਹਨਯੋਗ ਪੁਸਤਕ ਹੈ। ਪੁਸਤਕ ਦੀ ਰੂਹ ਵਿਚਲਾ ਸੁਨੇਹਾ ਪਾਠਕਾਂ ਦੀ ਰੂਹ ਤਕ ਪਹੁੰਚ ਰਿਹਾ ਹੈ। ਪੁਸਤਕ ਵਿੱਚ ਹੋਰ ਖ਼ੂਬਸੂਰਤ ਰਚਨਾਵਾਂ ਵੀ ਸ਼ਾਮਲ ਹਨ, ਜੋ ਪੰਜਾਬੀ ਸਾਹਿਤ ਦੇ ਸੁਹਿਰਦ ਪਾਠਕ ਪੜ੍ਹ ਕੇ ਪਸੰਦ ਕਰਨਗੇ।
ਪਾਠਕ ਦੋਸਤੋ, ਲੇਖਕ ਆਪਣੀਆਂ ਰਚਨਾਵਾਂ ਪਾਠਕਾਂ ਲਈ ਹੀ ਲਿਖਦਾ ਹੈ। ਆਉ, … ਹਰਜਿੰਦਰ ਕੰਗ ਦੀ ਇਸ ਖ਼ੂਬਸੂਰਤ ਸ਼ਾਇਰੀ ਦਾ ਸਵਾਗਤ ਕਰੀਏ ਅਤੇ ਅਨੰਦ ਮਾਣੀਏ! ਮੇਰੇ ਵੱਲੋਂ ਹਰਜਿੰਦਰ ਕੰਗ ਦੇ ਅਗਲੇ ਅਤੇ ਅਗਲੇਰੇ ਸਾਹਿਤਕ ਪੈਂਡਿਆਂ ਲਈ ਸ਼ੁਭ ਕਾਮਨਾਵਾਂ।
**
ਜ਼ਿੰਦਗੀ ਜ਼ਿੰਦਾਬਾਦ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (