KulwinderBathDr7ਹੈਂਅ!… ਬਿਨਾਂ ਨਾਂਅ ਤੋਂ ਹੀ ਲਿਫਾਫਾਫਿਰ ਕਿੱਦਾਂ ਪਤਾ ਲੱਗੂ ਇਹ ਕਿਹਦੇ ਸ਼ਗਨ ਦਾ ਲਿਫਾਫਾ ...
(24 ਨਵੰਬਰ 2025)

 

ਸਧਾਰਨ ਜਿਹੀ ਗੱਲ ਕਰੀਏ ਤਾਂ ਇਸ ਬਣਾਉਟੀ ਬੁੱਧੀ (ਆਰਟੀਫੀਸ਼ਲ ਇੰਟੈਲੀਜੈਂਸ) ਦੇ ਦੌਰ ਵਿੱਚ ‘ਕਬੂਤਰੀ ਰੁੱਕਾ-ਯੁਗ’ ਨੂੰ ਡਿਜਿਟਲ ਯੁਗ/ਈਮੇਲ ਜਾਂ ਫਿਰ ‘ਗੱਡਾ-ਯੁਗ’ ਨੂੰ ਸੁਪਰਸੌਨਿਕ ਜਹਾਜ਼ਾਂ ਦੇ ਬਰਾਬਰ ਮਿਣਨਾ ਜਾਂ ਤੋਲਣਾ ਜਾਇਜ਼ ਨਹੀਂ ਹੈਕੁਦਰਤ ਦੇ ਵਰਤਾਰੇ ਅਨੁਸਾਰ ਬਦਲਦੇ ਸਮੇਂ ਅਤੇ ਜ਼ਮਾਨੇ ਨਾਲ ਅਸੀਂ, ਸਾਡਾ ਚੁਫੇਰਾ ਅਤੇ ਸਾਡੇ ਰੀਤੀ ਰਿਵਾਜ਼ ਵੀ ਬਦਲ ਰਹੇ ਹਨਇਸ ਬਦਲਾਉ ਨੂੰ ਕੋਈ ਬੰਨ੍ਹ ਜਾਂ ਰੋਕ ਨਹੀਂ ਸਕਿਆਬੱਸ ਕਾਂਵਾਂ-ਰੌਲੀ ਹੀ ਪੈਂਦੀ ਰਹਿੰਦੀ ਹੈਇਹ ਕਿਉਂ ਹੋ ਰਿਹਾ ਹੈ, ਆਹ ਹੋਣਾ ਚਾਹੀਦਾ ਹੈ, ਜਾਂ ਫਿਰ ਆਹ ਨਹੀਂ ਹੋਣਾ ਚਾਹੀਦਾਜੋ ਅੱਜ ਹੈ, ਉਹ ਕੱਲ੍ਹ ਨਹੀਂ ਸੀ ਅਤੇ ਭਲਕੇ ਵੀ ਨਹੀਂ ਹੋਵੇਗਾਇਹ ਰੌਲੀ ਪਾਉਣ ਵਾਲੇ ਅਤੇ ਸੁਣਨ ਵਾਲੇ ਵੀ ਬਹੁਤੇ ਦੋਗਲੇ ਹੀ ਹਨ-ਹਿਪੋਕਰਿਟ! ਆਪ ਪਰਦੇ ਉਹਲੇ ਉਹ ਕੁਛ ਕਰਦੇ ਹਨ, ਜਿਸ ਤੋਂ ਦੂਸਰਿਆਂ ਨੂੰ ਵਰਜਦੇ ਹਨਹਮਾਤੜਾਂ ਨੂੰ ਬੁਰਾ ਭਲਾ ਕਹਿੰਦੇ ਹਨ ਅਤੇ ਗਾਲ੍ਹਾਂ ਕੱਢਣ ਤਕ ਅੱਪੜ ਜਾਂਦੇ ਹਨ

ਸ਼ਾਦੀ ਵਿਆਹ ਬਾਬਤ ਆਏ ਬਦਲਾਓ ਉੱਪਰ ਜੇਕਰ ਸਰਸਰੀ ਜਿਹੀ ਨਜ਼ਰ ਮਾਰੀਏ ਤਾਂ ਪਤਾ ਲਗਦਾ ਕਿ ਦੂਸਰੇ ਰੀਤੀ ਰਿਵਾਜ਼ਾਂ ਵਾਂਗ ਹੀ ਇਨ੍ਹਾਂ ਉੱਪਰ ਵੀ ਸਮੇਂ ਦਾ ਗਹਿਰਾ ਪ੍ਰਭਾਵ ਪਿਆ ਹੈਵਿਆਹ ਦੇ ਸੱਦੇ-ਕਾਰਡ, ਰਸਮਾਂ ਅਤੇ ਸ਼ਗਨਾਂ ਦੇ ਤੌਰ-ਤਰੀਕੇ, ’ਕੱਠ-ਮੱਠ, ਮੈਰਿਜ ਪੈਲੇਸਾਂ ਵਿੱਚ ਹੁੰਦੀਆਂ ਪਾਰਟੀਆਂ, ਗੀਤ-ਸੰਗੀਤ, ਆਰਕੈਸਟਰਾ, ਡੀ ਜੇ ਦਾ ਖੌਰੂ ਅਤੇ ਕਰਜ਼ਾਈ ਕਰਨ ਵਾਲੇ ਖ਼ਰਚੇ ਸਭ ਮਾਡਰਨ ਦੌਰ ਦੀ ਦੌੜ ਵਿੱਚ ਕਾਫੀ ਅੱਗੇ ਨਿਕਲ ਗਏ ਹਨਪੁਰਾਣੇ ਸਮਿਆਂ ਦੌਰਾਨ ਸਧਾਰਨ ਵਿਆਹ ਕਾਰਜਾਂ ਵੇਲੇ ਕੱਚੇ ਘਰਾਂ ਦੇ ਕੱਚੇ ਵਿਹੜਿਆਂ ਵਿੱਚ ਬਣਾਈਆਂ ਹਲਵਾਈਆਂ ਦੀਆਂ ਭੱਠੀਆਂ ਜਾਂ ਪਿੰਡਾਂ ਵਿੱਚੋਂ ਮੰਜੇ ਬਿਸਤਰੇ ਇਕੱਠੇ ਕਰਨਾ ਹੁਣ ਫਿਲਮਾਂ ਵਿੱਚ ਹੀ ਮਾੜਾ ਮੋਟਾ ਦਿਖਾਈ ਦਿੰਦਾ ਹੈਲੱਡੂ, ਬੂੰਦੀ, ਸ਼ੀਰਨੀ, ਸ਼ੱਕਰਪਾਰੇ, ਗੋਗਲੇ (ਗੁਲਗੁਲੇ), ਬਦਾਨੇ, ਬਾਲੂ-ਸ਼ਾਹੀਆਂ, ਜਲੇਬੀਆਂ ਵਗੈਰਾ ਵੀ ਮਾਡਰਨ ਸਵੀਟਸ ਅਤੇ ਡਰਾਈ ਫਰੂਟ ਦੇ ਮੁਕਾਬਲੇ ਦਮ ਤੋੜ ਰਹੇ ਹਨ ਕੁਝ ਕੁ ਸਮਾਂ ਪਹਿਲਾਂ ਕਿਤੇ ਪੜ੍ਹਿਆ ਸੀ:

ਨਵੀਂ ਵਿਆਹੀ ਜੋੜੀ ਦੀ ਝੋਲੀ ਵਿੱਚ… ਕਿਤਾਬਾਂ ਦਾ ਸ਼ਗਨ! ... ਵਿਆਹ ਵਾਲੇ ਦਿਨ ਕਿਤਾਬਾਂ ਦਾ ਸਟਾਲ ਲਾਇਆ! ਬਰਾਤੀਆਂ ਨੇ ਕਿਤਾਬਾਂ ਖ਼ਰੀਦੀਆਂ। ... ਮਹਿਮਾਨਾਂ ਵੱਲੋਂ ਨਵੀਂ ਵਿਆਹੀ ਜੋੜੀ ਨੂੰ ‘ਕ੍ਰਪਿਟੋਕਰੰਸੀ’ ਦਾ ਸ਼ਗਨ! ...”

ਬਰਾਤੀਆਂ ਨੇ ਕਿਤਾਬਾਂ ਖ਼ਰੀਦੀਆਂ? ਇਹ ਪੜ੍ਹ ਕੇ ਮੈਂ ਤਾਂ ਸੋਚੀਂ ਪੈ ਗਿਆ। ਕੀ ਕਿਤਾਬਾਂ ਪੈੱਗ ਲਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਖਰੀਦੀਆਂ ਹੋਣਗੀਆਂ? ਕ੍ਰਪਿਟੋਕਰੰਸੀ ਦਾ ਸ਼ਗਨ? ਹੈ ਨਾ ਅਲਟਰਾ ਮਾਡਰਨ ਅਤੇ ਕਮਾਲ ਦੀ ਸਕੀਮ! ਮੈਂ ਮਨ ਵਿੱਚ ਕਦੇ ਸੋਚਦਾ, ਕੀ ਇਹ ਵੀ ਕੋਈ ਸ਼ੋਸ਼ਾ ਹੀ ਹੋਊਗਾ, ਵਿਆਂਹਦੜ ਦੇ ਹੈਲੀਕੈਪਟਰ ਵਿੱਚ ਉਡ ਕੇ ਜਾਂ ਫਿਰ ਹਾਥੀ ਉੱਪਰ ਚੜ੍ਹ ਕੇ ਵਿਆਹ ਵਾਲਿਆਂ ਦੇ ਘਰ ਪਹੁੰਚਣ ਵਾਲੀਆਂ ਖ਼ਬਰਾਂ ਵਾਂਗ? ਪਤਾ ਨਹੀਂ ਭਾਵੇਂ ਸਮਾਂ ਬਦਲ ਰਿਹਾ ਹੈ ਪਰ ਫਿਰ ਵੀ ਇਹ ਓਪਰੀਆਂ ਜਿਹੀਆਂ ਅਤੇ ‘ਅਲਟਰਾ ਮਾਡਰਨ’ ਜਾਂ ‘ਜੱਗੋਂ-ਤੇਰ੍ਹਵੀਆਂ’ ਜਿਹੀਆਂ ਗੱਲਾਂ ਲੱਗੀਆਂ ਸਨ

ਸਾਢੇ ਕੁ ਤਿੰਨ ਦਹਾਕਿਆਂ ਤੋਂ ਅਮਰੀਕਾ ਰਹਿੰਦਿਆਂ ਮੈਨੂੰ ਮਹਿਸੂਸ ਹੋਇਆ ਕਿ ਸਾਡੇ ਅਮਰੀਕਾ ਵਾਲੇ ਭੈਣ-ਭਾਈ ਅਤੇ ਰਿਸ਼ਤੇਦਾਰ ਅਜੇ ਇਸ ਅਲਟਰਾ ਮਾਡਰਨਾਈਜੇਸ਼ਨ ਵਿੱਚ ਕਾਫੀ ਪਿੱਛੇ ਹੀ ਹਨਕਿਤਾਬਾਂ-ਕਿਤੂਬਾਂ ਦੇ ਸ਼ਗਨਾਂ ਨੂੰ ਤਾਂ ਛੱਡੋ, ਵਿਆਹ ਸਮੇਂ ਅਕਸਰ ਇੱਕ ਦੂਸਰੇ ਨੂੰ ਪੁੱਛਦੇ ਦੇਖੇ ਜਾਂ ਸੁਣੇ ਜਾ ਸਕਦੇ ਹਨ … ਸ਼ਗਨ ਦਾ ਕਿੱਦਾਂ ਕਰੀਏ? ਨਕਦ ਪਾ ਦੇਈਏ ਜਾਂ ਚੈੱਕ ਨਾਲ? ਸ਼ਗਨਾਂ ਦੇ ਲਿਫ਼ਾਫੇ ਉੱਤੇ ਨਾਂਅ ਕਿਹਦਾ ਲਿਖਣਾ? ਸ਼ਗਨ ਲਾਂਵਾਂ ਵੇਲੇ ਪਾਈਏ ਕਿ ਮਾਂ-ਬਾਪ ਦੇ ਹੱਥ ਹੀ ਫੜਾ ਦੇਈਏ?

ਇਨ੍ਹਾਂ ਸੋਚਾਂ ਵਿੱਚ ਗੁਆਚਿਆਂ ਮੈਨੂੰ ਬਹੁਤ ਸਾਲ ਪਹਿਲਾਂ ਵਾਪਰੀ ਇੱਕ ਰਲਦੀ ਮਿਲਦੀ ਜੱਗੋਂ ਤੇਰ੍ਹਵੀਂ ਜਿਹੀ ਸ਼ਗਨ ਦੀ ਘਟਨਾ ਯਾਦ ਆ ਗਈਸਿਆਲੂ ਰੁੱਤ ਦੀ ਸੀਤ ਲਹਿਰ ਵਾਲੇ ਦਿਨ ਸਾਡੇ ਸ਼ਹਿਰ ਦੇ ਗੁਰਦਵਾਰੇ ਵਿੱਚ ਇੱਕ ਰਿਸ਼ਤੇਦਾਰ ਦੀ ਕੁੜੀ ਦਾ ਵਿਆਹ ਸੀਵਿਆਹ ਦੀਆਂ ਲਾਵਾਂ ਦੀ ਸਮਾਪਤੀ ਤੋਂ ਬਾਅਦ ‘ਸ਼ਗਨ’ ਪਾਉਣ ਦੀ ਰਸਮ ਦੀ ਅਨਾਊਂਸਮੈਂਟ ਹੁੰਦਿਆਂ ਹੀ ਸਭ ਪਤੀ-ਪਤਨੀਆਂ ਦੇ ਜੋੜੇ ਇੱਕ ਦੂਸਰੇ ਨੂੰ ਹੱਥ ਮਾਰ-ਮਾਰ ਕੇ ਜਾਂ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਅਤੇ ‘ਏਧਰ ਆਓ ਜੀ’, ‘ਓਧਰ ਜਾਓ ਜੀ’ ਦਾ ਰੌਲਾ ਰੱਪਾ ਪਾਉਂਦੇ ਹੋਏ ਸ਼ਗਨ ਵਾਲੀ ਵਲ ਖਾਂਦੀ ਲੰਬੀ ਲਾਈਨ ਵਿੱਚ ਸ਼ਾਮਲ ਹੋ ਗਏ‘ਖ਼ਾਸ’ ਰਿਸ਼ਤੇਦਾਰੀ ਵਿੱਚ ਵਿਆਹ ਹੋਣ ਕਰਕੇ ਸਾਨੂੰ ਵੀ ‘ਖ਼ਾਸ ਹਦਾਇਤ’ ਹੋਈ ਕਿ ਸ਼ਗਨ ਵੇਲੇ ਵਿਆਂਹਦੜ ਜੋੜੀ ਦੇ ਪਿੱਛੇ ਖੜ੍ਹੇ ਹੋ ਕੇ ਫੋਟੋ ਜ਼ਰੂਰ ਖਿਚਾਉਣੀ ਹੈਅਸੀਂ ਮੀਆਂ-ਬੀਵੀ ਦੋਵੇਂ ਜਣੇ ਵੀ ਇੱਕ ਵਧੀਆ ਮੂਵੀ ਦੇ ਪਹਿਲੇ ਸ਼ੋਅ ਦੀਆਂ ਟਿਕਟ ਲੈਣ ਵਾਂਗ ਲੱਗੀ ਹੋਈ ਲੰਮੀ, ਵਿੰਗੀ-ਟੇਢੀ ਅਤੇ ਧੱਕਮ-ਧੱਕੇ ਵਾਲੀ ਲਾਈਨ ਵਿੱਚ ਜਾ ਖੜ੍ਹੇ ਹੋਏਇੱਕ ਤੇਜ਼-ਤਰਾਰ ‘ਸੁਪਰਸੌਨਿਕ ਜੋੜਾ’, ਲੋਕਾਂ ਦੇ ਪੈਰ ਮਿੱਧਦਾ ਹੋਇਆ ਸਾਡੇ ਬਿਲਕੁਲ ਅੱਗੇ ਆ ਕੇ ਮੱਲੋ-ਮੱਲੀ ਲਾਈਨ ਵਿੱਚ ਘੁਸੜ ਗਿਆ, ਇਹ ਕਹਿੰਦੇ ਹੋਏ, “ਆਹ… ਅਸੀਂ ਤਾਂ ਜੀ ਬੱਸ ‘ਮਾੜਾ ਜਿਹਾ ਸ਼ਗਨ’ ਹੀ ਪਾਉਣਾ ਹੈ।”

‘ਠੀਕ ਆ ਜੀ’, ਕਹਿ ਮੈਂ ਆਪਣੀ ਸਾਥਣ ਨੂੰ ਪੁੱਛਿਆ, “ਪਾਉਣਾ ਤਾਂ ਆਪਾਂ ਵੀ ‘ਮਾੜਾ ਜਿਹਾ ਸ਼ਗਨ’ ਹੀ ਆ ਪਰ ਆਪਾਂ ਕਿਤੇ ਗਲਤ ਲਾਈਨ ਵਿੱਚ ਤਾਂ ਨਹੀਂ ਖੜ੍ਹੇ ਹੋ ਗਏ?”

,ਹਾ... ਹਾ… ਹਾ... ਹੀ... ਹੀ’ ਕਰਕੇ ਹੱਸਦਿਆਂ ਕਰੀਮ ਕੋਟ-ਪੈਂਟ ਪਹਿਨੇ ਅਤੇ ਆਪਣੀ ਸਾਥਣ ਦੇ ਦੁਪੱਟੇ ਨਾਲ ਮੈਚਿੰਗ ਕਰਦੀ ਗੁਲਾਬੀ ਟਾਈ ਵਾਲੇ ਇਹ ਸਰਦਾਰ ਜੀ ਬੋਲੇ, “ਨਹੀਂ ਜੀ… ਨਹੀਂ ਜੀ… ਐਹੀ ਲਾਈਨ ਆ…!! ਬੱਸ ਹੁਣੇ ਹੀ ਵਾਰੀ ਆ ਜਾਣੀ ਆ ਤੁਹਾਡੀ ਵੀ।”

ਕਮਾਲ ਦੇ ਭਾਈ ਸਾਹਿਬ, ਜੋ ਸਾਡੇ ਤੋਂ ਮਗਰੋਂ ਆ ਕੇ ਸਾਡੇ ਅੱਗੇ ਜ਼ਬਰਦਸਤੀ ਲਾਈਨ ਵਿੱਚ ਘੁਸ ਕੇ, ਸਾਨੂੰ ਹੀ ਸਾਡੀ ਹੀ ਵਾਰੀ ਜਲਦੀ ਆਉਣ ਦਾ ਹੌਸਲਾ ਦੇ ਰਹੇ ਸਨ‘ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ’ ਦੇ ਕਹਿਣ-ਸੁਣਨ ਵਾਂਗ ਅਸੀਂ ਆਪਣੇ-ਆਪ ਨੂੰ ਪਿਛਾਂਹ ਵੱਲ ਨੂੰ ਖਿੱਚ ਕੇ ਆਪਣਾ ਅਤੇ ਆਪਣੇ ਪੈਰਾਂ ਦਾ ਬਚਾ ਕੀਤਾ

ਲਾਈਨ ਵਿੱਚ ਖੜ੍ਹਿਆਂ ਉਸ ਭਾਈ ਸਾਹਿਬ ਨੇ ਆਪਣੇ ਕੋਟ ਦੀ ‘ਸੱਜੀ ਜੇਬ’ ਵਿੱਚ ‘ਸੱਜਾ ਹੱਥ’ ਪਾ ਕੇ ਸ਼ਗਨ ਵਾਲਾ ਚਿੱਟਾ ਲਿਫਾਫਾ ਕੱਢਿਆਫਿਰ ਪੁੱਠਾ-ਸਿੱਧਾ ਕਰਕੇ ਦੇਖਿਆ ਕਿ ਲਿਫ਼ਾਫੇ ਉੱਪਰ ਕੋਈ ਵਧਾਈਆਂ, ਸ਼ੁਭ-ਕਾਮਨਾਵਾਂ, ਜਾਂ ਉਸ ਆਪਣਾ ਨਾਮ ਤਾਂ ਲਿਖਿਆ ਹੀ ਨਹੀਂ ਸੀ। ਘਰਵਾਲੀ ਨੂੰ ਕਹਿਣ ਲੱਗਾ, ਘਰੋਂ ਕਾਹਲੀ-ਕਾਹਲੀ ਵਿੱਚ ਨਾਂਅ ਲਿਖਣ ਦਾ ਤਾਂ ਚੇਤਾ ਹੀ ਭੁੱਲ ਗਿਆ।

ਉਹ ਅੱਗਿਓਂ ਬੋਲੀ, “ਹੈਂਅ! … ਬਿਨਾਂ ਨਾਂਅ ਤੋਂ ਹੀ ਲਿਫਾਫਾ? ਫਿਰ ਕਿੱਦਾਂ ਪਤਾ ਲੱਗੂ ਇਹ ਕਿਹਦੇ ਸ਼ਗਨ ਦਾ ਲਿਫਾਫਾ ਆ? ਸ਼ਗਨ ਨੇ ਕਿਹੜਾ ਆਪ ਬੋਲ ਕੇ ਦੱਸਣਾ?”

ਕੋਈ ਗੱਲ ਨਹੀਂ, ਹੁਣ ਹੀ ਲਿਖ ਦਿੰਨਾ ਆਂਇਹ ਕਿੱਡਾ ਕੁ ਕੰਮ ਆ?” ਇਹ ਕਹਿ ਕੇ ਉਸਨੇ ਆਪਣੇ ਕੋਟ ਦੀ ਉੱਪਰਲੀ ਖੱਬੀ ਜੇਬ ਵਿੱਚ ਟੰਗਿਆ ਪੈੱਨ ਲਾਹਿਆਸ਼ਗਨ ਦੀ ਲੰਬੀ ਲਾਈਨ ਅਤੇ ਅੱਗੇ ਪਿੱਛੇ ਹੋ ਰਹੀ ਹਿਲਜੁਲ ਦੇ ਦਰਮਿਆਨ ਹੀ ਉਸਨੇ ਦੋਹਰੇ ਹੋ ਗਏ ਸ਼ਗਨ ਵਾਲੇ ਲਿਫ਼ਾਫੇ ਨੂੰ ਸਿੱਧਾ ਕੀਤਾਪੈੱਨ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਪਰ ਲੱਗਿਆ ਕਿ ਚਿਰ ਤੋਂ ਨਾ ਵਰਤਿਆ ਹੋਣ ਕਰਕੇ ਪੈੱਨ ਖੜ੍ਹੇ ਪੈਰ ਅੜ ਗਿਆਲਿਫਾਫਾ ਖਰਾਬ ਹੋਣ ਦੇ ਡਰੋਂ ਉਹਨੇ ਆਪਣੇ ਖੱਬੇ ਹੱਥ ਦੀ ਹਥੇਲੀ ਉੱਪਰ ਹੀ ਪੈੱਨ ਨੂੰ ਵਾਰ-ਵਾਰ ਚਲਾ-ਚਲਾ ਕੇ ਦੇਖਿਆ, ਪਰ ਪੈੱਨ ਨਾ ਮੰਨਿਆਕੀ ਪਤਾ ਭਾਈ ਸਾਹਿਬ ਨੇ ਇਹ ਪੈੱਨ ਪਹਿਲਾਂ ਕਦੋਂ ਵਰਤਿਆ ਹੋਵੇਗਾ? ਪੈੱਨ ਕੋਈ ‘ਪਾਰਕਰ, ਸ਼ੈੱਫਰ, ਐਵਰਸ਼ਾਰਪ, ਬਲੈਕ-ਬਰਡ, ਸੈਨਿਟਰ, ਪੈਲੀਕਨ’ ਵਗੈਰਾ ਜਾਂ ਫਿਰ ‘ਡੋਕੇ ਵਾਲੀ ਸਿਆਹੀ’ ਵਾਲਾ ਵੀ ਨਹੀਂ ਲਗਦਾ ਸੀਸ਼ਾਇਦ ਜੈੱਲ ਦੀ ਸਿਆਹੀ ਭਰਿਆ ਪੈੱਨ ਸੀ, ਜੋ ਕਿਸੇ ਕਾਰਨ ਐਨ ਮੌਕੇ ’ਤੇ ਅੜ ਗਿਆ

ਲਾਈਨ ਦੇ ਪਿਛਲੇ ਪਾਸਿਓਂ ਅਵਾਜ਼ਾਂ ਆ ਰਹੀਆਂ ਸਨ, “ਚਲੋ.. ਬਈ… ਅੱਗੇ ਚਲੋ ਹੁਣ! ਤੁਰੋ ਵੀ ਜੀਹੁਣ ਚਲੋ ਅੱਗੇ ਹੋਵੋ, ਜੀ...” ਪਰ ਇਸ ਭਾਈ ਸਾਹਿਬ ਦਾ ਅੜਬ ਪੈੱਨ ਨਾਲ ਪੇਚਾ ਗਿਆ ਸੀ ਪੈੱਨ ਉਧਾਰਾ ਮੰਗਣ ਲਈ ਉਹਨੇ ਪਹਿਲਾਂ ਮੈਨੂੰ ਤਾੜਿਆਮੇਰੇ ਕੋਟ ਦੀ ਉੱਪਰਲੀ ਖੱਬੀ ਜੇਬ ਵਿੱਚ ਕੋਈ ਪੈੱਨ ਲਟਕਦਾ ਨਾ ਦਿਸਣ ਕਾਰਨ ਉਸਨੇ ਪੁੱਛਿਆ, “ਪੈੱਨ ਹੈ ਨਹੀਂ ਤੁਹਾਡੇ ਕੋਲ?”

ਉਹਦਾ ਮੂਡ ਰਵਾਂ ਕਰਨ ਲਈ ਮੈਂ ਕਿਹਾ, “ਪੈੱਨ ਤਾਂ ਜੀ ਪੜ੍ਹਿਆਂ ਲਿਖਿਆਂ ਦੀਆਂ ਜੇਬਾਂ ਵਿੱਚ ਹੁੰਦੇ ਹਨ, ਮੇਰੇ ਵਰਗੇ ਕੋਲ ਪੈੱਨ ਦਾ ਕੀ ਕੰਮ?”

ਮੇਰੇ ਕੋਲ ਪੈੱਨ ਨਾ ਹੋਣ ਦਾ ਇਹ ਗੋਲ-ਮੋਲ, ਬੇਅਰਥ ਅਤੇ ਵਿਅਰਥ ਜਿਹਾ ਜਵਾਬ ਸੁਣ ਕੇ ਉਹਦੀ ਘਰ ਵਾਲੀ ਉਹਦੇ ਮੂੰਹ ਵੱਲ ਨੂੰ ਮੂੰਹ ਕਰ ਕੇ ਬੋਲੀ, “ਲਿਆਉ ਜੀ, ਫੜਾਉ ਪੈੱਨ ਮੈਨੂੰ। ਕੀ ਗੱਲ? ਇਹ ਚਲਦਾ ਕਾਹਤੋਂ ਨਹੀਂ?”

ਬਿਲਕੁਲ ਮੋਹਰੇ ਖੜ੍ਹੀ ਨੇ ਪੈੱਨ ਨੂੰ ਜ਼ੋਰ ਨਾਲ ਝਟਕਿਆ, ਤੇ ਫਿਰ ਲਿਖਣ ਦੀ ਕੋਸ਼ਿਸ਼ ਕੀਤੀਪਰ ਪੈੱਨ ਫਿਰ ਵੀ ਨਹੀਂ ਚੱਲਿਆਪੂਰੇ ਜ਼ੋਰ ਨਾਲ ਦੁਬਾਰਾ ਝਟਕਿਆ ਤੇ ਫਿਰ ਆਪ ਮੁਹਾਰੇ ਬੋਲ ਪਈ, ਉਹ ਤੁਹਾਡੀ!! ਆਹ ਕੀ ਹੋਇਆ?”

ਪੈੱਨ ਦੀ ਨੀਲੀ ਸਿਆਹੀ ਨੇ ਸਰਦਾਰ ਜੀ ਦੇ ਕਰੀਮ ਕੋਟ ਉੱਪਰ ਵੱਡੇ-ਛੋਟੇ ਨੀਲੇ ਰੰਗ ਦੇ ਛਿੱਟੇ ਪਾ ਦਿੱਤੇ, ਜੋ ਇੰਜ ਜਾਪਦੇ ਸਨ ਜਿਵੇਂ ਚਾਨਣੀ ਰਾਤ ਨੂੰ ਖੁੱਲ੍ਹੇ ਅਸਮਾਨ ਵਿੱਚ ‘ਖਿੱਤੀਆਂ ਦੇ ਤਾਰੇ’ ਹੋਣਸਿਰਫ ਰੰਗ ਹੀ ਉਲਟਾ, ਕਰੀਮ ਰੰਗ ਉੱਪਰ ਨੀਲੇ ਜਿਹੇ ਤਾਰੇਇਸ ਘਟਨਾ ਜਾਂ ਦੁਰਘਟਨਾ ਨਾਲ ਲਾਈਨ ਵਿੱਚ ਅੱਗੇ ਪਿੱਛੇ ਅਤੇ ਕੋਲ ਖੜ੍ਹੇ ਲੋਕਾਂ ਅਤੇ ਖ਼ਾਸ ਕਰਕੇ ਜ਼ਨਾਨੀਆਂ ਦੇ ਮਹਿੰਗੇ ‘ਬੂਟੀਕ’ ਵਾਲੇ ਸੂਟ ਵਾਹਿਗੁਰੂ ਦੀ ਮਿਹਰ ਨਾਲ ਬਚ ਗਏ, ਨਹੀਂ ਤਾਂ ਹੋਰ ਹੀ ਲੰਮਾ ਚੌੜਾ ਰੱਫੜ ਪੈ ਜਾਣਾ ਸੀਕੋਟ ਖਰਾਬ ਹੋ ਜਾਣ ਦਾ ਗੁੱਸਾ ਤਾਂ ਸਰਦਾਰ ਜੀ ਨੂੰ ਵੀ ਬਹੁਤ ਆਇਆ ਪਰ ਇੰਜ ਲੱਗਿਆ ਕਿ ਉਹਦੀ ਐਂਗਰ ਮੈਨੇਜਮੈਂਟ ਦੀ ਟ੍ਰੇਨਿੰਗ ਵੇਲੇ ਸਿਰ ਕੰਮ ਆ ਗਈਤੇ ਉਹ ਗੁੱਸਾ ਪਾਣੀ ਵਾਂਗ ਪੀ ਗਿਆਸਿਰਫ ਐਨਾ ਹੀ ਬੋਲਿਆ, “ਲਗਦਾ ਇਹ ਤਾਂ ਹੁਣ ਡਰਾਈ ਕਲੀਨ ਨਾਲ ਵੀ ਨਹੀਂ ਸਾਫ ਹੋਣਾ।”

ਉਦਾਸ ਮਨ ਨਾਲ ਉਸਨੇ ਫੋਟੋ ਵੀ ਵਿੰਗੇ ਟੇਢੇ ਜਿਹੇ ਹੁੰਦਿਆਂ ਖਿਚਾ ਲਈ ਤਾਂ ਕਿ ਸਿਆਹੀ ਦੇ ਛਿੱਟਿਆਂ ਵਾਲਾ ਹਿੱਸਾ ‘ਕੈਮਰੇ ਨੂੰ ਦਿਸੇ’ ਹੀ ਨਾਫੋਟੋ ਤੋਂ ਬਾਅਦ ਉਸਨੇ ਕੋਟ ਨੂੰ ਲਾਹ ਕੇ ਬਾਂਹ ਉੱਪਰ ਟੰਗ ਲਿਆ ਭਰ ਸਰਦੀ ਵਿੱਚ ਹੀ

ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦਿਆਂ ਹੋਇਆਂ ਉਸ ਇਨਸਾਨ ਦੇ ਦਰਸ਼ਨ ਹੁਣ ਵੀ ਅਕਸਰ ਹੁੰਦੇ ਰਹਿੰਦੇ ਹਨਇੱਕ ਦਿਨ ਮੈਂ ਅਤੇ ਘਰਵਾਲੀ ਆਪਣੇ ਪਾਲਤੂ ਕੁੱਤੇ ਨੂੰ ਨਾਲ ਲੈ ਕੇ ਸੈਰ ਕਰ ਰਹੇ ਸੀ ਤਾਂ ਅਚਾਨਕ ਇੱਕ ਤੇਜ਼ ਕਾਰ ਸਾਡੇ ਕੋਲ ਆ ਕੇ ਰੁਕ ਗਈ। ਕਾਰ ਦੀ ਤਾਕੀ ਦੇ ਖੁੱਲ੍ਹੇ ਸ਼ੀਸ਼ੇ ਵਿੱਚੋਂ ‘ਪੂਰੀ ਬਾਂਹ ਅਤੇ ਅੱਧਾ ਸਿਰ’ ਬਾਹਰ ਨੂੰ ਕੱਢ ਕੇ ਬੰਦਾ ਨੇ ਮੈਨੂੰ ਪੁੱਛਿਆ, ਐਥੇ ਛੋਟਾ ਜਿਹਾ ਕਾਲੇ ਰੰਗ ਦਾ ਕੁੱਤਾ ਤਾਂ ਨਹੀਂ ਦੇਖਿਆ? ਬਧਰੀ ਸਮੇਤ ਹੀ ਦੌੜ ਗਿਆ ਸਾਲਾ ਕਿਤੇ ... ਹੁਣ ਲੱਭਦਾ ਹੀ ਨਹੀਂ

ਨਹੀਂ ਜੀ, ਅਸੀਂ ਦੇਖਿਆ ਨਹੀਂ” ਮੈਂ ਜਵਾਬ ਦਿੱਤਾ

ਉਹਦੇ ਗਲ ਵਿੱਚ ‘ਪੈੱਨ’ ਨਾਲ ਲਿਖਿਆ ਨਾਂਅ, ਫੋਨ ਜਾਂ ਐਡਰੈਸ ਹੈ ਨਹੀਂ ਜੀ?” ਮੈਂ ਪੁੱਛਿਆਗੋਲ-ਮੋਲ ਅਤੇ ਫਜ਼ੂਲ ਜਿਹਾ ਸਵਾਲ ਸੁਣ ਕੇ ਬਿਨਾਂ ਕੁਝ ਬੋਲਿਆਂ ਹੀ ਉਹ ਕਾਰ ਦੀ ਰੇਸ ਦਬਾ ਕੇ ਆਪਣਾ ਗੁਆਚਾ ਹੋਇਆ ਕਾਲਾ ਕੁੱਤਾ ਲੱਭਣ ਚਲਾ ਗਿਆਘਰਵਾਲੀ ਬੋਲੀ, “ਇਹ ਉਹੀ ‘ਸ਼ਗਨਾਂ ਦੇ ਲਿਫ਼ਾਫੇ’ ਵਾਲਾ ਬੰਦਾ ਨਹੀਂ ਸੀ ਭਲਾ?”

ਬੜੀ ਕੋਸ਼ਿਸ਼ ਨਾਲ ਭੁਲਾਉਂਦਿਆਂ ਵੀ ਇਸ ਸੱਜਣ ਦਾ ਸ਼ਰਾਰਤੀ ਪੈੱਨ, ਸ਼ਗਨ ਵਾਲਾ ਲਿਫਾਫਾ, ਅਤੇ ਨੀਲੇ ਤਾਰਿਆਂ ਵਾਲਾ ਕਰੀਮ ਕੋਟ ਨਹੀਂ ਭੁੱਲਦਾ!!

ਤੇਜ਼ ਤਰਾਰ ਅਤੇ ਚਨੌਤੀਆਂ ਭਰਪੂਰ ਜ਼ਿੰਦਗੀ ਵਿੱਚ ਵਾਪਰਦੀਆਂ ਇਹ ਨਿੱਕੀਆਂ-ਨਿੱਕੀਆਂ ਘਟਨਾਵਾਂ ਅਤੇ ਯਾਦਾਂ ਸਾਨੂੰ ਚੱਲਦਾ ਰੱਖਦੀਆਂ ਹਨਬਾਕੀ ਤਾਂ ਐਵੇਂ ਰੌਲਾ-ਰੱਪਾ ਹੀ ਹੈ, ਦੋਸਤੋ!

ਸੁੱਕੀ ਹੋਈ ਰੇਤ ਨੇ
ਉਡ ਖਿੰਡ ਜਾਣਾ ਹੈ
, ਇੱਕ ਦਿਨ
ਵਗਦੀ ਹੋਈ ਵਾਅ ਨੇ
ਅੰਤ ਰੁਕ ਜਾਣਾ ਹੈ
, ਇੱਕ ਦਿਨ
ਖਿੜੇ ਹੋਏ ਫੁੱਲ ਨੇ
ਆਖ਼ਰ ਸੁੱਕ ਜਾਣਾ ਹੈ
, ਇੱਕ ਦਿਨ

ਪਰ ਸੱਚ ਇਹ ਵੀ ਹੈ ਕਿ ਇਹ ਦੁਨੀਆ ਤਾਂ ਕੱਲ੍ਹ ਵੀ ਚਲਦੀ ਸੀ, ਅੱਜ ਵੀ ਚਲਦੀ ਹੈ, ਤੇ ਭਲਕ ਨੂੰ ਵੀ ਪੱਕਾ ਚਲਦੀ ਹੀ ਰਹੇਗੀ, ਬਗੈਰ ਕਿਸੇ ਦੀ ਉਡੀਕ ਕੀਤਿਆਂ!!

ਕੱਲ੍ਹ…
ਝੱਖੜ ਐਸੇ ਝੁੱਲ ਗਏ
ਕੋਈ ਦਿਸਦਾ ਨਹੀਂ ਸੀ ਰਾਹ

ਅੱਜ…
ਉੱਠ ਸਵੇਰੇ ਦੇਖਿਆ
ਪਈ ਵਗੇ ਪਿਆਰ ਦੀ ਵਾਅ

ਕੱਲ੍ਹ…
ਕਾਲੇ ਬੱਦਲ ਛਾ ਗਏ
ਲਿਆ ਅਬਰੀਂ ਚੰਨ ਲੁਕਾ

ਅੱਜ…
ਅੰਬਰਾਂ ਵਿੱਚ ਸੱਤ-ਰੰਗੀਆਂ
ਮੈਨੂੰ ਗੋਡੇ ਗੋਡੇ ਚਾਅ

ਕੱਲ੍ਹ…
ਆਪਣੇ ਹੀ ਖੋਹ ਲੈ ਗਏ
ਸਭ ਲਾਅ ਕੇ ਆਪਣੇ ਦਾਅ

ਅੱਜ…
ਯਾਰ ਰਾਹਾਂ ਵਿੱਚੋਂ ਲੰਘ ਗਏ
ਗਏ ਸੰਦਲੀ ਪੈੜਾਂ ਪਾ

ਜ਼ਿੰਦਗੀ ਜ਼ਿੰਦਾਬਾਦ ॥

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author