“ਸਫਰ ਜਾਰੀ ਰਵੇ... ਜ਼ਿੰਮੇਵਾਰੀਆਂ, ਦਿੱਕਤਾਂ, ਖੁਸ਼ੀਆਂ ਦੇ ਸੁਨੇਹੇ ਦੇਣ ਵਾਲੇ ਲੇਖਕ, ਨਿਰਦੇਸ਼ਕ ਤੇ ...”![]()
(30 ਨਵੰਬਰ 2025)
ਡਾ. ਸਾਹਿਬ ਸਿੰਘ ਨੂੰ ਸਿਰਸਾ ਦੀ ਸੰਸਥਾ “ਸੰਵਾਦ “ਵੱਲੋਂ ਧੜਲੇਦਾਰ ਪੱਤਰਕਾਰ
ਛੱਤਰਪਤੀ ਦੀ ਯਾਦ ਵਿੱਚ ਅੱਜ (30 ਨਵੰਬਰ) ਸਨਮਾਨ ਮਿਲਣ ’ਤੇ…
ਸਾਹਿਬ ਸਿੰਘ ਸਿਰਜਦਾ ਹੈ ਖੂਬਸੂਰਤ ਸ਼ਬਦਾਂ ਦੇ ਸੰਵਾਦ। ਲਿਖਣ ਲੱਗਿਆਂ ਉਹ ਲੱਭਦਾ ਹੈ ਸੂਖਮ ਮਜ਼ਮੂਨ। ਸ਼ਬਦ ਪਰੋਣ ਲੱਗਿਆਂ ਉਹ ਦਿਲ ਦੇ ਗਹਿਰੇ ਬ੍ਰਹਿਮੰਡ ਵਿੱਚ ਡੁੱਬ ਜਾਂਦਾ ਹੈ। ਅੱਖਾਂ ਵਿੱਚ ਤਰਲਤਾ ਭਰਦਾ, ਮਨ ਮਸਤਕ ਵਿੱਚ ਤਾਰਿਆਂ ਤੋਂ ਸ਼ਬਦ ਭਾਲਦਾ, ਫਿਰ ਲਿਖਦਾ ਹੈ ਹਰਫਾਂ ਨਾਲ ਸੰਵਾਦ, ਬੜੀ ਹੀ ਸੁਭਾਵਿਕ ਉਹ ਗੱਲ ਕਰਦਾ ਹੈ। ਆਪਣੇ ਬ੍ਰਹਿਮੰਡ ਦੇ ਤਾਰਿਆਂ ਦੇ ਨਾਂ ਲੈਣ ਤੋਂ ਕਦੀ ਨਹੀਂ ਉਕਦਾ ਉਹ, ਬੁੱਕ ਭਰ ਭਰ ਕੇ ਪਿਆਰ ਵੰਡਦਾ, ਮੋਹ ਦੀ ਗਲਵੱਕੜੀ ਪਾਉਂਦਾ ਹੈ। ਸਹਿਜ ਹੋ ਤੁਰ, ਕਿਸੇ ਨਵੇਂ ਸਫਰ ਵੱਲ ਮਿੱਠੀ ਜਿਹੀ ਮੁਸਕਰਾਹਟ ਲੈ ਕਿੰਨਾ ਕੁਝ ਸਮੇਟ ਤੁਰ ਪੈਂਦਾ ਹੈ। ਉਹ ਪਾਤਰ ਸਿਰਜਦਾ ਵੀ ਹੈ, ਉਹਨਾਂ ਨੂੰ ਜਿਊਂਦਾ ਵੀ ਹੈ। ਸਾਹਿਤ ਦੇ ਖੇਤਰ ਵਿੱਚ ਬੁਲੰਦ ਆਵਾਜ਼ ਵੀ ਉਹ, ਸੱਚ ਦਾ ਹੋਕਾ ਵੀ... ਇੱਕ ਹੁੰਗਾਰਾ ਵੀ ਹੈ, ਜੋ ਚੇਤਨਾ ਪੈਦਾ ਕਰਦਾ ਹੈ, ਚਿੰਤਨ ਲਈ ਵੀ ਮਜ਼ਬੂਰ ਕਰਦਾ, ਐਸੀ ਸ਼ਖਸੀਅਤ ਨੂੰ ਸਨਮਾਨ ਦੇਣਾ ਬਹੁਤ ਹੀ ਮਾਣ ਵਾਲੀ ਗੱਲ ਹੈ।.
ਡਾਕਟਰ ਸਾਹਿਬ ਸਿੰਘ
ਪਿਛਲੇ ਕੁਝ ਵਰ੍ਹਿਆਂ ਤੋਂ ਸੋਲੋ ਨਾਟਕ ਦੀ ਪਰਿਭਾਸ਼ਾ ਦਾ ਮੁਹਾਂਦਰਾ ਵੇਖਿਆ, ਇਸਦੇ ਨਕਸ਼ ਤਰਾਸ਼ੇ ਹੋਏ ਹਨ, ਅਤੇ ਬੜੇ ਸਹਿਜ ਕਰ ਦਿੰਦੇ ਨੇ। “ਸੋਲੋ ਨਾਟਕ ਜ਼ਰੀਏ ਅਸੀਂ ਆਪਣੀ ਗੱਲ ਆਪਣੇ ਮਜ਼ਬੂਨ ਦੇ ਅਨੁਸਾਰ ਕਹਿ ਸਕਦੇ ਹਾਂ।”
ਹਰ ਸੋਲੋ ਨਾਟਕ ਦੇਖਦਿਆਂ ਪੜ੍ਹਦਿਆਂ ਸ਼ਬਦਾਂ ਦਾ ਤਰਜਮਾ ਕਰਦਿਆਂ ਕਈ ਵਾਰ ਸਾਹ ਵੀ ਰੁਕ ਜਾਂਦਾ ਹੈ। ਸਾਹਿਬ ਸਿੰਘ ਜਦੋਂ ਕਿਤੇ ਚੰਨ ਦੀ ਚਾਨਣੀ ਰਾਤ ਵਿੱਚ ਤਾਰਿਆਂ ਨਾਲ ਗੱਲਾਂ ਕਰਦਾ ਹੈ ਤਾਂ ਸੰਵਾਦ ਲਿਖਦਾ ਹੈ।
ਸਾਹਿਬ ਸਿੰਘ ਤਿੱਖਾ ਲਿਖਦਾ ਹੈ, ਜ਼ਿੰਦਗੀ (ਸਮਾਜ) ਦੀਆਂ ਹਕੀਕਤਾਂ ਨੂੰ ਹੱਥ ਪਾਉਂਦਾ ਹੈ। ਉਸਦੇ ਪੰਜ ਸੋਲੋ ਨਾਟਕ ਆਏ ਹਨ। ਮੈਂ ਇਹ ਨਾਟਕ ਵੇਖੇ ਨੇ, ਪੜ੍ਹੇ ਨੇ, ਮੈਂ ਉਹਨਾਂ ਬਾਰੇ ਵੱਖ-ਵੱਖ ਵਿਦਵਾਨਾਂ ਦਾ ਵਿਚਾਰ ਵੀ ਪੜ੍ਹੇ ਹਨ, ਇੰਟਰਵਿਊ ਵੀ ਸੁਣੀਆਂ ਹਨ। ਫਿਰ ਵੀ ਲਗਦਾ ਹੈ ਜਿੰਨਾ ਮਰਜ਼ੀ ਲਿਖ ਲਵੋ, ਹਰ ਵਾਰ ਕੁਝ ਨਵਾਂ ਮਿਲ ਜਾਂਦਾ ਹੈ।
ਪਹਿਲਾ ਨਾਟਕ ਜਿਸਦੀ ਗੱਲ ਕਰਾਂਗੇ, ਉਹ ਹੈ “ਲੱਛੂ ਕਬਾੜੀਆ”, ਦਲਿਤ ਸਮਾਜ ’ਤੇ ਲਿਖਿਆ ਨਾਟਕ। ਹਾਕਮ ਦੀ ਕੁਰਸੀ ਨੂੰ ਵੰਗਾਰਦਾ ਹੈ ਇਹ ਨਾਟਕ। ਗਰੀਬ ਦੀ ਗੁਰਬਤ ਦੀ ਗੱਲ ਕਰਦਾ, ਘੁੱਟਵੇਂ ਚਾਅ ਮਾਰਦਾ, ਦਲਿਤ ਸ਼ਬਦ ਦੇ ਅਰਥਾਂ ਨੂੰ ਵਿਸ਼ਾਲ ਕਰਦਾ, ਅਪਮਾਨ, ਸਾਰੇ ਲੋਕਾਂ ਦੀ ਹੋਣੀ ਨੂੰ ਦਰਸਾਉਂਦਾ, ਲੋਕਾਂ ਦੇ ਵਹਾਅ ਤੋਂ ਉਲਟ ਪ੍ਰਸੰਗ ਵਿੱਚ ਉਪਜਦਾ ਜਾਤੀ, ਹਉਮੈ, ਜਗੀਰਦਾਰੀ ਪਰੰਪਰਾ ਦਾ ਵਿਦਰੋਹ ਲੈ ਤੁਰਦਾ ਲੱਛੂ ਕਿਤੇ ਵੰਗਾਰਦਾ ਹੈ, ਕਿਤੇ ਚਿਤਵਦਾ ਹੈ, ਕਦੇ ਸਮਝੌਤੇ ਕਰਦਾ ਹੈ, ਕਦੇ ਅਣਖ ਨੂੰ ਜਗਾਉਂਦਾ ਹੈ। ਤੇ ਮੈਂ ਜਦੋਂ ਲੱਛੂ ਦੇ ਬਾਰੇ ਪੜ੍ਹਦੀ ਹਾਂ ਜਾਂ ਨਾਟਕ ਦੇਖਣ ਦੀ ਗੱਲ ਕਰਦੀ ਹਾਂ ਤਾਂ ਇਸਦੇ ਸੰਵਾਦਾਂ ਦਾ ਮੁਹਾਂਦਰਾ ਗਹਿਰਾ ਹੋ ਜਾਂਦਾ ਹੈ। ਚਿਹਰੇ ’ਤੇ ਸਵਾਲ ਹੁੰਦੇ ਹਨ, ਮੱਥੇ ’ਤੇ ਇੱਕ ਚਮਕ ਦੀ ਕਿਰਨ ਵੀ ਸਮਾਨੰਤਰ ਝਲਕਦੀ ਹੈ।
ਜਦੋਂ ਪੰਜ ਪਿਆਰਿਆਂ ਦੀ ਗੱਲ ਕਰਦਾ ਹੈ, ਤਾਂ ਲਗਦਾ ਹੈ ਕਲਮ ਦੀ ਕੁੱਖ ਵਿੱਚ ਖਾਲਸਾ ਸ਼ਬਦ ਹੋਰ ਖਾਲਸ ਹੋ ਗਿਆ। ਜਦੋਂ ਸਵਾਲ ਕਰਦਾ ਹੈ, ਦਾਇਆ ਸਿੰਘ ਨਾਲ ਖੱਤਰੀ ਕਿਉਂ? ਧਰਮ ਸਿੰਘ ਨਾਲ ਜੱਟ ਕਿਉਂ? ਇਨ੍ਹਾਂ ਨਾਲੋਂ ਖੱਤਰੀ, ਜੱਟ ਲਾਹ ਦਿਓ ਜਾਂ ਫਿਰ ਮੋਹਕਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ ਨਾਲ ਨਾਈ/ਛੀਬੇ/ਝਿਓਰ ਲਿਖ ਦਿਓ ... ਇਹ ਗਹਿਰਾ ਸਵਾਲ ਹੈ।
ਮੁਹੱਬਤ ਦੀ ਬਾਤ ਪਾਉਂਦਾ ਜਾਤ ਪਾਤ ਤੇ ਵਖਰੇਵੇਂ ਦੀ ਗੱਲ ਕਰਦਾ ਲੱਛੂ ਦੇ ਬਾਪ ਦੇ ਜਗੀਰਦਾਰ ਹੱਥੋਂ ਹੋਏ ਅਪਮਾਨ ਨੂੰ ਨਿੱਜਤਾ ਨਾਲ ਜੋੜਦਾ, ਉਸ ਵੱਲੋਂ ਸ਼ਬਦਾਂ ਵਿੱਚ ਪ੍ਰਤੀਕ ਦੇ ਰੂਪ ਵਿੱਚ ਵਰਤੇ ਕਬਾੜ, ਕਾਪੀ, ਬੋਰੀ, ਇੱਜ਼ਤ ਲਈ ਚੁੰਨੀ, ਦਲਿਤ ਸਮਾਜ ਦੀ ਨਿੱਜਤਾ ਨੂੰ ਦਰਸਾਉਂਦੇ ਹਨ।
ਬੀਬੀ ਦੇ ਆਪਣੇ ਪੁੱਤ ਦੇ ਜੂੜੇ ਤੇ ਖੱਦਰ ਦੀ ਟਾਕੀ ਬੰਨ੍ਹ ਪੁੱਤ ਨੂੰ ਸਰਦਾਰੀ ਦੀ ਖੁਸ਼ਬੂ ਨੂੰ ਮਾਣਨਾ, ਉਸ ਦੇ ਅੰਦਰ ਕਿਤੇ ਬੈਠੀ ਉਸ ਭਾਵਨਾ ਦੀ ਉਪਜ ਹੈ, ਜੋ ਉਸ ਵਿੱਚ ਛੋਟੇ ਹੋਣ ਅਹਿਸਾਸ ਪੈਦਾ ਕਰਦੀ ਹੈ।
ਨਾਟਕ ਦੀ ਪੇਸ਼ਕਾਰੀ ਵਿੱਚ ਪਿਛਲ ਝਾਤ ਵਿੱਚ ਜਦੋਂ ਆਪਣੀ ਘਰਵਾਲੀ ਨੂੰ ਬਚਪਨ ਦੀ ਗੱਲ ਕਰਦਾ ਹੈ, ਆਪਣੀ ਮਾਂ ਦੀਆਂ ਦੁਸ਼ਵਾਰੀਆਂ ਦੱਸਦਾ ਹੈ ਤਾਂ ਆਪਣੇ ਬਾਪ ਦੀ ਬੇਇੱਜ਼ਤੀ ਸੀਨੇ ਵਿੱਚ ਲਈ ਬੈਠਾ ਹੈ। ਅੰਦਰ ਸਵਾਲ ਨੇ, ਹਯਾਤੀ ਦੇ ਪਲ ਮਾਣਨ ਦੀ ਬਜਾਏ ਇੱਕ ਕੰਮ ਵਾਂਗ ਹੀ ਹੰਡਾ ਰਿਹਾ ਹੈ। ਪਤਨੀ ਦੀ ਬੇਵਸੀ ਅਤੇ ਝਿੜਕ ਉਸਦੀ ਆਪਣੀ ਹਉਮੈਂ ਵਿੱਚ ਉੱਗੀ ਬੇਵਸੀ ਹੈ। ਦੋਵੇਂ ਹੀ ਤਰਾਸਦੀ ਦੇ ਪਾਤਰ ਜਾਪਦੇ ਨੇ, ਤੰਗੀਆਂ ਤੁਰਸ਼ੀਆਂ, ਕੁਝ ਕਰ ਸਕਣ ਦੀ ਹਿੰਮਤ ਦਾ...
ਅੰਤ ਕੁਰਸੀ ਨੂੰ ਵੰਗਾਰ ਲੱਛੂ (ਲਛਮਣ ਸਿੰਘ) ਜਦੋਂ ਹਾਕੀ ਉਲਾਰਦਾ ਹੈ ਤਾਂ ਇੱਕ ਚੇਤਨਤਾ ਦਾ ਸੁਨੇਹਾ ਦਿੰਦਾ ਹੈ ਤੇ ਹਕੂਮਤ ਦੇ ਮੂੰਹ ’ਤੇ ਪਈ ਚਪੇੜ ਲਗਦਾ ਹੈ। ਸਾਹਿਬ ਸਿੰਘ ਲਿਖਦਾ ਹੈ, “... ਕਿ ਮੈਂ ਇਸਦੇ ਸਵਾ ਸੌ ਸ਼ੋਂ ਰਾਹੀਂ ਕਲਾ ਦੇ ਘਰੋਂ ਲੱਛੂ ਕੁਬਾੜੀਆਂ ਦੇ ਰੂਪ ਵਿੱਚ ਤੱਤੇ ਘਿਓ ਵਰਗੀ ਕਲਾ ਕਿਰਤ ਭੇਟ ਕਰ ਰਿਹਾ ਹਾਂ ਤਾਂ ਜੋ ਕੁਝ ਸੱਟਾਂ ਚੁਗੀਆਂ ਜਾ ਸਕਣ। ਸੱਟਾਂ ਬਹੁਤ ਨੇ, ਡੂੰਘੀਆਂ ਨੇ, ਬਹੁਤ ਕੁਝ ਕਰਨਾ ਬਾਕੀ ਹੈ ...।
ਚਲੋ ਗੱਲ ਕਰਦੇ ਹਾਂ ਅਗਲੇ ਵਿਹੜੇ ਦੀ, ਭਾਵ “ਸੰਮਾਂ ਵਾਲੀ ਡਾਂਗ” ਦੀ...
“ਪਰਾਂ ਹੋ ਜਾ ਜੱਟ ਆਉਂਦੇ ਆ...
ਜੱਟ ਫੱਟੇ ਚੱਕ ਆਉਂਦੇ ਆ...
ਕਰੀ ਲਾਲ ਲਾਲ ਅੱਖ ਆਉਂਦੇ ਆ...
“ਜੱਟ ਫੱਟੇ ਚੱਕ ...?” ਨਿੱਕਾ ਜਿਹਾ ਰੇਡੀਓ ਕਿੱਲੀ ’ਤੇ ਟੰਗ ਫਿਰ ਖੁੱਲ੍ਹਦਾ ਹੈ ਨਾਟਕ ਵਾਲਾ ਝੋਲਾ... ਛੋਟੀ ਕਿਰਸਾਨੀ ਦਾ ਸੰਤਾਪ... ਆੜ੍ਹਤੀ ਦੀ ਵਹੀ...
ਦਿੱਲੀ ਦਾ ਮੋਰਚਾ... ਹਾਕਮ ਦੀ ਕੁਰਸੀ, ਕਿਰਸਾਨੀ ਦੇ ਜ਼ਖਮ
ਫਸਲਾਂ ਦੀ ਸਹੀ ਚੋਣ, ਕੀਮਤ, ਮੁੜ੍ਹਕੇ ਦੀ ਮਾਰੀ ਮੱਤ, ...
ਬੜੀ ਹੀ ਤਿੱਖੀ ਤੇ ਗਹਿਰੀ ਸੱਟ ਮਾਰਦਾ...
“ਜਦ ਗੌਣ ਵਾਲਾ ਵਾਜਾ ਵਜਾਉਂਦਾ... ਉਹ ਬੰਦਾ ਜਿਹਨੇ ਕਦੇ ਖੇਤ ਵਿੱਚ ਪੈਰ ਨਹੀਂ ਧਰਿਆ, ਉਹ ਹੀ ਖੜ੍ਹਾ ਹੋ ਕੇ ਐਂ ਕਿੱਦਾਂ ਕਹਿ ਦਿੰਦਾ..?” ਤ੍ਰਾਸਦੀ ਨਹੀਂ ਤਾਂ ਹੋਰ ਕੀ...
ਸੱਪਾਂ ਦੀਆਂ ਸੀਰੀਆਂ ਨੱਪਣ ਵਾਲੇ, ਧੁੱਪਾਂ ਵਿੱਚ ਸੜਨ ਵਾਲੇ, ਸਿਖ਼ਰ ਦੁਪਹਿਰ ਕਹੀਆਂ ਚਲਾਉਣ ਵਾਲੇ, ਜਦੋਂ ਆਪਣਾ ਮੁੜ੍ਹਕਾ ਵਹਾਉਂਦੇ ਨੇ ਤਾਂ ਖਿਝ ਵਿੱਚ ਕਹਿ ਰਿਹਾ, “ਸਾਡੇ ਮੁੜ੍ਹਕੇ, ਮਿਹਨਤ ਨਾਲ ਫਸਲ ਉੱਗਦੀ ਹੈ। ਫਿਰ ਸਾਡੇ ਕੱਪੜਿਆਂ ਵਿੱਚੋਂ ਮਾੜੀ ਮੋਟੀ ਬੋਅ ਨਹੀਂ ਆਊਗੀ ਤਾਂ ਹੋਰ ਥੋਡਾ ਸਿਰ ਆਊਗਾ?”
ਇਹ ਜ਼ੁਰਅਤ ਦੀ ਗੱਲ ਸਾਹਿਬ ਸਿੰਘ ਹੀ ਕਰ ਸਕਦਾ ਹੈ।
“ਸਾਡੇ ਲਈ ਤਾਂ ਉਹ ਪਲ ਵੀ ਕੰਮ ਭੁਗਤਾਉਣ ਵਰਗੇ ਹੁੰਦੇ ...।”
ਤੀਵੀਂ ਮਰਦ ਦੇ ਰਿਸ਼ਤੇ ਦੀ ਤ੍ਰਾਸਦੀ ਹੈ।
ਪਿਛਲ ਝਾਤ ਮਾਰਦਾ ਹੈ... ਫੌਜੀ ਬਾਪ... ਮਾਂ ਦਾ ਡਰ... ਪੁੱਤ ਨੂੰ ਅਫਸਰ ਬਣਾਉਣ ਦਾ ਖ਼ਾਬ...
ਪਰ ਦੁਸ਼ਮਣ ਦੀ ਪਰਿਭਾਸ਼ਾ ਨਾ ਸਮਝ ਸਕਿਆ?
ਮਾਪੇ ਤੁਰ ਜਾਣ ਤੋਂ ਬਾਅਦ ਪਰਿਵਾਰ, ਕਿਰਸਾਨੀ ਵਿੱਚ ਧੀ ਦਾ ਵਿਆਹ ਕਰਦਿਆਂ ਸੱਧਰਾਂ ਦਾ... ਪੁੱਤ ਦੀ ਮੌਤ... ਨੇ ਸੱਥਰ ਵਿੱਚ ਬਦਲ ਜਾਣਾ... ਦੁਖਾਂਤ ਦਾ ਸਿਖ਼ਰ ਹੋ ਨਿੱਬੜਿਆ... ਰੂਹ ਵਿਲਕਦੀ ਹੈ...
ਸਰਮਾਏਦਾਰੀ ਦੀ ਲੁੱਟ ਤੂੜੀ ਵਾਲੇ ਕੋਠੇ ਤੋਂ ਤੁਰ ਜਦੋਂ ਰਸੋਈ ਵਿੱਚ ਆਈ, ਸੱਪ ਨੂੰ ਪ੍ਰਤੀਕ ਦੇ ਰੂਪ ਵਿੱਚ ਵਿਖਾ ਉਸਦਾ ਸਿਰ ਨੱਪ ਨਿਜਾਤ ਪਾਉਣ ਦਾ ਸੁਨੇਹਾ ਸਾਹਿਬ ਸਿੰਘ ਹੀ ਦੇ ਸਕਦਾ ਹੈ।
ਬਦਲਦੇ ਪ੍ਰਭਾਵ ਨੂੰ ਪੇਸ਼ ਕਰਦਾ ਤੀਸਰਾ ਸੋਲੋ ਨਾਟਕ “ਸੰਦੂਕੜੀ ਖੋਲ੍ਹ ਨਰੈਣਿਆ” ਵਰਤਮਾਨ ਸਮੇਂ ਵਿੱਚ ਔਖੇ ਹੋ ਪਰਦੇਸ ਜਾਣ ਦੀ ਲਲ੍ਹਕ ਨੂੰ ਵੱਖਰੇ ਰੂਪ ਵਿੱਚ ਪੇਸ਼ ਕਰਦਾ ਹੈ।
ਜਾਤ ਪਾਤ, ਸਿੱਖਿਆ ਦੀ ਲੋੜ, ਸਕੂਲਾਂ ਦੀ ਪ੍ਰਬੰਧਣ ਦਾ,
ਬਾਹਰ ਗਏ ਨੌਜਵਾਨਾਂ ਦੀਆਂ ਦੁਸ਼ਵਰੀਆਂ ਨੂੰ ਦਰਸਾਉਂਦਾ...
ਹਿੰਦੂ ਸਿੱਖ ਮਸਲੇ ਨੂੰ ਉਭਾਰਦਾ... ਮਾਸਟਰ ਵਧੀਆ ਸੂਤਰਧਾਰ ਰਿਹਾ …
ਹੁਣ ਤੁਰਦੇ ਹਾਂ ਉਸ ਸਿਖ਼ਰ ਵੱਲ, ਜਿੱਥੇ ਪੁੱਜ ਲਗਦਾ ਹੈ ਵਿਧਾ ਬਦਲ ਗਈ... ਧਨੁ ਲਿਖਾਰੀ ਨਾਨਕਾ... ਸਿਖ਼ਰ
ਲੇਖਕ ਤਾਂ ਸੂਖਮ ਵਿਸ਼ੇ ਲੱਭੂ... ਲਿਖੂ... ਧੁਰ ਅੰਦਰ ਤਕ ਮਹਿਸੂਸ ਕਰੂ... ਲੇਖਕ ਜੁ ਹੋਇਆ...
ਸਾਹਿਲ ਲੇਖਕ ਦੇ ਕਿਰਦਾਰ ਵਿੱਚ... ਆਲੇ ਦੁਆਲੇ ਦੇ ਭਿਆਨਕ ਵਰਤਾਰੇ ਤੋਂ ਪੀੜ ਲੈ ਤੁਰਦਾ..
“ਤੁਸੀਂ ਰਾਤ ਨੂੰ ਸੌਂਦੇ ਹੋ, ਸੁਪਨੇ ਲੈਂਦੇ ਹੋ... ” ਪੁੱਛਦਾ, ਦਰਸ਼ਕ ਹੈਰਾਨ ਹੋ ਵੇਖਦਾ... ਉਹ ਜਾਗਣ ਦੀ ਬਾਤ ਪਾਉਣ ਲੱਗਦਾ, ਉਹਨਾਂ ਕਿਰਦਾਰਾਂ ਦੀ ਗੱਲ ਕਰਨ ਲੱਗਦਾ... ਅਸੁਰੱਖਿਅਤ ਧੀਆਂ ਦੀ ਗੱਲ ਕਰਨ ਲੱਗਦਾ...
ਹਾਂ... ਨਿਰਭੈ ਕੇਸ...
ਜਲਿਆਂਵਾਲਾ ਬਾਗ਼... ਉਸਦੀਆਂ ਰੋਸ਼ਨੀਆਂ ਦੇ ਹਨੇਰੇ ਦੀ ਗੱਲ ਕਰਦਾ...
ਸਿੰਘੂ ਬਾਰਡਰ ’ਤੇ ਬੈਠੇ ਕਿਰਸਾਨਾਂ ਦੇ ਸੰਘਰਸ਼ ਨੂੰ ਹੁਲਾਰਾ ਦਿੰਦਾ...
ਦਿੱਲੀ ਦੇ ਤਖ਼ਤ ਨੂੰ ਗੁਰੂ ਤੇਗ ਬਹਾਦਰ ਦੀ ਸ਼ਹਾਦਤ...
ਬੇਕਸੂਰ ਪੱਤਰਕਾਰ ਦੀ ਗੱਲ...
ਪੰਜਾਬ ਦੀ ਜਵਾਨੀ.. ਦੀ ਗੱਲ...
ਦਿੱਲੀ ਦੇ ਦੰਗੇ...
ਧਰਮ ਦੇ ਨਾਂ ’ਤੇ ਮਾਸੂਮ ਦਾ ਕਤਲ ਦਰਿੰਦਗੀ ਦਾ ਸਿਖ਼ਰ...
ਫਿਰ ਵੀ ਕਿਤੇ ਮੁਹੱਬਤ ਦੇ ਜਜ਼ਬਾਤ ਦੀ ਗੱਲ ਵੀ ਕਰਦਾ
ਮੁਸੀਬਤ ਵਿੱਚ ਵੀ ਕਿਤੇ ਸਕੂਨ ਦਾ ਹੁਲਾਰਾ ਭਰਦਾ
ਨਾਟਕ ਨੂੰ ਤੋਰਦਾ, ਅੱਖ ਨਾ ਝਪਕਣ ਦਿੰਦਾ
ਕਿੱਥੇ ਟਿਕਣ ਦੇਣਗੇ ਸਵੇਦਨਸ਼ੀਲ ਹਿਰਦੇ ਨੂੰ
ਅੱਖਾਂ ਦੇ ਕੋਏ ਭਿੱਜਦੇ ਨੇ...
ਲੇਖਕ ਵੰਗਾਰ ਰਿਹਾ ਹੈ...
ਸੱਭਿਅਤਾ ਕਿਤਾਬ ਵਿੱਚ ਹੈ... ਵਰਤਾਰੇ ਵਿੱਚੋਂ ਗਾਇਬ...
ਸੱਚ ਤਾਂ ਸੱਚ ਹੀ ਹੁੰਦਾ ਹੈ। ਦਰਸ਼ਕ ਭਿੱਜੀਆਂ ਅੱਖਾਂ ਨਾਲ ਤਾੜੀਆਂ ਮਾਰਦੇ ਨੇ... ਸਾਹਿਬ ਸਿੰਘ ਨਿਮਰਤਾ ਨਾਲ ਝੁਕ ਸਵੀਕਾਰ ਕਰਦਾ ਹੈ...
ਪੰਜਾਬ ਸਿਹਾਂ ਰੁਕ ਨਾ... ਤੁਰ... ਪੈਂਡਾ ਲੰਬਾ ਹੈ...
ਡਾਇਰੀ ਨਹੀਂ ਮਿਲ ਰਹੀ, ਮੇਰਾ ਨਵਾਂ ਨਾਟਕ ਹੈ ਉਸ ਵਿੱਚ...
ਨਹੀਂ, ਇੰਝ ਨਹੀਂ ਹੋਣਾ ਚਾਹੀਦਾ... ਖੈਰ ਕੁਝ ਸਮੇਂ ਬਾਅਦ
“ਤੂੰ ਅਗਲਾ ਵਰਕਾ ਫੋਲ” ਨਾਟਕ ਮੁਕੰਮਲ ਹੋ ਗਿਆ। ਸਕੂਨ ਮਿਲਿਆ। ਲੇਖਕ ਦੀ ਤਾਂ ਪੈੱਨ ਅਤੇ ਡਾਇਰੀ ਹੀ ਮਲਕੀਅਤ ਹੈ।
ਉਤਸੁਕਤਾ ਬਹੁਤ ਸੀ, ਦਰਸ਼ਕ ਤਾਂ ਉਡੀਕ ਰਹੇ ਸਨ...
ਪਹਿਲਾ ਸ਼ੋ ਕੈਲਗਰੀ ਕੈਨੇਡਾ ਵਿੱਚ ਹੋਇਆ...
ਦੂਸਰਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਪਹਿਲੀ ਨਵੰਬਰ ਨੂੰ...
ਹਿੰਮਤ ਅੱਗੇ ਸਿਰ ਝੁਕਦਾ ਹੈ।
ਤਪਦੇ ਤਨ ਨਾਲ ਬੁਖਾਰ ਵਿੱਚ ਪੌਣੇ ਦੋ ਘੰਟੇ ਦਾ ਨਾਟਕ ਖੇਡ ਕੇ ਸਾਬਤ ਕਰ ਦਿੱਤਾ, “ਤਬਦੀਲੀ ਲਿਆਉਣ ਵਾਲੇ ਲੋਕ... ਬੁਖਾਰ? “ਤੂੰ ਅਗਲਾ ਵਰਕਾ ਫੋਲ...
ਜ਼ਿੰਦਗੀ ਤਾਂ ਗਾਇਬ ਨਹੀਂ ਹੋ ਸਕਦੀ...
ਲੇਖਕ ਗਾਇਬ ਹੈ, ਕਿਉਂ? ਬਿਮਾਰ ਹੋ ਗਿਆ, ਡਰ ਗਿਆ, ਜਾਂ ਮਰ ਗਿਆ... ਲੇਖਕ ਪਹਿਲਾਂ ਅੰਦਰੋਂ ਮਰਦਾ ਹੈ, ਸਰੀਰ ਤੋਂ ਆਪਾਂ ਕੀ ਲੈਣਾ, ਲੇਖਕ ਪਹਿਲਾ ਕਹਾਣੀਆਂ ਲੱਭ ਲੈਂਦਾ ਹੈ ਫਿਰ ਉਸ ਅੰਦਰ ਜਾਨ ਪਾਉਂਦਾ ਹੈ, ਮੁੜ ਸਾਡੀਆਂ ਕਹਾਣੀਆਂ ਸਾਨੂੰ ਹੀ ਸੁਣਾਉਂਦਾ...
ਕਹਾਣੀਆਂ ਨੂੰ ਲੱਭਦਾ ਲੇਖਕ ਆਪੇ ਸਾਡੇ ਤਕ ਪਹੁੰਚ ਜਾਵੇਗਾ...
ਇਹ ਕੁਝ ਨਾਟਕ ਦਾ ਜਗਦਾ ਚੌਮੁਖੀਆਂ ਚਿਰਾਗ ਵਰਗਾ ਲੇਖਕ ਹੀ ਕਹਿ ਸਕਦਾ ਹੈ।
ਹਾਂ ਜੀ, ਦੇਸ਼ ਭਗਤ ਯਾਦਗਾਰ ਹਾਲ ਵਿੱਚ ਨਾਟਕ “ਤੂੰ ਅਗਲਾ ਵਰਕਾ ਫੋਲ” ਖੇਡਦਿਆਂ ਡਾ. ਸਾਹਿਬ ਸਿੰਘ ਜੀ ਜਦੋਂ ਮੰਚ ’ਤੇ ਪੋਲਾ ਜਿਹਾ ਪੈਰ ਪਾਇਆ, ਬਸ਼ੀਰਾ ਸੀ ਚਿੱਟੇ ਲਿਬਾਸ ਵਿੱਚ। ਵੰਡ ਨਹੀਂ ਸੀ ਹੋਈ, ਪਰਿਵਾਰਿਕ ਤਕਲੀਫ਼ਾਂ ਜ਼ਰੂਰ ਸਨ। ਪੁੱਤ ਦੇ ਜੁੱਸੇ ’ਤੇ ਮਾਣ ਕਰਦਾ, ਸਮੇਂ ਦੀਆਂ ਸੂਈਆਂ ਨਾ ਫੜ ਸਕਿਆ... ਜਿਹੜੀ ਉਲਟੀ ਗਿਣਤੀ ਉਸਦਾ ਮਾਣ ਸੀ, ਹੁਣ ਖਿਆਲਾਂ ਵਿੱਚ ਖੋਰੂ ਪਾਉਂਦੀ... ਉਸਦੇ ਔਖੇ ਵੇਲੇ ਨੂੰ ਚੇਤਿਆਂ ਵਿੱਚ ਜ਼ਰਬ ਕਰਦੀ,
47 ਦੀ ਵੰਡ ਬਸ਼ੀਰੇ ਨੂੰ ਜ਼ਖਮ ਤੇ ਵਿਛੋੜੇ ਦੀ ਚੀਸ...
ਕਹਾਣੀ ਫਿਰ ਤੁਰਦੀ ਹੈ, ਵਕਤ ਦੀ ਸੂਈ ਘੁੰਮ ਰਹੀ ਹੈ...
ਦੂਜਾ ਪਾਤਰ ਅਰਜਨ ਵੈਲੀ, ਟਕੂਆਂ ਘੁਮਾਉਂਦਾ ਇੰਝ ਜਾਪਦਾ ਜਿਵੇਂ ਵੱਢ ਟੁੱਕ ਕਰੂ। ਨਹੀਂ, ਬਹੁਤ ਹੀ ਸਲੀਕੇ ਨਾਲ ਮੁਸਲਿਮ ਕੁੜੀ ਦੇ ਪ੍ਰਭਾਵ ਨਾਲ ਮੁਹੱਬਤ ਦੀ ਬਾਤ ਪਾਉਣ ਲੱਗਾ। ਪਿਆਰ ਦੀ ਪਰਿਭਾਸ਼ਾ ਉਸਨੂੰ ਸਮਝ ਆ ਰਹੀ ਸੀ... ਦੋ ਮਜ਼ਬ ਇੱਕ ਜ਼ਿੰਦਗੀ ਜਿਊਣ ਦੀ ਸ਼ੁਰੁਆਤ ਕਰ... ਇੱਕ ਪੀੜ ਜੋ ਸ਼ਬੀਨਾ ਤੋਂ ਬਚਨ ਕੌਰ ਤਕ ਦੀ ਸੀ... ਉਸਦਾ ਅਹਿਸਾਸ ਸੰਜੂ ਸ਼ਰਮਾ ਦੇ ਰੂਪ ਵਿੱਚ ਖੂਬਸੂਰਤ ਬਿਆਨ ਕੀਤਾ... ਅੱਖ ਤਾਂ ਕੀ ਝਪਕਣੀ ਸੀ, ਕੋਈ ਮੱਖੀ ਵੀ ਕੋਲ ਦੀ ਲੰਘ ਜਾਵੇ ਤਾਂ ਖਿਝ ਆਉਂਦੀ ਸੀ...
77 ਦੀ ਐਮਰਜੇਂਸੀ ਦਾ ਦੁਖਾਂਤ... ਹਿੰਦੂ ਪੱਤਰਕਾਰ ਦਾ ਕਤਲ...
ਤਿੰਨ ਮਜ਼ਬਾਂ ਦੀ ਬਾਤ ਪਾ ਗਿਆ... ਪਰ ਗਿਣਤੀ ਉਲਟੀ ਹੀ ਰਹੀ...
1984 ਦੇ ਦੰਗੇ... ਧਰਮ ਦੇ ਨਾਂ ’ਤੇ ਰਾਜਨੀਤੀ...
26 ਨਵੰਬਰ 2008 ... ਤਾਜ ਹੋਟਲ ਦਾ ਕਤਲੇਆਮ... ਮਜ਼ਬ ਦਾ ਕਤਲ ਹੀ ਸੀ...
ਸੰਜੂ ਤੇ ਸੋਫੀਆ ਦਾ ਮੇਲ ਸ਼ਬੀਨਾ ਦਾ ਸਕੂਨ ਸੀ,
ਕੁਰਾਨ, ਨਾਨਕ, ਹਨੂਮਾਨ ਚਲੀਸਾ... ਇੱਕੋ ਸੁਨੇਹਾ...
“ਬੰਦੇ ਬਣੋ... ਬੰਦਿਆਂ ਵਾਂਗ ਪਿਆਰ ਕਰੋ...!” ਅਜੇ ਤਾਂ ਗਿਣਤੀ ਸਿੱਧੀ ਨਹੀਂ ਹੋਈ। ਡੰਗਰ ਸੋਚ ਨੇ ਪਹਿਰਾ ਨਹੀਂ ਛੱਡਿਆ ਤੇ ਪਿਆਰ... ਨਹੀਂ...
ਹੁਣ ਤਾਂ...
ਡਰ ਨੇ ਚੌਥੀ ਕਹਾਣੀ ਦਾ ਦਰ ਹੀ ਬਦਲ ਦਿੱਤਾ...
ਪਰਦੇਸ, ਤਾਕਤ, ਤਕਨੀਕ... ਅੱਜ, ਕੱਲ੍ਹ, ਫਿਰ ਕੱਲ੍ਹ ਦਾ ਸਵਾਲ...
ਸਾਹਿਬ ਸਿੰਘ ਕਹਾਣੀ ਤੁਰ ਰਹੀ ਹੈ... ਲੋਕ ਜਿਊਣ ਦੀ ਕੋਸ਼ਿਸ਼ ਵਿੱਚ ਨੇ... ਸੇਧ ਹੀ ਉਲਟੀ ਹੈ...
ਦਹਾੜ ਮਾਰ... ਚੀਕਾਂ ਮਾਰ... ਗਰਭ ਦੀ ਪੀੜ ਜ਼ਰ...
ਔਰਤ ਕਦੇ ਪਿੰਜਰ, ਕਦੇ ਮਸ਼ੀਨ, ਕਦੇ ਡਰਾਕਲ, ਕਦੇ ਚੁੱਪ... ਕਦੇ ਧੁਖਦੀ... ਸਾਹਿਬ... ਇਹ ਦਰਦ ਵੀ ਤੇਰੀ ਕਲਮ ਨੇ ਸਮੋ ਲਿਆ ਹੈ। ਤੂੰ ਇਸ ਤੋਂ ਵੀ ਕਿਤੇ ਪਰੇ ਲੈ ਗਿਆ ਹੈਂ ਇਸ ਪੀੜ ਨੂੰ, ਸਲਾਮ ਹੈ ਤੇਰੀ ਕਲਮ ਨੂੰ, ਮਨ ਮਸਤਕ ਦੀ ਸੋਚ ਨੂੰ...
ਹਾਂ ਕਹਾਣੀ ਤੁਰਦੀ ਰਵੇ... ਵਰਕੇ ਸਮੇਟ ਲੇਖਕ ਜਿਊਂਦਾ ਰਵੇ
ਇਹ ਸਭ ਕੁਝ ਸਮੇਟ ਜਦੋਂ ਡਾ. ਸਾਹਿਬ ਸਿੰਘ ਮੰਚ ’ਤੇ ਹੋਵੇ...
ਅੱਖਾਂ ਨਮ ਵੀ ਹੁੰਦੀਆਂ, ਇਤਿਹਾਸ ਦਾ ਦਰਦ ਵੀ...
ਸੋਲੋ ਨਾਟਕ ਵਿੱਚ ਜਿਸ ਤਰ੍ਹਾਂ ਸਾਹਿਬ ਸਿੰਘ ਹੋਰੀਂ ਆਪਣਾ ਪ੍ਰਭਾਵ ਪਾ ਰਹੇ ਨੇ, ਉਨ੍ਹਾਂ ਦਾ ਕੋਈ ਸਾਨੀ ਨਹੀਂ...
ਚੇਤਿਆਂ ਵਿੱਚ ਉਕਰਿਆ... ਸਾਹਿਬ ਸਿੰਘ
ਵੱਖਰੀ ਪਛਾਣ ਨਾਲ ਹੀ ਹਰ ਵਾਰ ਵਿਚਰਦਾ
ਇਹ ਮੈਨੂੰ ਲਗਦਾ ਪੰਜਵਾਂ ਸੋਲੋ ਨਾਟਕ ਹੈ...
ਹਰ ਨਾਟਕ ਆਪਣੀ ਪਛਾਣ ਬਣਾ ਰਿਹਾ ਹੈ।
ਸੰਮਾ ਵਾਲੀ ਡਾਂਗ
ਲੱਛੂ ਕਬਾੜੀਆ
ਧਨੁ ਲਿਖਾਰੀ ਨਾਨਕਾ
ਸੰਦੂਕੜੀ ਖੋਲ੍ਹ ਨਰੈਣਿਆ
ਤੇ... ਹੁਣ ਤੂੰ ਅਗਲਾ ਵਰਕਾ ਫੋਲ
ਸਫਰ ਜਾਰੀ ਰਵੇ... ਜ਼ਿੰਮੇਵਾਰੀਆਂ, ਦਿੱਕਤਾਂ, ਖੁਸ਼ੀਆਂ ਦੇ ਸੁਨੇਹੇ ਦੇਣ ਵਾਲੇ ਲੇਖਕ, ਨਿਰਦੇਸ਼ਕ ਤੇ ਅਦਾਕਾਰ ਇਹੋ ਜਿਹੇ ਹੀ ਹੋਣੇ ਚਾਹੀਦੇ ਨੇ,
ਜ਼ੁਰਅਤ ਜਿਸਦੀ ਜ਼ਮੀਰ ਹੋਵੇ,
ਕਲਮ ਜਿਸਦੀ ਜ਼ਮੀਨ ਹੋਵੇ,
ਸੱਚ ਜਿਸਦਾ ਸੁਨੇਹਾ ਹੋਵੇ,
ਮੁਹੱਬਤ, ਵਿਸ਼ਵਾਸ ਹੈ, ਵਿਖਾਵਾ ਨਹੀਂ।
ਇਹ ਸੀ ਇੱਕ ਅਨੁਭਵ ਜੋ ਨਾਟਕ ਦੇਖਣ ਤੋਂ ਇਕਦਮ ਬਾਅਦ ਮੇਰੇ ਜ਼ਿਹਨ ਵਿੱਚ ਸੀ। ਲੋਕਾਂ ਦੀ ਚੁੱਪ ਤੇ ਭਰਿਆ ਹਾਲ ਗਵਾਹੀ ਭਰ ਰਿਹਾ ਸੀ।
ਨਾਟਕ ਖ਼ਤਮ ਹੋਇਆ, ਮੁਕੰਮਲ ਨਹੀਂ...
ਕੰਨਾਂ ਵਿੱਚ ਗੂੰਜਦੀ ਆਵਾਜ਼...
ਅਗਲਾ ਵਰਕਾ ਫੋਲੋ... ਸਮੇਂ ਦੇ ਬਦਲਦੇ ਕਿਰਦਾਰ ਨੂੰ ਵੰਗਾਰ ਦੀ... ਕਾਇਨਾਤ ਵਿੱਚ ਫੈਲ... ਗਿਣਤੀ ਨੂੰ ਸਿੱਧੀ ਕਰਨਾ... ਲੋਚਦੀ ਹੈ...
ਅਦਾਕਾਰ... ਸਭ ਦੀ ਮੁਹੱਬਤ ਅਤੇ ਅਸੀਸ ਲੈਣ ਵਾਲਾ ਖੁਸ਼ਨਸੀਬ।
ਸਾਡਾ ਆਪਣਾ ਡਾ. ਸਾਹਿਬ ਸਿੰਘ ਸ਼ਬਦਾਂ ਦੀ ਮਹਿਕ ਵੰਡਦਾ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (