“ਅੱਖਾਂ ਨਮ ਵੀ ਹੁੰਦੀਆਂ, ਇਤਿਹਾਸ ਦਾ ਦਰਦ ਵੀ ਦੇਖਦੀਆਂ... ਸੋਲੋ ਨਾਟਕ ਵਿੱਚ ...”![]()
(6 ਨਵੰਬਰ 2025)

ਲੇਖਕ ਗਾਇਬ ਹੈ। ਕਿਉਂ ਬਿਮਾਰ ਹੋ ਗਿਆ? ਡਰ ਗਿਆ, ਜਾਂ ਮਰ ਗਿਆ... ਲੇਖਕ ਪਹਿਲਾਂ ਅੰਦਰੋਂ ਮਰਦਾ ਹੈ, ਸਰੀਰ ਤੋਂ ਆਪਾਂ ਕੀ ਲੈਣਾ। ਲੇਖਕ ਪਹਿਲਾਂ ਕਹਾਣੀਆਂ ਲੱਭ ਲੈਂਦਾ ਹੈ, ਫਿਰ ਉਨ੍ਹਾਂ ਅੰਦਰ ਜਾਨ ਪਾਉਂਦਾ ਹੈ। ਮੁੜ ਸਾਡੀਆਂ ਕਹਾਣੀਆਂ ਸਾਨੂੰ ਹੀ ਸੁਣਾਉਂਦਾ ਹੈ...
ਕਹਾਣੀਆਂ ਨੂੰ ਲੱਭਦਾ ਲੇਖਕ ਆਪੇ ਸਾਡੇ ਤਕ ਪਹੁੰਚ ਜਾਵੇਗਾ... - ਇਹ ਕੁਝ ਨਾਟਕ ਦਾ ਜਗਦਾ ਚੌਮੁਖੀਆਂ ਦੀਵੇ ਵਰਗਾ ਲੇਖਕ ਹੀ ਕਹਿ ਸਕਦਾ ਹੈ...
ਹਾਂਜੀ... ਦੇਸ਼ ਭਗਤ ਯਾਦਗਾਰ ਹਾਲ ਵਿੱਚ ਨਾਟਕ “ਤੂੰ ਅਗਲਾ ਵਰਕਾ ਫੋਲ ...” ਖੇਡਦਿਆਂ ਡਾ. ਸਾਹਿਬ ਸਿੰਘ ਜੀ ਨੇ ਜਦੋਂ ਮੰਚ ’ਤੇ ਪੋਲਾ ਜਿਹਾ ਪੈਰ ਪਾਇਆ, ਬਸ਼ੀਰਾ ਸੀ ਚਿੱਟੇ ਲਿਬਾਸ ਵਿੱਚ, ਵੰਡ ਨਹੀਂ ਸੀ ਹੋਈ, ਪਰਿਵਾਰਿਕ ਤਕਲੀਫ਼ਾਂ ਜ਼ਰੂਰ ਸਨ। ਪੁੱਤ ਦੇ ਜੁੱਸੇ ’ਤੇ ਮਾਣ ਕਰਦਾ, ਸਮੇਂ ਦੀਆਂ ਸੂਈਆਂ ਨਾ ਫੜ ਸਕਿਆ। ਜਿਹੜੀ ਉਲਟੀ ਗਿਣਤੀ ਉਸਦਾ ਮਾਣ ਸੀ, ਹੁਣ ਖਿਆਲਾਂ ਵਿੱਚ ਖੋਰੂ ਪਾਉਂਦੀ। ਉਸਦੇ ਔਖੇ ਵੇਲੇ ਨੂੰ ਚੇਤਿਆਂ ਵਿੱਚ ਜ਼ਰਬ ਕਰਦੀ,
47 ਦੀ ਵੰਡ ਬਸ਼ੀਰੇ ਨੂੰ ਜ਼ਖਮ ਤੇ ਵਿਛੋੜੇ ਦੀ ਚੀਸ...
ਕਹਾਣੀ ਫਿਰ ਤੁਰਦੀ ਹੈ, ਵਕਤ ਦੀ ਸੂਈ ਘੁੰਮ ਰਹੀ ਹੈ...
ਦੂਜਾ ਪਾਤਰ ਅਰਜਨ ਵੈਲੀ, ਟਕੂਆ ਘੁਮਾਉਂਦਾ ਇੰਝ ਜਾਪਦਾ ਜਿਵੇਂ ਵੱਢ ਟੁੱਕ ਕਰੂ। ਨਹੀਂ, ਬਹੁਤ ਹੀ ਸਲੀਕੇ ਨਾਲ ਮੁਸਲਿਮ ਕੁੜੀ ’ਤੇ ਪ੍ਰਭਾਵ ਨਾਲ ਮੁਹੱਬਤ ਦੀ ਬਾਤ ਪਾਉਣ ਲੱਗਾ... ਪਿਆਰ ਦੀ ਪਰਿਭਾਸ਼ਾ ਉਸ ਨੂੰ ਸਮਝ ਆ ਰਹੀ ਸੀ। ਦੋ ਮਜ਼ਹਬ ਇੱਕ ਜ਼ਿੰਦਗੀ ਜਿਊਣ ਦੀ ਸ਼ੁਰੁਆਤ ਕਰਕੇ... ਇੱਕ ਪੀੜ, ਜੋ ਸ਼ਬੀਨਾ ਤੋਂ ਬਚਨ ਕੌਰ ਤਕ ਦੀ ਸੀ... ਉਸਦਾ ਅਹਿਸਾਸ ਸੰਜੂ ਸ਼ਰਮਾ ਦੇ ਰੂਪ ਵਿੱਚ ਖੂਬਸੂਰਤ ਬਿਆਨ ਕੀਤਾ... ਅੱਖ ਤਾਂ ਕੀ ਝੱਪਕਣੀ ਸੀ, ਕੋਈ ਮੱਖੀ ਵੀ ਕੋਲ ਦੀ ਲੰਘ ਜਾਵੇ ਤਾਂ ਖਿਝ ਆਉਂਦੀ ਸੀ।
77 ਦੀ ਐੱਮਰਜੈਂਸੀ ਦਾ ਦੁਖਾਂਤ... ਹਿੰਦੂ ਪੱਤਰਕਾਰ ਦਾ ਕਤਲ... ਤਿੰਨ ਮਜ਼ਬਾਂ ਦੀ ਬਾਤ ਪਾ ਗਿਆ... ਪਰ ਗਿਣਤੀ ਉਲਟੀ ਹੀ ਰਹੀ...
1984 ਦੇ ਦੰਗੇ... ਧਰਮ ਦੇ ਨਾਂ ’ਤੇ ਰਾਜਨੀਤੀ...
26 ਨਵੰਬਰ 2008... ਤਾਜ ਹੋਟਲ ਦਾ ਕਤਲੇਆਮ ਮਜ਼ਬ ਦਾ ਕਤਲ ਹੀ ਸੀ।
ਸੰਜੂ ਅਤੇ ਸੋਫੀਆ ਦਾ ਮੇਲ ਸ਼ਬੀਨਾ ਦਾ ਸਕੂਨ ਸੀ,
ਕੁਰਾਨ, ਨਾਨਕ, ਹਨੂਮਾਨ ਚਲੀਸਾ... ਇੱਕੋ ਸੁਨੇਹਾ
“ਬੰਦੇ ਬਣੋ... ਬੰਦਿਆਂ ਵਾਂਗ ਪਿਆਰ ਕਰੋ...”
ਅਜੇ ਤਾਂ ਗਿਣਤੀ ਸਿੱਧੀ ਨਹੀਂ ਹੋਈ... ਡੰਗਰ ਸੋਚ ਨੇ ਪਹਿਰਾ ਨਹੀਂ ਛੱਡਿਆ... ਤੇ ਪਿਆਰ... ਨਹੀਂ...
ਹੁਣ ਤਾਂ
ਡਰ ਨੇ ਚੌਥੀ ਕਹਾਣੀ ਦਾ ਦਰ ਹੀ ਬਦਲ ਦਿੱਤਾ...
ਪਰਦੇਸ, ਤਾਕਤ, ਤਕਨੀਕ... ਅੱਜ, ਕੱਲ੍ਹ, ਫਿਰ ਕੱਲ੍ਹ ਦਾ ਸਵਾਲ...
ਸਾਹਿਬ ਸਿੰਘ ਕਹਾਣੀ ਤੁਰ ਰਹੀ ਹੈ... ਲੋਕ ਜਿਊਣ ਦੀ ਕੋਸ਼ਿਸ਼ ਵਿੱਚ ਨੇ... ਸੇਧ ਹੀ ਉਲਟੀ ਹੈ...
ਦਹਾੜ ਮਾਰ... ਚੀਕਾਂ ਮਾਰ... ਗਰਭ ਦੀ ਪੀੜ ਜ਼ਰ...
ਔਰਤ ਕਦੇ ਪਿੰਜਰ, ਕਦੇ ਮਸ਼ੀਨ, ਕਦੇ ਡਰਾਕਲ, ਕਦੇ ਚੁੱਪ... ਕਿਉਂ ਸਾਹਿਬ... ਇਹ ਦਰਦ ਤੇਰੀ ਗਿਣਤੀ ਤੋਂ ਕਿਤੇ ਪਰੇ ਹੈ...
ਹਾਂ, ਕਹਾਣੀ ਤੁਰਦੀ ਰਹੇ... ਵਰਕੇ ਸਮੇਟ ਲੇਖਕ ਜਿਊਂਦਾ ਰਹੇ...
ਇਹ ਸਭ ਕੁਝ ਸਮੇਟ ਜਦੋਂ ਡਾ. ਸਾਹਿਬ ਸਿੰਘ ਮੰਚ ’ਤੇ ਹੋਵੇ...
ਅੱਖਾਂ ਨਮ ਵੀ ਹੁੰਦੀਆਂ, ਇਤਿਹਾਸ ਦਾ ਦਰਦ ਵੀ ਦੇਖਦੀਆਂ...
ਸੋਲੋ ਨਾਟਕ ਵਿੱਚ ਜਿਸ ਤਰ੍ਹਾਂ ਸਾਹਿਬ ਸਿੰਘ ਹੋਰੀਂ ਆਪਣਾ ਪ੍ਰਭਾਵ ਪਾ ਰਹੇ ਹਨ, ਇਨ੍ਹਾਂ ਦਾ ਕੋਈ ਸਾਨੀ ਨਹੀਂ।
ਚੇਤਿਆਂ ਵਿੱਚ ਉੱਕਰਿਆ ਸਾਹਿਬ ਸਿੰਘ
ਵੱਖਰੀ ਪਛਾਣ ਨਾਲ ਹੀ ਹਰ ਵਾਰ ਵਿਚਰਦਾ
ਇਹ ਮੈਨੂੰ ਲਗਦਾ ਪੰਜਵਾਂ ਸੋਲੋ ਨਾਟਕ ਹੈ...
ਹਰ ਨਾਟਕ ਆਪਣੀ ਪਛਾਣ ਬਣਾ ਰਿਹਾ ਹੈ
ਸੰਮਾ ਵਾਲੀ ਡਾਂਗ
ਲੱਛੂ ਕਬਾੜੀਆ
ਧਨੁ ਲਿਖਾਰੀ ਨਾਨਕਾ
ਸੰਦੂਕੜੀ ਖੋਲ੍ਹ ਨਰੈਣਿਆ
ਤੇ ਹੁਣ... ਅਗਲਾ ਵਰਕਾ ਫੋਲ
ਸਫਰ ਜਾਰੀ ਰਹੇ...
ਜ਼ਿੰਮੇਵਾਰੀਆਂ, ਦਿੱਕਤਾਂ, ਖੁਸ਼ੀਆਂ ਦਾ ਸੁਨੇਹਾ ਦੇਣ ਵਾਲਾ
ਲੇਖਕ, ਨਿਰਦੇਸ਼ਕ ਤੇ ਅਦਾਕਾਰ...
ਇਹੋ ਜਿਹੇ ਹੀ ਹੋਣੇ ਚਾਹੀਦੇ ਨੇ
ਜ਼ੁਰਅਤ ਜਿਸਦੀ ਜ਼ਮੀਰ ਹੋਵੇ,
ਕਲਮ ਜਿਸਦੀ ਜ਼ਮੀਨ ਹੋਵੇ
ਸੱਚ ਜਿਸਦਾ ਸੁਨੇਹਾ ਹੋਵੇ
ਮੁਹੱਬਤ ਹੈ, ਵਿਸ਼ਵਾਸ ਹੈ
ਵਿਖਾਵਾ ਨਹੀਂ...
ਇਹ ਸੀ ਇੱਕ ਅਨੁਭਵ ਜੋ ਨਾਟਕ ਦੇਖਣ ਤੋਂ ਇਕਦਮ ਬਾਅਦ ਮੇਰੇ ਜ਼ਿਹਨ ਵਿੱਚ ਸੀ। ਲੋਕਾਂ ਦੀ ਚੁੱਪ ਤੇ ਭਰਿਆ ਹਾਲ ਗਵਾਹੀ ਭਰ ਰਿਹਾ ਸੀ।
ਨਾਟਕ... ਅਦਾਕਾਰ... ਸਭ ਦੀ ਮੁਹੱਬਤ ਤੇ ਅਸੀਸ ਲੈਣ ਵਾਲਾ ਖੁਸ਼ਨਸੀਬ, ਸਾਡਾ ਆਪਣਾ ਡਾ. ਸਾਹਿਬ ਸਿੰਘ ਇਵੇਂ ਹੀ ਸੁਨੇਹਾ ਅਤੇ ਪਿਆਰ ਵੰਡਦਾ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (