“ਸਾਡੇ ਦੇਸ਼ ਵਿੱਚ ਹਰ ਰੋਜ਼ ਵਧਦੀਆਂ ਇਹੋ ਜਿਹੀਆਂ ਘਿਨਾਉਣੀਆਂ ਵਾਰਦਾਤਾਂ ’ਤੇ ਨੱਥ ਪਾਉਣ ...”
(29 ਨਵੰਬਰ 2025)
ਅੱਖਾਂ ਖੋਲ੍ਹੋ!
ਬੱਚੀਆਂ ਨੂੰ ਦਰਿੰਦਿਆਂ ਤੋਂ ਬਚਾਵੋ!!



ਜਿਸ ਵਿਅਕਤੀ ਦੀ ਆਪਣੀ ਬੇਟੀ ਦੀ ਹਮ ਉਮਰ ਸਹੇਲੀ ਨੂੰ ਦੇਖ ਕੇ ਮਨ ਵਿੱਚ ਵਹਿਸ਼ੀ ਬਿਰਤੀ ਉਪਜ ਜਾਵੇ, ਉਸਨੂੰ ਦੇਖ ਕੇ ਆਪਣੀ ਧੀ ਦਾ ਚਿਹਰਾ ਸਾਹਮਣੇ ਨਾ ਆਏ ਤੇ ਆਪਣੀ ਵਾਸ਼ਨਾ ਪੂਰਤੀ ਦਾ ਸ਼ਿਕਾਰ ਬਣਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਜਾਵੇ, ਉਹ ਤਾਂ ਕੋਈ ਹੈਵਾਨ ਹੀ ਹੋਵੇਗਾ। ਜਲੰਧਰ ਵਿਖੇ ਵਾਪਰੀ ਦਰਦਨਾਕ ਘਟਨਾ ਦਾ ਜੋ ਸੱਚ ਸਾਹਮਣੇ ਆਇਆ, ਉਹ ਬਹੁਤ ਖੌਫਨਾਕ ਹੈ। ਇਹ 13 ਸਾਲ ਦੀ ਬੱਚੀ ਉਸਦੀ ਛੋਟੀ ਬੇਟੀ ਕੋਲ ਅਕਸਰ ਖੇਡਣ ਜਾਇਆ ਕਰਦੀ ਸੀ। ਪਰ ਉਸ ਦਿਨ ਉਸਦੀ ਬੇਟੀ ਉਸਦੀ ਪਤਨੀ ਨਾਲ ਕਿਸੇ ਰਿਸ਼ਤੇਦਾਰੀ ਵਿੱਚ ਲੁਧਿਆਣੇ ਗਈ ਹੋਈ ਸੀ। ਇਹ ਦਰਿੰਦਾ ਉਸ ਬੱਚੀ ਨੂੰ ਆਪਣੇ ਸੌਣ ਕਮਰੇ ਵਿੱਚ ਲੈ ਗਿਆ। ਉਹ ਇਸਦੀ ਬੇਟੀ ਬਾਰੇ ਪੁੱਛਣ ਲੱਗ ਪਈ, ਪਰ ਇਸਦੀ ਨੀਅਤ ਵਿੱਚ ਤਾਂ ਪਹਿਲਾਂ ਹੀ ਖੋਟ ਸੀ। ਇਸਨੇ ਉਸ ਬੱਚੀ ਨਾਲ ਜਬਰਦਸਤੀ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਚੀ ਚੀਕਣ ਲੱਗ ਪਈ। ਇਸਨੇ ਉਸਦਾ ਮੂੰਹ ਘੁੱਟ ਦਿੱਤਾ ਤੇ ਫਿਰ ਗਲਾ ਦਬਾਉਣ ਲੱਗ ਪਿਆ। ਉਹ ਬੱਚੀ ਕਿੰਨਾ ਤੜਫ਼ੀ ਹੋਵੇਗੀ ...। ਉਹ ਦਰਿੰਦਾ ਉਸਦਾ ਗਲਾ ਉਸ ਸਮੇਂ ਤਕ ਦਬਾਉਂਦਾ ਰਿਹਾ ਜਦੋਂ ਤਕ ਉਹ ਸ਼ਾਂਤ ਨਾ ਹੋ ਗਈ। ਇਸਨੇ ਉਸਦੀ ਲਾਸ਼ ਗੁਸਲਖਾਨੇ ਵਿੱਚ ਸੁੱਟ ਦਿੱਤੀ ਤੇ ਅੱਗੇ ਗੱਦੇ ਰੱਖ ਦਿੱਤੇ। ਇਸਨੇ ਸੋਚਿਆ ਕਿ ਰਾਤ ਨੂੰ ਲਾਸ਼ ਟਿਕਾਣੇ ਲੱਗਾ ਦੇਵੇਗਾ। ਇਸ ਕੰਮ ਲਈ ਉਹ ਕਿਸੇ ਦੀ ਕਾਰ ਵੀ ਮੰਗ ਕੇ ਲੈ ਆਇਆ। ਇਸ ਸਮੇਂ ਤਕ ਬਾਹਰ ਲੋਕ ਇਕੱਠੇ ਹੋਣ ਲੱਗ ਪਏ। ਉਹ ਵੀ ਕੁਝ ਦੇਰ ਉਨ੍ਹਾਂ ਨਾਲ ਬੱਚੀ ਨੂੰ ਲੱਭਣ ਦਾ ਨਾਟਕ ਕਰਨ ਲੱਗ ਪਿਆ ਤੇ ਫਿਰ ਘਰ ਅੰਦਰ ਜਾ ਕੇ ਅੰਦਰੋਂ ਤਾਲਾ ਲਾ ਕੇ ਬੱਤੀਆਂ ਬੰਦ ਕਰ ਦਿੱਤੀਆਂ। ਪਰ ਲੋਕਾਂ ਨੂੰ ਉਸ ਉੱਤੇ ਸ਼ੱਕ ਸੀ ਤੇ ਉਹ ਜ਼ਬਰਦਸਤੀ ਉਸਦੇ ਘਰ ਅੰਦਰ ਵੜ ਗਏ। ਲੋਕਾਂ ਨੇ ਦੇਖਿਆ ਕਿ ਕਾਰ ਲਾਗੇ ਲਾਸ਼ ਨੂੰ ਟਿਕਾਣੇ ਲਾਉਣ ਲਈ ਇੱਕ ਬੋਰਾ ਵੀ ਰੱਖਿਆ ਹੋਇਆ ਸੀ।
ਸ਼ੁਰੂਆਤੀ ਕਾਰਵਾਈ ਦੌਰਾਨ ਸੀ ਸੀ ਟੀਵੀ ਦੇ ਅਧਾਰ ’ਤੇ ਵੀ ਸਹੀ ਤਰੀਕੇ ਨਾਲ ਕੋਈ ਨਾ ਐਕਸ਼ਨ ਲੈਣ ਵਾਲੇ ਪੁਲਿਸ ਕਰਮਚਾਰੀਆਂ ਦੀ ਭੂਮਿਕਾ ਵੀ ਨਿਹਾਇਤ ਨਿੰਦਣਯੋਗ ਹੈ। ਉਹਨਾਂ ਖਿਲਾਫ ਚਾਹੇ ਵਿਭਾਗੀ ਕਾਰਵਾਈ ਹੋ ਚੁੱਕੀ ਹੈ ਪਰ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਡਿਊਟੀ ਦੌਰਾਨ ਕੁਤਾਹੀ ਵਰਤ ਕੇ ਵਰਦੀ ਨੂੰ ਵੀ ਦਾਗ਼ਦਾਰ ਕੀਤਾ ਹੈ।
ਪੂਰੀ ਘਟਨਾ ਬਾਰੇ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਹ ਸੋਚ ਕੇ ਰੂਹ ਕੰਬ ਜਾਂਦੀ ਹੈ ਕਿ ਕੋਈ ਧੀਆਂ ਭੈਣਾਂ ਵਾਲਾ ਵੀ ਅਜਿਹਾ ਖੌਫਨਾਕ ਕਾਰਾ ਕਰ ਸਕਦਾ ਹੈ? ਇਸ ਸ਼ਰਮਨਾਕ ਅਤੇ ਦਰਿੰਦਗੀ ਭਰੀ ਕਰਤੂਤ ਲਈ ਉਸਨੂੰ ਸਾਡੇ ਕਾਨੂੰਨ ਅਨੁਸਾਰ ਮੌਤ ਦੀ ਸਜ਼ਾ ਹੋ ਸਕਦੀ ਹੈ। ਪਰ ਕਦੋਂ? ਕਾਨੂੰਨੀ ਲੜਾਈ ਲੜੀ ਜਾਵੇਗੀ, ਸਬੂਤ ਇਕੱਠੇ ਕੀਤੇ ਜਾਣਗੇ, ਪੂਰੀ ਰਿਪੋਰਟ ਆਵੇਗੀ, ਚਲਾਣ ਪੇਸ਼ ਕੀਤਾ ਜਾਵੇਗਾ, ਫਿਰ ਅਦਾਲਤ ਵਿੱਚ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਕੇ ਕਾਨੂੰਨੀ ਲੜਾਈ ਲੜੀ ਜਾਵੇਗੀ। ਗਵਾਹ ਭੁਗਤਾਏ ਜਾਣਗੇ। ਫਾਸਟ ਟਰੈਕ ਅਦਾਲਤ ਵਿੱਚ ਵੀ ਉਸ ਨੂੰ ਸਜ਼ਾ ਮਿਲਦੇ ਮਿਲਦੇ ਦੋ ਢਾਈ ਮਹੀਨੇ ਲੱਗ ਜਾਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਉਸਨੇ ਜੋ ਜੁਰਮ ਕੀਤਾ ਹੈ, ਉਸ ਮੁਤਾਬਿਕ ਉਸ ਨੂੰ ਜ਼ਿਲ੍ਹਾ ਅਦਾਲਤ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਜਾਵੇਗੀ ਪਰ ਉਸ ਕੋਲ ਉੱਚ ਅਦਾਲਤਾਂ ਵਿੱਚ ਰਹਿਮ ਦੀ ਅਪੀਲ ਕਰਨ ਦੇ ਮੌਕੇ ਵੀ ਹੋਣਗੇ। ਉਦੋਂ ਤਕ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਘਟਨਾ ਧੁੰਦਲੀ ਹੋ ਜਾਵੇਗੀ ਤੇ ਫਿਰ ਇਹੋ ਜਿਹੀ ਕੋਈ ਹੋਰ ਘਟਨਾ ਵਾਪਰ ਜਾਵੇਗੀ।
ਸਾਰਾ ਕੇਸ ਸਾਰੀ ਦੁਨੀਆਂ ਦੇ ਸਾਹਮਣੇ ਹੈ। ਇਹੋ ਜਿਹੇ ਦਰਿੰਦੇ ਲਈ ਹੁਣ ਕਿਹੜੇ ਗਵਾਹ ਤੇ ਕਿਹੜੇ ਰਹਿਮ ਦੀ ਲੋੜ ਹੈ। ਜੇ ਕਿਤੇ ਸਾਡੇ ਦੇਸ਼ ਵਿੱਚ ਇਹੋ ਜਿਹੀਆਂ ਪਾਰਦਰਸ਼ੀ ਘਟਨਾਵਾਂ ਲਈ ਅਲੱਗ ਕਾਨੂੰਨ ਬਣਾ ਦਿੱਤਾ ਜਾਵੇ ਤਾਂ ਅਗਲੇ ਦਿਨ ਹੀ ਸ਼ਰੇਆਮ ਚੁਰਸਤੇ ਵਿੱਚ ਖੜ੍ਹਾ ਕਰਕੇ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਤਾਂ ਸ਼ਾਇਦ ਅਗਾਂਹ ਤੋਂ ਕੋਈ ਹੋਰ ਅਜਿਹਾ ਕੁਕਰਮ ਕਟਨ ਤੋਂ ਪਹਿਲਾਂ ਸੌ ਵਾਰ ਸੋਚੇ। ਇਸ ਘਟਨਾ ਵਿੱਚ ਬਲਾਤਕਾਰੀ ਅਤੇ ਕਾਤਲ ਦੁਨੀਆਂ ਦੇ ਸਾਹਮਣੇ ਹੈ। ਬੱਚੀ ਦੀ ਲਾਸ਼ ਵੀ ਉਸ ਕੋਲੋਂ ਬਰਾਮਦ ਕੀਤੀ ਗਈ ਹੈ। ਬਹੁਤ ਸਾਰੇ ਕੈਮਰਿਆਂ ਵਿੱਚ ਸਭ ਕੁਝ ਕੈਦ ਹੋ ਕੇ ਸਚਾਈ ਸਾਰੀ ਦੁਨੀਆਂ ਤਕ ਪਹੁੰਚ ਗਈ ਹੈ। ਇਹੋ ਜਿਹੇ ਦਰਿੰਦਿਆਂ ਪ੍ਰਤੀ ਨਰਮਾਈ ਬਿਲਕੁਲ਼ ਨਹੀਂ ਵਰਤਣੀ ਚਾਹੀਦੀ। ਜਦੋਂ ਤਕ ਇਸ ਵਹਿਸ਼ੀ ਨੂੰ ਸਜ਼ਾ ਮਿਲਣੀ ਹੈ, ਉਦੋਂ ਤਕ ਇਹੋ ਜਿਹੇ ਸਿਰ ਫਿਰੇ ਲੋਕਾਂ ਅੰਦਰ ਇਹ ਘਟਨਾ ਧੁੰਦਲੀ ਹੋ ਜਾਵੇਗੀ। ਕੋਈ ਨਾ ਕੋਈ ਹੋਰ ਦਰਿੰਦਾ ਫਿਰ ਕਿਸੇ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਦੇਵੇਗਾ।
ਜਿਸ ਬੁੱਢੇ ਵਿਅਕਤੀ ਵੱਲੋਂ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ. ਉਸਦੀ ਆਪਣੀ ਪਤਨੀ ਤੇ ਧੀਆਂ ਨੂੰ ਵੀ ਸਾਰੀ ਜ਼ਿੰਦਗੀ ਇਸ ਕੌੜੇ ਸੱਚ ਦੀ ਸ਼ਰਮਿੰਦਗੀ ਅਤੇ ਸੰਤਾਪ ਵਿੱਚ ਕੱਟਣੀ ਹੀ ਪਵੇਗੀ। ਜੇ ਉਸਨੇ ਇੱਕ ਬੱਚੀ ਨੂੰ ਮਾਰ ਮੁਕਾਇਆ ਹੈ ਤਾਂ ਦੂਜੇ ਪਾਸੇ ਉਸਨੇ ਆਪਣੀ ਧੀ ਨੂੰ ਵੀ ਲੋਕਾਂ ਦੀ ਨਫਰਤ ਅਤੇ ਨਮੋਸ਼ੀ ਦਾ ਸਾਹਮਣਾ ਕਰਨ ਲਈ ਜਿਊਂਦੇ ਜੀਅ ਹਰ ਰੋਜ਼ ਮਰਨ ਲਈ ਛੱਡ ਦਿੱਤਾ ਹੈ। ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਕਿਸੇ ’ਤੇ ਵੀ ਭਰੋਸੇ ਦਾ ਸਮਾਂ ਨਹੀਂ ਰਿਹਾ। ਕਿਸਦੀ ਨੀਅਤ ਕਦੋਂ ਵਿਗੜ ਜਾਏ, ਕੁਝ ਕਿਹਾ ਨਹੀਂ ਜਾ ਸਕਦਾ। ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਸਾਡੇ ਆਪਣੇ ਹੱਥ ਹੈ। ਬੱਚਿਆਂ ਨੂੰ ਸਾਵਧਾਨ ਰਹਿਣਾ ਸਿਖਾਓ ਤਾਂ ਜੋ ਭਵਿੱਖ ਵਿੱਚ ਅਜਿਹੇ ਕਿਸੇ ਵੀ ਦੁਖਾਂਤ ਤੋਂ ਬਚਿਆ ਜਾ ਸਕੇ। ਆਪਣੇ ਸਮਾਜ ਵਿੱਚ ਪਹਿਲਾਂ ਆਂਢ ਗੁਆਂਢ ਅਤੇ ਜਾਣ ਪਛਾਣ ਵਾਲੇ ਰਿਸ਼ਤੇ ਵੀ ਸਕਿਆਂ ਨਾਲੋਂ ਵੱਧ ਜ਼ਿੰਮੇਵਾਰੀ ਨਾਲ ਨਿਭਾਏ ਜਾਂਦੇ ਸਨ। ਪਰ ਹੁਣ ਜ਼ਮਾਨਾ ਇਹੋ ਜਿਹਾ ਆ ਗਿਆ ਹੈ ਸਕੇ ਰਿਸ਼ਤਿਆਂ ਉੱਤੋਂ ਵੀ ਵਿਸ਼ਵਾਸ ਉੱਠ ਗਿਆ ਹੈ। ਸਾਡਾ ਸਮਾਜ ਕਿਹੋ ਜਿਹਾ ਬਣਦਾ ਜਾ ਰਿਹਾ ਹੈ, ਜਿੱਥੇ ਛੇ ਮਹੀਨੇ ਦੀ ਬੱਚੀ ਤੋਂ ਲੈਕੇ ਅੱਸੀ ਸਾਲ ਤਕ ਦੀਆਂ ਬਜ਼ੁਰਗ ਔਰਤਾਂ ਦੀ ਇੱਜ਼ਤ ਮਹਿਫ਼ੂਜ਼ ਨਹੀਂ ਹੈ। ਵਧ ਰਹੀ ਨਸ਼ੇਖੋਰੀ ਅਤੇ ਸੋਸ਼ਲ ਮੀਡੀਆ ’ਤੇ ਮਨੋਰੰਜਨ ਲਈ ਚਲਾਈਆਂ ਗਈਆਂ ਇਹੋ ਜਿਹੀਆਂ ਐਪਾਂ, ਜਿਨ੍ਹਾਂ ਉੱਪਰ ਨਿਰੋਲ ਅਸ਼ਲੀਲ ਕੰਟੈਂਟ ਦਿਖਾਏ ਜਾਂਦੇ ਹਨ, ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਇਨ੍ਹਾਂ ਸਭਨਾਂ ਦਾ ਹੱਥ ਹੈ। ਉਹਨਾਂ ਉੱਤੇ ਵੀ ਕੋਈ ਕਾਨੂੰਨ ਜਾਂ ਹੱਦਬੰਦੀ ਹੋਣੀ ਚਾਹੀਦੀ ਹੈ।
ਸਾਡੇ ਦੇਸ਼ ਵਿੱਚ ਹਰ ਰੋਜ਼ ਵਧਦੀਆਂ ਇਹੋ ਜਿਹੀਆਂ ਘਿਨਾਉਣੀਆਂ ਵਾਰਦਾਤਾਂ ’ਤੇ ਨੱਥ ਪਾਉਣ ਲਈ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਦੁਨੀਆਂ ਸਾਹਮਣੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਹੋ ਜਿਹੀ ਘਟਨਾ ਨੂੰ ਕੋਈ ਵੀ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (