BarjinderKBisrao7ਇਹੋ ਜਿਹੀ ਸੇਵਾ ਜਾਂ ਖਾਤਿਰਦਾਰੀ ਕੀਤੀ ਦਾ ਕੀ ਫਾਇਦਾ ਹੋਇਆ ਜੋ ਦੂਜਿਆਂ ਦੇ ਵਸਦੇ ਘਰ ਉਜਾੜ ਦੇਵੇ ...
(22 ਜਨਵਰੀ 2023).


BarjinderKBisraoBookBਪੰਜਾਬੀ ਲੋਕ ਖਾਤਿਰਦਾਰੀ ਕਰਨ ਵਿੱਚ ਪੂਰੇ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਹਨ। ਘਰ ਆਏ ਪ੍ਰਾਹੁਣੇ ਹੋਣ ਜਾਂ ਵਿਆਹਾਂ ਸ਼ਾਦੀਆਂ ਜਾਂ ਹੋਰ ਖ਼ੁਸ਼ੀਆਂ ਨੂੰ ਮਨਾਉਣ ਲਈ ਰੱਖੇ ਗਏ ਸਮਾਗਮਾਂ
, ਇਨ੍ਹਾਂ ਵਿੱਚ ਆਏ ਮਹਿਮਾਨਾਂ ਦੀ ਖਾਤਿਰਦਾਰੀ ਵੀ ਖ਼ਾਸ ਤੌਰ ਤੇ ਕੀਤੀ ਜਾਂਦੀ ਹੈ,ਘਰ ਦੇ ਜਵਾਈਆਂ ਦੀ ਜਾਂ ਕੁੜਮਾਚਾਰੀ ਨਿਭਾਉਣ ਲਈ ਵੀ ਉਚੇਚੇ ਤੌਰ ਤੇ ਖਾਤਿਰਦਾਰੀ ਕੀਤੀ ਜਾਂਦੀ ਹੈ ਮਤਲਬ ਕਿ ਬਾਕੀ ਮਹਿਮਾਨਾਂ ਦੇ ਮੁਕਾਬਲੇ ਪੁੱਛ ਗਿੱਛ ਵੱਧ ਕੀਤੀ ਜਾਂਦੀ ਹੈ ਘਰ ਆਏ ਪ੍ਰਾਹੁਣਿਆਂ ਨੂੰ ‘ਸ਼ਰਾਬਪਰੋਸਣਾ ‘ਸੇਵਾਜਾਂ ‘ਖਾਤਿਰਦਾਰੀਦਾ ਇੱਕ ਅਹਿਮ ਹਿੱਸਾ ਹੈ। ਸ਼ਰਾਬ ਨਾ ਹੋਵੇ ਤਾਂ ਘਰ ਆਏ ਪ੍ਰਾਹੁਣਿਆਂ ਦੀ ਬੇਜ਼ਤੀ ਕਰਨਾ ਸਮਝਿਆ ਜਾਂਦਾ ਹੈ। ਇਹ ਸਿਲਸਿਲਾ ਮੁੱਢ ਕਦੀਮ ਤੋਂ ਹੀ ਤੁਰਿਆ ਆ ਰਿਹਾ ਹੈ।

ਪਹਿਲਾਂ ਪਹਿਲ ਕੋਈ ਵੀ ਸਮਾਗਮ ਹੁੰਦਾ ਸੀ, ਉਸ ਵੇਲੇ ਆਵਾਜਾਈ ਦੇ ਸਾਧਨਾਂ ਦੀ ਕਮੀ ਕਰਕੇ ਜਾਂ ਪਿਆਰ ਅਤੇ ਰਿਸ਼ਤੇਦਾਰੀ ਨਿਭਾਉਣ ਲਈ ਪ੍ਰਾਹੁਣੇ ਕਈ ਕਈ ਦਿਨ ਰਹਿੰਦੇ ਸਨ। ਉਦੋਂ ਘਰ ਆਏ ਜਵਾਈ ਭਾਈ ਨੂੰ ਰਾਤ ਦੇ ਖਾਣੇ ਸਮੇਂ ਜਾਂ ਬਰਾਤ ਵਿੱਚ ਸਿਰਫ਼ ਬਰਾਤੀਆਂ ਨੂੰ ਸ਼ਰਾਬ ਪਿਆਉਣ ਦਾ ਸਿਲਸਿਲਾ ਚੱਲਦਾ ਸੀ। ਕੁੜੀ ਵਾਲੇ ਖਾਤਿਰਦਾਰੀ ਕਰਨ ਵਿੱਚ ਲੱਗੇ ਹੁੰਦੇ ਪਰ ਕੁੜੀ ਵਾਲਿਆਂ ਪਾਸੇ ਦੇ ਮਰਦ ਸ਼ਰਾਬ ਨਹੀਂ ਪੀਂਦੇ ਸਨ। ਅੱਗੋਂ ਖਾਣ ਪੀਣ ਵਾਲੇ ਮਹਿਮਾਨ ਵੀ ਮੁੰਡੇ ਵਾਲਿਆਂ ਵੱਲੋਂ ਸੁਰੱਖਿਆ ਪੂਰਵਕ ਘਰ ਵਾਪਸ ਲਿਜਾਏ ਜਾਂਦੇ ਸਨ। ਜੇ ਰਿਸ਼ਤੇਦਾਰ ਲੋਹੜੀ ਦੇ ਸਮਾਗਮ ’ਤੇ ਜਾਂਦੇ ਸਨ ਤਾਂ ਉਹਨਾਂ ਸਮਿਆਂ ਵਿੱਚ ਵੀ ਮਹਿਮਾਨ ਰਾਤ ਨੂੰ ਲੋਹੜੀ ਦਾ ਤਿਉਹਾਰ ਮਨਾ ਕੇ ਦੂਜੇ ਦਿਨ ਵਾਪਸੀ ਕਰਦੇ ਸਨ। ਉਹਨਾਂ ਸਮਿਆਂ ਵਿੱਚ ਖਾਤਿਰਦਾਰੀ ਵਿੱਚ ਸ਼ਰਾਬ ਪਰੋਸਣਾ ਹਾਨੀਕਾਰਕ ਸਿੱਧ ਨਹੀਂ ਹੁੰਦਾ ਸੀ।

ਪਰ ਅੱਜ ਕੱਲ੍ਹ ਜਿੱਥੇ ਰਿਸ਼ਤਿਆਂ ਦੇ ਪਿਆਰ ਵਿੱਚ ਕਮੀ ਆਈ ਹੈ, ਉੱਥੇ ਹੀ ਸਮੇਂ ਦੀ ਤੇਜ਼ ਰਫ਼ਤਾਰੀ ਨੇ ਸਮਾਗਮਾਂ ਦੀ ਰੂਪ ਰੇਖਾ ਹੀ ਬਦਲ ਕੇ ਰੱਖ ਦਿੱਤੀ ਹੈ। ਅੱਜ ਕੱਲ੍ਹ ਨਾ ਕੋਈ ਪ੍ਰਾਹੁਣਿਆਂ ਨੂੰ ਰੱਖਣਾ ਚਾਹੁੰਦਾ ਹੈ ਤੇ ਨਾ ਹੀ ਕੋਈ ਰਹਿਣਾ ਚਾਹੁੰਦਾ ਹੈ। ਹਰ ਕਿਸੇ ਕੋਲ ਆਵਾਜਾਈ ਦੇ ਸਾਧਨਾਂ ਦੀ ਸਹੂਲਤ ਹੋਣ ਕਰਕੇ, ਨੌਕਰੀ ਪੇਸ਼ਾ ਲੋਕਾਂ ਕੋਲ ਸਮਾਂ ਘੱਟ ਹੋਣ ਕਰਕੇ, ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪੈਣ ਦੇ ਡਰੋਂ ਅਤੇ ਸਮਾਗਮਾਂ ਦੀ ਬਦਲਦੀ ਨੁਹਾਰ ਕਰਕੇ ਖਾਤਿਰਦਾਰੀ ਵਿੱਚ ਪਰੋਸੀ ਜਾਣ ਵਾਲ਼ੀ ਸ਼ਰਾਬ ਕਾਫ਼ੀ ਘਾਤਕ ਸਿੱਧ ਹੋਣ ਲੱਗ ਪਈ ਹੈ। ਅੱਜ ਕੱਲ੍ਹ ਦੇ ਸਮਾਗਮਾਂ ਦਾ ਆਯੋਜਨ ਵੱਡੇ ਵੱਡੇ ਪੈਲੇਸਾਂ ਵਿੱਚ ਕੀਤਾ ਜਾਂਦਾ ਹੈ। ਚਾਹੇ ਵਿਆਹ ਦਾ ਸਮਾਗਮ ਹੋਵੇ ਜਾਂ ਕਿਸੇ ਹੋਰ ਖੁਸ਼ੀ ਕਾਰਨ ਰੱਖਿਆ ਹੋਇਆ ਸਮਾਗਮ ਹੋਵੇ, ਕਿਸੇ ਵਿੱਚ ਕੋਈ ਵੀ ਅੰਤਰ ਨਹੀਂ ਹੁੰਦਾ। ਬੱਸ ਹਰ ਕਿਸੇ ਨੇ ਦੋ ਚਾਰ ਘੰਟੇ ਖਾ ਪੀ ਕੇ, ਨੱਚ ਟੱਪ ਕੇ, ਸ਼ਗਨ ਦੇ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਜਾਣਾ ਹੁੰਦਾ ਹੈ। ਚਾਹੇ ਕੋਈ ਕੁੜੀ ਵਾਲ਼ਾ ਹੋਵੇ ਜਾਂ ਮੁੰਡੇ ਵਾਲ਼ਾ, ਸ਼ਰਾਬ ਵਾਲੀ ਖਾਤਿਰਦਾਰੀ ਵੀ ਪੂਰੀ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀ ਹੁੰਦੀ ਹੈ।

BarjinderKBisraoBookAਅੱਜ ਕੱਲ੍ਹ ‘ਘਰ ਦੀ ਗੱਡੀ’ ਹੋਣ ਕਰਕੇ ਪੂਰੇ ਦਾ ਪੂਰਾ ਪਰਿਵਾਰ ਸਮਾਗਮ ਵਿੱਚ ਪਹੁੰਚਦਾ ਹੈਗੱਡੀ ਚਲਾਉਣ ਵਾਲਾ ਘਰ ਦਾ ਮਰਦ ਮੈਂਬਰ ਹੁੰਦਾ ਹੈ ਤੇ ਉਹ ਸ਼ਰਾਬ ਵਾਲੀ ਖਾਤਿਰਦਾਰੀ ਕਾਰਨ ਟੱਲੀ ਹੋਇਆ ਹੁੰਦਾ ਹੈ। ਉਸ ਤੋਂ ਬਾਅਦ ਪੂਰਾ ਪਰਿਵਾਰ ਜੇ ਪਰਮਾਤਮਾ ਦੀ ਕਿਰਪਾ ਸਦਕਾ ਘਰ ਸੁਰੱਖਿਅਤ ਪਹੁੰਚ ਜਾਵੇ ਤਾਂ ਕਿਸਮਤ ਚੰਗੀ, ਨਹੀਂ ਤਾਂ ਆਏ ਦਿਨ ਪਤਾ ਨਹੀਂ ਕਿੰਨੇ ਮਾਸੂਮ ਪੂਰੇ ਦੇ ਪੂਰੇ ਟੱਬਰ ਇਸ ਸ਼ਰਾਬ ਵਾਲੀ ਖਾਤਿਰਦਾਰੀ ਦੀ ਭੇਂਟ ਚੜ੍ਹ ਜਾਂਦੇ ਹਨ। ਪਿਛਲੇ ਦਿਨੀਂ ਇੱਕ ਖ਼ਬਰ ਪੜ੍ਹੀ ਕਿ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਕਾਰ ਵਾਲੇ ਨੇ ਟਰੱਕ ਵਿੱਚ ਐਨੀ ਜ਼ੋਰ ਦੀ ਟੱਕਰ ਮਾਰੀ ਕਿ ਕਾਰ ਦੇ ਪਰਖਚੇ ਉਡ ਗਏ ਤੇ ਤਿੰਨ ਮਹੀਨਿਆਂ ਦੀ ਬੱਚੀ ਸਮੇਤ ਪਰਿਵਾਰ ਦੇ ਪੂਰੇ ਪੰਜ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਇਸ ਤਰ੍ਹਾਂ ਦੀਆਂ ਅਨੇਕਾਂ ਹੀ ਘਟਨਾਵਾਂ ਵਾਪਰਦੀਆਂ ਹਨ। ਇਹਨਾਂ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ? ਸ਼ਰਾਬ ਪਿਆਉਣ ਵਾਲੇ ਜਾਂ ਪੀਣ ਵਾਲੇ? ਜਾਂ ਸਰਕਾਰਾਂ? ਇਹੋ ਜਿਹੀ ਖਾਤਿਰਦਾਰੀ ਨੂੰ ਵੀ ਕੀ ਕਰਨਾ ਜੋ ਅਨੇਕਾਂ ਜ਼ਿੰਦਗੀਆਂ ਨੂੰ ਨਿਗਲ ਜਾਵੇ।

ਐਵੇਂ ਤਾਂ ਨਹੀਂ ਸਿਆਣਿਆਂ ਨੇ ਕਹਾਵਤ ਬਣਾਈ “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।” ਦੁਨੀਆ ਦੀ ਫ਼ੋਕੀ ‘ਵਾਹ ਵਾਹਕਰਵਾਉਣ ਲਈ ਇਹੋ ਜਿਹੀ ਸੇਵਾ ਜਾਂ ਖਾਤਿਰਦਾਰੀ ਕੀਤੀ ਦਾ ਕੀ ਫਾਇਦਾ ਹੋਇਆ ਜੋ ਦੂਜਿਆਂ ਦੇ ਵਸਦੇ ਘਰ ਉਜਾੜ ਦੇਵੇ? ਇਸ ਤੇਜ਼ ਰਫ਼ਤਾਰ ਯੁੱਗ ਵਿੱਚ ਸੜਕਾਂ’ ਤੇ ਨਿਕਲਣ ਤੋਂ ਪਹਿਲਾਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਧਿਆਨ ਵਿੱਚ ਰੱਖ ਕੇ ਵਿਅਕਤੀ ਨੂੰ ਇਹੋ ਜਿਹੀ ਖਾਤਿਰਦਾਰੀ ਦੀ ਚੌੜ ਵਿੱਚ ਆ ਕੇ ਸ਼ਰਾਬ ਪੀਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਜੇ ਸਰਕਾਰਾਂ ਵੱਲੋਂ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਲਈ ਸਖ਼ਤ ਕਦਮ ਚੁੱਕ ਕੇ ਉਚਿਤ ਕਾਰਵਾਈ ਕੀਤੀ ਜਾਵੇ ਤਾਂ ਸੜਕਾਂ ਉੱਤੇ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ’ਤੇ ਰੋਕ ਲੱਗ ਜਾਵੇਗੀ। ਇਸ ਤਰ੍ਹਾਂ ਸਾਰਿਆਂ ਦੀ ਸਮਝਦਾਰੀ ਨਾਲ ਬਹੁਤ ਪਰਿਵਾਰ ਤਬਾਹ ਹੋਣੋਂ ਬਚ ਸਕਦੇ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3753)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)