“ਕਿਸੇ ਸਿਆਸੀ ਆਗੂ ਦੇ ਮੂੰਹੋਂ ਅਪਸ਼ਬਦ ਨਹੀਂ ਨਿਕਲਣੇ ਚਾਹੀਦੇ। ਸਿਆਸੀ ਆਗੂਆਂ ਨੂੰ ਆਪਣੀ ...”
(28 ਨਵੰਬਰ 2025)
ਸਿਆਣੇ ਕਹਿੰਦੇ ਹਨ, “ਮੰਦੇ ਬੋਲ ਨਾ ਬੋਲੀਏ,ਕਰਤਾਰੋਂ ਡਰੀਏ।” ਭਾਵ ਕੋਈ ਬੋਲ ਜਾਂ ਸ਼ਬਦ ਮੂੰਹ ਵਿੱਚੋਂ ਕੱਢਣ ਵੇਲੇ ਇੱਕ ਵਾਰ ਨਹੀਂ, ਸੌ ਵਾਰ ਸੋਚੋ, ਕਿਉਂਕ ਕਮਾਨ ਵਿੱਚੋਂ ਨਿਕਲਿਆ ਤੀਰ ਅਤੇ ਜ਼ਬਾਨੋਂ ਨਿਕਲਿਆ ਬੋਲ ਕਦੇ ਵਾਪਸ ਨਹੀਂ ਮੁੜਦੇ। ਇਸ ਲਈ ਵਾਹਿਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਤੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਇਹ ਨਾ ਹੋਵੇ ਕਿ ਤੁਹਾਨੂੰ ਮਾੜਾ ਬੋਲਣ ਪਿੱਛੋਂ ਪਛਤਾਉਣਾ ਪਵੇ ਤੇ ਨੌਬਤ ਇੱਥੋਂ ਤਕ ਆ ਜਾਵੇ ਕਿ ਤੁਹਾਨੂੰ ਥੁੱਕ ਕੇ ਚੱਟਣਾ ਪਵੇ। ਸੋ ਸਦਾ ਸੋਚ ਕੇ ਬੋਲੋ। ਪਰ ਅੱਜ ਕੱਲ੍ਹ ਪੰਜਾਬ ਦੇ ਸਿਆਸੀ ਆਗੂਆਂ ਦੀ ਬੋਲਬਾਣੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਕਿ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਦੀ ਜ਼ੁਬਾਨ ਤਿਲ੍ਹਕ ਜਾਂਦੀ ਹੈ, ਜਿਸ ਵਿੱਚੋਂ ਵਿਵਾਦ ਨੂੰ ਉਪਜਦੇ ਹਨ। ਕੋਈ ਰੰਗ ਨੂੰ ਲੈ ਕੇ ਬੇਥਵਾ ਬੋਲ ਜਾਂਦਾ ਅਤੇ ਕੋਈ ਥਫੇੜੇ ਮਾਰਨ ਦੀ ਧਮਕੀ ਦੇ ਦਿੰਦਾ ਹੈ, ਤੇ ਕੋਈ ਕਿਸੇ ਨੂੰ ਦਸ ਪੜ੍ਹਿਆ ਕਹਿ ਜਾਂਦਾ ਹੈ ਤੇ ਕੋਈ ਵਕੀਲ ਹੋ ਕੇ ਵਕੀਲਾਂ ਨਾਲ ਖਹਿ ਜਾਂਦਾ ਹੈ।
ਕੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਮੂੰਹੋਂ ਲੋਕਾਂ ਪ੍ਰਤੀ ਅਸੱਭਿਅਕ ਭਾਸ਼ਾ ਦੀ ਵਰਤੋਂ ਚੰਗੀ ਲਗਦੀ ਜੈ? ਉਹ ਵੀ ਉਨ੍ਹਾਂ ਲੋਕਾਂ ਪ੍ਰਤੀ, ਜਿਨ੍ਹਾਂ ਨੇ ਆਪਣੀ ਕੀਮਤੀ ਵੋਟ ਨਾਲ ਉਨ੍ਹਾਂ ਨੂੰ ਚੁਣਿਆ ਹੈ ਜਾਂ ਇਸ ਕਾਬਲ ਬਣਾਇਆ ਕੇ ਉਹ ਐੱਮ ਐੱਲ ਏ/ਐੱਮ ਪੀ ਬਣ ਸਕੇ ਹਨ। ਸਿਆਸੀ ਨੇਤਾਵਾਂ ਨੂੰ ਲੋਕਾਂ ਨਾਲ ਸਹਿਜਤਾ ਭਾਵ ਠਰ੍ਹੰਮੇ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿਉਂਕਿ ਸਿਆਸਤ ਸੇਵਾ ਹੈ, ਕੋਈ ਥਾਣੇਦਾਰੀ ਨਹੀਂ ਕਿ ਤੁਸੀਂ ਦਲੀਲਾਂ ਤਹਿਤ ਸਵਾਲ ਪੁੱਛਣ ਵਾਲਿਆਂ ਨੂੰ ਥਫੇੜੇ ਮਾਰਨ ਦੇ ਦਬਕੇ ਮਾਰੋਂ ਤੇ ਜਾਂ ਫਿਰ ਉਨ੍ਹਾਂ ਨੂੰ ਘੱਟ ਪੜ੍ਹੇ ਲਿਖੇ ਹੋਣ ਦੇ ਮਿਹਣੇ ਮਾਰੋਂ ਤੇ ਉਨ੍ਹਾਂ ਨਾਲ ਗੱਲ ਕਰਨ ਤੋਂ ਇਹ ਕਹਿ ਕੇ ਮਨ੍ਹਾਂ ਕਰ ਦੇਵੋ ਕੇ ਮੈਂ ਦਸਵੀਂ ਪਾਸ ਨਾਲ ਗੱਲ ਨਹੀਂ ਕਰਨੀ ਜਾਂ ਫਿਰ ਆਪਣੇ ਹੀ ਭਾਈਚਾਰੇ ਨੂੰ ਖੁੱਲ੍ਹਾ ਚੈਲੇਂਜ ਕਰ ਦੇਵੋਂ ਕੇ ‘ਜੋ ਕਰਨਾ ਹੈ, ਕਰ ਲਵੋ।’ ਇਸ ਤੋਂ ਅੱਗੇ ਇਹ ਧਮਕੀਆਂ ਦੇਣਾ ਕਿ ਅੱਖਾਂ ਕੱਢ ਦਿਆਂਗੇ, ਉਂਗਲਾਂ ਭੰਨ ਦਿਆਂਗੇ, ਕੰਜਰ ਕਲੇਸ਼ ਪਾਇਆ ਹੋਇਆ ਹੈ - ਇਹੋ ਜਿਹੀ ਅਸੱਭਿਅਕ ਭਾਸ਼ਾ ਰਾਜਸੀ ਨੇਤਾਵਾਂ ਨੂੰ ਸ਼ੋਭਾ ਨਹੀਂ ਦਿੰਦੀ ਅਤੇ ਨਾ ਹੀ ਇਹ ਸਿਆਣਪ ਵਾਲੀ ਗੱਲ ਹੈ।
ਕਿਸੇ ਸਿਆਸੀ ਆਗੂ ਦੇ ਮੂੰਹੋਂ ਅਪਸ਼ਬਦ ਨਹੀਂ ਨਿਕਲਣੇ ਚਾਹੀਦੇ। ਸਿਆਸੀ ਆਗੂਆਂ ਨੂੰ ਆਪਣੀ ਜ਼ਬਾਨ ਉੱਤੇ ਕਾਬੂ ਪਾ ਕੇ ਰੱਖਣਾ ਜ਼ਰੂਰੀ ਹੈ। ਇਸ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਆਮ ਲੋਕਾਂ ਨਾਲ ਗੁੱਸੇ ਵਿੱਚ ਗੱਲ ਕਰਨ ਦੀ ਬਜਾਏ ਸਹਿਜਤਾ (ਠਰ੍ਹੰਮੇ) ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਤਰੀਕਾ ਅਤੇ ਸਲੀਕਾ ਪ੍ਰਭਾਵਸ਼ਾਲੀ ਹੋਣਾ ਲਾਜ਼ਮੀ ਹੈ। ਲੋਕ ਉਨ੍ਹਾਂ ਤੋਂ ਇੱਜ਼ਤ ਦੀ ਭਾਸ਼ਾ ਦੀ ਉਮੀਦ ਰੱਖਦੇ ਹਨ, ਉਹ ਗੁੱਸੇ ਵਾਲੀ ਭਾਸ਼ਾ ਦੀ ਤਵੱਕੋ ਨਹੀਂ ਰੱਖਦੇ। ਸੋ ਸਿਆਸੀ ਆਗੂਆਂ ਲਈ ਗੱਲਬਾਤ ਦਾ ਲਹਿਜਾ ਸਹੀ ਰੱਖਣਾ ਜ਼ਰੂਰੀ ਹੈ। ਇਸੇ ਵਿੱਚ ਸਿਆਣਪ ਹੈ ਕਿਉਂਕਿ ਉਹ ਲੋਕਾਂ ਲਈ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਹਨ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਸਦਕਾ ਉਨ੍ਹਾਂ ਦੀ ਭਾਸ਼ਾ ਸੱਭਿਅਕ, ਨਰਮ ਅਤੇ ਠਰ੍ਹੰਮੇ ਵਾਲੀ ਹੋਣੀ ਲਾਜ਼ਮੀ ਹੈ ਤਾਂ ਹੀ ਉਹ ਲੰਬਾ ਸਮਾਂ ਸਿਆਸਤ ਵਿੱਚ ਟਿਕ ਸਕਦੇ ਹਨ। ਚੁਭਵੀਂ ਅਤੇ ਦਿਲ ਦੁਖਾਉਣ ਵਾਲੀ ਭਾਸ਼ਾ ਗੈਰ ਸੱਭਿਅਕ ਅਤੇ ਲੋਕ ਵਿਰੋਧੀ ਹੁੰਦੀ ਹੈ। ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਖਰ੍ਹਵੀ ਬੋਲੀ ਸਿਆਸੀ ਛਵ੍ਹੀ ਨੂੰ ਖਰਾਬ ਕਰਨ ਦੇ ਨਾਲ ਨਾਲ ਸਿਆਸੀ ਆਗੂਆਂ ਦੀ ਲੋਕ ਪ੍ਰਿਅਤਾ ਨੂੰ ਵੀ ਘਟਾਉਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (