“ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਬਾਪੂ ਆਸਾ ਰਾਮ ’ਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ. ਜਿਸ ਕਾਰਨ ...”
(22 ਅਕਤੂਬਰ 2024)
 


ਦੁਰਯੋਧਨ ਪੈਦਾ ਹੋਇਆ ਸੀ ਤਾਂ ਗਧੇ ਵਾਂਗ ਹੀਂਗਿਆ ਸੀ। ਬ੍ਰਾਹਮਣਾਂ ਤੇ ਵਿਦੁਰ ਨੇ ਧ੍ਰਿਤਰਾਸ਼ਟਰ ਨੂੰ ਕਿਹਾ ਸੀ ਕਿ ਉਹ ਦੁਰਯੋਧਨ ਤੋਂ ਖਹਿੜਾ ਛੁਡਾ ਲਵੇ, ਨਹੀਂ ਤਾਂ ਦੁਰਯੋਧਨ ਕੁੱਲ ਦਾ ਨਾਸ ਕਰ ਦੇਵੇਗਾ। ਪਰ ਧ੍ਰਿਤਰਾਸ਼ਟਰ ਪੁੱਤਰ ਮੋਹ ਵਿੱਚ ਬੱਝ ਚੁੱਕਿਆ ਸੀ। ਦੁਰਯੋਧਨ ਨੇ ਮਾਮੇ ਸ਼ਕੁਨੀ ਨਾਲ ਰਲ਼ ਕੇ ਆਪਣੇ ਚਚੇਰੇ ਭਰਾਵਾਂ ਪਾਂਡਵਾਂ ਤੋਂ ਬਦਲਾ ਲੈਣ ਲਈ ਪਾਂਡਵਾਂ ਦੀ ਪਤਨੀ ਦਰੋਪਦੀ ਦਾ ਦੁਸ਼ਾਸਨ ਤੋਂ ਚੀਰਹਰਨ ਕਰਵਾ ਦਿੱਤਾ ਸੀ।
ਚੀਰਹਰਨ ਲਈ ਦੁਰਯੋਧਨ ਹੀ ਨਹੀਂ ਬਲਕਿ ਦੁਸ਼ਾਸਨ ਵੀ ਦੋਸ਼ੀ ਸੀ ਜਿਸ ਨੇ ਦੁਰਯੋਧਨ ਦਾ ਹੁਕਮ ਮੰਨਣ ਸਮੇਂ ਜ਼ਰਾ ਵੀ ਨਹੀਂ ਸੋਚਿਆ ਕਿ ਉਹ ਇਸ ਪਾਪ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਣਗੇ। ਅੰਤ ਯੁੱਧ ਹੋਇਆ, ਜੋ ਮਹਾਭਾਰਤ ਕਰ ਕੇ ਮਸ਼ਹੂਰ ਹੈ। ਪਾਂਡਵਾਂ ਦੇ ਸਭ ਤੋਂ ਤਾਕਤਵਰ ਭਰਾ ਭੀਮ ਨੇ ਮਹਾਭਾਰਤ ਦੇ ਆਖਰੀ, 18ਵੇਂ ਦਿਨ ਦੁਰਯੋਧਨ ਦੀਆਂ ਜਾਂਘਾਂ ਵਿੱਚ ਗਦਾ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਸੀ।
ਹੁਣ ਲੋਕਰਾਜ ਹੈ। ਸਰਕਾਰਾਂ, ਪੁਲੀਸ ਤੇ ਅਦਾਲਤਾਂ ਹਨ, ਹੁਣ ਵੀ ਜੇ ਬਿਲਕੀਸ ਬਾਨੋ, ਯੂਪੀ ਦੇ ਉਨਾਓ ਤੇ ਹਾਥਰਸ ਵਿੱਚ ਦਲਿਤ ਧੀਆਂ, ਕਠੂਆ ਵਿੱਚ ਛੋਟੀ ਬੱਚੀ, ਹੈਦਰਾਬਾਦ ਵਿੱਚ ਡਾਕਟਰ, ਕਾਰਗਿਲ ਵਿੱਚ ਲੜੇ ਮਨੀਪੁਰ ਦੇ ਫ਼ੌਜੀ ਦੀ ਧੀ, ਕੋਲਕਾਤਾ ਵਿੱਚ ਡਾਕਟਰ ਨਾਲ ਤੇ ਹੁਣ ਬਦਲਾਪੁਰ ਵਿੱਚ ਸਕੂਲੀ ਬੱਚੀਆਂ ਨਾਲ ਸ਼ਰਮਨਾਕ ਕਾਰਿਆਂ ਵਰਗੇ ਮਹਾ-ਦੁਖਾਂਤ ਵਾਪਰ ਰਹੇ ਹਨ ਤਾਂ ਸਵਾਲ ਤਾਂ ਇਨ੍ਹਾਂ ਸੰਸਥਾਵਾਂ ’ਤੇ ਹੀ ਉੱਠਣਗੇ।
ਪੰਜਾਬ ਵਿੱਚ 1997 ਵਿੱਚ ਮਹਿਲ ਕਲਾਂ ਵਿੱਚ ਇੱਕ ਨਾਬਾਲਗ ਵਿਦਿਆਰਥਣ ਦਾ ਚਾਰ ਸਰਦੇ-ਪੁੱਜਦੇ ਘਰਾਂ ਦੇ ਮੁੰਡਿਆਂ ਨੇ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ। ਉਸ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਹੀ ਬਾਅਦ ਵਿੱਚ ‘ਸਿਸਟਮ’ ਨੇ ਕਤਲ ਕੇਸ ਵਿੱਚ ਜੇਲ੍ਹ ਕਰਵਾ ਦਿੱਤੀ। ਬਿਲਕੀਸ ਬਾਨੋ ਬਲਾਤਕਾਰ ਕੇਸ ਵਿੱਚ 11 ਦੋਸ਼ੀਆਂ ਨੂੰ 15 ਅਗਸਤ 2022 ਨੂੰ ‘ਆਜ਼ਾਦੀ ਦਾ ਮਹਾਉਤਸਵ’ ਮਨਾਉਣ ਸਮੇਂ ਗੁਜਰਾਤ ਸਰਕਾਰ ਨੇ ਰਹਿੰਦੀ ਸਜ਼ਾ ਮੁਆਫ਼ ਕਰ ਕੇ ਰਿਹਾਅ ਕਰ ਦਿੱਤਾ। ਗੁਜਰਾਤ ਵਿੱਚ ਇਨ੍ਹਾਂ ਦੀ ਰਿਹਾਈ ਸਮੇਂ ਬਲਾਤਕਾਰੀਆਂ ਦੇ ਹਾਰ ਪਾਏ ਅਤੇ ਲੱਡੂ ਵੰਡੇ। ਜਦੋਂ ਮੀਡੀਆ ਵਿੱਚ ਰੌਲ਼ਾ ਪਿਆ ਤਾਂ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਹੁਕਮ ਰੱਦ ਕਰ ਕੇ ਦੋਸ਼ੀਆਂ ਨੂੰ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ। ਪਿਛਲੇ ਵਰ੍ਹੇ ਦਸੰਬਰ ਵਿੱਚ ਰਾਜਸਥਾਨ ਵਿੱਚ ਪਤੀ ਨੇ ਪਤਨੀ ਨੂੰ ਨਿਰਵਸਤਰ ਕਰ ਕੇ ਘੁਮਾਇਆ।
ਤਾਮਿਲਨਾਡੂ ਦੀ ਵਿਧਾਨ ਸਭਾ ਵਿੱਚ ਮਾਰਚ 1989 ਵਿੱਚ ਮੁੱਖ ਮੰਤਰੀ ਐੱਮ ਕਰੁਨਾਨਿਧੀ ਦੇ ਇੱਕ ਵਿਧਾਇਕ ਨੇ ਜੈਲਲਿਤਾ ਦੀ ਕਥਿਤ ਰੂਪ ਵਿੱਚ ਸਾੜੀ ਖਿੱਚੀ ਸੀ ਤੇ ਜੈਲਲਿਤਾ ਹੇਠਾਂ ਡਿਗ ਪਈ ਸੀ। ਯੂਪੀ ਦੇ ਸਾਬਕਾ ਮੁੱਖ ਮੰਤਰੀ ਐੱਨ ਡੀ ਤਿਵਾੜੀ ਨੂੰ 80 ਸਾਲਾਂ ਦੀ ਉਮਰ ਵਿੱਚ ਨਮੋਸ਼ੀ ਝੱਲਣੀ ਪਈ। ਪੰਜਾਬ ਦੇ ਸਾਬਕਾ ਡੀਜੀਪੀ ਕੇ ਪੀ ਐੱਸ ਗਿੱਲ ’ਤੇ ਵੀ ਮਹਿਲਾ ਆਈਏਐੱਸ ਅਧਿਕਾਰੀ ਨੂੰ ਛੇੜਛਾੜ ਦਾ ਮਾਮਲਾ ਸੁਪਰੀਮ ਕੋਰਟ ਤਕ ਪਹੁੰਚਿਆ।
ਮਹਿਲਾ ਪਹਿਲਵਾਨਾਂ ਨਾਲ ਹੁੰਦੇ ਜਿਣਸੀ ਸ਼ੋਸ਼ਣ ਖ਼ਿਲਾਫ਼ ਵਿਨੇਸ਼ ਫੋਗਟ ਦੀ ਅਗਵਾਈ ਵਿੱਚ ਹੋਏ 2023 ਦੇ ਸੰਘਰਸ਼ ਦਾ ਕੇਂਦਰ ਬਿੰਦੂ ਯੂਪੀ ਦਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਸੀ। ਹਰਿਆਣੇ ਵਿੱਚ ਮਹਿਲਾ ਕੋਚ ਨੇ ਤਤਕਾਲੀ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਕਥਿਤ ਜਿਣਸੀ ਛੇੜਛਾੜ ਦੇ ਦੋਸ਼ ਲਾਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਐੱਮਪੀ ਚਰਨਜੀਤ ਸਿੰਘ ਚੰਨੀ ’ਤੇ ਵੀ ਮਹਿਲਾ ਉੱਚ ਅਧਿਕਾਰੀ ਨੂੰ ਕਥਿਤ ਅਸ਼ਲੀਲ ਵਟਸਐਪ ਸੁਨੇਹੇ ਭੇਜਣ ਦੇ ਦੋਸ਼ ਲੱਗੇ ਸਨ। ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ‘ਬੱਜਰ ਪਾਪ’ ਕਾਰਨ ਸਿੱਖ ਪੰਥ ਵਿੱਚੋਂ ਵੀ ਛੇਕ ਕੇ ਬਾਅਦ ਵਿੱਚ ‘ਤਨਖਾਹ’ ਵੀ ਲਾ ਦਿੱਤੀ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਤੇ ਤਤਕਾਲੀ ਵਿਧਾਇਕ ਗਗਨਦੀਪ ਸਿੰਘ ਬਰਨਾਲਾ ’ਤੇ ਵੀ ਬਲਾਤਕਾਰ ਦੇ ਦੋਸ਼ ਲੱਗੇ ਸਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ’ਤੇ ਵੀ ਵਿਦੇਸ਼ੀ ਟੂਰਿਸਟ ਕਾਤੀਆ ਨੂੰ ਕਥਿਤ ਅਗਵਾ ਕਰਨ ਦਾ ਦੋਸ਼ ਲੱਗਿਆ ਸੀ। ਇਸੇ ਵਰ੍ਹੇ ਵਲਟੋਹਾ ਵਿੱਚ ਵੀ ਦਿਨ-ਦਿਹਾੜੇ ‘ਚੀਰਹਰਨ’ ਕੀਤਾ ਗਿਆ ਸੀ।
2019 ਤੋਂ 2024 ਤਕ ਏਡੀਆਰ (ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰੀਫੌਰਮਜ਼) ਦੇ ਸਰਵੇਖਣ ਅਨੁਸਾਰ ਕੁੱਲ 151 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਉੱਪਰ ਬਲਾਤਕਾਰ ਜਾਂ ਔਰਤਾਂ ਨਾਲ ਛੇੜਛਾੜ ਦੇ ਕੇਸ ਦਰਜ ਸਨ। ਇਨ੍ਹਾਂ ਵਿੱਚੋਂ 16 ਸੰਸਦ ਮੈਂਬਰ ਤੇ 135 ਵਿਧਾਇਕ ਹਨ। ਪੱਛਮੀ ਬੰਗਾਲ 25 ਨਾਲ ਪਹਿਲੇ, ਆਂਧਰਾ ਪ੍ਰਦੇਸ਼ 21 ਨਾਲ ਦੂਜੇ ਅਤੇ ਉਡੀਸ਼ਾ 17 ਕੇਸਾਂ ਨਾਲ ਤੀਜੇ ਨੰਬਰ ’ਤੇ ਹੈ।
ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਤੇ ਰਾਜ ਸਭਾ ਦੇ ਮੌਜੂਦਾ ਮੈਂਬਰ ਰੰਜਨ ਗੋਗੋਈ ’ਤੇ ਵੀ ਮਹਿਲਾ ਕਰਮਚਾਰੀ ਨੇ ਉਸ ਨੂੰ ਤੰਗ ਕਰਨ ਦੇ ਦੋਸ਼ ਲਾਏ ਸਨ। ਜਸਟਿਸ ਗੋਗੋਈ ਨੂੰ ਬਾਅਦ ਵਿੱਚ ਜਾਂਚ ਮਗਰੋਂ ਕਲੀਨ ਚਿੱਟ ਮਿਲ਼ ਗਈ। ਪਿਛਲੇ ਵਰ੍ਹੇ ਯੂਪੀ ਦੀ ਮਹਿਲਾ ਜੱਜ ਨੇ ਵੀ ਚੀਫ ਜਸਟਿਸ ਆਫ ਇੰਡੀਆ ਨੂੰ ਖ਼ਤ ਲਿਖ ਕੇ ‘ਆਤਮ-ਹੱਤਿਆ’ ਕਰਨ ਦੀ ਇਜਾਜ਼ਤ ਮੰਗੀ ਸੀ। ਉਸ ਮਹਿਲਾ ਜੱਜ ਨੇ ਆਪਣੇ ਸੈਸ਼ਨਜ਼ ਜੱਜ ’ਤੇ ਕਥਿਤ ਸਰੀਰਕ ਸ਼ੋਸ਼ਣ ਦਾ ਦੋਸ਼ ਮੜ੍ਹਿਆ ਸੀ।
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਬਾਪੂ ਆਸਾ ਰਾਮ ’ਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ. ਜਿਸ ਕਾਰਨ ਇਹ ਦੋਵੇਂ ਹੀ ਸੀਖਾਂ ਪਿੱਛੇ ਹਨ। ਹਰਿਆਣੇ ਦੇ ਇੱਕ ਡੇਰੇ ਦੇ ਮੁਖੀ ਰਾਮਪਾਲ ਨੂੰ ਵੀ ਇਸ ਤਰ੍ਹਾਂ ਦੇ ਦੋਸ਼ਾਂ ਸਮੇਤ ਕਈ ਹੋਰਨਾਂ ਕੇਸਾਂ ਵਿੱਚ ਉਮਰ ਕੈਦ ਵੀ ਹੋਈ ਸੀ। ਸਵਾਮੀ ਨਿਤਿਆਨੰਦ ’ਤੇ ਵੀ ਵਿਦੇਸ਼ੀ ਲੜਕੀ ਨੇ ਬਲਾਤਕਾਰ ਦੇ ਦੋਸ਼ ਲਾਏ. ਜੋ ਦੇਸ਼ ਛੱਡ ਕੇ ਭੱਜ ਗਿਆ ਸੀ। ਹਾਲ ਹੀ ਵਿੱਚ ਜਗਰਾਓਂ ਨੇੜੇ ਡੇਰੇ ਦੇ ਮੁਖੀ ਦੀ ਵੀਡੀਓ ਵੀ ਚਰਚਾ ਵਿੱਚ ਰਹੀ ਹੈ।
‘ਤਹਿਲਕਾ’ ਵੈੱਬਪੋਰਟਲ ਦੇ ਪੱਤਰਕਾਰ ਤਰੁਨ ਤੇਜਪਾਲ ਅਤੇ ਪੱਤਰਕਾਰ ਤੇ ਸਾਬਕਾ ਮੰਤਰੀ ਐੱਮ ਜੇ ਅਕਬਰ ਵੀ ਔਰਤਾਂ ਨਾਲ ਕਥਿਤ ਛੇੜਛਾੜ ਦੇ ਦੋਸ਼ਾਂ ਕਾਰਨ ਸੁਰਖ਼ੀਆਂ ਵਿੱਚ ਰਹੇ। ਅਕਬਰ ’ਤੇ ਤਾਂ ਵਿਦੇਸ਼ੀ ਸਮੇਤ 11 ਔਰਤਾਂ ਨੇ ‘ਮੀ ਟੂ’ ਮੁਹਿੰਮ ਤਹਿਤ ਇਲਜ਼ਾਮ ਲਾਏ ਸਨ।
ਦਸੰਬਰ 2012 ਵਿੱਚ ਨਿਰਭੈਆ ਕਤਲ ਕਾਂਡ ਨੇ ਪੂਰੀ ਦੁਨੀਆ ਵਿੱਚ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਥਾਂ ਲਈ ਸੀ। ਉਸ ਮਗਰੋਂ ਕਾਨੂੰਨ ਵੀ ਬਣਿਆ ਤੇ ਦੋਸ਼ੀਆਂ ਨੂੰ ਫ਼ਾਂਸੀ ਵੀ ਹੋਈ ਪਰ ਬਲਾਤਕਾਰ ਨਹੀਂ ਘਟੇ। ਅੱਜ ਵੀ ਹਰ ਰੋਜ਼ 86 ਬਲਾਤਕਾਰ ਹੋ ਰਹੇ ਹਨ। ਆਜ਼ਾਦੀ ਦੇ ‘ਅੰਮ੍ਰਿਤਕਾਲ’ ਦੌਰਾਨ ਅੱਜ ਵੀ ਹਰ 16 ਮਿੰਟਾਂ ’ਤੇ ਕਿਸੇ ਇੱਕ ਭਾਰਤੀ ਨਾਰੀ ਦੀ ਆਬਰੂ ਲੀਰੋ-ਲੀਰ ਕਰ ਦਿੱਤੀ ਜਾਂਦੀ ਹੈ। ਇਹ ਅੰਕੜੇ ਪੁਲੀਸ ਕੋਲ ਦਰਜ ਕੇਸਾਂ ਦੇ ਹਨ। ਜੋ ਕੇਸ ਸਮਾਜਿਕ ਕਾਰਨਾਂ ਕਰ ਕੇ ਰਿਪੋਰਟ ਹੀ ਨਹੀਂ ਹੁੰਦੇ, ਉਨ੍ਹਾਂ ਦੀ ਗਿਣਤੀ ਕਈ ਗੁਣਾ ਹੋ ਸਕਦੀ ਹੈ। 2012 ਦੇ ਸਰਕਾਰੀ ਅੰਕੜਿਆਂ ਅਨੁਸਾਰ 24923 ਬਲਾਤਕਾਰ ਕੇਸ ਰਿਪੋਰਟ ਹੋਏ ਸਨ ਜੋ 2022 ਵਿੱਚ 31516 ਹੋ ਗਏ, ਭਾਵ, 26 ਫ਼ੀਸਦੀ ਇਜ਼ਾਫ਼ਾ।
ਅਦਾਲਤੀ ਘੁੰਮਣ-ਘੇਰੀਆਂ ਵਿੱਚ ਫਸਣ ਕਾਰਨ ਪੀੜਤ ਔਰਤਾਂ ਨਰਕ ਭੋਗਦੀਆਂ ਹਨ ਤੇ ਦੋਸ਼ੀ ਬਰੀ ਹੋ ਜਾਂਦੇ ਹਨ। ਹਾਲ ਹੀ ਵਿੱਚ ਰਾਜਸਥਾਨ ਦੀ ਅਜਮੇਰ ਅਦਾਲਤ ਨੇ 32 ਸਾਲਾਂ ਬਾਅਦ 87 ਲੜਕੀਆਂ ਨਾਲ ਬਲਾਤਕਰ ਕਰਨ ਵਾਲੇ 18 ਵਿੱਚੋਂ ਛੇ ਦੋਸ਼ੀਆਂ ਨੂੰ ਸਜ਼ਾ ਸੁਣਾਈ। ਇਨ੍ਹਾਂ ਪੀੜਤਾਂ ਵਿੱਚੋਂ ਛੇ ਨੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਸਥਾਨਕ ਪੱਤਰਕਾਰ ਮਦਨ ਸਿੰਘ ਨੇ ਇਸ ਕਾਂਡ ਦਾ ਪਰਦਾਫ਼ਾਸ਼ ਕੀਤਾ ਸੀ, ਉਸ ਦਾ 1992 ਵਿੱਚ ਕਤਲ ਕਰ ਦਿੱਤਾ ਗਿਆ। ਰਾਮ ਰਹੀਮ ਵਾਲੇ ਕੇਸ ਵਿੱਚ ਪਰਦਾਫ਼ਾਸ਼ ਕਰਨ ਵਾਲੇ ਪੱਤਰਕਾਰ ਰਾਮਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ।
ਸਾਬਕਾ ਰਾਜ ਸਭਾ ਮੈਂਬਰ, ਸੀਪੀਆਈ (ਐੱਮ) ਦੀ ਪੋਲਿਟ ਬਿਊਰੋ ਮੈਂਬਰ ਤੇ ਨਾਰੀ ਸ਼ਕਤੀ ਲਹਿਰਾਂ ਨਾਲ ਜੁੜੀ ਬਰਿੰਦਾ ਕਰਾਤ ਨੇ ਆਪਣੀ ਕਿਤਾਬ ‘ਹਿੰਦੂਤਵਾ ਐਂਡ ਵਾਇਲੈਂਸ ਅਗੇਂਸਟ ਵਿਮੈੱਨ’ ਵਿੱਚ ਲਿਖਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਚੰਦਰਯਾਨ ਮਿਸ਼ਨ ਦੀ ਸਫ਼ਲਤਾ ਲਈ ਇਸ ਮਿਸ਼ਨ ਨਾਲ ਜੁੜੀਆਂ ਵਿਗਿਆਨਕ ਮਹਿਲਾਵਾਂ ਦੀ ਪ੍ਰਸ਼ੰਸਾ ਕਰਦੇ ਹਨ ਤਾਂ ਔਰਤਾਂ ਵਿੱਚ ਵਿਸ਼ਵਾਸ ਭਰਦਾ ਹੈ, ਇਸੇ ਤਰ੍ਹਾਂ ਜਦੋਂ ਉਹ ਬਿਲਕੀਸ, ਮਨੀਪੁਰ ਜਾਂ ਹਾਥਰਸ ਵਿੱਚ ਔਰਤਾਂ ਉੱਪਰ ਹੋਈਆਂ ਜ਼ਿਆਦਤੀਆਂ ਦੀਆਂ ਘਟਨਾਵਾਂ ’ਤੇ ‘ਚੁੱਪ’ ਰਹਿੰਦੇ ਹਨ ਤਾਂ ਔਰਤਾਂ ਦਾ ਮਨੋਬਲ ਡਿਗਦਾ ਹੈ ਤੇ ਬਲਾਤਕਾਰੀਆਂ ਦੇ ਹੌਸਲੇ ਹੋਰ ਵਧ ਜਾਂਦੇ ਹਨ।
ਕਰਾਤ ਨੇ ਕਿਤਾਬ ਦੀ ਸ਼ੁਰੂਆਤ ਇਸ ਘਟਨਾ ਨਾਲ ਕੀਤੀ ਹੈ ਕਿ 15 ਅਗਸਤ 2022 ਨੂੰ ਜਦੋਂ ਲਾਲ ਕਿਲੇ ’ਤੇ ਪੀਐੱਮ ਮੋਦੀ ਨੇ ਬੜਾ ਭਾਵੁਕ ਹੁੰਦਿਆਂ ਗੱਚ ਭਰ ਕੇ ਕਿਹਾ ਸੀ ਕਿ ਅਸੀਂ ਆਪਣੀ ਰੋਜ਼ਮੱਰਾ ਬੋਲਚਾਲ ਵਿੱਚ ਔਰਤਾਂ ਲਈ ਗ਼ਲਤ ਸ਼ਬਦ ਵਰਤ ਰਹੇ ਹਾਂ, ਕੀ ਅਸੀਂ ਇਸ ਵਰਤਾਰੇ ਤੋਂ ਛੁਟਕਾਰਾ ਪਾਉਣ ਲਈ ਸਹੁੰ ਨਹੀਂ ਖਾ ਸਕਦੇ? ਪਰ ਕੁਝ ਘੰਟਿਆਂ ਮਗਰੋਂ ਮੋਦੀ ਜੀ ਦੇ ਆਪਣੇ ਰਾਜ ਗੁਜਰਾਤ ਵਿੱਚ ਸਰਕਾਰ ਬਿਲਕੀਸ ਬਾਨੋ ਕਾਂਡ ਦੇ ਬਲਾਤਕਾਰੀ 11 ਦੋਸ਼ੀਆਂ ਨੂੰ ਮੁਆਫ਼ੀ ਦੇ ਕੇ ਰਿਹਾਅ ਕਰਨ ਦੀ ਤਿਆਰੀ ਕਰ ਰਹੀ ਸੀ।
ਜਦੋਂ ਮਹਾਰਾਸ਼ਟਰ ਵਿੱਚ ਛਤਰਪਤੀ ਸ਼ਿਵਾਜੀ ਦਾ ਢਾਈ ਕਰੋੜ ਰੁਪਏ ਤੋਂ ਵੱਧ ਦਾ ਬੁੱਤ ਡਿਗਦਾ ਹੈ ਤਾਂ ਪ੍ਰਧਾਨ ਮੰਤਰੀ ਕੌਮ ਤੋਂ ਮੁਆਫ਼ੀ ਮੰਗਦੇ ਹਨ। ਮਹਿਲਾ ਪਹਿਲਵਾਨਾਂ ਦੇ ਸੰਘਰਸ਼, ਮਨੀਪੁਰ, ਹਾਥਰਸ, ਉਨਾਓ ਆਦਿ ’ਤੇ ਪੀਐੱਮ ਦੀ ਚੁੱਪ ਦੇ ਕੀ ਅਰਥ ਹਨ? ਧ੍ਰਿਤਰਾਸ਼ਟਰ (ਜੋ ਅੰਨ੍ਹਾ ਸੀ) ਵੀ ਚੀਰਹਰਨ ਵਾਲੇ ਦੁਖਾਂਤ ’ਤੇ ਖ਼ਾਮੋਸ਼ ਰਿਹਾ ਸੀ।
ਸ਼ਹਿਰਾਂ ਵਿੱਚ ਨਾਰੀ ਦੇ ਸ਼ੋਸ਼ਣ ਨੂੰ ਮਹਾਨਗਰਾਂ ਦਾ ਮੀਡੀਆ ਹਮੇਸ਼ਾ ‘ਅੱਖਾਂ ’ਤੇ ਚੁੱਕ’ ਲੈਂਦਾ ਹੈ ਪਰ ਦੂਰ ਦੁਰਾਡੇ ਹੁੰਦੇ ਅਜਿਹੇ ਕਾਰਿਆਂ ਦੀਆਂ ਪੀੜਤਾਂ ਮੀਡੀਆ ਲਈ ‘ਟੀਆਰਪੀ’ ਨਹੀਂ ਬਣਦੀਆਂ। ਭਾਰਤੀ ਨਾਰੀ ਦੇ ਜੀਵਨ ਵਿੱਚ ਮਹਾਭਾਰਤ ਵਰਗਾ 18ਵਾਂ ਦਿਨ ਕਦੋਂ ਆਵੇਗਾ? ‘ਦੁਰਯੋਧਨਾਂ’ ਦਾ ‘ਵਧ’ ਕਰਨ ਲਈ ‘ਭੀਮ’ ਕੌਣ ਬਣੇਗਾ? ਬਕੌਲ ਮਰਹੂਮ ਅਟਲ ਬਿਹਾਰੀ ਵਾਜਪਾਈ, “ਰਾਜੇ ਨੂੰ ‘ਰਾਜ ਧਰਮ’ ਨਿਭਾਉਣਾ ਚਾਹੀਦਾ ਹੈ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5384)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.
				
				
				
				
				
						




 





















 










 















 



















 



























