HardeepChittarkar7ਕੌਣ ਸੀ ਇਹ ਕਿਹਰ ਸਿੰਘ, ਜਿਸਦੀ ਯਾਦ ਵਿੱਚ ਇਹ ਇਮਾਰਤ ਬਣੀ ਐ?” ਮਰੀਜ਼ਾਂ ਦੀ ਕਤਾਰ ਵਿੱਚ ਅੱਗੇ ਬੈਠੀ ...”
(24 ਮਾਰਚ 2024)
ਇਸ ਸਮੇਂ ਪਾਠਕ: 705.


‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’ ਸਕੂਲ ਦੀਆਂ ਕੰਧਾਂ ਉੱਤੇ ਲਿਖੇ ਇਸ ਵਿਚਾਰ ਨੂੰ ਅਸੀਂ ਬਚਪਨ ਤੋਂ ਪੜ੍ਹਦੇ ਰਹੇ ਹਾਂ, ਪਰ
ਅਰਥ ਸਮਝ ਨਹੀਂ ਸੀ ਆਏਜਦੋਂ ਉੱਚ ਵਿੱਦਿਆ ਪ੍ਰਾਪਤ ਸ਼ਖ਼ਸੀਅਤਾਂ ਦੇ ਪਰਉਪਕਾਰਾਂ ਦਾ ਮੀਂਹ ਸਾਡੇ ਪਿੰਡ ’ਤੇ ਵਰ੍ਹਿਆ ਤਾਂ ਇਲਾਕੇ ਦਾ ਬੱਚਾ ਬੱਚਾ ਬਿਨਾਂ ਸਮਝਾਏ ਸਮਝ ਗਿਆ ਕਿ ਵਿੱਦਿਆ ਹੀ ਉਹ ਸ਼ਕਤੀ ਹੈ ਜਿਸ ਨਾਲ ਮਨੁੱਖ ਸੁਖੀ ਸਮਾਜ ਸਿਰਜ ਸਕਦਾ ਹੈ

ਸਾਡੇ ਇਲਾਕੇ ਦੇ ਲੋਕ ਆਪਣੇ ਪੁਰਖਿਆਂ ਦੀ ਯਾਦ ਵਿੱਚ ਸਮਰੱਥਾ ਮੁਤਾਬਿਕ ਪੁੰਨਦਾਨ ਕਰਦੇ ਹਨਕਈ ਥਾਈਂ ਅੰਤਿਮ ਅਰਦਾਸ ਸਮੇਂ ਸਪੀਕਰਾਂ ਵਿੱਚ ਬੋਲਦੇ ਸੁਣੀਦੈ, “ਭਾਈ ਸੰਗਤੇ ਵਿਛੜ ਚੁੱਕੀ ਆਤਮਾ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਫਲਾਣੇ ਧਾਰਮਿਕ ਸਥਾਨ ਨੂੰ ਐਨੇ ਹਜ਼ਾਰ, ਫਲਾਣੇ ਬਾਬੇ ਦੇ ਡੇਰੇ ਨੂੰ ਐਨੇ ਸੌ ਅਤੇ ਫਲਾਣੀ ਮੜ੍ਹੀ ਨੂੰ ਐਨੇ ਸੌ ਦਾਨ ਕੀਤਾ ਹੈ, ਪਰਮਾਤਮਾ ਇਨ੍ਹਾਂ ਦੀ ਕਮਾਈ ਵਿੱਚ ਬਰਕਤਾਂ ਪਾਵੇ।”

ਦਸ ਸਾਲ ਪਹਿਲਾਂ ਸਾਡੇ ਪਿੰਡ ਰਾਜਗੜ੍ਹ ਕੁੱਬੇ ਦਾ ਅਮਰੀਕਾ ਵਸਦਾ ਇੱਕ ਪਰਿਵਾਰ ਆਪਣੇ ਬਜ਼ੁਰਗਾਂ ਦੀ ਅੰਤਿਮ ਅਰਦਾਸ ਕਰਵਾਉਣ ਪਿੰਡ ਆਇਆਗੁਰਦੁਆਰਾ ਸਾਹਿਬ ਵਿੱਚ ਪਾਠ ਦੇ ਭੋਗ ਉਪਰੰਤ ਪਿੰਡ ਦੀ ਸੰਗਤ ਸਾਹਮਣੇ ਪਰਿਵਾਰ ਨੇ ਪ੍ਰਸਤਾਵ ਰੱਖਿਆ ਕਿ “ਅਸੀਂ ਆਪਣੇ ਦਾਦਾ ਜੀ ਦੀ ਯਾਦ ਵਿੱਚ ਸਮੂਹ ਲੋਕਾਂ ਦੇ ਕੰਮ ਆਉਣ ਵਾਲੀ ਸਹੂਲਤ ਦੇਣੀ ਚਾਹੁੰਦੇ ਹਾਂ, ਦੱਸਣਾ ਤੁਸੀਂ ਹੈ ਕਿ ਪਿੰਡ ਨੂੰ ਲੋੜ ਕਿਸ ਚੀਜ਼ ਦੀ ਹੈ।” ਲੋਕਾਂ ਨੇ ਸਾਂਝੀ ਰਾਏ ਬਣਾਕੇ ਦੱਸਿਆ ਕਿ ਪਿੰਡ ਵਿੱਚ ਖੁਸ਼ੀ ਗਮੀ ਦੇ ਸਮਾਜਕ ਕਾਰਜਾਂ ਲਈ ਇੱਕ ਵੱਡੇ ਹਾਲ ਦੀ ਜ਼ਰੂਰਤ ਹੈਲੋਕ ਰਾਏ ਨੂੰ ਸਵੀਕਾਰਦੇ ਹੋਏ ਪਰਿਵਾਰ ਨੇ ਇਹ ਕਾਰਜ ਪੂਰਾ ਕਰਨ ਦਾ ਵਾਅਦਾ ਕੀਤਾ

ਕੁਝ ਦਿਨਾਂ ਵਿੱਚ ਹੀ ਕਮਿਊਨਿਟੀ ਹਾਲ ਦਾ ਨਕਸ਼ਾ ਬਦੇਸੋਂ ਬਣ ਕੇ ਆ ਪਹੁੰਚਿਆਇਮਾਰਤਸਾਜ਼ੀ ਦਾ ਸਮਾਨ ਆਉਣ ਲੱਗਿਆਛੋਟੇ ਅਤੇ ਖੰਡਰ ਬਣੇ ਪੰਚਾਇਤ ਘਰ ਦੀ ਥਾਂ ਇੱਕ ਵੱਡੀ ਇਮਾਰਤ ਉਸਰਨ ਲੱਗੀਵੱਡਾ ਹਾਲ, ਸਮੂਹ ਦੇ ਖਾਣਾ ਬਣਾਉਣ ਲਈ ਰਸੋਈ, ਖਾਣਾ ਵਰਤਾਉਣ ਵਾਲਾ ਕਮਰਾ ਅਤੇ ਸੁੰਦਰ ਬਰਾਮਦੇ ਵਾਲਾ ਆਧੁਨਿਕ ਕਮਿਊਨਟੀ ਹਾਲ ਬਣ ਕੇ ਤਿਆਰ ਹੋ ਗਿਆ

ਪਿੰਡ ਵਾਸੀਆਂ ਲਈ ਉਹ ਖੁਸ਼ੀਆਂ ਭਰਿਆ ਦਿਨ ਵੀ ਆ ਗਿਆ ਜਦੋਂ ਉਹ ਪਰਿਵਾਰ ਆਪਣੇ ਰਿਸ਼ਤੇਦਾਰਾਂ, ਸੱਜਣਾਂ ਸਮੇਤ ਪਿੰਡ ਪਹੁੰਚਿਆਉਨ੍ਹਾਂ ਇੱਕ ਸ਼ਾਨਦਾਰ ਗੈਰ ਰਾਜਨੀਤਕ ਸਮਾਗਮ ਰਚਾਕੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਇਮਾਰਤ ਪਿੰਡ ਵਾਸੀਆਂ ਦੇ ਸਪੁਰਦ ਕਰ ਦਿੱਤੀਪਿੰਡ ਵਾਸੀਆਂ ਨੇ ਇਸਦੀ ਪ੍ਰਬੰਧਕ ਕਮੇਟੀ ਚੁਣਕੇ ਵਾਜਿਬ ਕਰਵਾਇਆ ਤੈਅ ਕੀਤਾ, ਜਿਸ ਨਾਲ ਇਮਾਰਤ ਦੀ ਸਫਾਈ ਅਤੇ ਰੱਖ ਰਖਾਵ ਹੁੰਦਾ ਰਹੇ

ਮੱਧਵਰਗੀ ਅਤੇ ਗ਼ਰੀਬ ਪਿੰਡ ਵਾਸੀਆਂ ਨੂੰ, ਜਿਹੜੇ ਸ਼ਹਿਰੀ ਮੈਰਿਜ ਪੈਲੇਸਾਂ ਦੇ ਖਰਚਿਆਂ ਤੋਂ ਅਸਮਰਥ ਸਨ, ਜਿਨ੍ਹਾਂ ਨੂੰ ਵਿਆਹ ਸ਼ਾਦੀਆਂ ਵੇਲੇ ਮਜਬੂਰਨ ਘਰਾਂ, ਗਲ਼ੀਆਂ ਵਿੱਚ ਬੇ ਤਰਤੀਬੇ ਟੈਂਟ ਲਾਉਣ ਵਰਗੀਆਂ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਸੀ, ਇਸਦਾ ਲਾਭ ਉਠਾਉਣ ਲੱਗੇ

ਆਪਣਿਆਂ ਤੋਂ ਮਿਲੇ ਵਰਦਾਨ ਦਾ ਸੁਖ ਭੋਗਦੇ ਮੇਰੇ ਪਿੰਡ ਦੇ ਲੋਕ ਅੱਜ ਫੁੱਲੇ ਨਹੀਂ ਸਮਾਉਂਦੇਦੁੱਖ ਸੁਖ ਵਿੱਚ ਜੁੜਦੀ ਸੰਗਤ ਦੇ ਸਿਰਾਂ ਦੀ ਛਾਂ ਬਣਦਾ ਇਹ ਹਾਲ ਹਰ ਜਾਤ ਗੋਤ, ਅਮੀਰ ਗਰੀਬ ਨੂੰ ਸਾਂਝੇ ਚੁੱਲ੍ਹੇ ਖਾਣ ਪਕਾਉਣ ਦੀ ਭਾਈਚਾਰਕ ਅਮੀਰੀ ਬਖ਼ਸ਼ਣ ਲੱਗਿਆ 4600 ਦੀ ਆਬਾਦੀ ਵਾਲ਼ਾ ਸਾਡਾ ਪਿੰਡ, ਜਿਹੜਾ ਕਿ ਇੱਕ ਹੀ ਗੁਰਦਵਾਰਾ ਅਤੇ ਇੱਕੋ ਸ਼ਮਸ਼ਾਨਘਾਟ ਹੋਣ ਕਾਰਨ ਪਹਿਲਾਂ ਹੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਉਸ ਵਿੱਚ ਇਸ ਮਜੱਸਮੇ ਨੇ ਹੋਰ ਸੋਹਜ ਭਰ ਦਿੱਤਾਪਿੰਡ ਵਿੱਚ ਧੜਕਦੀ ਜ਼ਿੰਦਗੀ ਵਿੱਚੋਂ ਸੱਭਿਆਚਾਰਕ ਸਾਂਝ ਦੀ ਮਹਿਕ ਆਉਣ ਲੱਗੀ

ਇੱਥੇ ਹੁੰਦੇ ਸਮਾਗਮਾਂ ਵਿੱਚ ਬਾਹਰੋਂ ਸ਼ਾਮਿਲ ਹੋਣ ਵਾਲੇ ਹਰ ਸ਼ਖਸ ਦਾ ਇਸ ਵਰਤਾਰੇ ਨੂੰ ਸਰਾਹੁਣਾ ਸਭਾਵਿਕ ਹੈਪਿਛਲੇ ਦਿਨੀਂ ਇੱਥੇ ਲੱਗੇ ਸਿਹਤ ਸਹੂਲਤਾਂ ਦੇ ਕੈਂਪ ਵਿੱਚ ਸ਼ਾਮਿਲ ਹੋਣ ਸ਼ਹਿਰੋਂ ਆਏ ਡਾਕਟਰਾਂ ਨੇ ਇਮਾਰਤ ਨੂੰ ਨਿਹਾਰਦਿਆਂ ਸਵਾਲ ਕੀਤਾ, “ਕੌਣ ਸੀ ਇਹ ਕਿਹਰ ਸਿੰਘ ਜਿਸਦੀ ਯਾਦ ਵਿੱਚ ਇਹ ਇਮਾਰਤ ਬਣੀ ਐ?”

ਮਰੀਜ਼ਾਂ ਦੀ ਕਤਾਰ ਵਿੱਚ ਅੱਗੇ ਬੈਠੀ ਇੱਕ ਬਜ਼ੁਰਗ ਮਾਈ ਬੋਲੀ, ਸੀ ਤਾਂ ਪੁੱਤ ਉਹ ਸਾਡੇ ਵਿੱਚੋਂ ਹੀ, ਪਰ ਬਹੁਤ ਵਰ੍ਹੇ ਹੋਏ ਉਹਨਾਂ ਦਾ ਪਰਿਵਾਰ ਬਾਹਰਲੇ ਦੇਸ਼ ਜਾ ਵਸਿਆ ਉੱਥੇ ਸੁਖ ਨਾਲ ਬਥੇਰੀ ਤਰੱਕੀ ਕਰ’ਗੇ ਪਰ ਫਿਰ ਵੀ ਆਪਣੇ ਪਿਛਲੇ ਭਾਈਚਾਰੇ ਨੂੰ ਭੁੱਲੇ ਨੀ। ਆਹ ਦੇਖ ਲੋ ਕਿੰਨੀ ਸੋਹਣੀ ਚੀਜ਼ ਬਣਾਕੇ ਦਿੱਤੀ ਐ ਸਾਨੂੰ।”

ਪਿੱਛੇ ਖੜ੍ਹੇ ਖੂੰਡੇ ਵਾਲੇ ਬਜ਼ੁਰਗ ਨੇ ਨੇੜੇ ਹੁੰਦਿਆਂ ਕਿਹਾ, “ਡਾਕਟਰ ਸਾਹਿਬ, ਇਹ ਸਭ ਵਿੱਦਿਆ ਦੀ ਦੇਣ ਐ।, ਸਾਡੇ ਪਿੰਡ ਵਿੱਚ ਕੋਈ ਨੱਬੇ ਵਰ੍ਹੇ ਪਹਿਲਾਂ ਪੰਜ ਜਮਾਤਾਂ ਦਾ ਸਕੂਲ ਬਣ ਗਿਆ ਸੀਉਨ੍ਹਾਂ ਸਮਿਆਂ ਵਿੱਚ ਕੋਈ ਵਿਰਲਾ ਹੀ ਬੱਚਿਆਂ ਨੂੰ ਸਕੂਲ ਪੜ੍ਹਨ ਭੇਜਦਾ ਸੀਕਿਹਰ ਸਿਉਂ ਇੱਕ ਦੂਰਅੰਦੇਸ਼ੀ ਇਨਸਾਨ ਸੀ। ਉਸ ਨੂੰ ਵਿੱਦਿਆ ਦੀ ਅਹਿਮੀਅਤ ਦਾ ਗਿਆਨ ਸੀਉਸ ਨੇ ਮਿਹਨਤ ਕਰਕੇ ਆਪਣੇ ਸਾਰੇ ਬੱਚੇ। ਚਾਰ ਪੁੱਤ ਅਤੇ ਇੱਕ ਧੀ ਨੂੰ ਵਿੱਦਿਆ ਹਾਸਲ ਕਰਵਾਈਤਾਂ ਹੀ ਉਹ ਉੱਚ ਵਿੱਦਿਆ ਪ੍ਰਾਪਤ ਕਰਕੇ ਵੱਡੇ ਅਹੁਦਿਆਂ ’ਤੇ ਪਹੁੰਚੇਪੁਰਖਿਆਂ ਤੋਂ ਮਿਲੇ ਲੋਕ ਪੱਖੀ ਸੰਸਕਾਰ ਅਤੇ ਵਿੱਦਿਆ ਦਾ ਸੁਮੇਲ ਇਸ ਵਰਤਾਰੇ ਦਾ ਪੂਰਕ ਬਣਿਆ, ਤਾਂ ਹੀ ਪਰਦੇਸ ਵਸਦੇ ਹੋਣ ਦੇ ਬਾਵਜੂਦ ਕਿਹਰ ਸਿੰਘ ਦੇ ਪਰਿਵਾਰ ਨੇ ਮਿਹਨਤ ਦੀ ਕਮਾਈ ਨੂੰ ਸੋਹਣੀ ਤਰ੍ਹਾਂ ਲੇਖੇ ਲਾ ਕੇ ਆਪਣੀਆਂ ਜੜ੍ਹਾਂ ਜ਼ੱਦੀ ਪਿੰਡ ਦੀ ਸੱਭਿਅਤਾ ਵਿੱਚ ਲਾ ਦਿੱਤੀਆਂ।”

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4830)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਦੀਪ ਚਿੱਤਰਕਾਰ

ਹਰਦੀਪ ਚਿੱਤਰਕਾਰ

Phone: (91 - 94176 - 81880)
Email: (artisthardeepsingh@gmail.com)