HardeepChittarkar7ਫਿਰ ਮੈਥੋਂ ਵੀ ਕਿਹਾ ਗਿਆ- ਵੇਹਲੜੋ ,ਜਿਹੜੇ ਤੁਸੀਂ ਖਾ ਖਾ ਢਿੱਡ ਵਧਾਏ ਐ, ਇਹ ਲੱਖਾਂ ਮਣਾ ਅੰਨ ਅਸੀਂ ...
(5 ਨਵੰਬਰ 2021)

 

Rassa3ਸਵੇਰੇ ਅਖ਼ਬਾਰ ਫੜਾਉਣ ਆਏ ਮੁੰਡੇ ਨੇ ਕਿਹਾ, “ਓਧਰਲੇ ਅਗਵਾੜੋਂ ਬੁੜ੍ਹੀ ਆਈ ਐ ਬਾਈ, ਤੈਨੂੰ ਬਲਾਉਂਦੀਐ।” ਮੈਂ ਬਾਹਰ ਜਾ ਕੇ ਦੇਖਿਆ ਤਾਂ ਸੱਤਰ੍ਹਾਂ ਕੁ ਦੀ ਲਗਦੀ ਮਾਈ ਹੰਢੇ ਪੁਰਾਣੇ ਕੱਪੜਿਆਂ ਉੱਤੋਂ ਦੀ ਕਿਰਪਾਨ ਦਾ ਗਾਤਰਾ ਅਤੇ ਹੱਥ ਵਿੱਚ ਬੋਰੀ ਦਾ ਝੋਲ਼ਾ ਫੜੀ ਖੜ੍ਹੀ ਸੀ। “ਆਓ ਚਾਚੀ, ਦੱਸੋ?” ਮੈਂ ਸਿਆਣ ਕੇ ਕਿਹਾ।

“ਮੈਂ ਤਾਂ ਕਾਕਾ ਤੇਰੇ ਕੋਲ਼ੇ ਕੰਮ ਆਈ ਆਂ।” ਕਹਿ ਕੇ ਮਾਈ ਅੰਦਰ ਲੰਘ ਆਈ।

ਮੈਂ ਵਿਹੜੇ ਵਿੱਚ ਡਹੇ ਮੰਜੇ ਵੱਲ ਤੁਰਦਿਆਂ ਸੋਚ ਰਿਹਾ ਸੀ, ਮਨਾਂ ਮੈਂਬਰ ਮੈਂ ਨੀ, ਸਰਪੰਚ ਮੈਂ ਨੀ, ਸਰਕਾਰੇ ਦਰਬਾਰੇ ਕੋਈ ਮੈਂਨੂੰ ਨੀ ਜਾਣਦਾ, ਇਹ ਬੁੜ੍ਹੀ ਨੂੰ ਮੇਰੇ ਤਕ ਕੀ ਕੰਮ ਹੋ ਸਕਦਾ ਹੈ?

ਅਸੀਂ ਦੋਨੇ ਮੰਜੇ ’ਤੇ ਬੈਠ ਗਏ ਤਾਂ ਚਾਚੀ ਨੇ ਗੱਲ ਸ਼ੁਰੂ ਕੀਤੀ, “ਜਿਹੜਾ ਆਪਣੀ ਮੰਡੀ ਵਿੱਚ ਟੇਸ਼ਣ ’ਤੇ ਕਿਸਾਨ ਯੂਨੀਅਰ ਦਾ ਧਰਨਾ ਲਗਦਾ ਹੈ, ਮੈਂ ਉੱਥੇ ਨਿੱਤ ਵਾਂਗ ਜਾਨੀ ਆਂ। ਦੇਖ ਕਾਕਾ, ਤੂੰ ਵੀ ਉੱਥੇ ਲਚਕਰ ਕਰਦੈਂ। ਤੇਰੇ ਚਾਚੇ ਪੂਰੇ ਹੋਏ ਨੂੰ ਦੋ ਸਾਲ ਹੋ ਹੋਣ ਆਲ਼ੇ ਐ, ਸਾਡਾ ਕੁਛ ਨੀ ਬਣਿਆ। ਉਦੋਂ ਤਾਂ ਭੈਣਾਂ ਭਾਈਆਂ ਨੇ ਲੱਗ ਲਗਾ ਕੇ ਤਲਵੰਡੀ ਲਿਜਾ ਕੇ ਡਾਕਟਰੀ ਮੈਨਾ ਕਰਵਾ’ਤਾ ਸੀ। ਕਿਸਾਨ ਯੂਨੀਅਰ ਆਲੇ਼ ਵੀ ਕਹਿੰਦੇ ਸੀ ਤੇਰਾ ਲੈਣਾ ਦੇਣਾ ਮੁਆਫ ਕਰਵਾ ਦਿਆਂਗੇ, ਨਾਲੇ਼ ਸਰਕਾਰ ਤੋਂ ਹੋਰ ਮਦਦ ਵੀ ਦਵਾਮਾਂਗੇ। ਜਿਉਂ ਜਿਉਂ ਦਿਨ ਲੰਘਦੇ ਗਏ ਸਭ ਭੁੱਲਗੇ। ਸਾਡੀ ਮਾਂ ਪੁੱਤਾਂ ਦੀ ਕਿਸੇ ਨੇ ਸਾਰ ਨੀ ਲਈ।” ਮੈਂ ਸਿਰ ਨਿਵਾ ਕੇ ਹੁੰਗਾਰਾ ਭਰਿਆ।

ਕਈ ਮਹੀਨਿਆਂ ਤੋਂ ਸਾਡੇ ਨੇੜਲੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸੈਂਟਰ ਸਰਕਾਰ ਦੇ ਕਾਲ਼ੇ ਕਾਨੂੰਨਾਂ ਖਿਲਾਫ ਧਰਨਾ ਲੱਗਿਆ ਹੋਇਆ ਹੈ। ਮੈਂ ਵੀ ਧਰਨੇ ਵਿੱਚ ਸ਼ਾਮਿਲ ਹੁੰਦਾ ਰਹਿੰਦਾ ਹਾਂ। ਤਰਕਸ਼ੀਲ ਸੁਸਾਇਟੀ ਦੀ ਤਰਫੋਂ ਬਲਾਰੇ ਵਜੋਂ ਵੀ ਹਾਜ਼ਰੀ ਲਵਾਉਂਦਾ ਰਹਿੰਦਾ ਹਾਂ। ਪਿੰਡਾਂ ਵਿੱਚੋਂ ਆਏ ਕਿਰਤੀ ਲੋਕਾਂ ਨਾਲ ਵਿਚਾਰ ਸਾਂਝੇ ਕਰਨ ਸਮੇਂ ਆਪਣੇ ਸੀਮਤ ਗਿਆਨ ਸਹਾਰੇ ਇਤਿਹਾਸਕ ਹਵਾਲੇ ਦੇ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕਦੇ ਸਮਾਂ ਸੀ ਜਦੋਂ ਸਾਰੇ ਪਿੰਡਾਂ ਸ਼ਹਿਰਾਂ ਦੇ ਮਾਲਕ ਜਗੀਰਦਾਰ, ਰਜਵਾੜੇ ਹੁੰਦੇ ਸੀ, ਜੋ ਲੋਕਾਂ ਦੀ ਕਿਰਤ ਨੂੰ ਲੁੱਟ ਕੇ ਐਸ਼ ਉਡਾਉਂਦੇ ਸੀ। ਉਸ ਸਮੇਂ ਮਾਨੁੱਖਤਾ ਦੇ ਰਹਿਬਰ, ਮਹਾਨ ਰਾਹ ਦਸੇਰਾ ਬਾਬੇ ਨਾਨਕ ਨੇ ਉਨ੍ਹਾਂ ਮਲਕ ਭਾਗੋਆਂ ਦੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਅੱਜ ਸੰਸਾਰ ਦੇ ਵੱਡੇ ਧਨਾਢ ਵਪਾਰੀਆਂ ਨੇ ਰਲ਼ ਕੇ ਸ਼ਕਤੀਸ਼ਾਲੀ ਝੁੰਡ ਬਣਾ ਲਏ ਹਨ, ਜਿਨ੍ਹਾਂ ਨੂੰ ਕਾਰਪੋਰੇਟ ਘਰਾਣੇ ਕਿਹਾ ਜਾਂਦਾ ਹੈ। ਇਹ ਪਹਿਲਾਂ ਸਰਮਾਏ ਦੇ ਜ਼ੋਰ ਨਾਲ ਸਾਡੇ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਬਣਾਉਂਦੇ ਐ, ਫਿਰ ਆਪਣੀਆਂ ਨੀਤੀਆਂ ਲਾਗੂ ਕਰਵਾਉਣ ਲਈ ਆਪਣੇ ਹੱਥ ਠੋਕੇ ਦਲਾਲ ਹਾਕਮਾਂ ਤੋਂ ਮਨ ਮਰਜ਼ੀ ਦੇ ਕਾਨੂੰਨ ਬਣਵਾਉਂਦੇ ਹਨ। ਇਸ ਕਾਰਪੋਰੇਟੀ ਮਾਡਲ ਵਿੱਚ ਗਰੀਬੀ, ਭੁੱਖ ਅਤੇ ਬਿਮਾਰੀਆਂ ਨਾਲ ਮਰਦੇ ਤੜਫਦੇ ਲੋਕਾਂ ਪ੍ਰਤੀ ਭੋਰਾ ਭਰ ਵੀ ਇਨਸਾਨੀ ਹਮਦਰਦੀ ਨਹੀਂ ਹੈ।

ਸਾਡੇ ਹਾਕਮਾਂ ਨੇ ਸਾਡੇ ਉੱਪਰ ਧਾਰਮਿਕ ਨਫਰਤ, ਡੇਰਾਵਾਦ ਅਤੇ ਕਿਸਮਤਵਾਦੀ ਅੰਧਵਿਸ਼ਵਾਸ ਦਾ ਜਾਲ਼ ਹੀ ਐਨਾ ਮਜ਼ਬੂਤ ਬੁਣ ਰੱਖਾ ਹੈ, ਜਿਸ ਕਾਰਨ ਅਸੀਂ ਸਮਝ ਹੀ ਨਹੀਂ ਰਹੇ ਕਿ ਸਾਡੇ ਦੁੱਖਾਂ, ਮੁਸੀਬਤਾਂ ਦਾ ਕਾਰਨ ਕੀ ਹੈ। ਕਾਰਨ ਜਾਣੇ ਬਗੈਰ ਦੁੱਖਾਂ ਤੋਂ ਮੁਕਤੀ ਅਸੰਭਵ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਸੋਚਣ ਢੰਗ ਤਰਕਸ਼ੀਲ ਬਣਾਈਏ। ਮਹੀਨਿਆਂ ਬੱਧੀ ਗੱਲਬਾਤ ਦੀ ਸਾਂਝ ਰੱਖਣ ਨਾਲ ਮੇਰਾ ਸਧਾਰਨ ਪੇਂਡੂ ਅੰਦੋਲਨਕਾਰੀ ਲੋਕਾਂ ਨਾਲ ਵਿਚਾਰਕ ਮੋਹ ਪੈ ਗਿਆ। ਗੈਰਹਾਜ਼ਰ ਹੋਣ ’ਤੇ ਕਈ ਬਜ਼ੁਰਗ ਉਲਾਂਭਾ ਦਿੰਦੇ ਹਨ ਕਿ ‘ਕੱਲ੍ਹ ਕਿਉਂ ਨੀ ਆਇਆ?’

ਚਾਚੀ ਨੇ ਝੋਲ਼ੇ ਵਿੱਚੋਂ ਕਾਗਜ਼ਾਂ ਦਾ ਥੱਬਾ ਕੱਢ ਕੇ ਮੰਜੇ ਦੇ ਵਿਚਾਲ਼ੇ ਰੱਖ ਦਿੱਤਾ, ਜਿਸ ਵਿੱਚੋਂ ਕਈ ਦਰਖਾਸਤਾਂ ਦੀਆਂ ਨਕਲਾਂ ਦਿਸ ਰਹੀਆਂ ਸਨ। ਲਗਦਾ ਸੀ ਹਾਲੇ ਵੀ ਝੋਲੇ਼ ਵਿੱਚ ਕੁਝ ਹੈ। ਮੈਂ ਝੋਲ਼ੇ ਦੇ ਉਭਾਰ ਨੂੰ ਟੋਹਣ ਲਈ ਹੱਥ ਵਧਾਇਆ ਤਾਂ ਫੁਰਤੀ ਨਾਲ ਝੋਲ਼ੇ ਵਿੱਚੋਂ ਕੁਝ ਬਾਹਰ ਨੂੰ ਖਿੱਚਦੀ ਚਾਚੀ ਨੇ ਕਿਹਾ, “ਇਹ ਤਾਂ ਪੁੱਤ ਫਾਹੇ ਵਾਲ਼ਾ ਰੱਸਾ ਐ, ਇਸੇ ਚੰਦਰੇ ਨਾਲ ਲਮਕ ਕੇ ਜਾਨ ਦੇ ਗਿਆ ...।” ਇੱਕ ਦਮ ਮੇਰੇ ਦੋਨੇ ਹੱਥ ਝੋਲ਼ੇ ਉੱਤੇ ਜਾ ਟਿਕੇ ਤੇ ਮੂੰਹੋਂ ਨਿਕਲਿਆ, “ਨਾ ਚਾਚੀ ...ਇਹ ਨਾ ਕੱਢੀਂ।”

ਮੇਰੇ ਮੂੰਹ ਪਾਸੇ ਭੁਆਉਣ ਦੇ ਬਾਵਜੂਦ ਵੀ ਮੈਂਨੂੰ ਰੱਸੇ ਦੀ ਅੱਧੀ ਕੁ ਗੁੱਛੀ ਦਿਸ ਹੀ ਗਈ। ਮੇਰੇ ਪੈਰਾਂ ਤੋਂ ਕੰਬਣੀ ਛਿੜੀ ਅਤੇ ਸਿਰ ਵਿੱਚੋਂ ਦੀ ਨਿਕਲ਼ ਗਈ।

“ਇਹ ਕਿਉਂ ਚੱਕੀ ਫਿਰਦੀ ਐਂ ਚਾਚੀ?” ਮੈਥੋਂ ਉੱਚੀ ਦੇਣੇ ਕਿਹਾ ਗਿਆ।

“ਇਹ ਰੱਸਾ ਮੈਂ ਨਾਲ਼ ਤਾਂ ਰੱਖਦੀਆਂ ਵੀ ਕਿਸੇ ਅਫਸਰ ਨੂੰ ਦਿਖਾਉਣਾ ਪੈ ਜਾਂਦਾ। ਚੰਗਾ ਤੂੰ ਆਹ ਫੈਲ ਪੜ੍ਹ ਕੇ ਦੇਖ ...।” ਇਹ ਕਹਿ ਕੇ ਚਾਚੀ ਨੇ ਕਾਗਜ਼ਾਂ ਦੇ ਢੇਰ ਵਿੱਚੋਂ ਇੱਕ ਫਾਈਲ ਚੁੱਕ ਕੇ ਮੇਰੇ ਵੱਲ ਵਧਾਈ। ਫਾਈਲ ਕਵਰ ਦੀਆਂ ਘਸੀਆਂ ਅਤੇ ਮੁੜ ਕੇ ਬੱਤੀਆਂ ਬਣੀਆਂ ਨੁੱਕਰਾਂ ਦੱਸ ਰਹੀਆਂ ਸਨ ਕਿ ਇਹ ਹਜ਼ਾਰਾਂ ਵਾਰ ਝੋਲ਼ੇ ਵਿੱਚੋਂ ਕੱਢੀ, ਪਾਈ ਗਈ ਹੋਵੇਗੀ।

ਮੈਂ ਫਾਈਲ ਫਰੋਲਣ ਲੱਗਿਆ। ਕਈ ਪੰਨਿਆਂ ਤੇ ਮਨੁੱਖੀ ਸਰੀਰ ਦੇ ਆਕਾਰ ਵਾਹੇ ਹੋਏ ਸਨ, ਜਿਨ੍ਹਾਂ ਦੇ ਗਲੇ ’ਤੇ ਨਿਸ਼ਾਨ ਲਾਏ ਹੋਏ ਸਨ। ਸ਼ਾਇਦ ਇਹ ਪੋਸਟਮਾਰਟਮ ਰਿਪੋਰਟ ਸੀ। ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਅਤੇ ਅੱਖਰ ਧੁੰਦਲੇ ਹੋ ਗਏ। ਕੁਝ ਵੀ ਪੜ੍ਹਿਆ ਨਹੀਂ ਸੀ ਜਾ ਰਿਹਾ। ਐਵੇਂ ਹੀ ਮੈਂ ਕਈ ਪੰਨੇ ਪਲਟਦਾ ਰਿਹਾ। ਹੰਝੂ ਕਾਗਜ਼ਾਂ ਉੱਤੇ ਨਾ ਡਿਗ ਪੈਣ, ਇਸ ਲਈ ਕਾਫੀ ਚਿਰ ਮੈਂ ਅੱਖਾਂ ਫਰਕਣ ਤੋਂ ਰੋਕੀ ਰੱਖੀਆਂ। ਮੈਂ ਅੰਦਰੋਂ ਡਰ ਗਿਆ ਕਿ ਜੇ ਚਾਚੀ ਨੂੰ ਪਤਾ ਲੱਗ ਗਿਆ ਤਾਂ ਕਹੇਗੀ, ਤੂੰ ਜਵਾਨ ਹੋ ਕੇ ਦਿਲ ਛੋਟਾ ਕਰ ਗਿਐਂ, ਮੇਰੇ ਵੱਲ ਦੇਖ, ਮੈਂ ਵਿਧਵਾ ਤੀਵੀਂ ਘਰ ਦੀ ਕਬੀਲਦਾਰੀ ਵੀ ਤੋਰਦੀ ਆਂ, ਨਾਲੇ ਸਰਕਾਰ ਨਾਲ ਵੀ ਲੜਾਈ ਲੜਦੀ ਆਂ। ਮੈਂ ਝੂਠਾ ਹੌਸਲਾ ਦਿਖਾਉਂਦੇ ਹੋਏ ਕਿਹਾ, “ਲੈ ਫੜ ਚਾਚੀ, ਪਾ ਕਾਗਜ਼ ਝੋਲ਼ੇ ਵਿੱਚ। ਪੜ੍ਹ ਲਏ ਸਾਰੇ। ਹੁਣ ਕਿਸਾਨ ਯੂਨੀਅਨ ਵਾਲੇ ਕੀ ਕਹਿੰਦੇ ਐ ਇਸ ਕੇਸ ਬਾਰੇ?”

ਕਾਗ਼ਜਾਂ ਨੂੰ ਝੋਲੇ਼ ਵਿੱਚ ਸਮੇਟਦੀ ਚਾਚੀ ਨੇ ਕਿਹਾ, “ਆਹ ਜਿਹੜਾ ਆਪਣੇ ਗੁਵਾਂਢੀ ਪਿੰਡ ਵਾਲ਼ਾ ਯੂਨੀਅਰ ਦਾ ਜ਼ਿਲ੍ਹੇ ਦਾ ਵੱਡਾ ਪ੍ਰਧਾਨ ਐ, ਉਹਦੇ ਪਿੰਡ ਦੋ ਵਾਰੀ ਜਾ ਆਈ ਆਂ ਮੈਂ। ਕਹਿੰਦਾ, ਤੁਸੀਂ ਫਾਹੇ ਲਮਕਦੇ ਦੀ ਫੋਟੋ ਕਿਉਂ ਨੀ ਖਿੱਚੀ? ਭਲਾ ਪੁੱਤ ਤੂੰ ਈ ਦੱਸ ਵੀ ਅਹੇ ਜੇ ਵਕਤ ਫੋਟੋਆਂ ਕਿਸ ਨੂੰ ਸੁੱਝਦੀਆਂ? ਟੱਬਰ ਦੇ ਤਾਂ ਊਂਈਂ ਸਾਨ ਮਾਰੇ ਜਾਂਦੇ ਐ। ... ਲਾ ਆਪਣੀ ਮੰਡੀ ਤੋਂ ਬਠਿੰਡੇ ਤਾਈਂ ਕਿਹੜਾ ਸਰਕਾਰੂ ਦਫਤਰ ਆ ਜਿਹੜੇ ਵਿੱਚ ਮੈਂ ਫਰਿਆਦ ਲੈ ਕੇ ਨਾ ਗਈ ਹੋਵਾਂ। ਢੈ ਜਾਣਾ ਕੋਈ ਗੱਲ ਈ ਨੀ ਸੁਣਦਾ। ਇੱਕ ਅਫਸਰ ਦੇ ਲੀਡਰ ਨੇ ਤਾਂ ਫੈਲ ਵਗਾਹ ਕੇ ਮਾਰੀ। ਕਹਿੰਦਾ, ਤੇਰਾ ਮਾਫੀ ਦਾ ਕੇਸ ਪਾਸ ਨੀ ਹੋ ਸਕਦਾ। - ਸੱਚੀ ਗੱਲ ਐ, ਫਿਰ ਮੈਥੋਂ ਵੀ ਕਿਹਾ ਗਿਆ- ਵੇਹਲੜੋ ,ਜਿਹੜੇ ਤੁਸੀਂ ਖਾ ਖਾ ਢਿੱਡ ਵਧਾਏ ਐ, ਇਹ ਲੱਖਾਂ ਮਣਾ ਅੰਨ ਅਸੀਂ ਹੀ ਪੈਦਾ ਕੀਤਾ ਹੈ। ਸਾਨੂੰ ਤਾਂ ਰੱਜ ਕੇ ਖਾਣਾ, ਹੰਡਾਉਣਾ ਨਸੀਬ ਨੀ ਹੋਇਆ, ਠੱਗੋ, ਸਭ ਤੁਸੀਂ ਹੜੱਪ’ਗੇ। ਜੇ ਚਾਰ ਪੈਸੇ ਰਿਐਤ ਕਰ ਦਿਉਂਗੇ, ਕੀ ਗੋਲ਼ੀ ਵਜਦੀ ਐ ਸੋਡੇ।”

“ਚੰਗਾ ਚਾਚੀ, ਮੈਂ ਕਰੁੰਗਾ ਪਤਾ, ਸੋਡੇ ਮੁੰਡੇ ਨੂੰ ਭੇਜੀ ਮੇਰੇ ਨਾਲ।”

“ਨਾ ਭਾਈ, ਮੁੰਡੇ ਨੂੰ ਤਾਂ ਮੈਂ ਸ਼ਹਿਰ ਦਾ ਸੁੰਹਾ ਈ ਨੀ ਕਰਾਇਆ, ਵੀ ਆਪਣੇ ਪਿਉ ਵਾਂਗ ਬੈਂਕਾਂ ਕਰਜਿਆਂ ਦੇ ਜਾਲ਼ ਵਿੱਚ ਨਾ ਫਸ ’ਜੇ। ਉਹ ਤਾਂ ਵਿਚਾਰਾ ਸਾਈਂ ਲੋਕ ਦਿਨ ਰਾਤ ਖੇਤ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਐ। ਕਹਿ ਦੂੰਗੀ ,ਤੇਰੇ ਕੋਲ਼ੇ ਤਾਂ ਭਾਵੇਂ ਆ ਜੇ।” ਕਹਿ ਝੋਲ਼ਾ ਚੱਕ ਚਾਚੀ ਤੁਰ ਪਈ।

ਚਾਚੀ ਦਾ ਹੌਸਲਾ ਅਤੇ ਦ੍ਰਿੜ੍ਹਤਾ ਦੇਖ ਕੇ ਮੈਂਨੂੰ ਜਾਪਿਆ ਜਿਵੇਂ ਚਾਚੀ ਕਿਸੇ ਜੰਗ ਲੜਦੀ ਫੌਜ ਦੀ ਜਰਨੈਲ ਹੋਵੇ ਅਤੇ ਅਸੀਂ ਸਾਰੇ ਮੈਦਾਨੇ ਜੰਗ ਵਿੱਚੋਂ ਪਿੱਠ ਦਿਖਾ ਕੇ ਭਗੌੜੇ ਹੋਏ ਸਿਪਾਹੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3126)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਹਰਦੀਪ ਚਿੱਤਰਕਾਰ

ਹਰਦੀਪ ਚਿੱਤਰਕਾਰ

Phone: (91 - 94176 - 81880)
Email: (artisthardeepsingh@gmail.com)