ArunMittra7ਇਸ ਲਈ ਅੱਜ ਦੇਸ਼ ਦੇ ਲੋਕਾਂ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ...
(22 ਜਨਵਰੀ 2024)
ਇਸ ਸਮੇਂ ਪਾਠਕ: 270.


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (22 ਜਨਵਰੀ) ਰਾਮ ਮੰਦਰ ਦਾ ਉਦਘਾਟਨ ਕਰਨਾ ਹੈ ਅਤੇ
ਪ੍ਰਾਣ ਪ੍ਰਤਿਸ਼ਠਾਨ’ ਕਰਨਾ ਹੈ, ਮਤਲਬ ਕਿ ਰਾਮ ਲੱਲਾ ਵਿੱਚ ਜਾਨ ਪਾਉਣੀ ਹੈ। ਅੱਜ ਅੱਧੇ ਦਿਨ ਦੀ ਛੁੱਟੀ ਕੀਤੀ ਜਾਣੀ ਹੈ। ਇਹ ਛੁੱਟੀ ਢਾਈ ਵਜੇ ਤੱਕ ਰਹੇਗੀ। ਧਾਰਮਿਕ ਦਿਨਾਂ ’ਤੇ ਛੁੱਟੀਆਂ ਸਾਡੇ ਦੇਸ਼ ਵਿੱਚ ਹੁੰਦੀਆਂ ਹਨ; ਜਿਵੇਂ ਕਿ ਦਿਵਾਲੀ, ਦੁਸਹਿਰਾ, ਈਦ, ਗੁਰਪੁਰਬ, ਕ੍ਰਿਸਮਸ ਆਦਿ। ਲੇਕਿਨ ਕਿਸੇ ਮੰਦਰ ਦੇ ਉਦਘਾਟਨ ’ਤੇ ਛੁੱਟੀ ਹੋਈ ਹੋਏ, ਇੰਜ ਕਦੇ ਨਹੀਂ ਹੋਇਆ। ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਹੈ ਕਿ “ਅਸੀਂ ਭਾਰਤ ਦੇ ਲੋਕ ਦ੍ਰਿੜ ਸੰਕਲਪ ਹੋ ਕੇ ਭਾਰਤ ਨੂੰ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਇਸ ਦੇ ਸਾਰੇ ਨਾਗਰਿਕਾਂ ਲਈ ਸਮਾਜਿਕ ਅਤੇ ਆਰਥਿਕ ਰਾਜਨੀਤਿਕ ਨਿਆਂ, ਸੋਚਣ, ਵਿਚਾਰਾਂ ਦੇ ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਸੁਤੰਤਰਤਾ, ਰੁਤਬੇ ਅਤੇ ਮੌਕਿਆਂ ਦੀ ਸਮਾਨਤਾ ਨੂੰ ਪ੍ਰਾਪਤ ਕਰਵਾਉਣ ਲਈ ਅਤੇ ਉਹਨਾਂ ਸਾਰਿਆਂ ਵਿੱਚ ਵਿਅਕਤੀਗਤ ਗੌਰਵ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਵਾਲੇ ਭਾਈਚਾਰੇ ਨੂੰ ਉਤਸ਼ਾਹਤ ਕਰਨ ਲਈ ਆਪਣੀ ਸੰਵਿਧਾਨ ਸਭਾ ਵਿੱਚ ਅੱਜ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਗ੍ਰਹਿਣ, ਅਧੀਨਿਯਮਿਤ ਅਤੇ ਆਤਮ ਸਮਰਪਿਤ ਕਰਦੇ ਹਾਂ।”

ਇਸ ਮੁਤਾਬਕ ਸਾਡਾ ਦੇਸ਼ ਇੰਨੇ ਸਾਲ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਅੱਗੇ ਵਧਿਆ ਜਿਸ ਕਾਰਨ ਸਮਾਜਿਕ ਭਾਈਚਾਰਾ ਬਾਵਜੂਦ ਕਈ ਔਕੜਾਂ ਦੇ ਕਾਇਮ ਰਿਹਾ ਤੇ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ’ਤੇ ਮੁਲਕ ਨੂੰ ਅੱਗੇ ਚਲਾਇਆ ਗਿਆ।

ਜਾਂਦੇ ਹੋਏ ਬਰਤਾਨਵੀ ਸਾਮਰਾਜੀ ਦੇਸ਼ ਦੀ ਦੋ ਭਾਗਾਂ ਵਿੱਚ ਵੰਡ ਕਰ ਗਏ। ਪਾਕਿਸਤਾਨ ਇਸਲਾਮ ’ਤੇ ਅਧਾਰਤ ਦੇਸ਼ ਬਣਿਆ। ਪਰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਭਗਤ ਸਿੰਘ, ਸੁਭਾਸ਼ ਅੰਦਰ ਬੋਸ ਅਤੇ ਕਮਿਊਨਿਸਟਾਂ ਦੀ ਸੋਚ ਦੇ ਕਾਰਨ ਭਾਰਤ ਇੱਕ ਧਰਮ ਨਿਰਪੱਖ ਦੇਸ਼ ਬਣਿਆ। ਇਹ ਹੀ ਭਾਰਤ ਦੀ ਪਰਿਭਾਸ਼ਾ ਤੇ ਪਹਿਚਾਣ ਬਣੀ. ਜੋ ਕਿ ਦੁਨੀਆ ਵਿੱਚ ਨਿਵੇਕਲੀ ਸੀ। ਪਰ ਅੱਜ ਇਸ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਹੈ। ਸੱਤਾ ਵਿੱਚ ਬੈਠੀ ਭਾਜਪਾ ਦੀ ਸਰਕਾਰ ਜੋ ਕਿ ਆਰ ਐਸ ਐਸ ਦੀ ਥਾਪੀ ਹੋਈ ਹੈ, ਸ਼ੁਰੂ ਤੋਂ ਹੀ ਹਿੰਦੂ ਰਾਸ਼ਟਰ ਦੀ ਮੁਦਈ ਰਹੀ ਹੈ। ਸੰਵਿਧਾਨ ਸਭਾ ਘੜਨ ਵੇਲੇ ਵੀ ਇਹਨਾਂ ਨੇ ਅਨੇਕਾਂ ਅੜਚਨਾਂ ਪਾਈਆਂ। ਆਜ਼ਾਦੀ ਦੇ ਸੰਘਰਸ਼ ਵਿੱਚ ਇਹਨਾਂ ਨੇ ਬਰਤਾਨਵੀ ਸਾਮਰਾਜੀਆਂ ਦਾ ਸਾਥ ਦਿੱਤਾ। ਪਰ ਉਂਝ ਇਹਨਾਂ ਨੇ ਮੁਸਲਿਮ ਲੀਗ ਨਾਲ ਮਿਲ ਕੇ ਬੰਗਾਲ ਵਿੱਚ ਸਰਕਾਰ ਵੀ ਬਣਾਈ। ਇਹਨਾਂ ਦੀ ਸੋਚ ਹਮੇਸ਼ਾ ਹੀ ਆਪਣੇ ਤੋਂ ਕਮਜ਼ੋਰ ਵਰਗ, ਜਾਤੀ ਜਾਂ ਧਰਮ ਦੇ ਲੋਕਾਂ ਦੇ ਵਿਰੁੱਧ ਰਹੀ।

1992 ਵਿੱਚ ਅਡਵਾਨੀ ਵੱਲੋਂ ਚਲਾਈ ਗਈ ਰੱਥ ਯਾਤਰਾ ਉਪਰੰਤ ਅਯੋਧਿਆ ਵਿੱਚ ਮਸਜਿਦ ਨੂੰ ਸਾਜਸ਼ੀ ਢੰਗ ਦੇ ਨਾਲ ਕਾਰ ਸੇਵਕਾਂ ਦੇ ਹਜੂਮ ਨੂੰ ਅੱਗੇ ਲਾ ਕੇ ਢਾਹਿਆ ਗਿਆ। ਇਹ ਉਸ ਨੂੰ ਮਸਜਿਦ ਨਾ ਆਖਕੇ ਢਾਂਚਾ ਹੀ ਆਖਦੇ ਹਨ ਤਾਂ ਜੋ ਮਸਜਿਦ ਤੋੜਣ ਦਾ ਦੋਸ਼ ਇਹਨਾਂ ਉਪਰ ਨਾ ਆਵੇ।

ਉਪਰੰਤ ਇਹ ਵਾਰ ਵਾਰ ਕੋਸ਼ਿਸ਼ ਕਰਦੇ ਰਹੇ ਕਿ ਸੱਤਾ ਵਿੱਚ ਆਉਣ, ਤੇ ਅਖੀਰ 2014 ਵਿੱਚ ਲੋਕਾਂ ਨੂੰ ਵਰਗਲਾਕੇ ਵਿਕਾਸ ਦੇ ਨਾਅਰੇ ਦੇ ਕੇ, ਕਾਂਗਰਸ ’ਤੇ ਜੋ ਕਿ ਉਸ ਵੇਲੇ ਰਾਜ ਕਰਦੀ ਸੀ, ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਤੇ ਮੀਡੀਆ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਕਾਰਪੋਰੇਟ ਮੀਡੀਆ ਦੇ ਰਾਹੀਂ ਲਗਾਤਾਰ ਪ੍ਰਚਾਰ ਕਰਕੇ ਸੱਤਾ ਵਿੱਚ ਆਉਣ ਦਾ ਰਾਹ ਬਣਾਇਆ। ਮੋਦੀ ਨੂੰ ਇਸ ਤਰੀਕੇ ਨਾਲ ਦਿਖਾਇਆ ਕਿ ਇਸਨੇ ਗੁਜਰਾਤ ਦਾ ਬਹੁਤ ਵਿਕਾਸ ਕੀਤਾ ਹੈ, ਹਾਲਾਂਕਿ ਵਿਕਾਸ ਦੇ ਸੂਚਕ ਅੰਕ ਗੁਜਰਾਤ ਦੇ ਦੂਜੇ ਬਹੁਤ ਸਾਰੇ ਸੂਬਿਆਂ ਨਾਲੋਂ ਕਿਤੇ ਪਿੱਛੇ ਹਨ। ਪਰ ਲਗਾਤਾਰ ਕਾਰਪੋਰੇਟ ਮੀਡੀਆ ਰਾਹੀਂ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਇਆ ਗਿਆ। ਝੂਠ ਦਰ ਝੂਠ ਬੋਲਿਆ ਗਿਆ ਕਿ 15 ਲੱਖ ਰੁਪਏ ਹਰ ਵਿਅਕਤੀ ਦੀ ਜੇਬ ਵਿੱਚ ਆਉਣਗੇ, ਦੋ ਕਰੋੜ ਨੌਕਰੀਆਂ ਹਰ ਸਾਲ ਦਿਆਂਗੇ, ਕਿਸਾਨਾਂ ਦੀ ਆਮਦਨ 2022 ਤੱਕ ਦੁਗਣੀ ਹੋ ਜਾਏਗੀ, ਵਗੈਰਾ ਵਗੈਰਾ। ਪਰ 2019 ਵਿੱਚ ਜਦੋਂ ਇਹਨਾਂ ਨੂੰ ਲੱਗਿਆ ਕਿ ਵਿਕਾਸ ਦਾ ਝੂਠਾ ਨਾਅਰਾ ਕੋਈ ਕੰਮ ਨਹੀਂ ਕਰ ਰਿਹਾ ਤਾਂ ਪੁਲਵਾਮਾ ਦੀ ਘਟਨਾ ਨੂੰ ਵਰਤ ਕੇ, ਅੰਨ੍ਹਾ ਰਾਸ਼ਟਰਵਾਦ ਪੈਦਾ ਕਰਕੇ, ਚੋਣਾਂ ਵਿੱਚ ਫੇਰ ਜਿੱਤ ਪ੍ਰਾਪਤ ਕੀਤੀ। ਦੂਜੀ ਵਾਰ ਜਿੱਤਣ ਉਪਰੰਤ ਇਹਨਾਂ ਨੇ ਨੰਗਾ ਚਿੱਟਾ ਫਿਰਕਾ ਪ੍ਰਸਤੀ ਦਾ ਨਾਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਆਮ ਕਹਿਣੀਆਂ ਸ਼ੁਰੂ ਕਰ ਦਿੱਤੀਆਂ।

2024 ਦੀਆਂ ਚੋਣਾਂ ਵਿੱਚ ਜਦੋਂ ਹੋਰ ਕੋਈ ਵਿਕਾਸ ਦਾ ਜਾਂ ਆਰਥਿਕ ਮਾਡਲ ਦਾ ਮੁੱਦਾ ਨਹੀਂ ਹੈ ਤਾਂ ਹੁਣ ਇਹ ਰਾਮ ਮੰਦਰ ਦਾ ਮੁੱਦਾ ਬਣਾ ਕੇ ਲੋਕਾਂ ਵਿੱਚ ਵੋਟਾਂ ਮੰਗਣ ਲਈ ਜਾਣਗੇ। ਇਹਨਾਂ ਦਾ ਅਸਲੀ ਅਮਲ ਤਾਂ ਹਿੰਦੂਰਾਸ਼ਟਰ ਦੀ ਸਥਾਪਨਾ ਕਰਨਾ ਹੈ ਜਿਸ ਵਿੱਚ ਮਨੂਵਾਦ ਜਾਂ ਜਾਤ ਪਾਤ ਦੇ ਹਿਸਾਬ ਨਾਲ, ਜਿਸ ਨੂੰ ਉੱਚੀ ਜਾਤੀ ਕਿਹਾ ਜਾਂਦਾ ਹੈ, ਉਹਨਾਂ ਦਾ ਗਲਬਾ ਹੋਏਗਾ। ਘੱਟ ਗਿਣਤੀਆਂ ਨੂੰ ਪੂਰੀ ਤਰ੍ਹਾਂ ਦਰ ਕਿਨਾਰ ਕੀਤਾ ਜਾ ਰਿਹਾ ਹੈ। ਕਿਸਾਨ ਹੋਣ, ਮਜ਼ਦੂਰ, ਵਿਦਿਆਰਥੀ ਜਾਂ ਨੌਜਵਾਨ, ਸਭ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਹੈ। ਸਿੱਖਿਆ ਅਤੇ ਸਿਹਤ ਦੇ ਮਸਲਿਆਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਇਸ ਕਠਿਨ ਪ੍ਰਸਥਿਤੀ ਦੇ ਵਿੱਚ ਰਾਮ ਦੇ ਨਾਮ ’ਤੇ ਉਲਝਾਇਆ ਜਾ ਰਿਹਾ ਹੈ। ਮੋਦੀ ਨੂੰ ਤਾਂ ਰੱਬ ਦਾ ਦਰਜਾ ਦੇ ਕੇ ਮੋਦੀ ਵੱਲੋਂ ਪ੍ਰਾਣ ਪ੍ਰਤਿਸ਼ਠਾਨ ਹੋਏਗਾ। ਰਾਮ ਲੱਲਾ ਦੀ ਮੂਰਤੀ ਦੇ ਵਿੱਚ, ਯਾਨੀ ਕਿ ਨਰਿੰਦਰ ਮੋਦੀ ਰਾਮ ਵਿੱਚ ਜਾਨ ਪਾਉਣਗੇ। ਇਹਨਾਂ ਦਾ ਅਸਲੀ ਮਕਸਦ ਤਾਂ ਧਰਮ ਦਾ ਪੂਰੀ ਤਰ੍ਹਾਂ ਰਾਜਨੀਤੀਕਰਨ ਕਰਕੇ ਵੋਟਾਂ ਬਟੋਰਨੀਆਂ ਹੈ।

ਇਸ ਲਈ ਅੱਜ ਦੇਸ਼ ਦੇ ਲੋਕਾਂ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ਸਮਾਨਤਾ, ਧਰਮ ਨਿਰਪੱਖਤਾ, ਲੋਕਤੰਤਰ ਤੇ ਅਧਾਰਤ ਸੰਵਿਧਾਨ ਲਾਗੂ ਰਹੇਗਾ ਜਾਂ ਫਿਰ ਇਹਨਾਂ ਦਾ ਹਿੰਦੂ ਰਾਸ਼ਟਰ ਦਾ ਸੰਵਿਧਾਨ ਮੜ੍ਹਿਆ ਜਾਏਗਾ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4656)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਅਰੁਣ ਮਿਤਰਾ

ਡਾ. ਅਰੁਣ ਮਿਤਰਾ

Phone: (91 - 94170 - 00360)