“ਮਿਥਿਆ ਪ੍ਰਚਾਰਨ ਦੇ ਹਰ ਕਾਰੇ ਦਾ ਡਟ ਕੇ ਵਿਰੋਧ ਕਰਨਾ ਅਤਿ ਜ਼ਰੂਰੀ ਹੈ। ਵਿਗਿਆਨਕ ਸੂਝ ਮਜ਼ਬੂਤ ਹੋਣ ਨਾਲ ...”
(6 ਜੂਨ 2023)
ਇਸ ਸਮੇਂ ਪਾਠਕ: 291.
ਵਿਗਿਆਨ ਤੋਂ ਮਿੱਥਿਆ ਤਕ

28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਵਾਲੇ ਦਿਨ ਤਿੰਨ ਅਹਿਮ ਘਟਨਾਵਾਂ ਵਾਪਰੀਆਂ। ਇੱਕ ਤਾਂ ਸੰਸਦ ਭਵਨ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਅਤੇ ਉਸ ਉਦਘਾਟਨ ਸਮੇਂ ਸੰਤਾਂ ਨੂੰ ਇਕੱਤਰ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਸ਼ੀਰਵਾਦ ਅਤੇ ਮਾਰਗ ਦਰਸ਼ਨ ਪ੍ਰਾਪਤ ਕੀਤਾ ਗਿਆ। ਦੂਜੀ ਘਟਨਾ, ਸੇਂਗੋਲ ਨੂੰ ਸੰਸਦ ਵਿੱਚ ਪ੍ਰਧਾਨ ਮੰਤਰੀ ਵੱਲੋਂ ਦੰਡਵਤ ਪ੍ਰਣਾਮ ਕਰਕੇ ਸਥਾਪਿਤ ਕੀਤਾ ਗਿਆ। ਪਰ ਸੰਸਦ ਦੇ ਬਾਹਰ ਭਾਰਤੀ ਜਨਤਾ ਪਾਰਟੀ ਦੇ ਐੱਮ ਪੀ ਤੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਵੱਲੋਂ ਯੌਨ ਸ਼ੋਸ਼ਣ ਤੋਂ ਪੀੜਤ ਨਿਆਂ ਮੰਗਦੀਆਂ, ਦੇਸ਼ ਨੂੰ ਕੀਰਤੀਮਾਨ ਦਿਵਾਉਣ ਵਾਲੀਆਂ ਇਸਤਰੀ ਪਹਿਲਵਾਨਾਂ ਨੂੰ ਕੁਟਾਪਾ ਚਾੜ੍ਹਿਆ ਗਿਆ ਤੇ ਉਹਨਾਂ ਨੂੰ ਬੇਰਹਿਮੀ ਨਾਲ ਖਿੱਚ-ਧੂਹ ਕਰਕੇ ਜੰਤਰ ਮੰਤਰ ਤੋਂ ਕੱਢਿਆ ਗਿਆ। ਇਹਨਾਂ ਤਿੰਨੋ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਭਵਿੱਖ ਵਿੱਚ ਸਾਡੇ ਦੇਸ਼ ਅਤੇ ਸਮਾਜ ਦੀ ਸਿਹਤ ’ਤੇ ਬਹੁਤ ਪ੍ਰਭਾਵ ਪਾ ਸਕਦੀਆਂ ਹਨ।
ਪੁਰਾਤਨ ਸਮੇਂ ਵਿੱਚ ਜਦੋਂ ਵਿਗਿਆਨਕ ਸੋਚ ਬਹੁਤ ਨਾਮਾਤਰ ਸੀ ਤਾਂ ਸਮਕਾਲੀ ਸੰਤ-ਮਹਾਤਮਾਵਾਂ ਨੂੰ ਹੀ ਗਿਆਨੀ ਸਮਝਿਆ ਜਾਂਦਾ ਸੀ। ਉਹ ਰਾਜੇ ਦੇ ਮਾਰਗ ਦਰਸ਼ਕ ਹੁੰਦੇ ਸਨ, ਰਾਜ ਤਿਲਕ ਵੇਲੇ ਉੱਥੇ ਮੌਜੂਦ ਹੁੰਦੇ ਸਨ ਤੇ ਨਾਲ ਹੀ ਉਸ ਵੇਲੇ ਰਾਜ ਸੱਤਾ ਦਾ ਆਚਰਣ ਕੀ ਹੋਏ, ਉਸ ਦਾ ਨਿਰਣੇ ਕਰਦੇ ਸਨ। ਸਿੱਖਿਆ ਸਮਾਜ ਦੇ ਇੱਕ ਵਰਗ ਲਈ ਹੀ ਸੀਮਤ ਸੀ, ਇਸ ਲਈ ਦੂਸਰੇ ਕਿਸੇ ਵਰਗ ਜਾਂ ਜਾਤ ਦਾ ਕੋਈ ਵੀ ਵਿਅਕਤੀ ਵਿੱਦਿਆ ਪ੍ਰਾਪਤ ਨਹੀਂ ਸੀ ਕਰ ਸਕਦਾ। ਇਸ ਲਈ ਕੇਵਲ ਸੰਤ-ਮਹਾਤਮਾ ਕੋਲ ਹੀ ਵਿੱਦਿਆ ਸੀ ਅਤੇ ਉਹ ਮਾਰਗ ਦਰਸ਼ਕ ਹੁੰਦੇ ਸਨ।
ਹੁਣ ਸਮਾਂ ਬਦਲ ਚੁੱਕਿਆ ਹੈ। ਵਿਗਿਆਨ ਨੇ ਸਾਨੂੰ ਅੱਗੇ ਵਧਣ ਲਈ ਰਾਹ ਦਿਖਾਇਆ। ਰਾਜਨੀਤਕ ਖੇਤਰ ਵਿੱਚ ਵੀ ਰਾਜਾਸ਼ਾਹੀ ਸਮਾਪਤ ਕਰਕੇ ਦੁਨੀਆਂ ਵਿੱਚ ਲੋਕਤੰਤਰ ਦੀ ਸਥਾਪਨਾ ਹੋਈ ਹੈ। ਇਸ ਸਮੇਂ ’ਤੇ ਸੰਤਾਂ ਨੂੰ ਸੰਸਦ ਵਿੱਚ ਉਦਘਾਟਨ ਵੇਲੇ ਲੈ ਕੇ ਆਉਣਾ ਪੁਰਾਤਨ ਸੋਚ ਦਾ ਪ੍ਰਤੀਕ ਹੈ ਤੇ ਲੋਕਤੰਤਰ ਨੂੰ ਤੱਜ ਕੇ ਰਜਵਾੜਾਸ਼ਾਹੀ ਨੂੰ ਉਭਾਰਨ ਦੀ ਚਾਲ ਹੈ ਤੇ ਲੋਕਾਂ ਦੀ ਆਸਥਾ ਨੂੰ ਵਰਤ ਕੇ ਪਛੜੇਪਨ ਵਿੱਚ ਸੁੱਟਣ ਦੀ ਕੋਝੀ ਸਾਜ਼ਿਸ਼ ਹੈ। ਇਹ ਦੇਸ਼, ਸੰਵਿਧਾਨ ਅਤੇ ਸਮਾਜਿਕ ਏਕਤਾ ਲਈ ਬਹੁਤ ਵੱਡੀ ਚੁਣੌਤੀ ਹੈ, ਧਰਮ ਨਿਰਪੱਖਤਾ ਦੀ ਵਿਚਾਰਧਾਰਾ ਦੇ ਉਲਟ ਹੈ ਤੇ ਗੈਰ ਵਿਗਿਆਨਕ ਵੀ ਹੈ।
ਜਿਸ ਸੇਂਗੋਲ ਦੀ ਗੱਲ ਲਗਾਤਾਰ ਪ੍ਰਚਾਰੀ ਜਾ ਰਹੀ ਹੈ ਤੇ ਝੂਠਾ ਪ੍ਰਚਾਰ ਕਰਕੇ ਉਸ ਗੱਲ ਨੂੰ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ, ਉਹ ਤਾਂ ਤਮਿਲਨਾਡੂ ਦੇ ਵਿੱਚ ਰਾਜਿਆਂ ਨੂੰ ਜਿੱਤ ਪ੍ਰਾਪਤ ਕਰਕੇ ਰਾਜ ਤਿਲਕ ਕਰਨ ਵੇਲੇ ਦਿੱਤਾ ਜਾਂਦਾ ਸੀ। ਜਵਾਹਰ ਲਾਲ ਨਹਿਰੂ ਨੂੰ ਹੋਰ ਅਨੇਕਾਂ ਤੋਹਫਿਆਂ ਦੇ ਨਾਲ ਇਹ ਵੀ ਦਿੱਤਾ ਗਿਆ ਸੀ। ਉਸ ਵੇਲੇ ਭਾਰਤ ਦੇ ਲੋਕਾਂ ਨੇ ਬਰਤਾਨਵੀ ਸਾਮਰਾਜ ਨੂੰ ਹਰਾ ਕੇ ਅਜ਼ਾਦ ਭਾਰਤ ਵਿੱਚ ਲੋਕਤੰਤਰ ਦੀ ਸਥਾਪਨਾ ਕੀਤੀ ਸੀ। ਪਰ ਨਰਿੰਦਰ ਮੋਦੀ ਨੇ ਕਿਹੜੀ ਜਿੱਤ ਪ੍ਰਾਪਤ ਕੀਤੀ ਹੈ? ਸੇਂਗੋਲ ਦੀ ਉਸਤਤੀ ਕਰਨਾ ਰਜਵਾੜਾਸ਼ਾਹੀ ਦੀ ਮਹਿਮਾ ਕਰਨਾ ਹੈ ਤੇ ਲੋਕਾਂ ਦਾ ਦਿਮਾਗ ਸਾਮੰਤਵਾਦੀ ਯੁਗ ਦੀ ਸੋਚ ਬਣਾਉਣ ਦੀ ਬਹੁਤ ਡੂੰਘੀ ਸਾਜ਼ਿਸ਼ ਹੈ। ਇਸ ਸਾਜ਼ਿਸ਼ ਨੂੰ ਨੰਗੇ ਚਿੱਟੇ ਰੂਪ ਵਿੱਚ ਸਾਬਤ ਵੀ ਉਸੇ ਦਿਨ ਹੀ ਕਰ ਦਿੱਤਾ ਗਿਆ ਜਦੋਂ ਕਿ ਨਿਆਂ ਮੰਗਦੀਆਂ ਇਸਤਰੀ ਪਹਿਲਵਾਨਾਂ ਦੇ ਨਾਲ ਦੁਰਵਿਹਾਰ ਕੀਤਾ ਗਿਆ।
ਸਾਡੇ ਦੇਸ਼ ਦੀ ਅਜ਼ਾਦੀ ਦੇ ਪਿੱਛੇ ਵਿਗਿਆਨਕ ਸੋਚ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸ਼ਹੀਦ ਭਗਤ ਸਿੰਘ ਦੇ ਇਸ ਬਾਰੇ ਅਨੇਕਾਂ ਕਥਨ ਮੌਜੂਦ ਹਨ। ਕਮਿਊਨਿਸਟਾਂ ਅਤੇ ਪ੍ਰਗਤੀਸ਼ੀਲ ਲੋਕਾਂ ਨੇ ਅਜ਼ਾਦੀ ਦੇ ਸੰਘਰਸ਼ ਦੌਰਾਨ ਤੇ ਉਸ ਤੋਂ ਬਾਅਦ ਵੀ ਵਿਗਿਆਨਕ ਚੇਤਨਾ ਨੂੰ ਦੇਸ਼ ਅਤੇ ਸਮਾਜ ਦੇ ਵਿਕਾਸ ਦੇ ਅਧਾਰ ਵਜੋਂ ਪ੍ਰਚਾਰਿਆ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵਿਗਿਆਨਕ ਸੋਚ ਉੱਤੇ ਬਹੁਤ ਜ਼ੋਰ ਦਿੱਤਾ।
ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਸੰਸਦ ਭਵਨ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵਿਗਿਆਨ ਦੀਆਂ ਗੱਲਾਂ ਕੀਤੀਆਂ ਤੇ ਕਿਹਾ ਕੇ ਦੇਸ਼ ਦੇ ਵਿਕਾਸ ਲਈ ਵਿਗਿਆਨ ਤੋਂ ਸਾਨੂੰ ਪ੍ਰਕਾਸ਼ ਮਿਲੇਗਾ। ਉਹਨਾਂ ਨੇ ਤਾਂ ਹਮੇਸ਼ਾ ਵਿਗਿਆਨਕ ਉਪਲਬਧੀਆਂ ਨੂੰ ਹੀ ਮੰਦਰ, ਗੁਰਦੁਆਰੇ, ਮਸਜਿਦਾਂ ਜਾਂ ਗਿਰਜੇ ਦੀ ਸੰਗਿਆ ਦਿੱਤੀ। ਵਿਗਿਆਨ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੋਣਾ ਚਾਹੀਦਾ ਹੈ। ਵਿਗਿਆਨ ਨੇ ਰਵਾਇਤੀ ਵਿਸ਼ਵਾਸਾਂ ਨੂੰ ਤੱਥਾਂ ਦੇ ਅਧਾਰ ’ਤੇ ਇੱਕ ਨਵੀਂ ਰੋਸ਼ਨੀ ਵਿੱਚ ਵੇਖਣਾ ਸੰਭਵ ਬਣਾਇਆ ਹੈ। ਜੋ ਗੱਲਾਂ ਵਿਗਿਆਨਕ ਸੋਚ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਜਿਸ ਨਾਲ ਭਾਰਤੀ ਸਮਾਜ ਦਾ ਸਰਵਪੱਖੀ ਅਤੇ ਸ਼ਾਂਤੀਪੂਰਨ ਵਿਕਾਸ ਰੁਕਦਾ ਹੈ, ਨੂੰ ਦੂਰ ਕਰਨ ਲਈ ਗੰਭੀਰ ਯਤਨ ਕਰਨੇ ਚਾਹੀਦੇ ਹਨ। ਇਸ ਲਈ ਸਾਡੇ ਸੰਵਿਧਾਨ ਵਿੱਚ ਧਰਮ ਨੂੰ ਰਾਜ ਸੱਤਾ ਤੋਂ ਦੂਰ ਰਹਿਣ ਦੀ ਸਪਸ਼ਟਤਾ ਹੈ ਜਿਸ ਕਰਕੇ ਭਾਰਤ ਇੱਕ ਧਰਮ ਨਿਰਪੱਖ ਦੇ ਲੋਕਤੰਤਰਿਕ ਦੇਸ਼ ਬਣਿਆ।
ਸਾਡੇ ਸੁਤੰਤਰਤਾ ਸੰਗਰਾਮੀਆਂ ਅਤੇ ਆਜ਼ਾਦੀ ਉਪਰੰਤ ਦੇਸ਼ ਦੇ ਰਾਜਨੇਤਾਵਾਂ ਵਿੱਚੋਂ ਇੱਕ ਵੱਡੇ ਹਿੱਸੇ ਨੇ ਇਹ ਮਹਿਸੂਸ ਕੀਤਾ ਕਿ ਸਮਾਜਿਕ ਅਤੇ ਆਰਥਿਕ ਪਛੜੇਪਣ, ਅੰਧਵਿਸ਼ਵਾਸ ਅਤੇ ਰਵਾਇਤੀ ਰਹਿਣ-ਸਹਿਣ ਦੇ ਤਰੀਕੇ, ਜਿਸ ਵਿੱਚ ਦੇਸ਼ ਘਿਰਿਆ ਹੋਇਆ ਸੀ, ਦੀ ਜਕੜ ਵਿੱਚੋਂ ਕੱਢਣ ਲਈ ਦੇਸ਼ ਵਿੱਚ ਇੱਕ ਮਜ਼ਬੂਤ ਵਿਗਿਆਨ ਅਤੇ ਤਕਨਾਲੋਜੀ ਦਾ ਅਧਾਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।
ਮਨੁੱਖੀ ਜੀਵਨ ਨੂੰ ਵਿਗਿਆਨਕ ਢੰਗ ਅਤੇ ਪਹੁੰਚ ਹੀ ਬਦਲ ਸਕਦੀ ਹੈ। ਰਾਸ਼ਟਰ ਨਿਰਮਾਣ ਵਿੱਚ ਵਿਗਿਆਨ ਦੀ ਭੂਮਿਕਾ ਦੀ ਸੋਚ 04 ਮਾਰਚ 1958 ਨੂੰ ਭਾਰਤੀ ਸੰਸਦ ਦੁਆਰਾ ਅਪਣਾਈ ਗਈ ਵਿਗਿਆਨਕ ਨੀਤੀ ਵਿੱਚ ਝਲਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤਰਕਸ਼ੀਲ ਤੇ ਵਿਗਿਆਨਕ ਸੋਚ ਵਿਕਸਿਤ ਕੀਤੀ ਜਾਵੇ। ਪਰ ਇਹ ਕੋਈ ਜ਼ਰੂਰੀ ਨਹੀਂ ਕਿ ਕੇਵਲ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਹੀ ਲੋਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਸੋਚ ਵਿਕਸਿਤ ਹੋਏਗੀ। ਇਸ ਲਈ ਇਹ ਜ਼ਰੂਰੀ ਹੈ ਕਿ ਸਮਾਜਿਕ ਚੇਤਨਾ ਇਸ ਪੱਧਰ ’ਤੇ ਲਿਆਂਦੀ ਜਾਵੇ ਕਿ ਵਿਅਕਤੀ ਠੀਕ ਗਲਤ ਦਾ ਫੈਸਲਾ ਆਪ ਕਰ ਸਕੇ ਤੇ ਤਰਕ ਦੇ ਨਾਲ ਕਿਸੇ ਗੱਲ ਨੂੰ ਮੰਨਣਾ ਹੈ ਜਾਂ ਨਹੀਂ, ਦਾ ਨਿਰਣਾ ਲੈ ਸਕੇ। ਕੇਵਲ ਇਸ ਲਈ ਕਿਸੇ ਗੱਲ ਨੂੰ ਸਵੀਕਾਰ ਕਰ ਲੈਣਾ ਕਿ ਉਹ ਕੋਈ ਪਰੰਪਰਾ ਹੈ, ਵਿਗਿਆਨਕ ਸੋਚ ਦੇ ਉਲਟ ਹੈ।
ਇਸ ਵਿਗਿਆਨਕ ਸੋਚ ਨੂੰ ਵਿਕਸਤ ਕਰਨ ਦੇ ਸੰਦਰਭ ਵਿੱਚ ਅਨੇਕਾਂ ਕੋਸ਼ਿਸ਼ਾਂ ਹੋਈਆਂ। ਅਨੇਕਾਂ ਗੈਰ ਸਰਕਾਰੀ ਸੰਸਥਾਵਾਂ ਨੇ ਲੋਕ ਚੇਤਨਾ ਪੈਦਾ ਕਰਨ ਦੇ ਉਪਰਾਲੇ ਕੀਤੇ। ਸਰਕਾਰ ਵੱਲੋਂ ਵੀ ਅਨੇਕਾਂ ਥਾਂਵਾਂ ’ਤੇ ਇਸ ਕਿਸਮ ਦੇ ਉਪਰਾਲਿਆਂ ਨੂੰ ਸਹਿਮਤੀ ਦਿੱਤੀ ਗਈ।
ਪਰ ਹੁਣ ਸਮਾਂ ਬਦਲ ਚੁੱਕਿਆ ਹੈ। ਸੱਤਾ ਵਿੱਚ ਬੈਠੇ ਲੋਕ ਰੂੜ੍ਹੀਵਾਦੀ ਸੋਚ ਦੇ ਧਾਰਨੀ ਹਨ ਤੇ ਵਿਗਿਆਨਕ ਸੋਚ ਤਾਂ ਕੀ ਵਿਕਸਿਤ ਕਰਨੀ ਹੈ, ਇਹ ਤਾਂ ਲੋਕਾਂ ਦੀ ਸੋਚ ਦੀ ਸ਼ਕਤੀ ਨੂੰ ਖੁੰਢਾ ਕਰਕੇ ਆਪਣੇ ਮਨਸੂਬਿਆਂ ਦੇ ਮੁਤਾਬਕ ਢਾਲਣਾ ਚਾਹੁੰਦੇ ਹਨ। ਕਿਉਂਕਿ ਇਨ੍ਹਾਂ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਕੋਈ ਭੂਮਿਕਾ ਨਹੀਂ ਰਹੀ, ਇਸ ਲਈ ਇਨ੍ਹਾਂ ਨੂੰ ਦੇਸ਼ ਨਾਲ ਕੋਈ ਮਤਲਬ ਹੀ ਪਤਾ ਨਹੀਂ ਹੈ। ਇਸ ਲਈ ਇਹ ਦੇਸ਼ ਨੂੰ ਪੁਰਾਤਨ ਸਮਿਆਂ ਵਿੱਚ ਤੇ ਸਮਾਜ ਨੂੰ ਕੇਵਲ ਰੂੜ੍ਹੀਵਾਦ ਤੇ ਸਮਾਂ ਵਿਹਾ ਚੁੱਕੇ ਰੀਤੀ ਰਿਵਾਜਾਂ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਹਨ ਤੇ ਇਸ ਲਈ ਇਨ੍ਹਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਰੀਤੀ ਰਿਵਾਜਾਂ ਨੂੰ ਟੈਲੀਵਿਜ਼ਨ ਦੇ ਰਾਹੀਂ ਪ੍ਰਚਾਰ ਕਰਕੇ ਬੜੇ ਢੰਗ ਨਾਲ ਪਰਚਾਰਿਆ ਗਿਆ। ਦੂਜੇ ਧਰਮਾਂ ਪ੍ਰਤੀ ਨਫਰਤ ਨੂੰ ਫੈਲਾਇਆ ਗਿਆ। ਹਿੰਦੂ ਸਮਾਜ ਦੇ ਅੰਦਰ ਵੀ ਦਲਿਤ ਵਰਗ ਨੂੰ ਕੇਵਲ ਵਰਤਿਆ ਜਾ ਰਿਹਾ ਹੈ। ਇਹ ਅੰਬੇਦਕਰ ਤੋਂ ਨਫਰਤ ਕਰਦੇ ਹਨ ਪਰ ਉਸ ਨੂੰ ਵਰਤਦੇ ਹਨ। ਗਾਂਧੀ ਦੇ ਪਿਆਰ ਮੁਹੱਬਤ ਵਾਲੇ ਸੁਨੇਹਿਆਂ ਨੂੰ ਤਜ ਕੇ ਨਫ਼ਰਤ ਅਤੇ ਹਿੰਸਾ ਦੀਆਂ ਗੱਲਾਂ ਵਿੱਚ ਵਿਸ਼ਵਾਸ ਰੱਖਦੇ ਹਨ। ਇਨ੍ਹਾਂ ਦੇ ਵਿਚਾਰਕ ਸਾਵਰਕਰ ਨੇ ਤਾਂ ਗਾਂਧੀ ਦੇ ਇਨਸਾਨੀਅਤ ਦੇ ਵਿਚਾਰਾਂ ਨੂੰ ਨਪੁੰਸਕਤਾ ਵਾਲੇ ਵਿਚਾਰ ਤਕ ਆਖ ਦਿੱਤਾ ਸੀ।
ਇਨ੍ਹਾਂ ਦੇ ਖੋਖਲੇਪਨ ਦਾ ਉਦੋਂ ਪਤਾ ਲੱਗਿਆ ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਕਿਹਾ ਸੀ ਕਿ ਪੁਰਾਤਨ ਸਮੇਂ ਵਿੱਚ ਭਾਰਤ ਕੋਲ ਉਡਣ-ਖਟੋਲੇ ਹੋਇਆ ਕਰਦੇ ਸਨ ਅਤੇ ਭਾਰਤ ਕੋਲ ਸਰਜਰੀ ਇੰਨੀ ਵਿਕਸਿਤ ਸੀ ਕਿ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ ਉੱਤੇ ਲਗਾ ਸਕਦੇ ਸੀ। ਰਾਜਸਥਾਨ ਹਾਈ ਕੋਰਟ ਦੇ ਇੱਕ ਜੱਜ ਨੇ ਕਿਹਾ, ਮੋਰਨੀ ਜਦੋਂ ਮੋਰ ਦੇ ਹੰਝੂ ਪੀਂਦੀ ਹੈ ਤਾਂ ਉਸਦੇ ਬੱਚੇ ਪੈਦਾ ਹੁੰਦੇ ਹਨ। ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਨਾਗੇਸਵਰ ਰਾਓ ਨੇ ਕਿਹਾ ਕਿ ਦੇਸ਼ ਵਿੱਚ ਸਟੈੱਮ ਸੈੱਲ ਵਿਧੀ ਇੰਨੀ ਵਿਕਸਿਤ ਸੀ ਕਿ ਭਾਰਤ ਵਿੱਚ ਸਟੈਮ ਸੈੱਲ ਦੇ ਦੁਆਰਾ ਕੌਰਵਾਂ ਦੇ 100 ਬੱਚੇ ਪੈਦਾ ਕੀਤੇ ਜਾ ਸਕੇ।
ਜਦੋਂ ਕਰੋਨਾ ਸ਼ੁਰੂ ਹੋਇਆ ਤਾਂ ਮਹਾਂਭਾਰਤ ਦਾ ਹਵਾਲਾ ਦਿੰਦੇ ਹੋਏ ਨਰੇਂਦਰ ਮੋਦੀ ਨੇ ਕਿਹਾ ਕਿ ਸਿਰਫ 21 ਦਿਨ ਵਿੱਚ ਕਰੋਨਾ ਨੂੰ ਸਮਾਪਤ ਕਰ ਦਿਆਂਗੇ ਤੇ ਲੋਕਾਂ ਨੂੰ ਕੋਵਿਡ ਨੂੰ ਭਜਾਉਣ ਦੇ ਲਈ ਤਾੜੀਆਂ ਵਜਾਉਣ, ਦੀਵੇ ਜਲਾਉਣ, ਥਾਲੀਆਂ ਖੜਕਾਉਣ ਅਤੇ ਸੰਖ ਵਜਾਉਣ ਲਈ ਕਿਹਾ। ‘ਕਰੋਨਾ ਦੇ ਇਲਾਜ ਲਈ ਗਊ ਮੂਤਰ ਦਾ ਪ੍ਰਚਾਰ ਕੀਤਾ ਜਾਂ ਫਿਰ ਗਾਂ ਦੇ ਗੋਹੇ ਨੂੰ ਲੇਪ ਕਰਕੇ ਕਰੋਨਾ ਨੂੰ ਰੋਕਿਆ ਜਾ ਸਕਦਾ ਹੈ ਤੇ ਪਰਮਾਣੂ ਬੰਬ ਦੇ ਅਸਰ ਤੋਂ ਵੀ ਬਚਿਆ ਜਾ ਸਕਦਾ ਹੈ’, ਇੰਝ ਦਾ ਪ੍ਰਚਾਰ ਕੀਤਾ। ਇਹ ਸਭ ਉਦੋਂ ਹੋਇਆ ਜਦੋਂ ਕਿ ਪਸ਼ੂ ਚਿਕਿਤਸਾ ਵਿਗਿਆਨ ਦੇ ਮਾਹਿਰਾਂ ਨੇ ਇਨ੍ਹਾਂ ਗੱਲਾਂ ਤੋਂ ਇਨਕਾਰ ਕੀਤਾ ਅਤੇ ਇੱਥੋਂ ਤਕ ਕਿਹਾ ਕਿ ਗਊ ਮੂਤਰ ਦਾ ਸੇਵਨ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਇੱਥੋਂ ਤਕ ਹੀ ਨਹੀਂ ਮੋਦੀ ਦੇ ਅੰਧ ਭਗਤ ਮੋਦੀ ਨੂੰ ਮਹਾਂ ਮਾਨਵ ਤਕ ਕਹਿਣ ਲੱਗ ਪਏ।
ਪਰ ਇਹ ਡਰਾਮੇ ਜ਼ਿਆਦਾ ਦੇਰ ਨਹੀਂ ਚੱਲਦੇ। ਪਿਆਰ ਮੁਹੱਬਤ ਅਤੇ ਅਮਨ-ਸ਼ਾਂਤੀ ਮਨੁੱਖ ਦੀ ਮੁਢਲੀ ਫਿਤਰਤ ਹੈ। ਪਰ ਸਮਾਂ ਬੜਾ ਚੁਣੌਤੀ ਪੂਰਨ ਹੈ। ਇਸ ਲਈ ਮਿਥਿਆ ਪ੍ਰਚਾਰਨ ਦੇ ਹਰ ਕਾਰੇ ਦਾ ਡਟ ਕੇ ਵਿਰੋਧ ਕਰਨਾ ਅਤਿ ਜ਼ਰੂਰੀ ਹੈ। ਵਿਗਿਆਨਕ ਸੂਝ ਮਜ਼ਬੂਤ ਹੋਣ ਨਾਲ ਲੋਕਾਂ ਦੀ ਸਮਾਜੀ ਤੇ ਰਾਜਨੀਤਿਕ ਚੇਤਨਾ ਵਿੱਚ ਵੀ ਵਾਧਾ ਹੋਵੇਗਾ ਜੋ ਕਿ ਇਨ੍ਹਾਂ ਰੂੜ੍ਹੀਵਾਦੀ ਸ਼ਕਤੀਆਂ ਨੂੰ ਸੱਤਾ ਵਿੱਚੋਂ ਲਾਹੁਣ ਲਈ ਅਤਿ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4014)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)
				
				
				
				
				
		
						




 






















 










 















 



















 



























