MalkiatSDhami 7ਸਮਾਜ ਦਾ ਇੱਕ ਵੱਡਾ ਹਿੱਸਾ ਇਹ ਸਭ ਜਾਣਦੇ ਹੋਏ ਵੀ ਨਾ ਹੀ ਉਨ੍ਹਾਂ ਪੁਰਾਣੇ ਵਹਿਮਾਂ ਭਰਮਾਂ ਵਾਲੀ ਸੋਚ ਤਿਆਗਣੀ ...
(16 ਜਨਵਰੀ 2024)
ਇਸ ਸਮੇਂ ਪਾਠਕ: 930.


ਨਿੱਕੇ ਹੁੰਦਿਆਂ ਸਾਲ ਵਿੱਚ ਕਈ-ਕਈ ਵਾਰ ਬੀਬੀ ਨਾਲ ਮਾਣੂਕੇ
, ਆਪਣੇ ਨਾਨਕੇ ਪਿੰਡ ਜਾਂਦੇ ਤੇ ਹਰ ਵਾਰ ਨਾਨੀ ਦੇ ਨਵੇਂ ਤੋਂ ਨਵੇਂ ਟੋਟਕੇ ਸਿੱਖ ਕੇ ਵਾਪਸ ਮੋਗੇ ਆਪਣੇ ਸ਼ਹਿਰ ਮੁੜਦੇਮੇਰੀ ਉਮਰ ਉਦੋਂ ਮਸਾਂ ਪੰਜ-ਛੇ ਸਾਲ ਦੀ ਰਹੀ ਹੋਵੇਗੀਘਰ ਦੇ ਬਾਕੀ ਜੀਆਂ ਦਾ ਤਾਂ ਪਤਾ ਨਹੀਂ, ਪਰ ਮੇਰੇ ਬਚਪਨ ਉੱਤੇ ਨਾਨੀ ਦੇ ਟੋਟਕਿਆਂ ਦਾ ਬੜਾ ਹੈਰਾਨੀਜਨਕ ਅਤੇ ਗਹਿਰਾ ਪ੍ਰਭਾਵ ਪੈਂਦਾ ਸੀ ਮੈਨੂੰ ਨਾਨੀ ਵੱਲੋਂ ਕੀਤੇ ਜਾਂਦੇ ਟੋਟਕਿਆਂ ਦਾ ਨਾ ਤਾਂ ਛੇਤੀ ਕੀਤੇ ਯਕੀਨ ਬੱਝਦਾ ਸੀ ਅਤੇ ਨਾ ਹੀ ਮੇਰੇ ਕੋਲ ਉਨ੍ਹਾਂ ਨੂੰ ਝੁਠਲਾਉਣ ਦਾ ਕੋਈ ਜ਼ਰੀਆ ਹੁੰਦਾ ਸੀ ਪਰ ਘਰ ਦੇ ਲਾਡਲੇ ਬੱਚਿਆਂ ਵਾਂਗ ਮੇਰੀ ਹਰ ਕੰਮ ਵਿੱਚ ਮੀਨ-ਮੇਖ ਕਰਨ ਦੀ ਆਦਤ ਜ਼ਰੂਰ ਸੀਨਾਨੀ ਵੱਲੋਂ ਕੀਤੇ ਜਾਂਦੇ ਇਨ੍ਹਾਂ ਟੋਟਕਿਆਂ ਵਿੱਚੋਂ ਸਭ ਤੋਂ ਕਾਰਗਰ ਸਨ ਉਸਦੇ ਨਜ਼ਰ ਸੰਬੰਧੀ ਟੋਟਕੇ ਜਿਸ ਦਿਨ ਵੀ ਅਸੀਂ ਨਾਨਕੇ ਘਰ ਪਹੁੰਚਣਾ, ਸ਼ਾਇਦ ਬੱਸ ਦੇ ਸਫ਼ਰ ਦੇ ਥਕੇਵੇਂ ਜਾਂ ਓਪਰਾਪਣ ਕਰਕੇ ਅਕਸਰ ਆਥਣ ਵੇਲੇ ਛੋਟੀ ਭੈਣ ਨੇ ਰੋਣ ਲੱਗ ਪੈਣਾਘਰ ਵਿੱਚ ਸਾਰਿਆਂ ਨੇ ਵਾਰੀ ਵਾਰੀ ਉਸ ਨੂੰ ਚੁੱਕਦਿਆਂ, ਕਦੀ ਅੰਦਰ, ਕਦੀ ਬਾਹਰ ਲਿਆ ਕੇ ਥਾਪੜੀ ਜਾਣਾ। ਪਰ ਉਸ ਨੇ ਚੁੱਪ ਹੀ ਨਾ ਕਰਨਾਅਖੀਰ ਗੱਲ ਨਾਨੀ ਦੇ ਪੱਲੇ ਪੈ ਜਾਣੀਉਸਨੇ ਭੈਣ ਨੂੰ ਚੁੱਕਦਿਆਂ ਸਾਰ, ਉਸਦੇ ਮੂੰਹ ਵੱਲ ਵੇਖਦੀ ਨੇ ਹੀ ਦੱਸ ਦੇਣਾ ਕਿ ਇਸ ਨੂੰ ਤਾਂ ਜ਼ਰੂਰ ਕਿਸੇ ਦੀ ਨਜ਼ਰ ਲੱਗ ਗਈ ਹੈਨਾਨੀ ਕੋਲ ਨਜ਼ਰ ਉਤਾਰਨ ਦੇ ਕਈ ਟੋਟਕੇ ਸਨਸ਼ਾਮ ਨੂੰ ਜੇ ਅਜੇ ਸੂਰਜ ਨਹੀਂ ਛਿਪਿਆ ਤਾਂ ਭੈਣ ਨੂੰ ਮੋਢੇ ਲਗਾਉਂਦਿਆਂ, ਦਰਵਾਜਿਓਂ ਬਾਹਰ ਜਾ ਕੇ ਗਲੀ ਵਿੱਚੋਂ ਮਿੱਟੀ ਦੀ ਮੁੱਠ ਭਰ ਕੇ, ਉਸ ਨੂੰ ਭੈਣ ਦੇ ਸਿਰ ਤੋਂ ਪੰਜ-ਸੱਤ ਵਾਰ ਛੁਆ (ਘੁਮਾ) ਕੇ ਮਿੱਟੀ ਪਿਛਲੇ ਪਾਸੇ ਸੁੱਟ ਦੇਣੀ ਅਤੇ ਉਸ ਨੂੰ ਅੰਦਰ ਲਿਆ ਕੇ ਕਹਿਣਾ, “ਲਓ ਫੜੋ ਇਹਨੂੰ, ਬੱਸ ਹੁਣੇ ਚੁੱਪ ਕਰ ਜਾਵੇਗੀ।”

ਦੂਜਾ ਉਪਾਅ ਸੀ, ਸੁੱਕੀਆਂ ਹੋਈਆਂ ਪੰਜ ਲਾਲ ਮਿਰਚਾਂ ਭੈਣ ਦੇ ਸਿਰ ਉੱਪਰੋਂ ਦੀ ਸੱਤ ਵਾਰ ਘੁਮਾ ਕੇ ਬਲਦੇ ਚੁੱਲ੍ਹੇ ਵਿੱਚ ਸੁੱਟ ਦੇਣੀਆਂਮਿਰਚਾਂ ਅੱਗ ਵਿੱਚ ਸੜਨ ’ਤੇ ਬਹੁਤ ਤਿੱਖੀ ਅਤੇ ਕੌੜੀ ਹਵਾੜ੍ਹ ਆਉਣੀਸਭ ਦੀਆਂ ਅੱਖਾਂ ਵਿੱਚ ਪਾਣੀ ਆ ਜਾਣਾਸਾਰੇ ਘਰਦਿਆਂ ਨੇ ਇੱਧਰ-ਉੱਧਰ ਮੂੰਹਾਂ ਅੱਗੇ ਹੱਥ ਰੱਖ ਕੇ, ਖੰਘਦਿਆਂ ਇੱਕ ਦੂਜੇ ਵੱਲ ਝਾਕਣਾਕਈ ਵਾਰ ਤਾਂ ਨਾਨੇ ਨੇ ਉੱਚੀ ਉੱਚੀ ਬੋਲਣ ਲੱਗ ਜਾਣਾਸਾਰਿਆਂ ਨੂੰ ਇਸ ਤਰ੍ਹਾਂ ਇਕੱਠਿਆਂ ਖੰਘਦਿਆਂ ਅਤੇ ਉੱਚੀ ਬੋਲਦਿਆਂ ਵੇਖਕੇ ਭੈਣ ਨੇ ਚੁੱਪ ਹੋ ਕੇ ਚਾਨਣ-ਹਨੇਰੇ ਜਿਹੇ ਵਿੱਚ, ਸਾਰਿਆਂ ਹੈਰਾਨੀ ਵੱਸ ਸਾਰਿਆਂ ਵੱਲ ਬਿਟਰ ਬਿਟਰ ਝਾਕਣ ਲੱਗ ਜਾਣਾਬੱਸ, ਨਾਨੀ ਨੇ ਉਦੋਂ ਹੀ ਰਿਪੋਰਟ ਦੇ ਦੇਣੀ, “ਮੈਂ ਨਾ ਕਹਿੰਦੀ ਸੀ ਨਜ਼ਰ ਲੱਗੀ ਹੋਈ ਐ।” ਫਿਰ ਉਸਨੇ ਭੈਣ ਨੂੰ ਆਪ ਚੁੱਕ ਕੇ ਕਹਿਣਾ, “ਵੇਖਿਆ, ਚੁੱਪ ਹੋ ਗਈ ਨਾ ਮੇਰੀ ਬੀਬੋ ਰਾਣੀ।”

ਤੀਸਰਾ ਸਭ ਤੋਂ ਮੁਸ਼ਕਲ, ਮਹਿੰਗਾ ਅਤੇ ਕਾਰਗਰ ਨੁਸਖ਼ਾ ਸੀ ਫਟਕੜੀ ਵਾਲਾ, ਜਿਸਦਾ ਨਤੀਜਾ ਵੀ ਲੈਬ-ਟੈੱਸਟ ਵਾਂਗ ਉਹ ਨਾਲੋ-ਨਾਲ ਕੱਢ ਦਿੰਦੀ ਸੀਇਸ ਵਿੱਚ ਨਜ਼ਰ ਤਾਂ ਉੱਤਰਦੀ ਹੀ ਸੀ, ਪਰ ਨਾਲ ਇਹ ਵੀ ਦੱਸ ਦਿੱਤਾ ਜਾਂਦਾ ਸੀ ਕਿ ਨਜ਼ਰ ਕਿਸਦੀ ਲੱਗੀ ਹੈਇਸ ਵਿੱਚ ਨਾਨੀ ਨੇ ਫਟਕੜੀ ਦੀ ਇੱਕ ਡਲ਼ੀ ਲੈ ਕੇ ਪਹਿਲਾਂ ਉਸ ਨੂੰ ਭੈਣ ਦੇ ਸਿਰ ਉੱਪਰੋਂ ਦੀ ਪੰਜ ਵਾਰ (ਛੁਹਾਉਣਾ) ਗੋਲ-ਗੋਲ ਘੁਮਾਉਣਾ ਅਤੇ ਫਿਰ ਬਲਦੇ ਚੁੱਲ੍ਹੇ ਵਿੱਚੋਂ ਚਿਮਟੇ ਨਾਲ ਗਰਮ-ਗਰਮ ਸੁਆਹ ਬਾਹਰ ਖਿੱਚ ਕੇ ਫਟਕੜੀ ਦਾ ਟੁਕੜਾ ਉਸ ਵਿੱਚ ਦੱਬ ਦੇਣਾਕੁਝ ਮਿੰਟਾਂ ਬਾਅਦ ਗਰਮ ਸੁਆਹ ਵਿੱਚੋਂ ਖਿੱਲ ਬਣ ਚੁੱਕੀ ਫਟਕੜੀ ਨੂੰ ਚਿਮਟੇ ਵਿੱਚ ਫੜ ਕੇ ਪਹਿਲਾਂ ਪੰਜ-ਸੱਤ ਫੂਕਾਂ ਮਾਰਕੇ ਉਸ ਉੱਤੇ ਲੱਗੀ ਸੁਆਹ ਝਾੜਨੀ ਤੇ ਫਿਰ ਸਾਰਿਆਂ ਦੇ ਵਿੱਚ ਆ ਕੇ ਚਿਮਟੇ ਵਿੱਚ ਫੜੀ ਉਸ ਖਿੱਲ ਨੂੰ ਘੁਮਾ-ਘੁਮਾ ਕੇ ਸਭ ਨੂੰ ਵਿਖਾਉਂਦਿਆਂ ਪੁੱਛਣਾ, “ਪਛਾਣੋ ਇਹ ਆਪਣੇ ਪਿੰਡ ਵਿੱਚ ਕਿਸਦੀ ਸ਼ਕਲ ਨਾਲ ਮੇਲ ਖਾਂਦੀ ਹੈ।”

ਸਾਡੇ ਗਵਾਂਢ ਉਦੋਂ ਇੱਕ ਮਧਰੇ ਜਿਹੇ ਕੱਦ, ਭਾਰੇ ਸਰੀਰ ਅਤੇ ਭੈੜੀ ਜਿਹੀ ਸ਼ਕਲ ਵਾਲੀ ਇੱਕ ਬੇਬੇ ਰਹਿੰਦੀ ਸੀ, ਜਿਸ ਨੂੰ ਮੈਂ ਵੀ ਮਾਮਿਆਂ ਵਾਂਗ ਤਾਈ ਕਹਿੰਦਾ ਸੀਰੱਬ ਦੀ ਕੁਦਰਤ ਕਿ ਜਦੋਂ ਚੁੱਲ੍ਹੇ ਵਿੱਚੋਂ ਫਟਕੜੀ ਦੀ ਖਿੱਲ ਬਾਹਰ ਕੱਢਣੀ ਅਤੇ ਫੂਕਾਂ ਨਾਲ ਠੰਢੀ ਕਰਕੇ ਨਾਨੀ ਨੇ ਇੱਧਰ ਉੱਧਰ ਘੁਮਾ ਕੇ ਸਾਨੂੰ ਵਿਖਾਉਣੀ ਤੇ ਨਾਲ ਹੀ ਕਹਿਣਾ, “ਲਓ ਵੇਖੋ, ਇਹ ਤਾਂ ਬਿਲਕੁਲ ਤੁਹਾਡੀ ਤਾਈ ਵਰਗੀ ਹੈ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ, ਚੰਦਰੀ ਅੱਜ ਕਿਵੇਂ ਅੱਖਾਂ ਪਾੜ-ਪਾੜ ਕੇ ਵੇਖ ਰਹੀ ਸੀ ਮੇਰੀ ਬੀਬੋ ਵੱਲ ਨੂੰ ਸੱਚ ਜਾਣਿਓ, ਇਹ ਸੁਣਦਿਆਂ ਹੀ ਮੈਨੂੰ ਤਾਂ ਆਪ ਉਸ ਖਿੱਲ ਵਿੱਚੋਂ ਤਾਈ ਨਜ਼ਰ ਆਉਣ ਲੱਗ ਜਾਣੀਬੱਸ ਫਿਰ ਉਸ ਖਿੱਲ ਨੂੰ ਬਾਹਰਲੇ ਦਰਵਾਜ਼ੇ ਦੀ ਦਹਿਲੀਜ਼ (ਸਰਦਲ) ’ਤੇ ਰੱਖ ਕੇ, ਪੰਜ-ਸੱਤ ਜੁੱਤੀਆਂ ਲਾਹ ਕੇ ਮਾਰਨੀਆਂ ਅਤੇ ਨਾਨੀ ਨੇ ਭੈਣ ਨੂੰ ਕੁੱਛੜ ਚੁੱਕ ਕੇ, ਚੁੱਪ ਕਰਾਉਂਦੀ ਹੋਈ ਨੇ ਸਾਨੂੰ ਅੰਦਰ ਲੈ ਆਉਣਾ

ਉਦੋਂ ਨਾਨਕੇ ਪਿੰਡ ਬਹੁਤੇ ਘਰਾਂ ਵਿੱਚ ਨਾ ਨਲਕਾ ਆਦਿ ਹੁੰਦਾ ਸੀ ਅਤੇ ਨਾ ਹੀ ਅੰਦਰ ਨਹਾਉਣ ਲਈ ਕੋਈ ਜਗ੍ਹਾ ਹੁੰਦੀ ਸੀਪਿੰਡ ਦੇ ਦਰਵਾਜ਼ੇ ਤੋਂ ਬਾਹਰਵਾਰ, ਛੱਪੜ ਲਾਗੇ ਗੁਰਦਵਾਰੇ ਦੀ ਕੰਧ ਦੇ ਨਾਲ ਸਾਰਿਆਂ ਲਈ ਇੱਕ ਖੂਹੀ ਹੀ ਸੀ, ਜਿਸ ’ਤੇ ਪਾਣੀ ਕੱਢਣ ਲਈ ਲੱਜ, ਡੋਲ, ਇੱਕ ਅੱਧ ਬਾਲਟੀ ਆਦਿ ਪਏ ਰਹਿੰਦੇ ਸਨਖੂਹੀ ਦੇ ਨਾਲ ਹੀ ਬਣੇ ਥੜ੍ਹੇ ਉੱਤੇ ਨਹਾਉਣ ਅਤੇ ਕੱਪੜੇ ਆਦਿ ਧੋਣ ਲਈ ਕੁੰਡ ਬਣੇ ਹੁੰਦੇ ਸਨਅਸੀਂ ਵੀ ਜਦੋਂ ਨਹਾਉਣ ਦਾ ਦਿਲ ਕਰਨਾ, ਉੱਥੇ ਹੀ ਜਾ ਕੇ ਖੂਹ ਵਿੱਚੋਂ ਪਾਣੀ ਕੱਢ ਕੇ ਨਹਾ ਆਉਣਾਨਹਾਉਣ ਜਾਂਦਿਆਂ ਜੇ ਕਿਤੇ ਮੰਗਲ ਜਾਂ ਵੀਰਵਾਰ ਹੋਣਾ ਤਾਂ ਨਾਨੀ ਦੀ ਖਾਸ ਹਦਾਇਤ ਹੁੰਦੀ ਸੀ ਕਿ ਅੱਜ ਸਿਰ ਵਿੱਚ ਪਾਣੀ ਨਹੀਂ ਪਾਉਣਾ, ਵਾਲ਼ ਗਿੱਲੇ ਨਹੀਂ ਕਰਨੇਵੀਰਵਾਰ ਨੂੰ ਤਾਂ ਇਹ ਹਿਦਾਇਤ ਹੋਰ ਵੀ ਸਖਤ ਹੁੰਦੀ ਸੀ, ਜਦੋਂ ਨਾਨੀ ਨੇ ਕਹਿਣਾ ਕਿ ਵੀਰਵਾਰ ਤਾਂ ਇੰਨਾ ਭੈੜਾ ਹੁੰਦਾ ਹੈ ਕਿ ਇਸ ਦਿਨ ਪਸ਼ੂ ਵੀ ਸਿਰ ਗਿੱਲਾ ਨਹੀਂ ਕਰਦੇ ਮੈਂ ਵੀਰਵਾਰ ਨੂੰ ਖਾਸ ਤੌਰ ’ਤੇ ਛੱਪੜ ’ਤੇ ਜਾ ਕੇ ਵੇਖਣਾ, ਕਿਉਂਕਿ ਪਿੰਡ ਦੀਆਂ ਮੱਝਾਂ ਅਕਸਰ ਪਾਣੀ ਦੇ ਅੰਦਰ ਜਾਂ ਛੱਪੜ ਕੰਢੇ ਬੈਠੀਆਂ ਰਹਿੰਦੀਆਂ ਸਨ ਅਤੇ ਉਨ੍ਹਾਂ ਦੇ ਸਿਰ ਗਿੱਲੇ ਵੇਖ ਕੇ ਨਾਨੀ ਨੂੰ ਆ ਕੇ ਦੱਸਣਾ ਕਿ ਨਾਨੀ ਤੂੰ ਝੂਠ ਕਹਿੰਦੀ ਸੀ, ਅੱਜ ਅਸੀਂ ਮੱਝਾਂ ਨੂੰ ਸਿਰ ਡੁਬੋ ਕੇ ਨਹਾਉਂਦੇ ਵੇਖ ਕੇ ਆਏ ਹਾਂਪਰ ਉਸ ਨੇ ਹਮੇਸ਼ਾ ਕੋਈ ਨਵੀਂ ਦਲੀਲ ਦੇ ਕੇ ਮੇਰੀ ਤਸੱਲੀ ਕਰਾ ਦੇਣੀ ਕਿ ਵੀਰਵਾਰ ਤਾਂ ਸਭ ਤੋਂ ਨਹਿਸ਼ ਦਿਨ ਹੁੰਦਾ ਹੈ ਜਿਸ ਤੋਂ ਇਹ ਵਾਲੇ ਪਸ਼ੂ ਅਣਜਾਣ ਹੋਣਗੇ

ਇਸੇ ਤਰ੍ਹਾਂ ਬਹੁਕਰ (ਝਾੜੂ) ਨੂੰ ਕੰਧ ਨਾਲ ਖੜ੍ਹਾ ਕਰਨ ਵੇਲੇ ਕਿਹੜਾ ਪਾਸਾ ਉੱਪਰ ਵੱਲ ਨਹੀਂ ਰੱਖਣਾ ਅਤੇ ਇਸਦੇ ਕੀ ਕੀ ਨੁਕਸਾਨ ਹੁੰਦੇ ਹਨ, ਸੰਧਿਆ ਵੇਲੇ ਮੰਜੇ ਦੀ ਦੌਣ ਨਹੀਂ ਕੱਸੀਦੀ ਜਾਂ ਮੰਜਾ ਖੜ੍ਹਾ ਕਰਨ ਵੇਲੇ ਕਿਹੜਾ ਪਾਸਾ ਹਮੇਸ਼ਾ ਥੱਲੇ ਰੱਖਣਾ ਹੈ, ਨਹੀਂ ਤਾਂ ਘਰ ਵਿੱਚ ਕੁੜੀਆਂ ਜ਼ਿਆਦਾ ਜੰਮਦੀਆਂ ਹਨਘਰੋਂ ਬਾਹਰ ਨਿਕਲਦਿਆਂ ਜੇ ਨਿੱਛ ਆ ਜਾਵੇ ਤਾਂ ਉੱਥੇ ਹੀ ਰੁਕ ਜਾਣਾ, ਨਹੀਂ ਤਾਂ ਜਿਸ ਕੰਮ ਲਈ ਜਾ ਰਹੇ ਹੋ ਉਹ ਨਹੀਂ ਬਣੇਗਾ, ਪ੍ਰੰਤੂ ਜੇ ਜ਼ਰੂਰ ਜਾਣਾ ਹੀ ਹੈ ਤਾਂ ਜੁੱਤੀ ਨੂੰ ਇੱਕ ਵਾਰ ਪੈਰਾਂ ਵਿੱਚੋਂ ਉਤਾਰ ਕੇ ਅਤੇ ਝਾੜ ਕੇ ਦੁਬਾਰਾ ਪਾ ਕੇ ਚਲੇ ਜਾਓਕਿਸੇ ਖਾਸ ਜ਼ਰੂਰੀ ਕੰਮ ਜਾ ਰਹੇ ਹੋ, ਕਦੇ ਵੀ ਤਿੰਨ ਜਾਣੇ ਨਾ ਜਾਇਓ ਨਹੀਂ ਤਾਂ ਬਣਦਾ ਕੰਮ ਵੀ ਵਿਗੜ ਜਾਵੇਗਾ ਇਸਦੀ ਹਮੇਸ਼ਾ ਕਹਾਵਤ ਸੁਣਾਈ ਜਾਂਦੀ ਸੀ, “ਤੀਜਾ ਰਲਿਆ, ਕੰਮ ਗਲਿਆ।” ਸੱਜੀ ਅੱਖ ਫਰਕੇ ਤਾਂ ਕੋਈ ਚੰਗੀ ਖਬਰ ਮਿਲੇਗੀ ਅਤੇ ਖੱਬੀ ਫਰਕੇ ਤਾਂ ਖਬਰ ਮਾੜੀ ਹੋ ਸਕਦੀ ਹੈਸੱਜੀ ਹਥੇਲੀ ’ਤੇ ਖੁਰਕ ਹੋਵੇ ਤਾਂ ਹੱਥ ਵਿੱਚ ਪੈਸਾ ਆਵੇਗਾ, ਖੱਬੀ ’ਤੇ ਹੋਵੇ ਤਾਂ ਖਰਚਾ ਵਧੇਗਾਰਾਤ ਨੂੰ ਸੌਣ ਵੇਲੇ ਪੈਰ ਸੂਰਜ ਚੜ੍ਹਦੇ ਵੱਲ ਕਰਕੇ ਨਹੀਂ ਪੈਣਾ, ਇਸ ਨਾਲ ਘਰ ਵਿੱਚ ਦਲਿੱਦਰ ਵਧਦਾ ਹੈਮੀਂਹ ਨਹੀਂ ਪੈ ਰਹੇ ਤਾਂ ਖੇਤ ਵਿੱਚ ਹਲ-ਪੰਜਾਲੀ ਖੜ੍ਹੀ ਕਰ ਦਿਓ, ਬਾਰਸ਼ਾਂ ਜਲਦੀ ਸ਼ੁਰੂ ਹੋ ਜਾਣਗੀਆਂਕਈ ਦਿਨਾਂ ਤੋਂ ਝੜੀ ਲੱਗੀ ਹੈ, ਰੁਕਣ ਦਾ ਨਾਮ ਨਹੀਂ ਲੈ ਰਹੀ, ਕੋਠੇ ਚੋਣ ਲੱਗ ਪਏ ਹਨ ਤਾਂ ਕਾਲੇ ਮਾਂਹ ਲੈ ਕੇ ਪਰਨਾਲੇ ਥੱਲੇ ਦੱਬ ਦਿਓ, ਮੀਂਹ ਰੁਕ ਜਾਵੇਗਾ

ਸੱਠ ਸਾਲ ਪੁਰਾਣੀਆਂ ਇਹ ਗੱਲਾਂ ਅੱਜ ਬਿਲਕੁਲ ਵੀ ਓਪਰੀਆਂ ਨਹੀਂ ਲੱਗ ਰਹੀਆਂ, ਕਿਉਂਕਿ ਹਰੇਕ ਜਗ੍ਹਾ ਨਾਨੀ ਵਰਗੀ ਸੂਝ ਅਤੇ ਸੋਚ ਉਨ੍ਹਾਂ ਸਮਿਆਂ ਦੇ ਪੇਂਡੂ ਮਾਹੌਲ ਅਨੁਸਾਰ ਵਾਜਬ ਜਾਪਦੀ ਸੀਪ੍ਰੰਤੂ ਜਿਸ ਤਾਕਤ ਅਤੇ ਰਫਤਾਰ ਨਾਲ ਜ਼ਮਾਨੇ ਨੇ ਪਿਛਲੇ ਸੱਠਾਂ ਸਾਲਾਂ ਵਿੱਚ ਪਲਟਾ ਖਾਧਾ ਹੈ, ਜਿਸ ਤੇਜ਼ੀ ਨਾਲ ਪੂਰੀ ਦੁਨੀਆ ਵਿੱਚ ਵਿਗਿਆਨ ਨੇ ਸਮੇਂ ਦੀ ਨੁਹਾਰ ਬਦਲੀ ਹੈ, ਮਨੁੱਖੀ ਸੋਚ ਨੂੰ ਨਵਾਂ ਮੋੜਾ ਦਿੱਤਾ ਹੈ, ਉਮੀਦ ਨਹੀਂ ਕੀਤੀ ਜਾਣੀ ਚਾਹੀਦੀ ਕਿ ਇਸ ਅਜੋਕੇ ਯੁਗ ਵਿੱਚ ਵੀ ਨਾਨੀ ਵਾਲੀ ਸੋਚ ਨੂੰ ਕੋਈ ਹੁੰਗਾਰਾ ਮਿਲਣਾ ਚਾਹੀਦਾ ਹੈਪਰ ਜਾਪਦਾ ਹੈ ਕਿ ਸਾਡੀ ਸਭਿਅਤਾ ਵਿੱਚ ਅਜੇ ਬਹੁਤਾ ਕੁਝ ਨਹੀਂ ਬਦਲਿਆ, ਬਲਕਿ ਇਨ੍ਹਾਂ ਟੋਟਕਿਆਂ ਦਾ ਖਿਲਾਰਾ ਕੇਵਲ ਪੰਜਾਬ, ਹਿੰਦੁਸਤਾਨ ਵਿੱਚ ਹੀ ਨਹੀਂ, ਹੁਣ ਤਾਂ ਸਾਡੇ ਦੂਰ ਦੇਸਾਂ-ਪ੍ਰਦੇਸਾਂ ਵਿੱਚ ਜਾ ਵਸੇ ਭਾਈਚਾਰੇ ਅੰਦਰ ਵੀ ਖੂਬ ਪ੍ਰਫੁੱਲਤ ਹੋ ਰਿਹਾ ਹੈਕਿਤੇ ਵੱਧ, ਕਿਤੇ ਘੱਟ, ਇਸ ਤਰ੍ਹਾਂ ਦੇ ਵਿਸ਼ੇ, ਸ਼ਾਇਦ ਹਰ ਦੇਸ਼, ਕੌਮ, ਇਨਸਾਨੀ ਸਭਿਅਤਾ ਦੇ ਕੋਈ ਡੰਗ ਟਪਾਊ ਔਜ਼ਾਰ ਹਨ, ਜਿਸ ਨਾਲ ਸਮਾਂ ਸੁਖਾਲਾ ਟੱਪ ਜਾਂਦਾ ਹੈਜਦੋਂ ਕੋਈ ਹੋਰ ਚਾਰਾ ਨਾ ਹੋਵੇ, ਸਾਮ੍ਹਣੇ ਦੂਜੇ ਸਾਧਨ ਨਾ ਹੋਣ, ਅਨਿਸ਼ਚਿਤਤਾ, ਪਛੜਿਆਪਨ ਹੋਵੇ ਤਾਂ ਇਹ ਸਭ ਜਾਇਜ਼ ਲਗਦਾ ਹੈਮਸਲਨ, ਪਹਿਲਾਂ ਮੀਂਹ ਪੈਣ ਜਾਂ ਸੋਕਾ ਪੈਣ ਦਾ ਕਾਰਨ ਕੋਈ ਦੇਵਤਿਆਂ ਨਾਲ ਜੋੜਦਾ ਸੀ, ਕੋਈ ਦਾਨ ਦੱਛਣਾ, ਪਾਪ-ਪੁੰਨ, ਵਰ-ਸਰਾਪ ਆਦਿ ਨਾਲ - ਆਪਣੀ ਆਪਣੀ ਆਸਥਾ ਮੁਤਾਬਕ, ਜਿਵੇਂ ਕੋਈ ਦੱਸਦਾ ਸੀ ਲੋਕ ਮੰਨ ਲੈਂਦੇ ਸਨਇੱਕ ਕਹਿੰਦਾ ਸੀ ਧਰਤੀ ਗੋਲ ਹੈ, ਮੰਨ ਲਿਆ ਜਾਂਦਾ ਸੀਦੂਜਾ ਆ ਕੇ ਦਲੀਲ ਦਿੰਦਾ ਸੀ ਕਿ ਧਰਤੀ ਚਪਟੀ ਹੈ ਅਤੇ ਬਲਦ ਦੇ ਸਿੰਗਾਂ ’ਤੇ ਖੜ੍ਹੀ ਹੈ, ਉਸਦੀ ਵੀ ਸੁਣੀ ਜਾਂਦੀ ਸੀਉਹ ਵੀ ਸਿਆਣੇ ਕਹਿਲਾਉਂਦੇ ਸੀ ਜੋ ਸਾਨੂੰ ਆਪਣੀ ਅੱਖੀਂ ਡਿੱਠੀ ਸੁਣਾਉਂਦੇ ਸਨ ਕਿ ਖੂਹਾਂ ਦੇ ਥੱਲੇ ਗਿਠਮੁਠੀਏ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਉਨ੍ਹਾਂ ਨੇ ਕਈ ਵਾਰ ਗੱਲਾਂ ਵੀ ਕੀਤੀਆਂ ਹਨਲੋਕ ਇਹ ਵੀ ਮੰਨਦੇ ਸੀ ਕਿ ਬੱਦਲਾਂ ਤੋਂ ਉੱਪਰ, ਅਸਮਾਨ ਵਿੱਚ, ਨੌਂਗਜ਼ੀਏ ਰਹਿੰਦੇ ਹਨ, ਜਿਨ੍ਹਾਂ ਦੀਆਂ ਕਬਰਾਂ ਧਰਤੀ ’ਤੇ ਜਗ੍ਹਾ-ਜਗ੍ਹਾ ਬਣੀਆਂ ਹੋਈਆਂ ਹਨ

ਇੱਕ ਕਹਿੰਦਾ, “ਅਮਰੀਕਾ ਦਾ ਰਾਕਟ ਚੰਦਰਮਾ ਜਾ ਪਹੁੰਚਿਆ ਹੈ।” ਦੂਜਾ ਕਹਿੰਦਾ, “ਨਹੀਂ, ਕੋਈ ਰਾਕਟ-ਰੂਕਟ ਚੰਦ ’ਤੇ ਨਹੀਂ ਗਿਆ, ਇਹ ਤਾਂ ਐਵੇਂ ਇੱਧਰ-ਉੱਧਰ ਦੀਆਂ ਫੋਟੂਆਂ ਪਾ ਕੇ ਸਾਨੂੰ ਮੂਰਖ ਬਣਾ ਰਹੇ ਹਨ।” ਸਭ ਦੀ ਚੱਲਦੀ ਸੀ, ਸਭ ਦੀ ਸੁਣੀ ਜਾਂਦੀ ਸੀਉਨ੍ਹਾਂ ਵੇਲਿਆਂ ਦੀ ਅਨਪੜ੍ਹਤਾ ਅਤੇ ਅਗਿਆਨਤਾ ਹੀ ਨਹੀਂ ਬਲਕਿ ਯੋਗ ਵਸੀਲਿਆਂ ਦਾ ਹਰ ਆਮ-ਖਾਸ ਇਨਸਾਨ ਦੀ ਪਹੁੰਚ ਵਿੱਚ ਨਾ ਹੋਣਾ ਵੀ ਇਸਦਾ ਇੱਕ ਪ੍ਰਮੁੱਖ ਕਾਰਨ ਮੰਨਿਆ ਜਾ ਸਕਦਾ ਹੈ ਕਿਉਂਕਿ ਉਦੋਂ ਟੈਲੀਫੋਨ, ਅਖਬਾਰਾਂ, ਰੇਡੀਓ ਤਾਂ ਕੀ, ਪਿੰਡਾਂ ਵਿੱਚ ਤਾਂ ਬਿਜਲੀ ਦਾ ਵੀ ਨਾਮੋ ਨਿਸ਼ਾਨ ਨਹੀਂ ਸੀ ਹੁੰਦਾਪੰਜ-ਦਸ ਪਿੰਡਾਂ ਮਗਰ ਇੱਕ ਅੱਧ ਸਕੂਲ ਹੁੰਦਾ ਸੀ, ਇਸ ਲਈ ਕਿਤਾਬੀ ਵਿੱਦਿਆ ਹਰ ਇੱਕ ਦੀ ਪਹੁੰਚ ਵਿੱਚ ਹੀ ਨਹੀਂ ਸੀਕੋਠਿਆਂ ’ਤੇ ਚੜ੍ਹ ਕੇ ਦੂਰ ਵੇਖਿਆਂ ਰੇਤ ਦੇ ਟਿੱਬਿਆਂ ਜਾਂ ਦਰਖ਼ਤਾਂ, ਝਾੜੀਆਂ ਤੋਂ ਸਿਵਾ ਕੁਝ ਨਜ਼ਰ ਨਹੀਂ ਸੀ ਆਉਂਦਾਡਾਕਖਾਨੇ ਅਤੇ ਚਿੱਠੀਆਂ ਤਕ ਦੀ ਸੇਵਾ ਵੀ ਹਰ ਜਗ੍ਹਾ ਦੁਰਲੱਭ ਸੀ

ਚੁੱਲ੍ਹੇ ਬੇਸ਼ਕ ਸਾਰੇ ਘਰਾਂ ਵਿੱਚ ਬਲਦੇ ਸਨ, ਪਰ ਤੀਲਾਂ ਦੀ ਡੱਬੀ ਕਿਸੇ-ਕਿਸੇ ਘਰ ਹੀ ਹੁੰਦੀ ਸੀਮਿਲ ਗਿਆ ਤਾਂ ਸਾਬਣ ਨਾਲ ਨਹਾਉਂਦੇ, ਨਹੀਂ ਤਾਂ ਫੋਕੇ ਪਾਣੀ ਨਾਲ ਵੀ ਸਰ ਜਾਂਦਾਕੋਈ ਨਹੀਂ ਸੀ ਸੁੰਘਦਾ-ਪਰਖਦਾਪਿੰਡਾਂ ਤਕ ਪਹੁੰਚਣ ਲਈ ਸਥਾਈ ਅਤੇ ਪੱਕੇ ਰਾਹ ਨਹੀਂ ਸਨਆਵਾਜਾਈ ਦੇ ਸਾਧਨਾਂ ਦੀ ਪਹੁੰਚ ਹਰ ਪਿੰਡ ਤਕ ਨਹੀਂ ਸੀ ਹੁੰਦੀਕੋਈ ਵਿਰਲਾ ਵਾਂਝਾ ਹੀ ਪਿੰਡ ਤੋਂ ਬਾਹਰ ਜਾਂਦਾ ਸੀ ਅਤੇ ਵਿਰਲਾ ਹੀ ਬਾਹਰੋਂ ਪਿੰਡ ਆਉਂਦਾ ਸੀ ਅਤੇ ਇਹ ਹੀ ਵਿਰਲੇ-ਵਾਂਝੇ ਉਦੋਂ ਪਿੰਡ ਦੀ ਖਬਰ ਬਾਹਰ ਅਤੇ ਬਾਹਰ ਦੀ ਪਿੰਡ ਨਾਲ ਸਾਂਝੀ ਕਰਨ ਦਾ ਜ਼ਰੀਆ ਸਨਬੱਸ ਇਹੀ ਉਸ ਵੇਲੇ ਦਾ ‘ਸੋਸ਼ਲ ਮੀਡੀਆ’ ਸੀ ਅਤੇ ਇਹੀ ਸਨ ਉਨ੍ਹਾਂ ਸਮਿਆਂ ਦੇ ‘ਗੂਗਲ-ਇੰਟਰਨੈੱਟ।’ ਇਸੇ ਲਈ ਇਸ ਗੱਲ ’ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਨਾਨੀ ਵਰਗੀ ਉਪਰੋਕਤ ਸੋਚ ਵਾਲੇ ਇਨਸਾਨ ਉਦੋਂ ਹਰ ਪਿੰਡ ਜਾਂ ਪਿੰਡ ਦੀ ਹਰ ਪੱਤੀ, ਬਰਾਦਰੀ ਆਦਿ ਵਿੱਚ ਹੋਣੇ ਕੋਈ ਆਮ ਅਤੇ ਸਧਾਰਨ ਗੱਲ ਹੀ ਨਹੀਂ, ਬਲਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ‘ਸਿਆਣੇ’ ਕਹਿਲਾਉਂਦੇ ਸਨ

ਪ੍ਰੰਤੂ ਅੱਜ ਪ੍ਰਤੱਖ ਵੀ ਸਾਮ੍ਹਣੇ ਹੈ ਅਤੇ ਪ੍ਰਮਾਣ ਵੀ ਹਰ ਆਮ-ਖਾਸ ਦੀ ਪਹੁੰਚ ਵਿੱਚ ਹੈਅੱਜ ਧਰਤੀ ਗੋਲ ਹੈ ਜਾਂ ਚਪਟੀ, ਵਿਗਿਆਨ ਨੇ ਸਾਡੇ ਸਾਮ੍ਹਣੇ ਰੱਖ ਦਿੱਤੀ ਹੈਆਪਣੇ ਕੰਪਿਊਟਰ ਜਾਂ ਮੋਬਾਇਲ ਤੇ ਇਸ ਨੂੰ ਖੋਲ੍ਹੋ ਅਤੇ ਹੱਥੀਂ ਘੁਮਾ ਕੇ ਵੇਖ ਲਵੋਮੀਂਹ, ਹਨੇਰੀ, ਝੱਖੜ, ਸੋਕਾ, ਸੁਨਾਮੀ, ਗਰਮੀ-ਸਰਦੀ, ਕਦੋਂ, ਕਿੱਥੇ ਅਤੇ ਕਿੰਨੀ ਹੋਵੇਗੀ, ਇਹ ਸਭ ਕੁਝ ਵੇਖਣ ਦੇ ਸਾਧਨ ਹੱਥਾਂ ਵਿੱਚ ਆ ਗਏ ਹਨਫਿਰ ਵੀ ਉਹ ਸੋਚ, ਕਿਤੇ ਨਾ ਕਿਤੇ ਅੱਜ ਵੀ ਸਾਡੇ ਮਨਾਂ ਦੀਆਂ ਡੁੰਘਾਈਆਂ ਵਿੱਚ ਉਸੇ ਤਰ੍ਹਾਂ ਘਰ ਕਰੀ ਬੈਠੀ ਹੈ, ਛੁੱਟਦੀ ਹੀ ਨਹੀਂ ਹੈਕਈ ਵਾਰ ਇਹ ਟੋਟਕੇ ਕਿਤਾਬੀ ਗਿਆਨ ਅਤੇ ਵਿਗਿਆਨਕ ਖੋਜਾਂ ਨੂੰ ਵੀ ਟਿੱਚ ਕਰ ਦਿੰਦੇ ਹਨਇਸੇ ਲਈ ਤਾਂ ਅਨੇਕਾਂ ਪੜ੍ਹੇ ਲਿਖੇ, ਉੱਚ ਵਿੱਦਿਆ ਦੇ ਧਾਰਨੀ, ਅੱਜ ਵੀ, ਅਨੇਕਾਂ ਤਰ੍ਹਾਂ ਦੇ ਵਹਿਮਾਂ, ਭਰਮਾਂ ਵਿੱਚ ਉਸੇ ਤਰ੍ਹਾਂ ਗ੍ਰਸੇ ਮਿਲਦੇ ਹਨਉਦੋਂ ਜੇ ਇਲਾਕੇ ਵਿੱਚ ਕਿਸੇ ਇਮਾਨਦਾਰ, ਸੂਝਵਾਨ ਜਾਂ ਪੜ੍ਹੇ-ਲਿਖੇ ਵੱਲ ਖਿਆਲ ਜਾਣਾ ਤਾਂ ਜ਼ਿਹਨ ਅੰਦਰ ਸਭ ਤੋਂ ਪਹਿਲੀ ਤਸਵੀਰ ਵੈਦ, ਡਾਕਟਰ, ਸਕੂਲ ਮਾਸਟਰ ਜਾਂ ਫੌਜੀ ਦੀ ਆਉਂਦੀ ਸੀ ਜੋ ਅੱਜ ਸਿਆਸੀ ਇਕੱਠ ਨੇ ਗੁੰਮ ਕਰ ਕਰ ਦਿੱਤੀ ਹੈਪੁਰਾਣੇ ਸਮਿਆਂ ਵਿੱਚ ਇੰਨਾ ਨਹੀਂ ਸੀ, ਪਰ ਅੱਜ ਜੇ ਸਾਰੇ ਨਹੀਂ ਤਾਂ ਅਨੇਕਾਂ ਹਸਪਤਾਲਾਂ, ਕਲੀਨਿਕਾਂ, ਉਪਰੇਸ਼ਨ-ਥਿਏਟਰਾਂ ਆਦਿ ਵਿੱਚ ਡਾਕਟਰੀ ਯੰਤਰਾਂ, ਦਵਾਈਆਂ ਅਤੇ ਅੰਦਰ ਦੇ ਵਾਤਾਵਰਣ ਦੀ ਵਿਗਿਆਨਕ-ਸ਼ੁੱਧਤਾ ਦੇ ਨਾਲੋ-ਨਾਲ, ਕਿਸੇ ਕੋਨੇ ਵਿੱਚ ਪੂਜਾ-ਪਾਠ ਦੇ ਅਸਥਾਨ, ਧੂਪ-ਬੱਤੀਆਂ, ਮੂਰਤੀਆਂ, ਨਿ‘ਬੂ-ਮਿਰਚਾਂ, ਧਾਗੇ ਤਵੀਤ ਆਦਿ ਵੀ ਵੇਖਣ ਨੂੰ ਮਿਲਣਗੇਕਈ ਹਕੀਮ, ਸਰਜਨ, ਡਾਕਟਰ ਅੱਜ ਵੀ ਮਰੀਜ਼ ਦਾ ਇਲਾਜ ਕਰਦੇ ਹੋਏ, ਆਪਣੀ ਕਾਬਲੀਅਤ ’ਤੇ ਨਹੀਂ ਬਲਕਿ ਰੱਬ ’ਤੇ ਭਰੋਸਾ ਰੱਖਣ ਦੀ ਨਸੀਹਤ ਦਿੰਦੇ ਹਨਕਹਿੰਦੇ ਹਨ, “ਅਸੀਂ ਤਾਂ ਸਿਰਫ ਇਲਾਜ ਕਰ ਸਕਦੇ ਹਾਂ, ਬਾਕੀ ਤਾਂ ਸਭ ਉੱਪਰ ਵਾਲੇ ਦੇ ਹੱਥਾਂ ਵਿੱਚ ਹੈ।”

ਅਦਾਲਤੀ ਮਾਮਲਿਆਂ ਵਿੱਚ ਫਸੇ ਬੇਅੰਤ ਅਪੀਲ ਕਰਤਾ ਆਪਣੇ ਵਕੀਲ ਜਾਂ ਜੱਜ ਤੇ ਓਨਾ ਭਰੋਸਾ ਨਹੀਂ ਰੱਖਦੇ, ਜਿੰਨਾ ਉਨ੍ਹਾਂ ਨੂੰ ਸੁੱਖਣਾ, ਤਵੀਤਾਂ, ਟੂਣਿਆਂ ’ਤੇ ਹੁੰਦਾ ਹੈਤਾਂ ਹੀ ਤਾਂ ਕਚਹਿਰੀਆਂ, ਹਸਪਤਾਲਾਂ ਵਰਗੀਆਂ ਸੰਸਥਾਵਾਂ ਦੇ ਬਾਹਰ ਪੁੱਛਾਂ ਦੇਣ ਅਤੇ ਧਾਗੇ, ਤਵੀਤ, ਨਗ, ਮੁੰਦਰੀਆਂ, ਜੰਤਰ ਆਦਿ ਵੇਚਣ ਵਾਲਿਆਂ ਦੀਆਂ ਦੁਕਾਨਾਂ ਵੀ ਬਰਾਬਰ ਚਲਦੀਆਂ ਹਨ

ਸਮਾਜ ਦਾ ਇੱਕ ਵੱਡਾ ਹਿੱਸਾ ਇਹ ਸਭ ਜਾਣਦੇ ਹੋਏ ਵੀ ਨਾ ਹੀ ਉਨ੍ਹਾਂ ਪੁਰਾਣੇ ਵਹਿਮਾਂ ਭਰਮਾਂ ਵਾਲੀ ਸੋਚ ਤਿਆਗਣੀ ਚਾਹੁੰਦਾ ਹੈ ਅਤੇ ਨਾ ਹੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਨਵੀਆਂ ਦਲੀਲਾਂ ਨੂੰ ਛੱਡਣ ਦੀ ਹਿੰਮਤ ਰੱਖਦਾ ਹੈਸ਼ਾਇਦ ਸਮਾਜਕ ਨਾਬਰਾਬਰੀ, ਧਾਰਮਕ ਦਖਲਅੰਦਾਜ਼ੀ, ਹੱਦੋਂ ਵੱਧ ਅੰਧਵਿਸ਼ਵਾਸ, ਅਤੇ ਭਵਿੱਖ ਦੀ ਅਨਿਸ਼ਚਿਤਤਾ ਇਸਦੇ ਪ੍ਰਮੁੱਖ ਕਾਰਨ ਹੋ ਸਕਦੇ ਹਨ

ਨਾਨੀ ਦੀ ਸੋਚ ਉਦੋਂ ਵੀ ਸਹੀ ਸੀ ਅਤੇ ਉਸ ਪੱਧਰ ਦੇ ਮਾਹੌਲ ਵਿੱਚ ਅੱਜ ਵੀ ਕਿਸੇ ਹੱਦ ਤਕ ਸਹੀ ਮੰਨੀ ਜਾ ਸਕਦੀ ਹੈਮੰਨਿਆ ਜਾ ਸਕਦਾ ਹੈ ਕਿ ਕਈ ਸਮਾਜਕ ਮਜਬੂਰੀਆਂ ਹੁੰਦੀਆਂ ਹਨ, ਇੱਕ ਆਮ ਇਨਸਾਨ ਦਾ ਸੁਭਾਅ ਸਮੇਂ ’ਤੇ ਹਾਲਾਤ ਵਿੱਚ ਜਕੜਿਆ ਹੁੰਦਾ ਹੈਕੁਝ ਗੱਲਾਂ ਔਖੀ ਘੜੀ ਵਿੱਚ ਸਮਾਂ ਟਪਾਉਣ ਵਾਲੀਆਂ ਹੁੰਦੀਆਂ ਹਨਕਈ ਸਮਾਜਕ ਰਹੁ-ਰੀਤਾਂ ਐਸੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਜੇ ਫਾਇਦਾ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ ਹੁੰਦਾ ਅਤੇ ਪ੍ਰੰਪਰਾ ਬਣ ਕੇ ਸਮਾਜ ਵਿੱਚ ਵਿਚਰਨ ਦਿੱਤਾ ਜਾਂਦਾ ਹੈਬਸ਼ਰਤੇ, ਉਹ ਇਨਸਾਨੀ ਸੁਭਾਅ ਅਤੇ ਸਮਾਜਕ ਭਾਈਚਾਰੇ ਨੂੰ ਕੋਈ ਠੇਸ ਨਾ ਲੱਗਣ ਦੇਣਬੰਦੇ ਨੂੰ ਸਮੇਂ ਦੀ ਸਚਾਈ ਤੋਂ ਦੂਰ ਨਾ ਕਰ ਦੇਣਅੱਜ ਬਹੁਤ ਸਾਰਾ ਸੋਸ਼ਲ-ਮੀਡੀਆ, ਫਿਲਮਾਂ, ਅਣਗਿਣਤ ਟੀਵੀ ਸੀਰੀਅਲ, ਅਖਬਾਰਾਂ, ਇਸ਼ਤਿਹਾਰਬਾਜ਼ੀ ਆਦਿ ਅਜਿਹੇ ਵਿਸ਼ਿਆਂ ਨਾਲ ਅੱਟੇ ਪਏ ਹਨ ਜੋ ਸਭਿਅਤਾ ਅਤੇ ਸੰਸਕ੍ਰਿਤੀ ਦੇ ਨਾਮ ਤੇ ਕਾਲਪਨਿਕ ਅਤੇ ਭਰਮਾਊ ਗਿਆਨ ਪਰੋਸਦੇ ਹਨਇਨ੍ਹਾਂ ਦੀ ਆਲੋਚਨਾ ਵੀ ਰੱਜ ਕੇ ਹੁੰਦੀ ਹੈ ਪ੍ਰੰਤੂ ਸਮਰਥਨ ਦੇਣ ਵਾਲੀ ਜਮਾਤ ਬਹੁਤ ਹੀ ਵੱਡੀ ਹੈ

ਕਾਰੋਬਾਰ-ਵਿਓਪਾਰ ਵਿੱਚ ਹੋ ਰਹੇ ਨੁਕਸਾਨ ਜਾਂ ਤਰੱਕੀ ਵਿੱਚ ਆ ਰਹੀ ਰੁਕਾਵਟ ਲਈ ਵਿਓਹਾਰ, ਗੁਣਵੱਤਾ ਅਤੇ ਸ਼ੁੱਧਤਾ ਨੂੰ ਛੱਡ ਕੇ ਪਾਠ, ਪੂਜਾ, ਪੱਤਰੀਆਂ, ਵਸਤੂ-ਸ਼ਾਸਤਰ ਆਦਿ ’ਤੇ ਜ਼ਿਆਦਾ ਟੇਕ ਰੱਖੀ ਜਾਂਦੀ ਹੈਬੰਦਾ ਅਨੇਕਾਂ ਕੰਪਨੀਆਂ ਅਤੇ ਮਾਡਲਾਂ ਵਿੱਚੋਂ ਘੋਖ ਪਰਖ ਕੇ, ਲੱਖਾਂ ਰੁਪਏ ਦੀ ਬੇਹਤਰੀਨ ਗੱਡੀ, ਕਾਰ ਆਦਿ ਖਰੀਦਦਾ ਹੈਪਰ ਉਸਦੀਆਂ ਤਕਨੀਕੀ ਖੂਬੀਆਂ ਅਤੇ ਆਪਣੀ ਡਰਾਈਵਿੰਗ ਸਮਰੱਥਾ ਤੋਂ ਜ਼ਿਆਦਾ ਭਰੋਸਾ ਉਸ ਨੂੰ ਕਾਰ ਦੇ ਅੰਦਰ ਟੰਗੇ ਉਸ ਯੰਤਰ ’ਤੇ ਹੁੰਦਾ ਹੈ ਜੋ ਉਸਨੇ ਆਪਣੀ ਧਾਰਮਕ ਆਸਥਾ ਅਨੁਸਾਰ ਲਟਕਾਇਆ ਹੁੰਦਾ ਹੈਅਨੇਕਾਂ ਮਾਪੇ ਮਿਲਦੇ ਹਨ, ਜਿਨ੍ਹਾਂ ਦੇ ਬੱਚੇ ਜੇ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਵਿਖਾ ਰਹੇ ਜਾਂ ਜਮਾਤ ਵਿੱਚ ਪਛੜਦੇ ਜਾ ਰਹੇ ਹਨ ਤਾਂ ਉਨ੍ਹਾਂ ਦੇ ਅਧਿਆਪਕ ਜਾਂ ਸਕੂਲ ਦੇ ਹੋਰ ਸਟਾਫ ਨਾਲ ਮਸ਼ਵਰਾ ਕਰਨ ਦੀ ਬਜਾਇ ਆਪਣੀ ਅਧਿਆਤਮਕ ਆਸਥਾ ਨੂੰ ਵੱਧ ਤਰਜੀਹ ਦਿੰਦੇ ਹੋਏ ਬੱਚੇ ਦੇ ਅਬੋਧ ਮਨ ਨੂੰ ਰੱਬੀ-ਭਰੋਸਾ ਅਤੇ ਗ਼ੈਬੀ ਸ਼ਕਤੀਆਂ ਵੱਲ ਪ੍ਰੇਰਨ ਨੂੰ ਵੱਧ ਤਰਜੀਹ ਦਿੰਦੇ ਹਨਸਰਕਾਰ ਸੈਂਕੜੇ ਥਿਊਰੀਆਂ ’ਤੇ ਚਲਦਿਆਂ ਮਾਹਰਾਂ, ਵਿਭਾਗਾਂ, ਸੰਬੰਧਤ ਅਧਿਕਾਰੀਆਂ ਅਤੇ ਮੰਤਰਾਲਿਆਂ ਨਾਲ ਮਸ਼ਵਰੇ ਅਤੇ ਅਣਗਿਣਤ ਮਰਹਲਿਆਂ ਦੀ ਪਰਖ ਤੋਂ ਬਾਅਦ, ਅਰਬਾਂ ਰੁਪਇਆਂ ਦੀ ਕੋਈ ਜਦੀਦ, ਵਿਦੇਸ਼ੀ ਤਕਨੀਕ, ਮਸਲਨ ਹਵਾਈ ਜਹਾਜ਼ ਆਦਿ ਖਰੀਦਣ ਦਾ ਸੌਦਾ ਕਰਦੀ ਹੈ ਪਰ ਭਰੋਸਾ ਉਸਦਾ ਸਿਰਫ ਨਿੰਬੂ-ਨਾਰੀਅਲ ਵਿੱਚ ਸਿਮਟ ਕੇ ਰਹਿ ਜਾਂਦਾ ਹੈਇਨ੍ਹਾਂ ਸਭ ਪਿੱਛੇ ਆਪਣੀ ਕਾਬਲੀਅਤ ਦੀ ਬੇਭਰੋਸਗੀ, ਸਿਫਾਰਸ਼ੀ ਨਿਯੁਕਤੀਆਂ, ਸਿਆਸੀ ਅਤੇ ਧਾਰਮਕ ਆਗੂਆਂ ਦੀ ਮਿਲੀਭੁਗਤ, ਭਾਈ-ਭਤੀਜਾਵਾਦ ਅਤੇ ਸ਼ਾਇਦ ਆਪਣੇ ਜ਼ਾਤੀ ਮੁਫਾਦਾਂ ਦੀ ਪ੍ਰਮੁੱਖਤਾ ਵੀ ਇੱਕ ਵੱਡਾ ਕਾਰਨ ਹੈ, ਜੋ ਨਾਨੀਆਂ ਵਾਲੇ ਉਨ੍ਹਾਂ ਵਹਿਮਾਂ ਭਰਮਾਂ ਨੂੰ ਇੱਕ ਨਵੀਨ, ਵਿਉਪਾਰਕ ਅਤੇ ਵਿਆਪਕ ਰੂਪ ਦਿੰਦੇ ਜਾ ਰਹੇ ਹਨ! ਦੂਜੇ, ਅਨਪੜ੍ਹਤਾ ਅਤੇ ਗਰੀਬੀ ਹੀ ਨਹੀਂ ਸ਼ਾਇਦ ਸਮਾਜਕ ਨਾਬਰਾਬਰੀ, ਸਿਆਸਤ ਵਿੱਚ ਧਾਰਮਕ ਦਖਲਅੰਦਾਜ਼ੀ, ਹੱਦੋਂ ਵੱਧ ਅੰਧਵਿਸ਼ਵਾਸ ਅਤੇ ਭਵਿੱਖ ਦੀ ਅਨਿਸ਼ਚਿਤਤਾ ਹੀ ਨਹੀਂ ਬਲਕਿ ਹੋਛੀ ਰਾਜਨੀਤੀ ਵੀ ਇਸਦੇ ਮੂਲ ਕਾਰਨ ਹਨ

ਗਿਆਨ ਦੇ ਇਹ ਡੰਗ ਟਪਾਊ ਸੋਮੇ ਵਿਉਪਾਰਕ ਪੱਖੋਂ ਮੁੱਠੀ ਭਰ ਲੋਕਾਂ ਲਈ ਬਹੁਤ ਲਾਭਦਾਇਕ ਹੋ ਸਕਦੇ ਹਨ ਪਰ ਜਦੋਂ ਇਹੀ ਸਮਾਜ ਦੀਆਂ ਮੌਖਿਕ ਕਲਪਨਾਵਾਂ, ਲਾਲਚ, ਰਿਸ਼ਵਤਖੋਰੀ, ਖੁੰਧਕਾਂ, ਜ਼ੁਲਮ, ਸਿਆਸੀ ਮੁਫ਼ਾਦ, ਰਿਸ਼ਤਿਆਂ ਦੀਆਂ ਤਰੇੜਾਂ, ਦਲਿੱਦਰਤਾ, ਕੁਦਰਤੀ ਸੋਮਿਆਂ ਦੀ ਬਰਬਾਦੀ ਆਦਿ ਨੂੰ ਸ਼ਹਿ ਦੇਣ ਦੇ ਪ੍ਰਮੁੱਖ ਸਾਧਨ ਅਤੇ ਸਮਾਜਕ ਤਰੁੱਟੀਆਂ ਬਣ ਕੇ ਸਾਮ੍ਹਣੇ ਖਲੋ ਜਾਣ ਤਾਂ ਇਨ੍ਹਾਂ ਨੂੰ ਕਿਧਰੇ ਵੀ ਜਾਇਜ਼ ਨਹੀਂ ਮੰਨਿਆ ਜਾਣਾ ਚਾਹੀਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4635)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਲਕੀਅਤ ਸਿੰਘ ਧਾਮੀ

ਮਲਕੀਅਤ ਸਿੰਘ ਧਾਮੀ

Whatsapp: (91 - 98140 - 28614)
Email: (voltexglobal@gmail.com)