MalkiatSDhami 7ਅਸੀਂ ਜਦੋਂ ਵੀ ਦੁਪਹਿਰ ਵੇਲੇ ਡਾਕਟਰ ਮਿਸ਼ਰਾ ਦੀ ਦੁਕਾਨ ਅੱਗੋਂ ਲੰਘਦੇ ਤਾਂ ਦਵਾਈਆਂ ਵਾਲੇ ਸਰਦਾਰ ਜੀ ਉੱਥੇ ...
(4 ਜਨਵਰੀ 2024)
ਇਸ ਸਮੇਂ ਪਾਠਕ: 625.


ਉਦੋਂ ਸਾਡੇ ਮਹੱਲੇ ਵਿੱਚ ਬੜੀ ਵਿਰਲੀ ਜਿਹੀ ਅਬਾਦੀ ਸੀ ਅਤੇ ਸੜਕ ਉੱਤੇ ਟਾਵੀਂਆਂ-ਟਾਵੀਂਆਂ ਦੁਕਾਨਾਂ ਸਨ
ਮੁਨਿਆਰੀ, ਨਾਈ, ਦਰਜ਼ੀ, ਮੋਚੀ, ਸਾਈਕਲ-ਪੰਚਰ, ਕਰਿਆਨਾ, ਸਬਜ਼ੀ, ਚਾਹ-ਦੁੱਧ, ਹਲਵਾਈ ਆਦਿ ਨਾਲ ਸੰਬੰਧਤ ਇਲਾਕਾ ਵਾਸੀਆਂ ਦੀਆਂ ਸਾਰੀਆਂ ਮੁਢਲੀਆਂ ਲੋੜਾਂ ਉਨ੍ਹਾਂ ਦੁਕਾਨ ਤੋਂ ਹੀ ਪੂਰੀਆਂ ਹੋ ਜਾਂਦੀਆਂ ਸਨ ਇਨ੍ਹਾਂ ਦੁਕਾਨਾਂ ਵਿੱਚ ਡਾਕਟਰਾਂ ਦੀਆਂ ਵੀ ਦੋ-ਤਿੰਨ ਦੁਕਾਨਾਂ ਸਨਸਾਡੇ ਘਰ ਦੇ ਨੇੜੇ ਹੀ ਇੱਕ ਡਾਕਟਰ ‘ਮਿਸ਼ਰਾ’ ਦੀ ਦੁਕਾਨ ਸੀ ਜੋ ਕਿ ਉਸ ਸਮੇਂ ਮਿਲਟਰੀ ਵਿੱਚੋਂ ਰਿਟਾਇਰ ਹੋ ਕੇ ਆਏ ਸਨ ਅਤੇ ਨਵੀਂ-ਨਵੀਂ ਡਾਕਟਰੀ ਦੀ ਦੁਕਾਨ ਖੋਲ੍ਹ ਕੇ ਬੈਠੇ ਸਨ

ਡਾਕਟਰ ਮਿਸ਼ਰਾ ਜਿੱਥੇ ਆਪਣੇ ਪੇਸ਼ੇ ਵਿੱਚ ਪੂਰੇ ਮਾਹਰ ਸਨ, ਉੱਥੇ ਇਮਾਨਦਾਰ ਵੀ ਪੁੱਜ ਕੇ ਸਨਬਾਕੀ ਸਾਰੇ ਡਾਕਟਰਾਂ ਵਾਂਗ ਡਾਕਟਰ ਮਿਸ਼ਰਾ ਨੇ ਵੀ ਉਦੋਂ ਆਪਣੀ ਮੇਜ਼ ਉੱਪਰ ਥਰਮਾਮੀਟਰ, ਰੂੰ, ਟੀਕੇ, ਬਲੱਡ ਪ੍ਰੈੱਸ਼ਰ ਨਾਪਣ ਵਾਲਾ ਯੰਤਰ, ਟਾਰਚ, ਅਤੇ ਦਵਾਈਆਂ ਦੀਆਂ ਗੋਲੀਆਂ ਨਾਲ ਭਰੇ ਦੋ-ਚਾਰ ਕੱਚ ਦੇ ਮਰਤਬਾਨ ਰੱਖੇ ਹੁੰਦੇ ਸਨ ਅਤੇ ਹਰ ਆਏ ਮਰੀਜ਼ ਨੂੰ ਉਹ ਦਵਾਈ ਦੀਆਂ ਗੋਲੀਆਂ ਵਗੈਰਾ ਇਨ੍ਹਾਂ ਮਰਤਬਾਨਾਂ ਵਿੱਚੋਂ ਆਪ ਹੀ ਚੁਣ ਕੇ ਅਤੇ ਆਪ ਹੀ ਲਿਫ਼ਾਫ਼ੀ ਵਿੱਚ ਪਾ ਕੇ ਦਿੰਦਾ ਸਨ

ਡਾਕਟਰ ਮਿਸ਼ਰਾ ਦੀ ਇੱਕ ਖਾਸੀਅਤ ਇਹ ਸੀ ਕਿ ਉਸਨੇ ਦਵਾਈਆਂ, ਟੀਕਿਆਂ ਦੇ ਨਾਲ ਨਾਲ ਆਪਣੀ ਮੇਜ਼ ਉੱਪਰ ਇੱਕ ਮਾਈਕਰੋਸਕੋਪ, ਲਕੜੀ ਦੇ ਇੱਕ ਸਟੈਂਡ ਉੱਤੇ ਪੰਜ-ਸੱਤ ਟੈਸਟ ਟਿਊਬਾਂ ਅਤੇ ਇੱਕ ਡੱਬੇ ਵਿੱਚ ਹੋਰ ਛੋਟੇ ਮੋਟੇ ਸਾਧਨ ਰੱਖੇ ਹੁੰਦੇ ਸਨ ਜਿਨ੍ਹਾਂ ਨਾਲ ਉਹ ਖ਼ੂਨ, ਪਿਸ਼ਾਬ, ਥੁੱਕ ਆਦਿ ਦੇ ਮੁਢਲੇ ਟੈਸਟ ਵੀ ਖੁਦ ਹੀ ਕਰ ਲੈਂਦਾ ਸੀ ਅਤੇ ਮਰੀਜ਼ ਕੋਲੋਂ ਉਸਦੇ ਅਲੱਗ ਬਹੁਤੇ ਪੈਸੇ ਵੀ ਨਹੀਂ ਸੀ ਲੈਂਦਾ ਉਦੋਂ ਦਵਾਈ ਸਮੇਤ ਡਾਕਟਰ ਮਿਸ਼ਰਾ ਦੀ ਫੀਸ ਸਿਰਫ ਦੋ ਰੁਪਏ ਹੁੰਦੀ ਸੀਟੀਕਾ ਵਗੈਰਾ ਵੀ ਜੇ ਕਿਸੇ ਦੇ ਲਗਾਉਣਾ ਪੈ ਜਾਂਦਾ ਤਾਂ ਬਹੁਤ ਸਸਤੇ ਵਿੱਚ ਸਰ ਜਾਂਦਾ ਸੀਕਈ ਵਾਰ ਗਰੀਬ-ਗੁਰਬੇ ਨੂੰ ਉਹ ਦਵਾਈ ਮੁਫ਼ਤ ਵਿੱਚ ਵੀ ਦੇ ਦਿੰਦਾ ਸੀਕਦੀ, ਕਿਸੇ ਬੰਦੇ ਨੂੰ ਚੈੱਕਅਪ ਕਰਕੇ ਉਹ ਬਿਨਾ ਦਵਾਈ ਦਿੱਤਿਆਂ ਹੀ ਇਹ ਕਹਿ ਕੇ ਵਾਪਸ ਤੋਰ ਦਿੰਦਾ ਸੀ ਕਿ ਤੁਹਾਨੂੰ ਕੋਈ ਖਾਸ ਸ਼ਿਕਾਇਤ ਨਹੀਂ ਹੈ, ਅਰਾਮ ਨਾਲ ਘਰ ਜਾਓ, ਇੱਕ-ਅੱਧੇ ਦਿਨ ਵਿੱਚ ਆਪਣੇ ਆਪ ਠੀਕ ਹੋ ਜਾਉਂਗੇ

ਸਮਾਂ ਤੁਰਦਾ ਗਿਆ, ਦੋ ਰੁਪਏ ਦੀ ਪਰਚੀ ਪੰਜ ਦੀ ਹੋ ਗਈ ਦੁੱਗਣੀ ਤੋਂ ਵੀ ਜ਼ਿਆਦਾਪਰ ਡਾਕਟਰ ਮਿਸ਼ਰਾ ਉੱਤੇ ਲੋਕਾਂ ਦਾ ਵਿਸ਼ਵਾਸ ਉਸੇ ਤਰ੍ਹਾਂ ਕਾਇਮ ਰਿਹਾ ਉਨ੍ਹੀਂ ਦਿਨੀਂ ਇੱਕ ਨਵਾਂ ਬੁਖਾਰ ਚੱਲਿਆ ਸੀ, ‘ਡਿਸਕੋ ਫੀਵਰ’ (ਜੋ ਬਾਅਦ ਵਿੱਚ ਡੇਂਗੂ ਦੇ ਨਾਮ ਨਾਲ ਮਸ਼ਹੂਰ ਹੋਇਆ) ਇਸ ਨਾਲ ਕਈ ਘਰਾਂ ਦੇ ਤਾਂ ਪੂਰੇ ਦੇ ਪੂਰੇ ਜੀ ਬਿਮਾਰ ਹੋ ਕੇ ਮੰਜਿਆਂ ’ਤੇ ਪੈ ਜਾਂਦੇ ਸਨਪ੍ਰੰਤੂ ਡਾਕਟਰ ਮਿਸ਼ਰਾ ਦੀ ਇੱਕੋ ਦਵਾਈ ਸਾਰੇ ਘਰਦਿਆਂ ਨੂੰ ਠੀਕ ਕਰ ਦਿੰਦੀ ਸੀਘਰ ਵਿੱਚੋਂ ਇੱਕ ਜਣੇ ਨੇ ਹੀ ਜਾ ਕੇ ਅਤੇ ਲੱਛਣ ਦੱਸ ਕੇ ਸਾਰੇ ਘਰ ਲਈ ਗੋਲੀਆਂ ਲੈ ਆਉਣੀਆਂਉਸਦੇ ਵੀ ਉਹ ਕੋਈ ਬਹੁਤੇ ਜ਼ਿਆਦਾ ਪੈਸੇ ਵਸੂਲ ਨਹੀਂ ਸੀ ਕਰਦਾ

ਸਨ ਚੁਰਾਸੀ ਦੇ ਦੰਗਿਆਂ ਤੋਂ ਬਾਅਦ, ਸਮੇਂ ਦੇ ਸਤਾਏ ਬਹੁਤ ਸਾਰੇ ਦੰਗਾ ਪੀੜਤ ਬਾਹਰਲੇ ਸੂਬਿਆਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆ ਵਸੇਕਾਰਨ ਤਾਂ ਪਤਾ ਨਹੀਂ, ਪਰ ਲੋਕ ਉਦੋਂ ਉਨ੍ਹਾਂ ਨੂੰ ਜਹਾਜ਼ ਕਹਿੰਦੇ ਸੀਇਨ੍ਹਾਂ ਵਿੱਚੋਂ ਹੀ ਕੁਝ ਸਾਡੇ ਮਹੱਲੇ ਵਿੱਚ ਵੀ ਆ ਕੇ ਰਹਿਣ ਲੱਗ ਪਏ ਜਿਨ੍ਹਾਂ ਵਿੱਚੋਂ ਇੱਕ ਸੱਜਣ ਨੇ ਡਾਕਟਰ ਮਿਸ਼ਰਾ ਦੇ ਨੇੜੇ ਹੀ ਦਵਾਈਆਂ ਦੀ ਦੁਕਾਨ ਖੋਲ੍ਹ ਲਈਸਾਡੇ ਮਹੱਲੇ ਵਿੱਚ ਸ਼ਾਇਦ ਦਵਾਈਆਂ ਦੀ ਉਹ ਪਹਿਲੀ ਦੁਕਾਨ ਸੀ ਅਤੇ ਨਵੀਂ ਹੋਣ ਕਰਕੇ ਵਾਹਵਾ ਸਜੀ ਹੋਈ ਵੀ ਲਗਦੀ ਹੁੰਦੀ ਸੀਮਹੱਲੇਦਾਰੀ ਕਰਕੇ ਹੋਰਨਾਂ ਵਾਂਗ ਹੀ ਆਉਂਦੇ-ਜਾਂਦੇ ਅਸੀਂ ਵੀ ਅਕਸਰ ਦੁਕਾਨ ਅੰਦਰ ਬੈਠੇ ਦੁਕਾਨ ਦੇ ਮਾਲਕ ਸਰਦਾਰ ਜੀ ਹੋਰਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਲੰਘਦੇ

ਕਦੇ ਕਦੇ ਦੁਪਹਿਰ ਦੇ ਸਮੇਂ ਆਉਂਦੇ-ਜਾਂਦੇ ਜਦੋਂ ਅਸੀਂ ਵੇਖਦੇ ਕਿ ਦਵਾਈਆਂ ਵਾਲੇ ਸਰਦਾਰ ਜੀ ਦੁਕਾਨ ’ਤੇ ਨਹੀਂ ਬੈਠੇ ਤਾਂ ਅੱਗੇ ਜਾ ਕੇ ਉਹ ਡਾਕਟਰ ਮਿਸ਼ਰਾ ਦੀ ਦੁਕਾਨ ’ਤੇ ਮਰੀਜ਼ਾਂ ਤੋਂ ਹਟ ਕੇ ਉਸਦੇ ਇੱਕ ਪਾਸੇ ਵਾਲੀ ਕੁਰਸੀ ’ਤੇ ਬੈਠੇ ਨਜ਼ਰ ਆਉਂਦੇ। ਅਸੀਂ ਦੋਵਾਂ ਨੂੰ ਇਕੱਠਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਲੰਘਦੇਕਈ ਵਾਰ ਅਸੀਂ ਦੋਸਤ ਹੈਰਾਨ ਹੋ ਕੇ ਇੱਕ ਦੂਜੇ ਨੂੰ ਪੁੱਛਦੇ, “ਯਾਰ ਇਹ ਦਵਾਈਆਂ ਵਾਲਾ ਜਹਾਜ਼ ਰੋਜ਼ ਆਪਣੀ ਦੁਕਾਨ ਛੱਡ ਕੇ ਡਾਕਟਰ ਮਿਸ਼ਰਾ ਦੀ ਦੁਕਾਨ ’ਤੇ ਪਤਾ ਨਹੀਂ ਕਿਉਂ ਬੈਠਾ ਰਹਿੰਦਾ ਹੈ?”

ਸਮਾਂ ਬੀਤਦਾ ਗਿਆਇੱਕ ਦਿਨ ਮਹੱਲੇ ਵਿੱਚ ਪਤਾ ਚੱਲਿਆ ਕਿ ਡਾਕਟਰ ਮਿਸ਼ਰਾ ਨੇ ਮਰੀਜ਼ਾਂ ਨੂੰ ਆਪਣੇ ਕੋਲੋਂ ਦਵਾਈ ਦੇਣੀ ਬੰਦ ਕਰ ਦਿੱਤੀ ਹੈਪੰਜ ਰੁਪਏ ਲੈ ਕੇ ਹੁਣ ਉਹ ਸਿਰਫ ਮਰੀਜ਼ ਨੂੰ ਚੈੱਕ ਕਰਕੇ ਪਰਚੀ ਲਿਖ ਕੇ ਦੇ ਦਿੰਦਾ ਹੈ ਅਤੇ ਦਵਾਈ ਸਾਮ੍ਹਣੇ ਸਰਦਾਰ ਜੀ ਦੀ ਦੁਕਾਨ ਤੋਂ ਖਰੀਦਣੀ ਪੈਂਦੀ ਹੈਕਈ ਲੋਕਾਂ ਨੇ ਡਾਕਟਰ ਮਿਸ਼ਰਾ ਦੀ ਲਿਖੀ ਪਰਚੀ ਲੈ ਕੇ ਸ਼ਹਿਰ ਜਾਣਾ ਜਾਂ ਹੋਰ ਦੂਰ-ਨੇੜੇ ਦੀਆਂ ਦੁਕਾਨਾਂ ਤੋਂ ਪਤਾ ਕਰਨਾ, ਪਰ ਉਸਦੀ ਲਿਖੀ ਮਹਿੰਗੀ-ਸਸਤੀ ਦਵਾਈ ਸਿਰਫ ਉਸੇ ਸਰਦਾਰ ਜੀ ਦੀ ਦੁਕਾਨ ਤੋਂ ਹੀ ਮਿਲਣੀ। ਇਸ ਗੱਲੋਂ ਆਮ ਲੋਕ ਕੁਝ ਪ੍ਰੇਸ਼ਾਨ ਰਹਿਣ ਲੱਗ ਪਏਰੱਬ ਜਾਣੇ, ਇਹ ਹੀ ਕਾਰਨ ਸੀ ਜਾਂ ਕੁਝ ਹੋਰ, ਪ੍ਰੰਤੂ ਇਸ ਨਾਲ ਡਾਕਟਰ ਮਿਸ਼ਰਾ ਦੀ ਦੁਕਾਨ ’ਤੇ ਮਰੀਜ਼ਾਂ ਦੀ ਆਵਾਜਾਈ ਘਟਣ ਲੱਗ ਪਈਕਈ ਵਾਰ ਦੁਪਹਿਰ ਵੇਲੇ ਲੰਘਦਿਆਂ ਵੇਖਣਾ ਕਿ ਡਾਕਟਰ ਮਿਸ਼ਰਾ ਅਤੇ ਦਵਾਈਆਂ ਵਾਲੇ ਸਰਦਾਰ ਜੀ ਦੋਵੇਂ ਇਕੱਲੇ ਹੀ ਉਨ੍ਹਾਂ ਦੀ ਦੁਕਾਨ ਅੰਦਰ ਵਿਹਲੇ ਬੈਠੇ ਸੁਸਤਾ ਰਹੇ ਹੁੰਦੇ

ਵਕਤ ਹੋਰ ਅੱਗੇ ਤੁਰਿਆਹੁਣ ਅਸੀਂ ਜਦੋਂ ਵੀ ਦੁਪਹਿਰ ਵੇਲੇ ਡਾਕਟਰ ਮਿਸ਼ਰਾ ਦੀ ਦੁਕਾਨ ਅੱਗੋਂ ਲੰਘਦੇ ਤਾਂ ਦਵਾਈਆਂ ਵਾਲੇ ਸਰਦਾਰ ਜੀ ਉੱਥੇ ਘੱਟ ਹੀ ਬੈਠੇ ਦਿਸਦੇਫਿਰ ਇੱਕ ਦਿਨ ਪਤਾ ਚੱਲਿਆ ਕਿ ਦਵਾਈਆਂ ਵਾਲੇ ਸਰਦਾਰ ਜੀ ਦੁਕਾਨ ਬੰਦ ਕਰਕੇ ਕਿਧਰੇ ਹੋਰ ਚਲੇ ਗਏ ਹਨ ਅਤੇ ਡਾਕਟਰ ਮਿਸ਼ਰਾ ਨੇ ਦਵਾਈਆਂ ਫਿਰ ਤੋਂ ਆਪਣੀ ਦੁਕਾਨ ਵਿੱਚ ਹੀ ਰੱਖ ਲਈਆਂ ਹਨਅਸੀਂ ਵੇਖਿਆ, ਉਨ੍ਹਾਂ ਨੇ ਦੁਕਾਨ ਦੇ ਇੱਕ ਪਾਸੇ ਕੰਧ ਨਾਲ ਰੈਕ ਲਗਾ ਕੇ ਦਵਾਈਆਂ ਰੱਖੀਆਂ ਹੋਈਆਂ ਸਨ ਅਤੇ ਆਪਣੇ ਇੱਕ ਵਾਕਫ਼ ਨੂੰ ਨਾਲ ਬਿਠਾ ਲਿਆ ਸੀ, ਜੋ ਡਾਕਟਰ ਵੱਲੋਂ ਲਿਖੀ ਹੋਈ ਦਵਾਈ ਡੱਬੀਆਂ ਵਿੱਚੋਂ ਕੱਢ ਕੇ ਮਰੀਜ਼ ਨੂੰ ਦੇ ਦਿੰਦਾ ਹੈ ਅਤੇ ਉਸਦੇ ਬਣਦੇ ਪੈਸੇ ਡਾਕਟਰ ਦੀ ਫੀਸ ਨਾਲ ਜੋੜ ਕੇ ਲਈ ਜਾਂਦਾ ਹੈ ਮਹੱਲੇ ਦੇ ਲੋਕ ਵੀ ਇਸ ਨਾਲ ਸਹਿਜ ਮਹਿਸੂਸ ਕਰਨ ਲੱਗ ਪਏਦੁਪਹਿਰ ਦਾ ਵਾਧੂ ਸਮਾਂ ਮਿਲਣ ਕਰਕੇ ਹੁਣ ਡਾਕਟਰ ਮਿਸ਼ਰਾ ਦਿਨ ਵਿੱਚ ਪਹਿਲਾਂ ਤੋਂ ਵੀ ਵੱਧ ਮਰੀਜ਼ ਵੇਖਣ ਲੱਗ ਪਿਆ

ਕੁਝ ਸਾਲ ਪਹਿਲਾਂ ਡਾਕਟਰ ਮਿਸ਼ਰਾ ਨੂੰ ਕਿਸੇ ਕਾਰਨ ਕਰਕੇ ਆਪਣੀ ਉਹ ਕਿਰਾਏ ਦੀ ਦੁਕਾਨ ਖਾਲੀ ਕਰਨੀ ਪੈ ਗਈਪਰ ਰੱਬ ਦਾ ਸ਼ੁਕਰ ਕਿ ਉਸਦੇ ਨਜ਼ਦੀਕ ਹੀ ਉਸ ਨੂੰ ਪਹਿਲਾਂ ਤੋਂ ਵੀ ਖੁੱਲ੍ਹੀ-ਡੁੱਲੀ ਇੱਕ ਹੋਰ ਦੁਕਾਨ ਮਿਲ ਗਈ। ਉਸ ਦੁਕਾਨ ਵਿੱਚ ਇੱਕ ਪਾਸੇ ਸ਼ੀਸ਼ੇ ਦੀ ਕੈਬਨ ਬਣਾ ਕੇ ਡਾ. ਮਿਸ਼ਰਾ ਨੇ ਇੱਕ ਛੋਟੀ ਜਿਹੀ ਲੈਬੌਟਰੀ ਵੀ ਬਣਾ ਲਈ ਤੇ ਉਸ ਲਈ ਇੱਕ ਵੱਖਰਾ ਟੈਕਨੀਸ਼ੀਅਨ ਵੀ ਰੱਖ ਲਿਆ। ਇਸ ਨਾਲ ਡਾ. ਮਿਸ਼ਰਾ ਦੀ ਜ਼ਰੂਰਤਮੰਦ ਮਰੀਜ਼ਾਂ ਦੇ ਟੈਸਟ ਕਰਕੇ ਉਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਪਹਿਲਾਂ ਤੋਂ ਬਹੁਤ ਵਧ ਗਈਆਪਣੇ ਬੈਠਣ ਅਤੇ ਮਰੀਜ਼ ਵੇਖਣ ਲਈ ਵੀ ਉਸਨੇ ਦੁਕਾਨ ਅੰਦਰ ਹੀ ਪਰਦੇ ਵਾਲੀ ਇੱਕ ਵੱਖਰੀ ਕੈਬਨ ਵੀ ਬਣਾ ਲਈ

ਹੁਣ ਮਹੱਲੇ ਦੀ ਅਬਾਦੀ ਪੰਜਾਹ ਸਾਲਾਂ ਵਿੱਚ ਕਈ ਗੁਣਾ ਵਧ ਚੁੱਕੀ ਹੈਪ੍ਰਵਾਸੀਆਂ ਅਤੇ ਆਸੇ-ਪਾਸੇ ਦੇ ਪਿੰਡਾਂ ਤੋਂ ਆ ਕੇ ਵਸਣ ਵਾਲੇ ਬੇਸ਼ੁਮਾਰ ਲੋਕਾਂ ਨਾਲ ਪੂਰਾ ਇਲਾਕਾ ਹੁਣ ਇੱਕ ਸ਼ਹਿਰ ਹੀ ਪ੍ਰਤੀਤ ਹੁੰਦਾ ਹੈਅਣਗਿਣਤ ਹੀ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ ਅਤੇ ਨਵੇਂ-ਨਵੇਂ ਹੋਰ ਡਾਕਟਰ ਆ ਵਸੇ ਹਨਨੇੜੇ-ਤੇੜੇ ਕਈ ਨਰਸਿੰਗ ਹੋਮ ਵੀ ਖੁੱਲ੍ਹ ਗਏ ਹਨਬਜ਼ੁਰਗ ਡਾਕਟਰ ਮਿਸ਼ਰਾ ਕੋਲ ਹੁਣ ਦੂਰ-ਨੇੜੇ ਦੇ ਹੋਰ ਇਲਾਕਿਆਂ ਤੋਂ ਮਰੀਜ਼ ਆਉਣ ਕਰਕੇ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ ਚੋਖੀ ਵਧ ਗਈ ਹੈ। ਜਾਪਦਾ ਹੈ ਕਿ ਇਨ੍ਹਾਂ ਮਰੀਜ਼ਾਂ ਦਾ ਆਪਣੇ ਡਾਕਟਰ ਪ੍ਰਤੀ ਵਿਸ਼ਵਾਸ, ਸਤਿਕਾਰ ਅਤੇ ਡਾਕਟਰ ਮਿਸ਼ਰਾ ਦਾ ਆਪਣੇ ਮਰੀਜ਼ਾਂ ਪ੍ਰਤੀ ਆਪਣਾਪਨ, ਸਹਿਣਸ਼ੀਲਤਾ, ਪਿਆਰ, ਸਮਰਪਣ ਅਤੇ ਸਹਿਜਤਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4597)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਲਕੀਅਤ ਸਿੰਘ ਧਾਮੀ

ਮਲਕੀਅਤ ਸਿੰਘ ਧਾਮੀ

Whatsapp: (91 - 98140 - 28614)
Email: (voltexglobal@gmail.com)