“ਸਮਾਜਿਕ ਤੌਰ ’ਤੇ ਵਿਕਲਾਂਗ ਵਿਅਕਤੀਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ। ਕੁਝ ਲੋਕ ...”
(3 ਦਸੰਬਰ 2023)
ਇਸ ਸਮੇਂ ਪਾਠਕ: 478.
ਵਿਕਲਾਂਗ ਦਿਵਸ ਦਾ ਆਰੰਭ ਸੰਨ 1992 ਤੋਂ ਯੁਨਾਈਟਡ ਨੇਸ਼ਨਜ਼ ਜਨਰਲ ਅਸੈਂਬਲੀ ਦੁਆਰਾ ਕੀਤਾ ਗਿਆ। ਇਸ ਦਿਨ ਦਾ ਮਕਸਦ ਵਿਕਲਾਂਗ ਵਿਅਕਤੀਆਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨਾ ਅਤੇ ਉਹਨਾਂ ਦੇ ਹੱਕਾਂ ਲਈ ਉਹਨਾਂ ਦਾ ਸਾਥ ਦੇਣਾ ਆਦਿ ਸੀ। ਦੁਨੀਆ ਭਰ ਵਿੱਚ ਇਸ ਵਕਤ ਵਿਕਲਾਂਗ ਵਿਅਕਤੀਆਂ ਦੀ ਗਿਣਤੀ ਸੌ ਕਰੋੜ ਦੇ ਕਰੀਬ ਹੈ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇਂ ਤਾਂ 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ 2 ਕਰੋੜ 70 ਲੱਖ ਵਿਕਲਾਂਗ ਵਿਅਕਤੀ ਹਨ। ਇਨ੍ਹਾਂ ਵਿੱਚੋਂ 1.50 ਕਰੋੜ ਮਰਦ ਅਤੇ 1.20 ਕਰੋੜ ਔਰਤਾਂ ਹਨ। 69% ਵਿਕਲਾਂਗ ਲੋਕ ਪਿੰਡਾਂ ਵਿੱਚ ਅਤੇ 31% ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ। ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਲਗਭਗ 61% ਵਿਕਲਾਂਗ ਵਿਅਕਤੀ ਸਕੂਲੀ ਪੜ੍ਹਾਈ ਪ੍ਰਾਪਤ ਕਰਦੇ ਹਨ।
ਉਚੇਰੀ ਸਿੱਖਿਆ ਵਿੱਚ ਇਹ ਪ੍ਰੀਸ਼ਤਤਾ ਘਟ ਕੇ 12% ਰਹਿ ਜਾਂਦੀ ਹੈ। ਇਹਨਾਂ ਦੀ ਵਿਆਹ ਦਰ ਲਗਭਗ 58% ਹੈ। ਪੰਜਾਬ ਵਿੱਚ ਵਿਕਲਾਂਗ ਲੋਕਾਂ ਦੀ ਗਿਣਤੀ 6.54 ਲੱਖ ਹੈ। ਇਹ ਗਿਣਤੀ ਪੰਜਾਬ ਦੀ ਆਬਾਦੀ ਦਾ 2.35% ਹੈ। ਉੱਤਰ ਪ੍ਰਦੇਸ਼ ਰਾਜ ਵਿੱਚ ਸਭ ਤੋਂ ਵੱਧ ਗਿਣਤੀ ਇਹਨਾਂ ਦੀ ਹੈ। ਕੁਲ ਆਬਾਦੀ ਦਾ 8.69% ਲੋਕ ਵਿਕਲਾਂਗ ਹਨ। ਪੰਜਾਬ ਦਾ ਸਥਾਨ ਤੇਰ੍ਹਵਾਂ ਹੈ। ਇੱਥੇ ਕੁਲ ਆਬਾਦੀ ਦਾ 2.44% ਲੋਕ ਵਿਕਲਾਂਗ ਹਨ। ਜੇਕਰ ਦੁਨੀਆ ਦੇ ਵੱਡੇ ਰਿਕਾਰਡ ਪੈਦਾ ਕਰਨ ਵਾਲੇ ਵਿਕਲਾਂਗ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ ਹਜ਼ਾਰਾਂ-ਲੱਖਾਂ ਵਿੱਚ ਹੋ ਸਕਦੀ ਹੈ। ਕੁਝ ਉਹ ਸਖਸੀਅਤਾਂ ਜਿਨ੍ਹਾਂ ਆਪਣੇ ਦਿੜ੍ਹ ਇਰਾਦੇ ਅਤੇ ਸਖਤ ਮਿਹਨਤ ਨਾਲ ਉਹ ਮੁਕਾਮ ਹਾਸਲ ਕੀਤੇ, ਜਿਹੜੇ ਸਧਾਰਨ ਵਿਅਕਤੀਆਂ ਲਈ ਵੀ ਵੱਡੇ ਚੈਲੰਜ ਸਨ। ਸਟੈਪਹਨ ਹਊਕਿੰਗ ਇੰਗਲੈਂਡ ਨਿਵਾਸੀ ਦੁਨੀਆ ਦੇ ਇੱਕ ਮਸ਼ਹੂਰ ਭੌਤਿਕ ਵਿਗਿਆਨੀ ਸਨ ਜੋ ਨਾ ਤਾਂ ਚੱਲ ਫਿਰ ਸਕਦੇ ਸਨ ਅਤੇ ਨਾ ਹੀ ਬੋਲ ਸਕਦੇ ਸਨ।
ਹੈਲਨ ਐਡਮਜ਼ ਕੈਲਰ ਅਮਰੀਕਾ ਨਿਵਾਸੀ ਨੇ ਲਗਭਗ ਇੱਕ ਦਰਜਨ ਕਿਤਾਬਾਂ ਲਿਖੀਆਂ। ਇਹ ਲੇਖਕਾ ਗੂੰਗੀ-ਬੋਲੀ ਅਤੇ ਨੇਤਰਹੀਣ ਸੀ। ਸੀਤਲ ਦੇਵੀ ਨਿਵਾਸੀ ਜੰਮੂ-ਕਸ਼ਮੀਰ ਪਹਿਲੀ ਔਰਤ ਜਿਸਦੀਆਂ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਤੀਰ ਅੰਦਾਜ਼ੀ ਵਿੱਚ ਏਸ਼ੀਅਨ ਪੈਰਾ-ਉਲੰਪਿੰਕ ਖੇਡਾਂ 2023 ਵਿੱਚ 3 ਮੈਡਲ ਜਿੱਤੇ। ਇਨ੍ਹਾਂ ਵਿੱਚੋਂ ਦੋ ਸੋਨੇ ਦੇ ਹਨ। ਅਰੁਣਾ ਸਿਨਹਾ ਉੱਤਰ ਪ੍ਰਦੇਸ਼ ਨਿਵਾਸੀ ਨੂੰ ਕੁਝ ਲੁਟੇਰਿਆਂ ਨੇ ਰੇਲ ਗੱਡੀ ਵਿੱਚੋਂ ਧੱਕਾ ਦੇ ਦਿੱਤਾ ਸੀ। ਰੇਲ ਗੱਡੀ ਹੇਠਾਂ ਆਉਣ ਕਾਰਨ ਉਸ ਦੀ ਇੱਕ ਲੱਤ ਕੱਟੀ ਗਈ। ਪਰ ਆਪਣੇ ਦਿੜ੍ਹ ਇਰਾਦੇ ਨਾਲ ਉਸ ਨੇ ਇਸ ਦੁਰਘਟਨਾ ਤੋਂ ਦੋ ਸਾਲ ਬਾਅਦ ਮਾਊਂਟ ਐਵਰੈਸਟ ਫਤਿਹ ਕਰ ਲਈ।
ਸੂਦਾ ਚੰਦਰਾ ਬੰਬਈ ਨਿਵਾਸੀ ਦੀ ਇੱਕ ਲੱਤ 16 ਸਾਲ ਦੀ ਉਮਰ ਵਿੱਚ ਕੱਟਣੀ ਪਈ ਸੀ। ਫਿਰ ਵੀ ਉਹ ਇੱਕ ਮਸ਼ਹੂਰ ਐਕਟਰੈਸ ਤੇ ਕਲਾਸੀਕਲ ਡਾਂਸਰ ਹੈ। ਰਵਿੰਦਰਾ ਜੈਨ ਨਿਵਾਸੀ ਉੱਤਰ ਪ੍ਰਦੇਸ਼ ਨੇਤਰਹੀਣ ਹਨ ਅਤੇ ਇੱਕ ਮਸ਼ਹੂਰ ਮਿਊਜ਼ਿਕ ਡਇਰੈਕਟਰ ਹਨ। ਸ. ਰਜਿੰਦਰ ਸਿੰਘ ਰਹੇਲੂ ਨੂੰ ਪੋਲੀਓ ਹੋ ਗਿਆ ਸੀ, ਜਦੋਂ ਉਹ ਅਜੇ ਅੱਠ ਮਹੀਨੇ ਦੇ ਸਨ। ਉਹਨਾਂ ਨੇ ਸੰਨ 2004 ਦੀਆਂ ਪੈਰਾ-ਉਲੰਪਿੰਕ ਖੇਡਾਂ ਵਿੱਚ ਬਰੌਂਜ਼ ਮੈਡਲ ਪਾਵਰ ਲਿਫਟਿੰਗ ਬੈਂਚ ਪ੍ਰੈੱਸ ਵਿੱਚ ਜਿੱਤਿਆ। ਉਹ ਪਿੰਡ ਮਹਿਸਮਪੁਰ ਜ਼ਿਲ੍ਹਾ ਜਲੰਧਰ ਪੰਜਾਬ ਦੇ ਨਿਵਾਸੀ ਹਨ।
ਇਹਨਾਂ ਵਿਅਕਤੀਆਂ ਦੀਆਂ ਉਪਲਬਧੀਆਂ ਹੈਰਾਨੀਜਨਕ ਹਨ। ਸਾਡੇ ਦੇਸ਼ ਵਿੱਚ 21 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਿਕਲਾਂਗਤਾ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰੰਤੂ ਨੌਕਰੀਆਂ ਵਿੱਚ ਇਹਨਾਂ ਦਾ ਕੋਟਾਂ ਸਿਰਫ 4% ਰਾਖਵਾਂ ਹੈ। ਇਹ ਲੋਕ ਸਰੀਰਿਕ ਤੌਰ ’ਤੇ ਹਰੇਕ ਕੰਮ ਕਰਨ ਦੇ ਯੋਗ ਨਹੀਂ ਹੁੰਦੇ। ਸਰਕਾਰ ਨੂੰ ਚਾਹੀਦਾ ਹੈ ਕਿ ਨੌਕਰੀਆਂ ਵਿੱਚ ਇਹਨਾਂ ਦਾ ਕੋਟਾ ਵਧਾਇਆ ਜਾਵੇ, ਚਾਹੇ ਉਹ ਸਰਕਾਰੀ ਸੈਕਟਰ ਹੋਵੇ ਜਾਂ ਪਰਾਈਵੇਟ। ਪੰਜਾਬ ਸਰਕਾਰ ਨੂੰ ਇਹਨਾਂ ਦੀ ਪੈਨਸ਼ਨ 1500 ਰੁਪਏ ਤੋਂ ਵਧਾ ਕੁ ਘੱਟ ਤੋਂ ਘੱਟ 5000 ਰੁਪਏ ਕਰਨੀ ਚਾਹੀਦੀ ਹੈ। ਸਵੈਰੁਜ਼ਗਾਰ ਖੋਲ੍ਹਣ ਲਈ ਬਿਆਜ ਰਹਿਤ ਕਰਜ਼ਾ ਦੇਣਾ ਚਾਹੀਦਾ ਹੈ। ਇਹਨਾਂ ਦੇ ਬੱਚਿਆਂ ਨੂੰ ਵੀ ਨੌਕਰੀ ਵਿੱਚ ਰਾਖਵਾਂਕਰਨ ਮਿਲਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਪਰਿਵਾਰ ਦਾ ਪਾਲਣ-ਪੋਸਣ ਕਰਨ, ਜ਼ਰੂਰਤਾਂ ਪੂਰੀਆਂ ਕਰਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਪੂਰੀ ਕਰਨ ਵਿੱਚ ਬਹੁਤ ਸਾਰੀਆਂ ਔਕੜਾਂ ਪੇਸ਼ ਆਉਂਦੀਆਂ ਹਨ।
ਸਮਾਜਿਕ ਤੌਰ ’ਤੇ ਵਿਕਲਾਂਗ ਵਿਅਕਤੀਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ। ਕੁਝ ਲੋਕ ਇਹਨਾਂ ਦਾ ਮਜ਼ਾਕ ਉਡਾਉਂਦੇ ਰਹਿੰੰਦੇ ਹਨ। ਕੁਝ ਇਹਨਾਂ ਦੀ ਜ਼ਮੀਨ ਜਾਇਦਾਦ ਦਾ ਨੁਕਸਾਨ ਕਰਨ, ਹੜੱਪਣ ਆਦਿ ਦੀ ਤਾਂਘ ਵਿੱਚ ਰਹਿੰਦੇ ਹਨ, ਇਸ ਸੋਚ ਨਾਲ ਕਿ ਇਹ ਸਾਡਾ ਕੀ ਵਿਗਾੜ ਸਕਦੇ ਹਨ। ਸਰਕਾਰ ਨੂੰ ਚਾਹੀਦਾ ਹੈ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਇੱਕ ਸਪੈਸ਼ਲ ਸੈੱਲ ਨਿਯੁਕਤ ਕਰੇ। ਬੈਕਾਂ, ਸਰਕਾਰੀ, ਪਾਈਵੇਟ ਦਫਤਰਾਂ ਆਦਿ ਵਿੱਚ ਇਹਨਾਂ ਲਈ ਕੰਮ ਕਰਵਾਉਣ ਲਈ ਸਪੈਸ਼ਲ ਖਿੜਕੀ ਹੋਣੀ ਚਾਹੀਦੀ ਹੈ, ਕਿਉਂਕਿ ਇਹਨਾਂ ਲਈ ਬਿਨਾਂ ਸਹਾਰੇ ਜਾਂ ਜ਼ਿਆਦਾ ਦੇਰ ਖੜ੍ਹੇ ਹੋਣਾ ਮੁਸ਼ਕਲ ਹੋ ਜਾਂਦਾ ਹੈ, ਕੋਈ ਵੀ ਸਰਕਾਰੀ, ਗੈਰ-ਸਰਕਾਰੀ ਸਹੂਲਤ ਲੈਣ ਲਈ ਬਹੁਤ ਸਾਰੀ ਕਾਗਜ਼ੀ ਕਾਰਵਾਈ ਤੇ ਦਫਤਰਾਂ ਦੇ ਗੇੜੇ ਮਾਰਨੇ ਪੈਂਦੇ ਹਨ। ਜਦੋਂ ਕਿ ਇੱਕ ਵਿਕਲਾਂਗ ਵਿਅਕਤੀ ਲਈ ਚੱਲਣ-ਫਿਰਨ, ਜ਼ਿਆਦਾ ਦੇਰ ਖੜ੍ਹਨ ਆਦਿ ਵਿੱਚ ਦਿੱਕਤ ਹੁੰਦੀ ਹੈ। ਕਾਗਜ਼ੀ ਕਾਰਵਾਈ ਸਰਲ ਅਤੇ ਘਰ ਬੈਠਿਆਂ ਦੀ ਹੋਣੀ ਚਾਹੀਦੀ ਹੈ। ਡਰਾਈਵਰ ਲਾਈਸੈਂਸ ਅਤੇ ਅਸਲਾ ਲਾਇਸੈਂਸ ਬਣਾਉਣ ਲਈ ਇਹਨਾਂ ਲੋਕਾਂ ਨੂੰ ਜ਼ਿਆਦਾਤਰ ਯੋਗ ਨਹੀਂ ਮੰਨਿਆਂ ਜਾਂਦਾ ਜੋ ਕਿ ਇਹਨਾਂ ਨਾਲ ਵੱਡੀ ਬੇਇਨਸਾਫੀ ਹੈ। ਡਾਕਟਰੀ ਜਾਂਚ ਕਰਵਾ ਕੇ ਯੋਗ ਵਿਅਕਤੀਆਂ ਨੂੰ ਡਰਾਈਵਿੰਗ ਲਾਇਸੰਸ ਤੇ ਅਸਲਾ ਲਾਇਸੈਂਸ ਜ਼ਰੂਰ ਦੇਣਾ ਚਾਹੀਦਾ ਹੈ। ਪਰ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਹੀ ਨਹੀਂ ਹੁੰਦੀ ਕਿ ਇਹਨਾਂ ਦੇ ਕੇਸ ਦੇ ਸੰਬੰਧ ਵਿੱਚ ਕੀ ਨਿਯਮ ਹਨ। ਇਹਨਾਂ ਨੂੰ ਇਹ ਕਹਿ ਕਿ ਅਧਿਕਾਰੀ ਆਪਣਾ ਪੱਲਾ ਝਾੜ ਲੈਂਦੇ ਹਨ ਕਿ ਤੁਹਾਡਾ ਲਾਈਸੈਂਸ ਨਹੀਂ ਬਣ ਸਕਦਾ ਕਿਉਂਕਿ ਤੁਸੀਂ ਵਿਕਲਾਂਗ ਹੋ। ਇਹਨਾਂ ਅਤੇ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਅੱਖੋਂ ਪਰੋਖੇ ਕਰਨਾ ਗਲਤ ਹੈ। ਜ਼ਿਆਦਾਤਰ ਇਹਨਾਂ ਨੂੰ ਲਾਚਾਰ ਅਤੇ ਅਯੋਗ ਹੀ ਸਮਝਿਆ ਜਾਂਦਾ ਹੈ। ਜ਼ਰੂਰੀ ਹੈ ਕਿ ਸਰਕਾਰ ਇਹਨਾਂ ਦੀ ਭਲਾਈ ਲਈ ਅਮਲੀ ਰੂਪ ਵਿੱਚ ਗੰਭੀਰਤਾ ਨਾਲ ਕਦਮ ਚੁੱਕੇ ਤਾਂ ਜੋ ਇਹ ਵੀ ਆਤਮ ਸਨਮਾਨ ਨਾਲ ਡਰ ਰਹਿਤ ਖੁਸ਼ਹਾਲ ਜ਼ਿੰਦਗੀ ਜੀਅ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4520)
(ਸਰੋਕਾਰ ਨਾਲ ਸੰਪਰਕ ਲਈ: (