MajorSNabha7ਭਾਵੇਂ ਸਕੂਲਾਂ ਵਿੱਚ ਸਰੀਰਕ ਸਿੱਖਿਆ ਦਾ ਵਿਸ਼ਾ ਲਾਜ਼ਮੀ ਤੌਰ ’ਤੇ ਸ਼ੁਰੂ ਹੋ ਚੁੱਕਾ ਹੈਪਰ ਬਹੁਤੇ ਸਕੂਲਾਂ ਵਿੱਚ ...
(19 ਅਕਤੂਬਰ 2023)


ਏਸ਼ਿਆਈ ਖੇਡਾਂ
2023 ਹਾਂਗਜ਼ੂ ਵਿੱਚ ਭਾਰਤ ਨੇ ਨਵਾਂ ਰਿਕਾਰਡ ਸਥਾਪਤ ਕਰਕੇ 28 ਸੋਨੇ, 38 ਚਾਂਦੀ ਅਤੇ 41 ਕਾਂਸੀ ਦੇ ਕੁਲ 107 ਤਗ਼ਮੇ ਜਿੱਤ ਕੇ ਚੌਥਾ ਸਥਾਨ ਪ੍ਰਾਪਤ ਕਰ ਕੇ ਅਗਲੇ ਸਾਲ ਪੈਰਿਸ ਵਿੱਚ ਹੋਣ ਵਾਲੀਆਂ ਉਲਿੰਪਿਕ ਖੇਡਾਂ ਲਈ ਵੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਲਈ ਰਾਹ ਖੋਲ੍ਹ ਦਿੱਤੇ ਹਨਪੰਜਾਬ ਨੇ ਇਨ੍ਹਾਂ ਖੇਡਾਂ ਵਿੱਚ ਪਿਛਲੇ 72 ਸਾਲਾਂ ਦੇ ਰਿਕਾਰਡ ਨੂੰ ਤੋੜਦਿਆਂ 8 ਸੋਨ, 6 ਚਾਂਦੀ, ਅਤੇ 5 ਕਾਂਸੀ ਦੇ ਤਗ਼ਮੇ ਜਿੱਤ ਕੇ ਨਵੀਂ ਸ਼ੁਰੂਆਤ ਕਰਕੇ ਪੰਜਾਬ ਵਿੱਚ ਖੇਡਾਂ ਦੇ ਭਵਿੱਖ ਨੂੰ ਨੌਜਵਾਨਾਂ ਲਈ ਸ਼ਾਨਦਾਰ ਰਾਹ ਬਣਾਉਣ ਦਾ ਸ਼ੁਭ ਸੰਕੇਤ ਦਿੱਤਾ ਹੈਨਿਸ਼ਾਨੇਬਾਜ਼ੀ ਵਿੱਚ ਭਾਰਤ ਨੇ 22 ਤਗ਼ਮੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤ ਕੇ ਕੁੜੀਆਂ ਨੂੰ ਉੱਜਲੇ ਭਵਿੱਖ ਲਈ ਖੇਡਾਂ ਵਿੱਚ ਵੀ ਆਪਣੀਆਂ ਮਨ ਪਸੰਦ ਦੀਆਂ ਖੇਡਾਂ ਵਿੱਚ ਭਾਗ ਲੈਣ ਦਾ ਸੰਦੇਸ਼ ਦਿੱਤਾ ਹੈਹੋਰ ਖੇਡਾਂ ਵਿੱਚ ਵੀ ਕੁੜੀਆਂ ਤਗ਼ਮੇ ਲੈ ਕੇ ਅੱਗੇ ਆਈਆਂ ਹਨਭਾਰਤੀ ਕੁੜੀਆਂ ਵਿੱਚ ਪੰਜਾਬ ਸੂਬੇ ਦੀਆਂ ਕੁੜੀਆਂ ਨੇ ਹੁਣ ਸਾਰੀਆਂ ਖੇਡਾਂ ਵਿੱਚ ਆਪਣੀ ਥਾਂ ਬਿਹਤਰ ਬਣਾਉਣੀ ਸ਼ੁਰੂ ਕਰ ਦਿੱਤੀ ਹੈਇਸ ਤੋਂ ਪਹਿਲਾਂ ਪੰਜਾਬ ਆਪਣੇ ਗੁਆਂਢੀ ਰਾਜਾਂ ਤੋਂ ਖੇਡਾਂ ਵਿੱਚ ਪਛੜਿਆ ਹੋਇਆ ਸੀ ਜੋ ਹੁਣ ਚੰਗੇ ਪ੍ਰਦਰਸ਼ਨ ਸਦਕਾ ਆਸ ਹੈ ਕਿ ਭਵਿੱਖ ਵਿੱਚ ਦੇਸ਼ ਅੰਦਰ ਆਪਣਾ ਨਾਮ ਹੋਰ ਉੱਚਾ ਕਰੇਗਾ

ਖੇਡ ਮੈਦਾਨ ਵਿੱਚੋਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਦਾ ਪਤਾ ਲੱਗਦਾ ਹੈ, ਜਿਨ੍ਹਾਂ ਵਿੱਚੋਂ ਅਨੁਸ਼ਾਸਨ ਅਤੇ ਸਹਿਣਸ਼ੀਲਤਾ ਪ੍ਰਮੁੱਖ ਹਨਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਵਿੱਚ ਵੱਖੋ-ਵੱਖਰੇ ਸੂਬਿਆਂ ਦੇ ਖਿਡਾਰੀ ਹੋਣ ਦੇ ਬਾਵਜੂਦ ਪੂਰੇ ਤਾਲਮੇਲ ਨਾਲ ਖੇਡਦੇ ਹਨਉਹ ਆਪਸ ਵਿੱਚ ਭੈਣਾਂ ਭਰਾਵਾਂ ਵਾਂਗ ਰਹਿੰਦੇ ਹਨਇਸ ਤਰ੍ਹਾਂ ਦੇਸ਼ ਦੀ ਰਾਸ਼ਟਰੀ ਏਕਤਾ ਵਿੱਚ ਮਜ਼ਬੂਤੀ ਆਉਂਦੀ ਹੈਇਹ ਇਨ੍ਹਾਂ ਮੈਚਾਂ ਵਿੱਚ ਭਾਰਤੀ ਹਾਕੀ ਟੀਮਾਂ ਨੇ ਕਰਕੇ ਵੀ ਦਿਖਾਇਆ ਹੈਓਡੀਸਾ ਸਰਕਾਰ ਨੇ 1918 ਵਿੱਚ ਪਹਿਲ ਕਦਮੀ ਕਰਕੇ ਹਾਕੀ ਇੰਡੀਆ ਨੂੰ ਪੰਜ ਸਾਲ ਲਈ ਸਪਾਂਸਰਸ਼ਿੱਪ ਕਰਕੇ ਜ਼ਮੀਨੀ ਪੱਧਰ ਤੋਂ ਮੁੜ ਹਾਕੀ ਨੂੰ ਉੱਚਾ ਚੁੱਕਣ ਦਾ ਉਪਰਾਲਾ ਕੀਤਾ ਜਿਸਦਾ ਸਿੱਟਾ ਸਾਡੇ ਸਾਹਮਣੇ ਹੈਇਸੇ ਕਰਕੇ ਸੂਬਾ ਸਰਕਾਰ ਨੇ 2033 ਤਕ ਇਹ ਸਪਾਂਸਰਸ਼ਿੱਪ ਵਧਾ ਦਿੱਤੀ ਹੈਇਸੇ ਤਰ੍ਹਾਂ ਹੀ ਦੂਜੀਆਂ ਖੇਡਾਂ ਨੂੰ ਸੂਬਿਆਂ ਵੱਲੋਂ ਸਪਾਂਸਰਸ਼ਿੱਪ ਦੇ ਕੇ ਹੋਰ ਬੁਲੰਦੀਆਂ ਵੱਲ ਜਾਣ ਲਈ ਰਾਹ ਪੱਧਰਾ ਕਰਨਾ ਚਾਹੀਦਾ ਹੈ

ਅੱਜ ਕੱਲ੍ਹ ਪੜ੍ਹਾਈ ਦੇ ਨਾਲ ਖੇਡਾਂ ਨੂੰ ਜੋੜ ਕੇ ਪੜ੍ਹਾਇਆ ਜਾਣ ਲੱਗਾ ਹੈਬੱਚੇ ਦੀ ਮੁਢਲੀ ਪ੍ਰਬਿਰਤੀ ਆਮ ਤੌਰ ’ਤੇ ਖੇਡਣ ਨਾਲ ਜੁੜੀ ਹੁੰਦੀ ਹੈਸ਼ੁਰੂ ਤੋਂ ਹੀ ਬੱਚੇ ਲਈ ਸਭ ਤੋਂ ਪਹਿਲਾਂ ਉਸ ਦਾ ਮਨ ਪਰਚਾਉਣ ਲਈ ਖਿਡਾਉਣਿਆਂ ਦਾ ਸਹਾਰਾ ਲਿਆ ਜਾਂਦਾ ਸੀ, ਇਹ ਹੁਣ ਵੀ ਲਿਆ ਜਾਂਦਾ ਹੈ, ਜਿਸ ਨੂੰ ਹੁਣ ‘ਪਲੇ ਸਕੂਲ’ ਨੇ ਪੜ੍ਹਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈਇਹ ਖੇਡਾਂ ਦਿਮਾਗੀ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਲਈ ਵੀ ਜ਼ਰੂਰੀ ਹਨਜ਼ਿੰਦਗੀ ਵਿੱਚ ਖੇਡਾਂ ਨਾਲ ਮਨ ਦੀ ਖੁਸ਼ੀ ਦਾ ਅਨੋਖਾ ਅਹਿਸਾਸ ਹੁੰਦਾ ਹੈਇਸੇ ਲਈ ਗੁਰੂ ਸਾਹਿਬਾਨ ਨੇ ਆਖਿਆ ਹੈ, “ਨਚਣੁ ਕੁਦਣੁ ਮਨ ਕਾ ਚਾਉ।” ਸੋ ਖੇਡਾਂ ਖੇਡਣਾ ਜ਼ਿੰਦਗੀ ਦਾ ਅਹਿਮ ਅੰਗ ਹੈਸਰੀਰਕ ਤੰਦਰੁਸਤੀ ਬਾਰੇ ਕਿਸੇ ਨੇ ਠੀਕ ਹੀ ਕਿਹਾ ਹੈ ਕਿ, “ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਹੁੰਦਾ ਹੈ।” ਇਸ ਲਈ ਦੇਸ਼ ਦੇ ਬੱਚਿਆਂ ਦੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਪਵੇਗਾ ਤਾਂ ਹੀ ਉਨ੍ਹਾਂ ਦੇ ਦਿਮਾਗ ਤੰਦਰੁਸਤ ਹੋਣਗੇਅੱਜ ਦੀ ਇਸ ਪਨੀਰੀ ਨੇ ਕੱਲ੍ਹ ਦੇ ਨੇਤਾ ਬਣਨਾ ਹੈ ਅਤੇ ਦੇਸ਼ ਨੂੰ ਉੱਚੀਆਂ ਬੁਲੰਦੀਆਂ ’ਤੇ ਲਿਜਾਣਾ ਹੈਇਹ ਸਭ ਤਾਂ ਹੀ ਹੋ ਸਕਦਾ ਹੈ ਜੇ ਦੇਸ਼ ਦਾ ਦਿਮਾਗ ਭਾਵ ਸਾਡੇ ਦੇਸ਼ ਦੇ ਨੇਤਾਵਾਂ ਦਾ ਦਿਮਾਗ ਤੰਦਰੁਸਤ ਹੋਵੇਗਾ ਤਾਂ ਹੀ ਸਹੀ ਫੈਸਲੇ ਹੋਣ ਦੀ ਸੰਭਾਵਨਾ ਹੈ

ਆਮ ਬੱਚਿਆਂ ਅੰਦਰ ਖੇਡਾਂ ਪ੍ਰਤੀ ਰੁਚੀ ਘਟਦੀ ਜਾ ਰਹੀ ਹੈਟੈਲੀਵੀਜ਼ਨ ਅਤੇ ਕੇਬਲ ਟੀ.ਵੀ., ਮੋਬਾਇਲ ਆਦਿ ਨੇ ਬੱਚਿਆਂ ਦੇ ਖੇਡ ਸਮੇਂ ਨੂੰ ਨਿਗਲਣਾ ਸ਼ੁਰੂ ਕੀਤਾ ਹੋਇਆ ਹੈਪਰ ਫਿਰ ਵੀ ਹੁਣ ਮਾਪੇ ਬੱਚਿਆਂ ਪ੍ਰਤੀ ਸੁਚੇਤ ਹੋ ਰਹੇ ਹਨ, ਉਨ੍ਹਾਂ ਨੂੰ ਖੇਡ ਜਗਤ ਵਿੱਚ ਵੀ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਦਿਖਾਈ ਦੇਣ ਲੱਗਾ ਹੈਏਸ਼ੀਆ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਅੱਠ-ਅੱਠ ਲੱਖ ਪਹਿਲਾਂ ਹੀ ਦੇਣੇ ਵੀ ਵਧੀਆ ਸ਼ੁਰੂਆਤ ਹੈ ਜਿਸਦੇ ਨਤੀਜੇ ਸਾਰਥਕ ਨਿਕਲੇ ਹਨ ਅਤੇ ਅੱਗੇ ਤੋਂ ਵੀ ਨਿਕਲਣਗੇਸਰਕਾਰ ਵੱਲੋਂ ਕਰੋੜਾਂ ਦੇ ਇਨਾਮ ਅਤੇ ਸਰਕਾਰੀ ਨੌਕਰੀਆਂ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਲੱਗੇ ਹਨ, ਜੋ ਦੇਸ਼ ਦਾ ਵਿਸ਼ੇਸ਼ ਤੌਰ ’ਤੇ ਪੰਜਾਬ ਰਾਜ ਦਾ ਨਾਮ ਦੁਨੀਆਂ ਅੰਦਰ ਰੋਸ਼ਨ ਕਰਦੇ ਹਨਸੂਬਾ ਸਰਕਾਰ ਨੇ ਸੂਬੇ ਅੰਦਰ ‘ਖੇਡਾਂ ਵਤਨ ਪੰਜਾਬ ਦੀਆਂ’ ਅਧੀਨ ਬਲਾਕ ਪੱਧਰ ਤੋਂ ਲੈ ਕੇ ਸਟੇਟ ਪੱਧਰ ਤਕ ਖੇਡਾਂ ਕਰਵਾਉਣ ਦਾ ਵਧੀਆ ਕਦਮ ਪੁੱਟਿਆ ਹੈਇਸਦਾ ਉਦੇਸ਼ ਹਰੇਕ ਪੰਜਾਬੀ ਨੂੰ ਖੇਡਾਂ ਨਾਲ ਜੋੜਨਾ ਹੈ, ਜਿਸ ਨਾਲ ਖਿਡਾਰੀਆਂ ਦੀ ਕਾਰਗੁਜ਼ਾਰੀ ਵਿੱਚ ਨਿਖਾਰ ਆਵੇਗਾ

ਖੇਡਾਂ ਦੇਸ਼ ਦੀ ਨੌਜਵਾਨੀ ਦੀ ਊਰਜਾ ਨੂੰ ਚੰਗੇ ਪਾਸੇ ਲਾਉਣ ਲਈ ਇੱਕ ਅਹਿਮ ਸਾਧਨ ਹਨਬਹੁਤ ਸਾਰੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਸਾਡੇ ਦੇਸ਼ ਦਾ ਨਾਂ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ ਪਿੱਛੇ ਹੀ ਹਾਕੀ ਟੀਮ ਨੇ ਏਸ਼ੀਆ ਚੈਂਪੀਅਨ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਖੇਡਾਂ ਵਿੱਚ ਨਵੀਂ ਥਾਂ ਬਣਾਈ ਸੀਇਸ ਟੀਮ ਵਿੱਚ ਬਹੁਤਾਤ ਖਿਡਾਰੀ ਪੰਜਾਬ ਦੇ ਸਨ, ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਕੇ ਹੋਰ ਵੀ ਵਧੀਆ ਪ੍ਰਾਪਤੀਆਂ ਦੀਆਂ ਸੰਭਾਵਨਾਵਾਂ ਹਨ ਜੋ ਉਨ੍ਹਾਂ ਹਾਂਗਜ਼ੂ ਏਸ਼ੀਆ ਗੇਮਜ਼ ਵਿਖੇ ਕਰ ਦਿਖਾਇਆ ਹੈ

ਜਲੰਧਰ ਵਿਖੇ ਸੁਰਜੀਤ ਹਾਕੀ ਅਕੈਡਮੀ ਨੇ ਹਾਕੀ ਦੀ ਪਨੀਰੀ ਤਿਆਰ ਕਰਨ ਲਈ ਅਹਿਮ ਰੋਲ ਨਿਭਾਇਆ ਹੈ ਜਿਸ ਸਦਕਾ ਹਾਕੀ ਦੇ ਖਿਡਾਰੀ ਅਕੈਡਮੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਦੇਣ ਦਾ ਮਾਣ ਪ੍ਰਾਪਤ ਹੋਇਆ ਹੈਪੰਜਾਬ ਸਰਕਾਰ ਨੂੰ ਇਸ ਅਕੈਡਮੀ ਦੀ ਹਰ ਮਦਦ ਕਰਕੇ ਭਵਿੱਖ ਵਿੱਚ ਖੇਡਾਂ ਲਈ ਸ਼ੁਭ ਸ਼ੁਰੂਆਤ ਕਰਨੀ ਚਾਹੀਦੀ ਹੈਭਾਰਤੀ ਹਾਕੀ ਟੀਮ (ਮਰਦ) ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ (2023) ਮਲੇਸ਼ੀਆ ਨੂੰ 4-3 ਗੋਲਾਂ ਨਾਲ ਹਰਾ ਕੇ ਪ੍ਰਾਪਤ ਕਰਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈਹੁਣੇ ਏਸ਼ੀਅਨ ਖੇਡਾਂ 2023 ਵਿੱਚ ਮਰਦਾਂ ਨੇ ਸੋਨੇ ਅਤੇ ਲੜਕੀਆਂ ਦੀ ਹਾਕੀ ਟੀਮ ਨੇ ਕਾਂਸੀ ਦੇ ਤਗ਼ਮੇ ਹਾਸਲ ਕਰਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈਦੇਸ਼ ਲਈ ਹਾਕੀ ਦਾ ਭਵਿੱਖ ਵਧੇਰੇ ਚਮਕਦਾ ਲੱਗਦਾ ਹੈਇਸ ਖੇਡ ਨੂੰ ਪ੍ਰਫੁੱਲਤ ਹੋਣ ਲਈ ਪੰਜਾਬ ਅੰਦਰ ਹਾਕੀ ਦੇ ਨਵੇਂ ਖਿਡਾਰੀ ਪੈਦਾ ਕਰਨ ਲਈ ਕਈ ਖੇਡ ਅਕਾਡਮੀਆਂ ਸਰਗਰਮ ਹਨਕਈ ਸਕੂਲਾਂ ਵਿੱਚ ਵੀ ਹਾਕੀ ਨੂੰ ਪ੍ਰਮੋਟ ਕਰਨ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਹਨਨਾਭਾ ਸ਼ਹਿਰ ਦੇ ਨੇੜਲੇ ਪਿੰਡ ਸ.ਹ.ਸ. ਥੂਹੀ ਵਿਖੇ ਡੀ.ਪੀ.ਈ. ਹਰਿੰਦਰ ਸਿੰਘ ਗਰੇਵਾਲ ਰਾਸ਼ਟਰਪਤੀ ਐਵਾਰਡ ਪ੍ਰਾਪਤ ਅਧਿਆਪਕ ਵੱਲੋਂ ਬੱਚਿਆਂ ਨੂੰ ਖੇਡਾਂ ਲਈ ਮਿਸਾਲੀ ਕੋਚਿੰਗ ਦੇ ਕੇ ਰਾਸ਼ਟਰੀ ਪੱਧਰ ’ਤੇ ਇਨਾਮ, ਸਨਮਾਨ ਬੱਚਿਆਂ ਨੂੰ ਪ੍ਰਾਪਤ ਕਰਾ ਚੁੱਕੇ ਹਨਹੋਰਾਂ ਅਧਿਆਂਪਕਾਂ ਲਈ ਉਹ ਪ੍ਰੇਰਨਾ-ਸ੍ਰੋਤ ਬਣੇ ਹੋਏ ਦਿਲੋਂ ਕੰਮ ਕਰ ਰਹੇ ਹਨ

ਪੰਜਾਬ ਸਰਕਾਰ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕਰਕੇ ਹੇਠਲੇ ਪੱਧਰ ’ਤੇ ਹਰੇਕ ਨੂੰ ਉਸਾਰੂ ਰਵਈਆ ਰੱਖ ਕੇ ਹੋਰ ਵਧੀਆ ਪ੍ਰਾਪਤੀਆਂ ਕਰਨ ਵਿੱਚ ਮੋਹਰੀ ਹੋਣ ਲਈ ਹੋਰ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ ਅਤੇ ਖਿਡਾਰੀਆਂ ਨੂੰ ਹੋਰ ਵਧੇਰੇ ਸਹੂਲਤਾਂ ਦੇ ਕੇ ਮੁਕਾਬਲੇ ਦੇ ਖਿਡਾਰੀ ਬਣਾਉਣੇ ਪੈਣਗੇ, ਜਿਸ ਨਾਲ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਤਿਲਾਂਜਲੀ ਦੇ ਕੇ ਵਧੀਆ ਜ਼ਿੰਦਗੀ ਜਿਊਣ ਦੇ ਸੁਪਨੇ ਲੈਣੇ ਸ਼ੁਰੂ ਕਰਨਗੇਇਨ੍ਹਾਂ ਖੇਡਾਂ ਵਿੱਚ ਲੜਕੀਆਂ ਦੇ ਬਿਹਤਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਹੁਣ ਲੜਕੀਆਂ ਦੇ ਖੇਡਾਂ ਵੱਲ ਰੁਝਾਨ ਵਧਣ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ

ਬੱਚਿਆਂ ਨੂੰ ਖੇਡਾਂ ਵੱਲ ਰੁਚਿਤ ਕਰਨ ਲਈ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈਬੱਚਾ ਕੱਚੀ ਕਲੀ ਵਾਂਗ ਹੁੰਦਾ ਹੈ, ਉਸ ਨੂੰ ਜਿੱਧਰ ਮਰਜ਼ੀ ਮੋੜ ਲਵੋਖੇਡਾਂ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਵਾਲੇ ਖਿਡਾਰੀਆਂ ਦੀਆਂ ਜੀਵਨੀਆਂ ਵੱਧ ਤੋਂ ਵੱਧ ਸਿਲੇਬਸ ਵਿੱਚ ਸਾਮਲ ਕਰਕੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਲਾਹੇਵੰਦ ਹੋ ਸਕਦੀਆਂ ਹਨਖੇਡ ਵਿਭਾਗ ਨੂੰ ਵੀ ਬੱਚਿਆਂ ਲਈ ਖੇਡ ਸਹੂਲਤਾਂ ਪ੍ਰਦਾਨ ਕਰਨ ਵਿੱਚ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈਭਾਵੇਂ ਸਕੂਲਾਂ ਵਿੱਚ ਸਰੀਰਕ ਸਿੱਖਿਆ ਦਾ ਵਿਸ਼ਾ ਲਾਜ਼ਮੀ ਤੌਰ ’ਤੇ ਸ਼ੁਰੂ ਹੋ ਚੁੱਕਾ ਹੈ ਪਰ ਬਹੁਤੇ ਸਕੂਲਾਂ ਵਿੱਚ ਬੱਚੇ ਇਸ ਵਿਸ਼ੇ ਦੀ ਥਿਊਰੀ ਨੂੰ ਪੜ੍ਹਨ ਤਕ ਸੀਮਤ ਰਹਿੰਦੇ ਹਨ, ਪ੍ਰੈਕਟੀਕਲ ਅੰਕ ਜੋ ਅੱਧ ਤੋਂ ਵੱਧ ਹੁੰਦੇ ਹਨ, ਲਈ ਖੇਡਾਂ ਖਿਡਾਈਆਂ ਹੀ ਨਹੀਂ ਜਾਂਦੀਆਂ, ਸਗੋਂ ਐਵੇਂ ਹੀ ਪ੍ਰੈਕਟੀਕਲ ਦੇ ਅੰਕ ਖਾਨਾ-ਪੂਰਤੀ ਕਰਕੇ ਲਗਾ ਦਿੱਤੇ ਜਾਂਦੇ ਹਨਮੈਟ੍ਰਿਕ ਦੀ ਪ੍ਰੀਖਿਆ ਵਿੱਚ ਬੋਰਡ ਵੱਲੋਂ ਪੇਪਰ ਤਾਂ ਸਰੀਰਕ ਸਿੱਖਿਆ ਦਾ ਲਿਆ ਜਾਂਦਾ ਹੈ, ਪਰ ਕੁੱਲ ਅੰਕਾਂ ਵਿੱਚ ਇਸ ਵਿਸ਼ੇ ਦੇ ਅੰਕਾਂ ਨੂੰ ਜੋੜਿਆ ਨਹੀਂ ਜਾਂਦਾ, ਜੋ ਕਿ ਖਿਡਾਰੀ ਵਿਦਿਆਰਥੀਆਂ ਲਈ ਬੇਇਨਸਾਫੀ ਹੈਸੋ ਇਸ ਵਿਸ਼ੇ ਦੇ ਅੰਕਾਂ ਨੂੰ ਕੁੱਲ ਅੰਕਾਂ ਵਿੱਚ ਜੋੜ ਕੇ ਵਿਚਾਰਨ ਨਾਲ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਜ਼ਰੂਰ ਵਧੇਗੀਸਕੂਲਾਂ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪੀ.ਟੀ.ਆਈ. ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ ਪਰ ਬਹੁਤ ਸਾਰੇ ਸਕੂਲਾਂ ਵਿੱਚ ਖਾਲੀ ਪੋਸਟਾਂ ਦੇ ਬਾਵਜੂਦ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਜਦੋਂ ਕਿ ਸਿਲੈਕਸ਼ਨ ਲਿਸਟ ਬਣਾਈ ਜਾ ਚੁੱਕੀ ਹੈ, ਹੁਕਮ ਦੇਣ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਕੇ ਹੋਰ ਦੇਰ ਨਹੀਂ ਕਰਨੀ ਚਾਹੀਦੀ ਤਾਂ ਜੋ ਬੱਚਿਆਂ ਦਾ ਭਵਿੱਖ ਉੱਜਲਾ ਹੋ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4304)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੇਜਰ ਸਿੰਘ ਨਾਭਾ

ਮੇਜਰ ਸਿੰਘ ਨਾਭਾ

Nabha, Patiala, Punjab, India.
Tel: (91 - 94635 - 53962)
Email: (majorsnabha@gmail.com)