ManmohanSBasarke6ਇੱਕ ਦਿਨ ਮੈਂ ਮਾਮੇ ਨਾਲ ਲੜ ਕੇ ਬਚਦਾ ਕੱਪੜਾ ਚੁੱਕ ਲਿਆਇਆ ਦਫਤਰ ਵਿੱਚ ਮੇਰੇ ਨਾਲ ...
(1 ਮਈ 2023)


ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਉਸਦੇ ਪੇਕੇ ਪਾਕਿਸਤਾਨ ਦੇ ਜੰਡਿਆਲੇ ਸਨ
ਉਹਨਾਂ ਦਾ ਪਰਿਵਾਰ ਬਚਦਾ ਬਚਾਉਂਦਾ ਅੰਮ੍ਰਿਤਸਰ ਆ ਗਿਆ ਸੀਉਹ ਘਰ ਤਾਂ ਭਰੇ ਭਰਾਏ ਛੱਡ ਆਏ ਸਨ ਪਰ ਗਹਿਣਾ ਗੱਟਾ ਅਤੇ ਚਾਂਦੀ ਦੇ ਰੁਪਏ ਆਪਣੇ ਲੱਕ ਨਾਲ ਬੰਨ੍ਹ ਲਿਆਉਣ ਵਿੱਚ ਸਫਲ ਹੋ ਗਏ ਸਨ ਇੱਧਰ ਆ ਉਹਨਾਂ ਦੇ ਕਈ ਚਿਰ ਪੈਰ ਨਹੀਂ ਲੱਗੇ ਸਨ, ਬੱਸ ਵਕਤ ਨੂੰ ਧੱਕਾ ਦੇਣ ਵਾਲੀ ਗੱਲ ਸੀਕਾਰੋਬਾਰ ਨਵੇਂ ਸਿਰਿਓਂ ਊੜੇ ਐੜੇ ਤੋਂ ਸ਼ੁਰੂ ਕੀਤਾ ਸੀ ਪਰ ਇਹ ਚੰਗਾ ਹੋਇਆ ਕਿ ਉਨ੍ਹਾਂ ਨੂੰ ਜੰਡਿਆਲੇ ਵਾਲੇ ਮਕਾਨ ਦੀ ਥਾਂ ਅੰਮ੍ਰਿਤਸਰ ਦੇ ਇਸਲਾਮਾਬਾਦ ਵਿੱਚ ਮਕਾਨ‌ ਅਲਾਟ ਹੋ‌ ਗਿਆ ਉੱਥੋਂ ਦੇ ਮੁਕਾਬਲੇ ਭਾਵੇਂ ਇਹ ਮਕਾਨ ਛੋਟਾ ਸੀ, ਪਰ ਗੁਜ਼ਾਰੇ ਜੋਗਾ ਠੀਕ ਸੀਪੰਜ ਕੁ ਮਰਲਿਆਂ ਦੇ ਮਕਾਨ ਵਿੱਚ ਪਿੱਛੇ ਦੋ ਕਮਰੇ, ਉਸ ਅੱਗੇ ਸੁਫਾ ਤੇ ਅੱਗੇ ਵਿਹੜਾ ਸੀ। ਇੱਕ ਪਾਸੇ ਰਸੋਈ ਅਤੇ ਉੱਤੇ ਮਿਆਨੀ ਸੀ, ਦੂਸਰੇ ਪਾਸੇ ਪੌੜੀਆਂ ਸਨ ਅਤੇ ਅੱਗੇ ਇੱਕ ਪਾਸੇ ਬੈਠਕ ਅਤੇ ਮੁੱਖ ਦਰਵਾਜ਼ਾ ਸੀਜਦੋਂ ਅਸੀਂ ਭੈਣ ਭਰਾ ਛੋਟੇ ਸੀ ਤਾਂ ਵਧੀਆ ਸਰੀ ਜਾਂਦਾ ਸੀ ਪਰ ਬਾਅਦ ਵਿੱਚ ਇਹ ਮਕਾਨ ਛੋਟਾ ਪੈਉਹ ਤਿੰਨ ਭੈਣਾਂ ਅਤੇ ਪੰਜ ਭਰਾ ਸਨਸਾਰੇ ਉਸੇ ਮਕਾਨ ਵਿੱਚ ਹੀ ਰਹਿੰਦੇ ਸਨਸਾਰੇ ਭੈਣ ਭਰਾਵਾਂ ਦੇ ਵਿਆਹ ਵੀ ਉੱਥੇ ਹੀ ਹੋਏ ਸਨ

ਅਸੀਂ ਪਿੰਡ ਦੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿੱਚ ਰਹਿਣ ਵਾਲੇ ਸੀ, ਜਦੋਂ ਅਸੀਂ ਨਾਨਕੇ ਜਾਂਦੇ ਤਾਂ ਸਾਡਾ ਉੱਥੇ ਦਮ ਘੁਟਦਾਇੱਕੋ ਮਕਾਨ ਵਿੱਚ ਪੰਜ ਭਰਾ ਤੇ ਨਾਲ ਮਾਂ ਪਿਓਅਸੀਂ ਬੱਧੇ ਰੁੱਧੇ ਜਿਹੇ ਉੱਥੇ ਦਿਹਾੜੀ-ਡੰਗ ਰਹਿੰਦੇ ਅਤੇ ਆਪਣੇ ਘਰ ਪਰਤਣ ਦੀ ਕਰਦੇਚਲੋ ਸਮਾਂ ਪਾ ਕੇ ਤਿੰਨ ਮਾਮਿਆਂ ਨੇ ਆਪਣੇ ਹੋਰ ਥਾਂ ਪਲਾਂਟ ਲੈ ਕੇ ਮਕਾਨ ਬਣਾ ਲਏ ਜਦਕਿ ਦੋ ਮਾਮਿਆਂ ਦੇ ਪਰਿਵਾਰ ਅੱਜ ਵੀ ਉੱਥੇ ਹੀ ਰਹਿੰਦੇ ਹਨਹੁਣ ਉਹਨਾਂ ਨੇ ਲੋੜ ਅਨੁਸਾਰ ਉੱਪਰ ਵੀ ਮੰਜ਼ਲਾਂ ਬਣਾ ਲਈਆਂ ਹਨ

ਮੇਰੇ ਵਿਆਹ ਤੋਂ ਪਹਿਲਾਂ ਮੇਰੇ ਨਾਨਾ ਜੀ ਅਕਾਲ ਚਲਾਣਾ ਕਰ ਗਏ ਸਨਮੇਰੇ ਨਾਨੇ ਦੀ ਇੱਕ ਦੁਕਾਨ ਪੁਤਲੀਘਰ ਚੌਕ ਵਿੱਚ ਸੀ, ਜਿੱਥੇ ਪਹਿਲਾਂ ਉਹ ਖੁਦ ਦੁਕਾਨ ਕਰਦੇ ਸਨ ਪਰ ਨਾਨੇ ਨੇ ਜਿਉਂਦੇ ਜੀਅ ਹੀ ਇਹ ਦੁਕਾਨ ਕਿਸੇ ਨੂੰ ਕਰਾਏ ’ਤੇ ਦੇ ਦਿੱਤੀ ਸੀ ਅਤੇ ਉਸ ਦਾ ਕਿਰਾਇਆ ਬਾਅਦ ਵਿੱਚ ਮੇਰੀ ਨਾਨੀ ਲੈਂਦੀ ਰਹੀਇਹ ਗੱਲ 1982 ਦੀ ਹੈ ਜਦੋਂ ਮੇਰਾ ਵਿਆਹ ਹੋਇਆਮੇਰੀ ਨਾਨੀ ਦੇ ਦਿਲ ਵਿੱਚ ਪਤਾ ਨਹੀਂ ਕੀ ਆਈ, ਉਸ ਨੇ ਦੁਕਾਨ ਵਾਲੇ ਤੋਂ ਸਾਲ ਭਰ ਦਾ ਕਿਰਾਇਆ ਇਕੱਠਾ ਲੈ ਲਿਆ ਅਤੇ ਸਾਨੂੰ ਮਾਂ-ਪੁੱਤ ਨੂੰ ਲੈ ਕੱਪੜੇ ਦੀ ਦੁਕਾਨ ’ਤੇ ਚਲੇ ਗਈਮੈਂ ਜਿਸ ਪੈਂਟ ਕੋਟ ਲਈ ਜਿਹੜਾ ਕੱਪੜਾ ਪਸੰਦ ਕੀਤਾ, ਨਾਨੀ ਨੇ ਬਿਨਾਂ ਪੈਸਿਆਂ ਦੀ ਪ੍ਰਵਾਹ ਕੀਤਿਆਂ ਲੈ ਦਿੱਤਾਮਾਂ ਨੂੰ ਵੀ ਸੂਟ ਉਸਦੀ ਮਨ ਮਰਜ਼ੀ ਦਾ ਲੈ ਕੇ ਦਿੱਤਾ ਨਾਲ ਹੀ ਕੱਪੜੇ ਵਾਲ਼ਾ ਥੈਲਾ ਫੜਾਉਂਦਿਆਂ ਨਾਨੀ ਬੋਲੀ, “ਲੈ ਮੋਹਣ, ਮੈਂ ਤੈਨੂੰ ਤੇਰੀ ਮਰਜ਼ੀ ਦਾ ਪੈਂਟ ਕੋਟ ਲੈ ਦਿੱਤਾ, ਇਹ ਨਾ ਆਖੀਂ ਜੇ ਮੇਰਾ ਨਾਨਾ ਹੁੰਦਾ ... ।”

ਮੇਰੀ ਮਾਂ ਨੇ ਮੋੜਵਾਂ ਜਵਾਬ ਦਿੱਤਾ, “ਬੀਬੀ, ਤੂੰ ਕਿਤੇ ਘੱਟ ਕੀਤਾ?ਨਾਨੀ ਕੁਝ ਪਲ ਚੁੱਪ ਰਹੀ ਤੇ ਫਿਰ ਬੋਲੀ, “ਮੋਹਨ, ਐਵੇਂ ਕਿਸੇ ਦਰਜ਼ੀ ਨੂੰ ਸਿਵਾਈ ਦੇ ਪੈਸੇ ਦੇਵੇਗਾ, ਆਪਣੇ ਮਾਮੇ ਨੂੰ ਕਹਿ ਸਿਓਂ ਵੀ ਦੇਵੇ” ਫਿਰ ਨਾਨੀ ਮੇਰੀ ਮਾਂ ਨੂੰ ਮੁਖਾਤਿਬ ਹੋਈ. “ਜੀਤੋ, ਮੈਂ ਜਿੰਨੇ ਜੋਗੀ ਸੀ, ਕਰ ਦਿੱਤਾਤੇਰੇ ਭਰਾਵਾਂ ਭਣੇਵੇਂ ਦੇ ਵਿਆਹ ’ਤੇ ਕੀ ਕਰਨਾ, ਉਹ ਜਾਨਣ

ਨਾਨੀ ਤੋਂ ਕੋਟ ਪੈਂਟ ਮਾਮੇ ਤੋਂ ਸਿਵਾਉਣ ਦੀ ਗੱਲ ਸੁਣਕੇ ਮੈਂ ਵੀ ਲਾਲਚ ਵਿੱਚ ਆ ਗਿਆ, ਕਿਸੇ ਨੂੰ ਪੈਸੇ ਜ਼ਰੂਰ ਦੇਣੇ ਆਂਮੇਰੇ ਮਾਮਾ ਜੀ ਦੀ ਪੁਤਲੀਘਰ ਚੌਕ ਵਿੱਚ ਹੀ ਦਰਜ਼ੀ ਦੀ ਦੁਕਾਨ ਸੀ, ਜਿੱਥੇ ਹੁਣ ਵੀ ਉਹਨਾਂ ਦੇ ਬੇਟੇ ਦੀ ਦੁਕਾਨ ਹੈਮਾਮਾ ਜੀ ਕਹਿਣ ਲੱਗੇ, “ਭਣੇਵਿਆਂ, ਤੈਨੂੰ ਕੱਪੜੇ ਲੈਣ ਆਉਣ ਦੀ ਲੋੜ ਨਹੀਂ, ਮੈਂ ਤੇਰਾ ਪੈਂਟ ਕੋਟ - ਥਰੀ ਇਨ ਵੰਨ – ਬਣਾ ਕੇ ਖੁਦ ਲੈ ਆਵਾਂਗਾ

ਵਿਆਹ ਵਾਲੇ ਦਿਨ ਮੈਂ ਨਹਾ ਧੋ ਕੇ ਬੈਠ ਗਿਆ। ਖਾਰਿਓਂ ਤਾ ਵੱਡੇ ਮਾਮੇ ਨੇ ਉਤਾਰ ਦਿੱਤਾ ਸੀ, ਉਹ ਤਾਂ ਰਾਤੀਂ ਹੀ ਆ ਗਏ ਸਨ ਪਰ ਸੂਟ ਲੈ ਕੇ ਆਉਣ ਵਾਲਾ ਮਾਮਾ ਨਾ ਆਇਆਵੈਸੇ ਤਾਂ ਇੱਕ ਪੈਂਟ ਕੋਟ ਮੈਂ ਘਰ ਵੀ ਬਣਾਇਆ ਸੀ ਪਰ ਮੇਰੀ ਮਾਂ ਦੀ ਇੱਛਾ ਸੀ ਕਿ ਵਿਆਹ ਵਾਲੇ ਦਿਨ ਨਾਨੀ ਵੱਲੋਂ ਦਿੱਤਾ ਸੂਟ ਹੀ ਪਾਇਆ ਜਾਵੇਗਿਆਰਾਂ ਵਜੇ ਮਾਮਾ ਜੀ ਸੂਟ ਲੈ ਕੇ ਆ ਗਏਜਦੋਂ ਮੈਂ ਪਾਇਆ ਤਾਂ ਥੱਲੇ ਪਾਉਣ ਵਾਲੀ ਜੈਕਟ ਵੀ ਨਹੀਂ ਸੀ ਅਤੇ ਬਟਨ ਵੀ ਹੋਰ ਰੰਗ ਦੇ ਲੱਗੇ ਹੋਏ ਸਨਮੈਂ ਪੁੱਛਿਆ, “ਮਾਮਾ ਜੀ ਇਹ ਕੀ?

“ਭਣੇਵਿਆਂ ਕੰਮ ਦਾ ਬੜਾ ਜ਼ੋਰ ਹੈ, ਮੈਂ ਬੜੀ ਮੁਸ਼ਕਲ ਨਾਲ ਤਿਆਰ ਕਰਕੇ ਲੈ ਕੇ ਆਇਆਂ। ਹੁਣ ਪਾ ਲੈ, ਮੈਂ ਜੈਕਟ ਦੇ ਨਾਲ ਇਸੇ ਕੱਪੜੇ ਦੀ ਤੈਨੂੰ ਟਾਈ ਵੀ ਬਣਾਕੇ ਦੇਵਾਂਗਾ ਤੇ ਬਟਨ ਵੀ ਬਦਲਾਅ ਦੇਵਾਂਗਾ

ਵਿਆਹ ਵੀ ਹੋ ਗਿਆਮੈਂ ਜਦੋਂ ਵੀ ਮਾਮਾ ਜੀ ਦੀ ਦੁਕਾਨ ’ਤੇ ਜਾਣਾ, ਜੈਕਟ ਤਿਆਰ ਨਾ ਹੋਈ ਹੋਣੀ। ਇਸੇ ਤਰ੍ਹਾਂ ਛੇ ਮਹੀਨੇ ਲੰਘ ਗਏ। ਇੱਕ ਦਿਨ ਮੈਂ ਮਾਮੇ ਨਾਲ ਲੜ ਕੇ ਬਚਦਾ ਕੱਪੜਾ ਚੁੱਕ ਲਿਆਇਆ ਦਫਤਰ ਵਿੱਚ ਮੇਰੇ ਨਾਲ ਇੱਕ ਮੁਲਾਜ਼ਮ ਦਾ ਬਾਪ ਦਰਜ਼ੀ ਸੀ, ਉਸ ਨੇ ਕੱਪੜਾ ਲੈ ਲਿਆ। ਜੈਕਟ ਉਸਨੇ ਦੋਂਹ ਦਿਨਾਂ ਬਾਅਦ ਹੀ ਤਿਆਰ ਕਰਕੇ ਦੇ ਦਿੱਤੀ ਪਰ ਮੈਂ ਪੈਂਟ ਕੋਟ ਤਾਂ ਛੇ ਮਹੀਨੇ ਹੰਢਾ ਚੁੱਕਾ ਸੀਜੈਕਟ ਪੈਂਟ ਕੋਟ ਨਾਲ ਰਲੇ ਨਾ। ਉਹ ਜੈਕਟ ਮੇਰੀ ਵਿਅਰਥ ਹੀ ਗਈ ਪਰ ਇਹ ਘਟਨਾ ਮੇਰੇ ਵਿਆਹ ਦੀ ਨਾ ਭੁੱਲਣ ਵਾਲੀ ਯਾਦਗਾਰ ਬਣ ਗਈ, ਜੋ ਮੇਰੇ ਚੇਤਿਆਂ ਵਿੱਚੋਂ ਨਿਕਲ ਨਹੀਂ ਰਹੀ

ਮੇਰੇ ਇਸ ਮਾਮੇ ਦਾ ਨਾਂ ਕਰਤਾਰ ਸਿੰਘ ਅਜ਼ਾਦ ਸੀਇਹ ਕੱਦ ਦਾ ਥੋੜ੍ਹਾ ਮਧਰਾ ਸੀ ਪਰ ਸੋਹਣਾ ਸੁਨੱਖਾ ਬਹੁਤ ਸੀ ਅਤੇ ਸਲਵਾਰ ਕਮੀਜ਼ ਪਾਉਂਦਾ ਹੁੰਦਾ ਸੀਉਦੋਂ ਵਿਆਹ ਤੋਂ ਪਹਿਲਾਂ ਕਿਹੜੀ ਕੁੜੀ ਵੇਖੀ ਜਾਂਦੀ ਸੀ, ਮਾਮੀ ਸਾਡੀ ਪੱਕੇ ਰੰਗ ਦੀ ਸੀਉਹਦੇ ਪੇਕੇ ਬਾਰਡਰ ’ਤੇ ਚੀਮੇ ਪਿੰਡ ਸਨਉਹਨੀਂ ਦਿਨੀਂ ਬੀੜ ਸਾਹਿਬ ਤੋਂ ਛੇਹਰਟਾ ਨੂੰ ਆਉਂਦਿਆਂ ਪਿੰਡ ਮੀਆਂਪੁਰ ਸੜਕ ’ਤੇ ਪੁਲ ਬਣ ਰਿਹਾ ਸੀ। ਨਿੱਕਾ ਨਿੱਕਾ ਮੀਂਹ ਪੈਣ ਕਰਕੇ ਪੁਲ ਤੇ ਚਿਕੜੀ ਜਿਹੀ ਸੀਇਹ ਜੋੜੀ ਚੀਮੇ ਤੋਂ ਆ ਰਹੀ ਸੀ। ਮਾਮੇ ਨੇ ਪੁਲ ’ਤੇ ਆ ਸਕੂਟਰ ਹੌਲੀ ਕਰ ਲਿਆ। ਮਾਮੀ ਨੇ ਸੋਚਿਆ, ਸਕੂਟਰ ਤਿਲਕ ਨਾ ਜਾਵੇ ਅਤੇ ਅਸੀਂ ਡਿਗ ਨਾ ਪਈਏ. ਉਹ ਸਕੂਟਰ ਹੌਲ਼ੀ ਹੋਣ ਕਾਰਨ ਸਕੂਟਰ ਤੋਂ ਉੱਤਰ ਗਈ, ਮਾਮੇ ਨੂੰ ਪਤਾ ਹੀ ਨਾ ਲੱਗਾਮਾਮਾ ਮਾਮੀ ਨੂੰ ਛੱਡ ਸਕੂਟਰ ਲੈ ਗਿਆਮਾਮੀ ਵਿਚਾਰੀ ਬਥੇਰੀਆਂ ਅਵਾਜ਼ਾਂ ਮਾਰੇ ਪਰ ਮਾਮਾ ਕਿੱਥੇ ਸੁਣੇਅਗਲੇ ਪਾਸਿਓਂ ਆਉਂਦੇ ਸਾਈਕਲ ਵਾਲੇ ਨੇ ਇਹ ਦ੍ਰਿਸ਼ ਵੇਖ ਲਿਆ ਸੀ। ਉਹਨੇ ਮਾਮੇ ਨੂੰ ਖੜ੍ਹਨ ਦਾ ਇਸ਼ਾਰਾ ਕੀਤਾ ਤੇ ਪੁੱਛਿਆ, “ਭਾਊ, ਤੇਰੀ ਜਨਾਨੀ ਕਿੱਥੇ ਆ?

ਮਾਮੇ ਨੇ ਪਿੱਛੇ ਭੌਂ ਕੇ ਵੇਖਿਆ, ਮਾਮੀ ਅੱਧਾ ਕਿਲੋਮੀਟਰ ਪਿੱਛੇ ਪੁਲ ’ਤੇ ਰਹਿ ਗਈ ਸੀਜਦੋਂ ਮਾਮਾ ਤੇ ਮਾਮੀ ਸਾਡੇ ਘਰ ਆਏ ਤਾਂ ਭਾਬੀ ਨੇ ਨਣਾਨ ਨੂੰ ਉਲ੍ਹਾਮਾ ਦਿੱਤਾ, “ਭੈਣ ਜੀ, ਅੱਜ ਵੀਰ ਤੇਰੇ ਨੇ ਇਹ ਕੜ੍ਹੀ ਘੋਲ਼ੀ ਆ।”

ਭਾਬੀ, ਇਹਨੇ ਜਾਣ ਕੇ ਕੀਤਾ ਲੱਗਦਾਫਿਰ ਕੀ ਜੇ ਤੇਰਾ ਰੰਗ ਪੱਕਾ ਤਾਂ।” ਨਣਾਨ ਨੇ ਵੀ ਭਾਬੀ ਨੂੰ ਛੇੜਿਆ

ਭੈਣ ਜੀ, ਜੇ ਸਾਈਕਲ ਵਾਲਾ ਭਾਊ ਨਾ ਦੱਸਦਾ ਤਾਂ ਇਹਨਾਂ ਨੇ ਪੱਕੇ ਰੰਗ ਵਾਲੀ ਵੀ ਗਵਾ ਬੈਣੀ ਸੀ।”

ਵੇਖੀਂ, ਹੁਣ ਇਹ ਗੱਲ ਹੋਰ ਕਿਸੇ ਨੂੰ ਨਾ ਦੱਸੀਂ।” ਮਾਮਾ ਵੀ ਨਿੱਕਾ ਨਿੱਕਾ ਹੱਸ ਰਿਹਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3945)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਨਮੋਹਨ ਸਿੰਘ ਬਾਸਰਕੇ

ਮਨਮੋਹਨ ਸਿੰਘ ਬਾਸਰਕੇ

Chheharta, Amritsar, Punjab, India.
Phone: (91 - 99147 - 16616)
Email: (msbasarke@gmail.com)