“ਦੁਸ਼ਟਾ, ਤੈਨੂੰ ਕਿਹਾ ਸੀ ਕਿਸੇ ਨਾਲ ਗੱਲ ਨਹੀਂ ਕਰਨੀ ਪਰ ਤੂੰ ਫਿਰ ...”
(12 ਮਈ 2019 ਨੂੰ ਛਪ ਚੁੱਕੀ ਇਹ ਰਚਨਾ ਲੇਖਕ ਦੀ ਯਾਦ ਵਿੱਚ ਦੁਬਾਰਾ ਛਾਪ ਰਹੇ ਹਾਂ)
ਮਨਮੋਹਨ ਸਿੰਘ ਬਾਸਰਕੇ ਜੀ ਦੋ ਦਿਨ ਪਹਿਲਾਂ ਆਪਣੀ ਜੀਵਨ-ਯਾਤਰਾ ਪੂਰੀ ਕਰ ਗਏ ਹਨ। ਉਨ੍ਹਾਂ ਦੀ ਇਹ ਰਚਨਾ ਸ਼ਰਧਾਂਜਲੀ ਵਜੋਂ ਪੇਸ਼ ਕੀਤੀ ਜਾ ਰਹੀ ਹੈ। ਲੇਖਕ ਆਪਣੀਆਂ ਰਚਨਾਵਾਂ ਦੇ ਜ਼ਰੀਏ ਪਾਠਕਾਂ ਦੀਆਂ ਯਾਦਾਂ ਵਿੱਚ ਹਮੇਸ਼ਾ ਵਸਿਆ ਰਹੇਗਾ।
ਮੈਂ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਨੂੰ ਐਕਟਿਵਾ ’ਤੇ ਜਾ ਰਿਹਾ ਸੀ। ਜਦੋਂ ਤਰਨ ਤਾਰਨ ਬਾਈ ਪਾਸ ਉੱਤੇ ਪਹੁੰਚਿਆ, ਤਾਂ ਦੇਖਿਆ, ਉੱਥੇ ਘੱਟੋ ਘੱਟ ਵੀਹ-ਪੰਝੀ ਵਿਅਕਤੀ ਖੜ੍ਹੇ ਹੋਣਗੇ। ਇੱਕ ਮਧਰੇ ਕਦ ਦੇ ਦਗ-ਦਗ ਕਰਦੇ ਚਿਹਰੇ ਵਾਲੇ ਵਿਅਕਤੀ ਨੇ ਮੈਂਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਇਹ ਸੋਚਕੇ ਰੁਕ ਗਿਆ ਕਿ ਹੋ ਸਕਦਾ ਹੈ ਇਸਨੇ ਇੱਥੇ ਲਾਗੇ-ਚਾਗੇ ਜਾਣਾ ਹੋਵੇ ਅਤੇ ਮੈਥੋਂ ਲਿਫਟ ਦੀ ਆਸ ਰੱਖਦਾ ਹੋਵੇ। ਕਈ ਵਾਰ ਬੰਦੇ ਦੀ ਕੋਈ ਮਜਬੂਰੀ ਹੁੰਦੀ ਹੈ। ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ। ਉਹ ਅੱਗੇ ਵਧਿਆ ਤੇ ਉਸਨੇ ‘ਜੈ ਰਾਧਾ ਸੁਆਮੀ!’ ਕਹਿ ਕੇ ਮੇਰੇ ਗੱਡਿਆ ਨੂੰ ਹੱਥ ਲਾਇਆ।
“ਹਾਂ ਜੀ, ਦੱਸੋ ਕਿੱਥੇ ਜਾਣਾ?” ਮੈਂ ਪੁੱਛਿਆ।
“ਬੱਚਾ, ਰਾਧਾ ਸੁਆਮੀ ਡੇਰਾ ਕਿੱਧਰ ਹੈ?” ਮੈਂਨੂੰ ਇਹ ਵਿਅਕਤੀ ਸਿਧਰਾ ਜਿਹਾ ਪ੍ਰਤੀਤ ਹੋਇਆ। ਮੈਂ ਕਿਹਾ, “ਤੁਸੀਂ ਤਾਂ ਉਲਟ ਦਿਸ਼ਾ ਵੱਲ ਖੜ੍ਹੇ ਹੋ। ਡੇਰਾ ਬਿਆਸ ਜਾਣਾ ਹੈ ਤਾਂ ਦੂਸਰੇ ਪਾਸੇ ਜਾਉ, ਡੇਰਾ ਬਿਆਸ ਉਸ ਸਾਈਡ ’ਤੇ ਹੈ।”
ਉਹ ਵਿਅਕਤੀ ਪਿੱਛੇ ਹਟ ਗਿਆ ਅਤੇ ਮੈਂ ਆਪਣੀ ਮੰਜ਼ਿਲ ਨੂੰ ਚੱਲ ਪਿਆ।
ਮੈਂ ਅਜੇ ਬਾਈ ਪਾਸ ਵਾਲੀ ਸੜਕ ਪਾਰ ਹੀ ਕੀਤੀ ਸੀ ਕਿ ਉੱਥੇ ਵੀ ਚਾਰ-ਪੰਜ ਵਿਅਕਤੀ ਖਲੋਤੇ ਸਨ। ਇੱਕ ਵਿਅਕਤੀ ਮੋਟਰਸਾਈਕਲ ਖੜ੍ਹਾ ਕਰਕੇ ਉਸਦੇ ਕੋਲ ਖਲੋਤਾ ਹੋਇਆ ਸੀ। ਉਹਨੇ ਮੈਂਨੂੰ ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਇਆ ਤੇ ਕਹਿਣ ਲੱਗਾ, “ਉਹ ਤੁਹਾਨੂੰ ਕੀ ਕਹਿੰਦਾ ਸੀ?”
“ਉਹ ਤਾਂ ਡੇਰਾ ਬਿਆਸ ਬਾਰੇ ਪੁੱਛ ਰਿਹਾ ਸੀ।” ਮੈਂ ਦੱਸਿਆ।
“ਉਹ ਰਾਧਾ ਸੁਆਮੀ ਸੰਤ ਨੇ, ਬੜੀ ਕਰਨੀ ਵਾਲੇ ਨੇ। ਤੁਹਾਡੇ ਭਾਗ ਚੰਗੇ ਨੇ, ਉਹ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ। ਇੱਕ ਦਿਨ ਇਹ ਸਾਨੂੰ ਮਿਲੇ ਸਨ, ਕਹਿਣ ਲੱਗੇ ਤੇਰੀ ਮਾਂ ਉੱਤੇ ਕਸ਼ਟ ਆਉਣ ਵਾਲਾ ਹੈ। ਫਿਕਰ ਨਾ ਕਰੀਂ, ਸਾਡੇ ਕੋਲ ਆ ਜਾਈਂ। ਸਭ ਠੀਕ ਹੋ ਜਾਏਗਾ। -ਮੇਰੀ ਮਾਂ ਨੂੰ ਇੱਕ ਦਮ ਦਿਸਣੋ ਹਟ ਗਿਆ। ਮੈਂ ਮਾਂ ਨੂੰ ਲੈ ਕੇ ਇਹਨਾਂ ਸੰਤਾਂ ਕੋਲ ਆਇਆ। ਇਹਨਾਂ ਜਲ ਦੇ ਅੱਖਾਂ ਤੇ ਛਿੱਟੇ ਮਾਰੇ, ਮੇਰੀ ਮਾਂ ਦੀ ਨਿਗ੍ਹਾ ਆ ਗਈ। ਇਹਨਾਂ ਸਾਨੂੰ ਕਿਹਾ, ਕਿਸੇ ਨਾਲ ਗੱਲ ਨਹੀਂ ਕਰਨੀ ਪਰ ਅਸੀਂ ਕਰ ਦਿੱਤੀ। ਹੁਣ ਸਾਡੇ ਨਾਲ ਇਹ ਨਰਾਜ ਨੇ, ਸਾਡੇ ਨਾਲ ਬੋਲਦੇ ਤੱਕ ਨਹੀਂ। ਤੁਹਾਡੇ ਨਾਲ ਉਹਨਾਂ ਬੜੇ ਪ੍ਰੇਮ ਨਾਲ ਗੱਲ ਕੀਤੀ ਹੈ, ਸਮਝੋ ਤੁਹਾਡੀ ਕਿਸਮਤ ਜਾਗ ਪਈ।”
ਪਹਿਲਾਂ ਮਿਲਿਆ ਵਿਅਕਤੀ ਸਾਡੇ ਕੋਲ ਆ ਖਲੋਤਾ ਅਤੇ ਦੂਸਰੇ ਨੂੰ ਮੁਖਾਤਿਬ ਹੋ ਕੇ ਕਹਿਣ ਲੱਗ, “ਦੁਸ਼ਟਾ, ਤੈਨੂੰ ਕਿਹਾ ਸੀ ਕਿਸੇ ਨਾਲ ਗੱਲ ਨਹੀਂ ਕਰਨੀ ਪਰ ਤੂੰ ਫਿਰ ਕਰ ਰਿਹਾਂ ...।”
“ਸੰਤ ਜੀ, ਮੁਆਫ ਕਰ ਦਿਉ!” ਕਹਿ ਕੇ ਦੂਸਰੇ ਨੇ ਪਹਿਲੇ ਦੇ ਗੋਡਿਆਂ ਨੂੰ ਹੱਥ ਲਾਇਆ।
“ਫਿਰ ਨਾ ਇਹ ਗਲਤੀ ਕਰੀਂ। ਝੋਲੀ ਕਰ, ਤੇਰੀ ਝੋਲੀ ਬਰਕਤਾਂ ਪਾਈਏ।” ਦੂਜੇ ਨੇ ਝੋਲੀ ਅੱਡ ਦਿੱਤੀ।
ਪਹਿਲੇ ਵਿਅਕਤੀ ਨੇ ਦੂਜੇ ਵਿਅਕਤੀ ਦੀ ਝੋਲੀ ਵਿੱਚ ਇੱਕ ਛੋਟਾ ਜਿਹਾ ਬੀਟਾ (ਗੀਟਾ, ਰੋੜਾ, ਛੋਟੀ ਜਿਹੀ ਪੱਥਰੀ) ਪਾ ਦਿੱਤਾ।
“ਬੱਚਾ, ਤੂੰ ਵੀ ਕਰ ਝੋਲੀ।” ਪਹਿਲਾ ਵਿਅਕਤੀ ਮੈਂਨੂੰ ਸਬੋਧਨ ਹੋਇਆ। ਮੈਂ ਵੀ ਝੋਲੀ ਬਣਾ ਲਈ। ਉਹਨਾਂ ਇੱਕ ਬੀਟਾ ਮੇਰੀ ਝੋਲੀ ਵਿੱਚ ਪਾਇਆ ਅਤੇ ਨਾਲ ਹੀ ਇੱਕ ਦੋ ਰੁਪਏ ਝੋਲੀ ਵਿੱਚ ਪਾਉਣ ਦੀ ਹਦਾਇਤ ਕੀਤੀ। ਪਹਿਲੇ ਵਿਅਕਤੀ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਦੂਸਰਾ ਵਿਅਕਤੀ ਮੇਰੇ ਨਾਲੋਂ ਪਹਿਲਾਂ ਕਰੀ ਜਾ ਰਿਹਾ ਸੀ।
ਮੈਂ ਪਰਸ ਦੇ ਬਾਹਰ, ਜਿੱਥੇ ਆਮ ਤੌਰ ’ਤੇ ਲੋਕ ਕੋਈ ਨਾ ਕੋਈ ਫੋਟੋ ਪਾਉਂਦੇ ਹਨ, ਦੇ ਵਿੱਚ ਰੱਖਿਆ ਇੱਕ ਰੁਪਏ ਦਾ ਨੋਟ ਕੱਢਕੇ ਝੋਲੀ ਵਿੱਚ ਪਾ ਲਿਆ। ਪਹਿਲੇ ਵਿਅਕਤੀ ਨੇ ਝੋਲੀ ਵਿੱਚ ਸੋਨਾ ਪਾਉਣ ਲਈ ਕਿਹਾ। ਦੂਸਰੇ ਵਿਅਕਤੀ ਨੇ ਝੱਟ ਪਾਲਣਾ ਕਰ ਦਿੱਤੀ।
ਮੈਂ ਇਹ ਤਾਂ ਜਾਣ ਚੁੱਕਾ ਸੀ ਕਿ ਦੋਵੇਂ ਆਪਸ ਵਿੱਚ ਰਲੇ ਹੋਏ ਹਨ ਪਰ ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਇਹ ਕਿਸ ਹੱਦ ਤੱਕ ਜਾਂਦੇ ਹਨ ਕਿਉਂਕਿ ਜੀ ਟੀ ਰੋਡ ਹੋਣ ਕਾਰਨ ਮੈਂ ਕੋਈ ਖਤਰਾ ਮਹਿਸੂਸ ਨਹੀਂ ਸੀ ਕਰ ਰਿਹਾ।
ਪਹਿਲੇ ਵਿਅਕਤੀ ਨੇ ਅਗਲਾ ਸਟੈੱਪ ਚੁੱਕਿਆ, “ਬੱਚਾ, ਜੋ ਮਾਇਆ ਤੇਰੀ ਜੇਬ ਵਿੱਚ ਹੈ, ਇਹ ਤੇਰੀ ਹੈ ਕਿ ਕਿਸੇ ਹੋਰ ਦੀ?”
“ਮੇਰੀ ਜੇਬ ਵਿੱਚ ਇਸ ਇੱਕ ਰੁਪਏ ਤੋਂ ਇਲਾਵਾ ਹੋਰ ਮਾਇਆ ਹੈ ਨਹੀਂ।”
“ਜੇ ਤੇਰੇ ਕੋਲ ਪੈਸੇ ਨਹੀਂ, ਤਾਂ ਪੈਸੇ ਕਿਸ ਕੋਲ ਹੋਣਗੇ। ਹੱਥ ਤੇਰੇ ਸੋਨੇ ਦੀ ਮੁੰਦਰੀ ਤੇ ਵਧੀਆ ਚਾਂਦੀ ਦਾ ਕੜਾ। ਗੱਲ ਸਿਪਾਰੀ ਸੂਟ, ਇਹ ਕਿਵੇਂ ਹੋ ਸਕਦਾ ਤੇਰੇ ਕੋਲ ਪੈਸੇ ਨਾ ਹੋਣ। ਬੱਚਾ, ਸੰਤਾਂ ਨਾਲ ਝੂਠ ਨਹੀਂ ਬੋਲੀਦਾ, ਨਾ ਹੀ ਸੰਤਾਂ ਨੂੰ ਮਖੌਲ ਕਰੀਦਾ।”
ਉਸ ਦੇ ਦਗ-ਦਗ ਕਰਦੇ ਚਿਹਰੇ ਵੱਲ, ਜਿਹੜਾ ਸੱਚ-ਮੁੱਚ ਉਸਦੇ ਸੰਤ ਹੋਣ ਦਾ ਭੁਲੇਖਾ ਪਾ ਰਿਹਾ ਸੀ, ਮੈਂ ਗਹੁ ਨਾਲ ਵੇਖਿਆ ਤਾਂ ਪਤਾ ਲੱਗਾ ਕਿ ਅਸਲ ਵਿੱਚ ਉਸਨੇ ਮੇਕਅੱਪ ਕਰਵਾਇਆ ਹੋਇਆ ਸੀ।
“ਸੰਤ ਜੀ, ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਪਾਉ।” ਦੂਜੇ ਵਿਅਕਤੀ ਨੇ ਪਹਿਲੇ ਨੂੰ ਕਿਹਾ। ਐਕਟਿਵਾ ਤਾਂ ਮੇਰਾ ਪਹਿਲਾ ਹੀ ਸਟਾਰਟ ਸੀ, ਮੈਂ ਝੱਟ ਰੇਸ ਦਿੱਤੀ ਤੇ ਉੱਤੋਂ ਚੱਲ ਪਿਆ।
ਮੈਂ ਮਸਾਂ ਇੱਕ ਕਿਲੋਮੀਟਰ ਹੀ ਅੱਗੇ ਗਿਆ ਹੋਵਾਂਗਾ ਕਿ ਪਹਿਲਾ ਵਿਅਕਤੀ ਮੁੜ ਮੇਰੇ ਅੱਗੇ ਆ ਖਲੋਤਾ ਅਤੇ ‘ਬੱਚਾ, ਸਾਡੀ ਗੱਲ ਸੁਣੋ’ ਦਾ ਰਾਗ ਅਲਾਪਣ ਲੱਗਾ। ਉਹ ਜਿੱਥੇ ਮੇਰੇ ਉੱਤੇ ਇਹ ਪ੍ਰਭਾਵ ਪਾਉਣ ਦੇ ਯਤਨ ਵਿੱਚ ਸੀ ਕਿ ਉਹ ਬਹੁਤ ਕਰਨੀ ਵਾਲਾ ਹੈ, ਉਹ ਉੱਡ ਵੀ ਸਕਦਾ ਹੈ, ਉੱਥੇ ਮੈਂ ਇਹ ਜਾਣ ਚੁੱਕਾ ਸੀ ਕਿ ਇਹ ਠੱਗ ਵਿਅਕਤੀ ਇੱਕ ਦੋ ਨਹੀਂ ਸਗੋਂ ਪੂਰਾ ਗੈਂਗ ਹੈ। ਅਸਲ ਵਿੱਚ ਸ਼ੁਸ ਵਿਅਕਤੀ ਨੂੰ ਉਨ੍ਹਾਂ ਦਾ ਕੋਈ ਹੋਰ ਸਾਥੀ ਅਗਲਵਾਂਢੀ ਕਾਰ ’ਤੇ ਉਤਾਰ ਗਿਆ ਸੀ। ਮੈਂ ਹੁਣ ਹੋਰ ਰਿਸਕ ਨਹੀਂ ਸੀ ਲੈਣਾ ਚਾਹੁੰਦਾ, ਥੋੜ੍ਹਾ ਅੱਗੇ ਗਿਆ ਤਾਂ ਉਸ ਸੰਤ ਦਾ ਦੂਸਰਾ ਸਾਥੀ ਮੋਟਰਸਾਈਕਲ ’ਤੇ ਮੇਰੇ ਬਰਾਬਰ ਆ ਕੇ ਕਹਿਣ ਲਗਾ, “ਸੰਤਾਂ ਤੋਂ ਗੋਦੜੀ ਲੈ ਲਉ।”
“ਉਹ ਕੀ ਹੁੰਦੀ ਐ?”
“ਕੱਪੜੇ ਦੀ ਹੁੰਦੀ ਐ।”
'ਮੈਂਨੂੰ ਕਿਸੇ ਗੋਦੜੀ-ਗੂਦੜੀ ਦੀ ਲੋੜ ਨਹੀਂ, ਤੂੰ ਮੇਰਾ ਖਹਿੜਾ ਛੱਡ।”
“ਦੇਖ ਲਓ, ਸੰਤਾਂ ਦੀ ਕਿਰਪਾ ਕਿਸੇ-ਕਿਸੇ ਨੂੰ ਨਸੀਬ ਹੁੰਦੀ ਐ।”
“ਹੁਣ ਤੂੰ ਵਾਪਸ ਜਾਵੇਂਗਾ ਕਿ ਮੈਂ ਤੇਰਾ ਕੋਈ ਹੋਰ ਇਲਾਜ ਕਰਾਂ?” ਮੈਂ ਜ਼ਰਾ ਸਖਤੀ ਨਾਲ ਕਿਹਾ। ਹੁਣ ਉਹ ਵਿਅਕਤੀ ਜਾਣ ਚੁੱਕਾ ਸੀ ਕਿ ਇਹ ਸ਼ਿਕਾਰ ਉਹਦੇ ਹੱਥ ਆਉਣ ਵਾਲਾ ਨਹੀਂ। ਉਸਨੇ ਮੋਟਰਸਾਈਕਲ ਪਿੱਛੇ ਨੂੰ ਮੋੜ ਲਿਆ ਤੇ ਮੈਂ ਆਪਣੀ ਮੰਜ਼ਿਲ ਵੱਲ ਤੁਰ ਪਿਆ।
ਮੇਰੇ ਵਾਂਗ ਕਿੰਨੇ ਕੁ ਇਨ੍ਹਾਂ ਰਾਹ ਰੋਕੀ ਖੜ੍ਹੇ ਠੱਗਾਂ ਦੇ ਚੁੰਗਲ਼ ਵਿੱਚੋਂ ਬਚ ਨਿਕਲਦੇ ਹੋਣਗੇ?
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1581)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om