“ਹੁਣ ਪਤਾ ਨਹੀਂ ਕੀ ਭਾਣਾ ਵਾਪਰਿਆ, ਹਰ ਸਾਲ ਇੱਕ ਦੋ ਕਮਰੇ ਵਿਹਲੇ ਹੀ ਰਹਿਣ ਲੱਗ ਪਏ ਹਨ ...”
(8 ਅਪਰੈਲ 2023)
ਇਸ ਸਮੇਂ ਪਾਠਕ: 328.
ਹਾਂ, ਮੈਂ ਪੰਜਾਬ ਦਾ ਇੱਕ ਸਰਕਾਰੀ ਸਕੂਲ ਬੋਲਦਾ ਹਾਂ। ਮੇਰੀ ਉਮਰ ਸਵਾ ਕੁ ਸਦੀ ਦੀ ਹੋ ਗਈ ਹੈ। ਮੇਰੇ ਸਕੂਲ ਵਿੱਚ ਲੱਗਿਆ ਪਿੱਪਲ ਮੇਰੇ ਤੋਂ ਦਸ ਕੁ ਸਾਲ ਛੋਟਾ ਹੈ। ਢਾਈ ਕੁ ਕਿਲੋਮੀਟਰ ਦੀ ਦੂਰੀ ਤੋਂ ਇੱਕ ਬ੍ਰਾਹਮਣ ਨੇ ਆਪਣੇ ਪਿੰਡੋਂ ਖੱਦਰ ਦੀ ਖੇਸੀ ਵਿੱਚ ਪਿਆਰ ਨਾਲ ਆਪਣੀ ਪਿੱਠ ਉੱਤੇ ਬੱਚਿਆਂ ਵਾਂਗ ਲਿਆਂਦਾ ਅਤੇ ਮੇਰੇ ਸਾਹਮਣੇ ਵਾਲੇ ਵਿਹੜੇ ਵਿੱਚ ਲਗਾਇਆ ਸੀ। ਜਿਵੇਂ-ਜਿਵੇਂ ਮੇਰਾ ਵਿਕਾਸ ਹੋਇਆ, ਉਵੇਂ-ਉਵੇਂ ਹੀ ਇਹ ਪਿੱਪਲ ਵਧਿਆ। ਇੱਥੇ ਅਸੀਂ ਅਜਿਹੇ ਥਾਂ ਸਥਿਤ ਹਾਂ ਜਿੱਥੇ ਬਹੁਤ ਕੁਝ ਇਤਿਹਾਸਿਕ ਸਾਡੇ ਦੋਨਾਂ ਦੀਆਂ ਅੱਖਾਂ ਸਾਹਮਣੇ ਉੱਸਰਿਆ ਅਤੇ ਵਾਪਰਿਆ। ਕੇਵਲ ਡੇਢ ਸੌ ਮੀਟਰ ਸਾਹਮਣੇ ਰੋਪੜ੍ਹ - ਅਨੰਦਪੁਰ ਸਾਹਿਬ - ਨੰਗਲ ਭਾਖੜਾ ਸੜਕ ਅਤੇ ਉਸ ਤੋਂ ਸੱਠ ਮੀਟਰ ਅੱਗੇ ਰੋਪੜ ਨੰਗਲ ਭਾਖੜਾ ਰੇਲ ਲਾਈਨ ਵੀ ਸਾਡੀਆਂ ਅੱਖਾਂ ਸਾਹਮਣੇ ਬਣੀਆਂ। ਨੰਗਲ ਭਾਖੜਾ ਪ੍ਰੋਜੈਕਟ ਦੀ ਉਸਾਰੀ ਲਈ ਸਾਜ਼ੋ ਸਾਮਾਨ ਇਹਨਾਂ ਤੋਂ ਬਿਨਾਂ ਸੰਭਵ ਹੀ ਨਹੀਂ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨਾਂ ਦਾ ਕੋਈ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਸੀ ਜਿਸ ਨੇ ਆਪਣਾ ਇਹ ਚਹੇਤਾ ਪ੍ਰੋਜੈਕਟ ਬਹੁਤ ਚਾਅ ਨਾਲ ਬਣਾਇਆ ਸੀ। ਉਹ ਇਸੇ ਸਾਹਮਣੇ ਵਾਲੀ ਰੇਲ ਲਾਈਨ ਉੱਤੋਂ ਹੀ ਤਿੰਨ ਵਾਰ ਇਸ ਨੂੰ ਵੇਖਣ ਲਈ ਆਏ ਸਨ। ਵਿਸ਼ੇਸ਼ ਗੱਡੀ ਰਾਹੀਂ ਨਹੀਂ, ਸਗੋਂ ਟਾਈਮ ਟੇਬਲ ਵਾਲੀ ਹੀ ਸਵਾਰੀ ਗੱਡੀ ਵਿੱਚ ਇੱਕ ਫੁੱਲਾਂ ਨਾਲ ਸ਼ਿਗਾਰਿਆ ਡੱਬਾ ਉਹਨਾਂ ਲਈ ਹੁੰਦਾ ਸੀ, ਕੋਲੇ ਭਾਫ ਵਾਲਾ ਇਸਦਾ ਇੰਜਣ ਵੀ ਇਸੇ ਤਰ੍ਹਾਂ ਫੁੱਲਾਂ ਨਾਲ ਸ਼ਿਗਾਰਿਆ ਹੁੰਦਾ ਸੀ। ਲਾਲ ਪੱਗਾਂ ਗੋਡਿਆਂ ਤਕ ਨਿੱਕਰਾਂ ਵਾਲੀਆਂ ਖਾਕੀ ਵਰਦੀਆਂ ਵਿੱਚ ਸਿਪਾਹੀ ਤਿੰਨ ਦਿਨ ਪਹਿਲਾਂ ਤੋਂ ਲਾਈਨ ਉੱਤੇ ਆ ਖੜ੍ਹਦੇ ਸਨ। ਖਾਕੀ ਵਰਦੀ-ਲਾਲ ਪੱਗਾਂ ਹੱਥ ਵਿੱਚ ਡਾਂਗਾਂ ਵਾਲਿਆਂ ਨੂੰ ਵੇਖ ਪਿੰਡਾਂ ਦੇ ਬੱਚੇ ਵਾਪਸ ਘਰਾਂ ਨੂੰ ਦੌੜ ਜਾਂਦੇ ਸਨ।
ਖੈਰ ਮੈਨੂੰ 1968 ਵਿੱਚ ਅੱਠਵੀਂ ਅਤੇ 1975 ਵਿੱਚ ਦਸਵੀਂ ਤਕ ਵਧਾ ਦਿੱਤਾ ਗਿਆ। ਪੰਜਾਹਵਿਆਂ ਵਿੱਚ ਊਨਾ (ਹਿਮਾਚਲ ਪ੍ਰਦੇਸ਼) ਤੋਂ ਵੀ ਅੱਗਿਓਂ ਇੱਕ ਬਾਬੂ ਰਾਮ ਨਾਂ ਦਾ ਅਧਿਆਪਕ ਇੱਥੇ ਹੀ ਇੱਕ ਕਮਰੇ ਵਿੱਚ ਰਹਿੰਦਾ ਸੀ। ਉਸ ਨੇ ਤੇਲੀਆ ਜਿਹੀ ਜਿਲਦ ਵਾਲੀ ਇੱਕ ਕਾਪੀ ਬਣਾ ਰੱਖੀ ਸੀ। ਉਸ ਵਿੱਚੋਂ ਉਹ ਅਜਿਹੇ ਸਵਾਲ ਕਰਵਾਉਂਦਾ ਸੀ ਜਿਹੜੇ ਗਣਿਤ ਦੀਆਂ ਕਿਤਾਬਾਂ ਵਿੱਚ ਹੁੰਦੇ ਹੀ ਨਹੀਂ ਸਨ। ਕਿਹੋ ਜਿਹੇ ਸਨ ਉਹਨਾਂ ਸਮਿਆਂ ਦੇ ਅਧਿਆਪਕ। ਅਧਿਆਪਕਾਂ ਲਈ ਪੜ੍ਹਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ ਹੁੰਦਾ। ਅੱਜ ਵਰਗੀ ਅਧਿਆਪਕਾਂ ਦੇ ਚਿਹਰਿਆਂ ਉੱਤੇ ਪਰੇਸ਼ਾਨੀ, ਕਾਹਲੀ ਅਤੇ ਬੇਚੈਨੀ ਜਿਹੀ ਉੁੱਕਾ ਹੀ ਨਹੀਂ ਸੀ।
ਮੇਰੇ ਦੋਸਤ ਪਿੱਪਲ ਨੇ ਆਪਣੇ ਟਾਹਣਿਆਂ ਹੇਠ 1977 ਵਿੱਚ ਪਹਿਲੀ ਵਾਰ ਕਿਸੇ ਅਧਿਆਪਕਾ ਦਾ ਵੈਸਪਾ ਸਕੂਟਰ ਵੇਖਿਆ ਸੀ। ਹੁਣ 2005-06 ਤੋਂ ਬੜੀ ਤੇਜ਼ੀ ਨਾਲ ਸਭ ਕਾਰਾਂ ਵਿੱਚ ਆਉਣ ਵਾਲੇ ਬਣ ਗਏ। ਪੁਰਾਣੇ ਵਿਦਿਆਰਥੀਆਂ ਵਿੱਚੋਂ ਅਨੇਕਾਂ ਅਧਿਆਪਕ, ਇੰਜਨੀਅਰ, ਫੌਜ ਵਿੱਚ ਵੱਡੇ ਛੋਟੇ ਰੈਂਕਾਂ ਵਾਲੇ ਬਣੇ ਵੇਖ ਕੇ ਮੈਂ ਅਤੇ ਪਿੱਪਲ ਫੁੱਲੇ ਨਹੀਂ ਸਮਾਉਂਦੇ। ਹੁਣ ਤਾਂ ਦਸ ਪੰਦਰਾਂ ਸਾਲਾਂ ਤੋਂ ਜਿਹੜੇ ਵੀ ਪੜ੍ਹ ਕੇ ਨਿਕਲਦੇ ਹਨ ਬੇਯਕੀਨੀ, ਪਰੇਸ਼ਾਨੀ ਅਤੇ ਚਿੰਤਾਵਾਂ ਵਿੱਚ ਡੁੱਬੇ ਜਿਹੇ ਚਿਹਰਿਆਂ ਨਾਲ ਹੀ ਇੱਥੇ ਆਉਂਦੇ ਹਨ।
ਮੈਨੂੰ ਯਾਦ ਹੈ, ਜਦੋਂ ਇਹ ਸਕੂਲ ਮਿਡਲ ਬਣਿਆ ਤਾਂ ਨਵੇਂ ਅਧਿਆਪਕਾਂ ਨਾਲ ਇੱਕ ਚਪੜਾਸੀ ਵੀ ਭੇਜਿਆ। ਜਦੋਂ ਦਸਵੀਂ ਬਣਿਆ ਤਾਂ ਗਣਿਤ, ਸਾਇੰਸ, ਡੀ.ਪੀ.ਈ, ਕਲਰਕ, ਚੌਕੀਦਾਰ, ਸਫਾਈ ਸੇਵਕ, ਮਾਲੀ ਦੀ ਇੱਕ ਇੱਕ ਅਤੇ ਐੱਸ ਐੱਸ ਮਾਸਟਰਾਂ ਦੀਆਂ 2 ਅਸਾਮੀਆਂ ਦਿੱਤੀਆਂ ਗਈਆਂ। ਇੱਥੇ ਹੁਣ ਸਾਰੇ ਦਰਜਾ ਚਾਰ ਸੇਵਾ ਮੁਕਤ ਅਤੇ ਨਾਲ ਹੀ ਅਸਾਮੀਆਂ ਲੁਪਤ ਵਾਲਾ ਭਾਣਾ ਵਾਪਰ ਗਿਆ ਹੈ। ਇਸੇ ਸਕੂਲ ਤੋਂ ਪੜ੍ਹਿਆ ਇੱਕ ਨੌਜਵਾਨ ਇਹ ਸਾਰੇ ਕੰਮ ਕਰਦਾ ਹੈ। ਇਸ ਨੂੰ ਜੋ ਵੀ ਮਹੀਨਾ ਦਿੱਤਾ ਜਾਂਦਾ ਹੈ, ਸਟਾਫ ਮੈਂਬਰ ਹੀ ਆਪਣੀਆਂ ਜੇਬਾਂ ਤੋਂ ਦਿੰਦੇ ਹਨ। ਬੇਰੁਜ਼ਗਾਰੀ ਦਾ ਕਿਹੋ ਜਿਹਾ ਪ੍ਰਬੰਧ ਹੋਣ ਲੱਗ ਪਿਆ ਹੈ?
ਕਦੇ ਆਸੇ ਪਾਸੇ ਦੇ ਪਿੰਡਾਂ ਦੇ ਸਾਰੇ ਬੱਚੇ ਇੱਥੇ ਹੀ ਆ ਕੇ ਪੜ੍ਹਦੇ ਸਨ। ਸਾਰੇ ਕਮਰੇ ਭਰੇ ਰਹਿੰਦੇ ਸਨ। ਹੁਣ ਪਤਾ ਨਹੀਂ ਕੀ ਭਾਣਾ ਵਾਪਰਿਆ, ਹਰ ਸਾਲ ਇੱਕ ਦੋ ਕਮਰੇ ਵਿਹਲੇ ਹੀ ਰਹਿਣ ਲੱਗ ਪਏ ਹਨ। ਕੀ ਇਹਨਾਂ ਅਧਿਆਪਕਾਂ ਵਿੱਚ ਕੋਈ ਕਮੀ ਹੈ? ਕੋਈ ਦੱਸਦਾ ਨਹੀਂ। ਕੀ ਸਕੂਲਾਂ ਵਿੱਚ ਕਮੀ ਹੈ? ਲੋਕੋ ਕਮਰਿਆਂ, ਬੱਚਿਆਂ ਅਤੇ ਅਧਿਆਪਕਾਂ ਨਾਲ ਹੀ ਸਰਕਾਰੀ ਸਕੂਲ ਨਹੀਂ ਬਣਦਾ। ਇਹਨਾਂ ਸਰਕਾਰੀ ਸਕੂਲਾਂ ਦੀ ਮੌਤ ਦੇ ਕਾਰਣ ਬੁੱਝਣੇ ਬਣਦੇ ਹਨ।
ਲੱਗਦਾ ਹੈ ਮੇਰਾ ਅੰਤ ਆ ਰਿਹਾ ਹੈ। ਪਰ ਮੈਨੂੰ ਚਿੰਤਾ ਆਪਣੇ ਸਾਥੀ ਪਿੱਪਲ ਦੀ ਹੈ ਜਿਹੜਾ ਬੱਚਿਆਂ ਨੂੰ ਧੁੱਪ ਪਹੁੰਚਦੀ ਕਰਨ ਲਈ ਸਰਦੀਆਂ ਚੜ੍ਹਦਿਆਂ ਸਾਰ ਪੱਤੇ ਅਤੇ ਟਾਹਣੀਆਂ ਊਠਾਂ ਵਾਲਿਆਂ ਨੂੰ ਕਟਵਾ ਦਿੰਦਾ ਹੈ, ਨਵੀਂਆਂ ਜਮਾਤਾਂ ਲੱਗਦਿਆਂ ਹੀ ਨਵੀਂ ਛਾਂ ਦੇਣ ਲਈ ਨਵੇਂ ਨਕੋਰ ਪੱਤੇ ਲੈ ਕੇ ਤਿਆਰ ਹੋ ਜਾਂਦਾ ਹੈ। ਪਿੰਡਾਂ ਵਾਲਿਓ! ਚੇਤੇ ਰੱਖਿਓ, ਮੈਂ ਅਤੇ ਮੇਰੇ ਮਿੱਤਰ ਪਿੱਪਲ ਨੇ ਆਪਣੀ ਗੋਦ ਵਿੱਚ ਤੁਹਾਡੇ ਬੱਚੇ ਬਿਠਾਏ, ਪੜ੍ਹਾਏ, ਰੁਆਏ, ਰੁਸਾਏ, ਮਨਾਏ, ਹਸਾਏ ਅਤੇ ਖਿਡਾਏ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3898)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)