“ਮੈਂ ਆਪਣੇ ਪਿੰਡ ਦੇ ਉਸ ਸਕੂਲ ਵਿੱਚ ਗਿਆ, ਜਿੱਥੋਂ ੳ ਅ ੲ ਤੇ ਹੋਰ ਪਤਾ ਨੀ ਕੀ-ਕੀ ਸਿੱਖ ਕੇ ਅੱਗੇ ...”
(31 ਮਾਰਚ 2023)
ਇਸ ਸਮੇਂ ਪਾਠਕ: 134.
ਲਗਭਗ ਇੱਕੀ ਸਾਲ ਦੀ ਉਮਰ ਵਿੱਚ ਮੈਨੂੰ ਪਹਿਲੀ ਤਨਖ਼ਾਹ ਮਿਲੀ ਸੀ। ਚਿੱਤ ਉੱਡੂੰ-ਉੱਡੂੰ ਕਰਦਾ ਸੀ। ਉਦੋਂ ਮਨ ਕਰਦਾ ਸੀ ਕਿ ਬੱਸ ਉੱਡ ਕੇ ਹੀ ਘਰ ਨੂੰ ਚਲੇ ਜਾਵਾਂ ਤੇ ਮੰਮੀ-ਡੈਡੀ ਦੇ ਹੱਥਾਂ ਉੱਤੇ ‘ਨੋਟਾਂ ਦਾ ਰੁੱਗ’ ਭਰ ਕੇ ਰੱਖ ਦੇਵਾਂ। ਉਦੋਂ ਹੁਣ ਵਾਂਗ ਤਨਖ਼ਾਹ ਬੈਕਾਂ ਵਿੱਚ ਨਹੀਂ ਸੀ ਆਉਂਦੀ। ਮਹੀਨੇ ਦੀ ਆਖਰੀ ਤਰੀਕ ਨੂੰ ਸੈਂਟਰ ਹੈੱਡ ਟੀਚਰ ਇੱਕ ਰਜਿਸਟਰ ’ਤੇ ਦਸਤਖ਼ਤ ਕਰਵਾ ਕੇ ਤਨਖ਼ਾਹ ਵੰਡਦੇ ਹੁੰਦੇ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਤਨਖ਼ਾਹ ਰਜਿਸਟਰ ਉੱਤੇ ‘ਪ੍ਰਾਪਤ ਕੀਤੇ’ ਲਿਖ ਕੇ, ਦਸਤਖ਼ਤ ਕਰਕੇ, ਸਾਰੇ ਨੋਟ ਬਿਨਾਂ ਗਿਣੇ ਹੀ ਕਮੀਜ਼ ਦੀ ਜੇਬ ਵਿੱਚ ਪਾ ਲਏ ਸਨ। ਮੇਰੇ ਕੋਲ਼ ਹੀ ਬਲਜੀਤ ਘੜੂੰਆਂ ਅਤੇ ਜਸਵਿੰਦਰ ਖੇੜੀ ਵੀ ਦਸਤਖ਼ਤ ਕਰਕੇ ਆਪੋ-ਆਪਣੀ ‘ਪਹਿਲੀ ਤਨਖ਼ਾਹ’ ਪ੍ਰਾਪਤ ਕਰ ਰਹੇ ਸਨ। ਗੁਰਚਰਨ ਘਟੌਰ ਭਾਵੇਂ ਇੱਥੇ ਮੇਰਾ ਸੀਨੀਅਰ ਅਧਿਆਪਕ ਸਾਥੀ ਬਣ ਚੁੱਕਾ ਸੀ ਪਰ ਗੌਰਮਿੰਟ ਕਾਲਜ ਮੁਹਾਲ਼ੀ ਅਸੀਂ ਇਕੱਠੇ ਹੀ ਪੜ੍ਹਦੇ ਸਾਂ। ਤਨਖ਼ਾਹ ਮਿਲਦੇ ਸਾਰ ਗੁਰਚਰਨ ਮੈਨੂੰ ਬਜ਼ਾਰ ਲੈ ਗਿਆ ਤੇ ਇੱਕ ਨਵਾਂ ਪਰਸ ਲੈ ਕੇ ਦਿੰਦਿਆਂ ਕਹਿੰਦਾ, “ਆਹ ਲੈ ਨਵਾਂ ਪਰਸ, ਮੇਰੇ ਵੱਲੋਂ ਗਿਫ਼ਟ ਐ, ਲੈ ਪਾ ਆਪਣੀ ਪਹਿਲੀ ਤਨਖ਼ਾਹ ਇਹਦੇ ਵਿੱਚ। ਸਾਰੀ ਉਮਰ ਯਾਦ ਰਹੂ ਤੈਨੂੰ ਤਨਖ਼ਾਹ ਵੀ ਤੇ ਪਰਸ ਵੀ।”
ਉਹਦੀ ਗੱਲ ਸੱਚ ਨਿਕਲ਼ੀ। ਉਸਦਾ ਦਿੱਤਾ ਹੋਇਆ ਪਰਸ ਜੋ ਕਈ ਸਾਲ ਬਾਅਦ ਫਟਣ ਦੇ ਬਾਵਜੂਦ ਮੈਂ ਸੁੱਟਿਆ ਨਹੀਂ, ਅਜੇ ਵੀ ਉਸ ਹੀ ਹਾਲਤ ਵਿੱਚ ਇੱਕ ਸੁਨਹਿਰੀ ਯਾਦ ਬਣਾ ਕੇ ਸੰਭਾਲਿਆ ਹੋਇਆ ਹੈ।
ਖੈਰ … ਤਨਖ਼ਾਹ ਦੇ ਚਾਅ ਵਿੱਚ ਮੈਂ ਬਿਨਾਂ ਕੋਈ ਰੁਪਇਆ ਖ਼ਰਚੇ ਘਰੇ ਆ ਗਿਆ। ਗਰਮੀ ਬਹੁਤ ਸੀ। ਸਿਖਰ ਦੁਪਹਿਰਾ ਸੀ। ਮੰਮੀ ਨੇ ਗੇਟ ਖੋਲ੍ਹਿਆ। ਸਕੂਟਰ ਖੜ੍ਹਾ ਕਰਕੇ ਮੈਂ ਅੰਦਰ ਆ ਗਿਆ। ਪਾਣੀ ਪੀਤਾ, ਪੱਖੇ ਦੀ ਹਵਾ ਲਈ, ਗਰਮੀ ਸੁਕਾਈ ਤੇ ਮੂੰਹ-ਹੱਥ ਧੋਤਾ। ਰੋਜ਼ ਵਾਂਗ ਮਾਤਾ ਰੋਟੀ ਲੈ ਆਈ। ਪਰ ਮੈਨੂੰ ਭੁੱਖ ਮਹਿਸੂਸ ਹੀ ਨਹੀਂ ਸੀ ਹੋ ਰਹੀ। ਮਨ ਰੱਜਿਆ-ਰੱਜਿਆ ਮਹਿਸੂਸ ਕਰ ਰਿਹਾ ਸੀ। ਸ਼ਾਇਦ ਸਾਰੀ ਉਮਰ ਦਾ ‘ਰਿਜ਼ਕ’ ਸੁਖਾਲ਼ਾ ਹੋ ਜਾਣ ਕਰਕੇ ‘ਵਕਤੀ ਭੁੱਖ’ ਸ਼ਾਂਤ ਹੋ ਗਈ ਸੀ। ਪਰ ਮੈਨੂੰ ਆਪਣੇ ਬਾਬੇ ਦੀ ਆਖੀ ਗੱਲ ਚੇਤੇ ਆ ਗਈ ਕਿ ਮੂਹਰੇ ਪਏ ਰਿਜ਼ਕ ਦਾ ਨਿਰਾਦਰ ਨਹੀਂ ਕਰੀਦਾ। ਸੋ ਇੱਕ ਫ਼ੁਲਕਾ ਮੈਂ ਖਾ ਲਿਆ। ਮੈਂ ਮਨ ਹੀ ਮਨ ਉਡੀਕ ਰਿਹਾ ਸੀ ਕਿ ਕਦੋਂ ਮਾਤਾ ਪੁੱਛੇ ਕਿ ਤਨਖ਼ਾਹ ਮਿਲ ਗਈ?
ਮੈਂ ਮੰਮੀ ਨੂੰ ਲੈ ਕੇ ਡੈਡੀ ਕੋਲ ਗਿਆ ਤੇ ਨਵੇਂ-ਨਕੋਰ ਪਰਸ ਵਿੱਚੋਂ ਸਾਰੇ ਨੋਟ ਕੱਢ ਕੇ ਦੋਵਾਂ ਦੇ ਹੱਥਾਂ ’ਤੇ ਰੱਖ ਦਿੱਤੇ। “ਮੇਰੀ ਪਹਿਲੀ ਤਨਖ਼ਾਹ” ਮੇਰੇ ਬੋਲ ਸਨ। ਮਾਤਾ ਨੇ ਸਾਰੇ ਨੋਟਾਂ ਦੇ ਰੁੱਗ ਨੂੰ ਮੱਥੇ ਨਾਲ ਲਾਇਆ ਤੇ ਵਿੱਚੋਂ ਸੌ ਦਾ ਨੋਟ ਕੱਢ ਕੇ ਧਰਤੀ-ਅੰਬਰ ਨੂੰ ਨਮਸ਼ਕਾਰ ਕੀਤੀ। ਡੈਡੀ ਦੀਆਂ ਅੱਖਾਂ ਚਮਕ ਕਹਿ ਰਹੀ ਸੀ, ‘ਬਰਕਤਾਂ ਬਖ਼ਸ਼ੀਂ ਰੱਬਾ!’ ਮਾਤਾ ਨੇ ਫਿਰ ਸਾਰੇ ਨੋਟ ਵਾਪਸ ਬਟੂਏ ਵਿੱਚ ਪਾ ਦਿੱਤੇ। ਕਿਸੇ ਨੇ ਨਹੀਂ ਪੁੱਛਿਆ ਕਿ ਤਨਖਾਹ ਕਿੰਨੀ ਮਿਲੀ ਹੈ। ਇਹ ਸਤਰਾਂ ਲਿਖਦੇ ਸਮੇਂ ਵੀ ਮੈਂ ਆਪਣੇ ਉਨ੍ਹਾਂ ਸਾਰੇ ਅਧਿਆਪਕ ਦੋਸਤਾਂ ਨੂੰ, ਜਿਨ੍ਹਾਂ ਦੀ ਜੁਆਇਨਿੰਗ ਮੇਰੇ ਨਾਲ ਦੀ ਹੈ ਵਟਸਐਪ ਮੈਸੇਜ ਰਾਹੀਂ ਪੁੱਛ ਰਿਹਾ ਹਾਂ ਕਿ ਆਪਾਂ ਨੂੰ ਪਹਿਲੀ ਤਨਖ਼ਾਹ ਕਿੰਨੀ ਮਿਲੀ ਸੀ? ਮੈਨੂੰ ਅੱਜ ਵੀ ਪਤਾ ਨਹੀਂ ਕਿ ਤਨਖ਼ਾਹ ਪਹਿਲੀ ਕਿੰਨੀ ਮਿਲੀ ਸੀ।
ਖੈਰ … ਮੈਂ ਆਪਣੇ ਪਿੰਡ ਦੇ ਉਸ ਸਕੂਲ ਵਿੱਚ ਗਿਆ, ਜਿੱਥੋਂ ੳ ਅ ੲ ਤੇ ਹੋਰ ਪਤਾ ਨੀ ਕੀ-ਕੀ ਸਿੱਖ ਕੇ ਅੱਗੇ ਕਾਲਜ-ਯੂਨੀਵਰਸਿਟੀਆਂ ਵਿੱਚ ਪੜ੍ਹਨ ਜੋਗਾ ਹੋਇਆ ਸੀ। ਸਕੂਲ ਦੇ ਗੇਟ ਨੂੰ ਸਿਰ ਝੁਕਾਇਆ। ਮਹਿਸੂਸ ਹੋ ਰਿਹਾ ਸੀ ਕਿ ਇਹ ਛੋਟਾ ਸਕੂਲ ਦੁਨੀਆਂ ਦਾ ਉਹ ਸਭ ਤੋਂ ਵੱਡਾ ਸਥਾਨ ਹੈ, ਜਿੱਥੇ ਭਾਵੇਂ ਕੋਈ ਸਿਰ ਢਕ ਕੇ ਆਵੇ ਭਾਵੇਂ ਨੰਗੇ ਸਿਰ, ਭਾਵੇਂ ਕੋਈ ਜੁੱਤੀ ਪਾ ਕੇ ਆਵੇ ਭਾਵੇਂ ਲਾਹ ਕੇ, ਨਾ ਇਹਨੇ ਕਦੇ ਇਹਦੇ ਵਿੱਚ ਆਪਣੀ ਬੇਅਦਬੀ ਮੰਨੀ ਹੈ ਤੇ ਨਾ ਹੀ ਇਹਦੇ ‘ਗੁਰੂਆਂ’ ਨੇ।
ਸਾਹਮਣੇ ਵਾਲ਼ੇ ਕਮਰੇ ਵਿੱਚ ਇੱਕ ਮੈਡਮ ਬੈਠੇ ਸਨ। ਮੈਂ ਕੋਲ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਿਆਂ ਕਿਹਾ, “ਮੈਨੂੰ ਵੀ ਅਧਿਆਪਕ ਦੀ ਨੌਕਰੀ ਮਿਲੀ ਹੈ, ਇਸੇ ਪਿੰਡ ਦਾ ਹਾਂ, ਇਸੇ ਸਕੂਲ ਵਿੱਚ ਪੜ੍ਹਿਆ ਹਾਂ।” ਅਜੇ ਮੈਂ ਬੋਲ ਹੀ ਰਿਹਾ ਸੀ ਕਿ ਮੈਡਮ ਨੇ ਮੁਸਕਰਾ ਕੇ ‘ਮੁਬਾਰਕਾਂ’ ਕਹਿ ਦਿੱਤਾ।
“ਵੈਸੇ ਤਾਂ ਮੈਡਮ ਜੀ ਸਕੂਲ ਅਤੇ ਅਧਿਆਪਕਾਂ ਦਾ ਦੇਣ ਕਦੇ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਪਹਿਲੀ ਤਨਖ਼ਾਹ ਵਿੱਚੋਂ ਸਕੂਲ ਵਾਸਤੇ ਕੁਝ ਲਿਆਉਣਾ ਚਾਹੁੰਦਾ ਹਾਂ … … …।” ਮੈਡਮ ਨੇ ਮੇਰੀ ਗੱਲ ਸੁਣੀ ਤੇ ਫਿਰ ਮੁਸਕਰਾ ਕੇ ਕਿਹਾ, “ਤੁਹਾਡੀ ਸੋਚ ਬਹੁਤ ਵਧੀਆ ਹੈ ਜੋ ਤੁਸੀਂ ਆਪਣੇ ਸਭ ਤੋਂ ਪਹਿਲੇ ਸਕੂਲ ਨੂੰ ਹੁਣ ਤਕ ਯਾਦ ਰੱਖਿਆ ਹੋਇਆ ਹੈ।” ਆਪਣੀ ਗੱਲ ਸਿਰੇ ਲਾਉਂਦਿਆਂ ਮੈਡਮ ਜੀ ਨੇ ਕਿਹਾ ਕਿ ਜੇ ਕੁਝ ਦੇਣਾ ਚਾਹੁੰਦੇ ਹੋ ਤਾਂ ਇੱਕ ਪੱਖਾ ਦੇ ਦੇਵੋ ਬੱਚਿਆਂ ਨੂੰ, ਗਰਮੀ ਬਹੁਤ ਹੈ।
ਮੈਨੂੰ ਯਾਦ ਆਇਆ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਉਦੋਂ ਦੋ ਕਮਰੇ ਤੇ ਇੱਕ ਬਰਾਂਡਾ ਹੁੰਦਾ ਸੀ। ਟਾਹਲੀ ਉਦੋਂ ਛੋਟੀ ਜਿਹੀ ਹੁੰਦੀ ਸੀ। ਸਕੂਲ ਦੇ ਵਿਚਾਲ਼ੇ ਇੱਕ ਵੱਡਾ ਸਾਰਾ ਪਿੱਪਲ ਹੁੰਦਾ ਸੀ। ਨੇੜੇ ਹੀ ਛਿਪਦੇ ਪਾਸੇ ਟੋਭਾ ਸੀ, ਜਿਸ ਵਿੱਚ ਹੀ ਅਸੀਂ ਦੋ ਵਾਰ ਫੱਟੀਆਂ ਧੋਣੀਆਂ ਅਤੇ ਲਿਖਣੀਆਂ। ਪਿੱਪਲ ਥੱਲੇ ਘੜੂੰਏ ਵਾਲੇ ਮਾਸਟਰ ਨਰਿੰਦਰ ਕੁਮਾਰ ਜੀ, ਜਿਹਨਾਂ ਨੂੰ ਅਸੀਂ ਸਾਰੇ ਉਦੋਂ ‘ਵੱਡੇ ਮਾਸਟਰ ਜੀ’ ਕਹਿੰਦੇ ਹੁੰਦੇ ਸੀ, ਸਾਨੂੰ ਪੜ੍ਹਾਉਂਦੇ ਹੁੰਦੇ ਸਨ ਤੇ ਕਲਮਾਂ ਘੜ ਘੜਕੇ ਦਿੰਦੇ ਹੁੰਦੇ ਸਨ। ਰੁੜਕੀ ਵਾਲ਼ੇ ਅਵਤਾਰ ਸਿੰਘ, ਅਤੇ ਨਰਿੰਦਰ ਕੌਰ ‘ਭੈਣਜੀ’ ਸਾਰੇ ਇੱਕ ਪਲ ਵਿੱਚ ਹੀ ਯਾਦ ਆ ਗਏ।
ਕੁਰਸੀ ਤੋਂ ਉੱਠ ਕੇ ਮੈਂ ਸਕੂਲ ਦੇ ਸਾਰੇ ਕਮਰਿਆਂ ਵਿੱਚ ਘੁੰਮਿਆ। ਟਾਹਲੀ ਹੁਣ ਬਹੁਤ ਵੱਡੀ ਤੇ ਭਾਰੀ ਹੋ ਗਈ ਸੀ, ਪਰ ਪਿੱਪਲ ਪੁੱਟਿਆ ਜਾ ਚੁੱਕਾ ਸੀ। ਉਸ ਦੇ ਨਾਲ ਹੀ ਦੋ ਕਮਰੇ ਨਵੇਂ ਬਣ ਗਏ ਸਨ। ਇੱਕ ਬਰਾਂਡੇ ਅਤੇ ਕਮਰੇ ਦੀ ਹਾਲਤ ਖ਼ਸਤਾ ਸੀ। ਹੁਣ ਉੱਥੇ ਕੋਈ ਕਲਾਸ ਨਹੀਂ ਸੀ ਬੈਠੀ। ਸਾਡੇ ਸਮਿਆਂ ਵਿੱਚ ਬਰਾਂਡਾ ਹੀ ਸਭ ਦੀ ਮਨਪਸੰਦ ਥਾਂ ਹੁੰਦੀ ਸੀ। ਪਰ ਉਦੋਂ ਨਾ ਬਿਜਲੀ ਹੁੰਦੀ ਸੀ, ਨਾ ਨਲਕਾ, ਨਾ ਬਾਥਰੂਮ ਹੁੰਦਾ ਸੀ। ਦੁੱਖ ਹੋ ਰਿਹਾ ਸੀ ਕਿ ਸਾਰੇ ਪਿੰਡ ਨੂੰ ਪੜ੍ਹਾਉਣ ਵਾਲ਼ਾ ਸਾਡਾ ਸਰਕਾਰੀ ਪ੍ਰਾਇਮਰੀ ਸਕੂਲ ਸਕਰੁੱਲਾਂਪੁਰ ਉਸ ਰਫ਼ਤਾਰ ਨਾਲ ਤਰੱਕੀ ਨਹੀਂ ਕਰ ਸਕਿਆ ਜਿਸ ਰਫ਼ਤਾਰ ਨਾਲ ਪਿੰਡ ਦੇ ਤਿੰਨ ਗੁਰਦੁਆਰੇ, ਲੋਕਾਂ ਦੇ ਘਰ ਤੇ ਇੱਕ ਮੰਦਰ ‘ਤਰੱਕੀ’ ਕਰ ਗਏ ਹਨ।
ਖੈਰ … ਮੈਂ ਸਕੂਟਰ ਖਰੜ ਵੱਲ ਨੂੰ ਤੋਰ ਲਿਆ। ਤਿੰਨ ਕਮਰਿਆਂ ਲਈ ਤਿੰਨ ਪੱਖੇ ਮੈਡਮ ਜੀ ਨੂੰ ਦੇ ਕੇ ਮੈਂ ਅੰਤਾਂ ਦੀ ਖੁਸ਼ੀ ਨਾਲ ਭਰਿਆ ਘਰ ਆ ਗਿਆ। ਰੋਟੀ ਖਾਧੀ ਤੇ ਸਕੂਨ ਨਾਲ ਸੌਂ ਗਿਆ।
ਹਾਲਾਂਕਿ ਮੰਮੀ-ਡੈਡੀ ਨੂੰ ਪਤਾ ਸੀ ਕਿ ਕਾਲਜ ਵੇਲੇ ਤੋਂ ਹੀ ਕਿਸੇ ਵੀ ਧਾਰਮਿਕ ਸਥਾਨ ਨਾਲੋਂ ਸਕੂਲ ਹੀ ਮੇਰੀ ਹਮੇਸ਼ਾ ਪਹਿਲੀ ਤਰਜੀਹ ਰਹੀ ਹੈ, ਫਿਰ ਵੀ ਸ਼ਾਮ ਹੁੰਦਿਆਂ ਉਹਨਾਂ ਨੇ ਕਿਹਾ, “ਪੁੱਤ! ਆਪਣੀ ਪਹਿਲੀ ਤਨਖ਼ਾਹ ਵਿੱਚੋਂ ਕੁਝ ਗੁਰਦਆਰੇ ਜ਼ਰੂਰ ਦੇ ਆ … …।”
ਮੈਂ ਮੁਸਕਰਾ ਕੇ ਕਿਹਾ, “ਮਾਤਾ! ਫ਼ਿਕਰ ਨਾ ਕਰ, ਮੈਂ ਦੁਨੀਆਂ ਦੇ ਸਭ ਤੋਂ ਵੱਡੇ, ੳਉਸ ਸਥਾਨ ਨੂੰ ਤਿੰਨ ਪੱਖੇ ਦੇ ਆਇਆ ਹਾਂ, ਜਿਸ ਨੇ ਮੈਨੂੰ ਪੱਖੇ ਦੇਣ ਜੋਗੇ ਰਾਹ ਪਾਇਆ ਸੀ।”
“ਅੱਛਾ! ਕਿੱਥੇ?” ਮੰਮੀ ਨੇ ਇੱਕਦਮ ਪੁੱਛਿਆ।
“ਉੱਥੇ ਹੀ, ਜਿਹਨੂੰ ਬਹੁਤ ਘੱਟ ਲੋਕ ਯਾਦ ਰੱਖਦੇ ਹਨ।” ਐਨਾ ਕਹਿ ਕੇ ਮੈਂ ਆਪਣੀ ‘ਪਹਿਲੀ ਤਨਖ਼ਾਹ’ ਦੀ ਖ਼ੁਮਾਰੀ ਵਿੱਚ ਸ਼ਾਮ ਦੀ ਸੈਰ ਨੂੰ ਨਿਕਲ਼ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3882)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)